ਪੁਲਿਸ ਕਮਿਸ਼ਨਰੇਟ  ਵੱਲੋਂ ਸਾਈਬਰ ਜਾਗਰੂਕਤਾ ਅਭਿਯਾਨ ਦਾ ਆਗਾਜ਼ 

ਆਨਲਾਈਨ ਧੋਖਾਧੜੀ ਤੋਂ ਬਚਾਅ ਲਈ ਵਿਸ਼ੇਸ਼ ਸਾਈਬਰ ਜਾਗਰੂਕਤਾ ਕੈਲੰਡਰ-2024 ਕੀਤਾ ਜਾਰੀ
ਲੁਧਿਆਣਾ, 19 ਜਨਵਰੀ (ਟੀ. ਕੇ.)
ਕੁਲਦੀਪ ਸਿੰਘ ਚਾਹਲ ਆਈ.ਪੀ.ਐਸ., ਕਮਿਸ਼ਨਰ ਪੁਲਿਸ, ਲੁਧਿਆਣਾ  ਵੱਲੋਂ ਇਕ ਵਿਸ਼ੇਸ਼ ਸਾਈਬਰ ਜਾਗਰੂਕਤਾ ਕੈਲੰਡਰ-2024 ਜਾਰੀ ਕਰਕੇ ਸਾਈਬਰ ਜਾਗਰੂਕਤਾ ਅਧਿਆਨ ਦੀ ਸ਼ੁਰੂਆਤ ਸ੍ਰੀਮਤੀ ਰੁਪਿੰਦਰ ਕੌਰ ਭੱਟੀ ਪੀ.ਪੀ.ਐਸ., ਵਧੀਕ ਡਿਪਟੀ ਕਮਿਸ਼ਨਰ ਪੁਲਿਸ, ਸਥਾਨਕ ਲੁਧਿਆਣਾ  ਦੀ ਅਗਵਾਈ ਹੇਠ  ਰਾਜ ਕੁਮਾਰ ਬਜਾੜ ਪੀ.ਪੀ.ਐਸ., ਸਹਾਇਕ ਕਮਿਸ਼ਨਰ ਪੁਲਿਸ ਸਾਈਬਰ ਕ੍ਰਾਈਮ ਅਤੇ ਇੰਸਪੈਕਟਰ ਜਤਿੰਦਰ ਸਿੰਘ ਇੰਚਾਰਜ ਸਾਈਬਰ ਕ੍ਰਾਈਮ ਯੂਨਿਟ ਲੁਧਿਆਣਾ ਦੀ ਟੀਮ ਵੱਲੋਂ  ਕੁੰਦਨ ਵਿਦਿਆ ਮੰਦਿਰ ਸਿਵਲ ਲਾਈਨ ਲੁਧਿਆਣਾ ਵਿਖੇ ਪ੍ਰੋਗਰਾਮ ਕਰਕੇ ਕੀਤੀ ਗਈ, ਜਿਸ ਵਿੱਚ ਸ੍ਰੀਮਤੀ ਰੁਪਿੰਦਰ ਕੌਰ ਭੱਟੀ ਪੀ.ਪੀ.ਐਸ., ਵਧੀਕ ਡਿਪਟੀ ਕਮਿਸ਼ਨਰ ਪੁਲਿਸ, ਸਥਾਨਕ ਲੁਧਿਆਣਾ ਵਿਸ਼ੇਸ਼ ਤੌਰ ਤੇ ਮੌਜੂਦ ਰਹੇ। ਜਾਰੀ ਕੀਤੇ ਗਏ ਕੈਲੰਡਰ ਵਿੱਚ ਇਸ ਸਾਲ ਆਮ ਨਾਗਰਿਕਾਂ ਅਤੇ ਬੱਚਿਆਂ ਨੂੰ ਸਾਈਬਰ ਸਬੰਧੀ ਜਾਗਰੂਕ ਕਰਨ ਲਈ ਕੀਤੇ ਜਾਣ ਵਾਲੇ ਸੈਮੀਨਾਰਾਂ ਦੀ ਸੋਸ਼ਲ ਮੀਡੀਆ ਰਾਹੀਂ ਵੱਖ-ਵੱਖ ਤਰ੍ਹਾਂ ਦੇ ਸਾਈਬਰ ਅਪਰਾਧਾਂ ਸਬੰਧੀ ਜਾਗਰੂਕ ਕੀਤਾ ਜਾਵੇਗਾ।

ਜਿਸਦੀ ਲੜੀ ਵਿੱਚ ਸਾਈਬਰ ਕ੍ਰਾਈਮ ਯੂਨਿਟ ਲੁਧਿਆਣਾ ਦੀ ਟੀਮ ਵੱਲੋਂ ਸਕੂਲੀ ਬੱਚਿਆਂ ਨੂੰ ਦੱਸਿਆ ਕਿ ਆਪਣਾ ਨਿੱਜੀ ਡਾਟਾ ਕਿਵੇਂ ਬਚਾਇਆ ਜਾ ਸਕਦਾ ਹੈ, ਆਰਟੀਫੀਸ਼ੀਅਲ ਇੰਟੈਲੀਜੈਂਸ ਤੋਂ ਕਿਵੇਂ ਬਚਿਆ ਜਾ ਸਕੇ। ਸੋਸ਼ਲ ਮੀਡੀਆ ਪਲੇਟਫਾਰਮ ਪਰ ਕਿਵੇਂ ਆਪਣੇ ਅਕਾਉਂਟਾਂ ਨੂੰ ਸੁਰੱਖਿਅਤ ਰੱਖਿਆ ਜਾਵੇ, ਕੋਈ ਵੀ ਫੋਟੋ/ਵੀਡੀਓ ਸ਼ੇਅਰ ਕਰਨ ਤੋਂ ਪਹਿਲਾਂ ਉਸਨੂੰ ਜਾਣ ਲਿਆ ਜਾਵੇ ਕਿ ਉਹ ਸ਼ੇਅਰ ਕਰਨ ਯੋਗ ਹੈ ਜਾਂ ਨਹੀਂ, ਅਣਜਾਣ ਨੰਬਰਾਂ ਤੋਂ ਆਈਆਂ ਵੀਡੀਓ ਕਾਲਾਂ ਤੋਂ ਸਾਵਧਾਨ ਰਿਹਾ ਜਾਵੇ, ਕਿਸੇ ਵੀ ਵਿਅਕਤੀ ਜਾਂ ਅਧਿਆਪਕ ਦਾ ਕੋਈ ਫਰਜੀ ਸੋਸ਼ਲ ਮੀਡੀਆਂ ਅਕਾਊਂਟ ਨਾ ਬਣਾਇਆ ਜਾਵੇ। ਇਸ ਤੋਂ ਇਲਾਵਾ ਬੱਚਿਆਂ ਨੂੰ ਚਾਈਲਡ ਪੋਰਨੋਗ੍ਰਾਫੀ ਕੰਨਟੈਂਟ ਨੂੰ ਅਪਲੋਡ ਨਾ ਕਰਨ ਅਤੇ ਅੱਗੇ ਨਾ ਭੇਜਣ ਸਬੰਧੀ ਹਦਾਇਤ ਕੀਤੀ ਗਈ ਤਾਂ ਜੋ ਇਸ ਸਬੰਧੀ ਬੱਚਿਆਂ ਖਿਲਾਫ ਹੋਣ ਵਾਲੀ ਕਾਨੂੰਨੀ ਕਾਰਵਾਈ ਤੋਂ ਬਚਾਇਆ ਜਾ ਸਕੇ।
 ਕਮਿਸ਼ਨਰ ਪੁਲਿਸ  ਵੱਲੋਂ ਇਸਦੀ ਲੜੀ ਵਿਚ ਦੱਸਿਆ ਗਿਆ ਕਿ ਡਿਜੀਟਲ ਤਕਨੀਕ ਵਿੱਚ ਵਧ ਰਹੀ ਤਰੱਕੀ ਦੇ ਨਾਲ-ਨਾਲ, ਸਾਈਬਰ ਕ੍ਰਾਈਮ ਵਿਰੁੱਧ ਲੜਾਈ ਵੀ ਪੁਲਿਸ ਲਈ ਵੱਡੀ ਚੁਣੌਤੀ ਬਣ ਗਈ ਹੈ। ਬੇਸ਼ੱਕ ਪੁਲਿਸ ਅਧਿਕਾਰੀ ਦਿਨ ਰਾਤ ਮਿਹਨਤ ਕਰਕੇ ਸਾਈਬਰ ਕ੍ਰਾਈਮ ਕਰਨ ਵਾਲਿਆਂ 'ਤੇ ਨਕੇਲ ਕੱਸਣ ਵਿੱਚ ਕਾਮਯਾਬ ਹੋ ਰਹੇ ਹਨ, ਪ੍ਰੰਤੂ ਫਿਰ ਵੀ ਆਮ ਜਨਤਾ ਦਾ ਜਾਗਰੂਕ ਹੋਣਾ ਸਮੇਂ ਦੀ ਜਰੂਰਤ ਹੈ। ਆਮ ਜਨਤਾ ਦੇ ਜਾਗਰੂਕ ਹੋਣ ਤੋਂ ਬਿਨਾਂ ਸਾਈਬਰ ਕ੍ਰਾਈਮ ਨੂੰ ਪੂਰੀ ਤਰ੍ਹਾਂ ਨਾਲ ਕੰਟਰੋਲ ਨਹੀਂ ਕੀਤਾ ਜਾ ਸਕਦਾ ਹੈ। ਕਮਿਸ਼ਨਰ ਪੁਲਿਸ  ਵੱਲੋਂ ਆਮ ਨਾਗਰਿਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜਾਰੀ ਕੈਲੰਡਰ ਵਿਚ ਸਾਂਝੀ ਕੀਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਲਾਭ ਲਿਆ ਜਾਵੇ ਤਾਂ ਜੋ ਦਿਨ ਰਾਤ ਮਿਹਨਤ ਕਰਕੇ ਕਮਾਈ ਪੂੰਜੀ ਨੂੰ ਸੁਰੱਖਿਅਤ ਰੱਖਿਆ ਜਾ ਸਕੇ। ਉਨ੍ਹਾਂ ਦੱਸਿਆ ਕਿ ਵੱਡੇ ਸਮਾਜਿਕ ਹਿੱਤ ਨੂੰ ਮੁੱਖ ਰੱਖਦਿਆਂ, ਕੈਲੰਡਰ ਵਿੱਚ ਦਰਸਾਏ ਕੁਝ ਲੋੜੀਂਦੇ ਸੁਝਾਅ ਅਪਣਾਉਣ ਨਾਲ ਸਾਈਬਰ ਕ੍ਰਾਈਮ ਤੋਂ ਬਚਿਆ ਜਾ ਸਕਦਾ ਹੈ। ਜਿਵੇਂ ਅਣਜਾਣ ਨੰਬਰਾਂ ਤੋਂ ਆਏ ਕੇ.ਵਾਈ.ਸੀ. ਲਿੰਕ 'ਤੇ ਕਲਿਕ ਨਾ ਕੀਤਾ ਜਾਵੇ, ਲੁਭਾਵਣੇ ਇਸ਼ਤਿਹਾਰਾਂ ਤੋਂ ਬਚਿਆ ਜਾਵੇ, ਔਖੇ ਪਾਸਵਰਡ ਦੀ ਵਰਤੋਂ ਕੀਤੀ ਜਾਵੇ, ਕਿਸੇ ਵੀ ਵਿਅਕਤੀ ਨਾਲ ਆਪਣਾ ਪਾਸਵਰਡ ਸਾਂਝਾ ਨਾ ਕੀਤਾ ਜਾਵੇ, ਹਰ ਤਿੰਨ ਮਹੀਨੇ ਦੇ ਵਖਵੇ ਮਗਰੋਂ ਆਪਣੇ ਪਾਸਵਰਡ ਬਦਲੀ ਕਰਨਾ ਵਗੈਰਾ ਯਕੀਨੀ ਬਣਾਇਆ ਜਾਵੇ।