ਸਿੱਖ ਡਾਕਟਰਾਂ ਵੱਲੋਂ ਫਰੰਟਲਾਈਨ ਤੋਂ ਹਟਾਉਣ ਖ਼ਿਲਾਫ਼ ਮੁਹਿੰਮ ਚਾਲੂ

ਲੰਡਨ ,ਮਈ 2020 -(ਏਜੰਸੀ )- ਬਰਤਾਨੀਆ ਦੇ ਸਿੱਖ ਡਾਕਟਰਾਂ ਨੇ ਜਬਰੀ ਦਾੜ੍ਹੀ ਸਾਫ਼ ਕਰਵਾਉਣ ਦੇ ਕੌਮੀ ਸਿਹਤ ਸੇਵਾ ਦੇ ਫ਼ੈਸਲੇ ਖ਼ਿਲਾਫ਼ ਮੁਹਿੰਮ ਸ਼ੁਰੂ ਕੀਤੀ ਹੈ। ਕੌਮੀ ਸਿਹਤ ਸੇਵਾ ਦੇ ਆਦੇਸ਼ ਅਨੁਸਾਰ ਵੱਖ-ਵੱਖ ਹਸਪਤਾਲਾਂ ਵਿਚ ਕੋਰੋਨਾ ਵਾਇਰਸ ਦਾ ਇਲਾਜ ਕਰ ਰਹੇ ਉਨ੍ਹਾਂ ਡਾਕਟਰਾਂ ਨੂੰ ਫਰੰਟਲਾਈਨ ਡਿਊਟੀ ਤੋਂ ਇਸ ਕਰ ਕੇ ਹਟਾ ਦਿੱਤਾ ਗਿਆ ਹੈ ਕਿ ਉਨ੍ਹਾਂ ਦਾੜ੍ਹੀ ਸਾਫ਼ ਕਰਨ ਤੋਂ ਇਨਕਾਰ ਕਰ ਦਿੱਤਾ।

ਸਿੱਖ ਡਾਕਟਰਜ਼ ਐਸੋਸੀਏਸ਼ਨ ਅਨੁਸਾਰ ਘੱਟੋ ਘੱਟ ਪੰਜ ਸਿੱਖ ਡਾਕਟਰਾਂ ਨੂੰ ਹਸਪਤਾਲਾਂ 'ਚ ਫਰੰਟਲਾਈਨ ਡਿਊਟੀ ਤੋਂ ਇਸ ਕਰ ਕੇ ਹਟਾ ਦਿੱਤਾ ਗਿਆ ਕਿਉਂਕਿ ਉਨ੍ਹਾਂ ਦਾੜ੍ਹੀ ਸਾਫ਼ ਕਰਨ ਤੋਂ ਇਨਕਾਰ ਕਰ ਦਿੱਤਾ। ਅਜਿਹਾ ਕੌਮੀ ਸਿਹਤ ਸੇਵਾ ਦੇ ਨਵੇਂ ਕਥਿਤ 'ਫਿੱਟ ਟੈਸਟ' ਦੀ ਸ਼ਰਤ ਨੂੰ ਲੈ ਕੇ ਕੀਤਾ ਗਿਆ ਹੈ। ਸਿੱਖ ਡਾਕਟਰਜ਼ ਐਸੋਸੀਏਸ਼ਨ ਦੇ ਪ੍ਰਧਾਨ ਡਾ. ਸੁਖਦੇਵ ਸਿੰਘ ਨੇ ਦੱਸਿਆ ਕਿ ਇਹ ਪੰਜ ਡਾਕਟਰ ਸਾਡੇ ਸੰਪਰਕ ਵਿਚ ਹਨ ਤੇ ਮੁੱਖ ਡਿਊਟੀ ਤੋਂ ਲਾਂਭੇ ਕਰਨ 'ਤੇ ਤਣਾਅ 'ਚ ਹਨ। ਡਾ. ਸੁਖਦੇਵ ਸਿੰਘ ਨੇ ਦੱਸਿਆ ਕਿ ਇਹ ਸਮੱਸਿਆ ਵਿਸ਼ੇਸ਼ 'ਫੇਸੀਅਲ ਪ੍ਰਰੋਟੈਕਟਿਵ ਮਾਸਕ' ਦੀ ਕਮੀ ਕਾਰਨ ਆਈ ਹੈ ਜੋਕਿ ਆਈਸੀਯੂ ਵਿਚ ਵਰਤੇ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਪੰਜਾਂ ਡਾਕਟਰਾਂ ਦੀ ਸਮੱਸਿਆ ਦਾ ਹੱਲ ਮਹਿੰਗੀ ਪੇਪਰਜ਼ ਕਿੱਟ ਨਾਲ ਕੀਤਾ ਜਾ ਰਿਹਾ ਹੈ ਕਿ ਜੋਕਿ 1000 ਪੌਂਡ 'ਚ ਮਿਲਦੀ ਹੈ ਤੇ ਦੁਬਾਰਾ ਵਰਤੀ ਜਾ ਸਕਦੀ ਹੈ। ਡਾ. ਸੁਖਦੇਵ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਐਸੋਸੀਏਸ਼ਨ ਕੌਮੀ ਸਿਹਤ ਸੇਵਾ ਨਾਲ ਤਾਲਮੇਲ ਕਰ ਕੇ ਅਜਿਹੀਆਂ ਮਹਿੰਗੀਆਂ ਕਿੱਟਾਂ ਮੁਹੱਈਆ ਕਰਵਾਉਣ 'ਤੇ ਜ਼ੋਰ ਦੇ ਰਹੀ ਹੈ।

ਸਿੱਖ ਕੌਂਸਲ ਯੂਕੇ, ਸਿੱਖ ਡਾਕਟਰਜ਼ ਐਸੋਸੀਏਸ਼ਨ ਨਾਲ ਮਿਲ ਕੇ ਕੌਮੀ ਸਿਹਤ ਸੇਵਾ ਦੇ ਚੀਫ ਐਗਜ਼ੈਕਟਿਵ ਅਫਸਰ ਸਰ ਸਿਮੋਨ ਸਟੀਵਨਜ਼ ਨਾਲ ਸੰਪਰਕ ਕਰ ਰਹੀ ਹੈ ਤਾਂਕਿ ਭਵਿੱਖ ਵਿਚ ਵਿਸ਼ੇਸ਼ ਕਿੱਟਾਂ ਦੀ ਵੱਡੀ ਮਾਤਰਾ ਵਿਚ ਖ਼ਰੀਦ ਕੀਤੀ ਜਾਵੇ ਤੇ ਸਿੱਖ ਡਾਕਟਰਾਂ ਨੂੰ ਕਿਸੇ ਕਿਸਮ ਦੀ ਮੁਸ਼ਕਲ ਪੇਸ਼ ਨਾ ਆਵੇ। ਦੱਸਣਯੋਗ ਹੈ ਕਿ ਕੋਰੋਨਾ ਵਾਇਰਸ ਮਹਾਮਾਰੀ ਦੌਰਾਨ ਬਿ੍ਟੇਨ ਦੀ ਕੌਮੀ ਸਿਹਤ ਸੇਵਾ ਫਰੰਟਲਾਈਨ 'ਤੇ ਕੰਮ ਕਰਦੇ ਡਾਕਟਰਾਂ ਨੂੰ 'ਫਿਟ ਟੈਸਟ' ਦੇ ਨਾਂ 'ਤੇ ਚਿਹਰੇ ਦੇ ਵਾਲ ਸਾਫ਼ ਕਰਵਾਉਣ ਲਈ ਕਹਿ ਰਹੀ ਹੈ।

ਉਧਰ, ਸਿੱਖ ਕੌਂਸਲ ਦਾ ਕਹਿਣਾ ਹੈ ਕਿ ਦਾੜ੍ਹੀ ਰੱਖਣਾ ਸਿੱਖ ਧਰਮ ਦੀ ਮਰਿਆਦਾ ਨਾਲ ਜੁੜਿਆ ਮੁੱਦਾ ਹੈ ਤੇ ਸਰਕਾਰ 'ਫਿੱਟ ਟੈਸਟ' ਦੇ ਨਾਂ 'ਤੇ ਕਿਸੇ ਸਿੱਖ ਡਾਕਟਰ ਨੂੰ ਦਾੜ੍ਹੀ ਦੇ ਵਾਲ ਸਾਫ਼ ਕਰਵਾਉਣ ਲਈ ਮਜਬੂਰ ਨਹੀਂ ਕਰ ਸਕਦੀ। ਕੌਮੀ ਸਿਹਤ ਸੇਵਾ ਨੇ ਇਸ ਦੌਰਾਨ ਕਿਹਾ ਹੈ ਕਿ ਉਹ ਇਸ ਮਾਮਲੇ ਵਿਚ ਢੁਕਵੇਂ ਕਦਮ ਚੁੱਕ ਰਹੀ ਹੈ। ਬਿ੍ਟੇਨ 'ਚ ਪੀਪੀਈ ਕਿੱਟਾਂ ਦੀ ਕਮੀ ਪਿਛਲੇ ਸਮੇਂ ਤੋਂ ਪਾਈ ਜਾ ਰਹੀ ਹੈ ਤੇ ਕਈ ਐੱਨਜੀਓ ਇਨ੍ਹਾਂ ਦੀ ਪੂਰਤੀ ਲਈ ਫੰਡ ਵੀ ਇਕੱਠੇ ਕਰ ਰਹੇ ਹਨ।