ਸਫਾਈ ਸੇਵਕ ਯੂਨੀਅਨ ਪੰਜਾਬ ਦਾ ਵਫਦ ਸਥਾਨਕ ਸਰਕਾਰਾਂ ਵਿਭਾਗ ਪੰਜਾਬ ਨੂੰ ਦਿੱਤੇ ਮੰਗ ਪੱਤਰ ਸੰਬੰਧੀ ਮਿਲਿਆ 

ਨਗਰ ਕੌਂਸਲ ਜਗਰਾਉਂ ਅੰਦਰ ਸਫਾਈ ਸੇਵਕ / ਸੀਵਰਮੈਨ ਜਲਦੀ ਕੰਟਰੈਕਟ ਬੇਸ ਤੇ ਭਰਤੀ ਕੀਤੇ ਜਾਣਗੇ - ਅਰੁਣ ਗਿੱਲ 
ਜਗਰਾਉਂ 19 ਫਰਵਰੀ 2023(  ਕੁਲਦੀਪ ਸਿੰਘ ਕੋਮਲ/ ਮੋਹਿਤ ਗੋਇਲ ) ਮਾਣਯੋਗ ਸਥਾਨਕ ਸਰਕਾਰਾਂ ਮੰਤਰੀ ਜੀ ਨਾਲ ਸਫਾਈ ਸੇਵਕ ਯੂਨੀਅਨ ਪੰਜਾਬ ਅਤੇ ਮਿਉਂਸਪਲ ਵਰਕਰ ਯੂਨੀਅਨਾਂ ਦੇ ਨੁਮਾਇੰਦਿਆਂ ਨਾਲ ਮਿਤੀ 31-01-2023 ਨੂੰ ਹੋਈ ਮੀਟਿੰਗ ਦੇ ਸੰਬੰਧ ਵਿਚ ਸਫਾਈ ਸੇਵਕ ਯੂਨੀਅਨ ਪੰਜਾਬ ਦੇ ਪ੍ਰਧਾਨ ਸ਼੍ਰੀ ਅਸ਼ੋਕ ਸਾਰਵਾਨ ਜੀ ਦੀ ਅਗਵਾਈ ਵਿੱਚ ਵਫਦ ਡਾਇਰੈਕਟਰ ਸਥਾਨਕ ਸਰਕਾਰਾਂ ਵਿਭਾਗ ਪੰਜਾਬ ਸ਼੍ਰੀ ਉਮਾ ਸ਼ੰਕਰ ਜੀ ਨੂੰ ਮਿਲਿਆ ਇਸ ਬਾਰੇ ਸਫਾਈ ਸੇਵਕ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਅਰੁਣ ਗਿੱਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਾਨਯੋਗ ਮੰਤਰੀ ਜੀ ਸਥਾਨਕ ਸਰਕਾਰਾਂ ਵਿਭਾਗ ਪੰਜਾਬ ਸ ਇੰਦਰਬੀਰ ਸਿੰਘ ਨਿੱਝਰ ਜੀ ਨਾਲ ਸਫਾਈ ਸੇਵਕ / ਸੀਵਰਮੈਨਾ ਤੇ ਠੇਕੇਦਾਰੀ ਅਧੀਨ ਸੇਵਾਵਾਂ ਦੇਣ ਵਾਲੇ ਕਰਮਚਾਰੀਆਂ ਦੀਆਂ ਮੰਗਾਂ ਸਬੰਧੀ ਇੱਕ ਮੀਟਿੰਗ ਮਿਤੀ 31-01-2023  ਨੂੰ ਹੋਈ ਸੀ ਜਿਸ ਸਬੰਧੀ ਦੁਬਾਰਾ ਡਾਇਰੈਕਟਰ ਸਾਹਿਬ ਨਾਲ ਮੀਟਿੰਗ ਕਰਕੇ ਦਿੱਤੇ ਮੰਗ ਪੱਤਰ ਅਨੁਸਾਰ ਮੰਗਾ ਮੰਨਣ ਸਬੰਧੀ ਸਥਾਨਕ ਸਰਕਾਰਾਂ ਵਿਭਾਗ ਵੱਲੋਂ ਲਏ ਗਏ ਫੈਸਲਿਆਂ ਦੀ ਜਾਣਕਾਰੀ ਹਾਸਿਲ ਕੀਤੀ ਗਈ। ਡਾਇਰੈਕਟਰ ਸਾਹਿਬ ਵੱਲੋਂ ਦੱਸਿਆ ਗਿਆ ਕਿ ਬਹੁਤ ਸਾਰੀਆਂ ਮੰਗਾਂ ਪ੍ਰਵਾਨ ਕਰ ਲਈਆਂ ਗਈਆਂ ਹਨ । ਕਈ ਮੰਗਾ ਉਪਰ ਸਬੰਧਤ ਵਿਭਾਗ ਨੂੰ ਪੱਤਰ ਜਾਰੀ ਕਰਕੇ ਰਿਪੋਰਟਾਂ ਮੰਗੀਆਂ ਗਈਆਂ ਹਨ। ਜਿਨ੍ਹਾਂ ਕਮੇਟੀਆਂ ਵਿੱਚ ਠੇਕੇਦਾਰੀ ਸਿਸਟਮ ਅਧੀਨ ਸਫਾਈ ਸੇਵਕ /ਸੀਵਰਮੈਨ, ਪੰਪ ਅਪਰੇਟਰ, ਕੰਪਿਊਟਰ ਅਪਰੇਟਰ ਸੇਵਾਵਾਂ ਨਿਭਾ ਰਹੇ ਹਨ। ਉਨਾਂ ਸੰਬੰਧੀ ਡਾਇਰੈਕਟਰ ਸਾਹਿਬ ਵੱਲੋਂ ਉਚੇਚੇ ਤੌਰ ਤੇ ਦੱਸਿਆ ਗਿਆ ਕਿ ਮੰਤਰੀ ਮੰਡਲ ਵੱਲੋਂ ਲਏ ਫੈਸਲੇ ਅਨੁਸਾਰ ਵਿਭਾਗ ਦੇ ਹੁਕਮ ਮਿਤੀ 14-12-2021 ਰਾਹੀਂ, ਮਿਤੀ 18-06-2021 ਤੋਂ ਪਹਿਲਾਂ ਕੰਟਰੈਕਟ ਤੇ ਕੰਮ ਕਰਦੇ ਸਫਾਈ ਸੇਵਕਾਂ / ਸੀਵਰਮੈਨਾ ਨੂੰ ਰੈਗੂਲਰ ਕਰਨ ਸਬੰਧੀ ਹਦਾਇਤਾਂ ਜਾਰੀ ਕਰ ਦਿੱਤੀਆਂ ਜਾ ਚੁੱਕੀਆਂ ਹਨ । ਜਿਸ ਸਬੰਧੀ ਸ਼ਹਿਰੀ ਸਥਾਨਕ ਸੰਸਥਾਵਾਂ ਵੱਲੋਂ 18-06-2021 ਤੋਂ ਪਹਿਲਾਂ ਜੋ ਸਫਾਈ ਸੇਵਕ / ਸੀਵਰਮੈਨ ਕੰਟਰੈਕਟ ਤੇ ਸਨ। ਉਨ੍ਹਾਂ ਨੂੰ ਰੈਗੂਲਰ ਕੀਤਾ ਜਾ ਰਿਹਾ ਹੈ। ਸਥਾਨਕ ਸਰਕਾਰਾਂ ਵਿਭਾਗ ਪੰਜਾਬ ਦੇ ਪੱਤਰ ਮਿਤੀ 23-06-21 ਅਨੁਸਾਰ ਜਾਰੀ ਨੋਟੀਫਿਕੇਸ਼ਨ ਦੇ ਆਧਾਰ ਤੇ ਰਹਿੰਦੇ ਠੇਕੇਦਾਰੀ ਸਿਸਟਮ ਅਧੀਨ ਸਫਾਈ ਸੇਵਕ / ਸੀਵਰਮੈਨ ਵਿਭਾਗ ਦੇ ਅਧੀਨ ਕੀਤੇ ਜਾਣ । ਜਿਨ੍ਹਾਂ ਥਾਵਾਂ ਤੇ ਪੁਰਾਣੇ ਕਰਮਚਾਰੀਆਂ ਨੂੰ ਕੱਢ ਦਿੱਤਾ ਗਿਆ ਹੈ । ਉਨਾਂ ਕਰਮਚਾਰੀਆਂ ਨੂੰ ਦੁਬਾਰਾ ਭਰਤੀ ਕੀਤਾ ਜਾਵੇ । ਜਿਲਾ ਲੁਧਿਆਣਾ ਦੇ ਪ੍ਰਧਾਨ ਅਰੁਣ ਗਿੱਲ ਨੇ ਦੱਸਿਆ ਕਿ ਨਗਰ ਕੌਂਸਲ ਜਗਰਾਉਂ ਵਾਂਗ ਕੁਝ ਸ਼ਹਿਰੀ ਸਥਾਨਕ ਸੰਸਥਾਵਾਂ ਅੰਦਰ ਅੱਜ ਤੱਕ ਇਹ ਪ੍ਰਕਿਰਿਆ ਆਰੰਭੀ ਹੀ ਨਹੀਂ ਗਈ ਹੈ। ਜੇਕਰ ਅਰੰਭੀ ਵੀ ਗਈ ਹੈ। ਉਹ ਵੀ ਅੱਧ ਵਿਚਕਾਰ ਹੀ ਲਟਕ ਰਹੀ ਹੈ । ਕੁੱਝ ਪੁਰਾਣੇ ਆਊਟ ਸੋਰਸਿੰਗ ਕਰਮਚਾਰੀਆਂ ਨੂੰ ਕੱਢ ਦਿੱਤਾ ਗਿਆ ਹੈ। ਉਨਾਂ ਦੀ ਜਗ੍ਹਾ ਨਵੀਂ ਭਰਤੀ ਕੀਤੀ ਗਈ ਹੈ। ਡਾਇਰੈਕਟਰ ਸਾਹਿਬ ਵੱਲੋਂ ਯੂਨੀਅਨ ਦੇ ਨੁਮਾਇੰਦਿਆਂ ਨੂੰ ਦੱਸਿਆ ਗਿਆ ਕਿ ਵਿਭਾਗ ਵੱਲੋਂ ਜਾਰੀ ਨੋਟੀਫਿਕੇਸ਼ਨ ਮਿਤੀ 23-06-2021 ਅਨੁਸਾਰ ਸ਼ਹਿਰੀ ਸਥਾਨਕ ਸੰਸਥਾਵਾਂ ਵੱਲੋਂ ਸਫਾਈ ਸੇਵਕ / ਸੀਵਰਮੈਨਾ ਦੀ ਕੰਟਰੈਕਟ ਬੇਸ ਤੇ ਭਰਤੀ ਕੀਤੀ ਜਾ ਰਹੀ ਹੈ। ਉਕਤ ਪਾਲਿਸੀ ਅਨੁਸਾਰ ਆਊਟ ਸੋਰਸਿੰਗ ਸਫਾਈ ਸੇਵਕ / ਸੀਵਰਮੈਨਾ ਦੀ ਕੰਟਰੈਕਟ ਬੇਸ ਤੇ ਕੀਤੀ ਭਰਤੀ ਸਬੰਧੀ ਕੰਪਲਾਇੰਸ ਰਿਪੋਰਟ ਜਿੱਥੇ ਵੀ ਪੁਰਾਣੇ ਕਰਮਚਾਰੀਆਂ ਨੂੰ ਐਡਜਸਟ ਨਾ ਕਰਦੇ  ਹੋਏ, ਹੋਰ ਨਵੇਂ ਮੁਲਾਜ਼ਮ ਭਰਤੀ ਕੀਤੇ ਗਏ ਹਨ। ਇਸ ਸੰਬੰਧੀ ਵੀ ਸ਼ਹਿਰੀ ਸਥਾਨਕ ਸੰਸਥਾਵਾਂ ਤੋਂ ਰਿਪੋਰਟਾਂ ਪ੍ਰਾਪਤ ਕੀਤੇ ਜਾਣ ਸਬੰਧੀ ਦੱਸਿਆ ਹੈ। ਇਸ ਨਾਲ ਠੇਕੇਦਾਰੀ ਸਿਸਟਮ ਅਧੀਨ ਲੰਮੇ ਸਮੇਂ ਤੋਂ ਕੰਮ ਕਰਦੇ ਆ ਰਹੇ ਮੁਲਾਜ਼ਮਾਂ ਨੂੰ ਕੰਟਰੈਕਟ ਬੇਸ ਤੇ ਭਰਤੀ ਕੀਤਾ ਜਾ ਸਕੇਗਾ। ਇਸ ਮੌਕੇ ਕੁਲਦੀਪ ਸ਼ਰਮਾ ਸਰਪਰਸਤ ਸਫਾਈ ਸੇਵਕ ਯੂਨੀਅਨ ਪੰਜਾਬ, ਰਮੇਸ਼ ਕੁਮਾਰ ਗੈਚੰਡ ਸੈਕਟਰੀ ਸਫਾਈ ਸੇਵਕ ਯੂਨੀਅਨ ਪੰਜਾਬ, ਅਮੀਤਾ ਸੁਜਾਨਪੁਰ ਆਦਿ ਹਾਜ਼ਰ ਸਨ।