ਯੁ.ਕੇ.

ਬ੍ਰਿਟੇਨ ''ਚ ਅਰਥਵਿਵਸਥਾ ਨੂੰ ਪਟੜੀ ''ਤੇ ਲਿਆਉਣ ਦਾ ਰੋਡਮੈਪ ਤਿਆਰ, ਡਾਕਟਰਾਂ ਕੀਤਾ ਸਾਵਧਾਨ

ਲੰਡਨ, ਮਈ 2020 - (ਰਾਜਵੀਰ ਸਮਰਾ)-

 ਬ੍ਰਿਟੇਨ ਵਿਚ ਕੋਰੋਨਾ ਵਾਇਰਸ ਦੇ ਕਹਿਰ ਕਾਰਣ ਲਾਕਡਾਊਨ ਦੇ ਚੱਲਦੇ ਠੱਪ ਪਈ ਅਰਥਵਿਵਸਥਾ ਨੂੰ ਪਟੜੀ 'ਤੇ ਲਿਆਉਣ ਦੀ ਕੋਸ਼ਿਸ਼ ਸ਼ੁਰੂ ਹੋ ਗਈ ਹੈ। ਬ੍ਰਿਟੇਨ ਵਿਚ ਭਾਰਤੀ ਮੂਲ ਦੇ ਵਿੱਤ ਮੰਤਰੀ ਰਿਸ਼ੀ ਸੋਨਾਕ ਨੇ ਇਸ ਯੋਜਨਾ ਦਾ ਰੋਡਮੈਪ ਤਿਆਰ ਕਰ ਲਿਆ ਹੈ। ਇਸ ਦੇ ਤਹਿਤ ਰੋਜ਼ਗਾਰ ਪੈਦਾ ਕਰਨ ਦੇ ਨਵੇਂ ਮੌਕੇ ਤਲਾਸ਼ੇ ਜਾ ਰਹੇ ਹਨ। ਸੋਨਾਕ ਨੇ ਕਿਹਾ ਕਿ ਬ੍ਰਿਟਿਸ਼ ਸਰਕਾਰ ਦੇ ਇਤਿਹਾਸ ਵਿਚ ਇਸ ਤਰ੍ਹਾਂ ਦੀ ਯੋਜਨਾ ਕਦੇ ਨਹੀਂ ਬਣਾਈ ਗਈ ਸੀ। ਇਸ ਦੇ ਤਹਿਤ ਸਰਕਾਰ ਨੇ 80 ਫੀਸਦੀ ਮਜ਼ਦੂਰੀ ਨੂੰ ਕਵਰ ਕੀਤਾ ਹੈ। ਉਧਰ ਡਾਕਟਰਾਂ ਨੇ ਦੇਸ਼ ਵਿਚ ਲਾਕਡਾਊਨ ਨੂੰ ਖੋਲ੍ਹਣ 'ਤੇ ਕੋਰੋਨਾ ਪ੍ਰਸਾਰ ਦਾ ਖਦਸ਼ਾ ਜ਼ਾਹਿਰ ਕੀਤਾ ਹੈ।ਜਾਬ ਰਿਟੇਂਸ਼ਨ ਸਕੀਮ ਨੂੰ ਚੋਟੀ 'ਤੇ ਪਹੁੰਚਾਉਣ ਦੇ ਲਈ ਸਵੈ-ਰੋਜ਼ਗਾਰ ਯੋਜਨਾ ਤਹਿਤ ਸਵੈ-ਨਿਯੋਜਿਤ ਮਜ਼ਦੂਰਾਂ ਲਈ ਇਕ ਕਰਦਾਤਾ ਵਿੱਤ ਪੋਸ਼ਿਤ ਫੰਡ ਨੂੰ ਦੂਜੇ ਭੂਗਤਾਨ ਦੇ ਨਾਲ ਤਿੰਨ ਮਹੀਨੇ ਲਈ ਵਧਾ ਦਿੱਤਾ ਗਿਆ ਹੈ। ਅਕਤੂਬਰ ਦੇ ਅਖੀਰ ਵਿਚ ਅਰਥਵਿਵਸਥਾ ਨੂੰ ਖੋਲ੍ਹਣ 'ਤੇ ਅਜਿਹੀਆਂ ਸਾਰੀਆਂ ਯੋਜਨਾਵਾਂ ਨੂੰ ਖਤਮ ਕਰ ਦਿੱਤਾ ਜਾਵੇਗਾ। ਇਸ ਦੇ ਤਹਿਤ ਜੂਨ ਤੇ ਜੁਲਾਈ ਵਿਚ ਇਹ ਯੋਜਨਾ ਪਹਿਲਾਂ ਵਾਂਗ ਜਾਰੀ ਰਹੇਗੀ। ਸਰਕਾਰ ਵਲੋਂ 80 ਫੀਸਦੀ ਮਜ਼ਦੂਰੀ ਨੂੰ ਕਵਰ ਕੀਤਾ ਜਾਵੇਗਾ। ਇਸ ਵਿਚ ਕੋਈ ਰੋਜ਼ਗਾਰਦਾਤਾ ਯੋਗਦਾਨ ਨਹੀਂ ਹੈ। ਅਗਸਤ ਵਿਚ ਰੋਜ਼ਗਾਰਦਾਤਿਆਂ ਨੂੰ ਰਾਸ਼ਟਰੀ ਬੀਮਾ ਤੇ ਰੋਜ਼ਗਾਰਦਾਤਾ ਪੈਨਸ਼ਨ ਯੋਗਦਾਨ ਵਿਚ ਭੁਗਤਾਨ ਕਰਨ ਦੇ ਲਈ ਕਿਹਾ ਜਾਵੇਗਾ। ਇਹ ਰੋਜ਼ਗਾਰ ਦਾ ਤਕਰੀਬਨ 5 ਫੀਸਦੀ ਹੈ।

ਸਤੰਬਰ ਤੱਕ ਰੋਜ਼ਗਾਰਦਾਤਿਆਂ ਨੂੰ ਲੋਕਾਂ ਦੀ ਤਨਖਾਹ ਵੱਲ ਭੁਗਤਾਨ ਸ਼ੁਰੂ ਕਰਨ ਦੇ ਲਈ ਕਿਹਾ ਜਾਵੇਗਾ, ਜਿਸ ਵਿਚ ਕਰਦਾਤਾ ਦਾ ਯੋਗਦਾਨ 70 ਫੀਸਦੀ ਤੱਕ ਪੂਰਾ ਹੋ ਜਾਵੇਗਾ ਤੇ 10 ਫੀਸਦੀ ਨੂੰ ਕਵਰ ਕੀਤਾ ਜਾਵੇਗਾ। ਅਕਤੂਬਰ ਤੱਕ ਕਰਦਾਤਾ ਦਾ ਯੋਗਦਾਨ 60 ਫੀਸਦੀ ਤੱਕ ਡਿੱਗ ਜਾਵੇਗਾ ਤੇ ਰੋਜ਼ਗਾਰਦਾਤਾ ਮਹੀਨੇ ਦੇ ਅਖੀਰ ਵਿਚ ਯੋਜਨਾ ਬੰਦ ਹੋਣ ਤੋਂ ਪਹਿਲਾਂ 20 ਫੀਸਦੀ ਦਾ ਭੁਗਤਾਨ ਕਰੇਗਾ। ਉਨ੍ਹਾਂ ਕਿਹਾ ਕਿ ਮੈਂ ਇਸ ਯੋਜਨਾ ਨੂੰ ਲਚੀਲਾ ਤੇ ਉਦਾਰ ਬਣਾਉਣ ਦਾ ਟੀਚਾ ਰੱਖਿਆ ਹੈ।

ਬ੍ਰਿਟਿਸ਼ ਸਰਕਾਰ ਦੇ ਦੋ ਵਿਗਿਆਨਕ ਸਲਾਹਕਾਰਾਂ ਨੇ ਲਾਕਡਾਊਨ ਵਿਚ ਢਿੱਲ ਨੂੰ ਲੈ ਕੇ ਚਿਤਾਵਨੀ ਦਿੱਤੀ ਹੈ। ਵਿਗਿਆਨੀਆਂ ਦਾ ਕਹਿਣਾ ਹੈ ਕਿ ਕੋਰੋਨਾ ਵਾਇਰਸ ਅਜੇ ਵੀ ਬਹੁਤ ਤੇਜ਼ੀ ਨਾਲ ਫੈਲ ਰਿਹਾ ਹੈ। ਉਨ੍ਹਾਂ ਨੇ ਲਾਕਡਾਊਨ ਚੁੱਕਣ ਦੇ ਫੈਸਲੇ ਨੂੰ ਸਿਆਸਤ ਨਾਲ ਪ੍ਰੇਰਿਤ ਦੱਸਿਆ ਹੈ। ਜ਼ਿਕਰਯੋਗ ਹੈ ਕਿ ਬ੍ਰਿਟੇਨ ਨੇ ਸੋਮਵਾਰ ਤੋਂ ਲਾਕਡਾਊਨ ਵਿਚ ਢਿੱਲ ਦਿੱਤੇ ਜਾਣ ਦਾ ਐਲਾਨ ਕੀਤਾ ਹੈ। ਬ੍ਰਿਟਿਸ਼ ਸਰਕਾਰ ਨੇ ਸੋਮਵਾਰ ਨੂੰ ਭਾਰੀ ਛੋਟ ਦਿੱਤੇ ਜਾਣ ਦਾ ਪ੍ਰਸਤਾਵ ਦਿੱਤਾ ਹੈ। ਦੇਸ਼ ਵਿਚ ਜ਼ਿਆਦਾ ਤੋਂ ਜ਼ਿਆਦਾ 6 ਲੋਕਾਂ ਨੂੰ ਇਕੱਠੇ ਮਿਲਣ ਦੀ ਆਗਿਆ ਦਿੱਤੀ ਗਈ ਹੈ। ਪ੍ਰਾਈਮਰੀ ਸਕੂਲਾਂ ਨੂੰ ਵੀ ਛੋਟ ਦਿੱਤੀ ਗਈ ਹੈ।

ਭਾਰਤੀ ਮੂਲ ਦੇ ਡਾਕਟਰ ਦੀ ਲਾਸ਼ ਮਿਲੀ

ਬਰਮਿੰਘਮ, ਮਈ 2020 (ਗਿਆਨੀ ਰਾਵਿਦਾਰਪਾਲ ਸਿੰਘ)- ਨੈਸ਼ਨਲ ਹੈਲਥ ਸਰਵਿਸ ਵਲੋਂ ਚਲਾਏ ਜਾ ਰਹੇ ਵੈਕਸਹੈਮ ਪਾਰਕ ਹਸਪਤਾਲ ਬਰਕਸ਼ਾਇਰ 'ਚ ਕੰਮ ਕਰਦੇ ਭਾਰਤੀ ਮੂਲ ਦੇ ਡਾਕਟਰ ਰਾਜੇਸ਼ ਗੁਪਤਾ ਦੀ ਲਾਸ਼ ਇਕ ਹੋਟਲ 'ਚੋਂ ਬਰਾਮਦ ਹੋਣ ਦੀ ਖ਼ਬਰ ਹੈ | ਕੋਵਿਡ-19 ਦੇ ਚੱਲਦਿਆਂ ਮੋਹਰਲੀ ਕਤਾਰ 'ਚ ਕੰਮ ਕਰਨ ਵਾਲੇ ਡਾ: ਰਾਜੇਸ਼ ਗੁਪਤਾ ਪਰਿਵਾਰ ਤੋਂ ਦੂਰ ਇਕਾਂਤਵਾਸ ਲਈ ਇਕ ਹੋਟਲ 'ਚ ਰਹਿ ਰਹੇ ਸਨ | ਡਾ: ਰਾਜੇਸ਼ ਦੇ ਸਾਥੀਆਂ ਨੇ ਕਿਹਾ ਕਿ ਉਹ ਵਧੀਆ ਕਵੀ, ਚਿੱਤਰਕਾਰ, ਫੋਟੋਗ੍ਰਾਫਰ ਤੇ ਰਸੋਈਆ ਸਨ | ਡਾ: ਗੁਪਤਾ ਜੰਮੂ ਤੋਂ ਪੜ੍ਹਾਈ ਕਰਨ ਬਾਅਦ ਆਪਣੀ ਪਤਨੀ ਤੇ ਬੇਟੇ ਨਾਲ ਯੂ.ਕੇ. ਆਏ ਸਨ |

ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਦੇ ਮੁੱਖ ਦਰਵਾਜ਼ੇ 'ਤੇੇ ਲਗਾਈਆਂ ਤਸਵੀਰਾਂ ਬਣੀਆਂ ਚਰਚਾ ਦਾ ਵਿਸ਼ਾ

ਲੰਡਨ, ਮਈ 2020- ( ਗਿਆਨੀ ਰਾਵਿਦਾਰਪਾਲ ਸਿੰਘ)- ਜੂਨ 1984 ਦੇ ਘੱਲੂਘਾਰੇ ਨੂੰ ਮੁੱਖ ਰੱਖਦਿਆਂ ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਦੇ ਮੁੱਖ ਦੁਆਰ 'ਤੇ ਦੋ ਵੱਡ ਅਕਾਰੀ ਤਸਵੀਰਾਂ ਲਗਾਈਆਂ ਗਈਆਂ ਹਨ, ਜਿਨ੍ਹਾਂ 'ਚੋਂ ਇਕ ਸ਼ਹੀਦਾਂ ਦੇ ਸਿਰਤਾਜ਼ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਹੈ ਤੇ ਦੂਜੀ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੀ | ਭਾਈ ਲਵਸ਼ਿੰਦਰ ਸਿੰਘ ਡੱਲੇਵਾਲ ਨੇ ਇਸ ਬਾਰੇ ਆਪਣਾ ਪ੍ਰਤੀਕ੍ਰਮ ਪ੍ਰਗਟ ਕਰਦਿਆਂ ਕਿਹਾ ਕਿ ਜੂਨ 1984 ਦੇ ਘੱਲੂਘਾਰੇ ਨੂੰ ਯਾਦ ਰੱਖਣ ਲਈ ਅਜਿਹੇ ਕਦਮ ਉਠਾਉਣੇ ਚਾਹੀਦੇ ਹਨ ਪਰ ਇਸ ਦੇ ਨਾਲ ਹੀ ਕੁਝ ਸੰਗਤਾਂ ਵਲੋਂ ਕਿਹਾ ਜਾ ਰਿਹਾ ਹੈ ਕਿ ਸੰਤਾਂ ਨੇ ਕਦੇ ਗੁਰੂ ਸਾਹਿਬ ਦੀ ਬਰਾਬਰਤਾ ਨਹੀਂ ਕੀਤੀ ਤੇ ਸੰਤਾਂ ਦੀ ਤਸਵੀਰ ਨੂੰ ਗੁਰੂ ਸਾਹਿਬ ਦੇ ਬਰਾਬਰ ਲਗਾਉਣਾ ਠੀਕ ਨਹੀਂ ਹੈ | ਗੁਰਪ੍ਰੀਤ ਸਿੰਘ (ਕੇਸਰੀ ਲਹਿਰ) ਨੇ ਇਹ ਵੀ ਸਵਾਲ ਉਠਾਇਆ ਕਿ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੇ ਨਾਂਅ ਨਾਲ ਸ਼ਹੀਦ ਸ਼ਬਦ ਦੀ ਵਰਤੋਂ ਕਿਉਂ ਨਹੀਂ ਕੀਤੀ ਗਈ, ਅਜਿਹਾ ਕਰਨਾ ਦੁਖਦਾਇਕ ਹੈ ਤੇ ਉਨ੍ਹਾਂ ਦੀ ਕੁਰਬਾਨੀ ਨੂੰ ਇਸ ਤਰ੍ਹਾਂ ਰੋਲਣਾ ਨਹੀਂ ਸੀ ਚਾਹੀਦਾ, ਜਦਕਿ ਕੁਝ ਪੰਜਾਬੀ ਹਿਤੈਸ਼ੀਆਂ ਨੇ ਕਮੇਟੀ ਵਲੋਂ ਇਸ ਮੌਕੇ ਗੁਰਮੁੱਖੀ ਲਿੱਪੀ ਦੀ ਵਰਤੋਂ ਨਾ ਕਰਨ ਨੂੰ ਵੀ ਪੰਜਾਬੀ ਬੋਲੀ ਨਾਲ ਧੋਖਾ ਕਿਹਾ ਹੈ |

ਬ੍ਰਿਟੇਨ ''ਚ ਭਾਰਤੀ ਮੂਲ ਦੇ ਦੋ ਵਿਅਕਤੀਆਂ ਨੂੰ ਸੁਣਾਈ ਗਈ 34 ਸਾਲ ਦੀ ਸਜ਼ਾ

ਲੰਡਨ, ਮਈ 2020 - (ਰਾਜਵੀਰ ਸਮਰਾ)- ਯੂ.ਕੇ ਵਿਚ ਭਾਰਤੀ ਮੂਲ ਦੇ ਦੋ ਵਿਅਕਤੀਆਂ ਨੂੰ ਕੁੱਲ 34 ਸਾਲ ਦੀ ਸਜ਼ਾ ਸੁਣਾਈ ਗਈ । ਦੋਹਾਂ ਵਿਅਕਤੀਆਂ ਨੂੰ ਇਹ ਸਜ਼ਾ 2 ਕਰੋੜ ਪੌਂਡ ਤੋਂ ਵਧੇਰੇ ਦੇ ਨਸ਼ੀਲੇ ਪਦਾਰਥ ਬਰਾਮਦਗੀ ਦੇ ਮਾਮਲੇ ਵਿਚ ਹੋਈ ਹੈ, ਜਿਸ ਨੂੰ ਸਕਾਟਲੈਂਡ ਯਾਰਡ ਨੇ ਸਭ ਤੋਂ ਵੱਡੇ ਨਸ਼ੀਲੇ ਪਦਾਰਥ ਦੀ ਬਰਾਮਦਗੀ ਵਿਚੋਂ ਇਕ ਦੱਸਿਆ ਹੈ। ਬਰਮਿੰਘਮ ਦੇ ਸ਼ਕਤੀ ਗੁਪਤਾ (34) ਅਤੇ ਵੈਸਟ ਮਿਡਲੈਂਡਸ ਦੇ ਓਲਡਬਰੀ ਦੇ ਬਲਦੇਵ ਸਿੰਘ ਸਹੋਤਾ (54) ਨੂੰ ਕ੍ਰਮਵਾਰ 18 ਸਾਲ ਅਤੇ 16 ਸਾਲ ਦੀ ਸਜ਼ਾ ਸੁਣਾਈ ਗਈ। ਇਹਨਾਂ ਦੋਹਾਂ ਨੂੰ ਇਹ ਸਜ਼ਾ 172 ਕਿਲੋਗ੍ਰਾਮ ਕੋਕੀਨ ਦੀ ਬਰਾਮਦਗੀ ਦੇ ਬਾਅਦ ਸੁਣਾਈ ਗਈ ਜੋ ਦੇਸ਼ ਵਿਚ ਗੈਰ ਕਾਨੂੰਨੀ ਨਸ਼ੀਲੇ ਪਦਾਰਥ ਦੀ ਸਭ ਤੋਂ ਵੱਡੀ ਬਰਾਮਦਗੀ ਵਿਚੋਂ ਇਕ ਹੈ। 

ਮੈਟਰੋਪਾਲੀਟਨ ਪੁਲਸ ਸਪੈਸ਼ਲਿਸਟ ਕ੍ਰਾਈਮ ਕਮਾਂਡ ਦੇ ਡਿਡੈਕਟਿਵ ਸੁਪਰੀਡੈਂਟ ਨੀਲ ਬਲਾਰਡ ਨੇ ਕਿਹਾ,''ਇਹ ਮੁਹਿੰਮ ਬ੍ਰਿਟੇਨ ਵਿਚ ਕੋਕੀਨ ਦੀ ਸਭ ਤੋਂ ਵੱਡੀ ਬਰਾਮਦਗੀਆਂ ਵਿਚੋਂ ਇਕ ਹੈ।'' ਬੀਤੇ ਸਾਲ 11 ਦਸੰਬਰ ਨੂੰ ਮੈਟਰੋਪਾਲੀਟਨ ਪੁਲਸ ਸਪੈਸ਼ਲਿਸਟ ਕ੍ਰਾਈਮ ਕਮਾਂਡ ਦੇ ਅਧਿਕਾਰੀਆਂ ਦੀ ਇਕ ਟੀਮ ਨੇ ਵੈਸਟ ਮਿਡਲੈਂਡਸ ਪੁਲਸ ਦੇ ਸਹਿਯੋਗ ਨਾਲ ਏ95 ਹਾਈਵੇਅ 'ਤੇ ਇਕ ਗੱਡੀ ਰੋਕੀ ਸੀ ਜਿਸ ਨੂੰ ਸਹੋਤਾ ਚਲਾ ਰਿਹਾ ਸੀ। ਗੱਡੀ ਦੀ ਤਲਾਸ਼ੀ ਲੈਣ 'ਤੇ ਅਧਿਕਾਰੀਆਂ ਨੂੰ ਵੱਡੀ ਮਾਤਰਾ ਵਿਚ ਕੋਕੀਨ ਮਿਲੀ ਸੀ। ਬਰਾਮਦ ਕੋਕੀਨ ਦਾ ਕੁੱਲ ਵਜ਼ਨ 168 ਕਿਲੋਗ੍ਰਾਮ ਸੀ। ਉਸੇ ਦਿਨ ਬਰਮਿੰਘਮ ਦੇ ਹਾਕਲੇ ਵਿਚ ਓਲਸ ਟ੍ਰੇਡਿੰਗ ਅਸਟੇਟ ਪਾਰਕ ਦੇ ਇਕ ਪਤੇ 'ਤੇ ਇਕ ਹੋਰ ਤਲਾਸ਼ੀ ਲਈ ਗਈ। ਉੱਥੇ 4 ਕਿਲੋਗ੍ਰਾਮ ਕੋਕੀਨ ਅਤੇ ਐੱਮ.ਡੀ.ਐੱਮ.ਏ. ਅਤੇ 1 ਕਿਲੋਗ੍ਰਾਮ ਕਟਿੰਗ ਏਜੰਟ ਮਿਲਿਆ।

ਗੁਪਤਾ ਨੂੰ ਦੂਜੀ ਛਾਪੇਮਾਰੀ ਦੇ ਬਾਅਦ ਗ੍ਰਿਫਤਾਰ ਕੀਤਾ ਗਿਆ ਅਤੇ ਦੋਹਾਂ ਵਿਅਕਤੀਆਂ ਨੂੰ ਵੈਸਟ ਮਿਡਲੈਂਡਸ ਪੁਲਸ ਖੇਤਰ ਅਧਿਕਾਰ ਵਿਚ ਹਿਰਾਸਤ ਵਿਚ ਲਿਆ ਗਿਆ। ਉਹਨਾਂ 'ਤੇ ਸ਼੍ਰੇਣੀ ਏ ਡਰੱਗਜ਼, ਕੋਕੀਨ ਦੀ ਸਪਲਾਈ ਕਰਨ ਦੀ ਸਾਜਿਸ਼ ਕਰਨ ਦੇ ਦੋਸ਼ ਲਗਾਏ ਗਏ ਅਤੇ ਇਸ ਸਾਲ  ਜਨਵਰੀ ਵਿਚ ਬਰਮਿੰਘਮ ਕ੍ਰਾਊਨ ਕੋਰਟ ਵਿਚ ਪੇਸ਼ ਕੀਤਾ ਗਿਆ।ਉੱਥੇ ਉਹਨਾਂ ਨੇ ਆਪਣਾ ਅਪਰਾਧ ਸਵੀਕਾਰ ਕੀਤਾ। ਇਹਨਾ ਦੋਹਾਂ ਨੂੰ ਇਸ ਮਹੀਨੇ ਦੀ ਸ਼ੁਰੂਆਤ ਵਿਚ ਇਸੇ ਅਦਾਲਤ ਨੇ ਸਜ਼ਾ ਸੁਣਾਈ।

ਇੰਗਲੈਂਡ 'ਚ ਪਹਿਲੀ ਜੂਨ ਤੋਂ ਮਾਰਕੀਟਾਂ, ਕਾਰ ਸ਼ੋਅਰੂਮ ਤੇ 15 ਜੂਨ ਤੋਂ ਸਭ ਦੁਕਾਨਾਂ ਖੁੱਲ੍ਹਣਗੀਆਂ

ਲੰਡਨ, ਮਈ 202ਪ ( ਗਿਆਨੀ ਰਾਵਿਦਾਰਪਾਲ ਸਿੰਘ)-ਯੂ ਕੇ ਵਿਚ ਲਾਕਡਾਊਨ ਨੂੰ ਲੈ ਕੇ ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਨੇ 1 ਜੂਨ ਤੋਂ ਓਪਨ ਮਾਰਕੀਟਾਂ ਅਤੇ ਕਾਰ ਸ਼ੋਅਰੂਮ ਖੋਲ੍ਹਣ ਦਾ ਐਲਾਨ ਕੀਤਾ ਹੈ ਜਦਕਿ ਉਨ੍ਹਾਂ ਕਿਹਾ ਕਿ 15 ਜੂਨ ਤੋਂ ਸਾਰੀਆਂ ਦੁਕਾਨਾਂ ਖੋਲ੍ਹਣ ਦੀ ਇਜ਼ਾਜਤ ਹੋਵੇਗੀ ਪਰ ਇਸ ਦੌਰਾਨ ਸਮਾਜਿਕ ਦੂਰੀ ਬਣਾਈ ਰੱਖਣੀ ਲਾਜ਼ਮੀ ਹੋਵੇਗੀ | ਇਸ ਦੇ ਨਾਲ ਹੀ ਬਹੁਤ ਸਾਰੀਆਂ ਦੁਕਾਨਾਂ ਵਿਚ ਇਕ ਪਾਸੇ ਆਉਣ ਅਤੇ ਇਕ ਪਾਸਿਉਂ ਜਾਣ ਦੀ ਸੁਵਿਧਾ ਲਈ ਨਿਸ਼ਾਨ ਲਗਾਏ ਅਤੇ 2 ਮੀਟਰ ਦੂਰੀ ਬਣਾਈ ਰੱਖਣ ਲਈ ਵੀ ਨਿਸ਼ਾਨਦੇਹੀ ਕੀਤੀ ਹੋਈ ਹੈ | 

ਬਰਤਾਨੀਆ ਦੇ ਗੁਰਦੁਆਰੇ 'ਤੇ ਹਮਲਾ, ਹਮਲਾਵਰ ਗ੍ਰਿਫ਼ਤਾਰ

 

ਡਰਬੀ/ਯੂ ਕੇ, ਮਈ 2020 -(ਗਿਆਨੀ ਅਮਰੀਕ ਸਿੰਘ ਰਾਠੌਰ)- ਇਕ ਅਣਪਛਾਤੇ ਵਿਅਕਤੀ ਨੇ ਡਰਬੀ 'ਚ ਗੁਰਦੁਆਰਾ ਗੁਰੂ ਅਰਜਨ ਦੇਵ 'ਚ ਸੋਮਵਾਰ ਸਵੇਰੇ ਹਮਲਾ ਕਰ ਦਿੱਤਾ ਤੇ ਗੁਰਦੁਆਰੇ ਦੀ ਜਾਇਦਾਦ ਨੂੰ ਨੁਕਸਾਨ ਪਹੁੰਚਾਇਆ, ਜਿਸ ਨਾਲ ਹਜ਼ਾਰਾਂ ਪਾਊਂਡ ਦਾ ਨੁਕਸਾਨ ਹੋਇਆ ਹੈ। ਹਮਲੇ ਦੀ ਸਾਰੀ ਕਾਰਵਾਈ ਸੀਸੀਟੀਵੀ ਕੈਮਰੇ 'ਚ ਰਿਕਾਰਡ ਹੋ ਗਈ ਹੈ। ਇਸੇ ਕਾਰਨ ਪੁਲਿਸ ਉਸਨੂੰ ਗ੍ਰਿਫ਼ਤਾਰ ਕਰਨ 'ਚ ਕਾਮਯਾਬ ਹੋ ਗਈ ਹੈ।

ਗੁਰਦੁਆਰੇ ਦੇ ਅਧਿਕਾਰੀ ਨੇ ਕਿਹਾ ਕਿ ਸੋਮਵਾਰ ਸਵੇਰੇ 6 ਵਜੇ ਇਕ ਵਿਅਕਤੀ ਗੁਰਦੁਆਰਾ ਕੰਪਲੈਕਸ 'ਚ ਦਾਖ਼ਲ ਹੋਇਆ ਤੇ ਹਜ਼ਾਰਾਂ ਪਾਊਂਡ ਦੀ ਜਾਇਦਾਦ ਨੂੰ ਨੁਕਸਾਨ ਪਹੁੰਚਾਇਆ। ਇਸ ਹਮਲੇ 'ਚ ਕੋਈ ਵੀ ਵਿਅਕਤੀ ਜ਼ਖਮੀ ਨਹੀਂ ਹੋਇਆ। ਉਸਨੇ ਕਿਹਾ ਕਿ ਸਿੱਖਾਂ ਪ੍ਰਤੀ ਨਫ਼ਰਤੀ ਅਪਰਾਧ ਜਾਂ ਕਿਸੇ ਹੋਰ ਕਾਰਵਾਈ ਨਾਲ ਉਨ੍ਹਾਂ ਨੂੰ ਨਹੀਂ ਡਰਾਇਆ ਜਾ ਸਕਦਾ। ਉਹ ਪਹਿਲਾਂ ਵਾਂਗ ਸੇਵਾ ਤੇ ਸਿਮਰਨ ਜਾਰੀ ਰੱਖਣਗੇ। ਲੋਕਾਂ ਲਈ ਲੰਗਰ ਦੀ ਸੇਵਾ ਜਾਰੀ ਰਹੇਗੀ। ਸਾਰੇ ਸੇਵਾਦਾਰਾਂ ਤੇ ਮੁਲਾਜ਼ਮਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇਗੀ।

ਜ਼ਿਕਰਯੋਗ ਹੈ ਕਿ ਬਰਤਾਨੀਆ 'ਚ ਸਰਕਾਰ ਦੀ ਯੋਜਨਾ ਦੇ ਤਹਿਤ ਗੁਰਦੁਆਰਿਆਂ ਨੂੰ ਸੁਰੱਖਿਆ ਹਥਿਆਰਾਂ ਲਈ ਫੰਡ ਦਿੱਤਾ ਜਾਂਦਾ ਹੈ ਤਾਂ ਜੋ ਨਫ਼ਰਤੀ ਅਪਰਾਧ ਵਰਗੀਆਂ ਕਾਰਵਾਈਆਂ ਨੂੰ ਰੋਕਿਆ ਜਾ ਸਕੇ, ਪਰ ਅਜਿਹੇ ਹਮਲੇ ਹਾਲੇ ਵੀ ਜਾਰੀ ਹਨ। ਕੋਰੋਨਾ ਦੇ ਚੱਲਦਿਆਂ ਇਸ ਗੁਰਦੁਆਰੇ 'ਚ ਹਰ ਰੋਜ਼ 500 ਲੋਕਾਂ ਨੂੰ ਖਾਣਾ ਦਿੱਤਾ ਜਾ ਰਿਹਾ ਹੈ।

ਗੁਰੂ ਦਰਸ਼ਨ (ਕਿਤਾਬ) ✍️ ਗਿਆਨੀ ਹਰਜੀਤ ਸਿੰਘ

ਬੰਦਨਾ ਗੁਰਦੇਵ ਨੂੰ

ਨਮੋ ਨਮੋ ਕਰ ਅਕਾਲ ਨੂੰ 

ਸ੍ਰਿਸਟੀ ਦੇ ਪਾਲਣ ਹਾਰ ਨੂੰ

ਸਤਯੁੱਗ ਤ੍ਰੇਤਾ ਦੇ ਸਿਰਤਾਜ ਨੂੰ 

ਦੁਆਪਰ ਕ੍ਰਿਸ਼ਨ ਮੁਰਾਰ ਨੂੰ

ਕਲਯੁਗ ਦੇ ਸ਼ਾਹਕਾਰ ਨੂੰ 

ਨਾਨਕ ਪੀਰ ਗੁਰੂ ਅਵਤਾਰ ਨੂੰ

 ਗੁਰੂ ਅੰਗਦ ਅਮਰ ਕਰਤਾਰ ਨੂੰ 

 ਰਾਮ ਦਾਸ ਅਰਜਨ ਸਰਤਾਜ ਨੂੰ 

 ਹਰਗੋਬਿੰਦ ਯੋਧੇ ਬਲਕਾਰ ਨੂੰ 

 ਹਰਰਾਇ ਕ੍ਰਿਸ਼ਨ ਸਤਿਕਾਰ ਨੂੰ 

 ਤੇਗ ਬਹਾਦਰ ਦੀ ਟਣਕਾਰ ਨੂੰ

  ਗੋਬਿੰਦ ਸੰਤ ਸਿਪਾਹੀ ਦੇ ਸਾਹਿਤਕਾਰ ਨੂੰ 

  ਨਮੋ ਗੁਰੂ ਗ੍ਰੰਥ ਸ਼ਬਦ ਅਪਾਰ ਨੂੰ 

  ਗਿਆਨੀ ਨਮੋ - ਨਮੋ ਯੁੱਗ ਚਾਰਾਂ ਦੇ ਆਕਾਰ ਨੂੰ 

  (ਗਿਆਨੀ ਹਰਜੀਤ ਸਿੰਘ )

=================================

ਕਲਯੁਗ ਆਣ ਤਰਾਇਓ

ਜੋਤਿ ਨਿਰੰਜਨ ਹੈ ਗੁਰ ਨਾਨਕ

 ਪਾਪ ਬਿਖੰਡਨ  ਕਉ ਜਗ ਆਇਓ

 ਜਪ ਤਾਪ ਸੰਤਾਪ ਨਿਵਾਰਨ ਕਉ 

 ਧਾਰ ਕੇ ਮੂਰਤ ਹੈ ਜਗ ਧਾਇਓ 

 ਤੀਨ ਲੋਕ ਪ੍ਰਲੋਕ ਸਵਰਨ ਕਉ

 ਵਾਹਿਗੁਰੂ ਜਾਪ ਜਗਤ ਜਪਾਇਓ

 ਗਿਆਨੀ ਸਤਸੰਗਤ ਆਖੋ ਵਾਹੁ ਵਾਹੁ ਨਾਨਕ

 ਕਲਯੁਗ ਨਾਨਕ ਆਣ ਤਰਾਇਓ 

(ਗਿਆਨੀ ਹਰਜੀਤ ਸਿੰਘ)

ਇੰਗਲਿਸ਼ ਪ੍ਰੀਮੀਅਰ ਲੀਗ 'ਚ ਕੋਰੋਨਾ ਦੇ ਦੋ ਹੋਰ ਪਾਜ਼ੇਟਿਵ ਮਾਮਲੇ ਮਿਲੇ

ਮਾਨਚੈਸਟਰ, ਮਈ 2020 -(ਗਿਆਨੀ ਅਮਰੀਕ ਸਿੰਘ ਰਾਠੌਰ)-

 ਇੰਗਲਿਸ਼ ਪ੍ਰੀਮੀਅਰ ਲੀਗ (ਈਪੀਐੱਲ) ਨੇ ਕਿਹਾ ਹੈ ਕਿ ਦੋ ਵੱਖ ਕਲੱਬਾਂ ਦੇ ਦੋ ਹੋਰ ਲੋਕ ਕੋਰੋਨਾ ਵਾਇਰਸ ਲਈ ਪਾਜ਼ੇਟਿਵ ਪਾਏ ਗਏ ਹਨ। ਇਹ ਲੀਗ ਲਈ ਝਟਕਾ ਹੈ ਜੋ ਤਿੰਨ ਹਫਤੇ ਬਾਅਦ ਸੈਸ਼ਨ ਨੂੰ ਦੁਬਾਰਾ ਸ਼ੁਰੂ ਕਰਨ ਦੀ ਕੋਸ਼ਿਸ਼ ਵਿਚ ਲੱਗੀ ਹੈ। ਪਿਛਲੇ ਹਫਤੇ ਤਿੰਨ ਦਿਨ ਵਿਚ 996 ਖਿਡਾਰੀਆਂ ਤੇ ਕਲੱਬਾਂ ਦੇ ਸਟਾਫ ਦੀ ਕੋਰੋਨਾ ਜਾਂਚ ਕੀਤੀ ਗਈ। ਈਪੀਐੱਲ ਨੇ ਕਿਹਾ ਕਿ ਇਨ੍ਹਾਂ ਵਿਚੋਂ ਦੋ ਕਲੱਬਾਂ ਦੇ ਦੋ ਲੋਕਾਂ ਦੇ ਨਤੀਜੇ ਪਾਜ਼ੇਟਿਵ ਆਏ ਹਨ। ਖਿਡਾਰੀ ਜਾਂ ਸਟਾਫ ਜੋ ਵੀ ਪਾਜ਼ੇਟਿਵ ਪਾਏ ਗਏ ਹਨ ਉਹ ਆਪਣੇ ਆਪ ਨੂੰ ਸੱਤ ਦਿਨ ਲਈ ਕੁਆਰੰਟਾਈਨ ਵਿਚ ਰੱਖਣਗੇ। ਇਸ ਤੋਂ ਪਹਿਲਾਂ 17 ਤੇ 18 ਮਈ ਨੂੰ ਹੋਏ 748 ਟੈਸਟਾਂ ਵਿਚ ਤਿੰਨ ਕਲੱਬਾਂ ਦੇ ਛੇ ਲੋਕ ਕੋਰੋਨਾ ਪਾਜ਼ੇਟਿਵ ਪਾਏ ਗਏ ਸਨ। ਇਹ ਛੇ ਲੋਕ ਹੁਣ ਵੀ ਸੱਤ ਦਿਨ ਦੇ ਕੁਆਰੰਟਾਈਨ 'ਚ ਹਨ ਤੇ ਪਿਛਲੇ ਦਿਨੀਂ ਹੋਈ ਜਾਂਚ ਵਿਚ ਸ਼ਾਮਲ ਨਹੀਂ ਸਨ। 

ਲੋਕ ਨੂੰ ਨਿਯਮਾਂ ਦਾ ਪਾਲਣਾ ਕਰਨ ਜਰੂਰੀ- ਐਮ. ਪੀ. ਢੇਸੀ

ਲੰਡਨ, ਮਈ 2020 -( ਗਿਆਨੀ ਰਾਵਿਦਾਰਪਾਲ ਸਿੰਘ )-

ਬੀਤੇ ਦਿਨੀ ਲਾਕਡਾਊਨ ਦੇ ਨਿਯਮਾਂ ਦੀਆਂ ਉਲੰਘਣਾਂ ਕਰਨ ਦੇ ਮਾਮਲਿਆਂ 'ਚ ਸਲੋਹ ਸਭ ਤੋਂ ਵੱਧ ਚਰਚਾ ਵਿਚ ਰਿਹਾ | ਜਿਸ ਤੋਂ ਬਾਅਦ ਐਮ. ਪੀ. ਤਨਮਨਜੀਤ ਸਿੰਘ ਢੇਸੀ ਨੇ ਹਲਕੇ ਦੇ ਲੋਕਾਂ ਵਲੋਂ ਸਰਕਾਰੀ ਦਿਸ਼ਾ ਨਿਰਦੇਸ਼ਾਂ ਦੀ ਉਲੰਘਣਾ ਕਰਨ ਦੀਆਂ ਖ਼ਬਰਾਂ ਤੋਂ ਨਿਰਾਸ਼ ਹੁੰਦਿਆਂ ਲੋਕਾਂ ਨੂੰ ਸਹਿਯੋਗ ਦੇਣ ਲਈ ਕਿਹਾ ਹੈ | ਉਹਨਾ ਕਿਹਾ ਕਿ ਕੋਵਿਡ 19 ਨਾਲ ਐਨ ਐਚ ਐਸ ਦੇ ਡਾਕਟਰ, ਨਰਸਾਂ ਲੜ ਰਹੇ ਹਨ | ਲੰਡਨ ਤੋਂ ਬਾਅਦ ਸਲੋਹ ਕੋਵਿਡ 19 ਤੋਂ ਵੱਧ ਪੀੜਤ ਇਲਾਕਿਆਂ ਵਿੱਚੋਂ ਇੱਕ ਹੈ ਜਿੱਥੇ ਮੌਤ ਦਰ ਦੇਸ਼ ਦੇ ਦੂਜੇ ਹਿੱਸਿਆਂ ਨਾਲੋਂ ਵੱਧ ਹੈ ਅਜੇਹੇ ਮੌਕੇ ਸਾਨੂੰ ਹੋਰ ਵੀ ਸਾਵਧਾਨ ਰਹਿਣ ਦੀ ਲੋੜ ਹੈ | ਉਨ੍ਹਾਂ ਪੰਜਾਬੀ ਦੀ ਮਸ਼ਹੂਰ ਕਹਾਵਤ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਲਾਜ ਨਾਲੋਂ ਪ੍ਰਹੇਜ਼ ਚੰਗਾ ਨੂੰ ਜੀਵਨ 'ਚ ਢਾਲਣ ਦੀ ਲੋੜ ਹੈ |

ਯੂ.ਕੇ ਨੇ ਆਪਣੇ ਇਥੇ ਫਸੇ ਵਿਦੇਸ਼ੀ ਨਾਗਰਿਕਾਂ ਦਾ ਵੀਜ਼ਾ 31 ਜੁਲਾਈ ਤੱਕ ਵਧਾਇਆ

ਲੰਡਨ, ਰਾਜਵੀਰ ਸਮਰਾ, ਬਰਤਾਨੀਆ ਨੇ ਸ਼ੁੱਕਰਵਾਰ ਨੂੰ ਕੋਰੋਨਾਵਾਇਰਸ ਮਹਾਮਾਰੀ ਦੇ ਚੱਲਦੇ ਆਪਣੇ ਦੇਸ਼ ਵਾਪਸ ਨਾ ਜਾ ਪਾ ਰਹੇ ਭਾਰਤੀਆਂ ਸਮੇਤ ਉਨਾਂ ਸਾਰੇ ਵਿਦੇਸ਼ੀ ਨਾਗਰਿਕਾਂ ਦੀ ਵੀਜ਼ਾ ਮਿਆਦ 31 ਜੁਲਾਈ ਤੱਕ ਵਧਾਉਣ ਦਾ ਐਲਾਨ ਕੀਤਾ ਹੈ, ਜਿਨ੍ਹਾਂ ਦੀ ਵੀਜ਼ਾ ਮਿਆਦ ਖਤਮ ਹੋ ਚੁੱਕੀ ਹੈ ਜਾਂ ਖਤਮ ਹੋਣ ਵਾਲੀ ਹੈ। ਇਸ ਤੋਂ ਪਹਿਲਾਂ 31 ਮਈ ਤੱਕ ਵੀਜ਼ਾ ਵਧਾਉਣ ਦਾ ਐਲਾਨ ਕੀਤਾ ਗਿਆ ਸੀ ਪਰ ਹੁਣ ਇਸ ਨੂੰ 2 ਮਹੀਨਿਆਂ ਲਈ ਵਧਾ ਦਿੱਤਾ ਗਿਆ ਹੈ। ਇਸ ਫੈਸਲੇ ਨਾਲ ਉਨਾਂ ਵਿਦੇਸ਼ੀ ਨਾਗਰਿਕਾਂ ਨੂੰ ਰਾਹਤ ਮਿਲੇਗੀ ਜਿਨਾਂ ਦੇ ਵੀਜ਼ੇ ਦੀ ਮਿਆਦ 24 ਜਨਵਰੀ ਤੋਂ ਬਾਅਦ ਖਤਮ ਹੋ ਗਈ ਸੀ ਅਤੇ ਉਹ ਯਾਤਰਾ ਪਾਬੰਦੀਆਂ ਦੇ ਚੱਲਦੇ ਆਪਣੇ ਦੇਸ਼ ਵਾਪਸ ਪਰਤ ਨਹੀਂ ਪਾਏ ਹਨ। ਬਿ੍ਰਟੇਨ ਦੀ ਭਾਰਤੀ ਮੂਲ ਦੀ ਗ੍ਰਹਿ ਮੰਤਰੀ ਪ੍ਰੀਤੀ ਪਟੇਲ ਨੇ ਕਿਹਾ ਕਿ ਵੀਜ਼ੇ ਦੀ ਮਿਆਦ ਵਧਾ ਕੇ, ਅਸੀਂ ਉਨ੍ਹਾਂ ਨੂੰ ਮਾਨਸਿਕ ਸਕੂਨ ਪ੍ਰਦਾਨ ਕੀਤਾ ਹੈ ਕਿਉਂਕਿ ਜੇਕਰ ਉਹ ਆਪਣੇ ਦੇਸ਼ ਵਾਪਸ ਨਹੀਂ ਜਾ ਪਾ ਰਹੇ ਹਨ ਤਾਂ ਜੁਲਾਈ ਦੇ ਆਖਿਰ ਤੱਕ ਬਿ੍ਰਟੇਨ ਵਿਚ ਰਹਿ ਸਕਦੇ ਹਨ। ਬਿ੍ਰਟੇਨ ਦੇ ਗ੍ਰਹਿ ਮੰਤਰਾਲੇ ਨੇ ਕਿਹਾ ਕਿ ਇਹ ਰਾਹਤ ਉਨਾਂ ਲੋਕਾਂ ਲਈ ਹੈ ਜੋ 31 ਜੁਲਾਈ ਤੋਂ ਪਹਿਲਾਂ ਆਪਣੇ ਘਰ ਜਾਣ ਦੀ ਸਥਿਤੀ ਵਿਚ ਨਹੀਂ ਹਨ। ਇਸ ਤੋਂ ਇਲਾਵਾ ਉਨਾਂ ਲੋਕਾਂ ਨੂੰ ਜਿਹੜੇ ਕਿ ਬਿ੍ਰਟੇਨ ਵਿਚ ਅਸਥਾਈ ਵੀਜ਼ਾ 'ਤੇ ਰਹਿ ਰਹੇ ਹਨ, ਉਨਾਂ ਨੂੰ ਸੁਰੱਖਿਅਤ ਵਾਪਸੀ ਯਕੀਨਨ ਹੁੰਦੇ ਹੀ ਆਪਣੇ ਦੇਸ਼ ਰਵਾਨਾ ਹੋਣਾ ਹੋਵੇਗਾ।

ਵਿਦੇਸ਼ੀਆਂ ਲਈ ਬਣਾਇਆ ਇੰਗਲੈਂਡ ਨੇ ਨਵਾਂ ਕੋਰੋਨਾ ਨਿਯਮ, ਪਾਲਣ ਨਾ ਕਰਨ ''ਤੇ ਹੋਵੇਗਾ ਜੁਰਮਾਨਾ

ਲੰਡਨ, ਮਈ 2020 -(ਏਜੰਸੀ)-

ਬਿਊਰੋ .ਬ੍ਰਿਟੇਨ ਦੀ ਗ੍ਰਹਿ ਸਕੱਤਰ ਪ੍ਰੀਤੀ ਪਟੇਲ ਨੇ ਕੋਰੋਨਾ ਵਾਇਰਸ ਦੇ ਮਾਮਲਿਆਂ ਨੂੰ ਰੋਕਣ ਦੀ ਯੋਜਨਾ ਵਜੋਂ ਯੂ. ਕੇ. ਵਿਚ ਆਉਣ ਵਾਲੇ ਹਰੇਕ ਵਿਅਕਤੀ ਲਈ 14 ਦਿਨਾਂ ਦੇ ਆਈਸੋਲੇਸ਼ਨ ਦਾ ਐਲਾਨ ਕੀਤਾ ਹੈ। ਦੇਸ਼ ਵਿੱਚ ਦਾਖਲ ਹੋਣ ਵਾਲੇ ਕਿਸੇ ਵੀ ਵਿਅਕਤੀ ਨੂੰ 8 ਜੂਨ ਤੋਂ ਇੱਕ ਪੰਦਰਵਾੜੇ (14 ਦਿਨਾਂ ਲਈ) ਲਈ ਵੱਖਰੇ ਰਹਿਣਾ ਪਵੇਗਾ ਅਤੇ ਰਿਹਾਇਸ਼ ਦਾ ਵੇਰਵਾ ਵੀ ਦੇਣਾ ਪਏਗਾ, ਜਿੱਥੇ ਉਹ ਰਹਿਣਗੇ।  ਕਿਸੇ ਵੀ ਨਵੇਂ ਆਉਣ ਵਾਲੇ ਵਿਅਕਤੀਆਂ ਨੂੰ ਸੰਪਰਕ ਫਾਰਮ ਭਰਨਾ ਪਵੇਗਾ। ਦੱਸਿਆ ਗਿਆ ਹੈ ਕਿ ਜੇਕਰ ਕੋਈ ਵਿਅਕਤੀ ਕੋਰੋਨਾ ਬਾਰੇ ਇਸ ਦੀ ਜਾਣਕਾਰੀ ਲੁਕੋਵੇਗਾ ਤਾਂ ਉਸ ਨੂੰ ਜੁਰਮਾਨਾ ਵੀ ਹੋ ਸਕਦਾ ਹੈ। ਗ੍ਰਹਿ ਸਕੱਤਰ ਨੇ ਕਿਹਾ, "ਅਸੀਂ ਹੁਣ ਇਹ ਨਵੇਂ ਉਪਾਅ ਪੇਸ਼ ਕਰ ਰਹੇ ਹਾਂ ਤਾਂ ਜੋ ਵਾਇਰਸ ਫੈਲਾਅ ਦੀ ਦਰ ਨੂੰ ਘਟਾ ਸਕੀਏ ਅਤੇ ਦੂਜੀ ਵਿਨਾਸ਼ਕਾਰੀ ਲਹਿਰ ਨੂੰ ਰੋਕਿਆ ਜਾ ਸਕੇ।" ਇਨ੍ਹਾਂ ਨਿਰਦੇਸ਼ਾਂ ਦੀ ਪਾਲਣਾ ਕਰਨ ਵਿੱਚ ਅਸਫਲ ਰਹਿਣ ਵਾਲੇ ਲੋਕਾਂ ਨੂੰ ਭਾਰੀ ਜੁਰਮਾਨਾ ਲਗਾਇਆ ਜਾ ਸਕਦਾ ਹੈ। ਕੋਰੋਨਾ ਵਾਇਰਸ ਨਾਲ ਲੜਨ ਲਈ ਯਾਤਰਾ ਕਰਨ ਵਾਲੇ ਮੈਡੀਕਲ ਕਰਮਚਾਰੀਆਂ ਨੂੰ ਵੱਖਰਾ ਕਰਨ ਦੀ ਜ਼ਰੂਰਤ ਨਹੀਂ ਪਵੇਗੀ ਅਤੇ ਮੌਸਮੀ ਖੇਤੀਬਾੜੀ ਕਾਮੇ ਆਪਣੇ-ਆਪ ਨੂੰ ਉੱਥੇ ਹੀ ਇਕਾਂਤਵਾਸ ਕਰਨਗੇ, ਜਿਸ ਸਥਾਨ ਉੱਤੇ ਉਹ ਕੰਮ ਲਈ ਜਾਣਗੇ।

ਦੋਸਤੋ ! ਤਾਰੀਖ਼ ਬੋਲਦੀ ਹੈ  ✍️ ਸ਼ਿੰਗਾਰਾ ਸਿੰਘ ਢਿੱਲੋਂ (ਪ੍ਰੋ)

ਦੋਸਤੋ ! ਤਾਰੀਖ਼ ਬੋਲਦੀ ਹੈ 

ਦੋਸਤੋ ! ਤਾਰੀਖ਼ ਬੋਲਦੀ ਹੈ - ਗਾਥਾ ਕਰਤਾਰ ਪੁਰ ਲਾਂਘੇ ਦੀ, ਮੇਰੀ ਖੋਜ ਪੁਸਤਕ ਅਜੇ ਤੁਹਾਡੇ ਹੱਥਾਂ ਤੱਕ ਪਹੁੰਚਣੀ ਹੈ, ਪਰ ਇਸ ਪੁਸਤਕ ਸੰਬੰਧੀ ਆਪ ਨੂੰ ਪਿਛਲੇ ਹਫ਼ਤੇ ਜਾਣੂ ਕਰਾਉਣ ਤੋਂ ਬਾਅਦ, ਜੋ ਪਿਆਰ, ਮੁਹੱਬਤ ਤੇ ਖ਼ਾਲੂਸ ਆਪ ਨੇ ਦਿੱਤਾ ਹੈ ਤੇ ਜਿੰਨੀ ਉਤਸੁਕਤਾ ਪੁਸਤਕ ਨੂੰ ਪ੍ਰਾਪਤ ਕਰਕੇ ਪੜ੍ਹ ਵਾਸਤੇ ਦਿਖਾਈ ਹੈ, ਉਸ ਸਭ ਬਾਰੇ “ਧੰਨਵਾਦ” ਲਫ਼ਜ਼ ਬਹੁਤ ਛੋਟਾ ਤੇ ਰਸਮੀ ਜਿਹਾ ਜਾਪਣ ਲੱਗ ਪਿਆ ਹੈ । 

ਆਪ ਦੇ ਹਜਾਰਾਂ ਸੁਨੇਹਿਆ/ ਸ਼ੁਭਕਾਮਨਾਵਾਂ ਤੇ ਸੈਂਕੜੇ ਫੋਨਾਂ ਨੇ ਪੁਸਤਕ ਪ੍ਰਤੀ ਗਹਿਰੀ ਦਿਲਚਸਪੀ ਦਾ ਪ੍ਰਗਟਾਵਾ ਕਰਕੇ ਇਹ ਸਾਬਤ ਕਰ ਦਿੱਤਾ ਹੈ ਕਿ ਪੰਜਾਬੀ ਪੜ੍ਹਨ ਦੇ ਸ਼ੌਕੀਨ ਹਨ, ਉਹਨਾ ਵਿੱਚ ਵੀ ਆਪਣੇ ਇਤਿਹਾਸ ਨਾਲ ਜੁੜਨ, ਇਤਿਹਾਸ ਨੂੰ ਸਮਝਣ ਤੇ ਹਰ ਪਲ ਕੁੱਜ ਨਵਾਂ ਜਾਨਣ ਦੀ ਤੀਬਰ ਚਾਹਤ ਹੈ ।

ਮੈਂ ਤੁਹਾਡਾ ਸਭਨਾ ਦਾ ਦਿਲ ਦੀਆ ਧੁਰ ਗਹਿਰੀਈਆਂ ਤੋ ਸ਼ੁਕਰ ਗੁਜਾਰ ਹਾਂ, ਕਿ ਤੁਸੀਂ ਇਸ ਨਾਚੀਜ ਨੂੰ ਏਨਾ ਮਾਣ ਸਨਮਾਨ ਦਿੱਤਾ ਤੇ ਇਸ ਦੇ ਨਾਲ ਹੀ ਇਹ ਵਾਅਦਾ ਕਰਦਾ ਹਾਂ ਜਿਥੇ ਕਰਤਾਰ ਪੁਰ ਸਾਹਿਬ ਨਾਲ ਸਬੰਧਿਤ ਆ ਰਹੀ ਪੁਸਤਕ ਆਪ ਦੇ ਬਹੁਤ ਸਾਰੇ ਸ਼ੰਕੇ ਨਵਿਰਤ ਕਰੇਗੀ ਉਥੇ ਆਉਂਣ ਵਾਲੇ ਸਮੇ ਵਿਚ ਵੀ ਆਪ ਦੀਆ ਆਸਾਂ 'ਤੇ ਇਸੇ ਤਰਾਂ ਖਰਾ ਉਤਰਨ ਦੀ ਕੋਸ਼ਿਸ਼ ਕਰਦਾ ਰਹਾਂਗਾ । ਇਕ ਵਾਰ ਫਿਰ ਕੋਟਿ ਨ ਕੋਟਿ ਸਤਿਕਾਰ ਤੇ ਹਾਰਦਿਕ ਸ਼ੁਕਰਾਨਾ ।

ਸ਼ਿੰਗਾਰਾ ਸਿੰਘ ਢਿੱਲੋਂ (ਪ੍ਰੋ)

ਇੰਗਲੈਂਡ ਦੀ ਧਰਤੀ ਦੇ ਤੇ ਫਸੇ ਹੋਏ ਵਿਜ਼ਟਰਾਂ ਦਾ ਵੀਜ਼ਾ 31 ਜੁਲਾਈ ਤੱਕ ਐਕਸਟੈਂਡ -ਪ੍ਰੀਤੀ ਪਟੇਲ 

(ਫੋਟੋ:- ਪ੍ਰੀਤੀ ਪਟੇਲ ਇਕ ਟਵੀਟ ਰਾਹੀਂ ਜਾਣਕਾਰੀ ਦਿੰਦੇ ਹੋਏ )
 

ਲੰਡਨ ,ਮਈ 2020 -(ਰਾਜੀਵ ਸਮਰਾ /ਗਿਆਨੀ ਅਮਰੀਕ ਸਿੰਘ ਰਾਠੌਰ )-
ਇਕ ਟਵੀਟ ਰਾਹੀਂ ਜਾਣਕਾਰੀ ਦਿੰਦੇ ਹੋਏ ਪ੍ਰੀਤੀ ਪਟੇਲ ਨੇ ਦੱਸਿਆ ਕਿ ਬਾਹਰਲੇ ਮੁਲਕਾਂ ਤੋਂ ਉਹ ਲੋਕ ਜੋ ਕੰਮ  ਪੜ੍ਹਾਈ ਜਾ ਹੌਲੀ ਡੇ ਲਈ ਆਏ ਹਨ ਪਰ ਹੁਣ ਕੋਰੋਨਾ ਵਾਇਰਸ ਕਾਰਨ ਆਪਣੇ ਮੁਲਕ ਤੁਰੰਤ ਵਾਪਸ ਨਹੀਂ ਜਾ ਸਕਦੇ ਉਨ੍ਹਾਂ ਦੇ ਵੀਜ਼ੇ ਦੀ ਮਿਆਦ ਖ਼ਤਮ ਹੋ ਚੁੱਕੀ ਹੈ ਉਨ੍ਹਾਂ ਲਈ ਵੀਜ਼ੇ ਦੀ ਤਰੀਕ 31 ਜੁਲਾਈ 2020 ਤੱਕ ਵਧਾ ਦਿੱਤੀ ਗਈ ਹੈ ਇਹ ਕਦਮ ਬ੍ਰਿਟਿਸ਼ ਸਰਕਾਰ ਨੇ ਲੋਕਾਂ ਦੀ ਇਸ ਦੁਖ ਭਰੇ ਸਮੇ ਵਿੱਚ ਮੱਦਦ ਕਰਦੇ ਹੋਏ ਚੁੱਕਿਆ ।

 

ਕੋਰੋਨਾ ਵੈਕਸੀਨ ਦੇ ਪ੍ਰਯੋਗ ਲਈ ਗਲਾਸਗੋ ਚ 250 ਵਲੰਟੀਅਰਾਂ ਦੀ ਜ਼ਰੂਰਤ

ਲੰਡਨ (ਰਾਜਵੀਰ ਸਮਰਾ)- ਇੰਗਲੈਡ ਦੀ ਆਕਸਫੋਰਡ ਯੂਨੀਵਰਸਿਟੀ ਦੇ ਵਿਗਿਆਨੀਆਂ ਨੇ ਅਪ੍ਰੈਲ ਮਹੀਨੇ ਵਿਚ ਕਰੋਨਾ ਵਾਇਰਸ ਦਵਾਈ ਤਿਆਰ ਕੀਤੀ ਸੀ, ਜਿਸ ਦਾ 1000 ਤੋਂ ਵੱਧ ਮਨੁੱਖਾਂ 'ਤੇ ਪਹਿਲੇ ਪੜਾਅ ਦਾ ਪ੍ਰਯੋਗ ਚੱਲ ਰਿਹਾ ਹੈ, ਆਕਸਫੋਰਡ ਯੂਨੀਵਰਸਿਟੀ ਦੇ ਵਿਗਿਆਨੀਆਂ ਦਾ ਕਹਿਣਾ ਹੈ ਕਿ ਦੂਜੇ ਤੇ ਤੀਜੇ ਪੜਾਅ ਦੇ ਪ੍ਰਯੋਗ ਲਈ 10260 ਵਲੰਟੀਅਰਾਂ ਦੀ ਜ਼ਰੂਰਤ ਹੈ ਤੇ ਇਹ ਪ੍ਰਯੋਗ ਪੂਰੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਕੀਤਾ ਜਾਵੇਗਾ, ਇਸੇ ਤਹਿਤ ਗਲਾਸਗੋ ਯੂਨੀਵਰਸਿਟੀ ਤੇ ਸਿਹਤ ਵਿਭਾਗ ਗਲਾਸਗੋ ਵਲੋਂ ਸਾਂਝੇ ਤੌਰ 'ਤੇ ਆਕਸਫੋਰਡ ਯੂਨੀਵਰਸਿਟੀ ਦੇ ਸਹਿਯੋਗ ਲਈ 250 ਵਲੰਟੀਅਰਾਂ ਤੋਂ ਸੇਵਾਵਾਂ ਮੰਗੀਆਂ ਗਈਆਂ ਹਨ¢ ਵਲੰਟੀਅਰ ਦੀ ਉਮਰ 18 ਤੋਂ 55 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ ਤੇ ਪੂਰੀ ਤਰ੍ਹਾਂ ਤੰਦਰੁਸਤ ਹੋਣੇ ਚਾਹੀਦੇ ਹਨ, ਵਲੰਟੀਅਰਾਂ ਨੂੰ ਪਹਿਲਾਂ ਕਦੇ ਵੀ ਕਰੋਨਾ ਵਾਇਰਸ ਦੀ ਸ਼ਿਕਾਇਤ ਨਾ ਹੋਈ ਹੋਵੇ, ਇਹ ਟੈਸਟ ਦੋ ਹਫ਼ਤਿਆਂ ਤੱਕ ਸ਼ੁਰੂ ਹੋ ਜਾਣਗੇ ਤੇ ਹਰ ਇਕ ਵਲੰਟੀਅਰ ਨੂੰ ਦਵਾਈ ਦੀਆਂ ਇਕ ਤੋਂ ਦੋ ਖੁਰਾਕਾਂ ਦਿੱਤੀਆਂ ਜਾਣਗੀਆਂ.

ਨਿੱਕੀ ਸੋਚ, ਨਿੱਕੇ ਕੰਮਾਂ ਵਿਚੋਂ ਨਾਮਣਾ ਭਾਲਦੀ ਐ।  ✍️ ਪ੍ਰੋ ਸ਼ਿੰਗਾਰਾ ਸਿੰਘ ਢਿੱਲੋਂ 

ਯੁੱਗ ਨਹੀਂ ਬਦਲਤਾ, ਕੁੱਜ ਲੋਗ ਹੋਤੇ ਹੈਂ, 

ਜੋ ਯੁੱਗ ਦੀ ਪਰਿਭਾਸ਼ਾ ਬਦਲ ਦੇਤੇਂ ਹੈਂ । 

 

ਨਿੱਕੀ ਸੋਚ, ਨਿੱਕੇ ਕੰਮਾਂ ਵਿਚੋਂ ਨਾਮਣਾ ਭਾਲਦੀ ਐ। ਅਸੀਂ ਨਿੱਤ ਮਰਹਾ ਦੇ ਜੀਵਨ ਵਿੱਚ ਵਿਚਰਦਿਆਂ ਅਕਸਰ ਹੀ ਦੇਖਦੇ ਹਾਂ ਕਿ ਕੁੱਝ ਲੋਕ ਆਪਣੀ ਵਧੀਆ ਸੋਚ, ਸੁੱਚੀ ਲਗਨ ਅਤੇ ਕਠਿਨ ਮਿਹਨਤ ਨਾਲ ਨਾਮਣਾ ਖੱਟ ਚੁੱਕੀਆਂ ਸਖਸ਼ੀਅਤਾਂ ਨਾਲ ਆਪਣੀ ਫੋਟੋ ਕਰਾਉਣ ਨੂੰ ਹੀ ਆਹਲਾ ਦਰਜੇ ਦੀ ਪਰਾਪਤੀ ਮੰਨ ਲੈਂਦੇ ਹਨ ਤੇ ਘਰਾਂ ਵਿਚ ਉਹ  ਫੋਟੋਆਂ ਫਰੇਮ ਕਰਾਕੇ ਰੱਖਦੇ ਹਨ ਤਾਂ ਕਿ ਰਿਸ਼ਤੇਦਾਰਾਂ, ਦੋਸਤਾਂ ਅਤੇ ਹੋਰ ਸਮਾਜਿਕ ਸੰਬੰਧੀਆਂ ਵਿੱਚ ਚੰਗੀ ਭੱਲ ਜਾਂ ਟੌਹਰ ਬਣਾਈ ਜਾ ਸਕੇ ਜਦ ਕਿ ਦੂਜੇ ਪਾਸੇ ਇਹ  ਵੀ  ਸੱਚ  ਹੈ  ਕਿ ਬਹੁਤੀਆਂ ਹਾਲਤਾਂ ਵਿਚ ਉਹਨਾਂ ਵਿਸ਼ੇਸ਼ ਸਖਸ਼ੀਅਤਾਂ ਨੂੰ ਇਹ ਯਾਦ ਵੀ ਨਹੀਂ ਰਹਿੰਦਾ ਕਿ ਉਹਨਾਂ ਨਾਲ ਕਿਸ ਕਿਸ ਨੇ ਫੋਟੋ ਖਿਚਵਾਈ, ਫ਼ਰੇਮ ਕਰਵਾਈ ਹੈ ਤੇ ਘਰ ਚ ਲਗਵਾਈ ਹੈ । 

ਆਪਾਂ ਸਾਰੇ ਜਾਣਦੇ ਹਾਂ ਕਿ ਤਸਵੀਰਾਂ ਅਤੀਤ ਦੀਆ ਅਭੁੱਲ ਯਾਦਾਂ ਦਾ ਇਕ ਅਨਮੋਲ ਖ਼ਜ਼ਾਨਾ ਹੁੰਦੀਆਂ ਹਨ ਤੇ ਕਿਸੇ ਸ਼ਖਸ਼ੀਅਤ ਨਾਲ ਫੋਟੋ ਖਿਚਵਾਉਣ ਵਾਲੇ ਵਾਸਤੇ ਉਸ ਦੀ ਜਿੰਦਗੀ ਦੇ ਯਾਦਗਾਰੀ ਪਲਾਂ ਦੀ ਸੰਭਾਲ ਦਾ ਉਤਮ ਜਰੀਆ ਹੁੰਦੀਆ ਹਨ, ਪਰ ਇਸ ਦੇ ਨਾਲ ਹੀ ਇਹ ਵੀ ਖਰਾ ਸੱਚ ਹੈ ਰਿ ਬਹੁਤੀ ਵਾਰ ਕਿਸੇ ਸੈਲੀਬਰੈਟੀਆਂ ਨੂੰ ਸਿਵਾਏ ਉਹਨਾਂ ਦੀ ਜਾਣ ਪਹਿਚਾਣ ਵਾਲੇ ਕੁਝ ਕੁ ਖਾਸ ਲੋਕਾਂ ਦੇ ਤਸਵੀਰਾਂ ਕਰਾਉਣ ਵਾਲੇ ਆਮ ਲੋਕ/ ਫੈਨ ਬਹੁਤੇ ਯਾਦ ਨਹੀ ਰਹਿੰਦੇ । 

ਉਂਜ ਕਿਸ ਨੇ ਕਿਸ ਨਾਲ ਤਸਵੀਰ ਕਰਾਉਣੀ ਹੈ ਜਾਂ ਨਹੀ ਕਰਾਉਣੀ, ਹਰ ਇਕ ਦੀ ਨਿੱਜੀ ਚੋਣ ਜਾਂ ਪਸੰਦ ਹੈ, ਜਿਸ ‘ਤੇ ਕਿੰਤੂ ਪਰੰਤੂ ਕਰਨ ਦੀ ਲੋੜ ਨਹੀਂ, ਪਰ ਇਕ ਗੱਲ ਧਿਆਨ ਵਿਚ ਜਰੂਰ ਰੱਖਣੀ ਚਾਹੀਦੀ ਹੈ ਕਿ ਜਿਸ ਨਾਲ ਅਸੀਂ ਫੋਟੋ ਖਿਚਵਾਉਣ ਨੂੰ ਤਰਜੀਹ ਦੇ ਰਹੇ ਹਾਂ, ਉਸ ਸਖਸ਼ੀਅਤ ਦਾ ਆਚਰਣ ਤੇ ਕਿਰਦਾਰ, ਉਚਾ ਤੇ ਸੁੱਚਾ ਹੋਣ ਦੇ ਨਾਲ ਹੀ ਸਾਡੇ  ਵਾਸਤੇ ਪਰੇਰਣਾ ਤੇ ਉਤਸ਼ਾਹ ਪੈਦਾ ਕਰਨ ਵਾਲਾ ਜਰੂਰ ਹੋਵੇ ਤਾਂ ਕਿ ਘਰ ਚ ਲੱਗੀ ਹੋਈ ਉਹ ਤਸਵੀਰ ਪਲ ਪਲ ਸਾਡੇ ਅੰਦਰ ਉਸ ਦੇ ਨਕਸ਼ੇ ਕਦਮ ਚੱਲਣ ਵਾਸਤੇ ਉਤਸ਼ਾਹ ਪੈਦਾ ਕਰਦੀ ਰਹੇ ।

ਇਸ ਦੇ ਨਾਲ ਹੀ ਸਾਨੂੰ ਇਹ ਵੀ ਸੋਚਣਾ ਪਵੇਗਾ ਕਿ ਜਿਸ ਲਗਨ, ਮਿਹਨਤ ਤੇ ਦਿਰੜ ਇਰਾਦੇ ਨਾਲ ਉਸ ਸ਼ਖਸ਼ੀਅਤ ਨੇ ਸਮਾਜ ਚ ਆਪਣੀ ਪਹਿਚਾਣ ਬਣਾਈ, ਨਾਮ ਕਮਾਇਆ ਤੇ ਨਾਮਣਾ ਖੱਟਿਆ, ਉਸੇ ਤਰਾਂ ਦੀ ਮਿਹਨਤ ਸਾਨੂੰ ਵੀ ਕਰਨੀ ਪਵੇਗੀ ਤਾਂ ਕਿ ਆਉਣ ਵਾਲੇ ਕੱਲ੍ਹ ਨੂੰ ਸਾਡੇ ਨਾਲ ਵੀ ਸਾਡੇ ਪਰਸੰਸਕ ਤਸਵੀਰਾ ਕਰਵਾ ਕੇ ਮਾਣ ਮਹਿਸੂਸ ਕਰ ਸਕਣ ਤੇ ਅਸੀ ਉਹਨਾ ਦੇ ਪਰੇਰਣਾ ਸਰੋਤ ਬਣ ਸਕੀਏ । ਕਹਿਣ ਦਾ ਭਾਵ ਇਹ ਕਿ ਕਿਸੇ ਸੈਲੀਬਰੇਟੀ ਦਾ ਫੈਨ ਹੋ ਕੇ, ਮੌਕਾ ਮਿਲ ਜਾਣ ਉਪਰੰਤ ਉਸ ਨਾਲ ਸਿਰਫ ਤਸਵੀਰ ਸੈਲਫੀ ਵਗੈਰਾ ਕਰਵਾ ਲੈਣੀ ਹੀ ਕਾਫੀ ਨਹੀ ਹੁੰਦੀ ਸਗੋ ਉਸ ਦੀਆ ਪਰਾਪਤੀਆਂ ਦੀ ਪਰੋਫਾਈਲ ਨੂੰ ਜਾਨਣਾ  ਤੇ ਉਹਨਾ ਪਰਾਪਤੀਆ ਦੇ ਪਿਛੇ ਘਾਲੀ ਗਈ ਘਾਲਣਾ ਨੂੰ ਧਿਆਨ ਚ ਰੱਖਕੇ ਉਸ ਦੇ ਪਦ ਚਿੰਨਾ 'ਤੇ ਚਲਦੇ ਹੋਏ ਆਪ ਵੀ ਮੁਆਰਕੇ ਮਾਰਨੇ ਚਾਹੀਦੇ ਹਨ, ਜਿਸ ਨਾਲ ਆਪਣੇ ਨਾਮ ਨੂੰ ਵੀ ਚਾਰ ਚੰਨ ਲੱਗਣ ਤੇ ਸਮਾਜ ਵਿਚ ਵੱਡਾ ਨਾਮਣਾ ਮਿਲੇ । 

ਬੌਲੀਵੁਡ ਦੇ ਮਸ਼ਹੂਰ ਐਕਟਰ ਅਮਿਤਾਬ ਬੱਚਨ ਦੇ ਪਿਤਾ ਮਰਹੂਮ ਹਰਬੰਸ ਰਾਏ ਬਚਨ ਦੀ ਇਕ ਕਵਿਤਾ ਦੇ ਬੋਲ ਹਨ ਕਿ "ਯੁੱਗ ਨਹੀ ਬਦਲਤਾ, ਮਗਰ ਕੁੱਝ ਲੋਕ ਹੋਤੇ ਹੈਂ ਜੋ, ਯੁੱਗ ਕੀ ਪਰਿਭਾਸ਼ਾ ਬਦਲ ਦੇਤੇ ਹੈਂ ।" ਠੀਕ ਇਸੇ ਤਰਾਂ ਇਹ ਸਾਡੇ ਆਪਣੇ ਵਸ ਚ ਹੈ ਕਿ ਆਉਣ ਵਾਲੇ ਕਲ੍ਹ ਨੂੰ ਸੁਨਹਿਰੀ ਬਣਾਉਣਾ ਹੈ ਜਾਂ ਨਹੀ, ਆਉਣ ਵਾਲੇ ਸਮੇ ਚ ਸਿਰਫ ਸੈਲੀਬਰੇਟੀਆਂ ਨਾਲ ਤਸਵੀਰਾ ਕਰਾਉਣ ਤੱਕ ਹੀ ਸੀਮਿਤ ਰਹਿਣਾ ਹੈ ਜਾਂ ਫਿਰ ਆਪਣੇ ਆਪ ਵਿਚ ਉਹ ਖੂਬੀਆ ਪੈਦਾ ਕਰਕੇ ਸੈਲੀਬਰੇਟੀ ਬਣਨ ਦੀ ਯੋਗਤਾ ਪੈਦਾ ਕਰਨੀ ਹੈ ਤੇ ਹਾਲਾਤਾਂ ਨੂੰ ਉਲਟ ਗੇੜਾ ਦੇਣਾ ਹੈ, ਗੱਲ ਸਿਰਫ ਸੋਚ ਦੀ ਹੈ, ਪਰੇਰਣਾ ਦੀ ਹੈ, ਕਿਸੇ ਮਿਥੇ ਨਿਸ਼ਾਨੇ ਦੀ ਪੁਰਤੀ ਹਿਤ ਕੀਤੇ ਜਾਣ ਵਾਲੇ ਯਤਨਾ ਦੀ ਹੈ । 

ਇਸ ਤੋ ਵੀ ਹੋਰ ਅਗੇ, ਗੱਲ ਸਾਡੀ ਸੋਚ ਦੇ ਤੰਗ ਜਾਂ ਖੁਲੇ ਦਾਇਰੇ ਦੀ ਹੈ । ਤੰਗ ਦਾਇਰੇ ਵਾਲੇ ਸੈਲੀਬਰੇਟੀਆਂ ਨਾਲ ਤਸਵੀਰਾ ਕਰਵਾਉਣ ਨੂੰ ਹੀ ਮੱਲ ਮਾਰ ਲਈ ਸਮਝਣਗੇ ਜਦ ਕਿ ਵਿਸ਼ਾਲ ਸੋਚ ਵਾਲੇ ਉਸ ਵਰਗਾ ਬਣਨ ਦਾ ਸੁਪਨਾ ਲੇ ਕੇ, ਉਸ ਸੁਪਨੇ ਨੂੰ ਹਕੀਕਤ ਚ ਬਦਲਣ ਵਾਸਤੇ ਉਪਰਾਲੇ ਕਰਨੇ ਸ਼ੁਰੂ ਕਰ ਦੇਣਗੇ । ਤੰਗ ਦਾਇਰੇ ਵਾਲੇ ਆਲਸ ਤੇ ਸੁਸਤੀ ਦੇ ਸ਼ਿਕਾਰ ਹੋ ਕੇ ਨਿਕੱਮੇਪਨ ਤੇ ਫੁਕਰਪੰਥੀ ਵੱਲ ਵਧਣਗੇ, ਜਦ ਕਿ ਕੁਝ ਕਰ ਗੁਜਰਨ ਦੀ ਰਚਨਾਤਮਕ ਸੋਚ ਰੱਖਣ ਵਾਲੇ ਧੁਨ ਦੇ ਪੱਕੇ ਹੋ ਕੇ ਕਿਸੇ ਨ ਕਿਸੇ ਉਚੇ ਮੁਕਾਮ 'ਦੀ ਬੁਲੰਦੀ ‘ਤੇ ਪਹੁੰਚ ਕੇ ਧਰੂੰ ਤਾਰੇ ਵਾਂਗ ਚਮਕਣਗੇ ਤੇ ਸਫਲਤਾ ਦੇ ਪਰਚਮ ਲਹਿਰਾਉਣਗੇ ਜਾਂ ਇੰਜ ਵੀ ਕਹਿ ਸਕਦੇ ਹਾਂ ਕਿ ਕੁਝ ਬਣਨ ਕਰਨ ਦਾ ਉਦੇਸ਼ ਰੱਖਣ ਵਾਲੇ ਪੀ ਐਚ ਡੀ ਕਰ ਜਾਣਗੇ ਜਦ ਕਿ ਜਦ ਕਿ ਹੱਥੀ ਕੁਜ ਕਰਨ ਦੀ ਬਜਾਏ ਦੂਸਰਿਆਂ ਨਾਲ ਤਸਵੀਰਾਂ ਖਿਚਵਾਉਣ ਨੂੰ ਪ੍ਰਾਪਤੀਆਂ ਸਮਝਣ ਵਾਲੇ ਇੱਕੋ ਜਗਾ ਤੇ ਇੱਕੋ ਜਮਾਤ ਦੇ ਬੁੱਢੇ ਕੁੱਕੜ ਬਣਕੇ ਰਹਿ ਜਾਣਗੇ । 

ਮੁੱਕਦੀ ਗੱਲ ਇਹ ਕਿ ਆਪਣੇ ਆਪ ਨੂੰ  ਸਮੇਂ ਦੇ ਹਾਣਦਾ ਰੱਖੋ, ਸਮੇਂ ਦੀ ਕਦਰ ਕਰੋ, ਵਿਸਾਲ ਸੋਚ ਦੇ ਮਾਲਿਕ ਬਣੋ, ਨਿਸ਼ਾਨਾ ਮਿਥੋ, ਪ੍ਰੇਰਨਾ ਦਾ ਕੋਈ ਵੀ ਸੋਮਾ ਹੈ, ਉਸ ‘ਤੇ ਧਿਆਨ ਕੇਂਦਰਤ ਕਰਦੇ ਹੋਏ ਦਿਰੜ ਨਿਸ਼ਚੇ ਤੇ ਲਗਨ ਨਾਲ ਮਿਹਨਤ ਕਰਦੇ ਹੋਏ ਆਪਣੇ ਮਿੱਥੇ ਨਿਸ਼ਾਨੇ ਵੱਲ ਵਧੋ । ਸੰਸਾਰ ਚ ਆਪਣੀ ਪਹਿਚਾਣ ਬਣਾਓ ਤੇ ਦੂਸਰਿਆਂ ਵਾਸਤੇ ਪ੍ਰੇਰਣਾ ਸਰੋਤ ਬਣੋ । ਫੁਕਰੀਆਂ ਤੇ ਟੁਚੀਆਂ ਗੱਲਾਂ ਨੂੰ ਜੀਵਨ ਵਿੱਚੋਂ ਮਨਫੀ ਕਰਕੇ ਰਚਨਾਤਮਿਕ ਤੇ ਸਕਾਰਾਤਮਕ ਸੋਚ ਰੱਖੋ । ਜ਼ਿੰਦਗੀ ਚ ਪ੍ਰਾਪਤੀਆਂ ਕਰਦੇ ਹੋ, ਉਹਨਾਂ ਨੂੰ ਦਿਮਾਗ ਚ ਨਾ ਚੜ੍ਹਨ ਦਿਓ, ਦਿਲ ਚ ਰੱਖੋ, ਹਮੇਸ਼ਾ ਨਿਮਰ ਰਹੋ । ਜੇਕਰ ਇਸ ਤਰਾਂ ਦਾ ਆਪਣੇ ਆਪ ਨੂੰ ਬਣਾ ਲੈਂਦੇ ਹੋ ਤਾਂ ਫੇਰ ਕੋਈ ਵਜ੍ਹਾ ਨਹੀਂ ਕਿ ਤਹਾਜਾ ਅਗਲਾ ਸਮਾਂ ਸੁਨਹਿਰੀ ਨਾ ਹੋਵੇ ਤੇ ਲੋਕ ਤੁਹਾਡੇ ਕਦਰਦਾਨ ਨਾ ਹੋਣ। ਆਪਣੇ ਆਪ ਨੂੰ ਆਮ ਤੋਂ ਖ਼ਾਸ ਬਣਾਓਗੇ ਵਾਸਤੇ ਨੇਮ ਨਾਲ ਉੱਦਮ ਕਰੋ ਤੇ ਨਿਰੰਤਰ ਕਰਦੇ ਰਹੋ, ਹੱਥ ‘ਤੇ ਹੱਥ ਧਰਕੇ ਬੈਠਿਆਂ ਕੋਈ ਵੀ ਪ੍ਰਾਪਤੀ ਦੀ ਆਸ ਰੱਖਣਾ ਸਿਰਫ ਤੇ ਸਿਰਫ ਮੂਰਖਪੰਥੀ ਸੋਚ ਹੀ ਹੋ ਸਕਦੀ ਹੈ । 

ਪ੍ਰੋ ਸ਼ਿੰਗਾਰਾ ਸਿੰਘ ਢਿੱਲੋਂ 

22/05/2020

ਕੋਰੋਨਾ ਦੇ ਇਲਾਜ ਲਈ ਯੂ.ਕੇ"ਚ ਤਿਆਰ ਟੀਕੇ ਦੀ 10 ਹਜ਼ਾਰ ਤੋਂ ਵੱਧ ਲੋਕਾਂ 'ਤੇ ਪਰੀਖਣ ਦੀ ਤਿਆਰੀ

ਲੰਡਨ- ਮਈ 2020-(ਰਾਜਵੀਰ ਸਮਰਾ)-ਬ੍ਰਿਟਿਸ਼ ਵਿਗਿਆਨੀਆਂ ਵੱਲੋਂ ਕੋਰੋਨਾਵਾਇਰਸ ਦੇ ਇਲਾਜ ਲਈ ਤਿਆਰ ਪ੍ਰਯੋਗਾਤਮਕ ਟੀਕੇ ਦਾ ਪਰੀਖਣ ਅਗਲੇ ਪੜਾਅ ਵਿਚ ਪਹੁੰਚ ਰਿਹਾ ਹੈ। ਇਸ ਦੇ ਸਫਲ ਹੋਣ 'ਤੇ 10 ਹਜ਼ਾਰ ਤੋਂ ਵਧੇਰੇ ਲੋਕਾਂ ਨੂੰ ਟੀਕਾ ਲਗਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਪਿਛਲੇ ਮਹੀਨੇ ਆਕਸਫੋਰਡ ਯੂਨੀਵਰਸਿਟੀ ਦੇ ਸ਼ੋਧ ਕਰਤਾਵਾਂ ਨੇ ਪ੍ਰਯੋਗਾਤਮਕ ਟੀਕੇ ਦਾ ਪ੍ਰਭਾਵ ਅਤੇ ਸੁਰੱਖਿਆ ਦੀ ਜਾਂਚ ਕਰਨ ਦੇ ਲਈ 1,000 ਤੋਂ ਵਧੇਰੇ ਵਾਲੰਟੀਅਰਾਂ 'ਤੇ ਪਰੀਖਣ ਦੀ ਸ਼ੁਰੂਆਤ ਕੀਤੀ ਸੀ। ਵਿਗਿਆਨੀਆਂ ਨੇ ਸ਼ੁੱਕਰਵਾਰ ਨੂੰ ਐਲਾਨ ਕੀਤਾ ਕਿ ਉਹਨਾਂ ਦੀ ਯੋਜਨਾ ਹੁਣ ਪੂਰੇ ਬ੍ਰਿਟੇਨ ਵਿਚ ਬੱਚਿਆਂ ਅਤੇ ਬਜ਼ੁਰਗਾਂ ਸਮੇਤ 10,260 ਲੋਕਾਂ 'ਤੇ ਇਸ ਟੀਕੇ ਦਾ ਪਰੀਖਣ ਕਰਨ ਦੀ ਹੈ।

ਆਕਸਫੋਰਡ ਯੂਨੀਵਰਸਿਟੀ ਵਿਚ ਟੀਕਾ ਵਿਕਸਿਤ ਕਰਨ ਦੇ ਕੰਮ ਵਿਚ ਲੱਗੀ ਟੀਮ ਦੀ ਅਗਵਾਈ ਕਰ ਰਹੇ ਐਂਡਰਿਊ ਪੋਲਾਰਡ ਨੇ ਕਿਹਾ,''ਮੈਡੀਕਲ ਅਧਿਐਨ ਬਹੁਤ ਬਿਹਤਰ ਤਰੀਕੇ ਨਾਲ ਅੱਗੇ ਵੱਧ ਰਿਹਾ ਹੈ ਅਤੇ ਅਸੀਂ ਬਜ਼ੁਰਗਾਂ 'ਤੇ ਵੀ ਇਸ ਟੀਕੇ ਦਾ ਪਰੀਖਣ ਸ਼ੁਰੂ ਕਰਨ ਜਾ ਰਹੇ ਹਾਂ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕੀ  ਟੀਕਾ ਪੂਰੀ ਆਬਾਦੀ ਨੂੰ ਸੁਰੱਖਿਆ ਮੁਹੱਈਆ ਕਰਵਾ ਸਕਦਾ ਹੈ।'' ਇਸ ਹਫਤੇ ਦੀ ਸ਼ੁਰੂਆਤ ਵਿਚ ਦਵਾਈ ਨਿਰਮਾਤਾ ਐਸਟਰਾਜੀਨਸ ਨੇ ਕਿਹਾ ਸੀ ਕਿ ਉਸ ਨੇ ਆਕਸਫੋਰਡ ਯੂਨੀਵਰਸਿਟੀ ਵੱਲੋਂ ਵਿਕਸਿਤ ਟੀਕੇ ਦੀਆਂ 40 ਕਰੋੜ ਖੁਰਾਕਾਂ ਲਈ ਸਮਝੌਤਾ ਕੀਤਾ ਹੈ। ਟੀਕੇ  ਦੇ ਵਿਕਾਸ, ਉਤਪਾਦਨ ਅਤੇ ਵੰਡ ਦੇ ਲਈ ਅਮਰੀਕੀ ਸਰਕਾਰ ਦੀ ਏਜੰਸੀ ਨੇ ਇਕ ਅਰਬ ਡਾਲਰ ਦਾ ਨਿਵੇਸ਼ ਕੀਤਾ ਹੈ। 

ਕੋਰੋਨਾਵਾਇਰਸ ਦੇ ਇਲਾਜ ਲਈ ਕਰੀਬ ਇਕ ਦਰਜਨ ਸੰਭਾਵਿਤ ਟੀਕੇ ਮਨੁੱਖ 'ਤੇ ਪਰੀਖਣ ਸ਼ੁਰੂ ਕਰਨ ਦੇ ਲਈ ਸ਼ੁਰੂਆਤੀ ਪੜਾਅ ਵਿਚ ਪਹੁੰਚ ਗਏ ਹਨ ਜਾਂ ਸ਼ੁਰੂ ਹੋਣ ਵਾਲੇ ਹਨ। ਇਹਨਾਂ ਵਿਚੋਂ ਜ਼ਿਆਦਾਤਰ ਚੀਨ, ਅਮਰੀਕਾ ਅਤੇ ਯੂਰਪ ਦੇ ਹਨ ਅਤੇ ਦਰਜਨਾਂ ਹੋਰ ਟੀਕੇ ਵਿਕਾਸ ਦੇ ਸ਼ੁਰੂਆਤੀ ਦੌਰ ਵਿਚ ਹਨ। ਹੁਣ ਤੱਕ ਵਿਗਿਆਨੀਆਂ ਨੇ ਇੰਨੇ ਘੱਟ ਸਮੇਂ ਵਿਚ ਕੋਈ ਟੀਕਾ ਵਿਕਸਿਤ ਨਹੀਂ ਕੀਤਾ ਅਤੇ ਹਾਲੇ ਇਹ ਸਪੱਸ਼ਟ ਨਹੀਂ ਹੈ ਕਿ ਆਖਿਰ ਕੀ ਇਹ ਟੀਕੇ ਸੁਰੱਖਿਅਤ ਅਤੇ ਪ੍ਰਭਾਵੀ ਸਾਬਤ ਹੋਣਗੇ। ਅਜਿਹੀ ਸੰਭਾਵਨਾ ਹੈ ਕਿ ਸ਼ੁਰੂਆਤ ਵਿਚ ਪ੍ਰਭਾਵੀ ਦਿਸਣ ਵਾਲਾ ਟੀਕਾ ਵੱਡੇ ਪੱਧਰ 'ਤੇ ਹੋਣ ਵਾਲੇ ਪਰੀਖਣ ਵਿਚ ਅਸਫਲ ਹੋ ਜਾਵੇ। ਇਸ ਲਈ ਇਹ ਬਹੁਤ ਮਹੱਤਵਪੂਰਣ ਹੈ। 

ਕਈ ਸੰਭਾਵਿਤ ਟੀਕਿਆਂ ਨੂੰ ਵੱਖ-ਵੱਖ ਤਕਨਾਲੌਜੀ ਨਾਲ ਵਿਕਸਿਤ ਕੀਤਾ ਜਾ ਰਿਹਾ ਹੈ ਅਤੇ ਇਸ ਵਿਚੋਂ ਘੱਟੋ-ਘੱਟ ਇਕ ਦੇ ਸਫਲ ਹੋਣ ਦੀ ਆਸ ਵੱਧ ਜਾਂਦੀ ਹੈ। ਜ਼ਿਆਦਾਤਰ ਵਿਕਸਿਤ ਹੋ ਰਹੇ ਟੀਕਿਆਂ ਦੀ ਕੋਸ਼ਿਸ ਸਰੀਰ ਵਿਚ ਪ੍ਰਤੀਰੋਧਕ ਸਮਰੱਥਾ ਵਿਕਸਿਤ ਕਰਨਾ ਹੈ ਤਾਂ ਜੋ ਨਵੇਂ ਕੋਰੋਨਾਵਾਇਰਸ ਦੀ ਸਤਹਿ 'ਤੇ ਮੌਜੂਦ ਪ੍ਰੋਟੀਨ ਦੀ ਸਰੀਰ ਪਛਾਣ ਕਰਕੇ ਵਾਸਤਵਿਕ ਇਨਫੈਕਸ਼ਨ ਹੋਣ ਤੋਂ ਪਹਿਲਾਂ ਹੀ ਉਸ ਨੂੰ ਨਸ਼ਟ ਕਰ ਦੇਵੇ। ਆਰਕਸਫੋਡ ਯੂਨੀਵਰਸਿਟੀ ਵੱਲੋਂ ਤਿਆਰ ਟੀਕੇ ਵਿਚ ਨੁਕਸਾਨ ਨਾ ਪਹੁੰਚਾਉਣ ਵਾਲੇ ਚਿੰਮਪੈਂਜੀ ਕੋਲਡ ਵਾਇਰਸ ਦੀ ਵਰਤੋਂ ਕੀਤੀ ਗਈ ਹੈ। ਇਸ ਵਿਚ ਅਜਿਹੀਆਂ ਤਬਦੀਲੀਆਂ ਕੀਤੀਆਂ ਗਈਆਂ ਹਨ ਤਾਂ ਜੋ ਸਰੀਰ ਕੋਰੋਨਾ ਨਾਲ ਲੜਨ ਵਾਲੇ ਪ੍ਰੋਟੀਨ ਨਾਲ ਭਰਪੂਰ ਹੋ ਜਾਵੇ। ਚੀਨੀ ਕੰਪਨੀ ਵੀ ਇਸੇ ਤਕਨੀਕ 'ਤੇ ਟੀਕਾ ਵਿਕਸਿਤ ਕਰ ਰਹੀ ਹੈ।

ਕੋਰੋਨਾਵਾਇਰਸ ਦੇ ਵਿਰੁੱਧ ਟੀਕਾ ਵਿਕਸਿਤ ਕਰਨ ਦੇ ਹੋਰ ਪ੍ਰਮੁੱਖ ਦਾਅਵੇਦਾਰਾਂ ਵਿਚ ਅਮਰੀਕਾ ਸਥਿਤ ਨੈਸ਼ਨਲ ਇੰਸਟੀਚਿਊਟ ਆਫ ਹੈਲਥ ਐਂਡ ਮੋਡੇਰਨਾ ਇੰਕ ਅਤੇ ਇਨਵਿਯੋ ਫਾਰਮਾਸੂਟੀਕਲ ਹੈ। ਦੋਹਾਂ ਟੀਕਿਆਂ ਵਿਚ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕੋਰੋਨਾਵਾਇਰਸ ਦੇ ਜੈਨੇਟਿਕਸ ਨੂੰ ਸਰੀਰ ਵਿਚ ਟਰਾਂਸਪਲਾਂਟ ਕੀਤਾ ਜਾਵੇ ਤਾਂ ਜੋ ਉਹ ਖੁਦ ਪ੍ਰਤੀਰੋਧੀ ਪ੍ਰੋਟੀਨ (ਐਂਟੀਬੌਡੀ) ਵਿਕਸਿਤ ਕਰੇ ਜੋ ਪ੍ਰਤੀਰੋਧਕ ਸਮਰੱਥਾ ਲਈ ਜ਼ਰੂਰੀ ਹੈ। ਇਸ ਵਿਚ ਕੰਪਨੀਆਂ ਅਤੇ ਸਰਕਾਰਾਂ ਟੀਕਿਆਂ ਦਾ ਉਤਪਾਦਨ ਵਧਾਉਣ 'ਤੇ ਧਿਆਨ ਕੇਂਦਰਿਤ ਕਰ ਰਹੀਆਂ ਹਨ ਤਾਂ ਜੋ ਸਫਲ ਟੀਕੇ ਦੀਆਂ ਕਰੋੜਾਂ ਖੁਰਾਕਾਂ ਬਣਾਈਆਂ ਜਾ ਸਕਣ। ਮੰਨਿਆ ਜਾ ਰਿਹਾ ਹੈਕਿ ਕੰਪਨੀਆਂ ਅਤੇ ਸਰਕਾਰਾਂ ਦੇ ਲਈ ਇਹ ਜੂਏ ਦੀ ਤਰ੍ਹਾਂ ਹੈ। ਜੇਕਰ ਇਹ ਅਸਫਲ ਹੁੰਦਾ ਹੈ ਤਾਂ ਵੱਡੀ ਰਾਸ਼ੀ ਦੀ ਬਰਬਾਦੀ ਹੋਵੇਗੀ ਪਰ ਚੰਗੀ ਕਿਸਮਤ ਨਾਲ ਸਫਲ ਹੋ ਜਾਣ 'ਤੇ ਕੁਝ ਮਹੀਨਿਆਂ ਵਿਚ ਹੀ ਵੱਡੇ ਪੱਧਰ 'ਤੇ ਲੋਕਾਂ ਨੂੰ ਟੀਕੇ ਦੇਣ ਦੀ ਸ਼ੁਰੂਆਤ ਹੋ ਸਕਦੀ ਹੈ।

ਯੂ.ਕੇ''ਚ ਕੋਰੋਨਾ ਦਾ ਕਹਿਰ ਜਾਰੀ, ਹੁਣ ਤੱਕ 36 ਹਜ਼ਾਰ ਲੋਕਾਂ ਦੀ ਮੌਤ

ਲੰਡਨ , ਮਈ 2020 -(ਰਾਜਵੀਰ ਸਮਰਾ) - ਬਿ੍ਰਟੇਨ ਵਿਚ ਗਲੋਬਲ ਮਹਾਮਾਰੀ ਕੋਰੋਨਾਵਾਇਰਸ ਦਾ ਕਹਿਰ ਰੁਕਣ ਦਾ ਨਾਂ ਹੀ ਲੈ ਰਿਹਾ ਅਤੇ ਘਾਤਕ ਵਾਇਰਸ ਦੀ ਲਪੇਟ ਵਿਚ ਆਉਣ ਨਾਲ ਪਿਛਲੇ 24 ਘੰਟਿਆਂ ਵਿਚ 338 ਲੋਕਾਂ ਦੀ ਮੌਤ ਹੋਈ ਹੈ। ਜਿਸ ਤੋਂ ਬਾਅਦ ਇਥੇ ਮਿ੍ਰਤਕਾਂ ਦੀ ਕੁਲ ਗਿਣਤੀ 36,042 ਪਹੁੰਚ ਗਈ ਹੈ। ਸਿਹਤ ਅਤੇ ਸਮਾਜਿਕ ਦੇਖਭਾਲ ਵਿਭਾਗ ਨੇ ਵੀਰਵਾਰ ਨੂੰ ਕਿਹਾ ਕਿ ਮਿ੍ਰਤਕਾਂ ਨੂੰ ਇਨਾਂ ਅੰਕੜਿਆਂ ਵਿਚ ਹਸਪਤਾਲਾਂ ਸਮੇਤ ਘਰਾਂ ਅਤੇ ਹੋਰ ਮੈਡੀਕਲ ਕੇਂਦਰਾਂ ਵਿਚ ਮਰਨ ਵਾਲਿਆਂ ਦੀ ਗਿਣਤੀ ਵੀ ਸ਼ਾਮਲ ਹੈ।

ਕੋਰੋਨਾਵਾਇਰਸ ਮਹਾਮਾਰੀ ਦੇ ਪ੍ਰਭਾਵ ਨਾਲ ਦੁਨੀਆ ਭਰ ਵਿਚ ਹੁਣ ਤੱਕ ਇਸ ਤੋਂ ਪ੍ਰਭਾਵਿਤ ਲੋਕਾਂ ਦੀ ਗਿਣਤੀ 50 ਲੱਖ ਦੇ ਕਰੀਬ ਪਹੁੰਚ ਗਈ ਹੈ ਅਤੇ 3.30 ਲੱਖ ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ। ਅਮਰੀਕਾ ਦੀ ਜਾਨ ਹਾਪਕਿੰਸ ਯੂਨੀਵਰਸਿਟੀ ਦੇ ਵਿਗਿਆਨ ਅਤੇ ਇੰਜੀਨਿਅਰਿੰਗ ਕੇਂਦਰ (ਸੀ. ਐਸ. ਐਸ. ਈ.) ਵੱਲੋਂ ਜਾਰੀ ਅੰਕੜਿਆਂ ਮੁਤਾਬਕ ਕੁਲ ਪ੍ਰਭਾਵਿਤਾਂ ਦੀ ਗਿਣਤੀ ਜਿਥੇ 50 ਲੱਖ ਦੇ ਕਰੀਬ ਪਹੁੰਚ ਗਈ ਹੈ ਉਥੇ ਹੀ 20 ਲੱਖ ਤੋਂ ਜ਼ਿਆਦਾ ਲੋਕਾਂ ਨੇ ਇਸ ਤੋਂ ਰੀ-ਕਵਰ ਹੋ ਚੁੱਕੇ ਹ।

UK coronavirus death toll continues to grow as 235 more lives lost ...

ਕੋਰੋਨਾ ਦੇ ਚੱਲਦੇ ਯੂ.ਕੇ ''ਚ 25 ਫੀਸਦੀ ਤੱਕ ਘੱਟ ਹੋਏ ਅਪਰਾਧ

ਲੰਡਨ- ਮਈ 2020 -(ਰਾਜਵੀਰ ਸਮਰਾ)-

ਯੂ.ਕੇ ਵਿਚ ਕੋਰੋਨਾ ਵਾਇਰਸ ਦੇ ਚੱਲਦੇ ਅਪਰਾਧ ਦੇ ਮਾਮਲੇ ਬਹੁਤ ਘੱਟ ਹੋ ਗਏ ਹਨ। ਕੋਰੋਨਾ ਵਾਇਰਸ ਦੇ ਕਾਰਣ ਲਗਾਏ ਗਏ ਲਾਕਡਾਊਨ ਦੇ ਚੱਲਦੇ ਲੋਕ ਆਪਣੇ ਘਰਾਂ ਵਿਚ ਹੀ ਕੈਦ ਹਨ, ਇਸ ਲਈ ਇਸ ਦੌਰਾਨ ਜੁਰਮ ਦੇ ਮਾਮਲੇ ਬਹੁਤ ਘੱਟ ਹੋਏ ਹਨ। ਨਵੇਂ ਅੰਕੜਿਆਂ ਦੇ ਮੁਤਾਬਕ ਇੰਗਲੈਂਡ ਤੇ ਵੇਲਸ ਵਿਚ ਜੁਰਮ ਦੇ ਮਾਮਲੇ 25 ਫੀਸਦੀ ਘੱਟ ਹੋਏ ਹਨ। 'ਦ ਸਨ' ਦੀ ਇਕ ਰਿਪੋਰਟ ਮੁਤਾਬਕ ਇੰਗਲੈਂਡ ਵਿਚ ਜੁਰਮ ਦੇ ਮਾਮਲੇ ਤਾਂ 25 ਫੀਸਦੀ ਤੱਕ ਘੱਟ ਹੋਏ ਹਨ ਪਰ ਇਸ ਦੌਰਾਨ ਘਰੇਲੂ ਹਿੰਸਾ ਦੇ ਮਾਮਲਿਆਂ ਵਿਚ ਵਾਧਾ ਦੇਖਿਆ ਗਿਆ ਹੈ। ਨਵੇਂ ਅੰਕੜੇ ਮੁਤਾਬਕ ਘਰੇਲੂ ਹਿੰਸਾ ਦੇ ਮਾਮਲਿਆਂ ਵਿਚ ਚਾਰ ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ। ਪਿਛਲੇ ਮਹੀਨੇ ਇਸ ਵਿਚ ਇਕ ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਸੀ।

ਲਾਕਡਾਊਨ ਵਿਚ ਵਧੇ ਘਰੇਲੂ ਹਿੰਸਾ ਦੇ ਮਾਮਲੇ
ਇਸ ਵਿਚਾਲੇ ਕੁਝ ਅੰਕੜੇ ਪਰੇਸ਼ਾਨ ਕਰਨ ਵਾਲੇ ਵੀ ਹਨ। ਬ੍ਰਿਟੇਨ ਵਿਚ ਪਿਛਲੇ ਮਹੀਨੇ ਦੇ ਲਾਕਡਾਊਨ ਦੌਰਾਨ 200 ਹੈਲਥ ਵਰਕਰਾਂ 'ਤੇ ਹਮਲੇ ਹੋਏ। ਇਸ ਦੌਰਾਨ ਕੋਰੋਨਾ ਵਾਇਰਸ ਨਾਲ ਸਬੰਧਤ ਤਕਰੀਬਨ 660 ਮਾਮਲੇ ਦਰਜ ਕੀਤੇ ਗਏ ਹਨ। ਬ੍ਰਿਟੇਨ ਦੀ ਕਾਮਨ ਜਸਟਿਸ ਕਮੇਟੀ ਨੂੰ ਦਿੱਤੀ ਗਈ ਜਾਣਕਾਰੀ ਵਿਚ ਕਿਹਾ ਗਿਆ ਹੈ ਕਿ ਘਰੇਲੂ ਹਿੰਸਾ ਦੇ ਮਾਮਲਿਆਂ ਵਿਚ ਵਾਧਾ ਹੋਇਆ ਹੈ। ਸੀ.ਪੀ.ਐਸ. ਦੇ ਚੀਫ ਮੈਕਸ ਹਿੱਲ ਨੇ ਇਸ ਬਾਰੇ ਜਾਣਕਾਰੀ ਦਿੱਤੀ ਹੈ। ਹਾਲਾਂਕਿ ਉਹਨਾਂ ਕਿਹਾ ਹੈ ਕਿ ਐਮਰਜੈਂਸੀ ਸੇਵਾ 'ਤੇ ਕਾਲ ਕਰਨ ਦਾ ਇਹ ਮਤਲਬ ਨਹੀਂ ਹੈ ਕਿ ਅਸਲ ਵਿਚ ਘਰੇਲੂ ਹਿੰਸਾ ਦੀ ਘਟਨਾ ਹੋਈ ਹੋਵੇ। ਉਹਨਾਂ ਕਿਹਾ ਹੈ ਕਿ ਕਈ ਵਾਰ ਕਾਲਰ ਆਪਣੇ ਲਈ ਜਾਂ ਫਿਰ ਆਪਣੇ ਰਿਸ਼ਤੇਦਾਰਾਂ ਦੇ ਲਈ ਕਾਲ ਦੀ ਜਾਂਚ ਕਰ ਰਹੇ ਹੁੰਦੇ ਹਨ ਕਿ ਕਾਲ ਕਰਨ 'ਤੇ ਉਹਨਾਂ ਨੂੰ ਕੀ ਰਿਸਪਾਂਸ ਮਿਲਦਾ ਹੈ। ਕਾਲ ਕਰਨ ਦਾ ਮਤਲਬ ਅਪਰਾਧ ਦੀ ਰਿਪੋਰਟ ਕਰਨਾ ਨਹੀਂ ਹੈ। ਮੈਕਸ ਹਿੱਲ ਨੇ ਕਿਹਾ ਹੈ ਕਿ ਲਾਕਡਾਊਨ ਦੌਰਾਨ ਕੁਝ ਵਿਸ਼ੇਸ਼ ਤਰ੍ਹਾਂ ਦੇ ਅਪਰਾਧ ਵਧੇ ਹਨ। ਇਸ ਦੇ ਨਾਲ ਹੀ ਸਾਨੂੰ ਇਹ ਵੀ ਦੇਖਣ ਨੂੰ ਮਿਲਿਆ ਹੈ ਕਿ ਕੁਝ ਮਾਮਲਿਆਂ 'ਤੇ ਸਾਨੂੰ ਜ਼ਿਆਦਾ ਧਿਆਨ ਦੇਣ ਦੀ ਲੋੜ ਹੈ। ਘਰੇਲੂ ਹਿੰਸਾ ਦੇ ਮਾਮਲੇ ਉਸੇ ਤਰ੍ਹਾਂ ਦਾ ਮਾਮਲਾ ਹੈ। ਉਹਨਾਂ ਨੇ ਕਿਹਾ ਕਿ ਘਰੇਲੂ ਹਿੰਸਾ ਦੇ ਮਾਮਲਿਆਂ ਨੂੰ ਤਰਜੀਹ ਨਾਲ ਨਿਪਟਿਆ ਜਾ ਰਿਹਾ ਹੈ। ਅਸੀਂ ਹਰ ਕਿਸੇ ਨੂੰ ਅਲਰਟ ਕੀਤਾ ਹੈ ਕਿ ਉਹ ਐਮਰਜੈਂਸੀ ਹਾਲਾਤ ਵਿਚ ਤੁਰੰਤ ਫੋਨ ਕਰਨ। ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਜੇਕਰ ਘਰੇਲੂ ਹਿੰਸਾ ਦੇ ਮਾਮਲੇ ਦੇਖਦੇ ਵੀ ਹਨ ਤਾਂ ਉਸ ਨੂੰ ਰਿਪੋਰਟ ਕਰਨ।

ਯੂ.ਕੇ''ਚ ਭਾਰਤੀ ਵਿਦਿਆਰਥੀਆਂ ਦੀ ਗਿਣਤੀ ''ਚ 136 ਫੀਸਦੀ ਦਾ ਹੋਇਆ ਵਾਧਾ

ਲੰਡਨ ਮਈ 2002 (ਸਮਰਾ) - ਭਾਰਤੀ ਵਿਦਿਆਰਥੀਆਂ ਵੱਲੋਂ ਉੱਚ ਸਿੱਖਿਆ ਹਾਸਲ ਕਰਨ ਲਈ ਬਿ੍ਰਟੇਨ ਨੂੰ ਚੁਣੇ ਜਾਣ ਕਾਰਨ ਪਿਛਲੇ ਸਾਲ ਇਥੇ ਉਨ੍ਹਾਂ ਦੀ ਗਿਣਤੀ ਵਿਚ 136 ਫੀਸਦੀ ਦਾ ਵਾਧਾ ਹੋਇਆ ਹੈ ਜੋ ਪ੍ਰਵਾਸੀਆਂ ਵਿਚ ਸਭ ਤੋਂ ਜ਼ਿਆਦਾ ਹੈ। ਨਵੇਂ ਇਮੀਗ੍ਰੇਸ਼ਨ ਅੰਕੜੇ ਵੀਰਵਾਰ ਨੂੰ ਇਥੇ ਜਾਰੀ ਕੀਤੇ ਗਏ। ਆਫਿਸ ਫਾਰ ਨੈਸ਼ਨਲ ਸਟੈਟੀਟਿਕਸ (ਓ. ਐਨ. ਐਸ.) ਦੇ ਅੰਕੜਿਆਂ ਤੋਂ ਪਤਾ ਲੱਗਾ ਕਿ ਮਾਰਚ 2020 ਵਿਚ ਖਤਮ ਹੋਏ ਸਾਲ ਵਿਚ 49,844 ਭਾਰਤੀ ਵਿਦਿਆਰਥੀਆਂ ਨੂੰ ਬਿ੍ਰਟੇਨ ਦੇ ਲਈ ਸੱਟਡੀ ਵੀਜ਼ਾ ਦਿੱਤਾ ਗਿਆ। ਸਾਲ 2011 ਤੋਂ ਬਾਅਦ ਭਾਰਤੀ ਵਿਦਿਆਰਥੀਆਂ ਦੀ ਇਹ ਸਭ ਤੋਂ ਵੱਡੀ ਗਿਣਤੀ ਹੈ।

ਇਸ ਵਿਚਾਲੇ ਚੀਨ ਦੇ ਵਿਦਿਆਰਥੀਆਂ ਦੀ ਗਿਣਤੀ ਵਿਚ ਮਾਰਚ 2019 ਨੂੰ ਸਮਾਪਤ ਸਾਲ ਦੀ ਤੁਲਨਾ ਵਿਚ 18 ਫੀਸਦੀ ਦਾ ਵਾਧਾ ਹੋਇਆ ਅਤੇ ਇਹ ਅੰਕੜਾ 1,18,530 ਰਿਹਾ। ਓ. ਐਨ. ਐਸ. ਦੀ ਇਕ ਸੀਨੀਅਰ ਅਧਿਕਾਰੀ ਜੇ ਲਿੰਡੋਪ ਮੁਤਾਬਕ, 2019 ਵਿਚ ਗੈਰ-ਯੂਰਪੀ ਸੰਘ ਤੋਂ ਆਉਣ ਵਾਲੇ ਲੋਕਾਂ ਦੀ ਗਿਣਤੀ ਉੱਚ ਪੱਧਰ 'ਤੇ ਸੀ ਅਤੇ ਅਜਿਹਾ ਚੀਨ ਅਤੇ ਭਾਰਤ ਦੇ ਵਿਦਿਆਰਥੀਆਂ ਦੀ ਗਿਣਤੀ ਵਿਚ ਵਾਧੇ ਕਾਰਨ ਹੋਇਆ। ਇਸ ਵਿਚਾਲੇ ਕੰਮ ਲਈ ਯੂਰਪੀ ਸੰਘ ਦੇ ਦੇਸ਼ਾਂ ਤੋਂ ਆਉਣ ਵਾਲੇ ਲੋਕਾਂ ਦੀ ਗਿਣਤੀ ਵਿਚ ਲਗਾਤਾਰ ਗਿਰਾਵਟ ਆਈ ਹੈ। ਉਨ੍ਹਾਂ ਕਿਹਾ ਕਿ ਅਸੀਂ ਜਾਣਦੇ ਹਾਂ ਕਿ ਕੋਰੋਨਾਵਾਇਰਸ ਮਹਾਮਾਰੀ ਕਾਰਨ ਦਸੰਬਰ ਤੋਂ ਯਾਤਰਾ 'ਤੇ ਖਾਸਾ ਪ੍ਰਭਾਵ ਪਿਆ ਹੈ ਅਤੇ ਨਵੇਂ ਵਿਸ਼ਲੇਸ਼ਣ ਤੋਂ ਪਤਾ ਲੱਗਦਾ ਹੈ ਕਿ ਹਾਲ ਹੀ ਦੇ ਮਹੀਨਿਆਂ ਵਿਚ ਬਿ੍ਰਟੇਨ ਵਿਚ ਵਿਦੇਸ਼ਾਂ ਤੋਂ ਆਉਣ-ਜਾਣ ਵਾਲੇ ਲੋਕਾਂ ਦੀ ਗਿਣਤੀ ਵਿਚ ਕਿਵੇਂ ਕਮੀ ਆਈ ਹੈ।

800 ਬਰਤਾਨਵੀ ਨਾਗਰਿਕਾਂ ਦੀ ਅੈਮ .ਪੀ  ਵਰਿੰਦਰ ਸਰਮਾ ਨੇ ਕੀਤੀ ਮਦਦ 

ਲੰਡਨ, ਮਈ 2020 - ਰਾਜਵੀਰ ਸਮਰਾ)- ਵਿਦੇਸ਼ਾ ਚ ਕੋਵਿਡ 19 ਦੀ ਮਹਾਂਮਾਰੀ ਦੌਰਾਨ  ਫਸੇ ਬਰਤਾਨਵੀ ਨਾਗਰਿਕਾਂ ਦੀ ਐਮ ਪੀ ਵਰਿੰਦਰ ਸ਼ਰਮਾਂ ਵਲੋਂ ਮਦਦ ਕੀਤੀ ਗਈ ਹੈ | ਇਸ ਸਬੰਧ 'ਚ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਮੈਂ ਅਤੇ ਮੇਰੀ ਟੀਮ ਨੇ 800 ਬਰਤਾਨਵੀ ਨਾਗਰਿਕਾਂ ਨੂੰ ਭਾਰਤ ਤੋਂ ਵਾਪਸ ਯੂ. ਕੇ. ਲਿਆਉਣ ਲਈ ਯੂ. ਕੇ. ਦੇ ਵਿਦੇਸ਼ ਮੰਤਰਾਲੇ, ਬਿ੍ਟਿਸ਼ ਹਾਈਕਮਿਸ਼ਨ ਦਿੱਲੀ, ਭਾਰਤੀ ਹਾਈ ਕਮਿਸ਼ਨ ਲੰਡਨ ਅਤੇ ਭਾਰਤ ਸਰਕਾਰ ਨਾਲ ਸੰਪਰਕ ਕਰਕੇ ਉਨ੍ਹਾਂ ਦੀ ਮਦਦ ਕੀਤੀ ਹੈ | ਉਨ੍ਹਾਂ ਕਿਹਾ ਕਿ ਭਾਰਤ 'ਚੋਂ ਯੂ. ਕੇ. ਆਉਣ ਲਈ 20,000 ਦੇ ਕਰੀਬ ਬਰਤਾਨਵੀ ਨਾਗਰਿਕ ਆਪਣਾ ਨਾਮ ਦਰਜ ਕਰਵਾ ਚੁੱਕੇ ਹਨ | ਜਿਨ੍ਹਾਂ 'ਚੋਂ ਅਜੇ ਵੀ 3500 ਨਾਗਰਿਕ ਭਾਰਤ ਵਿਚ ਫਸੇ ਹੋਏ ਹਨ, ਜਿਨ੍ਹਾਂ ਦੀ ਘਰ ਵਾਪਸੀ ਲਈ ਅਸੀਂ ਯਤਨਸ਼ੀਲ ਹਾਂ | ਉਨ੍ਹਾਂ ਦੱਸਿਆ ਕਿ ਯੂ. ਕ. 'ਚ ਫਸੇ ਪੰਜਾਬੀਆਂ ਨੂੰ ਵਾਪਸ ਲਿਜਾਣ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਫੋਨ ਅਤੇ ਚਿੱਠੀ ਪੱਤਰ ਰਾਹੀਂ ਵੀ ਗੱਲਬਾਤ ਕੀਤੀ |