ਯੂ. ਕੇ. ਦੀਆਂ ਚਾਰਟਡ ਉਡਾਣਾਂ ਮੌਕੇ ਪ੍ਰੇਸ਼ਾਨੀਆਂ ਆ ਰਹੀਆਂ ਹਨ-ਸਾਬਕਾ ਮੇਅਰ ਗਿੱਲ

 

ਲੰਡਨ, ਮਈ 2020 - ( ਗਿਆਨੀ ਅਮਰੀਕ ਸਿੰਘ ਰਾਠੌਰ/ਗਿਆਨੀ ਰਾਵਿਦਾਰਪਾਲ ਸਿੰਘ)- ਬਰਤਾਨਵੀ ਸਰਕਾਰ ਵਲੋਂ ਪੰਜਾਬ 'ਚ ਫਸੇ ਪੰਜਾਬੀਆਂ ਨੂੰ ਵਾਪਸ ਯੂ.ਕੇ. ਲਿਆਉਣ ਲਈ ਭਾਵੇਂ ਚੰਗੇ ਉਪਰਾਲੇ ਕੀਤੇ ਜਾ ਰਹੇ ਹਨ, ਪਰ ਇਸ ਦੌਰਾਨ ਵੀ ਕੁਝ ਅਜਿਹੀਆਂ ਘਟਨਾਵਾਂ ਵਾਪਰ ਰਹੀਆਂ ਹਨ, ਜਿਨ੍ਹਾਂ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਬੈਡਫੋਰਡ ਦੇ ਸਾਬਕਾ ਮੇਅਰ ਬਲਵੰਤ ਸਿੰਘ ਗਿੱਲ ਨੇ ਦੱਸਿਆ ਕਿ ਉਨ੍ਹਾਂ ਨੂੰ ਘਰ ਤੋਂ ਅੰਮ੍ਰਿਤਸਰ ਤੱਕ ਆਉਣ ਲਈ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਬ੍ਰਿਟਿਸ਼ ਦੂਤਾਵਾਸ ਦਿੱਲੀ ਨੂੰ ਲਿਖੇ ਪੱਤਰ ਵਿਚ ਸਾਰੀ ਵਿਥਿਆ ਸੁਣਾਉਂਦੇ ਹੋਏ ਕਿਹਾ ਕਿ ਉਸ ਨੂੰ ਨਿੱਜੀ ਟੈਕਸੀ ਰਾਹੀਂ ਹਵਾਈ ਅੱਡੇ 'ਤੇ ਪਹੁੰਚਣਾ ਪਿਆ, ਪੰਜਾਬ ਬੰਦ ਹੋਣ ਕਰਕੇ ਉਨ੍ਹਾਂ ਦੀ ਖੁਦ ਦੀ ਅਤੇ ਟੈਕਸੀ ਵਾਲੇ ਦੀ ਜਾਨ ਵੀ ਜੋਖ਼ਮ ਵਿਚ ਪਈ। ਗਿੱਲ ਨੇ ਕਿਹਾ ਕਿ ਉਨ੍ਹਾਂ ਨੂੰ ਸ਼ਾਮੀ 4 ਵਜੇ ਉਨ੍ਹਾਂ ਦੇ ਪਿੰਡ ਖੁਸ਼ਹਾਲਪੁਰ ਜ਼ਿਲ੍ਹਾ ਹੁਸ਼ਿਆਰਪੁਰ ਤੋਂ ਚੁੱਕਣਾ ਸੀ, ਪਰ ਕੋਈ ਵੀ ਨਾ ਪਹੁੰਚਿਆ ਅਤੇ ਜਦ ਵਾਰ ਵਾਰ ਫੋਨ ਕੀਤਾ ਤਾਂ ਉਨ੍ਹਾਂ ਨੂੰ 7:30 ਵਜੇ ਖੁਦ ਅੰਮ੍ਰਿਤਸਰ ਆਉਣ ਦਾ ਸੁਝਾਅ ਦਿੱਤਾ ਗਿਆ। ਪਰ ਜਦ ਉਹ ਹਵਾਈ ਅੱਡੇ 'ਤੇ ਮੁਸ਼ਕਿਲ ਨਾਲ ਪਹੁੰਚੇ ਤਾਂ ਉਨ੍ਹਾਂ ਸ਼ਾਮੀ 9:09 ਵਜੇ ਇਕ ਈਮੇਲ ਵੇਖੀ, ਜਿਸ ਵਿਚ ਉਨ੍ਹਾਂ ਤੋਂ ਪਤਾ ਪੁੱਛਿਆ ਗਿਆ ਸੀ ਤੇ ਹੋਰ ਟੈਕਸੀ ਦੇ ਪ੍ਰਬੰਧ ਕਰ ਲਏ ਜਾਣ ਬਾਰੇ ਕਿਹਾ ਗਿਆ ਸੀ। ਗਿੱਲ ਨੇ ਕਿਹਾ ਕਿ ਉਹ ਪਹਿਲਾਂ ਹੀ ਇਕ ਟਿਕਟ ਦਾ ਨੁਕਸਾਨ ਕਰਵਾ ਚੁੱਕੇ ਸਨ ਅਤੇ ਦੂਜੀ ਵਾਰ ਉਨ੍ਹਾਂ 537 ਪੌਂਡ ਦੀ ਨਵੀਂ ਟਿਕਟ ਖਰੀਦੀ। ਗਿੱਲ ਨੇ ਕਿਹਾ ਕਿ ਲੋਕ ਬਹੁਤ ਤੰਗ ਪ੍ਰੇਸ਼ਾਨ ਹਨ ਅਤੇ ਅਜਿਹੇ ਮੌਕੇ ਸਰਕਾਰ ਲੋਕਾਂ ਦੀਆਂ ਭਾਵਨਾਵਾਂ ਨੂੰ ਸਮਝੇ ਅਤੇ ਲੋਕਾਂ ਨੂੰ ਹੋਰ ਪ੍ਰੇਸ਼ਾਨ ਹੋਣ ਤੋਂ ਬਚਾਉਣ ਲਈ ਯਤਨ ਕਰੇ।