You are here

ਯੂ ਕੇ ਚ ਸਿੱਖ ਡਾਕਟਰ ਵਲੋਂ ਪੀ.ਪੀ.ਈ. ਕਿੱਟ ਲਈ ਦਾੜ੍ਹੀ ਕੱਟਣ ਤੋਂ ਇਨਕਾਰ

ਵੁਲਵਰਹੈਂਪਟਨ/ਯੂ ਕੇ,ਮਈ 2020 -(ਗਿਆਨੀ ਰਾਵਿਦਾਰਪਾਲ ਸਿੰਘ)-

 ਸਿੱਖਾਂ ਨੂੰ 21ਵੀਂ ਸਦੀ 'ਚ ਵੀ ਵਿਤਕਰੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ ।ਸਿੱਖ ਮਰਿਯਾਦਾ ਤੇ ਸਿੱਖਾਂ ਦੇ ਧਾਰਮਿਕ ਹੱਕਾਂ ਦੀਆਂ ਅੱਜ ਵੀ ਧੱਜ਼ੀਆਂ ਉੱਡ ਰਹੀਆਂ ਹਨ । ਯੂ.ਕੇ. 'ਚ ਇਕ ਸਿੱਖ ਡਾਕਟਰ ਨੂੰ ਮੋਹਰਲੀ ਕਤਾਰ ਦੀਆਂ ਸੇਵਾਵਾਂ ਤੋਂ ਇਸ ਕਰਕੇ ਹਟਾ ਦਿੱਤਾ ਗਿਆ, ਕਿਉਂਕਿ ਉਸ ਨੇ ਪੀ.ਪੀ.ਈ. ਕਿੱਟਾਂ ਦੀ ਘਾਟ ਕਾਰਨ ਆਪਣੀ ਦਾਹੜੀ ਸ਼ੇਵ ਕਰਨ ਤੋਂ ਨਾਂਹ ਕਰ ਦਿੱਤੀ ਸੀ । ਡਾ: ਸੁਖਦੇਵ ਸਿੰਘ ਚੇਅਰਮੈਨ ਸਿੱਖ ਡਾਕਟਰ ਐਸੋਸੀਏਸ਼ਨ ਨੇ ਕਿਹਾ ਹੈ ਕਿ ਵੁਲਵਰਹੈਂਪਟਨ ਦੇ ਹਸਪਤਾਲ 'ਚ ਕੰਮ ਕਰਨ ਵਾਲੇ 30 ਸਾਲਾ ਸਿੱਖ ਡਾਕਟਰ ਦਾ ਇਕ ਬਹੁਤ ਹੀ ਦੁਖਦਾਈ ਮਾਮਲਾ ਸਾਹਮਣੇ ਆਇਆ ਹੈ, ਜਦੋਂ ਉਸ ਨੂੰ ਐਫ.ਐਫ.ਪੀ. 3 ਮਾਸਕ ਫਿੱਟ ਨਾ ਆਉਣ 'ਤੇ ਦਾਹੜੀ ਸ਼ੇਵ ਕਰਨ ਦੇ ਹੁਕਮ ਦਿੱਤੇ ਗਏ । ਸਿੱਖ ਡਾਕਟਰ ਵਲੋਂ ਇਸ ਦਾ ਵਿਰੋਧ ਕਰਨ 'ਤੇ ਉਸ ਨੂੰ ਵਾਰਡ 'ਚ ਪਿੱਛੇ ਰਹਿ ਕੇ ਕੰਮ ਕਰਨ ਲਈ ਕਿਹਾ ਗਿਆ ਹੈ । ਕੋਰੋਨਾ ਮਹਾਂਮਾਰੀ ਦੇ ਚਲਦਿਆਂ ਸਿਹਤ ਵਿਭਾਗ ਨੇ ਪਹਿਲਾਂ ਵੀ ਡਾਕਟਰਾਂ ਨੂੰ ਚਿਹਰੇ ਦੇ ਵਾਲ ਹਟਾਉਣ ਦੇ ਹੁਕਮ ਦਿੱਤੇ ਸਨ, ਤਾਂ ਕਿ ਮਾਸਕ ਫਿੱਟ ਹੋ ਸਕੇ ਪਰ ਇਨ੍ਹਾਂ ਹੁਕਮਾਂ 'ਚ ਧਾਰਮਿਕ ਮਰਿਯਾਦਾ ਵਾਲੇ ਡਾਕਟਰਾਂ ਨੂੰ ਛੋਟ ਦਿੱਤੀ ਗਈ ਸੀ । ਸਿੱਖ ਡਾਕਟਰ ਐਸੋਸੀਏਸ਼ਨ ਦੇ ਚੇਅਰਮੈਨ ਡਾ: ਸੁਖਦੇਵ ਸਿੰਘ ਦਾ ਕਹਿਣਾ ਹੈ ਕਿ ਐਨ.ਐਚ.ਐਸ. ਨੂੰ ਦਾਹੜੀ ਰੱਖਣ ਵਾਲੇ ਸਿੱਖ ਤੇ ਮੁਸਲਮਾਨ ਡਾਕਟਰਾਂ ਲਈ ਲੋੜੀਂਦੀਆਂ ਤੇ ਸਹੀ ਪੀ.ਪੀ.ਈ. ਕਿੱਟਾਂ ਦਾ ਪ੍ਰਬੰਧ ਕਰਨਾ ਚਾਹੀਦਾ ਹੈ ਨਾ ਕਿ ਡਾਕਟਰਾਂ ਨੂੰ ਕੰਮ ਛੱਡਣ ਜਾਂ ਮਾਨਸਿਕ ਤਸੀਹੇ ਦੇਣੇ ਚਾਹੀਦੇ ਹਨ। |