ਯੁ.ਕੇ.

ਯੂ ਕੇ ਸਰਕਾਰ ਨੂੰ ਤਾਲਾਬੰਦੀ ਦੀ ਸਲਾਹ ਦੇਣ ਵਾਲੇ ਵਿਗਿਆਨੀ ਵਲੋਂ ਅਸਤੀਫ਼ਾ

ਅਸਤੀਫਾ ਦੇਣ ਦਾ ਕਾਰਨ ਤਾਲਾਬੰਦੀ ਦੁਰਾਨ ਆਪਣੀ ਪ੍ਰੇਮਿਕਾ ਨੂੰ ਮਿਲਣਾ ਦੱਸਿਆ ਜਾ ਰਿਹਾ ਹੈ

ਮਾਨਚੈਸਟਰ, ਮਈ 2020 (ਗਿਆਨੀ ਅਮਰੀਕ ਸਿੰਘ ਰਾਠੌਰ)-ਕੋਵਿਡ 19 ਦੇ ਸਬੰਧ ਵਿਚ ਬਰਤਾਨਵੀ ਸਰਕਾਰ ਨੂੰ ਤਾਲਾਬੰਦੀ ਕਰਨ ਦੀ ਸਲਾਹ ਦੇਣ ਵਾਲੇ ਵਿਗਿਆਨੀ ਨੀਲ ਫਰਗੂਸਨ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ।ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਦੀ ਸਲਾਹਕਾਰ ਕਮੇਟੀ ਵਿਚ ਸ਼ਾਮਿਲ ਨੀਲ ਨੇ ਆਪਣੀ ਪ੍ਰੇਮਿਕਾ ਨੂੰ ਮਿਲਣ ਦੇ ਚੱਕਰ 'ਚ ਨਿਯਮਾਂ ਦੀ ਉਲੰਘਣਾ ਕਰਦਿਆਂ ਉਸ ਨੂੰ ਆਪਣੇ ਘਰ ਆਉਣ ਦੀ ਇਜਾਜ਼ਤ ਦਿੱਤੀ । ਇੰਪੀਰੀਅਲ ਕਾਲਜ ਵਿਚ ਮਹਾਂਮਾਰੀ ਫੈਲਾਉਣ ਵਾਲੇ ਰੋਗਾਂ ਦੇ ਮਾਹਿਰ ਵਜੋਂ ਕੰਮ ਕਰਨ ਵਾਲੇ ਪ੍ਰੋ: ਨੀਲ ਨੇ ਸਰਕਾਰ ਨੂੰ ਸੁਝਾਅ ਦਿੱਤਾ ਸੀ ਕਿ ਜੇ ਤਾਲਾਬੰਦੀ ਨਾ ਕੀਤੀ ਗਈ ਤਾਂ ਯੂ. ਕੇ. 'ਚ 5 ਲੱਖ ਲੋਕਾਂ ਦੀ ਮੌਤ ਹੋ ਸਕਦੀ ਹੈ, ਜਿਸ ਤੋਂ ਬਾਅਦ 23 ਮਾਰਚ ਨੂੰ ਦੇਸ਼ ਵਿਚ ਤਾਲਾਬੰਦੀ ਦਾ ਐਲਾਨ ਕਰ ਦਿੱਤਾ ਗਿਆ ਸੀ । 51 ਸਾਲਾ ਨੀਲ ਦੀ 38 ਸਾਲਾ ਵਿਆਹੁਤਾ ਪ੍ਰੇਮਿਕਾ ਐਨਟੋਨੀਆ ਸਟਾਟਸ ਆਪਣੇ ਪਤੀ ਅਤੇ ਦੋ ਬੱਚਿਆਂ ਸਮੇਤ ਦੱਖਣੀ ਲੰਡਨ ਵਿਚ ਰਹਿੰਦੀ ਹੈ, ਉਹ ਤਾਲਾਬੰਦੀ ਦੌਰਾਨ 30 ਮਾਰਚ ਤੇ 8 ਅਪ੍ਰੈਲ ਨੂੰ ਦੋ ਵਾਰ ਪ੍ਰੋ: ਨੀਲ ਫਰਗੂਸਨ ਨੂੰ ਮਿਲਣ ਲਈ ਆਈ ਸੀ ।

ਬਰਮਿੰਘਮ ਦੇ ਸ਼ਹਿਰ ਸਮੈਦਿਕ 'ਚ ਪੰਜਾਬੀ ਦਾ ਕਤਲ

ਬਰਮਿੰਘਮ,ਮਈ 2020 -(ਗਿਆਨੀ ਰਾਵਿਦਾਰਪਾਲ ਸਿੰਘ )-

ਯੂ ਕੇ. ਦੇ ਸ਼ਹਿਰ ਸਮੈਦਿਕ ਵਿਖੇ ਇਕ ਪੰਜਾਬੀ ਵਿਅਕਤੀ ਜਗਦੇਵ ਸਿੰਘ ਲੱਲੀ ਦਾ ਕਤਲ ਕਰ ਦਿੱਤਾ ਗਿਆ | ਜਿਸ ਦੀ ਪਹਿਚਾਣ ਜਨਤਕ ਕਰਦਿਆਂ ਪੁਲਿਸ ਨੇ ਕਿਹਾ ਕਿ 38 ਸਾਲਾ ਜਗਦੇਵ, ਜਿਸ ਦਾ ਕੋਈ ਪੱਕਾ ਪਤਾ ਨਹੀਂ ਹੈ, ਦੇ ਸਿਰ ਅਤੇ ਚਿਹਰੇ 'ਤੇ ਗੰਭੀਰ ਸੱਟਾਂ ਲੱਗੀਆਂ ਸਨ । ਪੁਲਿਸ ਅਨੁਸਾਰ ਜਗਦੇਵ 'ਤੇ 14 ਅਪ੍ਰੈਲ ਨੂੰ ਹਮਲਾ ਕੀਤਾ ਗਿਆ ਸੀ ਤੇ ਕਿਸੇ ਵਿਅਕਤੀ ਵਲੋਂ ਸੂਚਿਤ ਕਰਨ ਬਾਅਦ ਉਸ ਨੂੰ ਜ਼ਖ਼ਮੀ ਹਾਲਤ ਵਿਚ ਸਮੈਦਿਕ ਦੀ ਟੌਲਗੇਟ ਸ਼ਾਪਿੰਗ ਸੈਂਟਰ ਦੇ ਨਜ਼ਦੀਕ ਇਕ ਗਲੀ ਵਿਚੋਂ ਸਥਾਨਿਕ ਹਸਪਤਾਲ ਲਿਜਾਇਆ ਗਿਆ ।ਜਿਥੇ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਬੀਤੇ ਸ਼ੁੱਕਰਵਾਰ ਉਸ ਦੀ ਮੌਤ ਹੋ ਗਈ । ਪੁਲਿਸ ਨੇ ਇਸ ਮਾਮਲੇ ਵਿਚ ਐਸ਼ਲੇ ਪੇਸ ਨਾਂਅ ਦੇ ਵਿਅਕਤੀ ਨੂੰ ਗਿ੍ਫ਼ਤਾਰ ਕੀਤਾ ਅਤੇ ਜਿਸ ਨੂੰ ਵੁਲਵਰਹੈਂਪਟਨ ਕਰਾਊਨ ਅਦਾਲਤ 'ਚ 25 ਮਈ ਨੂੰ ਪੇਸ਼ ਕੀਤਾ ਜਾਵੇਗਾ । ਜਗਦੇਵ ਲੱਲੀ ਪਿੱਛੇ ਪੰਜਾਬ ਦੇ ਨਕੋਦਰ ਤਹਿਸੀਲ ਦੇ ਪਿੰਡ ਟਾਹਲੀ ਨਾਲ ਸਬੰਧਿਤ ਦੱਸਿਆ ਜਾ ਰਿਹਾ ਹੈ।

ਸੰਸਦ ਮੈਂਬਰ ਢੇਸੀ ਨੇ ਰੱਖਿਆ ਮੰਤਰੀ ਕੋਲ ਉਠਾਇਆ ਵਿਦੇਸ਼ਾਂ 'ਚ ਫਸੇ ਯੂ ਕੇ ਵਸਿਆ ਦਾ ਮਸਲਾ

 

ਲੰਡਨ,  ਮਈ 2020 - ( ਗਿਆਨੀ ਰਾਵਿਦਾਰਪਾਲ ਸਿੰਘ)- ਬ੍ਰਿਟਿਸ਼ ਦੀ ਸੰਸਦ ਦੇ ਕੰਮ ਕਾਜ ਖੁੱਲ੍ਹਣ ਤੋਂ ਬਾਅਦ ਵੱਖ-ਵੱਖ ਸੰਸਦੀ ਕਮੇਟੀਆਂ ਦੀਆਂ ਵੀਡੀਓ ਮੀਟਿੰਗਾਂ ਵੀ ਸ਼ੁਰੂ ਹੋ ਚੁੱਕੀਆਂ ਹਨ, ਅਜਿਹੇ ਵਿਚ ਹੀ ਯੂ. ਕੇ. ਦੇ ਰੱਖਿਆ ਕਮੇਟੀ ਦੀ ਮੀਟਿੰਗ ਦੌਰਾਨ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਨੇ ਰੱਖਿਆ ਮੰਤਰੀ ਨੂੰ ਭਾਰਤ ਸਮੇਤ ਹੋਰਨਾਂ ਦੇਸ਼ਾਂ 'ਚ ਫਸੇ ਬਰਤਾਨਵੀ ਨਾਗਰਿਕਾਂ ਨੂੰ ਘਰ ਵਾਪਸ ਲਿਆਉਣ ਲਈ ਸਰਕਾਰ ਵਲੋਂ ਕੀਤੇ ਕੰਮਾਂ ਦੀ ਮੱਠੀ ਚਾਲ ਬਾਰੇ ਸਵਾਲ ਕੀਤੇ। ਉਨ੍ਹਾਂ ਕਿਹਾ ਕਿ ਜਰਮਨੀ ਸਰਕਾਰ ਵਲੋਂ ਜਿੰਨੇ ਸਮੇਂ 'ਚ 60,000 ਲੋਕਾਂ ਨੂੰ ਵਾਪਸ ਲਿਆਂਦਾ ਗਿਆ, ਉਨੇ ਸਮੇਂ 'ਚ ਬਰਤਾਨੀਆ ਨੇ ਸਿਰਫ 5000 ਲੋਕਾਂ ਨੂੰ ਵੀ ਵਾਪਸ ਲਿਆਂਦਾ। ਜਿਸ ਦੇ ਜਵਾਬ 'ਚ ਮੰਤਰੀ ਨੇ ਸਰਕਾਰ ਵਲੋਂ ਕੀਤੇ ਜਾਂਦੇ ਯਤਨਾਂ ਤੋਂ ਜਾਣੂ ਕਰਵਾਇਆ। ਇਥੇ ਇਹ ਵੀ ਦੱਸਣ ਯੋਗ ਹੈ ਕੇ ਪਹਿਲਾਂ ਵੀ ਤਨਮਨਜੀਤ ਸਿੰਘ ਢੇਸੀ ਅਤੇ ਹੋਰ ਲੇਬਰ ਪਾਰਟੀ ਸੰਸਦ ਮੈਂਬਰ ਵਲੋਂ ਚੁੱਕੇ ਸਵਾਲਾਂ ਨਾਲ ਹੀ ਇਹ ਘਰ ਵਾਪਸੀ ਦਾ ਕੰਮ ਚਾਲੂ ਹੋਇਆ ਸੀ।

ਭਾਰਤੀ ਦੇ ਕਤਲ ਮਾਮਲੇ ’ਚ ਦੋ ਗ੍ਰਿਫ਼ਤਾਰ

ਲੰਡਨ, ਮਈ 2020 -(ਏਜੰਸੀ)-
ਬਰਤਾਨੀਆ ਵਿੱਚ ਭਾਰਤੀ ਮੂਲ ਦੇ ਵਿਅਕਤੀ ਦੇ ਕਤਲ ਮਾਮਲੇ ’ਚ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਬਲਜੀਤ ਸਿੰਘ (37) ਨਾਂ ਦੇ ਵਿਅਕਤੀ ਦੀ ਲਾਸ਼ ਮੈਟਰੋਪੋਲੀਟਨ ਪੁਲੀਸ ਨੂੰ 25 ਅਪਰੈਲ ਨੂੰ ਪੱਛਮੀ ਲੰਡਨ ਦੇ ਐਲੇਵੇਜ਼ ’ਚ ਮਿਲੀ ਸੀ। ਉਹ ਲੰਡਨ ਦੇ ਹਾਇਸ ਇਲਾਕੇ ਦਾ ਰਹਿਣ ਵਾਲਾ ਸੀ। ਪੁਲੀਸ ਨੇ ਦੱਸਿਆ ਕਿ ਇਸ ਕਤਲ ਮਾਮਲੇ ’ਚ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਕਾਰਵਾਈ ਸ਼ੁਰੂ ਕੀਤੀ ਗਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਫੜੇ ਗਏ ਦੋਵਾਂ ਵਿਅਕਤੀਆਂ ਦੀ ਉਮਰ 20 ਤੇ 24 ਸਾਲ ਹੈ। ਇਨ੍ਹਾਂ ਦੋਵਾਂ ਨੂੰ ਕਤਲ ਮਾਮਲੇ ’ਚ ਸ਼ੱਕ ਦੇ ਆਧਾਰ ’ਤੇ ਫੜਿਆ ਗਿਆ ਹੈ ਤੇ ਦੋਵਾਂ ਨੂੰ ਪੱਛਮੀ ਲੰਡਨ ਥਾਣੇ ’ਚ ਹਿਰਾਸਤ ’ਚ ਰੱਖਿਆ ਹੋਇਆ ਹੈ।  

ਡਾ ਕੁਲਵੰਤ ਸਿੰਘ ਧਾਲੀਵਾਲ ਵਲੋਂ NHS ਦੇ ਯੋਧਿਆਂ ਲਈ 500 ਮੀਲ ਤੁਰਨ ਦਾ ਫੈਸਲਾ

ਹਰ ਰੋਜ ਤਕਰੀਬਨ ਕਰਦਾ ਹੈ 8 ਮੀਲ ਦੀ ਦੂਰੀ ਤਹਿ

50 ਹਜਾਰ ਪੌਂਡ ਇਕੱਠੇ ਕਰਨ ਦਾ ਟੀਚਾ

ਮਾਨਚੈਸਟਰ, ਮਈ 2020 -(ਗਿਆਨੀ ਅਮਰੀਕ ਸਿੰਘ ਰਾਠੌਰ )-

ਪੰਜਾਬੀਆਂ ਦਾ ਮਾਣ ਕੁਲਵੰਤ ਸਿੰਘ ਧਾਲੀਵਾਲ ਤੇ ਉਸ ਦੀ ਪੂਰੀ ਟੀਮ ਨੇ ਯੂ ਕੇ  ਚ ਕੋਰੋਨਾ ਵਾਇਰਸ  ਮਹਾਮਾਰੀ  ਦੁਰਾਨ ਮੂਹਰਲੀ ਕਤਾਰ ਵਿਚ ਕੰਮ ਕਰਨ ਵਾਲੇ ਕਾਮਿਆਂ ਲਈ ਚੁੱਕਿਆ ਬੀੜਾ। ਪਿਛਲੇ ਕਈ ਦਿਨਾਂ ਤੋ ਦੁਨੀਆ ਵਿਚ ਵਰਲਡ ਕੈਂਸਰ ਕੇਅਰ ਦੀ ਪੂਰੀ ਟੀਮ ਜਿਥੇ ਵੀ ਸਮਾਂ ਮਿਲੇ ਉਹ ਇਹਨਾਂ NHS ਦੇ ਕਾਮਿਆਂ ਲਈ ਪੈਸੇ ਇਕੱਠੇ ਕਰਨ ਲਈ ਦੌੜਦੇ ਜਾ ਪੈਦਲ ਚਲਦੇ ਹਨ ।ਇਸੇ ਤਰਾਂ ਕੁਲਵੰਤ ਸਿੰਘ ਧਾਲੀਵਾਲ ਵੀ ਹਰ ਰੋਜ ਤਕਰੀਬਨ 8 ਤੋਂ 10 ਮੀਲ ਦਾ ਪੈਦਲ ਸਫ਼ਰ ਕਰਦੇ ਹਨ ਅਤੇ ਲੋਕਾਂ ਵਿੱਚ NHS ਦੇ ਕਾਮਿਆਂ ਪ੍ਰਤੀ ਜਾਗਰੂਕ ਕਰਦੇ ਹਨ।ਉਹਨਾਂ ਆਪਣੇ ਆਪ ਲਈ ਇਹ ਟਾਰਗਿਟ ਸੰਥਾਪਤ ਕੀਤੇ ਹੈ ਕੇ ਓਹ 500 ਮੀਲ ਚੱਲ ਕੇ 50 ਹਜਾਰ ਪੌਂਡ ਇਕੱਠਾ ਕਰਕੇ ਦੇਣਗੇ । ਸਾਡੇ ਪ੍ਰਤੀਨਿਧ ਨਾਲ ਗੱਲਬਾਤ ਕਰਦੇ ਕੁਲਵੰਤ ਸਿੰਘ ਧਾਲੀਵਾਲ ਨੇ ਦੱਸਿਆ ਕਿ ਕੋਰੋਨਾ ਵਾਇਰਸ ਦੀ ਮਹਾਮਾਰੀ ਨੂੰ ਲੈਕੇ ਜਿਥੇ ਸਾਨੂੰ ਸਰਕਾਰ ਅਤੇ ਪ੍ਰਸ਼ਾਸਨ ਵਲੋਂ ਸਖਤ ਮਾਪਦੰਡ ਦਾ ਪਾਲਣ ਕਰਨਾ ਪੈ ਰਿਹਾ ਹੈ ਓਥੇ ਸਾਡੀਆਂ ਨੈਸ਼ਨਲ ਹੈਲਥ ਲਈ ਕੰਮ ਕਰਨ ਵਾਲੇ ਸਾਰੇ ਹੀ ਵਰਕਰ ਆਪਣੀ ਜਾਨ ਨੂੰ ਜੋਖਮ ਵਿੱਚ ਪਾ ਕੇ ਸਾਡੇ ਬਚਾ ਵਿੱਚ ਦਿਨਪੁਰ ਰਾਤ ਇੱਕ ਕਰ ਰਹੇ ਹਨ ਹੁਣ ਸਾਡਾ ਫਰਜ ਬਣਦਾ ਹੈ ਕੇ ਅਸੀਂ ਵੀ ਉਹਨਾਂ ਲਈ ਆਪਣਾ ਯੋਗਦਾਨ ਪਾਈਏ ।ਉਹਨਾਂ ਸਭ ਨੂੰ ਵਰਲਡ ਕੈਂਸਰ ਕੇਅਰ ਕੋਲ ਆਪਣੇ ਦਸਵੰਧ ਦੇਣ ਲਈ ਬੇਨਤੀ ਕੀਤੀ। ਦਸਵੰਧ ਦੇਣ ਲਈ ਅਤੇ ਹੋਰ ਜਾਣਕਾਰੀ ਲਈ ਫੋਨ ਕੁਲਵੰਤ ਸਿੰਘ ਧਾਲੀਵਾਲ ਨੰਬਰ 00447947315461

ਯੂ. ਕੇ. ਦੀਆਂ ਚਾਰਟਡ ਉਡਾਣਾਂ ਮੌਕੇ ਪ੍ਰੇਸ਼ਾਨੀਆਂ ਆ ਰਹੀਆਂ ਹਨ-ਸਾਬਕਾ ਮੇਅਰ ਗਿੱਲ

 

ਲੰਡਨ, ਮਈ 2020 - ( ਗਿਆਨੀ ਅਮਰੀਕ ਸਿੰਘ ਰਾਠੌਰ/ਗਿਆਨੀ ਰਾਵਿਦਾਰਪਾਲ ਸਿੰਘ)- ਬਰਤਾਨਵੀ ਸਰਕਾਰ ਵਲੋਂ ਪੰਜਾਬ 'ਚ ਫਸੇ ਪੰਜਾਬੀਆਂ ਨੂੰ ਵਾਪਸ ਯੂ.ਕੇ. ਲਿਆਉਣ ਲਈ ਭਾਵੇਂ ਚੰਗੇ ਉਪਰਾਲੇ ਕੀਤੇ ਜਾ ਰਹੇ ਹਨ, ਪਰ ਇਸ ਦੌਰਾਨ ਵੀ ਕੁਝ ਅਜਿਹੀਆਂ ਘਟਨਾਵਾਂ ਵਾਪਰ ਰਹੀਆਂ ਹਨ, ਜਿਨ੍ਹਾਂ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਬੈਡਫੋਰਡ ਦੇ ਸਾਬਕਾ ਮੇਅਰ ਬਲਵੰਤ ਸਿੰਘ ਗਿੱਲ ਨੇ ਦੱਸਿਆ ਕਿ ਉਨ੍ਹਾਂ ਨੂੰ ਘਰ ਤੋਂ ਅੰਮ੍ਰਿਤਸਰ ਤੱਕ ਆਉਣ ਲਈ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਬ੍ਰਿਟਿਸ਼ ਦੂਤਾਵਾਸ ਦਿੱਲੀ ਨੂੰ ਲਿਖੇ ਪੱਤਰ ਵਿਚ ਸਾਰੀ ਵਿਥਿਆ ਸੁਣਾਉਂਦੇ ਹੋਏ ਕਿਹਾ ਕਿ ਉਸ ਨੂੰ ਨਿੱਜੀ ਟੈਕਸੀ ਰਾਹੀਂ ਹਵਾਈ ਅੱਡੇ 'ਤੇ ਪਹੁੰਚਣਾ ਪਿਆ, ਪੰਜਾਬ ਬੰਦ ਹੋਣ ਕਰਕੇ ਉਨ੍ਹਾਂ ਦੀ ਖੁਦ ਦੀ ਅਤੇ ਟੈਕਸੀ ਵਾਲੇ ਦੀ ਜਾਨ ਵੀ ਜੋਖ਼ਮ ਵਿਚ ਪਈ। ਗਿੱਲ ਨੇ ਕਿਹਾ ਕਿ ਉਨ੍ਹਾਂ ਨੂੰ ਸ਼ਾਮੀ 4 ਵਜੇ ਉਨ੍ਹਾਂ ਦੇ ਪਿੰਡ ਖੁਸ਼ਹਾਲਪੁਰ ਜ਼ਿਲ੍ਹਾ ਹੁਸ਼ਿਆਰਪੁਰ ਤੋਂ ਚੁੱਕਣਾ ਸੀ, ਪਰ ਕੋਈ ਵੀ ਨਾ ਪਹੁੰਚਿਆ ਅਤੇ ਜਦ ਵਾਰ ਵਾਰ ਫੋਨ ਕੀਤਾ ਤਾਂ ਉਨ੍ਹਾਂ ਨੂੰ 7:30 ਵਜੇ ਖੁਦ ਅੰਮ੍ਰਿਤਸਰ ਆਉਣ ਦਾ ਸੁਝਾਅ ਦਿੱਤਾ ਗਿਆ। ਪਰ ਜਦ ਉਹ ਹਵਾਈ ਅੱਡੇ 'ਤੇ ਮੁਸ਼ਕਿਲ ਨਾਲ ਪਹੁੰਚੇ ਤਾਂ ਉਨ੍ਹਾਂ ਸ਼ਾਮੀ 9:09 ਵਜੇ ਇਕ ਈਮੇਲ ਵੇਖੀ, ਜਿਸ ਵਿਚ ਉਨ੍ਹਾਂ ਤੋਂ ਪਤਾ ਪੁੱਛਿਆ ਗਿਆ ਸੀ ਤੇ ਹੋਰ ਟੈਕਸੀ ਦੇ ਪ੍ਰਬੰਧ ਕਰ ਲਏ ਜਾਣ ਬਾਰੇ ਕਿਹਾ ਗਿਆ ਸੀ। ਗਿੱਲ ਨੇ ਕਿਹਾ ਕਿ ਉਹ ਪਹਿਲਾਂ ਹੀ ਇਕ ਟਿਕਟ ਦਾ ਨੁਕਸਾਨ ਕਰਵਾ ਚੁੱਕੇ ਸਨ ਅਤੇ ਦੂਜੀ ਵਾਰ ਉਨ੍ਹਾਂ 537 ਪੌਂਡ ਦੀ ਨਵੀਂ ਟਿਕਟ ਖਰੀਦੀ। ਗਿੱਲ ਨੇ ਕਿਹਾ ਕਿ ਲੋਕ ਬਹੁਤ ਤੰਗ ਪ੍ਰੇਸ਼ਾਨ ਹਨ ਅਤੇ ਅਜਿਹੇ ਮੌਕੇ ਸਰਕਾਰ ਲੋਕਾਂ ਦੀਆਂ ਭਾਵਨਾਵਾਂ ਨੂੰ ਸਮਝੇ ਅਤੇ ਲੋਕਾਂ ਨੂੰ ਹੋਰ ਪ੍ਰੇਸ਼ਾਨ ਹੋਣ ਤੋਂ ਬਚਾਉਣ ਲਈ ਯਤਨ ਕਰੇ।  

 

ਯੂ. ਕੇ. 'ਚ ਮੌਤਾਂ ਦੀ ਗਿਣਤੀ ਵਿੱਚ ਆਈ ਕਮੀ

ਲਾਕਡਾਉਨ ਨੂੰ ਸਮਜੀਆ ਜਾਂਦਾ ਹੈ ਸਫਲਤਾ

ਮਾਨਚੈਸਟਰ, ਮਈ 2020 -(ਗਿਆਨੀ ਅਮਰੀਕ ਸਿੰਘ ਰਾਠੌਰ)-

ਯੂ.ਕੇ. 'ਚ ਪਿਛਲੇ ਦੋ ਦਿਨਾਂ ਤੋਂ ਕੋਰੋਨਾ ਕਾਰਨ ਹੋ ਰਹੀਆਂ ਮੌਤਾਂ ਦੀ ਗਿਣਤੀ 'ਚ ਕਮੀ ਹੋਣ ਕਾਰਨ ਯੂ.ਕੇ. ਵਾਸੀਆਂ ਨੂੰ ਕੁਝ ਸੁੱਖ ਦਾ ਸਾਹ ਆਇਆ ਹੈ। ਯੂ.ਕੇ. ਸਰਕਾਰ ਅਤੇ ਸਿਹਤ ਵਿਭਾਗ ਵਲੋਂ ਲੋਕਾਂ ਨੂੰ ਤਾਲਾਬੰਦੀ ਅਤੇ ਘਰਾਂ ਵਿਚ ਰਹਿਣ ਦੀਆਂ ਜਾਰੀ ਕੀਤੀਆਂ ਗਈਆਂ ਹਦਾਇਤਾਂ ਦੀ ਪਾਲਣਾ ਕਰਨ ਕਰਕੇ ਇਥੋਂ ਦੇ ਹਾਲਾਤ ਹੁਣ ਕਾਫੀ ਸੁਧਰਦੇ ਨਜ਼ਰ ਆ ਰਹੇ ਹਨ । ਪਰ ਦੂਜੇ ਪਾਸੇ ਯੂ.ਕੇ. ਦੇ ਚੀਫ ਮੈਡੀਕਲ ਅਫਸਰ ਨੇ ਚਿਤਾਵਨੀ ਵੀ ਦਿੱਤੀ ਹੈ ਕਿ ਲੋਕਾਂ ਨੂੰ  ਸਮੇਂ 'ਤੇ ਦਿੱਤੀਆਂ ਜਾਣ ਵਾਲੀਆਂ ਸਰਕਾਰ ਅਤੇ ਸਿਹਤ ਵਿਭਾਗ ਦੀਆਂ ਹਦਾਇਤਾਂ ਦੀ ਜ਼ਿੰਮੇਵਾਰੀ ਨਾਲ ਪਾਲਣਾ ਕਰਨੀ ਯਕੀਨੀ ਬਣਾਉਣੀ ਪਵੇਗੀ, ਕਿਉਂਕਿ ਕੋਰੋਨਾ ਠੰਢੇ ਮਹੀਨਿਆਂ ਵਿਚ ਤੇਜ਼ੀ ਨਾਲ ਫੈਲ ਸਕਦਾ ਹੈ । ਪ੍ਰੋਫੈਸਰ ਕ੍ਰਿਸ ਵਿੱਟੀ ਨੇ ਕਿਹਾ ਕਿ ਸੰਭਾਵਤ ਤੌਰ 'ਤੇ ਇਹ ਵਾਇਰਸ ਠੰਢੇ ਮਹੀਨਿਆਂ ਦੌਰਾਨ ਤੇਜ਼ੀ ਨਾਲ ਫੈਲ ਸਕਦਾ ਹੈ, ਜੋ ਐੱਨ. ਐੱਚ. ਐੱਸ. ਲਈ ਹੁਣ ਨਾਲੋਂ ਜ਼ਿਆਦਾ ਮੁਸ਼ਕਿਲਾਂ ਪੈਦਾ ਕਰ ਸਕਦਾ ਹੈ ਹਾਲਾਂਕਿ, ਉਸ ਨੇ ਇਹ ਵੀ ਕਿਹਾ ਕਿ ਸਰਦੀਆਂ ਦੇ ਆਉਣ ਤੱਕ ਤਾਲਾਬੰਦੀ ਅਤੇ ਹੋਰ ਉਪਾਵਾਂ ਕਰਕੇ ਵਾਇਰਸ ਦੇ ਖਤਮ ਹੋਣ ਦੀ ਸੰਭਾਵਨਾ ਹੈ।

ਕੋਰੋਨਾ ਵਾਇਰਸ ਖਿਲਾਫ਼ ਸਾਰੇ ਦੇਸ਼ ਇਕਜੁੱਟ ਹੋਣ- ਬੌਰਿਸ ਜੌਹਨਸਨ

ਲੰਡਨ, ਮਈ 2020 ( ਗਿਆਨੀ ਰਾਵਿਦਾਰਪਾਲ ਸਿੰਘ )- ਬਰਤਾਨੀਆ ਦੇ ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਨੇ ਕੋਵਿਡ-19 ਸਬੰਧੀ 'ਆਨਲਾਈਨ ਗਲੋਬਲ ਸੰਮੇਲਨ'ਦੀ ਸ਼ੁਰੂਆਤ ਕਰਦਿਆਂ ਸਾਰੇ ਦੇਸ਼ਾਂ ਨੂੰ ਅਪੀਲ ਕੀਤੀ ਕਿ ਉਹ ਕੋਰੋਨਾ ਵਾਇਰਸ ਮਹਾਂਮਾਰੀ ਖਿਲਾਫ਼ ਇਕਜੁੱਟ ਹੋ ਕੇ ਕੰਮ ਕਰਨ। 'ਕੋਰੋਨਾ ਵਾਇਰਸ ਗਲੋਬਲ ਪ੍ਰਤੀਕਿਰਿਆ ਅੰਤਰਰਾਸ਼ਟਰੀ ਸੰਕਲਪ ਸੰਮੇਲਨ' ਬਰਤਾਨੀਆ ਤੇ 8 ਹੋਰ ਦੇਸ਼ਾਂ ਤੇ ਸੰਗਠਨਾਂ ਵਲੋਂ ਕਰਵਾਇਆ ਜਾ ਰਿਹਾ ਹੈ, ਜਿਨ੍ਹਾਂ 'ਚ ਕੈਨੇਡਾ, ਜਰਮਨੀ, ਇਟਲੀ, ਜਾਪਾਨ, ਨਾਰਵੇ, ਸਾਊਦੀ ਅਰਬ ਤੇ ਯੂਰਪੀ ਕਮਿਸ਼ਨ ਸ਼ਾਮਿਲ ਹਨ। ਸੰਮੇਲਨ ਵਿਚ ਬੌਰਿਸ ਜੌਹਨਸਨ ਨੇ ਟੀਕਾ, ਜਾਂਚ ਤੇ ਇਲਾਜ ਦੀ ਸੋਧ ਲਈ 388 ਮਿਲੀਅਨ ਪੌਡ ਸਹਿਯੋਗ ਕਰਨ ਦਾ ਸੰਕਲਪ ਜਤਾਇਆ । ਉਕਤ ਰਾਸ਼ੀ ਬਰਤਾਨੀਆ ਵਲੋਂ 744 ਮਿਲੀਅਨ ਪੌਡ ਰਾਸ਼ੀ ਦੀ ਇਕ ਕਿਸ਼ਤ ਵਜੋਂ ਦਿੱਤੀ ਜਾਵੇਗੀ, ਜਦੋਂਕਿ ਕੋਰੋਨਾ ਵਾਇਰਸ ਦਾ ਟੀਕਾ ਤਿਆਰ ਕਰਨ ਲਈ 250 ਮਿਲੀਅਨ ਪੌਡ ਦੀ ਰਾਸ਼ੀ ਵੀ ਦਿੱਤੀ ਜਾ ਰਹੀ ਹੈ।ਇਹ ਕਿਸੇ ਵੀ ਦੇਸ਼ ਵਲੋਂ ਸਭ ਤੋਂ ਵੱਡਾ ਦਾਨ ਹੈ। ਯੂ. ਕੇ ਵਿਚ ਪਿਛਲੇ 24 ਘੰਟਿਆਂ 'ਚ 229 ਮੌਤਾਂ ਕੋਰੋਨਾ ਵਾਇਰਸ ਨਾਲ ਹੋਈਆਂ । 

ਹੈਰੀ ਪੋਟਰ ਲਿਖਣ ਵਾਲੀ  ਰੋਿਲੰਗ ਵਲੋਂ ਕਰੀਬ ਸਾਢੇ 9 ਕਰੋੜ ਦਾ ਰੁਪਏ ਵੱਡਾ ਦਾਨ

ਮਾਨਚੈਸਟਰ, ਮਈ 2020 -(ਗਿਆਨੀ ਅਮਰੀਕ ਸਿੰਘ ਰਾਠੌਰ)-  ਪ੍ਰਸਿੱਧ ਨਾਟਕ 'ਹੈਰੀ ਪੋਟਰ' ਦੀ ਲੇਖਿਕਾ ਜੇ.ਕੇ. ਰੋਲਿੰਗ ਨੇ ਕੋਰੋਨਾ ਵਾਇਰਸ ਮਹਾਂਮਾਰੀ ਦੇ ਚਲਦਿਆਂ ਬੇਘਰੇ ਤੇ ਘਰੇਲੂ ਹਿੰਸਾ ਦੇ ਪੀੜਤ ਲੋਕਾਂ ਦੀ ਮਦਦ ਲਈ 10 ਲੱਖ ਪੌਡ (ਕਰੀਬ ਸਾਢੇ 9 ਕਰੋੜ ਰੁਪਏ) ਦੋ ਸਮਾਜ ਸੇਵੀ ਸੰਸਥਾਵਾਂ ਨੂੰ ਦਾਨ ਕਰਨ ਦਾ ਐਲਾਨ ਕੀਤਾ ਹੈ। 54 ਸਾਲਾ ਲੇਖਿਕਾ ਨੇ 'ਬੈਟਲ ਆਫ਼ ਹੌਗਵਾਟਰਸ' ਦੀ 22ਵੀਂ ਵਰ੍ਹੇਗੰਢ ਮੌਕੇ ਕਿਹਾ ਕਿ ਉਹ ਇਸ ਦੇ ਸਨਮਾਨ 'ਚ ਉਕਤ ਰਾਸ਼ੀ ਦਾਨ ਕਰ ਰਹੀ ਹੈ । ਰੋਲਿੰਗ ਦੇ ਪਤੀ ਨੇਲ ਮੁਰੀ ਡਾਕਟਰ ਹਨ¢ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪਰਿਵਾਰ ਦੇ 3 ਮੈਂਬਰ ਮੂਹਰਲੀ ਕਤਾਰ 'ਚ ਕੰਮ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਰੋਲਿੰਗ 'ਚ ਕੋਵਿਡ-19 ਦੇ ਲੱਛਣ ਦਿਸੇ ਸਨ ਪਰ ਹੁਣ ਉਹ ਪੂਰੀ ਤਰ੍ਹਾਂ ਠੀਕ ਹੋ ਚੁੱਕੀ ਹੈ।

ਸਿੱਖ ਡਾਕਟਰਾਂ ਵੱਲੋਂ ਫਰੰਟਲਾਈਨ ਤੋਂ ਹਟਾਉਣ ਖ਼ਿਲਾਫ਼ ਮੁਹਿੰਮ ਚਾਲੂ

ਲੰਡਨ ,ਮਈ 2020 -(ਏਜੰਸੀ )- ਬਰਤਾਨੀਆ ਦੇ ਸਿੱਖ ਡਾਕਟਰਾਂ ਨੇ ਜਬਰੀ ਦਾੜ੍ਹੀ ਸਾਫ਼ ਕਰਵਾਉਣ ਦੇ ਕੌਮੀ ਸਿਹਤ ਸੇਵਾ ਦੇ ਫ਼ੈਸਲੇ ਖ਼ਿਲਾਫ਼ ਮੁਹਿੰਮ ਸ਼ੁਰੂ ਕੀਤੀ ਹੈ। ਕੌਮੀ ਸਿਹਤ ਸੇਵਾ ਦੇ ਆਦੇਸ਼ ਅਨੁਸਾਰ ਵੱਖ-ਵੱਖ ਹਸਪਤਾਲਾਂ ਵਿਚ ਕੋਰੋਨਾ ਵਾਇਰਸ ਦਾ ਇਲਾਜ ਕਰ ਰਹੇ ਉਨ੍ਹਾਂ ਡਾਕਟਰਾਂ ਨੂੰ ਫਰੰਟਲਾਈਨ ਡਿਊਟੀ ਤੋਂ ਇਸ ਕਰ ਕੇ ਹਟਾ ਦਿੱਤਾ ਗਿਆ ਹੈ ਕਿ ਉਨ੍ਹਾਂ ਦਾੜ੍ਹੀ ਸਾਫ਼ ਕਰਨ ਤੋਂ ਇਨਕਾਰ ਕਰ ਦਿੱਤਾ।

ਸਿੱਖ ਡਾਕਟਰਜ਼ ਐਸੋਸੀਏਸ਼ਨ ਅਨੁਸਾਰ ਘੱਟੋ ਘੱਟ ਪੰਜ ਸਿੱਖ ਡਾਕਟਰਾਂ ਨੂੰ ਹਸਪਤਾਲਾਂ 'ਚ ਫਰੰਟਲਾਈਨ ਡਿਊਟੀ ਤੋਂ ਇਸ ਕਰ ਕੇ ਹਟਾ ਦਿੱਤਾ ਗਿਆ ਕਿਉਂਕਿ ਉਨ੍ਹਾਂ ਦਾੜ੍ਹੀ ਸਾਫ਼ ਕਰਨ ਤੋਂ ਇਨਕਾਰ ਕਰ ਦਿੱਤਾ। ਅਜਿਹਾ ਕੌਮੀ ਸਿਹਤ ਸੇਵਾ ਦੇ ਨਵੇਂ ਕਥਿਤ 'ਫਿੱਟ ਟੈਸਟ' ਦੀ ਸ਼ਰਤ ਨੂੰ ਲੈ ਕੇ ਕੀਤਾ ਗਿਆ ਹੈ। ਸਿੱਖ ਡਾਕਟਰਜ਼ ਐਸੋਸੀਏਸ਼ਨ ਦੇ ਪ੍ਰਧਾਨ ਡਾ. ਸੁਖਦੇਵ ਸਿੰਘ ਨੇ ਦੱਸਿਆ ਕਿ ਇਹ ਪੰਜ ਡਾਕਟਰ ਸਾਡੇ ਸੰਪਰਕ ਵਿਚ ਹਨ ਤੇ ਮੁੱਖ ਡਿਊਟੀ ਤੋਂ ਲਾਂਭੇ ਕਰਨ 'ਤੇ ਤਣਾਅ 'ਚ ਹਨ। ਡਾ. ਸੁਖਦੇਵ ਸਿੰਘ ਨੇ ਦੱਸਿਆ ਕਿ ਇਹ ਸਮੱਸਿਆ ਵਿਸ਼ੇਸ਼ 'ਫੇਸੀਅਲ ਪ੍ਰਰੋਟੈਕਟਿਵ ਮਾਸਕ' ਦੀ ਕਮੀ ਕਾਰਨ ਆਈ ਹੈ ਜੋਕਿ ਆਈਸੀਯੂ ਵਿਚ ਵਰਤੇ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਪੰਜਾਂ ਡਾਕਟਰਾਂ ਦੀ ਸਮੱਸਿਆ ਦਾ ਹੱਲ ਮਹਿੰਗੀ ਪੇਪਰਜ਼ ਕਿੱਟ ਨਾਲ ਕੀਤਾ ਜਾ ਰਿਹਾ ਹੈ ਕਿ ਜੋਕਿ 1000 ਪੌਂਡ 'ਚ ਮਿਲਦੀ ਹੈ ਤੇ ਦੁਬਾਰਾ ਵਰਤੀ ਜਾ ਸਕਦੀ ਹੈ। ਡਾ. ਸੁਖਦੇਵ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਐਸੋਸੀਏਸ਼ਨ ਕੌਮੀ ਸਿਹਤ ਸੇਵਾ ਨਾਲ ਤਾਲਮੇਲ ਕਰ ਕੇ ਅਜਿਹੀਆਂ ਮਹਿੰਗੀਆਂ ਕਿੱਟਾਂ ਮੁਹੱਈਆ ਕਰਵਾਉਣ 'ਤੇ ਜ਼ੋਰ ਦੇ ਰਹੀ ਹੈ।

ਸਿੱਖ ਕੌਂਸਲ ਯੂਕੇ, ਸਿੱਖ ਡਾਕਟਰਜ਼ ਐਸੋਸੀਏਸ਼ਨ ਨਾਲ ਮਿਲ ਕੇ ਕੌਮੀ ਸਿਹਤ ਸੇਵਾ ਦੇ ਚੀਫ ਐਗਜ਼ੈਕਟਿਵ ਅਫਸਰ ਸਰ ਸਿਮੋਨ ਸਟੀਵਨਜ਼ ਨਾਲ ਸੰਪਰਕ ਕਰ ਰਹੀ ਹੈ ਤਾਂਕਿ ਭਵਿੱਖ ਵਿਚ ਵਿਸ਼ੇਸ਼ ਕਿੱਟਾਂ ਦੀ ਵੱਡੀ ਮਾਤਰਾ ਵਿਚ ਖ਼ਰੀਦ ਕੀਤੀ ਜਾਵੇ ਤੇ ਸਿੱਖ ਡਾਕਟਰਾਂ ਨੂੰ ਕਿਸੇ ਕਿਸਮ ਦੀ ਮੁਸ਼ਕਲ ਪੇਸ਼ ਨਾ ਆਵੇ। ਦੱਸਣਯੋਗ ਹੈ ਕਿ ਕੋਰੋਨਾ ਵਾਇਰਸ ਮਹਾਮਾਰੀ ਦੌਰਾਨ ਬਿ੍ਟੇਨ ਦੀ ਕੌਮੀ ਸਿਹਤ ਸੇਵਾ ਫਰੰਟਲਾਈਨ 'ਤੇ ਕੰਮ ਕਰਦੇ ਡਾਕਟਰਾਂ ਨੂੰ 'ਫਿਟ ਟੈਸਟ' ਦੇ ਨਾਂ 'ਤੇ ਚਿਹਰੇ ਦੇ ਵਾਲ ਸਾਫ਼ ਕਰਵਾਉਣ ਲਈ ਕਹਿ ਰਹੀ ਹੈ।

ਉਧਰ, ਸਿੱਖ ਕੌਂਸਲ ਦਾ ਕਹਿਣਾ ਹੈ ਕਿ ਦਾੜ੍ਹੀ ਰੱਖਣਾ ਸਿੱਖ ਧਰਮ ਦੀ ਮਰਿਆਦਾ ਨਾਲ ਜੁੜਿਆ ਮੁੱਦਾ ਹੈ ਤੇ ਸਰਕਾਰ 'ਫਿੱਟ ਟੈਸਟ' ਦੇ ਨਾਂ 'ਤੇ ਕਿਸੇ ਸਿੱਖ ਡਾਕਟਰ ਨੂੰ ਦਾੜ੍ਹੀ ਦੇ ਵਾਲ ਸਾਫ਼ ਕਰਵਾਉਣ ਲਈ ਮਜਬੂਰ ਨਹੀਂ ਕਰ ਸਕਦੀ। ਕੌਮੀ ਸਿਹਤ ਸੇਵਾ ਨੇ ਇਸ ਦੌਰਾਨ ਕਿਹਾ ਹੈ ਕਿ ਉਹ ਇਸ ਮਾਮਲੇ ਵਿਚ ਢੁਕਵੇਂ ਕਦਮ ਚੁੱਕ ਰਹੀ ਹੈ। ਬਿ੍ਟੇਨ 'ਚ ਪੀਪੀਈ ਕਿੱਟਾਂ ਦੀ ਕਮੀ ਪਿਛਲੇ ਸਮੇਂ ਤੋਂ ਪਾਈ ਜਾ ਰਹੀ ਹੈ ਤੇ ਕਈ ਐੱਨਜੀਓ ਇਨ੍ਹਾਂ ਦੀ ਪੂਰਤੀ ਲਈ ਫੰਡ ਵੀ ਇਕੱਠੇ ਕਰ ਰਹੇ ਹਨ।

ਐਨ.ਐਚ.ਐਸ. ਨੂੰ 51 ਹਜਾਰ ਪੌਡ ਤੋਂ ਵੱਧ ਦਾ ਯੋਗਦਾਨ ਦੇਵੇਗੀ ਵਰਡਲ ਕੈਂਸਰ ਕੇਅਰ– ਧਾਲੀਵਾਲ, ਉੱਪਲ

ਮਾਨਚੈਸਟਰ/ਯੂ ਕੇ, ਮਈ 2020  ( ਗਿਆਨੀ ਅਮਰੀਕ ਸਿੰਘ ਰਾਠੌਰ )- ਬੀਤੇ ਇਕ ਦਹਾਕੇ ਤੋਂ ਪੰਜਾਬ 'ਚ ਮਨੁੱਖਤਾ ਦੀ ਸੇਵਾ ਵਿੱਚ ਵੱਡਾ ਯੋਗਦਾਨ ਪਾਉਣ ਵਾਲੀ ਸਮੁੱਚੇ ਪੰਜਾਬ ਵਾਸੀਆਂ ਲਈ ਕੈਂਸਰ ਜਾਂਚ ਕੈਂਪ ਲਗਵਾ ਰਹੀ ਅਤੇ ਅੱਜ ਦੇ ਭਿਆਨਕ ਸਮੇ ਦੁਰਾਨ ਪੰਜਾਬ ਅੰਦਰ ਡਾਕਟਰ ਨਰਸ ਏਟ ਪੁਲਿਸ ਲਈ ਵੱਡੇ ਪੱਧਰ ਤੇ ਸੈਂਨਟਾਈਜਰ ਮੁਹਈਆ ਕਰਵਾਉਣ ਵਾਲੀ ਨਾਮੀ ਸਮਾਜ ਸੇਵੀ ਸੰਸਥਾ ਵਰਲਡ ਕੈਂਸਰ ਕੇਅਰ ਵਲੋਂ ਹੁਣ ਕੋਰੋਨਾ ਵਾਇਰਸ ਨਾਲ ਲੜ ਰਹੀ ਯੂ.ਕੇ. ਦੀ ਸਿਹਤ ਸੰਸਥਾ ਐਨ.ਐਚ.ਐਸ.(NHS) ਤੇ ਕੋਵਿਡ-19 ਵੈਕਸੀਨ ਨੂੰ ਬਣਾਉਣ ਵਿਚ ਜੁਟੇ ਸਾਇੰਸਦਾਨਾਂ ਨੂੰ 48 ਲੱਖ ਰੁਪਏ (51000 ਪੌਡ) ਦਾ ਸਹਿਯੋਗ ਦੇਣ ਦਾ ਐਲਾਨ ਕੀਤਾ ਗਿਆ ਹੈ । ਸੰਸਥਾ ਦੇ ਕੁਲਵੰਤ ਸਿੰਘ ਧਾਲੀਵਾਲ ਤੇ ਗੁਰਪਾਲ ਸਿੰਘ ਉੱਪਲ ਨੇ ਦੱਸਿਆ ਇਸ ਕਾਰਜ ਲਈ ਧਾਲੀਵਾਲ ਵਲੋਂ 500 ਮੀਲ ਦੌੜਨ ਦੀ ਸ਼ੁਰੂਆਤ ਕੀਤੀ ਗਈ ਹੈ ਅਤੇ ਉਹ ਮਈ-ਜੂਨ ਮਹੀਨੇ 'ਚ ਇਸ ਸੰਕਲਪ ਨੂੰ ਪੂਰਾ ਕਰ ਲੈਣਗੇ । ਯਾਦ ਰਹੇ ਡਾ ਕੁਲਵੰਤ ਸਿੰਘ ਧਾਲੀਵਾਲ ਉਹ ਇਨਸਾਨ ਹਨ ਜਿਨ੍ਹਾਂ ਆਪਣਾ ਜੀਵਨ ਹੀ ਸੱਚੀ ਸੁੱਚੀ ਮੁਨਖਤਾ ਦੀ ਸੇਵਾ ਲੇਖੇ ਲਾਇਆ ਹੋਇਆ ਹੈ।

ਡਾਕਟਰਾਂ ਨੇ ਮੈਨੂੰ ਮਿ੍ਤਕ ਐਲਾਨਣ ਦੀ ਕਰ ਲਈ ਸੀ ਤਿਆਰੀ - ਬੋਰਿਸ ਜੌਨਸਨ

ਲੰਡਨ ,ਮਈ 2020 -( ਗਿਆਨੀ ਰਾਵਿਦਾਰਪਾਲ ਸਿੰਘ)- ਕੋਰੋਨਾ ਇਨਫੈਕਸ਼ਨ ਤੋਂ ਪੂਰੀ ਤਰ੍ਹਾਂ ਉਭਰ ਚੁੱਕੇ ਬਿ੍ਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਦੱਸਿਆ ਹੈ ਕਿ ਲੰਡਨ ਦੇ ਡਾਕਟਰਾਂ ਨੇ ਇਕ ਸਮੇਂ ਉਨ੍ਹਾਂ ਦੀ ਮੌਤ ਦਾ ਐਲਾਨ ਕਰਨ ਦੀ ਤਿਆਰੀ ਕਰ ਲਈ ਸੀ। 55 ਸਾਲਾ ਜੌਨਸਨ 'ਚ 26 ਮਾਰਚ ਨੂੰ ਕੋਰੋਨਾ ਇਨਫੈਕਸ਼ਨ ਦੇ ਲੱਛਣ ਦਿਖਾਈ ਦਿੱਤੇ ਸਨ। ਇਸ ਪਿੱਛੋਂ ਉਹ ਸੈਲਫ ਕੁਆਰੰਟਾਈਨ ਵਿਚ ਚਲੇ ਗਏ ਸਨ। ਹਾਲਤ ਨਾ ਸੁੁਧਰਨ 'ਤੇ ਉਨ੍ਹਾਂ ਨੂੰ ਲੰਡਨ ਦੇ ਸੇਂਟ ਥਾਮਸ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ। 12 ਅਪ੍ਰੈਲ ਨੂੰ ਹਸਪਤਾਲ ਤੋਂ ਛੁੱਟੀ ਮਿਲਣ ਤੋਂ ਪਹਿਲੇ ਉਹ ਛੇ ਤੋਂ 9 ਅਪ੍ਰੈਲ ਤਕ ਆਈਸੀਯੂ ਵਿਚ ਰਹੇ ਸਨ। ਬਿ੍ਟੇਨ 'ਚ ਸ਼ਨਿਚਰਵਾਰ ਤਕ ਕੋਰੋਨਾ ਨਾਲ 28 ਹਜ਼ਾਰ ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ।

ਅਖ਼ਬਾਰ 'ਦ ਸਨ' ਨਾਲ ਹੋਈ ਗੱਲਬਾਤ 'ਚ ਜੌਨਸਨ ਨੇ ਕਿਹਾ ਕਿ ਸੱਤ ਅਪ੍ਰੈਲ ਨੂੰ ਸੇਂਟ ਥਾਮਸ ਹਸਪਤਾਲ ਦੇ ਆਈਸੀਯੂ ਵਿਚ ਪੁੱਜਣ ਦੇ ਬਾਅਦ ਮੈਨੂੰ ਕਈ ਲੀਟਰ ਆਕਸੀਜਨ ਦਿੱਤੀ ਗਈ ਪ੍ਰੰਤੂ ਮੇਰੀ ਸਿਹਤ ਵਿਚ ਕੋਈ ਖ਼ਾਸ ਸੁਧਾਰ ਦਿਖਾਈ ਨਹੀਂ ਦੇ ਰਿਹਾ ਸੀ। ਮੈਂ ਇਸ ਤੋਂ ਇਨਕਾਰ ਨਹੀਂ ਕਰ ਸਕਦਾ ਕਿ ਉਹ ਕਾਫ਼ੀ ਕਠਿਨ ਸਮਾਂ ਸੀ। ਮੇਰੀ ਹਾਲਤ ਠੀਕ ਨਹੀਂ ਸੀ। ਡਾਕਟਰਾਂ ਕੋਲ ਸਾਰੇ ਤਰ੍ਹਾਂ ਦੇ ਬਦਲ ਸਨ ਕਿ ਜੇਕਰ ਕੁਝ ਗ਼ਲਤ ਹੋਇਆ ਤਾਂ ਕੀ ਕਰਨਾ ਚਾਹੀਦਾ ਹੈ ? ਜੌਨਸਨ ਦਾ ਇਹ ਇੰਟਰਵਿਊ ਉਨ੍ਹਾਂ ਦੀ ਮੰਗੇਤਰ ਕੈਰੀ ਸਾਇਮੰਡਜ਼ ਵੱਲੋਂ ਆਪਣੇ ਪੁੱਤਰ ਦੀ ਤਸਵੀਰ ਇੰਸਟਾਗ੍ਰਾਮ 'ਤੇ ਪੋਸਟ ਕਰਨ ਦੇ ੂਬਾਅਦ ਸਾਹਮਣੇ ਆਇਆ ਹੈ। ਉਸ ਦਾ ਨਾਂ ਵਿਲਫਰੈਡ ਲਾਰੀ ਨਿਕੋਲਸ ਜੌਨਸਨ ਰੱਖਿਆ ਗਿਆ ਹੈ। ਇਸ ਵਿਚ ਨਿਕੋਲਸ ਪ੍ਰਧਾਨ ਮੰਤਰੀ ਦੀ ਜਾਨ ਬਚਾਉਣ ਵਾਲੇ ਡਾਕਟਰ ਨਿਕੋਲਸ ਪ੍ਰਾਈਸ ਅਤੇ ਨਿਕੋਲਸ ਹਾਰਟ ਦੇ ਨਾਂ 'ਤੇ ਲਿਆ ਗਿਆ ਹੈ।

ਜਦੋ 50-50 ਦੀ ਸਥਿਤੀ ਸੀ ਉਸ ਸਮੇ ਬਹੁਤ ਮੁਸ਼ਕਲ ਸੀ

ਬਿ੍ਟਿਸ਼ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਵਿਸ਼ਵਾਸ ਕਰਨਾ ਕਾਫ਼ੀ ਮੁਸ਼ਕਲ ਸੀ ਕਿ ਕੇਵਲ ਕੁਝ ਦਿਨਾਂ ਵਿਚ ਮੇਰੀ ਹਾਲਤ ਇਸ ਕਦਰ ਵਿਗੜ ਗਈ। ਮੈਨੂੰ ਯਾਦ ਹੈ ਕਿ ਮੈਂ ਨਿਰਾਸ਼ ਮਹਿਸੂਸ ਕਰ ਰਿਹਾ ਸੀ। ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਮੈਂ ਠੀਕ ਕਿਉਂ ਨਹੀਂ ਹੋ ਰਿਹਾ। ਸਭ ਤੋਂ ਬੁਰਾ ਸਮਾਂ ਤਦ ਆਇਆ ਜਦੋਂ 50-50 ਦੀ ਸਥਿਤੀ ਬਣ ਗਈ। ਉਨ੍ਹਾਂ ਨੇ ਮੇਰੇ ਵਿੰਡ ਪਾਈਪ ਦੇ ਹੇਠਾਂ ਇਕ ਟਿਊਬ ਲਗਾਈ। ਮੈਨੂੰ ਲੱਗਾ ਕਿ ਇਸ ਬਿਮਾਰੀ ਦੀ ਕੋਈ ਦਵਾਈ ਨਹੀਂ ਹੈ, ਕੋਈ ਇਲਾਜ ਨਹੀਂ ਹੈ। ਮੈਂ ਇਸ ਤੋਂ ਕਿਵੇਂ ਠੀਕ ਹੋਵਾਂਗਾ। ਮੈਂ ਕਿਸਮਤ ਵਾਲਾ ਹਾਂ ਕਿ ਇਸ ਬਿਮਾਰੀ ਤੋਂ ਠੀਕ ਹੋ ਗਿਆ ਜਦਕਿ ਕਈ ਹੋਰ ਲੋਕ ਹੁਣ ਵੀ ਪੀੜਤ ਹਨ।

ਬਰਤਾਨੀਆ ਦੇ ਪ੍ਰਧਾਨ ਮੰਤਰੀ ਨੇ ਆਪਣੇ ਨਵ-ਜਨਮੇ ਬੱਚੇ ਦਾ ਨਾਂ ਉਸ ਦੀ ਜਾਨ ਬਚਾਉਣ ਵਾਲੇ ਡਾਕਟਰ ਦੇ ਨਾਂ ਤੇ ਰਖਿਆ

ਲੰਡਨ, ਮਈ 2020 -( ਏਜੰਸੀ)- 

ਬ੍ਰਿਟਿਸ਼ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਆਪਣੇ ਨਵ-ਜਨਮੇ ਬੱਚੇ ਦਾ ਨਾਮ ਉਸ ਡਾਕਟਰ ਦੇ ਨਾਮ 'ਤੇ ਰੱਖਿਆ, ਜਿਸਨੇ ਇਲਾਜ ਕਰਕੇ ਕੋਰੋਨਾ ਵਾਇਰਸ ਦੇ ਸੰਕ੍ਰਮਣ ਤੋਂ ਉਸਦੀ ਜਾਨ ਬਚਾਈ। ਜਾਨਸਨ ਅਤੇ ਉਸਦੀ ਮੰਗੇਤਰ ਕੈਰੀ ਸਾਈਮੰਡਸ ਨੇ ਆਪਣੇ ਨਵ-ਜਨਮੇ ਬੇਟੇ ਦਾ ਨਾਮ ਵਿਲਫ੍ਰੇਡ ਲਾਰੀ ਨਿਕੋਲਸ ਰੱਖਿਆ ਹੈ। ਦੱਸ ਦੇਈਏ ਕਿ ਕਈ ਹਫ਼ਤਿਆਂ ਤਕ ਕੋਰੋਨਾ ਤੋਂ ਪ੍ਰਭਾਵਿਤ ਹੋਣ ਤੋਂ ਬਾਅਦ ਬੋਰਿਸ ਜਾਨਸਨ ਨੂੰ ਆਈਸੀਯੂ 'ਚ ਰੱਖਿਆ ਗਿਆ ਸੀ। ਇਸਤੋਂ ਬਾਅਦ ਜਦੋਂ ਉਹ ਇਲਾਜ ਕਰਵਾ ਕੇ ਕੰਮ 'ਤੇ ਵਾਪਸ ਆਏ ਤਾਂ ਉਸਦੇ ਕੁਝ ਦਿਨਾਂ ਬਾਅਦ ਬੁੱਧਵਾਰ ਨੂੰ ਬੋਰਿਸ ਜਾਨਸਨ ਨੂੰ ਪਿਤਾ ਬਣਨ ਦੀ ਖੁਸ਼ਖਬਰੀ ਦਿੱਤੀ।

32 ਸਾਲ ਦੀ ਸਾਈਮੰਡਸ ਨੇ ਆਪਣੇ ਬੇਟੇ ਦੀ ਤਸਵੀਰ ਇੰਸਟਾਗ੍ਰਾਮ ਅਕਾਊਂਟ 'ਤੇ ਪੋਸਟ ਕਰਦੇ ਹੋਏ ਲਿਖਿਆ, ਵਿਲਫ੍ਰੇਡ ਲਾਰੀ ਨਿਕੋਲਸ ਜਾਨਸਨ ਦਾ ਜਨਮ 29.04.20 ਨੂੰ ਸਵੇਰੇ 9 ਵਜੇ ਹੋਇਆ ਸੀ। ਉਨ੍ਹਾਂ ਨੇ ਕਿਹਾ, ਯੂਨੀਵਰਸਿਟੀ ਕਾਲੇਜ ਲੰਡਨ ਹਸਪਤਾਲ 'ਚ ਅਵਿਸ਼ਵਾਸਯੋਗ ਐੱਨਐੱਚਐੱਸ ਜਣੇਪਾ ਟੀਮ ਲਈ ਬਹੁਤ-ਬਹੁਤ ਧੰਨਵਾਦ, ਜਿਸ ਨੇ ਇੰਨੀ ਚੰਗੀ ਤਰ੍ਹਾਂ ਦੇਖਿਆ। ਮੇਰੇ ਲਈ ਇਸਤੋਂ ਜ਼ਿਆਦਾ ਹੋਰ ਕੋਈ ਖੁਸੀ ਦੀ ਗੱਲ ਨਹੀਂ ਹੋ ਸਕਦੀ। ਮੇਰਾ ਦਿਲ ਭਰ ਆਇਆ ਹੈ।

ਇਹ ਸਾਈਮੰਡਸ ਦਾ ਪਹਿਲਾਂ ਬੱਚਾ ਹੈ। ਜਦਕਿ 55 ਸਾਲਾ ਜਾਨਸਨ ਪੰਜ ਬੱਚਿਆਂ ਦੇ ਪਿਤਾ ਹਨ। ਇਨ੍ਹਾਂ 'ਚ ਉਨ੍ਹਾਂ ਦੀ ਦੂਸਰੀ ਪਤਨੀ ਮਰੀਨਾ ਵ੍ਹੀਲਰ ਦੇ ਚਾਰ ਬੱਚੇ ਸ਼ਾਮਿਲ ਹਨ। ਜਾਨਸਨ ਸਾਲ 2018 'ਚ ਮਰੀਨਾ ਤੋਂ ਅਲੱਗ ਹੋ ਗਏ ਸਨ। ਜਾਨਸਨ ਦੇ ਬੁਲਾਰੇ ਨੇ ਇਸ ਹਫ਼ਤੇ ਪੱਤਰਕਾਰਾਂ ਨੂੰ ਕਿਹਾ ਕਿ ਉਮੀਦ ਕੀਤੀ ਗਈ ਸੀ ਕਿ ਉਹ ਭਵਿੱਖ 'ਚ ਕਿਸੇ ਸਮੇਂ ਕਾਨੂੰਨੀ ਪੈਟਰਨਰੀ ਛੁੱਟੀ ਲੈਣਗੇ।

ਵਾਰਿਗਟਨ ਗੁਰਦੁਆਰਾ ਸਾਹਿਬ ਦੇ ਸੇਵਾਦਾਰਾਂ ਵਲੋਂ ਸੰਗਤਾਂ ਦੇ ਸਹਿਯੋਗ ਨਾਲ ਲੰਗਰ ਸੇਵਾ ਨਿਰੰਤਰ ਯਾਰੀ

ਫੋਟੋ:- ਟਰੱਸਟੀ ਸ ਦਲਜੀਤ ਸਿੰਘ ਜੌਹਲ ਅਤੇ ਸਮੂਹ ਸੇਵਾਦਾਰ ਵਾਰਿਗਟਨ ਹਸਪਤਾਲ ਵਿਖੇ ਲੰਗਰ ਪਹਚਾਉਣ ਸਮੇ

ਫੋਟੋ:- ਲੰਗਰ ਦੇ ਪੈਕਟ ਤਿਆਰ ਡੱਬੀਆਂ ਵਿੱਚ

ਵਾਰਿਗਟਨ /ਯੂ ਕੇ,ਮਈ 2020 -(ਗਿਆਨੀ ਅਮਰੀਕ ਸਿੰਘ ਰਾਠੌਰ)-

ਸ਼੍ਰੀ ਗੁਰੂ ਨਾਨਕ ਦੇਵ ਜੀ ਗੁਰਦੁਆਰਾ ਸਾਹਿਬ ਵਾਰਿਗਟਨ ਲਗਾਤਾਰ 4 ਹਫਤਿਆਂ ਤੋਂ ਸਨਿਚਰਵਾਰ ਅਤੇ ਐਤਵਾਰ ਤਕਰੀਬ 1100 ਦੇ ਕਰੀਬ ਖਾਣੇ ਦੇ ਪੈਕੇਜ ਤਿਆਰ ਕਰਕੇ ਜਿਸ ਵਿੱਚ ਸਬਜ਼ੀ, ਦਾਲ , ਚੌਲ ਅਤੇ ਫਰੂਟ ਸ਼ਾਮਿਲ ਹੈ ਵਾਰਿਗਟਨ ਅਤੇ ਹਿਲਟਨ ਰਨਕੋਰਨ ਦੇ ਹਸਪਤਾਲ ਅੰਦਰ NHS ਦੇ ਕਾਮਿਆਂ ਨੂੰ ਖਾਣਾ ਦਿੰਦਾ ਹੈ। ਸਾਡੇ ਪ੍ਰਤੀਨਿਧ ਨਾਲ ਗੱਲਬਾਤ ਕਰਦੇ ਟਰੱਸਟੀ ਸਾਹਿਬਾਨ ਨੇ ਦਸਿਆ ਕਿ ਸੰਗਤਾਂ ਦੇ ਸਹਿਯੋਗ ਨਾਲ ਚੱਲ ਰਹੀ ਇਹ ਸੇਵਾ ਵਿੱਚ ਤਕਰੀਬ ਇਸ ਹਫਤੇ 4500 ਤੋਂ ਉਪਰ ਖਾਣੇ ਦੇ ਪੈਕਟ NHS ਨੂੰ ਦਿਤੇ ਜਾ ਚੁੱਕੇ ਹਨ।ਓਹਨਾ ਅੱਗੇ ਦੱਸਿਆ ਕਿ ਬਹੁਤ ਸਾਰੀਆਂ ਸੰਗਤਾਂ ਇਸ ਵਿੱਚ ਸਾਡੀ ਮਦਦ ਕਰ ਰਹੀਆਂ ਹਨ।ਸਾਰੇ ਹੀ ਪ੍ਰਬੰਧਕ ਸਾਹਿਬਾਨ ਦੇ ਅਤਿ ਧੰਨਵਾਦੀ ਹਾਂ ਜਿਨ੍ਹਾਂ ਦੀ ਬਦੌਲਤ ਅਸੀਂ ਇਹ ਜੁਮੇਵਾਰੀ ਨਿਭਾ ਰਹੇ ਹਾਂ।ਅੱਜ ਵਾਰਿਗਟਨ ਕੌਂਸਲ ਦੇ ਪਾਰਟੀ ਮੁਖੀ ਰੁਸ ਬੋਰਡਨ ਅਤੇ ਡਿਪਟੀ ਲੀਡਰ ਕੈਥੀ ਮਿਸ਼ਲ ਨੇ ਵੀ ਲੰਗਰ ਸੇਵਾ ਵਿਚ ਹਾਜਰੀਆਂ ਭਰਿਆ ਅਤੇ ਲੰਗਰ ਬਣਾਉਣ ਵਿਚ ਮਦਦ ਕੀਤੀ ਅਤੇ ਪ੍ਰਬੰਧਕਾਂ ਦੀ ਹੌਸਲਾ ਅਫ਼ਜ਼ੀ ਵੀ ਕੀਤੀ।ਓਹਨਾ ਸਮੁੱਚੇ ਵਾਰਿਗਟਨ ਵਾਸੀਆਂ ਵਲੋਂ ਸਿੱਖ ਕਮਿਉਨਿਟੀ ਦਾ ਧੰਨਵਾਦ ਵੀ ਕੀਤਾ। ਉਸ ਸਮੇ ਰੁਸ ਬੋਰਡਨ ਨੇ ਆਖਿਆ ਕਿ ਅਸੀਂ ਸਿੱਖ ਦੇ ਅੱਜ ਇਸ ਮਹਾਮਾਰੀ ਦੁਰਾਨ ਵਾਰਿਗਟਨ ਅਤੇ ਦੁਨੀਆ ਭਰ ਵਿੱਚ ਲੰਗਰ ਸੇਵਾ ਅਤੇ ਹੋਰ ਸੇਵਾਮਾਂ ਵਿੱਚ ਦਿਤੇ ਜਾ ਰਹੇ ਯੋਗਦਾਨ ਨੂੰ ਕਦੇ ਵੀ ਨਹੀਂ ਭੁਲਾਵਾਂਗੇ।ਗੁਰਦੁਆਰਾ ਸਾਹਿਬ ਦੇ ਸਮੂਹ ਪ੍ਰਬੰਧਕ ਸਾਹਿਬਾਨ ਵਲੋਂ ਸੰਗਤਾਂ ਨੂੰ ਹੋਰ ਵੀ ਵੱਡੇ ਪੱਧਰ ਤੇ ਸੇਵਾਮਾਂ ਵਿੱਚ ਹਿਸਾ ਲੈਣ ਦੀ ਬੇਨਤੀ ਕੀਤੀ । ਉਸ ਸਮੇ ਪ੍ਰਬੰਧਕਾਂ ਵਿੱਚ ਬੇਨਤੀ ਨਿਭਾ ਰਹੇ ਸ ਪਰਮਜੀਤ ਸਿੰਘ ਸੇਖੋਂ ਪਰਿਵਾਰ,ਸ ਦਲਜੀਤ ਸਿੰਘ ਜੌਹਲ ਪਰਿਵਾਰ,ਡਾ ਕੁਲਵੰਤ ਸਿੰਘ ਧਾਲੀਵਾਲ ਪਰਿਵਾਰ,ਸ ਪੀਲੂ ਸਿੰਘ ਕਰੀ ਪਰਿਵਾਰ, ਸ ਕੁਲਦੀਪ ਸਿੰਘ ਢਿੱਲੋਂ ਪਰਿਵਾਰ, ਸ ਹਰਦੇਵ ਸਿੰਘ ਗਰੇਵਾਲ ਪਰਿਵਾਰ, ਸ ਜੀਤ ਸਿੰਘ ਤੂਰ ਪਰਿਵਾਰ, ਸ ਲਖਵੀਰ ਸਿੰਘ ਪਰਿਵਾਰ, ਸ ਪੂਰਨ ਸਿੰਘ ਢਿੱਲੋਂ ਪਰਿਵਾਰ, ਸ ਇੰਦਰਜੀਤ ਸਿੰਘ ਗਿੱਲ ਪਰਿਵਾਰ, ਸ ਇਕ਼ਬਾਲ ਸਿੰਘ ਸਿਵੀਆ ਪਰਿਵਾਰ, ਸ ਅਮਰਜੀਤ ਸਿੰਘ ਗਰੇਵਾਲ ਪਰਿਵਾਰ,ਸ ਸੰਤੋਖ ਸਿੰਘ ਸਿੱਧੂ ਪਰਿਵਾਰ,ਸ ਨਾਹਰ ਸਿੰਘ ਸਿੱਧੂ ਪਰਿਵਾਰ, ਸ਼੍ਰੀ ਕਿਨ ਪਰਿਵਾਰ,ਸ ਚਰਨ ਸਿੰਘ ਸਿੱਧੂ ਪਰਿਵਾਰ, ਸ ਮਨਦੀਪ ਸਿੰਘ ਪਰਿਵਾਰ, ਗਿਆਨੀ ਬਲਰਾਜ ਸਿੰਘ ਪਰਿਵਾਰ, ਸ ਕੁਲਦੀਪ ਸਿੰਘ ਜੌਹਲ ਪਰਿਵਾਰ , ਸ ਰਾਵਿਦਾਰਪਾਲ ਸਿੰਘ ਖਾਨੂੰਜਾਂ ਪਰਿਵਾਰ ਅਤੇ ਸਮੂਹ ਸੰਗਤ ਗੁਰਦਵਾਰਾ ਸਾਹਿਬ ਵਾਰਿਗਟਨ।

ਫੋਟੋ:- ਗੁਰਦੁਆਰਾ ਸਾਹਿਬ ਲੰਗਰ ਦੀ ਪੈਕਿੰਗ ਕਰਦੇ ਹੋਏ ਪ੍ਰਬੰਧਕ

ਫੋਟੋ:- ਰੁਸ ਬੋਰਡਨ ਅਤੇ  ਮਿਸ਼ਲ ਆਪਣੇ ਲਈ ਲੰਗਰ ਲੈਦੇ ਹੋਏ

ਫੋਟੋ:- ਪੁਲਿਸ ਨੂੰ ਲੰਗਰ ਦੇਣ ਸਮੇਂ ਪ੍ਰਬੰਧਕ, ਰੁਸ ਬੋਰਡਨ,ਦਲਜੀਤ ਸਿੰਘ ਜੌਹਲ,ਕਿਨ ਅਤੇ ਪੁਲਿਸ ਅਫਸਰ

ਫੋਟੋ:- ਰਸੋਈ ਵਿੱਚ ਲੰਗਰ ਦੀ ਤਿਆਰੀ ਸਮੇ ਰਸ ਬੋਰਡਨ,ਮਿਸ਼ਲ, ਸ ਕੁਲਦੀਪ ਸਿੰਘ ਢਿੱਲੋਂ,ਬੀਬੀ ਬਲਬੀਰ ਕੌਰ ਢਿੱਲੋਂ।​

ਫੋਟੋ:- ਪੁਲਿਸ ਨਊ ਲੰਗਰ ਭੇਜਣ ਸਮੇ ਸ ਪੀਲੂ ਸਿੰਘ ਕਰੀ ਅਤੇ ਪੁਲਿਸ ਅਫਸਰ

ਯੂ ਕੇ ਚ ਸਿੱਖ ਡਾਕਟਰ ਵਲੋਂ ਪੀ.ਪੀ.ਈ. ਕਿੱਟ ਲਈ ਦਾੜ੍ਹੀ ਕੱਟਣ ਤੋਂ ਇਨਕਾਰ

ਵੁਲਵਰਹੈਂਪਟਨ/ਯੂ ਕੇ,ਮਈ 2020 -(ਗਿਆਨੀ ਰਾਵਿਦਾਰਪਾਲ ਸਿੰਘ)-

 ਸਿੱਖਾਂ ਨੂੰ 21ਵੀਂ ਸਦੀ 'ਚ ਵੀ ਵਿਤਕਰੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ ।ਸਿੱਖ ਮਰਿਯਾਦਾ ਤੇ ਸਿੱਖਾਂ ਦੇ ਧਾਰਮਿਕ ਹੱਕਾਂ ਦੀਆਂ ਅੱਜ ਵੀ ਧੱਜ਼ੀਆਂ ਉੱਡ ਰਹੀਆਂ ਹਨ । ਯੂ.ਕੇ. 'ਚ ਇਕ ਸਿੱਖ ਡਾਕਟਰ ਨੂੰ ਮੋਹਰਲੀ ਕਤਾਰ ਦੀਆਂ ਸੇਵਾਵਾਂ ਤੋਂ ਇਸ ਕਰਕੇ ਹਟਾ ਦਿੱਤਾ ਗਿਆ, ਕਿਉਂਕਿ ਉਸ ਨੇ ਪੀ.ਪੀ.ਈ. ਕਿੱਟਾਂ ਦੀ ਘਾਟ ਕਾਰਨ ਆਪਣੀ ਦਾਹੜੀ ਸ਼ੇਵ ਕਰਨ ਤੋਂ ਨਾਂਹ ਕਰ ਦਿੱਤੀ ਸੀ । ਡਾ: ਸੁਖਦੇਵ ਸਿੰਘ ਚੇਅਰਮੈਨ ਸਿੱਖ ਡਾਕਟਰ ਐਸੋਸੀਏਸ਼ਨ ਨੇ ਕਿਹਾ ਹੈ ਕਿ ਵੁਲਵਰਹੈਂਪਟਨ ਦੇ ਹਸਪਤਾਲ 'ਚ ਕੰਮ ਕਰਨ ਵਾਲੇ 30 ਸਾਲਾ ਸਿੱਖ ਡਾਕਟਰ ਦਾ ਇਕ ਬਹੁਤ ਹੀ ਦੁਖਦਾਈ ਮਾਮਲਾ ਸਾਹਮਣੇ ਆਇਆ ਹੈ, ਜਦੋਂ ਉਸ ਨੂੰ ਐਫ.ਐਫ.ਪੀ. 3 ਮਾਸਕ ਫਿੱਟ ਨਾ ਆਉਣ 'ਤੇ ਦਾਹੜੀ ਸ਼ੇਵ ਕਰਨ ਦੇ ਹੁਕਮ ਦਿੱਤੇ ਗਏ । ਸਿੱਖ ਡਾਕਟਰ ਵਲੋਂ ਇਸ ਦਾ ਵਿਰੋਧ ਕਰਨ 'ਤੇ ਉਸ ਨੂੰ ਵਾਰਡ 'ਚ ਪਿੱਛੇ ਰਹਿ ਕੇ ਕੰਮ ਕਰਨ ਲਈ ਕਿਹਾ ਗਿਆ ਹੈ । ਕੋਰੋਨਾ ਮਹਾਂਮਾਰੀ ਦੇ ਚਲਦਿਆਂ ਸਿਹਤ ਵਿਭਾਗ ਨੇ ਪਹਿਲਾਂ ਵੀ ਡਾਕਟਰਾਂ ਨੂੰ ਚਿਹਰੇ ਦੇ ਵਾਲ ਹਟਾਉਣ ਦੇ ਹੁਕਮ ਦਿੱਤੇ ਸਨ, ਤਾਂ ਕਿ ਮਾਸਕ ਫਿੱਟ ਹੋ ਸਕੇ ਪਰ ਇਨ੍ਹਾਂ ਹੁਕਮਾਂ 'ਚ ਧਾਰਮਿਕ ਮਰਿਯਾਦਾ ਵਾਲੇ ਡਾਕਟਰਾਂ ਨੂੰ ਛੋਟ ਦਿੱਤੀ ਗਈ ਸੀ । ਸਿੱਖ ਡਾਕਟਰ ਐਸੋਸੀਏਸ਼ਨ ਦੇ ਚੇਅਰਮੈਨ ਡਾ: ਸੁਖਦੇਵ ਸਿੰਘ ਦਾ ਕਹਿਣਾ ਹੈ ਕਿ ਐਨ.ਐਚ.ਐਸ. ਨੂੰ ਦਾਹੜੀ ਰੱਖਣ ਵਾਲੇ ਸਿੱਖ ਤੇ ਮੁਸਲਮਾਨ ਡਾਕਟਰਾਂ ਲਈ ਲੋੜੀਂਦੀਆਂ ਤੇ ਸਹੀ ਪੀ.ਪੀ.ਈ. ਕਿੱਟਾਂ ਦਾ ਪ੍ਰਬੰਧ ਕਰਨਾ ਚਾਹੀਦਾ ਹੈ ਨਾ ਕਿ ਡਾਕਟਰਾਂ ਨੂੰ ਕੰਮ ਛੱਡਣ ਜਾਂ ਮਾਨਸਿਕ ਤਸੀਹੇ ਦੇਣੇ ਚਾਹੀਦੇ ਹਨ। |  

ਕੋਰੋਨਾ ਵਾਇਰਸ ਨਾਲ ਡੇਢ ਮਹੀਨੇ ਦੀ ਲੰਬੀ ਲੜ੍ਹਾਈ ਤੋਂ ਬਾਅਦ ਕੱਲ ਮੌਤ ਦੇ ਹੱਥੋਂ ਹਾਰ ਗਿਆ ਇੰਦਰਜੀਤ ਸਿੰਘ ਹਾਂਸ

ਪੰਜਾਬ ਤੋਂ 9 ਮਾਰਚ ਨੂੰ ਛੁਟਿਆ ਕੱਟ ਕੇ ਗਿਆ ਸੀ ਵਾਪਸ

ਲੰਡਨ(ਯੂ ਕੇ)ਜਗਰਾਓਂ/ਲੁਧਿਆਣਾ,ਮਈ 2020-(ਗਿਆਨੀ ਰਾਵਿਦਾਰਪਾਲ ਸਿੰਘ/ਮਨਜਿੰਦਰ ਗਿੱਲ)-

ਇੰਗਲੈਂਡ ਦੇ ਸ਼ਹਿਰ ਲੰਡਨ ਦਾ ਵਾਸੀ ਸ ਇੰਦਰਜੀਤ ਸਿੰਘ ਹਾਸ (66 ਸਾਲ ) ਪੁੱਤਰ ਸੂਬੇਦਾਰ ਮਹਿੰਦਰ ਸਿੰਘ ਹਾਸ ਨਾਮੀ ਪਰਿਵਾਰ ਦਾ ਬੇਟਾ ਅਤੇ ਸ ਪਰਮਜੀਤ ਸਿੰਘ ਹਾਸ ਕਨੇਡਾ , ਸ ਜਗਜੀਤ ਸਿੰਘ ਹਾਸ ਕਨੇਡਾ ਦਾ ਭਾਈ ਦੋ ਬੱਚਿਆਂ ਦਾ ਬਾਪ ਕੋਰੋਨਾ ਵਾਇਰਸ ਦੀ ਭਿਆਨਕ ਬਿਮਾਰੀ ਨਾਲ ਡੇਢ ਮਹੀਨੇ ਤੋਂ ਲੜਦਾ ਲੜਦਾ ਕੱਲ ਆਪਣੇ ਸਵਾਸਾਂ ਦੀ ਪੂੰਜੀ ਮੁਕਾਕੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਿਆ ਹੈ। ਸ ਪਰਮਜੀਤ ਸਿੰਘ ਹਾਸ ਜੋ ਆਪਣੇ ਪਿੰਡ ਸੁਜਾਪੁਰ (ਜਗਰਾਓਂ) ਤੋਂ ਪ੍ਰੈਸ ਨਾਲ ਜਾਣਕਾਰੀ ਸਾਜੀ ਕਰਦੇ ਦਸਿਆ ਕਿ ਸ ਇੰਦਰਜੀਤ ਸਿੰਘ ਸਕੂਲ ਤੋਂ ਲੱਗਕੇ ਕਾਲਜ ਤੱਕ ਇੱਕ ਬਹੁਤ ਹੀ ਹੋਣਹਾਰ ਖਿਡਾਰੀ ਰਿਹਾ।ਪਿੰਡ ਦੇ ਸਕੂਲ ਤੋਂ ਦੱਸਵੀ ਤੱਕ ਦੀ ਪੜ੍ਹਾਈ ਕੀਤੀ ਅਤੇ ਹਾਕੀ ਵਿੱਚ ਬਹੁਤ ਨਿਮਾਣਾ ਖੱਟਿਆ।ਅਗਲੀ ਪੜ੍ਹਾਈ ਖਾਲਸਾ ਕਾਲਜ ਸੁਧਾਰ ਤੋਂ ਕੀਤੀ । ਕਾਲਜ ਦੀ ਪੜ੍ਹਾਈ ਦੇ ਸਮੇ ਕਬੱਡੀ ਦੇ ਨਾਲ ਨਾਲ ਭਾਰ ਚੁੱਕਣ ਅਤੇ ਗੋਲਾ ਸੁੱਟਣ ਵਿੱਚ ਅਨੇਕ ਮੈਡਲ ਪ੍ਰਾਪਤ ਕੀਤੇ।1975 ਵਿੱਚ ਵਿਆਹ ਲਈ ਇੰਗਲੈਂਡ ਚਲਾ ਗਿਆ ਜਿੱਥੇ ਸ ਅਜੀਤ ਸਿੰਘ ਢੰਡਾਰੀ ਖੁਰਧ ਦੀ ਬੇਟੀ ਨਾਲ ਵਿਆਹ ਤੋਂ ਬਾਅਦ ਪੱਕੇ ਤੌਰ ਤੇ ਓਥੇ ਹੀ ਆਪਣੇ ਕੰਮ ਵਿੱਚ ਸਖਤ ਮੇਹਨਤ ਕਰੇ । ਇਕ ਚੰਗੇ ਸਮਾਜ ਸੇਵੀ ਅਤੇ ਅਗਾਂਹ ਵਾਧੂ ਪੀਵਰ ਨੂੰ ਵਿਕਸਤ ਕੀਤਾ ਅੱਜ ਕੱਲ ਸ ਇੰਦਰਜੀਤ ਸਿੰਘ ਬ੍ਰਿਟਿਸ਼ ਏਅਰਵੇਜ਼ ਵਿੱਚ ਕੰਮਕਰ ਰਿਹਾ ਸੀ। ਸ ਪਰਮਜੀਤ ਸਿੰਘ ਹਾਸ ਨੇ ਦਸਿਆ ਕਿ ਅੱਜ ਕੋਰੋਨਾ ਵਾਇਰਸ ਨੂੰ ਲੈਕੇ ਜੋ ਲਾਕਡਾਉਨ ਪੰਜਾਬ ਅਤੇ ਇੰਗਲੈਂਡ ਵਿਚ ਚੱਲ ਰਿਹਾ ਹੈ ਇਸ ਸਮੇ ਪ੍ਰੀਵਾਰ ਨਾਲ ਅਫਸੋਸ ਕਰਨ ਲਈ ਫੋਨ ਤੇ ਗੱਲਬਾਤ ਕੀਤੀ ਜਾਵੇ ਹੋਰ ਜਾਣਕਾਰੀ ਲਈ ਫੋਨ (0091-9878864335)। ਪੰਜਾਬ ਅਤੇ ਇੰਗਲੈਂਡ ਤੋਂ ਬਹੁਤ ਸਾਰੀਆਂ ਸਤਿਕਾਰਯੋਗ ਸਖਸੀਤਾਂ ਨੇ ਸ ਇੰਦਰਜੀਤ ਸਿੰਘ ਹਾਂਸ ਦੀ ਵੇਵਕਤੀ ਮੌਤ ਤੇ ਦੁੱਖ ਦਾ ਪ੍ਰਗਟਾਵਾ ਕੀਤਾ।

11 ਮਈ ਤੱਕ ਰੋਜ਼ਾਨਾ ਅੰਮ੍ਰਿਤਸਰ ਤੋਂ ਲੰਡਨ ਲਈ ਚੱਲਣਗੀਆਂ ਉਡਾਨਾਂ

(ਫੋਟੋ-ਐੱਮ ਪੀ ਤਨਮਨਜੀਤ ਸਿੰਘ ਢੇਸੀ ਵੀਡਿਓ ਰਾਹੀਂ ਜਾਣ ਕਾਰੀ ਦਿਦੇ ਹੋਏ)

ਮਾਨਚੈਸਟਰ, ਮਈ 2020 -( ਅਮਰਜੀਤ ਸਿੰਘ ਗਰੇਵਾਲ)-ਬ੍ਰਿਟਿਸ਼ ਹਾਈ ਕਮਿਸ਼ਨ ਨੇ ਪੰਜਾਬ 'ਚ ਫਸੇ ਯੂ.ਕੇ. ਦੇ ਨਾਗਰਿਕਾਂ ਦੀ ਗਿਣਤੀ ਜ਼ਿਆਦਾ ਹੋਣ ਕਾਰਨ ਕੁਝ ਹੋਰ ਹਵਾਈ ਉਡਾਨਾਂ ਚਲਾਉਣ ਦਾ ਪ੍ਰਬੰਧ ਕੀਤਾ ਗਿਆ ਹੈ। ਹੁਣ 11 ਮਈ ਤੱਕ ਹਰ ਰੋਜ਼ ਹਵਾਈ ਉਡਾਨਾਂ ਚੱਲਣਗੀਆਂ। ਹੁਣ 1 ਮਈ ਤੋਂ ਚਾਲੂ ਹੋਇਆ ਉਡਾਣਾਂ 11 ਮਈ ਤੱਕ ਰੋਜ਼ਾਨਾ ਅੰਮ੍ਰਿਤਸਰ ਤੋਂ ਲੰਡਨ ਲਈ ਚੱਲਣਗੀਆਂ। ਬ੍ਰਿਟਿਸ਼ ਹਾਈ ਕਮਿਸ਼ਨ ਕੋਲ ਪੰਜਾਬ 'ਚ ਫਸੇ ਯੂ.ਕੇ. ਦੇ ਨਾਗਰਿਕਾਂ ਦੇ ਰਜਿਸਟਰ ਹੋਣ ਦੀ ਗਿਣਤੀ ਜ਼ਿਆਦਾ ਹੋਣ ਕਾਰਨ, ਉਨ੍ਹਾਂ ਦੀ ਮੰਗ ਨੂੰ ਮੁੱਖ ਰੱਖਦਿਆਂ ਵਿਦੇਸ਼ ਸਕੱਤਰ ਵਲੋਂ ਇਹ ਹਵਾਈ ਉਡਾਨਾਂ ਚਲਾਉਣ ਦਾ ਪ੍ਰਬੰਧ ਕੀਤਾ ਗਿਆ ਹੈ। ਇਸ ਦੀ ਜਾਣਕਾਰੀ ਸਾਜੀ ਕਰਦੇ ਐਮ ਪੀ ਤਨਮਨਜੀਤ ਸਿੰਘ ਢੇਸੀ ਨੇ ਦਸਿਆ ਕਿ ਇਸ ਤੋਂ ਬਾਦ ਵੀ ਬਹੁਤ ਸਾਰੇ ਲੋਕ ਜੋ ਯੂ ਕੇ ਪਾਸ ਪੋਰਟ ਹੋਲਡਰ ਨਹੀਂ ਹਨ ਪਰ ਪੱਕੇ ਤੌਰ ਤੇ ਯੂ ਕੇ ਦੇ ਵਾਸੀ ਹਨ ਉਹ ਵੀ ਬਹੁਤ ਸਾਰੇ ਭਾਰਤ ਗਏ ਹੋਏ ਹਨ।ਜਿਨ੍ਹਾਂ ਨੂੰ ਸਰਕਾਰ ਵਾਪਸ ਲਿਓਨ ਲਈ ਆਪਣੀ ਪ੍ਰਕਿਰਿਆ ਨੂੰ ਤੇਜ਼ ਕਰ। ਅਸੀਂ ਉਮੀਦ ਕਰਦੇ ਹਾਂ ਕਿ ਸਾਰੇ ਹੀ ਯੂ ਕੇ ਵਸਿਆ ਨੂੰ ਜਲਦ ਵਾਪਸ ਲੈ ਆਦਾ ਜਾਵੇਗਾ।ਓਹਨਾ ਆਪਣੀ ਗੱਲਬਾਤ ਦੀ ਵੀਡੀਓ ਵੀ ਜਾਰੀ ਕੀਤੀ ਜੋ ਤੁਸੀਂ ਹੇਠਾਂ ਲਿੰਕ ਤੇ ਦੇਖ ਸਕਦੇ ਹੋ। ਇਸੇ ਤਰ੍ਹਾਂ ਅਹਿਮਦਾਬਾਦ ਤੋਂ 1, 3 ਅਤੇ 4 ਮਈ ਨੂੰ ਹਵਾਈ ਉਡਾਨਾਂ ਲੰਡਨ ਆਉਣਗੀਆਂ। 

ਬਰਤਾਨੀਆ ਦੀਆਂ ਜੇਲ੍ਹਾਂ 'ਚੋ ਕੋਰੋਨਾ ਵਾਇਰਸ ਕਾਰਨ 40 ਕੈਦੀ ਰਿਹਾਅ

ਬਰਮਿੰਘਮ, ਮਈ 2020 - (ਗਿਆਨੀ ਰਾਵਿਦਾਰਪਾਲ ਸਿੰਘ)-ਬਰਤਾਨੀਆ ਦੀਆਂ ਜੇਲ੍ਹਾਂ 'ਚੋਂ ਕੋਰੋਨਾ ਵਾਇਰਸ ਦੇ ਕਹਿਰ ਨੂੰ ਫੈਲਣ ਤੋਂ ਰੋਕਣ ਲਈ 40 ਕੈਦੀਆਂ ਨੂੰ ਰਿਹਾਅ ਕਰ ਦਿੱਤਾ ਗਿਆ ਹੈ। ਬਰਤਾਨੀਆ ਦੇ ਨਿਆਂ ਰਾਜ ਮੰਤਰੀ ਰਾਬਰਟ ਬਕਲੈਂਡ ਨੇ ਕਿਹਾ ਕਿ ਕੋਰੋਨਾ ਵਾਇਰਸ ਕਾਰਨ 40 ਕੈਦੀ ਰਿਹਾਅ ਕੀਤੇ ਗਏ ਹਨ ਅਤੇ 4000 ਹੋਰ ਕੈਦੀ ਵੀ ਛੱਡੇ ਜਾ ਸਕਦੇ ਹਨ। ਉਨ੍ਹਾਂ ਕਿਹਾ ਕਿ ਪਹਿਲਾਂ ਤੋਂ ਕੀਤੇ ਗਏ ਯਤਨਾਂ ਨਾਲ ਜੇਲ੍ਹਾਂ 'ਚ ਮਹਾਂਮਾਰੀ ਦੀ ਸਥਿਤੀ 'ਚ ਬਹੁਤ ਸੁਧਾਰ ਆਇਆ ਹੈ, ਇਕ ਮਹੀਨਾ ਪਹਿਲਾਂ ਦੀ ਤੁਲਨਾ 'ਚ ਹੁਣ ਸਥਿਤੀ ਬਿਹਤਰ ਹੈ। ਬਰਤਾਨੀਆ ਦੇ ਨਿਆਂ ਮੰਤਰਾਲੇ ਨੇ ਅਪ੍ਰੈਲ ਦੇ ਸ਼ੁਰੂਆਤੀ ਦਿਨਾਂ 'ਚ ਕਿਹਾ ਸੀ ਕਿ ਕੋਰੋਨਾ ਵਾਇਰਸ ਦੇ ਮੱਦੇਨਜ਼ਰ 4000 ਕੈਦੀਆਂ ਨੂੰ ਜੇਲ੍ਹਾਂ ਤੋਂ ਰਿਹਾਅ ਕੀਤਾ ਜਾ ਸਕਦਾ ਹੈ, ਇਨ੍ਹਾਂ ਕੈਦੀਆਂ ਨੂੰ ਵੱਖ-ਵੱਖ ਮੌਕਿਆਂ 'ਤੇ ਖ਼ਾਸ 'ਇਲੈੱਕਟ੍ਰਾਨਿਕ ਟਰੈਕਿੰਗ ਬ੍ਰੈਸਲੈੱਟ' ਲਗਾ ਕੇ ਛੱਡਿਆ ਜਾਵੇਗਾ। ਹਿੰਸਕ ਜਾਂ ਸਰੀਰਕ ਸ਼ੋਸ਼ਣ ਅਪਰਾਧਾਂ ਦੇ ਦੋਸ਼ੀ ਇਸ ਨੀਤੀ ਦਾ ਹਿੱਸਾ ਨਹੀਂ ਹੋਣਗੇ। ਦੱਸਣਯੋਗ ਹੈ ਕਿ ਇਸ ਨੀਤੀ ਦੇ ਸ਼ੁਰੂਆਤੀ ਦਿਨਾਂ 'ਚ 6 ਅੱਤਵਾਦੀ ਗਤੀਵਿਧੀਆਂ ਨਾਲ ਸਬੰਧਿਤ ਕੈਦੀਆਂ ਨੂੰ ਗ਼ਲਤੀ ਨਾਲ ਛੱਡੇ ਜਾਣ 'ਤੇ ਕੁਝ ਸਮੇਂ ਲਈ ਪ੍ਰਕਿਰਿਆ ਨੂੰ ਰੋਕ ਦਿੱਤਾ ਗਿਆ ਸੀ।  

ਮੌਤਾਂ ਦੇ ਮਾਮਲੇ 'ਚ ਬਰਤਾਨੀਆ ਤੀਜੇ ਨੰਬਰ 'ਤੇ

ਬ੍ਰਿਟੇਨ 'ਚ ਕੋਰੋਨਾ ਪੀੜਤਾਂ ਦਾ ਅੰਕੜਾ 1,78,685 ਦੇ ਪਾਰ, 27,583 ਇਨਫੈਕਟਿਡ ਲੋਕਾਂ ਦੀ ਮੌਤ

ਇਕ ਲੱਖ ਕੋਰੋਨਾ ਟੈਸਟ ਦੇਸ਼ ਲਈ ਵੱਡੀ ਉਪਲਬਧੀ

ਮਾਨਚੈਸਟਰ, ਮਈ 2020 -(ਗਿਆਨੀ ਅਮਰੀਕ ਸਿੰਘ ਰਾਠੌਰ)-

  ਕੋਰੋਨਾ ਵਾਇਰਸ ਦਾ ਕਹਿਰ ਦੁਨੀਆ ਭਰ 'ਚ ਜਾਰੀ ਅਤੇ ਯੂ. ਕੇ. ਵਿਚ ਇਸ ਦਾ ਪ੍ਰਭਾਵ  ਬਹੁਤ ਹੀ ਭਿਆਨਕ ਹੈ। ਅੱਜ ਕੋਰੋਨਾ ਮਰੀਜ਼ਾਂ ਦੀ ਗਿਣਤੀ ਵਧ ਕੇ 1,78,685 ਹੋ ਗਈ ਹੈ। ਜੌਨਸ ਹੌਪਕਿੰਸ ਯੂਨੀਵਰਸਿਟੀ ਦੇ ਨਵੇਂ ਅੰਕੜਿਆਂ ਅਨੁਸਾਰ ਦੇਸ਼ ਵਿਚ ਮਰਨ ਵਾਲਿਆਂ ਦਾ ਅੰਕੜਾ 27,583 ਦੇ ਪਾਰ ਹੋ ਗਿਆ ਹੈ।

ਬਰਤਾਨੀਆ 'ਚ ਮਰਨ ਵਾਲਿਆਂ 'ਚ  ਸਭ ਤੋਂ ਛੋਟੀ ਉਮਰ ਦਾ ਪੀੜਤ 15 ਸਾਲ ਦਾ ਲੜਕਾ ਹੈ। ਸਰਕਾਰੀ ਅੰਕੜਿਆਂ ਅਨੁਸਾਰ ਹੁਣ ਤੱਕ 27000 ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ, ਜਦਕਿ ਕੁਝ ਗ਼ੈਰ-ਸਰਕਾਰੀ ਅੰਕੜੇ 41000 ਤੋਂ ਵੱਧ ਮੌਤਾਂ ਹੋਣ ਦੀ ਗੱਲ ਕਰ ਰਹੇ ਹਨ । ਤਾਜ਼ਾ ਸਰਵੇਖਣਾਂ ਅਨੁਸਾਰ ਯੂ. ਕੇ. ਦੇ ਹਸਪਤਾਲਾਂ 'ਚ ਜਾਣ ਵਾਲਾ ਹਰ ਤੀਜਾ ਮਰੀਜ਼ ਮਰ ਰਿਹਾ ਹੈ । ਇਟਲੀ ਅਤੇ ਅਮਰੀਕਾ ਤੋਂ ਬਾਅਦ ਕੋਵਿਡ-19 ਕਾਰਨ ਸਭ ਤੋਂ ਵੱਧ ਮੌਤਾਂ ਯੂ. ਕੇ. ਵਿਚ ਹੋਈਆਂ ਹਨ । ਦੇਸ਼ ਭਰ ਦੇ 166 ਹਸਪਤਾਲਾਂ 'ਚ 16749 ਮਰੀਜ਼ਾਂ ਤੇ ਫਰਵਰੀ ਤੋਂ ਲੈ ਕੇ ਅੱਧ ਅਪ੍ਰੈਲ ਤੱਕ ਕੀਤੇ ਗਏ ਅਧਿਐਨ ਤੋਂ ਪਤਾ ਲੱਗਾ ਹੈ ਕਿ ਇਨ੍ਹਾਂ 'ਚੋਂ ਅੱਧੇ ਮਰੀਜ਼ਾਂ ਨੂੰ ਕੋਈ ਗੰਭੀਰ ਬਿਮਾਰੀ ਨਹੀਂ ਸੀ । ਪਰ ਵਾਇਰਸ ਕਾਰਨ ਮਰਨ ਵਾਲਿਆਂ 'ਚ 40 ਫ਼ੀਸਦੀ ਲੋਕ ਮੋਟਾਪੇ ਦਾ ਸ਼ਿਕਾਰ ਸਨ । ਅਧਿਐਨ 'ਚ ਇਹ ਵੀ ਸਾਹਮਣੇ ਆਇਆ ਹੈ ਕਿ 47 ਫ਼ੀਸਦੀ ਨੂੰ ਕੋਈ ਗੰਭੀਰ ਬਿਮਾਰੀ ਨਹੀਂ ਸੀ, ਜਦਕਿ 29 ਫ਼ੀਸਦੀ ਦਿਲ ਦੀਆਂ ਬਿਮਾਰੀਆਂ, 19 ਫ਼ੀਸਦੀ ਸ਼ੱਕਰ ਰੋਗ, 19 ਫ਼ੀਸਦੀ ਨੂੰ ਗੈਰ ਦਮੇ ਵਾਲੀਆ ਫੇਫੜਿਆਂ ਦੀ ਬਿਮਾਰੀਆਂ ਅਤੇ 14 ਫ਼ੀਸਦੀ ਦਮੇ ਤੋਂ ਪੀੜਤ ਸਨ । ਅਧਿਐਨ 'ਚ ਇਹ ਵੀ ਪਤਾ ਲੱਗਾ ਹੈ ਕਿ ਮਰਨ ਵਾਲਿਆਂ 'ਚ ਮਰਦਾਂ ਦੇ ਮੁਕਾਬਲੇ ਔਰਤਾਂ ਦੀ ਗਿਣਤੀ ਘੱਟ ਸੀ । ਹਸਪਤਾਲਾਂ 'ਚੋਂ ਜਿਹੜੇ ਮਰੀਜ਼ਾਂ ਨੂੰ ਛੁੱਟੀ ਦਿੱਤੀ ਗਈ ਹੈ ਅਧਿਐਨ ਮੌਕੇ ਉਨ੍ਹਾਂ 'ਚੋਂ 49 ਫ਼ੀਸਦੀ ਜ਼ਿੰਦਾ ਸਨ, ਜਦਕਿ 33 ਫ਼ੀਸਦੀ ਦੀ ਮੌਤ ਹੋਈ ਹੈ ਅਤੇ 17 ਫ਼ੀਸਦੀ ਅਜੇ ਵੀ ਜੇਰੇ ਇਲਾਜ ਹਨ ।   

 

ਇਕ ਲੱਖ ਕੋਰੋਨਾ ਟੈਸਟ ਦੇਸ਼ ਲਈ ਵੱਡੀ ਉਪਲਬਧੀ

ਇਕ ਸਰਕਾਰੀ ਸੂਤਰ ਨੇ ਬੀਬੀਸੀ ਨੂੰ ਦੱਸਿਆ- 'ਇਸ ਜਾਂਚ ਨਾਲ ਅਸੀਂ ਕੋਰੋਨਾ ਮਰੀਜ਼ਾਂ ਦੀ ਸਹੀ ਗਿਣਤੀ ਦਾ ਅਨੁਮਾਨ ਲਗਾ ਸਕਣ ਦੀ ਹਾਲਤ 'ਚ ਹੋਵਾਂਗੇ।' ਕਾਮਨਜ਼ ਸਿਹਤ ਕਮੇਟੀ ਦੇ ਪ੍ਰਧਾਨ ਤੇ ਸਾਬਕਾ ਸਿਹਤ ਸਕੱਤਰ ਨੇ ਕਿਹਾ ਕਿ ਦੇਸ਼ ਵਿਚ ਇਕ ਲੱਖ ਕੋਰੋਨਾ ਟੈਸਟ ਇਕ ਵੱਡੀ ਉਪਲਬਧੀ ਹੋਵੇਗੀ। ਇਹ ਜਾਂਚ ਇਸ ਲਈ ਫਾਇਦੇਮੰਦ ਹੈ ਕਿਉਂਕਿ ਹੁਣ ਤਕ ਕੋਰੋਨਾ ਵਾਇਰਸ ਦੀ ਰੋਕਥਾਮ ਲਈ ਵੈਕਸੀਨ ਦੀ ਖੋਜ ਨਹੀਂ ਹੋ ਸਕੀ ਹੈ। ਅਜਿਹੇ ਵਿਚ ਕੋਰੋਨਾ ਤੋਂ ਬਚਣ ਲਈ ਜਾਂਚ ਬੇਹੱਦ ਜ਼ਰੂਰੀ ਹੋ ਜਾਂਦੀ ਹੈ। ਇਕ ਸਰਕਾਰੀ ਸੂਤਰ ਨੇ ਬੀਬੀਸੀ ਨੂੰ ਦੱਸਿਆ ਕਿ ਇਸ ਜਾਂਚ ਵਿਚ ਉਹ ਕੋਰੋਨਾ ਮਰੀਜ਼ਾਂ ਦੀ ਸਹੀ ਗਿਣਤੀ ਦਾ ਅਨੁਮਾਨ ਲਾਉਣ ਦੀ ਸਥਿਤੀ 'ਚ ਹੋਣਗੇ।