You are here

ਸੀਵਰੇਜ਼ ਦੀ ਸਫਾਈ ਲਈ ਨਗਰ ਨਿਗਮ ਨੂੰ ਮਿਲੀਆਂ ਨਵੀਆਂ ਮਸ਼ੀਨਾਂ

ਆਗਾਮੀ ਮੌਨਸੂਨ ਸੀਜ਼ਨ ਤੋਂ ਪਹਿਲਾਂ ਸਾਰੇ ਸ਼ਹਿਰ ਦੇ ਸੀਵਰੇਜ ਦੀ ਸਫਾਈ ਕਰਾਉਣ ਦੀ ਹਦਾਇਤ
ਲੁਧਿਆਣਾ, ਫ਼ਰਵਰੀ 2020-( ਇਕਬਾਲ ਸਿੰਘ ਰਸੂਲਪੁਰ/ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )-

ਸ਼ਹਿਰ ਵਿੱਚੋਂ ਹੱਥੀਂ ਮੈਲਾ ਢੋਹਣ ਨੂੰ ਪੂਰੀ ਤਰਾਂ ਖ਼ਤਮ ਕਰਨ ਅਤੇ ਸੀਵਰੇਜ ਵਿਵਸਥਾ ਨੂੰ ਦਰੁਸਤ ਕਰਨ ਲਈ ਨਵੀਂਆਂ ਜੈਟਿੰਗ ਅਤੇ ਮਸ਼ੀਨਾਂ ਖਰੀਦੀਆਂ ਗਈਆਂ ਹਨ। ਜਿਨਾਂ ਨੂੰ ਅੱਜ ਪੰਜਾਬ ਦੇ ਖੁਰਾਕ, ਸਿਵਲ ਸਪਲਾਈ ਅਤੇ ਖ਼ਪਤਕਾਰ ਮਾਮਲੇ ਵਿਭਾਗ ਦੇ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਸਥਾਨਕ ਜ਼ੋਨ-ਡੀ ਦਫ਼ਤਰ ਤੋਂ ਹਰੀ ਝੰਡੀ ਦਿਖਾ ਕੇ ਅਲੱਗ-ਅਲੱਗ ਜ਼ੋਨਾਂ ਲਈ ਰਵਾਨਾ ਕੀਤਾ। ਇਸ ਮੌਕੇ ਵਿਧਾਇਕ ਸੰਜੇ ਤਲਵਾੜ, ਮੇਅਰ ਬਲਕਾਰ ਸਿੰਘ ਸੰਧੂ, ਕੌਂਸਲਰ ਸ੍ਰੀਮਤੀ ਮਮਤਾ ਆਸ਼ੂ, ਕਮਿਸ਼ਨਰ ਸ੍ਰੀਮਤੀ ਕੰਵਲ ਪ੍ਰੀਤ ਕੌਰ ਬਰਾੜ, ਸੰਯਮ ਅਗਰਵਾਲ ਤੇ ਰਿਸ਼ੀਪਾਲ ਸਿੰਘ (ਦੋਵੇਂ ਵਧੀਕ ਕਮਿਸ਼ਨਰ), ਨਵਰਾਜ ਸਿੰਘ ਬਰਾੜ, ਕੁਲਪ੍ਰੀਤ ਸਿੰਘ, ਸ੍ਰੀਮਤੀ ਸਵਾਤੀ ਟਿਵਾਣਾ ਅਤੇ ਨੀਰਜ ਜੈਨ (ਚਾਰੇ ਜ਼ੋਨਲ ਕਮਿਸ਼ਨਰ) ਅਤੇ ਹੋਰ ਹਾਜ਼ਰ ਸਨ। ਜਾਣਕਾਰੀ ਦਿੰਦਿਆਂ ਸ੍ਰੀ ਆਸ਼ੂ ਨੇ ਦੱਸਿਆ ਕਿ ਪੰਜਾਬ ਸਰਕਾਰ ਦੀ ਹਦਾਇਤ 'ਤੇ ਨਗਰ ਨਿਗਮ ਲੁਧਿਆਣਾ ਵਿੱਚ ਸੀਵਰੇਜ ਦੀ ਸਫਾਈ ਲਈ ਮੈਨੂਅਲ ਸਕਵੇਂਜਰਜ਼ ਐਕਟ-2013 ਦੀ ਪੂਰਨ ਤੌਰ 'ਤੇ ਪਾਲਣਾ ਯਕੀਨੀ ਬਣਾਈ ਜਾ ਰਹੀ ਹੈ। ਸੂਬੇ ਦੇ ਸਭ ਤੋਂ ਵੱਡੇ ਨਗਰ ਨਿਗਮ ਵਿੱਚ ਸੀਵਰੇਜ ਦੀ ਸਫਾਈ ਲਈ ਸਮਾਰਟ ਸਿਟੀ ਪ੍ਰੋਜੈਕਟ ਅਧੀਨ 8 ਵੱਡੀਆਂ ਜੈਟਿੰਗ ਮਸ਼ੀਨਾਂ ਅਤੇ 24 ਛੋਟੀਆਂ ਮਸ਼ੀਨਾਂ ਦੀ ਖਰੀਦ ਕੀਤੀ ਗਈ ਹੈ। ਇਸ ਤਰਾਂ ਨਗਰ ਨਿਗਮ ਕੋਲ ਹੁਣ 16 ਵੱਡੀਆਂ ਜੈਟਿੰਗ ਮਸ਼ੀਨਾਂ ਅਤੇ 32 ਛੋਟੀਆਂ ਮਸ਼ੀਨਾਂ ਹਨ। ਇਨਾਂ ਨਵੀਂਆਂ ਮਸ਼ੀਨਾਂ ਦੇ ਆਉਣ ਨਾਲ ਸ਼ਹਿਰ ਦੀ ਸੀਵਰੇਜ਼ ਦੀ ਸਫਾਈ ਵਿੱਚ ਵੱਡੇ ਪੱਧਰ 'ਤੇ ਰਾਹਤ ਮਿਲੇਗੀ। ਉਨਾਂ ਦੱਸਿਆ ਕਿ ਇਹ ਮਸ਼ੀਨਾਂ ਚਾਰੇ ਜ਼ੋਨਾਂ ਵਿੱਚ ਲੋੜ ਅਨੁਸਾਰ ਲਗਾਈਆਂ ਜਾਣਗੀਆਂ ਤਾਂ ਜੋ ਸ਼ਹਿਰ ਦੇ ਕਿਸੇ ਵੀ ਹਿੱਸੇ ਵਿੱਚ ਸੀਵਰੇਜ਼ ਬੰਦ ਹੋਣ ਦੀ ਸਮੱਸਿਆ ਪੇਸ਼ ਨਾ ਆਵੇ। ਨਗਰ ਨਿਗਮ ਅਧਿਕਾਰੀਆਂ ਨੂੰ ਆਗਾਮੀ ਮੌਨਸੂਨ ਨੂੰ ਧਿਆਨ ਵਿੱਚ ਰੱਖਦਿਆਂ ਅਗਾਂਊ ਤਿਆਰੀ ਕਰਨ ਬਾਰੇ ਉਨਾਂ ਕਿਹਾ ਕਿ ਬਰਸਾਤਾਂ ਵਿੱਚ ਸ਼ਹਿਰ ਵਾਸੀਆਂ ਨੂੰ ਗੰਦੇ ਪਾਣੀ ਦੇ ਨਿਕਾਸ ਅਤੇ ਸੀਵਰੇਜ਼ ਬੰਦ ਹੋਣ ਦੀ ਸਮੱਸਿਆ ਨਾਲ ਨਾ ਜੂਝਣਾ ਪਵੇ। ਇਸ ਲਈ ਨਗਰ ਨਿਗਮ ਨੂੰ ਹੁਣੇ ਤੋਂ ਹੀ ਅਗਾਂਊ ਕਾਰਜ ਸ਼ੁਰੂ ਕਰੇ। ਉਹ ਨਗਰ ਨਿਗਮ ਨੂੰ ਹਦਾਇਤ ਕੀਤੀ ਕਿ ਆਗਾਮੀ ਸੀਜ਼ਨ ਤੋਂ ਪਹਿਲਾਂ ਪਹਿਲਾਂ ਸਾਰੇ ਸ਼ਹਿਰ ਦੇ ਸੀਵਰੇਜ਼ ਦੀ ਸਫਾਈ ਯਕੀਨੀ ਬਣਾਈ ਜਾਵੇ। ਉਨਾਂ ਜ਼ੋਨਲ ਕਮਿਸ਼ਨਰਾਂ ਨੂੰ ਹਦਾਇਤ ਕੀਤੀ ਕਿ ਉਹ ਇਨਾਂ ਮਸ਼ੀਨਾਂ ਦੀ ਕਾਰਗੁਜ਼ਾਰੀ ਦੀ ਨਿੱਜੀ ਤੌਰ 'ਤੇ ਨਜ਼ਰਸਾਨੀ ਕਰਨ।