ਸਾਹਿਤ

ਇਕ ਨਜ਼ਮ ਤੇਰੇ ਨਾਂਅ ✍️ ਬਲਜਿੰਦਰ ਸਿੰਘ " ਬਾਲੀ ਰੇਤਗੜ"

ਮੇਰਾ ਕਸੂਰ  ਕੀ ?

ਦੋ ਪੈਰ ਧਨਾਡਾਂ ਦੀ ਜਮੀਂਨ ਤੇ ਧਰ ਬੈਠਾ !

ਆਜ਼ਾਦ ਭਾਰਤ ਦੇ ਸੰਵਿਧਾਨ ਤੇ ਬਸ

ਬਰਾਬਰਤਾ ਦਾ ਯਕੀਨ ਕਰ ਬੈਠਾ !!!

ਤਿੱਤਲੀਆਂ ਕਦੇ ਪਤੰਗਾਂ  ਪਿੱਛੇ ਨੱਠਣਾ

ਨੱਠਦਿਆਂ -ਨੱਠਦਿਆਂ ..ਉਡਣ ਦੀ ਕਲਪਨਾ

ਬੇਖਬਰ ਹੋ ਜਾਣਾ... ਚਾਵਾਂ ਦੇ ਖੰਭ ਫੜਦਿਆਂ

ਜੂਹਾਂ-ਹੱਦਾਂ, ਵਾੜਾਂ-ਦੀਵਾਰਾਂ ਤੋਂ ਪਾਰ !! 

ਮਹਜਬਾਂ, ਜਾਤਾਂ ਦੇ... ਪੁੱਠ-ਕੰਡਿਆਂ 'ਚ ਗਿਰਨਾ

ਗਿਰੇ ਨੂੰ ਧੂਹ ਲੈ ਜਾਣਾ ...ਪੰਜਿਆਂ' 'ਚ ਜਕੜੵ

ਖੂੰਖ਼ਾਰ.. ਵਹਿਸ਼ੀ.. ਸ਼ਿਕਰੇ ਦਰਿੰਦੇ ਨੇ !!

ਤੋੜ ਦੇਣੀਆਂ ਪਸਲੀਆਂ, ...ਹੱਡੀਆਂ !!!

ਸ਼ਾਇਦ ਮੈਂ ਵੀ  ਪਸ਼ੂ ਸੀ !

"ਮੋਰਾਂਵਾਲੀ" ਦੇ  ਕੋਈ ਅਵਾਰਾ ਜਿਹਾ !!

ਕਸੂਰ ਮੇਰਾ ਸੀ ,

ਚਾਹਿਤ ਆਜ਼ਾਦ ਉਡਣ ਦੀ

ਕੋਬਰਿਆਂ ਦੀਆਂ ਵਰਨੀਆਂ ਉਪਰੋਂ

ਪਰ ਗਾਲ਼ਾਂ ਮੇਰੀ ਜਨਨੀ  ਮਾਂ ਨੂੰ ਕਿਉਂ ?

ਗਾਲ਼ਾਂ ਮੇਰੀ ਜਾਤ ਨੂੰ ਕਿਉਂ ?

ਗਾਲ਼ਾਂ ਮੇਰੀ ਔਕਾਤ ਨੂੰ ਕਿਉਂ ?

ਮੇਰਾ ਕਸੂਰ ਆਜ਼ਾਦ ਭਾਰਤ 'ਚ 

ਜੰਮਣਾ ਕਿਰਤੀ ਗੁਲਾਮ ਦੇ

ਬੇ-ਜ਼ਮੀਨਿਆਂ ਦੇ !!

ਸ਼ਕਤੀਹੀਣਾਂ ਦੇ !!

ਸਦੀਆਂ ਤੋਂ ਲਿਤਾੜਿਆ, ਪਸੀਜਿਆਂ ਦੇ !!

ਧੱਕੇਸ਼ਾਹੀਆਂ ਦਾ ਸੰਤਾਪ ਤਾਂ

ਸਾਡੇ ਮੱਥਿਆਂ ਤੇ ਉਕਰਿਆ ਪਿਐ !!

ਰੁਲ਼ਦੇ ਨੇ ਬਚਪਨ ਅਸਾਡੇ

 ਧਨਾਡਾਂ ਦੀਆਂ ਖੁਰਲ਼ੀਆਂ 'ਚ

ਡੰਗਰਾਂ ਵਾਲੇ ਰੱਸੇ ਸਾਡਿਆਂ ਗਲਿਆਂ ਵਿੱਚ

ਡੰਡਿਆਂ ਦੀਆਂ ਲਾਸ਼ਾਂ ਹੰਡਾਉਦੇਂ ਸਾਡੇ ਪਿੰਡੇ

ਹਾਂ !! ਅਸੀਂ ਆਜਾਦ ਮੁਲਕ ਦੇ ਆਜ਼ਾਦ ਬਸ਼ਿੰਦੇ

ਕਟੇ ਖੰਭਾਂ ਵਾਲੇ ..ਨੋਚੇ ,..  ਜਕੜੇ ਪਰਿੰਦੇ !!

 

      ਬਲਜਿੰਦਰ ਸਿੰਘ "ਬਾਲੀ ਰੇਤਗੜ"

      +919465129168

ਮੱਥੇ 'ਚ ਚਿਣਗ ਆਉਣੀ ✍️ ਪ੍ਰੋ. ਨਵ ਸੰਗੀਤ ਸਿੰਘ

ਮੱਥੇ 'ਚ ਚਿਣਗ ਆਉਣੀ, ਵਿੱਦਿਆ ਦਾ ਪਾ ਕੇ ਗਹਿਣਾ।

ਮੱਸਿਆ ਦੀ ਰਾਤ ਵੇਲੇ,  ਜਗਦਾ ਹੈ ਜਿਉਂ ਟਟਹਿਣਾ।

 

ਆਈ ਹੈ ਜੇ ਖ਼ਿਜ਼ਾਂ ਤਾਂ, ਮਾਤਮ ਮਨਾਉਣਾ ਛੱਡੀਏ

ਮੁੜ ਕੇ ਬਹਾਰ ਆਉਣੀ, ਚਿੜੀਆਂ ਬਰੋਟੇ ਬਹਿਣਾ।

 

ਕੱਖਾਂ ਦੀ ਕੁੱਲੀ ਬਹਿ ਕੇ, ਦਾਤੇ ਦਾ ਸ਼ੁਕਰ ਕਰੀਏ 

ਮਿਟ ਜਾਣਾ ਸਲਤਨਤ ਨੇ, ਤੇ ਬੁਰਜੀਆਂ ਨੇ ਢਹਿਣਾ।

 

ਸਾਦਾ ਜੇ ਹੋਵੇ ਰਹਿਣੀ, ਕਥਨੀ ਤੇ ਉੱਠਣੀ-ਬਹਿਣੀ

ਆਏ ਕਦੇ ਜਾਂ ਮੁਸ਼ਕਿਲ, ਅਸੀਂ ਜਾਣਦੇ ਹਾਂ ਖਹਿਣਾ।

 

ਨਾ ਚਿਤਵੀਏ ਬੁਰਾਈ, ਸਰਬੱਤ ਦੀ ਖ਼ੈਰ ਮੰਗੋ

ਦੱਸਿਆ ਗੁਰਾਂ ਨੇ ਸਾਨੂੰ : ਚੜ੍ਹਦੀ ਕਲਾ 'ਚ ਰਹਿਣਾ।

 

ਕਰਜ਼ੇ ਦਾ ਖਹਿੜਾ ਛੱਡੋ, ਪੰਜੇ ਵਿਕਾਰ ਕੱਢੋ

'ਇੱਕੋ' ਤੇ ਟੇਕ ਰੱਖੀਏ, 'ਇੱਕੋ' ਦਾ ਮੰਨੀਏ ਕਹਿਣਾ।

 

ਵਿਰਸਾ ਮਹਾਨ ਸਾਡਾ, ਜੁੜ ਨਾਲ ਇਹਦੇ ਰਹੀਏ

ਨਾਨਕ ਦੇ ਅੰਗ ਲੱਗ ਕੇ, ਅੰਗਦ ਬਣੇ ਸੀ ਲਹਿਣਾ।

 

ਚੱਲਣਾ ਹੈ ਕੰਮ ਸਮੇਂ ਦਾ, ਚੱਲਦਾ ਹੈ ਇਹ ਨਿਰੰਤਰ 

ਦਰਿਆ ਕਦੇ ਨਾ ਰੁਕਿਆ, ਹੈ ਕੰਮ ਇਹਦਾ ਵਹਿਣਾ।

 

ਸਾਜ਼ਿਸ਼ ਰਚੇ ਹਕੂਮਤ, ਜਾਂ ਤੋੜ ਦੇਵੇ ਕਸਮਾਂ

ਹੈ ਅਣਖ ਨਾਲ ਜੀਣਾ, ਜ਼ੁਲਮੋ-ਸਿਤਮ ਨਾ ਸਹਿਣਾ।

 

ਖੇਡੇ ਕੋਈ ਸਿਆਸਤ, ਕਰਦੈ ਕੋਈ ਸ਼ਰਾਰਤ

ਝੂਠੀ ਹੈ ਦੁਨੀਆਂ 'ਰੂਹੀ', ਸੱਚੇ ਦਾ ਤਖ਼ਤ ਡਹਿਣਾ।

                    ******

  ਪ੍ਰੋ. ਨਵ ਸੰਗੀਤ ਸਿੰਘ

ਅਕਾਲ ਯੂਨੀਵਰਸਿਟੀ, ਤਲਵੰਡੀ ਸਾਬੋ-151302 (ਬਠਿੰਡਾ) 9417692015.

ਕੌਹਰਾਮ ਮਚਦਾ ਰਹੇਗਾ ✍️ ਮਲਕੀਤ ਹਰਦਾਸਪੁਰੀ

ਸ਼ੂਦਰ ਜਦ ਤੱਕ ਆਪਣੇ ਪੁਰਖਿਆਂ ਦੇ,

ਕਾਤਲਾਂ ਨੂੰ ਈਸ਼ਵਰ ਕਹਿੰਦੇ ਰਹਿਣਗੇ।

ਕੌਹਰਾਮ ਮਚਦਾ ਰਹੇਗਾ ਧਰਤੀ ਤੇ,

ਦੁੱਖਾਂ ਦੇ ਪਹਾੜ ਢਹਿੰਦੇ ਰਹਿਣਗੇ।

ਕੌਹਰਾਮ ਮਚਦਾ ਰਹੇਗਾ..............

 

ਇਹਨਾਂ ਦੀ ਪਿੱਠ ਜਿੰਨਾਂ ਚਿਰ,

ਆਪਣੇ ਰਹਿਬਰਾਂ ਵੱਲ ਰਹੇਗੀ।

ਜ਼ੁਲਮ ਦੀ ਹਨੇਰੀ ਕਹਿਰ ਦੇ ਤੁਫ਼ਾਨ,

ਜਾਵਰ ਦਾ ਦੰਡ ਸਹਿੰਦੇ ਰਹਿਣਗੇ।

ਕੌਹਰਾਮ ਮਚਦਾ ਰਹੇਗਾ.............

 

ਮਾਣ ਸਨਮਾਨ ਆਜ਼ਾਦੀ ਦੇ ਬੂਹੇ,

ਹਮੇਸ਼ਾ ਬੰਦ ਰਹਿਣਗੇ ਇਹਨਾਂ ਲਈ।

ਜਦ ਤੱਕ ਆਪਣਿਆਂ ਤੋਂ ਮੁਨਕਰ,

ਦੁਸ਼ਮਣ ਨੂੰ ਬਾਪੂ ਕਹਿੰਦੇ ਰਹਿਣਗੇ।

ਕੌਹਰਾਮ ਮਚਦਾ ਰਹੇਗਾ..............

 

ਜਿਹਨਾਂ ਨੂੰ ਆਪਣੇ ਇਤਿਹਾਸ ਯਾਦ ਨਈ,

ਉਹ ਗੈਰਾਂ ਦੇ ਸੋਹਲੇ ਹੀ ਗਾਉਣਗੇ।

ਗ਼ੁਲਾਮੀ ਕਰਨਗੇ ਤਲੇ ਚੱਟਣਗੇ ਦੁਸ਼ਮਣ ਦੇ,

ਜ਼ਾਲਮ ਦੇ ਪੈਰਾਂ ਵਿੱਚ ਬਹਿੰਦੇ ਰਹਿਣਗੇ।

ਕੌਹਰਾਮ ਮਚਦਾ ਰਹੇਗਾ..............

 

ਅਕਲ ਮੱਤ-ਬੁੱਧੀ ਤੋਂ ਖਾਲੀ ਲੋਕ,

ਹਾਕਮ ਲਈ ਭੈਡਾਂ ਬੱਕਰੀਆਂ ਹੀ ਹੁੰਦੇ ਨੇ।

ਕਬਰਾਂ ਦੀ ਚੁੱਪ ਬਣੀ ਰਹੇਗੀ ਜਦ ਤੱਕ,

ਜ਼ਾਲਮ ਦਾ ਜ਼ੁਲਮ ਸਹਿੰਦੇ ਰਹਿਣਗੇ।

ਕੌਹਰਾਮ ਮਚਦਾ ਰਹੇਗਾ..............

 

ਜਦ ਤੱਕ ਗੁਲਾਮਾਂ ਨੂੰ ਗੁਲਾਮੀ ਦਾ,

ਅਹਿਸਾਸ ਨਹੀਂ ਹੁੰਦਾ ਮੁਰਦਾ ਰਹਿਣਗੇ।

ਪੀੜ੍ਹੀ ਦਰ ਪੀੜ੍ਹੀ ਘਾਂਣ ਹੁੰਦਾ ਰਹੇਗਾ,

ਇਜ਼ਤਾਂ ਲੁੱਟਦੀਆਂ ਵੈਂਣ ਪੈਂਦੇ ਰਹਿਣਗੇ।

ਕੌਹਰਾਮ ਮਚਦਾ ਰਹੇਗਾ..............

 

ਦੁਸ਼ਮਣ ਦੇ ਹੱਡਾਂ ਨੂੰ ਜਦ ਤੱਕ,

ਰਹਿਣਗੇ ਸਾਡੇ ਹੀ ਹੱਡ ਢੋਂਹਦੇ।

ਨਰਕ ਗ਼ੁਲਾਮੀ ਰੋਣੇ ਪੱਲੇ,

ਚੀਕ ਚਹਾੜੇ ਪੈਂਦੇ ਰਹਿਣਗੇ।

ਕੌਹਰਾਮ ਮਚਦਾ ਰਹੇਗਾ..............

 

ਮੈਂ ਗੂੰਗੇ ਬਹਿਰਿਆਂ ਦੀ ਬਸਤੀ ਵਿੱਚ,

ਮੋਢੇ ਰੱਖ ਕੇ ਢੋਲ ਵਜਾਉਂਦਾ ਹਾਂ।

ਨਿਕਲ ਜਾਉ ਬਿਪਰ ਦੇ ਨਰਕ ਚੋਂ,

ਏਥੇ ਖੂਨ ਦੇ ਦਰਿਆ ਬਹਿੰਦੇ ਰਹਿਣਗੇ।

ਕੌਹਰਾਮ ਮਚਦਾ ਰਹੇਗਾ..............

 

ਦੁਸ਼ਮਣ ਤੇ ਮਿੱਤਰ ਦੀ ਜਦ ਤੱਕ,

ਇਹਨਾਂ ਨੂੰ ਪਹਿਚਾਣ ਨਈਂ ਹੁੰਦੀ।

ਹਰਦਾਸਪੁਰੀ ਇਹ ਨਰਕ ਦੇ ਸੈਲਾਬ ਚ,

ਸਦੀਆਂ ਤੱਕ ਬਹਿੰਦੇ ਰਹਿਣਗੇ।

ਕੌਹਰਾਮ ਮਚਦਾ ਰਹੇਗਾ,

ਦੁੱਖਾਂ ਦੇ ਪਹਾੜ ਢਹਿੰਦੇ ਰਹਿਣਗੇ............

 

"ਮਲਕੀਤ ਹਰਦਾਸਪੁਰੀ"

ਫੋਨ-00306947249768

ਸ਼ਰੀਕਾ  ✍️ ਜਸਪਾਲ ਸਿੰਘ ਮਹਿਰੋਕ

ਜੇਕਰ ਰੋਟੀ ਨਾ  ਖਾਵਾਂ ਸ਼ਰੀਕਾ ਅੰਦਰੋਂ ਖੁਸ਼ ਹੁੰਦਾ ਹੈ  ਯਾਰੋ

ਰਿਸ਼ਤੇਦਾਰਾਂ ਵਿੱਚ ਵੀ  ਮਿਠੀ ਮਿਠੀ ਭੰਡੀ ਕਰਦਾ ਹੈ ਯਾਰੋ।

 

ਇੱਜ਼ਤ ਦੀ ਰੋਟੀ ਖਾਂਦੇ ਨੂੰ ਕਿਉਂ ਸ਼ਰੀਕਾ ਜ਼ਰਦਾ ਨਹੀਂ ਯਾਰੋ

ਸਾਰੇ ਇਹੋ ਸੋਚਣ ਘਰ ਦਾ ਮੋਢੀ ਕਿਉਂ ਮਰਦਾ ਨਹੀਂ ਯਾਰੋ।

 

ਹੱਸ ਕੇ ਵਹੁਟੀ ਨਾਲ ਗੱਲ ਕਰ ਲਵਾ  ਕਿਤੇ  ਦੋ ਚਾਰ ਮਿੰਟ ਮੈਂ  ਯਾਰੋ,

ਕੰਧਾਂ ਦੀਆਂ ਵਿਰਲਾਂ ਵਿਚੋਂ ਘੰਟਾ ਘੰਟਾ ਸ਼ਰੀਕਾ ਗੱਲਾਂ ਸੁਣਦਾ ਹੈ ਯਾਰੋ।

 

ਜੇਕਰ ਬੱਚਿਆਂ ਲਈ ਕੁਝ ਨਵੀਂ ਚੀਜ਼ ਖਰੀਦ ਲਿਆਵਾਂ ਬਜਾਰੋ,

ਕੱਪੜੇ ਸੁੱਕਣੇ ਪਾਉਣ ਦੇ ਬਹਾਨੇ ਸ਼ਰੀਕਾ ਛੱਤ ਤੇ ਚੜ੍ਹਦਾ ਹੈ ਯਾਰੋ।

 

ਕਿਤੇ ਘਰਦਿਆਂ ਨਾਲ ਤੂੰ-ਤੂੰ  ਮੈ-ਮੈ ਕਿਸੇ ਗੱਲ ਤੇ ਹੋ ਜਾਵੇ ਯਾਰੋ

ਕਿਸੇ ਨਾ ਕਿਸੇ  ਬਹਾਨੇ ਸ਼ਰੀਕਾ ਘਰ ਦੇ ਵਿਹੜੇ ਵੜਦਾ ਹੈ ਯਾਰੋ।

 

ਮੇਰੇ ਨਾਲ ਦੇ ਜੰਮੇ ਹੋਏ ਭਰਾਵਾਂ ਦੀ ਮੈਂ ਸਦਾ ਸੁੱਖ ਮੰਗਦਾ ਹਾਂ ਯਾਰੋ

ਸੋ ਬਣ ਸ਼ਰੀਕਾ ਆਪਣੇ ਭਰਾ ਦੇ ਘਰ ਦੀ ਰਾਖੀ ਕਰਦਾ ਹੈ ਯਾਰੋ।

 

ਕਿਤੇ ਪਰਮਾਤਮਾ ਮਿਲ  ਜਾਵੇ  ਮੈਨੂੰ  ਏਸ  ਜਹਾਨ   ਉੱਤੇ  ਯਾਰੋ,

ਪੁੱਛਾਂ, ਕਿਉਂ ਇੱਕੋ ਕੁੱਖ ਦੇ ਜੰਮੇ ਹੋਇਆਂ ਵਿਚ ਸ਼ਰੀਕਾ ਬਣਦਾ ਹੈ ਯਾਰੋ ।

 

ਜਸਪਾਲ ਸਿੰਘ ਮਹਿਰੋਕ 

ਸਨੌਰ (ਪਟਿਆਲਾ)

ਮੋਬਾਈਲ 6284347188

"ਬਾਪੂ" ( ਕਵਿਤਾ ) ✍️ ਕੁਲਦੀਪ ਸਿੰਘ ਰਾਮਨਗਰ

 

ਤੁਰਨਾਂ ਕਿਥੇ ਆਉਂਦਾ ਸੀ,
ਉਂਗਲ ਫੜ ਸਿਖਾ ਗਿਆ ਬਾਪੂ,
ਟੇਡੇ ਮੇਢੇ ਰਾਹਾਂ ਵਿੱਚ ਦੀ
ਟੋਏ ਟਿੱਬੇ ਖਾਈਆਂ ਵਿੱਚ ਦੀ,
ਮੋਢੇ ਚੁੱਕ ਲੰਘਾਂ ਗਿਆ ਬਾਪੂ,
ਤਿਲਕਣ ਲੱਗਾ ਜਦ ਵੀ 
ਆਪਣਾ ਰੰਗ ਦਿਖਾ ਗਿਆ ਬਾਪੂ,
ਮੋਢੇ ਕਹੀ, ਤੇ ਹੱਥ ਦਾਤਰੀ,
ਸੀਰੀ ਕਰਦਾ ਕਰਦਾ,
ਮੈਨੂੰ ਕਲਮ ਫੜਾ ਗਿਆ ਬਾਪੂ,
ਚੋਗ ਚੁਗੀਂਦਾ ਖਾਲੀ ਮੁੜਿਆ,
ਫਿਰ ਵੀ ਚੋਗਾ ਪਾ ਗਿਆ ਬਾਪੂ,
ਖ਼ੁਸ਼ੀਆਂ ਮੇਰੇ ਨਾਂ ਲਿਖਵਾ ਕੇ,
ਆਪਣਾ ਗਮ ਛੁਪਾ ਗਿਆ ਬਾਪੂ,
ਮੱਕਾ ਮਦੀਨਾ, ਹੱਠ ਕੀ ਜਾਣਾ,
ਮੋਢੇ ਚੱਕ ਦਿਖਾ ਗਿਆ ਬਾਪੂ,
ਠੱਗੀ, ਚੋਰੀ, ਝੂਠ ਨੀ ਚੰਗੇ,
ਸੱਚ ਦਾ ਪਾਠ ਪੜਾ ਗਿਆ ਬਾਪੂ।
ਹੱਕ ਕਿਸੇ ਦੇ ਖੋਹਣੇ ਨਹੀਓਂ,
ਆਪਣੇ ਲੈਣੇ, ਸਿਖਾਂ ਗਿਆ ਬਾਪੂ।
ਤੁਰ ਗਿਆ ਜੇ ,ਕਿਥੇ ਲੱਭਦਾ ਬਾਪੂ,
ਜੁੱਗ ਜੁੱਗ ਜੀਵੇ ਸਭ ਦਾ ਬਾਪੂ,
ਸਿਰ ਤੇ ਐਸ਼ ਕਰਾਂ ਗਿਆ ਬਾਪੂ,
ਮੰਗਣ ਜੋਗਾ ਦੱਸ ਕੀ ਰਹਿ ਗਿਆ,
ਸੱਚ ਦੇ ਰਾਹੇ ਪਾ ਗਿਆ ਬਾਪੂ।

ਕੁਲਦੀਪ ਸਿੰਘ ਰਾਮਨਗਰ
9417990040

ਗ਼ਜ਼ਲ ✍️ ਸੱਤੀ ਉਟਾਲਾਂ ਵਾਲਾ

ਦੂਜੇ ਦੇ ਅਫਸੋਸ ਤੇ ਚੁੱਪ ਕਰ ਕੇ ਬਹਿ ਜਾਂਦੇ ਨੇ ।

ਆਪਣੇ ਤੇ ਆਪ ਹੀ ਨੈਣਾਂ ਚੋ ਹੰਝੂ ਬਹਿ ਜਾਂਦੇ ਨੇ ।

ਰੂਹਾਂ ਦਾ ਮੋਹ ਹੱਡਾਂ ਚਂ ਸਦਾ ਅੰਗ ਸੰਗ ਰਹਿਦਾ ,

ਮੁੱਲ ਦੇ ਪਿਆਰ ਕੱਚੇ ਰੰਗ ਵਾਂਗ ਲਹਿ ਜਾਂਦੇ ਨੇ ।

ਚੁੱਪ ਦਾ ਜਿੰਦਾ ਖੁੱਲਦਾ ਨਹੀਂ ਬੁੱਲਾਂ ਤੇ ਲਾਇਆ ,

ਸੱਜਣਾਂ ਨੂੰ ਨੈਣ ਦੂਰੋਂ ਬਹੁਤ ਕੁਝ ਕਹਿ ਜਾਂਦੇ ਨੇ ।

ਅਧੂਰੀ ਪਈ ਕਹਾਣੀ ਵਾਂਗ ਚਾਅ ਮੁਰਝਾ ਜਾਂਦੇ ,

ਜਦੋ ਸੱਚੇ ਹਮਸਫ਼ਰ ਅੱਧਵਾਟੇ ਰਹਿ ਜਾਂਦੇ ਨੇ ।

ਉਹਨਾਂ ਦੀ ਛੋਹ ਨਾਲ ਹੀ ਕੰਬਣੀ ਛਿੜ ਜਾਂਦੀ ਏ ,

ਭੁੱਲ ਭੁਲੇਖੇ ਕਿਤੇ ਦਿਲਵਰ ਨਾਲ ਖਹਿ ਜਾਂਦੇ ਨੇ ।

ਸੱਤੀ ਵਰਗੇ ਜਦ ਸੋਚਾਂ ਵਿੱਚ ਮਹਿਲ ਬਣਾਉਂਦੇ ਨੇ ,

ਬੱਸ ਫੋਟੋ ਨਾਲ ਕਰ ਗੱਲਾਂ ਲਿਖਣ ਬਹਿ ਜਾਂਦੇ ਨੇ ।

 

ਸੱਤੀ ਉਟਾਲਾਂ ਵਾਲਾ , ਸ਼ਹੀਦ ਭਗਤ ਸਿੰਘ ਨਗਰ 90564-36733

ਗ਼ਜ਼ਲ ✍️ ਗੁਰਜੰਟ ਸਿੰਘ ਸੋਹਲ (ਨਥੇਹਾ

ਸੱਜਣਾਂ ਵੇ ਵਤਨਾਂ ਵੱਲ ਵੀ ਪਾ ਲੈ ਕਦੇ ਫੇਰਾ ਵੇ।

ਹਰ ਵੇਲ਼ੇ ਹੀ ਮੈਨੂੰ ਚੇਤਾ ਰਹਿੰਦਾ ਤੇਰਾ ਵੇ। 

ਨਾਜ਼ੁਕ ਦਿਲ ਤੋੜ ਕੇ ਸੱਜਣਾ ਕਿੱਥੇ ਤੁਰ ਚੱਲਿਓਂ? 

ਤੇਰੀ ਸਹੁੰ ਤੇਰੇ ਬਾਝੋਂ ਦਿਲ ਨਹੀਂ ਲਗਦਾ ਮੇਰਾ ਵੇ।

ਝੂਠੇ ਵਾਅਦੇ ਕਰਕੇ ਦਿਲ ਨਾ ਸੱਜਣਾ ਤੋੜਿਆ ਕਰ, 

ਪਹਿਲਾਂ ਹੀ ਮੇਰੇ ਪੱਲੇ ਹੈ ਦਰਦ ਬਥੇਰਾ ਵੇ।

ਤੜਪੀ ਜਾਵਾਂ ਹੁਣ ਤਾਂ ਜ਼ਿੰਦ ਵੀ ਮੇਰੀ ਨਿਕਲੇ ਨਾ, 

ਬਣ ਗਿਆ ਹੈ ਇਹ ਦਿਲ ਹੁਣ ਦੁੱਖਾਂ ਦਾ ਡੇਰਾ ਵੇ। 

ਪੁੱਛ "ਨਥੇਹੇ" ਆਕੇ "ਸੋਹਲ" ਕੋਲੋਂ ਕਦੇ ਦੁੱਖੜੇ ਵੇ,

ਹਰ ਵੇਲੇ ਬੱਸ ਤੇਰੀਆਂ ਯਾਦਾਂ ਪਾਈ ਰੱਖਣ ਘੇਰਾ ਵੇ।

 

ਲੇਖਕ

ਗੁਰਜੰਟ ਸਿੰਘ ਸੋਹਲ (ਨਥੇਹਾ)

+918968727272

ਠੀਕ ਨਹੀਂ (ਕਵਿਤਾ) ✍️ ਮਹਿੰਦਰ ਸਿੰਘ ਮਾਨ

ਚੁਗਲੀ ਕਰਕੇ ਭਰਾਵਾਂ ਨੂੰ ਲੜਾਣਾ ਠੀਕ ਨਹੀਂ,

ਚੱਲਦੇ ਕੰਮ ਵਿੱਚ ਲੱਤ ਫਸਾਣਾ ਠੀਕ ਨਹੀਂ।

ਵਹਿਮਾਂ 'ਚ ਪੈ ਕੇ ਬੰਦਾ ਕੁੱਝ ਨਹੀਂ ਕਰ ਸਕਦਾ,

ਐਵੇਂ ਕਿਸੇ ਨੂੰ ਵਹਿਮਾਂ 'ਚ ਪਾਣਾ ਠੀਕ ਨਹੀਂ।

ਠੀਕ ਰਾਹ ਤੇ ਤੁਰਨ ਵਾਲੇ ਨੂੰ ਤੁਰਨ ਦਿਉ,

ਐਵੇਂ ਉਸ ਨੂੰ ਕੁਰਾਹੇ ਪਾਣਾ ਠੀਕ ਨਹੀਂ।

ਕੰਮ ਕਰਨ ਵਾਲਿਆਂ ਨੂੰ ਇੱਜ਼ਤ ਤੇ ਪੈਸਾ ਮਿਲੇ,

ਵਿਹਲੇ ਬਹਿ ਕੇ ਸਮਾਂ ਲੰਘਾਣਾ ਠੀਕ ਨਹੀਂ।

ਹੋ ਸਕੇ, ਤਾਂ ਦੁਖੀ ਬੰਦੇ ਦੀ ਸਹਾਇਤਾ ਕਰੋ,

ਐਵੇਂ ਉਸ ਦੇ ਨਾਲ ਆਢਾ ਲਾਣਾ ਠੀਕ ਨਹੀਂ।

ਨਸ਼ਿਆਂ ਨੇ ਸੈਂਕੜੇ ਘਰ ਬਰਬਾਦ ਕਰ ਦਿੱਤੇ,

ਮੁੰਡਿਆਂ ਨੂੰ ਨਸ਼ਿਆਂ ਤੇ ਲਾਣਾ ਠੀਕ ਨਹੀਂ।

ਸਫਾਈ ਰੱਖਣ ਨਾਲ ਬੀਮਾਰੀਆਂ ਘੱਟ ਲੱਗਣ,

ਐਵੇਂ ਆਲੇ-ਦੁਆਲੇ ਗੰਦ ਪਾਣਾ ਠੀਕ ਨਹੀਂ।

ਕਿਸੇ ਦੇ ਅੱਲੇ ਜ਼ਖਮਾਂ ਤੇ ਮੱਲ੍ਹਮ ਲਾਉ ਯਾਰੋ,

ਇਨ੍ਹਾਂ ਤੇ ਨਮਕ ਛਿੜਕਾਣਾ ਠੀਕ ਨਹੀਂ।

ਮਹਿੰਦਰ ਸਿੰਘ ਮਾਨ

ਸਲੋਹ ਰੋਡ

ਚੈਨਲਾਂ ਵਾਲੀ ਕੋਠੀ

ਨਵਾਂ ਸ਼ਹਿਰ-9915803554

 

"ਹੋਣਾ ਹੁਣ ਨਹੀਂ ਕੋਈ ਵੀ ਲਾਭ" ✍️ ਜਸਵੀਰ ਸ਼ਰਮਾਂ ਦੱਦਾਹੂਰ

ਕੀਹਨੂੰ ਮਿਲਦਾ ਹੈ ਇਨਸਾਫ਼?

ਗਰੀਬ ਦੇ ਸੱਭ ਹੀ ਨੇ ਖ਼ਿਲਾਫ਼।

ਸੰਘੀ ਘੁਟੀਦੀ ਕਾਮੇ ਦੀ ਇਥੇ,

ਬਾਹਰ ਨਿਕਲਦੀ ਨਹੀਂਓਂ ਭਾਫ਼।

ਜਰਵਾਣਿਆਂ ਦਾ ਕਾਨੂੰਨ ਗੁਲਾਮ,

ਗੱਲ ਸ਼ੀਸ਼ੇ ਵਾਂਗੂੰ ਹੈ ਇਹ ਸਾਫ਼।

ਮਜ਼ਦੂਰਾਂ  ਦੀ  ਮਜ਼ਦੂਰੀ  ਨਪਦੇ,

ਪਰ ਜੋਰ ਜੇ ਪੈ ਜਾਏ ਦਿੰਦੇ ਹਾਫ।

ਸੱਭ ਕੁੱਝ ਇਥੇ ਵਿਕਾਊ ਹੋ ਗਿਆ,

ਦੇਸ਼  ਨੂੰ  ਲੱਗਿਆ ਜਿਵੇਂ ਸਰਾਪ।

ਆਪੋ  ਆਪਣੀ  ਡਫ਼ਲੀ  ਵੱਜਦੀ,

ਰਾਗ ਵੀ ਆਪਣਾ ਰਹੇ ਅਲਾਪ।

ਹੱਕ ਜੇ ਮੰਗੀਏ ਡਾਂਗਾਂ ਵੱਜਦੀਆਂ,

ਆਖਣ  ਆਪਣਾ  ਰਸਤਾ ਨਾਪ।

ਪ੍ਰਵਾਜ਼ ਬਾਹਰ ਦੀ ਸੱਭ ਨੇ ਭਰਦੇ,

ਭਾਰਤ  ਜਾਪੇ  ਹੋਇਆ  ਫਲਾਪ।

ਕੀ  ਹੋਵੇਗਾ ਕਦੇ ਇਉਂ ਫੈਸਲਾ ?

ਪੰਚਾਇਤ ਹਰਿਆਣੇ ਚ ਕਰੇ ਜੋ ਖਾਪ?

ਸੰਵਿਧਾਨ ਨੂੰ ਤੋੜਨ ਦੀ ਹੈ ਤਿਆਰੀ,

ਭਾਰਤ  ਵਿੱਚ  ਹੈ   ਜਿਸਦੀ  ਛਾਪ।

ਦੇਸ਼  ਮੇਰੇ  ਨੂੰ  ਨਜ਼ਰ  ਲੱਗ ਗਈ,

ਹਰ  ਕੋਈ  ਕਰਦਾ  ਹੈ ਵਿਰਲਾਪ।

ਦੱਦਾਹੂਰੀਆ ਦੱਸ ਕਿਉਂ ਤੂੰ ਝੁਰਦੈਂ,

ਹੋਣਾ  ਹੁਣ ਨਹੀਂ ਕੋਈ  ਵੀ  ਲਾਭ।

 

ਜਸਵੀਰ ਸ਼ਰਮਾਂ ਦੱਦਾਹੂਰ

ਸ੍ਰੀ ਮੁਕਤਸਰ ਸਾਹਿਬ

95691-49556

ਜਨਮਦਿਨ ਮੇਰਾ  ✍️ ਬਲਵੀਰ ਕੌਰ ਰਾਮਗੜ੍ਹ ਸਿਵੀਆਂ

ਅੱਜ ਜਨਮਦਿਨ ਹੈ ਮੇਰਾ ਮਾਂ 

ਲੱਖ ਸ਼ੁਕਰ ਕਰਾਂ ਮੈਂ ਤੇਰਾ ਮਾਂ 

 

ਤੂੰ ਮੈਨੂੰ ਜਗ ਦਿਖਾਇਆ ਹੈ 

ਇਹ ਵੱਡਾ ਕਰਮ ਕਮਾਇਆ ਹੈ 

ਤੂੰ ਕਰਿਆ ਤਕੜਾ ਜੇਰਾ ਮਾਂ 

ਅੱਜ ਜਨਮਦਿਨ ਹੈ ਮੇਰਾ ਮਾਂ 

 

ਲੋਕੀ ਕੁੱਖ ਚ ਮਾਰਨ ਧੀਆਂ ਨੂੰ 

ਇਹ ਰੱਖਿਆ ਵੱਡਾ ਹੀਆਂ ਤੂੰ 

ਤੂੰ ਇਹ ਕੀਤਾ ਕੰਮ ਚੰਗੇਰਾ ਮਾਂ 

ਅੱਜ ਜਨਮਦਿਨ ਹੈ ਮੇਰਾ ਮਾਂ 

 

ਤੇਰੇ ਵਰਗੀ ਸਭ ਦੀ ਮਾਂ ਹੋਵੇ 

ਜੀਹਦੇ ਦਿਲ ਚ ਧੀ ਦੀ ਥਾਂ ਹੋਵੇ 

ਤੇਰਾ ਹੈ ਅਹਿਸਾਨ ਵਥੇਰਾ ਮਾਂ 

ਅੱਜ ਜਨਮਦਿਨ ਹੈ ਮੇਰਾ ਮਾਂ 

 

ਤੂੰ ਜੁਗੋ ਜੁਗ ਤੱਕ ਜਿਉਂਦੀ ਰਹਿ 

ਲੋਕਾਂ ਨੂੰ ਇਹ ਸਮਝਾਉਂਦੀ ਰਹਿ 

ਦੇਕੇ ਉਪਦੇਸ਼ ਚੰਗਾ ਉਚੇਰਾ ਮਾਂ 

ਅੱਜ ਜਨਮਦਿਨ ਹੈ ਮੇਰਾ ਮਾਂ 

 

ਇਹ ਮਾਣਮੱਤੀ ਹੈ  ਤਸਵੀਰ ਤੇਰੀ 

ਰਾਮਗੜ੍ਹ ਸਿਵੀਆਂ ਬਲਵੀਰ ਤੇਰੀ 

ਤੂੰ ਮੈਨੂੰ ਕਹਿੰਦੀ ਆਈ ਧੀ ਸ਼ੇਰਾ ਮਾਂ 

ਅੱਜ ਜਨਮਦਿਨ ਹੈ ਮੇਰਾ ਮਾਂ 

ਲੱਖ ਸ਼ੁਕਰ ਕਰਾਂ ਮੈਂ ਤੇਰਾ ਮਾਂ ।

 

ਬਲਵੀਰ ਕੌਰ,ਰਾਮਗੜ੍ਹ ਸਿਵੀਆਂ

ਮੋਬਾਇਲ ਨੰਬਰ   9915919614

ਫਰਜ਼ ✍️ ਕਰਮਜੀਤ ਕੌਰ-ਸ਼ਹਿਰ-ਮਲੋਟ

ਅਸੀਂ ਬਣੇ ਹਾਂ ਫਰਜ਼ ਨਿਭਾਉਣ ਲਈ

ਬਸ ਫਰਜ਼ ਨਿਭਾਉਂਦੇ ਜਾਵਾਂਗੇ

ਕੋਈ ਦਿਖਾਵੇ ਨੀਵਾਂ ਸਾਨੂੰ

ਬਿਲਕੁਲ ਨਾ ਘਬਰਾਵਾਂਗੇ

ਮੇਰਾ ਮੁਰਸ਼ਦ ਸਮਝੇ ਦਿਲ ਦੀਆਂ ਰਮਜ਼ਾਂ

ਓਸੇ ਦਾ ਨਾਮ ਧਿਆਵਾਂਗੇ

ਕਰ ਹੱਕ,ਸੱਚ ਮਿਹਨਤ ਦੀ ਕਮਾਈ

ਖਾ ਰੁੱਖੀ-ਮਿੱਸੀ ਮੁਸਕੁਰਾਵਾਂਗੇ।

ਹਰ ਇੱਕ ਨੂੰ ਖੁਸ਼ ਨੀ ਕਰ ਸਕਦੇ

ਪਰ ਦਿਲ ਨਾ ਕਿਸੇ ਦਾ ਦੁਖਾਵਾਂਗੇ

ਇੱਥੇ ਲੋਕ ਰੱਬ ਤੋਂ ਵੀ ਦੁਖੀ

ਅਸੀਂ ਕਿਵੇਂ ਸਭਦੇ ਚਿਹਰੇ ਖਿੜਾਵਾਂਗੇ

ਜਿੰਨਾ ਹੋ ਸਕਿਆ ਭਲਾ ਕਮਾ ਕੇ

ਦੁਖੀਆਂ ਦੇ ਦੁੱਖ ਮਿਟਾਵਾਂਗੇ

ਵਾਹਿਗੁਰੂ ਦਾ ਸ਼ੁਕਰਾਨਾ ਹਰਦਮ

ਖਾ ਰੁੱਖੀ-ਮਿੱਸੀ ਮੁਸਕੁਰਾਵਾਂਗੇ।

ਸੁੱਖ ਦੇ ਵਿੱਚ ਸਭ ਨਾਲ ਖੜ੍ਹਨ

ਅਸੀ ਦੁੱਖ ਵਿੱਚ ਦਰਦ ਵੰਡਾਵਾਂਗੇ

ਕਰਕੇ ਭਲਾ ਕਿਸੇ ਦਾ ਏਥੇ

ਖੂਹ ਦੇ ਵਿੱਚ ਸੁੱਟਦੇ ਜਾਵਾਂਗੇ

"ਕੰਮੋ" ਜਾਣੇ ਨਾਲ ਕਰਮ ਬਸ

ਇਹ ਕਮਾਈਆਂ ਕਰਦੇ ਜਾਵਾਂਗੇ

ਮੇਰੇ ਸਤਿਗੁਰੂ ਕਰਨਾ ਮਿਹਰ ਹਮੇਸ਼ਾਂ

ਖਾ ਰੁੱਖੀ-ਮਿੱਸੀ ਮੁਸਕੁਰਾਵਾਂਗੇ।

 

ਕਰਮਜੀਤ ਕੌਰ,ਸ਼ਹਿਰ-ਮਲੋਟ

ਜਿਲ੍ਹਾ-ਸ਼੍ਰੀ ਮੁਕਤਸਰ ਸਾਹਿਬ,ਪੰਜਾਬ

ਮੇਰੇ ਵਿਚੋਂ ਮੈਂ ਤਾਂ ਕਦ ਦੀ ਮੁੱਕ ਗਈ ਏ ✍️ ਡਾ.ਸਰਬਜੀਤ ਕੌਰ ਬਰਾੜ ਮੋਗਾ

ਮੇਰੇ ਵਿਚੋਂ ਮੈਂ ਤਾਂ ਕਦ ਦੀ ਮੁੱਕ ਗਈ ਏ

ਕਹਿੰਦੀ ਇਹ ਜੋ ਧੜਕਣ ਧੜਕੇ

ਸੱਜਣਾ ਤੇਰੀ ਏ

ਛੱਡ ਦਿਲਦਾਰਾ ਤੂੰ ਧੜਕ ਕੇ ਕੀ ਲੈਣਾ

ਕਹਿੰਦੀ ਤੇਰੇ ਸਾਹਾਂ ਦੀ ਪੂਝੀ ਵੀ ਹੁਣ ਮੇਰੀ ਏ

ਤੂੰ ਬੀਜ ਨਿਆਮਤਾਂ ਚੰਗੀਆਂ!ਖਾ ਕੇ ਕੀ ਲੈਣਾ

ਕਹਿੰਦੀ ਇਹ ਜੋ ਦੌਲਤ ਸ਼ੋਹਰਤ ਸੱਜਣਾਂ ਮੇਰੀ ਏ 

ਤੂੰ ਖੱਟ ਕਮਾਈਆਂ, ਸਰੀਰ ਨੂੰ ਦੱਬ ਕੇ ਵਾਅ ਲੈ ਓਏ

ਕਹਿੰਦੀ ਅਖੀਰ ਏ ਅੱਗ ਵਿੱਚ ਮੱਚਣਾ

ਹੋ ਜਾਣਾ ਰਾਖ ਦੀ ਢੇਰੀ ਓਏ

"ਸਰਬ" ਦਿੰਦੀ ਨਿੱਤ ਸਲਾਹਾਂ ਜੀਵਣ ਜੋਗੇ ਨੂੰ

ਕਹਿੰਦੀ ਸਿਰ ਕਰਜ਼ਾ ਜੋ ਚੜਿਆ ਓ ਪਾਈ ਤੇਰੀ ਏ

ਸੁਣ ਕੇ ਯਾਰੋ ਸੁੰਨ ਜਿਆ ਮੈਂ ਤਾਂ ਹੋਗਿਆ ਸੀ

ਜਦੋਂ ਕਹਿੰਦੀ ਸੱਜਣਾਂ ਇਹ ਜੋ ਧੜਕਣ ਮੇਰੀ ਇਹ ਵੀ ਤੇਰੀ ਏ 

 

ਲੇਖਕ:-ਡਾ.ਸਰਬਜੀਤ ਕੌਰ ਬਰਾੜ ਮੋਗਾ 7986652927

ਧਰਮ ਬਦਲੀ ਵਿਡੰਬਨਾ ✍️ ਅਮਰਜੀਤ ਸਿੰਘ ਤੂਰ

ਧਰਮ ਬਦਲੀ ਵਿਡੰਬਨਾ 

ਇਕ ਦੂਸਰੇ ਦੇ ਧਰਮ ਨੂੰ ਠਿੱਬੀ ਲਾਉਣਾ,

ਉੱਚ ਤਕਨੀਕੀ ਤਰੀਕਿਆਂ ਨਾਲ ਬਣਿਆ ਦਸਤੂਰ।

ਅਮੀਰੀ-ਗਰੀਬੀ ਦਾ ਪਾੜਾ ਤੇ ਲੁਕੇ ਰਾਜਸੀ ਮਨੋਰਥ,

ਕਰਦੇ ਭੋਲੀ ਭਾਲੀ ਜਨਤਾ ਨੂੰ ਆਪਣਿਆਂ ਤੋਂ ਦੂਰ।

 

ਨਿਰ-ਸਵਾਰਥ ਦੂਸਰਿਆਂ ਲਈ ਮਿੱਟ ਜਾਣਾ,

ਸਿੱਖ ਧਰਮ ਦਾ ਇਤਿਹਾਸ ਹੈ ਕੁਰਬਾਨੀਆਂ ਦਾ।

ਹੋਂਦ ਵਿੱਚ ਆਉਣ ਤੋਂ ਲੈਕੇ ਅੱਜ ਤੱਕ,

ਜਿੱਤੇ ਦਿਲ ਸਭ ਨੂੰ ਨਾਲ ਲੈ ਕੇ,

ਪਾਜ ਉਘਾੜਿਆ ਬੇਈਮਾਨੀਆਂ ਦਾ।

 

ਇਸਾਈ ਪ੍ਰਚਾਰ ਦਾ ਜੋਰ ਰਿਹਾ ਪਹਿਲਾਂ ਪਿੰਡਾਂ ਵਿੱਚ,

ਹੁਣ ਕਸਬਿਆਂ ਤੇ ਸ਼ਹਿਰਾਂ ਚ ਵੀ ਦਬਾਓ ਬਣਾਉਣ ਲੱਗੇ।

ਚਰਚਾਂ ਦੀ ਗਿਣਤੀ ਵਧੀ ਵੱਡੀ ਮਾਤਰਾ ਵਿਚ,

ਆਰਥਿਕ ਪੱਖੋਂ ਪਛੜੇ ਲੋਕਾਂ ਨੂੰ ਭਰਮਾਉਣ ਲੱਗੇ

 

ਇਹਦੇ ਵਿੱਚ ਗਲਤੀ ਲੂੰਬੜ ਚਾਲਾਂ ਚੱਲਣ ਵਾਲੇ,

ਰਾਜਨੀਤਕਾਂ ਦੀ ਜਿਹੜੇ ਸਭ ਨੂੰ ਨਾਲ ਨਹੀਂ ਲੈਂਦੇ

ਟੀਮਾਂ ਬਣਾ ਰੱਖੀਆਂ ਨੇ ਸਮਰਪਿਤ ਤੇ ਪੇਸ਼ੇਵਰ

ਪ੍ਰਚਾਰਕਾਂ,ਬਾਉਂਸਰਾਂ ਸਮੇਤ,

ਗਾਇਕ,ਨਚਾਰ, ਲੇਖਕ, ਵੀਡੀਓ ਵਾਲੇ ਤੇ ਐਡੀਟਰ ਸਭ ਹਿੱਸਾ ਨੇ ਲੈਂਦੇ।

 

ਅਮਰਜੀਤ ਸਿੰਘ ਤੂਰ

ਪਿੰਡ ਕੁਲਬੁਰਛਾਂ ਜ਼ਿਲਾ ਪਟਿਆਲਾ

ਫੋਨ ਨੰਬਰ  :  9878469639

ਹੱਕ ਸੱਚ ਦੀ ਖਾਈ ਜਾ ✍️ ਨਿਰਮਲ ਸਿੰਘ ਨਿੰਮਾ (ਸਮਾਜ ਸੇਵੀ)

ਕੌਣ ਸਾਡੇ ਨਾਲ ਤੇ ਕੌਣ ਹਿੱਸਾ ਤੰਦ ਪਰਾਈ ਦਾ..

ਲੇਖਾ ਜੋਖਾ ਰੱਖਦਾ ਕਰਤਾਰ, ਆਂਕੜਿਆਂ ਤੇ ਨਹੀਂ ਜਾਈ ਦਾ.. 

 

ਵਿਰੋਧੀ ਤਾਂ ਵਿਛਾਉਣ ਗੇ ਹੀ, ਫਸਾਉਣ ਲਈ ਜਾਲ਼, ਚਲਦੇ ਰਹੋ ਮਸਤ ਹੋ ਕੇ ਆਪਣੀ ਹੀ ਚਾਲ..

ਸਤਿਗੁਰ ਪੂਰਦਾ ਹੈ ਆਪੇ, ਪੁਟਿਆ ਜੋ ਖੂਹ ਦੁਸ਼ਮਣਾਂ ਨੇ ਨਫ਼ਰਤ ਦੀ ਖਾਈ ਦਾ..

 

ਰੱਖੀਂ ਤੂੰ ਹੌਂਸਲਾ, ਡਗਮਗਾਉਣ ਨਾ ਪੈਰ..

ਭਰੇ ਗਾ ਪਿਆਲਾ ਪਿਆਰ ਦਾ, ਛੱਡਣ ਗੇ ਵੈਰੀ ਵੈਰ..

ਲੈ ਕੇ ਓਟ ਆਸਰਾ ਬਾਬੇ ਨਾਨਕ ਦਾ, ਨੇਕੀ ਦਾ ਹਲ਼ ਵਾਹੀ ਜਾ..

 

ਦੇਵੀਂ ਰਿਸ਼ਤਿਆਂ ਨੂੰ ਅਹਿਮੀਅਤ, 

ਸਜਾਈਂ ਸੱਚ ਦੀ ਦੁਕਾਨ..

ਝੂਠਿਆਂ ਦੀ ਨਾ ਹੁੰਦੀ, ਕਦੇ ਜੱਗ ਵਿੱਚ ਸ਼ਾਨ..

ਹੋ ਕੇ ਨਿੰਮਿਆ ਨਿਮਾਣਾ, ਹੱਕ ਸੱਚ ਦੀ ਖਾਈ ਜਾ..

 ਨਿਰਮਲ ਸਿੰਘ ਨਿੰਮਾ (ਸਮਾਜ ਸੇਵੀ) ਮੋਬਾ: 9914721831

ਚੰਦ ਭਾਨ ਦੀ ਕੁੜੀ ✍️ ਕਰਮਜੀਤ ਕੌਰ-ਸ਼ਹਿਰ-ਮਲੋਟ

ਬੜੀ ਕਸ਼ਮਕਸ਼ ਵਿੱਚ,ਹਾਂ ਅੱਜ ਕੱਲ੍ਹ

ਦੁੱਖ ਕਹਿੰਦੇ ਤੈਨੂੰ ਜੀਣ ਨੀ ਦੇਣਾ

ਜਿੰਨੀ ਮਰਜੀ ਰੱਖ ਹੌਂਸਲਾ 

ਤੈਨੂੰ ਸੁੱਖ ਦਾ ਸਾਂਹ,ਲੈਣ ਨੀ ਦੇਣਾ।

 

ਤੇਰੇ ਪਰਿਵਾਰ ਤੇ ਸ਼ਿੱਦਤ ਢਾਉਣੇ

ਬਿਲਕੁਲ ਸਾਰੇ ਭੁੰਜੇ ਲਾਹੁਣੇ

ਤੈਨੂੰ ਪਾਣੀ ਵਾਂਗੂੰ,ਵਹਿਣ ਨੀ ਦੇਣਾ

ਤੈਨੂੰ ਸੁੱਖ ਦਾ ਸਾਂਹ,ਲੈਣ ਨੀ ਦੇਣਾ।

 

ਦਰਦਾਂ ਨਾਲ "ਕੰਮੋ" ਟਕਰਾ ਗੀ 

ਟੱਬਰ ਦੇ ਲਈ ਅੱਗੇ ਆਗੀ

ਕਹੇ ਘਰ ਨੇੜੇ ਤੈਨੂੰ,ਖਲੋਣ ਨੀ ਦੇਣਾ

ਤੈਨੂੰ ਸੁੱਖ ਦਾ ਸਾਂਹ,ਲੈਣ ਨੀ ਦੇਣਾ।

 

"ਚੰਦ-ਭਾਨ" ਦੀ ਕੁੜੀ ਬਹਾਦੁਰ ਬਾਹਲੀ

ਮਾਪਿਆਂ ਦਿੱਤੀ ਗੁੜ੍ਹਤੀ,ਹਿੰਮਤ ਵਾਲੀ

ਮੈਂ ਬੁਲੰਦ ਹੌਂਸਲਾ,ਕਦੇ ਢਹਿਣ ਨੀ ਦੇਣਾ

ਤੈਨੂੰ ਸੁੱਖ ਦਾ ਸਾਂਹ,ਲੈਣ ਨੀ ਦੇਣਾ।

 

ਕਰਮਜੀਤ ਕੌਰ,ਸ਼ਹਿਰ-ਮਲੋਟ

ਜਿਲ੍ਹਾ-ਸ਼੍ਰੀ ਮੁਕਤਸਰ ਸਾਹਿਬ, ਪੰਜਾਬ

ਹੁਣ ਵੀ ਏ ਵੇਲਾ ✍️ ਗਗਨਦੀਪ ਕੌਰ ਸਿਵੀਆ

ਕਿਉਂ ਚਿੱਤ ਨੂੰ ਥਾਵੇਂ ਨਾ ਰੱਖੇਂ,

ਸਾਰਾ ਦਿਨ ਪਾਪਾਂ ਨੂੰ ਚੱਕੇਂ,

ਝੂਠ ਛਲਾਵਾ ਅੰਦਰੋਂ ਅੰਦਰੀ,

ਕਿਉਂ ਬਣ ਰਿਹਾ ਤੂੰ ਠੱਗ ਮਨਾਂ,

ਹੁਣ ਵੀ ਏ ਵੇਲਾ,ਹੁਣ ਵੀ ਏ ਵੇਲਾ,

ਰਵੀਦਾਸ ਗੁਰਾਂ ਦੇ ਚਰਨੀਂ ਲੱਗ ਮਨਾਂ,

ਹੁਣ ਵੀ ਏ ਵੇਲਾ....।

 

ਊਚ-ਨੀਚ ਦਾ ਫ਼ਰਕ ਮਿਟਾ ਕੇ,

ਸਭ ਨੂੰ ਗਲ ਨਾਲ ਲਾਇਆ,

ਮੋਹ ਮਾਇਆ ਦਾ ਆਉਣ ਨਾ ਦਿੱਤਾ,

ਹੱਥੀਂ ਕਿਰਤ ਹੀ ਸਭ ਕਮਾਇਆ,

ਸਿਰ ਝੁਕਾ ਕੇ ਮੰਗ ਲੈ ਮਾਫੀ,

ਮੈਂ ਮੈਂ ਦੀ ਰਟ ਨੂੰ ਛੱਡ ਮਨਾਂ,

ਹੁਣ ਵੀ ਏ ਵੇਲਾ,ਹੁਣ ਵੀ ਏ ਵੇਲਾ,

ਰਵੀਦਾਸ ਗੁਰਾਂ ਦੇ ਚਰਨੀਂ ਲੱਗ ਮਨਾਂ,

ਹੁਣ ਵੀ ਏ ਵੇਲਾ....।

 

ਨਾ ਤੇਰੇ ਏ ਮਹਿਲ ਮੁਨਾਰੇ,

ਨਾ ਟੋਹਰ ਸ਼ੌਕੀਨੀ ਜੱਚਣੀ,

ਹੱਥ ਵੀ ਦੋਵੇਂ ਖਾਲੀ ਰਹਿਣੇ,

ਜਦ ਮੌਤ ਦੀ ਵਾਜ਼ ਹੈ ਵੱਜਣੀ,

ਨਾ ਏ ਸਿੱਕੇ ਨਾਲ ਨੇ ਜਾਣੇ,

ਮਿੱਟੀ ਬਣੂੰ ਏ ਹੱਢ ਮਨਾਂ,

ਹੁਣ ਵੀ ਏ ਵੇਲਾ,ਹੁਣ ਵੀ ਏ ਵੇਲਾ,

ਰਵੀਦਾਸ ਗੁਰਾਂ ਦੇ ਚਰਨੀਂ ਲੱਗ ਮਨਾਂ,

ਹੁਣ ਵੀ ਏ ਵੇਲਾ....।

 

ਭੁੱਲਿਆ ਭੜਕਿਆ ਆ ਜਾਵੀਂ ਤੂੰ,

ਏ ਦਰ ਸਭਨਾਂ ਲਈ ਖੁੱਲ੍ਹੇ,

ਸਿਵੀਆ ਨਾ ਏ ਰੋਕ ਟੋਕ ਕੋਈ,

ਏਥੇ ਸਭ ਚਿੰਤਾ ਆ ਕੇ ਭੁੱਲੇ,

ਮਨ ਮੁਰਾਦਾਂ ਪੂਰੀਆਂ ਹੁੰਦੀਆਂ,

ਇੱਕ ਵਾਰੀ ਆ ਕੇ ਝੋਲੀ ਅੱਡ ਮਨਾਂ,

ਹੁਣ ਵੀ ਏ ਵੇਲਾ,ਹੁਣ ਵੀ ਏ ਵੇਲਾ,

ਰਵੀਦਾਸ ਗੁਰਾਂ ਦੇ ਚਰਨੀਂ ਲੱਗ ਮਨਾਂ,

ਹੁਣ ਵੀ ਏ ਵੇਲਾ....।

 

ਗਗਨਦੀਪ ਕੌਰ ਸਿਵੀਆ

ਪਿੰਡ ਨੰਦਗੜ੍ਹ

ਤਹਿ ਤੇ ਜ਼ਿਲ੍ਹਾ- ਸ਼੍ਰੀ ਮੁਕਤਸਰ ਸਾਹਿਬ

ਮੋਬਾ.ਨੰ. - 81468-22522

ਗੀਤ ✍️ ਬਲਜਿੰਦਰ ਸਿੰਘ " ਬਾਲੀ ਰੇਤਗੜ"

ਦਿਲ ਦੀ ਗੱਲ ਜੋ ਕਹਿਣਾ ਚਾਹੇ, ਓਹ ਕਿਤੇ ਜੇ ਕਹਿ ਜਾਵੇ

ਰੱਬਾ ! ਸੋਹਣਿਆ !! ਓਹਦੀ ਸੀਰਤ, ਦਿਲ ਵਿਚ ਲਹਿ ਜਾਵੇ

ਦਿਲ ਦੀ ਗੱਲ ਜੋ................

 

ਪਿਆਸੀ ਰੂਹ ਮਹੁੱਬਤ ਦੀ, ਨਦੀ ਤੇ ਬਹਿ ਨਹੀਂ ਸਕਦੇ 

ਬੜੀ ਕੋਸ਼ਿਸ਼ ਕਰੀਂ ਦੀ ਹੈ, ਜੁਬਾਨੋਂ ਕਹਿ ਨਹੀਂ ਸਕਦੇ

ਬੁਝਾਰਤ ਪਾ ਰਹੇ ਓਹ ਵੀ, ਕਿਤੇ ਜੇ ਰਮਜ਼ ਬੁਝਾ ਜਾਵੇ 

ਦਿਲ ਦੀ ਗੱਲ ਜੋ.........

 

ਕਦੇ ਇਤਫ਼ਾਕ ਹੀ ਬਣਜੇ, ਮੁਲਾਕਾਤਾਂ ਇਵੇਂ ਹੋਵਣ

ਵਰੇ ਓਹ ਮੀਂਹ ਦੇ ਵਾਂਗੂੰ, ਘਣੇ ਕੇਸੂ ਉਹਦੇ ਚੋਵਣ

ਕਿਰੇ ਮੋਤੀ ਲਵਾਂ ਪੀ ਮੈਂ , ਬੰਬੀਹਾ ਬਣਾ ਜਾਵੇ

ਦਿਲ ਦੀ ਗੱਲ ਜੋ ਕਹਿਣਾ ਚਾਹੇ....

 

ਬਣੇ ਫਿਰ ਗੀਤ "ਬਾਲੀ", ਉਹਦੇ ਇਸ਼ਕ ਦੀ ਧੜਕਣ

ਉਲਾਂਭੇ ਜ਼ਿੰਦਗ਼ੀ ਦੇ ਸਭ, ਰਹੇ ਨਾ ਹੀ ਤੜਫਣ

ਤਰੰਗਾਂ ਦੀ ਸੁੱਤੀ ਸਰਗਮ, "ਰੇਤਗੜ" ਟੁਣਕਾ ਜਾਵੇ

ਦਿਲ ਦੀ ਗੱਲ ਜੌ ਕਹਿਣਾ ਚਾਹੇ.......

 

ਬਲਜਿੰਦਰ ਬਾਲੀ ਰੇਤਗੜ

+919465129168

ਰੋ ਪੈਂਦੀ ਏ ✍️ ਮਨਜੀਤ ਕੌਰ ਧੀਮਾਨ

ਉਹ ਹੱਸਦੀ-ਹੱਸਦੀ ਰੋ ਪੈਂਦੀ ਏ,

ਪਤਾ ਨੀ ਕਾਹਤੋਂ।

ਲੱਗਦਾ ਦਿਲ ਦੇ ਵਿੱਚ ਕੁੱਝ,

ਲੁਕੋ ਲੈਂਦੀ ਏ ਸਾਥੋਂ।

ਉਹ ਹੱਸਦੀ.....

ਵੈਸੇ ਤਾਂ ਉਹ ਹੱਸਦੀ ਵੱਸਦੀ,

ਫੁੱਲਾਂ ਵਾਂਗੂੰ ਖਿੜੀ ਰਹੇ।

ਪਰ ਕਦੇ ਕਦਾਈਂ ਜਾਪੇ ਜਿਓਂ,

ਸੋਚਾਂ ਦੇ ਵਿੱਚ ਘਿਰੀ ਰਹੇ।

ਆਵੇ ਫ਼ਿਕਰਾਂ ਦੀ ਖ਼ੁਸ਼ਬੋ ਜਿਹੀ,

ਓਹਦੇ ਹਰ ਇੱਕ ਸਾਹ ਤੋਂ।

ਉਹ ਹੱਸਦੀ......

ਉਹਦੀ ਅੱਖ ਦੇ ਵਿੱਚ ਚਮਕੇ,

ਮੋਤੀ ਕੋਈ ਕੋਈ।

'ਕੱਲਿਆਂ ਬੈਠ ਕੇ ਸ਼ਾਇਦ ਹੋਣੀ,

ਰੱਜ ਕੇ ਉਹ ਰੋਈ।

ਜੀਅ ਕਰਦਾ ਪੈਰੀਂ ਵਿਛਾ ਦੇਵਾਂ,

ਖ਼ੁਸ਼ੀ ਆਵੇ ਜਿਸ ਰਾਹ ਤੋਂ।

ਉਹ ਹੱਸਦੀ.....

ਦਿਲ ਦੇ ਵਿੱਚ ਮੁਹੱਬਤਾਂ ਭਰੀਆਂ,

ਕੋਈ ਨਾ ਵੈਰ ਦਿਸੇਂਦਾ।

ਫ਼ਿਰ ਕਿਉਂ ਰੋਵੇ ਮਰਜਾਣੀ,

ਕਿਹੜਾ ਹੈ ਦਰਦ ਡਸੇਂਦਾ।

ਦੇਵੇ ਹਿੰਮਤਾਂ ਰੱਬ 'ਮਨਜੀਤ' ਨੂੰ,

ਪੁੱਛ ਲਵਾਂ ਫ਼ੜ ਕੇ ਬਾਂਹ ਤੋਂ।

ਉਹ ਹੱਸਦੀ......

 

ਮਨਜੀਤ ਕੌਰ ਧੀਮਾਨ,

ਸਪਰਿੰਗ ਡੇਲ ਪਬਲਿਕ ਸਕੂਲ,ਸ਼ੇਰਪੁਰ, ਲੁਧਿਆਣਾ-ਸੰ:9464633059

ਮੇਰਾ ਮਾਹੀਆ ✍️ ਜਸਪਾਲ ਸਿੰਘ ਮਹਿਰੋਕ 

ਤੂੰ ਮੇਰਾ ਚਿਤਚੋਰ ਵੇ ਮਾਹੀਆ,

ਤੂੰ ਮੇਰਾ ਚਿਤਚੋਰ।

ਨਹੀਓ ਕੋਈ ਹੋਰ ਵੇ ਮਾਹੀਆ,

ਨਹੀਓ ਕੋਈ ਹੋਰ।

 

ਤੇਰੇ ਹੱਥ ਮੇਰੀ ਡੋਰ ਵੇ ਮਾਹੀਆ,

ਤੇਰੇ ਹੱਥ ਮੇਰੀ ਡੋਰ।

ਸਭ ਸੂਰਤਾਂ ਤੇਰੇ ਤੋਂ ਆਈਆਂ,

ਤੇਰੇ ਹੱਥ ਮੇਰੀ ਡੋਰ।

 

ਸਭ ਦੇ ਵਿੱਚ ਤੇਰੀ ਲੋ ਵੇ ਮਾਹੀਆ,

ਸਭ ਦੇ ਵਿੱਚ ਤੇਰੀ ਲੋ।

ਤੈਨੂੰ ਛੱਡ ਕਿਸੇ ਹੋਰ ਦੇ ਨਾਲ 

ਕਿਵੇਂ ਜਾਵਾਂ ਖਲੋ ਵੇ ਮਾਹੀਆ।

ਕਿਵੇਂ ਜਾਵਾਂ ਖਲੋ।

 

ਸੋਹਣੇ ਸਭ ਦੇ ਰੂਪ ਪਿਆਰੇ,

ਘੜ-ਘੜ ਸੋਹਣੇ ਬੁੱਤ ਸਵਾਰੇ,

ਲੱਗੀ ਤੇਰੀ ਛੋਹ ਵੇ ਮਾਹੀਆ,

ਲੱਗੀ ਤੇਰੀ ਛੋਹ।

 

ਸੱਭ ਤੋਂ ਸੋਹਣਾ ਰੂਪ ਹੈ ਤੇਰਾ,

ਤੇਰੇ ਵਿਚ ਖੁਸ਼ਬੋ ਵੇ ਮਾਹੀਆ,

ਤੇਰੇ ਵਿਚ ਖੁਸ਼ਬੋ,

ਖਿੱਚਦੀ ਮੈਨੂੰ ਜੋ ਵੇ ਮਾਹੀਆ,

ਖਿੱਚਦੀ ਮੈਨੂੰ ਜੋ।

 

ਪੱਗ ਦੇ ਵਿਚ ਭਰਮਾਂ ਰੂਪ ਸੀ ਤੇਰਾ,

ਸਖ਼ੀਆਂ ਕਹਿਣ  ਸਰਦਾਰ ਮਾਹੀਆ ਤੇਰਾ।

ਕਟਿੰਗ ਚ ਲਗਦਾ ਨਵਾਂ ਨਕੋਰ  ਵੇ ਮਾਹੀਆ,

ਤੂੰ ਮੇਰਾ ਚਿਤਚੋਰ ਵੇ ਮਾਹੀਆ,

ਤੂੰ ਮੇਰਾ ਚਿਤਚੋਰ।

 

ਜਸਪਾਲ ਸਿੰਘ ਮਹਿਰੋਕ 

ਸਨੌਰ (ਪਟਿਆਲਾ)

ਮੋਬਾਈਲ 6284347188

ਗੁਰੂ ਰਵਿਦਾਸ / ਗੀਤ ✍️ ਮਹਿੰਦਰ ਸਿੰਘ ਮਾਨ

ਨਮਸਕਾਰ ਲੱਖ,ਲੱਖ ਵਾਰ ਤੈਨੂੰ, ਐ ਗੁਰੂ ਰਵਿਦਾਸ ਪਿਆਰੇ।

ਅੱਜ ਵੀ ਤੇਰਾ ਜੀਵਨ ਸਾਨੂੰ ਚਾਨਣ ਦੇਵੇ, ਜਿਉਂ ਅਰਸ਼ ਦੇ ਚੰਨ,ਤਾਰੇ।

ਜਦੋਂ ਕਾਂਸ਼ੀ 'ਚ ਮਾਤਾ ਕਲਸਾਂ ਦੇ ਘਰ ਤੂੰ ਅਵਤਾਰ ਧਾਰਿਆ,

ਖੁਸ਼ੀ 'ਚ ਨੱਚਣ ਲੱਗ ਪਿਆ ਹਰ ਇਨਸਾਨ ਲਤਾੜਿਆ।

ਹੁਣ ਜ਼ੁਲਮ ਗਰੀਬਾਂ ਤੇ ਬੰਦ ਹੋਣਗੇ, ਮਿਲ ਰਹੇ ਸਨ ਇਹ ਇਸ਼ਾਰੇ।

ਨਮਸਕਾਰ ਲੱਖ, ਲੱਖ ਵਾਰ ਤੈਨੂੰ, ਐ ਗੁਰੂ ਰਵਿਦਾਸ ਪਿਆਰੇ।

ਪ੍ਰਭੂ ਦਾ  ਨਾਂ ਜਪ ਕੇ ,ਤੂੰ ਉਸ ਦਾ ਰੂਪ ਹੀ ਹੋਇਆ।

ਛੱਡ ਕੇ ਜਾਤ ਤੇ ਵਰਣ ਨੂੰ, ਉਹ ਤੇਰੇ ਸੰਗ ਖਲੋਇਆ।

ਪ੍ਰਭੂ ਦਾ ਰੂਪ ਹੋ ਕੇ ,ਤੂੰ ਖੇਡੇ ਕਈ ਖੇਡ ਨਿਆਰੇ।

ਨਮਸਕਾਰ ਲੱਖ, ਲੱਖ ਵਾਰ ਤੈਨੂੰ, ਐ ਗੁਰੂ ਰਵਿਦਾਸ ਪਿਆਰੇ।

ਸੁਣ ਕੇ ਤੇਰੀ ਚਰਚਾ ਰਾਣੀ ਝਾਲਾਂ ਬਾਈ ਤੇਰੇ ਦੁਆਰੇ ਆਈ, 

ਤੇਰੇ ਕਦਮੀਂ ਢਹਿ ਕੇ ਉਸ ਨੇ ਰਾਮ ਨਾਮ ਦੀ ਦੌਲਤ ਪਾਈ।

ਸਭ ਨੇ ਰਾਮ ਨਾਮ ਦੀ ਦੌਲਤ ਪਾਈ, ਜੋ ਵੀ ਆਏ ਤੇਰੇ ਦੁਆਰੇ।

ਨਮਸਕਾਰ ਲੱਖ,੭੭ ਲੱਖ ਵਾਰ ਤੈਨੂੰ, ਐ ਗੁਰੂ ਰਵਿਦਾਸ ਪਿਆਰੇ।

ਆਪਣੀ ਸਾਰੀ ਜ਼ਿੰਦਗੀ ਤੂੰ ਮਨੂ ਸਿਮ੍ਰਤੀ ਤੋੜਨ ਤੇ ਲਾਈ,

ਨਾਮ ਜਪਣ ਤੇ ਆਮ ਫਿਰਨ ਦੀ ਸਭ ਨੂੰ ਆਜ਼ਾਦੀ ਦਿਵਾਈ।

ਇੰਨੇ ਕੰਮ ਕੀਤੇ ਤੂੰ, ਤੈਨੂੰ 'ਮਾਨ' ਕਿਵੇਂ ਦਿਲੋਂ ਵਿਸਾਰੇ?

ਨਮਸਕਾਰ ਲੱਖ ਲੱਖ ਵਾਰ ਤੈਨੂੰ, ਐ ਗੁਰੂ ਰਵਿਦਾਸ ਪਿਆਰੇ।

ਮਹਿੰਦਰ ਸਿੰਘ ਮਾਨ

ਸਲੋਹ ਰੋਡ

ਚੈਨਲਾਂ ਵਾਲੀ ਕੋਠੀ

ਨਵਾਂ ਸ਼ਹਿਰ-9915803554