ਇਕ ਨਜ਼ਮ ਤੇਰੇ ਨਾਂਅ ✍️ ਬਲਜਿੰਦਰ ਸਿੰਘ " ਬਾਲੀ ਰੇਤਗੜ"

ਮੇਰਾ ਕਸੂਰ  ਕੀ ?

ਦੋ ਪੈਰ ਧਨਾਡਾਂ ਦੀ ਜਮੀਂਨ ਤੇ ਧਰ ਬੈਠਾ !

ਆਜ਼ਾਦ ਭਾਰਤ ਦੇ ਸੰਵਿਧਾਨ ਤੇ ਬਸ

ਬਰਾਬਰਤਾ ਦਾ ਯਕੀਨ ਕਰ ਬੈਠਾ !!!

ਤਿੱਤਲੀਆਂ ਕਦੇ ਪਤੰਗਾਂ  ਪਿੱਛੇ ਨੱਠਣਾ

ਨੱਠਦਿਆਂ -ਨੱਠਦਿਆਂ ..ਉਡਣ ਦੀ ਕਲਪਨਾ

ਬੇਖਬਰ ਹੋ ਜਾਣਾ... ਚਾਵਾਂ ਦੇ ਖੰਭ ਫੜਦਿਆਂ

ਜੂਹਾਂ-ਹੱਦਾਂ, ਵਾੜਾਂ-ਦੀਵਾਰਾਂ ਤੋਂ ਪਾਰ !! 

ਮਹਜਬਾਂ, ਜਾਤਾਂ ਦੇ... ਪੁੱਠ-ਕੰਡਿਆਂ 'ਚ ਗਿਰਨਾ

ਗਿਰੇ ਨੂੰ ਧੂਹ ਲੈ ਜਾਣਾ ...ਪੰਜਿਆਂ' 'ਚ ਜਕੜੵ

ਖੂੰਖ਼ਾਰ.. ਵਹਿਸ਼ੀ.. ਸ਼ਿਕਰੇ ਦਰਿੰਦੇ ਨੇ !!

ਤੋੜ ਦੇਣੀਆਂ ਪਸਲੀਆਂ, ...ਹੱਡੀਆਂ !!!

ਸ਼ਾਇਦ ਮੈਂ ਵੀ  ਪਸ਼ੂ ਸੀ !

"ਮੋਰਾਂਵਾਲੀ" ਦੇ  ਕੋਈ ਅਵਾਰਾ ਜਿਹਾ !!

ਕਸੂਰ ਮੇਰਾ ਸੀ ,

ਚਾਹਿਤ ਆਜ਼ਾਦ ਉਡਣ ਦੀ

ਕੋਬਰਿਆਂ ਦੀਆਂ ਵਰਨੀਆਂ ਉਪਰੋਂ

ਪਰ ਗਾਲ਼ਾਂ ਮੇਰੀ ਜਨਨੀ  ਮਾਂ ਨੂੰ ਕਿਉਂ ?

ਗਾਲ਼ਾਂ ਮੇਰੀ ਜਾਤ ਨੂੰ ਕਿਉਂ ?

ਗਾਲ਼ਾਂ ਮੇਰੀ ਔਕਾਤ ਨੂੰ ਕਿਉਂ ?

ਮੇਰਾ ਕਸੂਰ ਆਜ਼ਾਦ ਭਾਰਤ 'ਚ 

ਜੰਮਣਾ ਕਿਰਤੀ ਗੁਲਾਮ ਦੇ

ਬੇ-ਜ਼ਮੀਨਿਆਂ ਦੇ !!

ਸ਼ਕਤੀਹੀਣਾਂ ਦੇ !!

ਸਦੀਆਂ ਤੋਂ ਲਿਤਾੜਿਆ, ਪਸੀਜਿਆਂ ਦੇ !!

ਧੱਕੇਸ਼ਾਹੀਆਂ ਦਾ ਸੰਤਾਪ ਤਾਂ

ਸਾਡੇ ਮੱਥਿਆਂ ਤੇ ਉਕਰਿਆ ਪਿਐ !!

ਰੁਲ਼ਦੇ ਨੇ ਬਚਪਨ ਅਸਾਡੇ

 ਧਨਾਡਾਂ ਦੀਆਂ ਖੁਰਲ਼ੀਆਂ 'ਚ

ਡੰਗਰਾਂ ਵਾਲੇ ਰੱਸੇ ਸਾਡਿਆਂ ਗਲਿਆਂ ਵਿੱਚ

ਡੰਡਿਆਂ ਦੀਆਂ ਲਾਸ਼ਾਂ ਹੰਡਾਉਦੇਂ ਸਾਡੇ ਪਿੰਡੇ

ਹਾਂ !! ਅਸੀਂ ਆਜਾਦ ਮੁਲਕ ਦੇ ਆਜ਼ਾਦ ਬਸ਼ਿੰਦੇ

ਕਟੇ ਖੰਭਾਂ ਵਾਲੇ ..ਨੋਚੇ ,..  ਜਕੜੇ ਪਰਿੰਦੇ !!

 

      ਬਲਜਿੰਦਰ ਸਿੰਘ "ਬਾਲੀ ਰੇਤਗੜ"

      +919465129168