ਸਾਹਿਤ

ਗ਼ਜ਼ਲ ✍️ ਬਲਜਿੰਦਰ ਸਿੰਘ " ਬਾਲੀ ਰੇਤਗੜ"

ਰੰਗ ਬਸੰਤੀ ਦੇ ਚੱਕਰ ਵਿੱਚ,ਕੇਸਰੀ ਰੰਗ ਭੁਲਾ ਨਾ ਦੇਵੀਂ

ਰੱਤ ਸ਼ਹਾਦਤ ਦਾ ਚੜਿਐ ਇਹ, ਹਾਉਮੈ ਵਿੱਚ ਰੁਲ਼ਾ ਨਾ ਦੇਵੀਂ

 

ਪੁਰਖ਼ੇ ਹੋਏ ਕੁਰਬਾਨ ਬੜੇ,ਕੇਸਰੀਆਂ ਇਹ ਦਸਤਾਰਾਂ ਲਈ 

ਕਲਮ ਕਰਾ ਕੇ ਸੀਸ ਦੁਮਾਲੇ, ਲੈਤੇ ਰੰਗ ਧੁਲਾ ਨਾ ਦੇਵੀਂ

 

ਸਾਹਿਬ ਮੇਰੇ ਦੇ ਜਿਸਨੂੰ ਚੜ੍ਹਗੇ,ਰੰਗ ਮਜੀਠੇ ਨੇ ਧੁਰ ਅੰਦਰ

ਬਾਤ-ਬਤਾਂਗੜ ਦੇ ਵਿੱਚ ਕੱਚੇ,ਕਿਧਰੇ ਰੰਗ ਖਿਲ਼ਾ ਨਾ ਦੇਵੀਂ

 

ਪੀਤੇ ਜਾਮ ਬੜੇ ਕੁਰਬਾਨੀ ਦੇ,ਚੁੰਮੇ ਫਾਂਸੀ ਦੇ ਫੰਦੇ

ਅੱਖੀਆਂ ਚੋਂ ਦਰਿਆ ਏ ਰੋਹ ਦੇ, ਉਬਲ਼ੇ ਯਾਰ ਡੁਲ਼ਾ ਨਾ ਦੇਵੀਂ

 

ਰੰਗ ਚੜਾ ਕੇ ਭੇਖਾਂ ਦੇ ਨਾ ਉਲਝਾ ਜਾਵੀਂ ਰੰਗਾਂ ਵਿੱਚ ਹੀ

"ਬਾਲੀ" ਵਾਰਿਸ ਕਿਰਤੀ ਦਾ ਬਣ, ਗੱਲੀਂ ਜ਼ਹਿਰ ਪਿਲਾ ਨਾ ਦੇਵੀਂ

 

                ਬਾਲੀ ਰੇਤਗੜ 

       +919465129168

ਬੁੱਲ੍ਹ ਕਿੱਦਾਂ ਮੈਂ ਸੀਅ ਕੇ ਰੱਖਾਂ  ✍️ ਰਣਬੀਰ ਸਿੰਘ ਪ੍ਰਿੰਸ

ਬੁੱਲ੍ਹ ਕਿੱਦਾਂ ਮੈਂ,ਸੀਅ ਕੇ ਰੱਖਾਂ,

ਜ਼ਹਿਰ ਅੰਦਰ ਦਾ, ਪੀ ਕੇ ਰੱਖਾਂ,

ਕਦੀ ਤਾਂ ਹੱਕ ਲਈ, ਲੜਣਾ ਪੈਣਾ,

ਤੇ ਆਪਣੇ ਪੈਰੀਂ, ਖੜ੍ਹਨਾ ਪੈਣਾ ,

 

ਬੇਵੱਸ ਅਤੇ ਲਾਚਾਰ ਜੀ ਬਣਕੇ,

ਲੋਕ ਲੱਜ ਤੋਂ ਰਹੀ ਜੇ ਡਰ ਕੇ,

ਇੰਝ ਤਾਂ ਮੈਨੂੰ ਮਾਰ ਹੀ ਦੇਣਾ,

ਕੁੜੀ ਚਿੜੀ ਦਾ ਨਾਂ ਦੇ ਦੇਣਾ,

 

ਗਿਰਝ ਬਾਜ਼ ਤੇ ਕਾਂਵਾਂ ਦੇ ਨਾਲ਼,

ਗਿੱਦੜਾਂ ਤੇ ਬਘਿਆੜਾਂ ਦੇ ਨਾਲ਼,

ਕਿਸੇ ਨੂੰ ਤਾਂ ਟਕਰਾਉਣਾ ਪੈਣਾ,

ਆਪਣਾ ਆਪ ਬਚਾਉਣਾ ਪੈਣਾ,

 

ਪ੍ਰਿੰਸ ਜੇ ਅੱਜ ਵੀ ਕੁਝ ਨਾ ਬੋਲੀ,

ਲੋਕ ਸਮਝਦੇ ਰਹਿਣਗੇ ਗੋਲ਼ੀ,

ਇਸ ਲਈ ਮੌਨ ਤੋੜਨਾ ਪੈਣਾ,

ਜ਼ੁਲਮਾਂ ਦਾ ਮੂੰਹ ਮੋੜਨਾ ਪੈਣਾ,

 

ਰਣਬੀਰ ਸਿੰਘ ਪ੍ਰਿੰਸ

ਸ਼ਾਹਪੁਰ ਕਲਾਂ ਆਫ਼ਿਸਰ ਕਾਲੋਨੀ

ਸੰਗਰੂਰ 9872299613

ਗ਼ਜ਼ਲ ✍️ ਮਹਿੰਦਰ ਸਿੰਘ ਮਾਨ

ਵੰਡ ਰਹੇ ਨੇ ਮਹਿਕਾਂ ਖਿੜਦੇ ਫੁੱਲ,

ਇਹਨਾਂ ਨੂੰ ਤੋੜਨ ਦੀ ਕਰਿਉ ਨਾ ਭੁੱਲ।

ਜਿਹੜਾ ਮਾਂ-ਪਿਉ ਦਾ ਕਰਦੈ ਸਤਿਕਾਰ,

ਇੱਥੇ ਕੋਈ ਨਾ ਉਸ ਪੁੱਤ ਦੇ ਤੁੱਲ।

ਹੁਸਨਾਂ ਦੇ ਗੁਲਸ਼ਨ ਦਾ ਕੁੱਝ ਨ੍ਹੀ ਬੱਚਦਾ,

ਜੇ ਹਿਜਰਾਂ ਦੀ ਨ੍ਹੇਰੀ ਜਾਵੇ ਝੁੱਲ।

ਹੁਣ ਉਹ ਬਹੁਤ ਰਹੇ ਨੇ ਯਾਰੋ ਪੱਛਤਾ,

ਰੁੱਖ ਪੁੱਟਣ ਦੀ ਜਿਹਨਾਂ ਕੀਤੀ ਭੁੱਲ।

ਇੱਥੇ ਹੁੰਦਾ ਨਾ ਕੋਈ ਬੀਮਾਰ,

ਚੰਗੀ ਸਿਹਤ ਜੇ ਵਿੱਕਦੀ ਹੁੰਦੀ ਮੁੱਲ।

ਉਹਨਾਂ ਔਖੇ ਵੇਲੇ ਹੋਣਾ ਔਖੇ,

ਜੋ ਖਰਚ ਬੈਠੇ ਆਪਣੀ ਪੂੰਜੀ ਕੁੱਲ।

ਸਾਡੇ ਪਿੰਡ 'ਚ ਰਹਿੰਦੇ ਨੇ ਨਾਸ਼ੁਕਰੇ,

ਉਹਨਾਂ ਨੇ ਕੀ ਪਾਣਾ ਸਾਡਾ ਮੁੱਲ।

ਮਹਿੰਦਰ ਸਿੰਘ ਮਾਨ

ਸਲੋਹ ਰੋਡ

ਚੈਨਲਾਂ ਵਾਲੀ ਕੋਠੀ

ਨਵਾਂ ਸ਼ਹਿਰ-9915803554

 ਪੈਗ਼ੰਬਰ ਤੇ ਮੰਦਰ ✍️ ਗੀਤਕਾਰ ਦੀਪ ਸੈਂਪਲਾਂ

ਜਦ ਮਾਰੀ ਝਾਤ ਪੈਗ਼ੰਬਰ ਨੇ।

ਫਿਰ ਹਾਲ ਸੁਣਾਇਆ ਮੰਦਰ ਨੇ।

ਇੱਥੇ ਕਾਬਜ਼  ਇੱਕ ਜੋਗੀ ਏ ।

ਜੋ ਹਵਸ ਦਾ ਪੱਕਾ ਰੋਗੀ ਏ।

ਉਹ ਅੱਖਾਂ ਖੋਲੇ ਨੋਚਣ ਲਈ।

ਕੁਝ ਬੱਚੀਆਂ ਰੱਖੀਆਂ ਸ਼ੋਸ਼ਣ ਲ‌ਈ।

ਮਾਲਿਸ਼ ਦੇ ਲਈ ਰੱਖੀਆਂ ਕੁੜੀਆਂ।

ਨਸ਼ੇ ਦੀਆਂ ਵਰਤਾਵਣ‌ ਪੁੜੀਆਂ।

ਓਹਦੇ ਨਾਲ ਰਲੇ ਪੁਜਾਰੀ ਨੇ ।

ਥਾਂ ਥਾਂ ਜੋ ਲਾਉਂਦੇ ਯਾਰੀ ਨੇ ।

ਨਸ਼ੇ ਦਾ ਇਹ ਸਮੁੰਦਰ ਡੂੰਘਾ।

ਹਰ ਕੋਈ ਇਸ ਦੇ ਅੱਗੇ ਗੂੰਗਾ।

ਇਸਦੇ ਕਹੇ ਤੇ ਦੰਗੇ ਹੁੰਦੇ।

ਕੋਰਟ, ਕਚਹਿਰੀ ਪੰਗੇ ਹੁੰਦੇ।

ਜਿਸਮ ਦਾ ਵੱਡਾ ਵਪਾਰੀ ਬਣਿਆ।

ਲਾ ਦਲਾਲਾਂ ਨਾਲ ਯਾਰੀ ਬਣਿਆ।

ਵਰ ਦਿੰਦਾਂ ਏ ਪੁੱਤਾਂ ਦੇ ਵੀ ।

ਕਤਲ ਕਰਾਉਂਦਾ ਕੱਖਾਂ ਦੇ ਵੀ

ਇਹਦੇ ਮਹਿਲ ਸੋਨੇ ਤੇ ਚਾਂਦੀ ਦੇ।

ਬੜੇ ਢੇਰ ਲੱਗੇ ਨੇ ਗਾਂਧੀ ਦੇ।

ਇਹਨਾ ਜਨਤਾਂ ਮਗਰੇ ਲਾ‌ਈ ਏ।

ਇਹਨਾਂ ਕੀਤੀ ਬੜੀ ਤਬਾ‌ਈ ਏ।

ਜਿਜਸ ,ਅੱਲਾ,ਰਾਮ ਵਾਹਿਗੁਰੂ। 

ਇਹ ਸਭ ਦਾ ਵਰਤੇ ਨਾਮ ਵਾਹਿਗੁਰੂ।

ਜੋ  ਇਸਦੇ ਵਿਰੁੱਧ ਜਾ ਖਲੋ ਜਾਂਦਾ।

ਉਹ ਜ਼ਿੰਦਗੀ ਤੋਂ ਹੱਥ ਧੋ ਜਾਂਦਾਂ।

ਮੁੱਠੀ ਵਿੱਚ ਸਰਕਾਰਾਂ ਇਸਦੇ।

ਨਾਲ ਨੇ ਜੁੜੀਆਂ ਤਾਰਾਂ ਇਸਦੇ।

ਇਸਦਾ ਦਾ ਵਿੰਗਾਂ ਵਾਲ ਨੀ ਹੁੰਦਾ।

ਇਸਦਾ ਮੰਦੜਾ ਹਾਲ ਨੀ ਹੁੰਦਾ।

ਮੈਂ ਤਾਂ ਬੱਸ ਇੱਕ ਨਾਮ ਦਾ ਮੰਦਰ।

ਸਭ ਹੁੰਦਾ ਗਲਤ ਮੇਰੇ ਅੰਦਰ।

ਦੀਪ ਸੈਂਪਲੇ ਨੇ ਸੱਚ ਸੁਣਾਈ।

ਹਾਲ ਮੇਰੇ ਤੇ ਕਲਮ ਚਲਾਈ।

ਦਾਤੇ ਜੀ ਵਰਤਾ ਦਿਓ ਭਾਣੇ । 

ਤੁਸੀਂ ਹੀ ਇਹਨੂੰ ਲਾਓ ਟਿਕਾਣੇ।

ਮੈਂ ਮੰਦਰ ਬੱਸ ਦੇਵਾਂ ਦੁਹਾਈ।

ਦਾਤਾ ਜੀ ਤੁਸੀਂ ਹੋਵੋ ਸਹਾਈ‌।

ਗੀਤਕਾਰ ਦੀਪ ਸੈਂਪਲਾਂ

ਸ੍ਰੀ ਫ਼ਤਹਿਗੜ੍ਹ ਸਾਹਿਬ

6283087924

ਕਦੇ-ਕਦੇ (ਕਵਿਤਾ) ✍️ ਰਣਬੀਰ ਸਿੰਘ ਪ੍ਰਿੰਸ

ਰਾਤੀਂ ਪਿੰਡ ਦੀ ਯਾਦ,

ਖ਼ਾਬ ਵਿੱਚ ਪੁੱਛ ਬੈਠੀ,

ਕਹਿੰਦੀ ਮੇਰੀ

ਯਾਦ ਨਹੀਂ ਆਉਂਦੀ

ਮੈਂ ਕਿਹਾ ਆਉਂਦੀ ਐ,

ਪਰ ਕਦੇ ਕਦੇ,

 

ਕਹਿੰਦੀ ਛੱਪੜ ਕੰਢੇ ਬੋਹੜ ਉੱਤੇ

ਹੁਣ ਦਿਲ ਨਹੀਂ ਕਰਦਾ,

ਪੀਂਘ ਪੁਲਾਂਘਾਂ ਖੇਡਣ ਦਾ

ਮੈਂ ਕਿਹਾ ਕਰਦਾ ਹੈ

ਪਰ ਕਦੇ ਕਦੇ,

 

ਬੇਬੇ ਦੀਆਂ ਗਾਲ਼ਾਂ

ਬਾਪੂ ਦੀਆਂ ਝਿੜਕਾਂ

ਭੈਣ ਦਾ ਲਾਡ

ਸਮਝ ਹੁਣ ਆਉਂਦਾ,

ਮੈਂ ਕਿਹਾ ਆਉਂਦਾ

ਪਰ ਕਦੇ ਕਦੇ ,

 

ਕਹਿੰਦੀ ਉਹ ਕਮਲੀ ਵੀ ਯਾਦ ਹੈ,

ਜੋ ਕਦੇ ਚੋਰੀ ਤੱਕੀ ਸੀ,

ਤੇਰੇ ਭੋਲੇਪਣ ਤੇ,

ਜੋ ਥੋੜ੍ਹਾ ਜਿਹਾ ਹੱਸੀ ਸੀ,

ਮੈਂ ਕਿਹਾ ਯਾਦ ਹੈ

ਪਰ ਕਦੇ ਕਦੇ

 

ਫਿਰ ਮੈਂ ਸਮਝਾਇਆ ਕਮਲੀ ਨੂੰ,

ਮਸਾਂ ਡੌਕੀਆਂ ਲਾ ਕੇ ਆਇਆ ਹਾਂ,

ਮੈਕਸੀਕੋ ਦੇ ਜੰਗਲ ਪਨਾਮਾ ਅੰਦਰ,

ਸਭ ਕੁਝ ਹੀ ਦਫ਼ਨਾਇਆ ਹੈ,

 

ਏਸੇ ਲਈ ਕਮਲੇ ਦਿਲ ਤਾਈਂ

ਪ੍ਰਿੰਸ ਪੱਥਰ ਵਾਂਗ ਬਣਾਇਆ ਹੈ,

ਚੇਤੇ ਤਾਂ ਸਭ ਕੁਝ ਅੱਜ ਵੀ ਹੈ,

ਪਰ ਗਰਜ਼ਾਂ ਦੇ ਕਰਜ਼ਾਂ,

ਹੇਠ ਦਬਾਇਆ ਹੈ ,

 

ਰਣਬੀਰ ਸਿੰਘ ਪ੍ਰਿੰਸ

ਸ਼ਾਹਪੁਰ ਕਲਾਂ ਆਫ਼ਿਸਰ ਕਾਲੋਨੀ

ਸੰਗਰੂਰ 9872299613

ਆਹ ਕੀ ਚੰਨ ਚੜ੍ਹਾ ਬੈਠਾ ✍️ ਨਿਰਮਲ ਸਿੰਘ ਨਿੰਮਾ (ਸਮਾਜ ਸੇਵੀ)

ਬੇਮੁੱਖ ਹੋ ਕੇ ਬਾਣੀ ਤੋਂ ਤੂੰ ਆਪਣੀ ਕਦਰ ਗਵਾ ਬੈਠਾ....

ਬੇਲੋੜਾ ਹੁਲੜਬਾਜ਼ੀ ਨੂੰ ਤੂੰ ਆਪਣੇ ਗਲ਼ ਲਗਾ ਬੈਠਾ....

ਛੱਡ ਕੇ ਨਿਮਰਤਾ, ਸੂਝ ਬੂਝ ਨੂੰ ਤੂੰ ਬੁੱਲੇਟ ਦੇ ਪਟਾਕੇ ਚਲਾ ਬੈਠਾ....

ਸਿਫ਼ਤਾਂ ਜਿਹਦੀਆਂ ਕਰਦੀ ਦੁਨੀਆਂ ਤੂੰ ਓਸ ਪੰਜਾਬ ਨੂੰ ਥੱਲੇ ਲਾ ਬੈਠਾ....

ਤੇਰਿਆਂ ਨਸ਼ਿਆਂ ਦੀ ਆਦਤ ਕਰਕੇ ਪੰਜਾਬ ਸਿੰਹਾਂ ਭੂੰਜੇ ਜਾ ਬੈਠਾ....

ਲੁੱਟ - ਖਸੁੱਟ ਕਰਕੇ ਤੂੰ ਬਾਪੂ ਦੀ ਪੱਗ ਲਵਾ ਬੈਠਾ....

ਦਸ ਕੇ ਖ਼ੁਦ ਨੂੰ ਬੇਰੋਜ਼ਗਾਰ ਤੂੰ ਕਿਰਤ ਦਾ ਫ਼ਲਸਫ਼ਾ ਭੁਲਾ ਬੈਠਾ....

ਤਿਆਗ ਕੇ ਨੇਕੀ ਦੇ ਰਾਹ ਤੂੰ ਬਦੀ ਨੂੰ ਜੱਫ਼ੀ ਪਾ ਬੈਠਾ....

ਹੋ ਕੇ ਊਤਾਰੁ ਹਿੰਸਾ ਤੇ ਤੂੰ ਹੋਲਾ ਮਹੱਲਾ ਮਨਾ ਬੈਠਾ....

ਲੈ ਕੇ ਜਾਨ ਨਿਰਦੋਸ਼ ਦੀ ਤੂੰ ਮੱਥੇ ਤੇ ਕਲੰਕ ਲਗਾ ਬੈਠਾ....

ਸੁਣ ਨੌਜਵਾਨਾਂ ਹੁਣ ਵੀ ਸੰਭਲ ਜਾ ਤੂੰ ਆਹ ਕੀ ਚੰਨ ਚੜ੍ਹਾ ਬੈਠਾ....

ਕਰੇ ਅਰਜੋਈ ਨਿੰਮਾ ਨਿਮਾਣਾ ਆਪਣੀ ਕਲ਼ਮ ਚਲਾ ਬੈਠਾ....

 ਨਿਰਮਲ ਸਿੰਘ ਨਿੰਮਾ (ਸਮਾਜ ਸੇਵੀ)

ਮੋਬਾ:9914721831

ਕਾਤਿਲ ਹਵਾਵਾਂ ✍️ ਰਣਬੀਰ ਸਿੰਘ ਪ੍ਰਿੰਸ

ਕਿੱਥੇ ਰੱਖਣ ਲੁਕੋ ਕੇ ਪੁੱਤ ਮਾਂਵਾਂ,

ਕਿੱਥੇ ਰੱਖਣ, ਕਿੱਥੇ ਰੱਖਣ ਲੁਕੋ ਕੇ ਪੁੱਤ ਮਾਂਵਾਂ,

ਕਾਤਿਲ  ਹਵਾਵਾਂ ਹੋ ਗਈਆਂ,

ਨੀ ਜ਼ਿੰਦੇ ਮੇਰੀਏ,

ਕਿਵੇਂ ਮੰਨ ਲਾਂ ਹੋਣੀ ਦਾ ਲੋਕੋ ਭਾਣਾ,

ਕਿਵੇਂ ਮੰਨ ਲਾਂ, ਕਿਵੇਂ ਮੰਨ ਲਾਂ ਹੋਣੀ ਦਾ ਲੋਕੋ ਭਾਣਾ,

ਹੁੱਲੜਾਂ ਨੇ ਪੁੱਤ ਖਾ ਲਿਆ, ਫੁਕਰਿਆਂ ਪੁੱਤ ਖਾ ਲਿਆ

ਨੀ ਜ਼ਿੰਦੇ ਮੇਰੀਏ,

ਕਹਿੰਦੇ ਰੰਗਲਾ ਪੰਜਾਬ ਬਣਾਉਣਾ,

ਕਹਿੰਦੇ ਰੰਗਲਾ, ਕਹਿੰਦੇ ਰੰਗਲਾ ਪੰਜਾਬ ਬਣਾਉਣਾ,

ਖੂਨ ਦੀਆਂ ਖੇਡ ਹੋਲੀਆਂ,ਨੀ ਜ਼ਿੰਦੇ ਮੇਰੀਏ

ਖੂਨ ਦੀਆਂ ਖੇਡ ਹੋਲੀਆਂ,

ਨੀ ਜ਼ਿੰਦੇ ਮੇਰੀਏ,

ਰਣਬੀਰ ਸਿੰਘ ਪ੍ਰਿੰਸ

ਸ਼ਾਹਪੁਰ ਕਲਾਂ ਆਫ਼ਿਸਰ ਕਾਲੋਨੀ

ਸੰਗਰੂਰ 9872299613

 ਔਰਤ ਹਾਂ( ਕੌਮਾਂਤਰੀ ਮਹਿਲਾ ਦਿਵਸ) ✍️ ਰਣਬੀਰ ਸਿੰਘ ਪ੍ਰਿੰਸ

ਔਰਤ ਹਾਂ ਤੂੰ ਔਰਤ ਸਮਝ ਕੇ ,

ਐਦਾਂ ਅੱਤਿਆਚਾਰ ਨਾ ਕਰ,

 

ਅਬਲਾ ਤੇ ਕੰਮਜ਼ੋਰ ਆਖ ਕੇ,

ਮੇਰਾ ਤੂੰ ਤ੍ਰਿਸਕਾਰ ਨਾ ਕਰ,

 

ਨਾਜ਼ੁਕ ਕਲੀ, ਮਾਸੂਮ ਜਿਹੀ ਦੇ,

ਰਾਹਾਂ ਵਿੱਚ ਅੰਗਿਆਰ ਨਾ ਧਰ,

 

ਬੇਵਫ਼ਾ ,ਬੇਸ਼ਰਮ ਨਹੀਂ ਮੈਂ,

ਤੂੰ ਥੋੜ੍ਹਾ ਜਿਹਾ ਇਤਬਾਰ ਤਾਂ ਕਰ,

 

ਕਦੇ ਬੇਅਕਲ, ਬੇ ਗ਼ੈਰਤ ਕਹਿ ਕੇ,

ਕੱਖੋਂ ਹੌਲ਼ਾ ਕਿਰਦਾਰ ਨਾ ਕਰ

 

ਚੀਰ ਹਰਨ ਕਦੇ, ਅਗਨਿ ਪ੍ਰੀਖਿਆ,

ਸਿਤਮ ਮੇਰੇ ਤੇ ਹਰ ਵਾਰ ਨਾ ਕਰ,

 

ਪ੍ਰਿੰਸ ਨਿਮਾਣਿਆ ,ਬਣ ਜਾ ਸਿਆਣਾ,

ਆ ਮਰਦਪੁਣੇ ਦਾ ਹੰਕਾਰ ਨਾ ਕਰ,

 

ਜਣਨੀ ਹੋ ਜੇ, ਤੈਨੂੰ ਜਣ ਸਕਦੀ ਹਾਂ,

ਲੋੜ ਪਵੇ ਤਾਂ ਲਵਾਂ ਪ੍ਰਾਣ ਵੀ ਹਰ ,

 

ਰਣਬੀਰ ਸਿੰਘ ਪ੍ਰਿੰਸ

ਸ਼ਾਹਪੁਰ ਕਲਾਂ ਆਫ਼ਿਸਰ ਕਾਲੋਨੀ

ਸੰਗਰੂਰ 9872299613

ਗੀਤ ਜੁੱਤੀ

ਜੁੱਤੇ ਲੈਂਦੇ ਮਾਹੀਆ ਮੇਰੇ , ਸੋਹਣੀ ਬਣ‌ ਫਿਰਾਂ ਮੋਰਨੀ।

ਤੁਰਦੀ ਜਾਵਾਂ ਨਾਲ ਤੇਰੇ, ਸੋਹਣੀ ਬਣ ਫਿਰਾਂ ਮੋਰਨੀ।

ਪੂਰੇ ਨਾਪੇ ਦੀ ਸੱਜਦੀ ਏ ਵਾਲੀ ।

ਪੈਰ ਚ ਪਾਈ ਜੱਚਦੀ ਏ ਵਾਲੀ।

ਕੂਚ ਕੂਚ ਮੈਂ ਅੱਡੀਆਂ , ਚਮਕਾ ਕੇ ਛੱਡੀਆਂ

ਨੱਚਦੀ ਫਿਰਾਂ ਵਿਚ ਵੇਹੜੇ।

ਸੋਹਣੀ ਬਣ......

 

ਸੱਸਤੀ ਹੋਵੇ ਜਾਂ ਮਹਿੰਗੀ ਚੰਨਾ ਮੇਰੇ,  ਵੇ ਚਮਚਮ ਕਰਨ ਸਿਤਾਰੇ।

ਵੇਖ ਸੜਨ  ਜੁੱਤੀ ਗਵਾਂਢੀ ਤੇਰੇ , ਵੇ ਚਮਚਮ ਕਰਨ ਸਿਤਾਰੇ।

ਗਵਾਂਢੀਆਂ ਦੇ ਦਿਲ ਸਾੜਾ ਵੇ।

ਸੋਹਣੀ ਜੁੱਤੀ ਲਿਆਂਦੇ ਹਾੜਾ ਵੇ ।

ਜੁੱਤੀ ਚੱਕ ਕੇ ਝਾੜਾਂ, ਪਾਉਣ ਘਰ ਚ ਪੁਆੜਾ ਵੇ।

ਨਜ਼ਰਾਂ ਲਾਉਣ ਆਉਣ ਨਾ ਨੇੜੇ।

ਸੋਹਣੀ ਬਣ .......

 

ਦਿਉਰ ਦਾ ਆਉਣਾ ਵਿਆਹ ਮੇਰੇ, ਵੇ ਝਮਝਮ‌ ਨੱਚਦੀ ਫਿਰਾਂ।

ਜੁੱਤੀ ਪਾ ਕੇ ਜਾਵਾ ਮਾਹੀਂ ਨਾਲ ਤੇਰੇ, ਵੇ ਝਮਝਮ ਨੱਚਦੀ ਫਿਰਾਂ ।

ਬੋਲੀ ਪਾ ਕੇ ਨੱਚਾਂ ਵੇ ।

ਤੇਨੂੰ ਹੀ ਮਾਹੀ ਤੱਕਾਂ ਵੇ।

ਭੋਰਾ ਵੀ ਨਾ ਥੱਕਾ, ਅੱਗ ਦੇ ਭਮੂਕੇ ਵਾਂਗ ਮੰਚਾਂ ਵੇ।

ਭਵਿਰੀ ਬਣ‌ ਅੱਗੇ ਪਿੱਛੇ ਨੱਚਾਂ ਤੇਰੇ।

ਸੋਹਣੀ ਬਣ.....

 

ਦਿਲ ਦੇ ਜੋਂ ਅਹਿਸਾਸ ਮੇਰੇ, ਜੀਵਨ ਭਰ ਦਾ ਤੇਰਾ ਮੇਰਾ ਸਾਥ ਵੇ।

ਜਿਉਣ ਦੀ ਆਸ ਤੇਰੇ , ਜੀਵਨ ਭਰ ਦਾ ਤੇਰਾ ਮੇਰਾ ਸਾਥ ਵੇ।

ਤੇਰੇ ਨਾਲ ਗਗਨ ਜਿਉਣਾ ਮਰਨਾ ਵੇ।

ਤੇਰੇ ਦੁੱਖ ਸੁੱਖ ਵਿੱਚ ਖੜਨਾ ਵੇ।

ਤੇਰੇ ਬਿਨਾਂ ਨਾ ਕੋਈ ਗੁਜ਼ਾਰਾ, ਰੱਬ ਵਰਗਾ ਤੇਰਾ ਸਹਾਰਾ ਵੇ।

ਜ਼ਿੰਦਗੀ ਭਰ ਰਹਾ ਨਾਲ ਤੇਰੇ।

ਸੋਹਣੀ ਬਣ....

- ਗਗਨਪ੍ਰੀਤ ਸੱਪਲ ਸੰਗਰੂਰ ਪਿੰਡ ਘਾਬਦਾਂ

ਸਭ ਤੋਂ ਵੱਡੀ ਦਵਾਈ ✍️ ਅਮਰਜੀਤ ਸਿੰਘ ਤੂਰ

ਸਭ ਤੋਂ ਵੱਡੀ ਦਵਾਈ

ਓਹੜ-ਪੋਹੜ ਸਭ ਕਰ ਕੇ ਦੇਖ ਲਏ ,

ਕੋਈ  ਰਾਸ  ਨਾ  ਆਈ  ਦਵਾਈ।

ਸਲਾਹਾਂ ਨਿਤ ਨਵੀਆਂ ਮਿਲਦੀਆਂ ਰਹਿਣ,

ਬੁਢਾਪੇ ਵਿੱਚ ਕੋਈ ਪੇਸ਼ ਨਾ ਜਾਈਂ ।

 

ਸਾਰੀ ਉਮਰ ਲਈਆਂ ਕੀਮਤੀ ਸਲਾਹਾਂ,

ਐਮਰਜੈਂਸੀ 'ਚ ਐਲੋਪੈਥੀ ਰਾਮਬਾਣ ।

ਆਯੁਰਵੇਦ ਪੁਰਾਣੇ ਤਜਰਬਿਆਂ ਤੇ ਆਧਾਰਿਤ,

ਕੋਈ  ਮਾਰੂ  ਪ੍ਰਭਾਵ  ਨਾ ਪਵੇ ਆਣ  ।

 

ਹੋਮਿਓਪੈਥੀ ਦਵਾਈ ਕਹਿੰਦੇ ਪੱਕਾ ਇਲਾਜ,

ਪਰ  ਇਲਾਜ  ਹੁੰਦਾ  ਹੌਲੀ  ਹੌਲੀ ।

ਜਵਾਨੀ ਪਹਿਰੇ ਲਈ ਕਾਫੀ ਸਮਾਂ,

ਪੁਸ਼ਤੈਨੀ ਰੋਗਾਂ ਦੀ ਜੜ੍ਹ ਪੱਟ ਪੱਟ ਰੋਲੀ।

 

ਗੁਰੂ ਸਾਹਿਬ ਦਾ ਚੜ੍ਹਦੀ ਕਲਾ ਵਾਲਾ ਨੁਸਖਾ,

ਸਭ ਰੋਗਾਂ ਦੀ ਇੱਕੋ ਇੱਕ ਦਵਾਈ ।

ਨਾ ਕੋਈ ਅਪਰੇਸ਼ਨ,ਨਾ ਈਕੋ, ਨਾ ਐਕਸ-ਰੇ,

ਖੁਸ਼ੀਆਂ ਖੇੜਿਆਂ ਵਿੱਚ ਭੁਗਤਣੀ ਉਤਨੀ ਉਮਰ,

ਜਿਤਨੀ   ਲੇਖਾਂ   ਵਿੱਚ   ਲਿਖਾਈ  ।

   

 ਅਮਰਜੀਤ ਸਿੰਘ ਤੂਰ

ਪਿੰਡ ਕੁਲਬੁਰਛਾਂ ਜ਼ਿਲਾ ਪਟਿਆਲਾ

ਫੋਨ ਨੰਬਰ  :  9878469639

ਤੂੰ ਅੰਦਰ ਮੇਰੇ,ਮੈਂ ਅੰਦਰ ਤੇਰੇ ✍️ ਮਲਕੀਤ ਹਰਦਾਸਪੁਰੀ

ਤੂੰ ਅੰਦਰ ਮੇਰੇ,ਮੈਂ ਅੰਦਰ ਤੇਰੇ,

ਤੈਨੂੰ ਭਾਲਣ ਦਾ, ਕਿਉਂ ਝੱਲ ਕਰਾਂ?

ਕਿਉਂ ਪੂਜਾਂ,ਤੇਰੀ ਮੂਰਤ ਨੂੰ,

ਤੇਰੇ ਨਾਲ ਕਿਉਂ, ਐਸਾ ਛੱਲ ਕਰਾਂ?

ਤੂੰ ਅੰਦਰ ਮੇਰੇ,ਮੈਂ ਅੰਦਰ ਤੇਰੇ,

ਤੈਨੂੰ ਭਾਲਣ ਦਾ, ਕਿਉਂ ਝੱਲ ਕਰਾਂ????????

ਤੇਰੇ ਸੰਘਰਸ਼ ਦੀ, ਜੇ ਨਾਂ ਬਾਤ ਕਰਾਂ,

ਤੇਰਾ ਕਾਫ਼ਲਾ,ਅੱਗੇ ਲਿਜਾਊ ਕਿਹੜਾ?

ਜੇ ਤੈਨੂੰ ਪੂਜਣ ਵਿੱਚ,ਗ਼ਲਤਾਨ ਰਹਾਂ,

ਤੇਰਾ ਬੇਗ਼ਮ ਪੁਰਾ, ਵਸਾਊ ਕਿਹੜਾ?

ਤੇਰੇ ਸੁਪਨੇ ਪੂਰੇ, ਦੱਸ ਕੌਣ ਕਰੂ,

ਕੀ ਮੈਂ ਢੋਂਗ ਕਰਾਂ, ਜਾਂ ਤੇਰੇ ਵੱਲ ਖੜਾਂ?

ਤੂੰ ਅੰਦਰ ਮੇਰੇ,ਮੈਂ ਅੰਦਰ ਤੇਰੇ,

ਤੈਨੂੰ ਭਾਲਣ ਦਾ, ਕਿਉਂ ਝੱਲ ਕਰਾਂ????????

ਤੇਰੇ ਲੋਕ ਨਈਂ, ਮੰਨਦੇ ਗੱਲ ਤੇਰੀ,

ਤੈਨੂੰ ਮੰਨਣ ਦੀ, ਗੱਲ ਕਰਦੇ!

ਦੁੱਖਾਂ ਭਰੀ ਕਹਾਣੀ, ਤੇਰੀ ਹੱਡ ਬੀਤੀ,

ਨਾਂ ਸੁਣਨਾਂ ਚਹੁੰਦੇ, ਨਾਂ ਗੱਲ ਕਰਦੇ!

ਤੂੰ ਆਪ ਹੀ ਦੱਸ, ਰਵਿਦਾਸ ਗੁਰੂ,

ਇਹ ਮਸਲਾ ਮੈਂ, ਕਿਵੇਂ ਹੱਲ ਕਰਾਂ?

ਤੂੰ ਅੰਦਰ ਮੇਰੇ,ਮੈਂ ਅੰਦਰ ਤੇਰੇ,

ਤੈਨੂੰ ਭਾਲਣ ਦਾ ਕਿਉਂ ਝੱਲ ਕਰਾਂ????????

ਤੂੰ ਖ਼ੁਦ ਹੀ,ਫੈਸਲਾ ਕਰ ਮੁਰਸ਼ਦ,

ਜਾਂ ਇਹ ਦੋਖੀ,ਜਾਂ ਮੈਂ ਦੋਖੀ?

ਤੇਰਾ ਮਾਰਗ,ਖੰਡੇ ਦੀ ਧਾਰ ਤਿੱਖਾ!

ਨਹੀਂ ਚੱਲਣਾ, ਚਾਹੁੰਦੇ ਇਹ ਲੋਕੀ!

ਮੈਨੂੰ ਦੋਖੀ,ਤੇਰਾ ਸਮਝਦੇ ਨੇ,

ਮੈਂ ਤੇਰੇ ਸੰਘਰਸ਼ ਦੀ,ਗੱਲ ਕਰਾਂ!

ਤੂੰ ਅੰਦਰ ਮੇਰੇ,ਮੈਂ ਅੰਦਰ ਤੇਰੇ,

ਤੈਨੂੰ ਭਾਲਣ ਦਾ ਕਿਉਂ ਝੱਲ ਕਰਾਂ????????

ਤੂੰ ਕਿਹਾ,ਪ੍ਰਾਧੀਨਤਾ ਪਾਪ ਹੈ!

ਇਹ ਸੰਦੇਸ਼,ਕਿਸੇ ਨੇ ਜਾਣਿਆ ਨਈਂ!

ਨਾਂ ਦੁੱਖ ਵਿੱਚ ਤੇਰੇ, ਸ਼ਾਮਲ ਕੋਈ!

ਕਿਸੇ ਆਪਣਾਂ, ਫਰਜ਼ ਪਛਾਣਿਆਂ ਨਈਂ!

ਬਿਪਰ ਦੇ,ਰੰਗ ਵਿੱਚ ਰੰਗਿਆਂ ਨੂੰ,

ਮੈਂ ਦੱਸ ਕਿਵੇਂ,ਤੇਰੇ ਵੱਲ ਕਰਾਂ?

ਤੂੰ ਅੰਦਰ ਮੇਰੇ, ਮੈਂ ਅੰਦਰ ਤੇਰੇ!

ਤੈਨੂੰ ਭਾਲਣ ਦਾ ਕਿਉਂ ਝੱਲ ਕਰਾਂ????????

ਤੇਰਾ ਨਾਮ ਹੈ,ਸੱਚੀ ਵਿਚਾਰਧਾਰਾ!

ਮੇਰੇ ਜੀਵਨ ਦੇ, ਵਿੱਚ ਵਸਦੀ ਏ!

ਬੇਗ਼ਮ ਪੁਰੇ ਦਾ,ਦਏ ਸੁਨੇਹਾ ਇਹ,

ਮੇਰੇ ਗੀਤਾਂ ਦੇ, ਵਿੱਚ ਦੱਸਦੀ ਏ!

ਤੇਰੇ ਵਿੱਚ ਅਭੇਦ, ਹਰਦਾਸਪੁਰੀ,

ਤੈਨੂੰ ਸੱਜ਼ਦਾ ਮੈਂ, ਪੱਲ ਪੱਲ ਕਰਾਂ!

ਤੂੰ ਅੰਦਰ ਮੇਰੇ,ਮੈਂ ਅੰਦਰ ਤੇਰੇ,

ਤੈਨੂੰ ਭਾਲਣ ਦਾ ਕਿਉਂ ਝੱਲ ਕਰਾਂ????????

ਫੋਨ - 00306947249768

"ਮਲਕੀਤ ਹਰਦਾਸਪੁਰੀ"

ਗ਼ਜ਼ਲ ✍️ ਬਲਜਿੰਦਰ ਸਿੰਘ " ਬਾਲੀ ਰੇਤਗੜ"

ਤੁਰਾਂ ਮੈ ਜਿਸ ਦਿਸ਼ਾ ਨੂੰ ਵੀ,  ਹਵਾਵਾਂ ਚੀਰ ਦੀਆਂ ਨੇ

ਜੁਬਾਨਾਂ ਬੰਦ, ਹੈ ਦਹਿਸ਼ਤ, ਨਿਗਾਹਾਂ ਟੀਰ ਦੀਆਂ ਨੇ

 

ਸਿਆਲੋਂ ਤੁਰ ਪਈਆਂ ਨੇ,  ਕਿਵੇਂ ਬੇ-ਆਬਰੂ  ਹੋ ਹੋ

ਇਹੇ ਧਾਹਾਂ ਵਿਦੇਸ਼ਾਂ ਵਿਚ, ਰੁਲ਼ੀਆਂ ਹੀਰ ਦੀਆਂ ਨੇ

 

ਗਈਆਂ ਕਰ ਜਲਾ ਵਤਨੀ, ਤਸ਼ੱਦਦ ਸਹਿ ਹਕੂਮਤ ਦਾ

ਧਰਾਲ਼ਾਂ ਕਿਰ ਗਈਆਂ ਸੁਕ, ਵਗੇ ਇਹ ਨੀਰ ਦੀਆਂ ਨੇ

 

ਸਵਾਲਾਂ ਦੇ ਜਵਾਬਾਂ 'ਚੋਂ,  ਮਿਲੇਗਾ ਜ਼ਿੰਦਗ਼ੀ ਦਾ ਉਤਰ

ਸਮਾਧਾਂ ਬੇ-ਬਸੀ ਖੰਡਰ ,   ਮਜ਼ਾਰਾਂ ਪੀਰ ਦੀਆਂ ਨੇ

 

ਧਨਾਡਾਂ ਨਾਲ਼ ਕੀ ਸਾਂਝਾਂ,  ਕਿਹਾ ਰਿਸ਼ਤਾ ਗਰੀਬਾਂ ਦਾ

ਅਖੌਤਾਂ ਨੇ ਪਸੀਜਣ ਨੂੰ,  ਵਖੇਡਾਂ ਤਕਦੀਰ ਦੀਆਂ ਨੇ

 

ਕਿਵੇਂ ਸੋਸ਼ਣ ਕਰੇ ਜਾਵਣ,   ਤਰੀਕੇ ਚੌਧਰੀ ਲੱਭੇ

ਧੁਰੋਂ ਤੰਦਾਂ ਇਹੇ ਜੁੜੀਆਂ,  ਕਿਸਾਨੀ ਸੀਰ ਦੀਆਂ ਨੇ

 

ਅਲਾਪੇ ਰਾਗ ਹਰ ਕੋਈ, ਖੁਦਾ ਹੁਣ ਆਦਮੀ ਬਣਿਐ

ਰਬਾਬਾਂ ਤੋੜ ਸੁੱਟੀਆਂ,        ਰਬਾਬੀ ਮੀਰ ਦੀਆਂ ਨੇ

 

ਜੁਬਾਨਾਂ ਬੰਦ 'ਤੇ ਤਾਲ਼ੇ ,   ਵਿਕਾਊ ਕਲਮ ਅਖ਼ਵਾਰਾਂ

ਕੜੀਆਂ ਸਖ਼ਤ ਤਾਂ ਹੀ ਤਾਂ , ਗਲ਼ੇ  ਜ਼ੰਜ਼ੀਰ ਦੀਆਂ ਨੇ

 

ਹਲੀਮੀ "ਰੇਤਗੜ " ਅੰਦਰ , ਬੜੀ ਸੁਣਦਾਂ ਦਵੇ ਭਾਸ਼ਣ

ਵਿਅੰਗੀਂ ਫ਼ੂਕਦੈ ਦਿਲ ਨੂੰ , ਚਾਲਾਂ ਤਕਰੀਰ ਦੀਆਂ ਨੇ

 

         ਬਾਲੀ ਰੇਤਗੜ

     +919465129168

ਝਾਤੀ ਲਾਇਆ ਕਰੋ ✍️ ਮਨਜੀਤ ਕੌਰ ਧੀਮਾਨ

ਸਵੇਰ ਸਾਰ ਹੀ ਉੱਠਦਿਆਂ,

ਰੱਬ ਦਾ ਨਾਮ ਧਿਆਇਆ ਕਰੋ।

ਬਾਹਰ ਦੀ ਨੱਠ ਭੱਜ ਤੋਂ ਪਹਿਲਾਂ,

ਅੰਦਰ ਝਾਤੀ ਲਾਇਆ ਕਰੋ।

ਝੂਠ ਪਾਪ ਦੇ ਲੱਗੇ ਜਿਹੜੇ,

ਜਾਲੇ਼ ਅੰਦਰੋਂ ਲਾਹਿਆ ਕਰੋ।

ਤਨ ਮਨ ਦੋਵੇਂ ਹੋਣ ਨਿਹਾਲ,

ਐਹੋ ਜਿਹਾ ਨ੍ਹਾਇਆ ਕਰੋ।

ਛੱਡ ਕੇ ਕਲਹਿ ਕਲੇਸ਼ ਸਾਰੇ,

ਮੁਹੱਬਤਾਂ ਦੀ ਬਾਤ ਪਾਇਆ ਕਰੋ।

ਪਾਣੀ ਵਿੱਚ ਮਧਾਣੀ ਪਾ ਪਾ,

ਖੱਟਿਆ, ਨਾ ਗਵਾਇਆ ਕਰੋ।

ਮਿੱਟੀ ਪਾਓ ਗੱਲ ਬੀਤੀ ਤੇ,

ਦਿਲ ਤੋਂ ਵੈਰ ਮਿਟਾਇਆ ਕਰੋ।

ਰੋਟੀ ਟੁੱਕ ਬਰਕਤਾਂ ਵਾਲ਼ੀ,

ਵੰਡ ਵੰਡਾਂ ਕੇ ਖਾਇਆ ਕਰੋ।

ਢਿੱਡ ਨੂੰ ਤੁੰਨੀ ਜਾਨੈ 'ਮਨਜੀਤ ',

ਰੂਹ ਨੂੰ ਵੀ ਰਜਾਇਆ ਕਰੋ।

ਸੱਚੇ ਸਾਹਿਬ ਤਾਈਂ ਚਿੱਤ ਲਾਕੇ,

ਰਹਿਮਤਾਂ ਓਹਦੀਆਂ ਪਾਇਆ ਕਰੋ।

 

ਮਨਜੀਤ ਕੌਰ ਧੀਮਾਨ,

ਸਪਰਿੰਗ ਡੇਲ ਪਬਲਿਕ ਸਕੂਲ, ਸ਼ੇਰਪੁਰ, ਲੁਧਿਆਣਾ ਸੰ:9464633059

ਅੱਜ ਕੱਲ ਆਰਟੀਫਿਸ਼ਲ ਜਿਹੇ ਹੋ ਗਏ ਨੇ ਕੋਕੇ ਕੁੜੀਏ (ਕਵਿਤਾ) ✍️ ਜਸਪਾਲ ਸਿੰਘ ਮਹਿਰੋਕ

ਅੱਜ ਕੱਲ ਆਰਟੀਫਿਸ਼ਲ ਜਿਹੇ ਹੋ ਗਏ ਨੇ ਕੋਕੇ ਕੁੜੀਏ,

ਪਹਿਲਾਂ ਵਾਂਗ ਨਹੀਂ ਦਿੱਤੇ ਜਾਂਦੇ ਗਲੀ ਵਿਚ ਹੋਕੇ ਕੁੜੀਏ।

 

ਦਾਜ ਵਰੀ ਦੇ ਮਹਿੰਗੇ ਸੂਟ ਕਹਿੰਦੀਆਂ ਸਾਨੂੰ ਭਾਰੀ ਲਗਦੇ,

ਪੰਜਾਬੀ ਸਰਦਾਰ ਗੱਭਰੂ ਮੁਟਿਆਰਾਂ ਨੂੰ ਘੱਟ ਸੋਹਣੇ ਲੱਗਦੇ।

 

ਪੰਜਾਬੀ ਪਹਿਰਾਵੇ ਤੋਂ ਕਿਉਂ ਦੂਰ ਭੱਜ ਰਹੀਆਂ ਨੇ ਮੁਟਿਆਰਾ,

ਪਾ ਕੇ ਪੈਂਟ ਕਮੀਜ਼ਾਂ ਪਿੱਛੇ ਛੱਡ ਗਈਆਂ ਇਹ ਬਾਂਕੀਆਂ ਨਾਰਾਂ।

 

ਗਿੱਧੇ ਅਤੇ ਭੰਗੜੇ ਤੋਂ ਅੱਜਕੱਲ੍ਹ ਦੂਰ ਭੱਜ ਰਹੀਆਂ ਨੇ ਮੁਟਿਆਰਾ,

ਜੀਪਾਂ ਥਾਰਾਂ ਚਲਾ ਕੇ ਇਹ ਅਖਵਾਉਂਦੀਆਂ ਨੇ ਅੜਬ ਮੁਟਿਆਰਾਂ

 

ਮੁੰਡੇ ਵੀ ਕਿਹੜਾ ਘੱਟ ਨੇ ਉਹ ਵੀ ਆਪਣਾ ਵਿਰਸਾ ਭੁਲਦੇ ਜਾਂਦੇ,

ਛੱਡ ਕੇ ਮਾਂ ਦੀਆਂ ਪੱਕੀਆਂ ਬਰਗਰ, ਪੀਜ਼ੇ ਉਹ ਰੇਹੜੀ ਤੇ ਖਾਂਦੇ।

 

ਹੱਥ ਵਟਾ ਦਿਉ ਖੇਤ  ਪਿਉ ਦਾ ਮਾਂਵਾਂ ਪੁੱਤਾਂ ਨੂੰ ਦੇਣ  ਦੁਹਾਈਆਂ,

ਛੱਡ ਪਜਾਮੇ ਕੁੜਤੇ,  ਉਹਨਾਂ ਕਮੀਜ਼ਾਂ ਪੈਂਟਾਂ ਦੇ  ਵਿੱਚ  ਪਾਈਆਂ।

 

ਬਿਨਾ ਕਿਸੇ ਨੂੰ ਜਾਣੇ ਫੇਸਬੁੱਕ ਤੇ ਦੋਸਤੀ ਦੀ ਰਿਕੁਐਸਟ ਪਾਈ ਜਾਂਦੇ,

ਕਰਕੇ ਆਈਲਟਸ ਉਹ ਬਾਪੂ ਵਾਲੀ ਜਮੀਨ ਦਾ ਰਕਬਾ ਘਟਾਈ ਜਾਂਦੇ।

 

ਬਾਹਰ ਜਾਂਦੇ ਹੋ ਦੋਸਤੋ ਉੱਥੇ ਦੋਲਤ ਸ਼ੋਹਰਤ  ਤੁਸੀਂ ਬਹੁਤ ਕਮਾਓ

ਪੰਜਾਬੀ ਹੋਣ ਦੇ ਨਾਤੇ ਤੁਸੀ ਪੰਜਾਬ ਦਾ ਵਿਰਸਾ ਭੁੱਲ ਨਾ ਜਾਇਓ।

 

ਜਸਪਾਲ ਸਿੰਘ ਮਹਿਰੋਕ 

ਸਨੌਰ (ਪਟਿਆਲਾ)

ਮੋਬਾਈਲ 6284347188

ਜੂਠ ਨਾ ਛੱਡੋ ਜੀ ✍️ ਸੱਤੀ ਉਟਾਲਾਂ ਵਾਲਾ

ਪੈਲਸਾਂ ਚਂ ਜਾਂਦੇ ਅਸੀਂ ਸੋਹਣੇ ਕੱਪੜੇ ਪਾ ਕੇ ।

ਕਰੀਮ ਪਾਊਡਰ ਸੈਂਟ ਅਤੇ ਜੈਲ ਲਗਾ ਕੇ ।

ਟੋਹਰ ਦੀ ਕੋਈ ਕਸਰ ਨਾ ਛੱਡਦੇ ਜ਼ਰਾ ਵੀ ,

ਕੋਟ ਪੈਂਟ ਟਾਈ ਤੇ ਮਹਿੰਗੇ 2 ਬੂਟ ਪਾ ਕੇ ।

ਅਸੀਂ ਸੁੱਧ ਬੁੱਧ ਖੋਹ ਜਾਂਦੇ ਡੀ ਦੇ ਗੀਤਾਂ ਤੇ ,

ਬਸ ਦੋ ਚਾਰ ਪਟਿਆਲਾ ਸ਼ਾਹੀ ਪੈੱਗ ਲਾ ਕੇ ।

ਅਸੀਂ ਹਰ ਥਾਂ ਉੱਤੇ ਲੱਗਦੇ ਬਹੁਤ ਭੋਲੇ ਭਾਲੇ ,

ਸਾਰੇ ਕਾਰਜ ਕਰਦੇ ਵਧੀਆ ਫੋਟੋ ਖਿੱਚਵਾਕੇ ।

ਵੰਨ ਸੁਵੰਨੇ ਖਾਣੇ ਲੱਗੇ ਹੁੰਦੇ ਨੇ ਗੋਲ ਮੇਜ਼ਾਂ ਤੇ ,

ਆਪਣੀਆਂ ਪਲੇਟਾਂ ਵਿੱਚ ਬਹਿ ਜਾਂਦੇ ਪਾ ਕੇ ।

ਜਿੰਨਾ ਮਰਜ਼ੀ ਖਾਓ ਕੋਈ ਰੋਕਦਾ ਟੋਕਦਾ ਨਾ ,

ਉਨਾਂ ਨਹੀਂ ਖਾਂਦੇ ਜਿੰਨਾ ਰੱਖ ਦਿੰਦੇ ਗੁਆ ਕੇ ।

ਟਾਵਾਂ ਟਾਵਾਂ ਪਰਹੇਜ਼ ਕਰਦਾ ਜੂਠ ਛੱਡਣ ਤੋਂ ,

ਬਾਕੀ ਖੁਸ਼ ਹੁੰਦੇ ਖਾਣਾ ਡਸਟਬਿਨ ਚ ਪਾ ਕੇ ‌

ਥੋੜੀ ਬਹੁਤੀ ਸਾਰੇ ਆਪਾਂ ਸੋਚ ਵਿਚਾਰ ਕਰੀਏ ,

ਬਹੁ ਕੀਮਤੀ ਖਾਣੇ ਨੂੰ ਵੀਰੋ ਰੱਖੀਏ ਬਚਾ ਕੇ ।

ਉਨ੍ਹਾਂ ਮਾਪਿਆਂ ਦੇ ਚਾਵਾਂ ਨੂੰ ਮਹਿਸੂਸ ਕਰੀਏ ,

ਸੱਤੀ ਜਿਹਨਾਂ ਤੁਹਾਨੂੰ ਸੱਦਿਆ ਕਾਰਡ ਪਾ ਕੇ ।

ਸੱਤੀ ਉਟਾਲਾਂ ਵਾਲਾ , ਸ਼ਹੀਦ ਭਗਤ ਸਿੰਘ ਨਗਰ 90564-36733

ਮਹਾਂ ਸ਼ਿਵਰਾਤਰੀ  ✍️ ਅਮਰਜੀਤ ਸਿੰਘ ਤੂਰ

ਮਹਾਂ ਸ਼ਿਵਰਾਤਰੀ ਦਾ ਪੁਰਬ ਮਨਾਇਆ ਜਾਂਦਾ,

ਭਾਰਤ ਵਿਚ ਬੜੀ ਧੂਮ ਧਾਮ ਦੇ ਨਾਲ।

ਸ਼ਿਵ ਜੀ ਮਹਾਰਾਜ ਨੇ ਕੈਲਾਸ਼ ਪਰਬਤ ਤੇ ਲਾਈ ਸਮਾਧੀ,

6638ਮੀਟਰ ਉਚਾਈ ਤੇ ਗੰਗੋਤਰੀ ਗਰੁੱਪ ਦੀਆਂ ਪੱਛਮੀ ਪਹਾੜੀਆਂ ਤੇ ਕੀਤਾ ਕਮਾਲ।

 

ਹਿੰਦੂ ਸੰਸਕ੍ਰਿਤੀ ਦਾ ਸਭ ਤੋਂ ਮੁੱਖ ਤਿਉਹਾਰ,

ਨੇਪਾਲ ਵਿੱਚ ਵੀ ਸਤਿਕਾਰ ਨਾਲ ਮਨਾਇਆ ਜਾਵੇ।

ਸ਼ਿਵਲਿੰਗ ਦੀ ਆਕ੍ਰਿਤੀ ਵਿੱਚ ਬਣਿਆ ਹੋਇਆ,

ਗੜ੍ਹਵਾਲ ਦੀਆਂ ਪਹਾੜੀਆਂ ਵਿਚ ਮਸ਼ਹੂਰ ਤੀਰਥ ਯਾਤਰਾ ਕਹਾਵੇ।

 

ਗੌਮੁਖ ਦਾ ਸਥਾਨ ਪਰਬਤਾਰੋਹੀਆਂ ਲਈ ਖਿੱਚ ਦਾ ਕੇਂਦਰ,

ਔਖੀ ਚੜ੍ਹਾਈ ਚੜਣ ਵਾਲਿਆਂ ਨੂੰ ਇਨਾਮੀ ਮੌਕੇ ਦਿੰਦੀਆਂ।

ਭਾਗੀਰਥੀ ਦਰਿਆ ਨਿਕਲਦਾ ਗੌਮੁਖ, ਉਤਰਾਖੰਡ ਤੋਂ,

ਤਪੋਬਨ ਦੇ ਨੇੜੇ, ਜੰਗਲੀ ਝਾੜੀਆਂ, ਫੁੱਲਾਂ ਲੱਦੀਆਂ ਸਕੂਨ ਦਿੰਦੀਆਂ।

 

ਤਿੰਨ ਚੋਟੀਆਂ ਰਲ ਕੇ ਤ੍ਰਿਸ਼ੂਲ ਦੀ ਸ਼ਕਲ ਬਣਾਉਂਦੀਆਂ,

ਜਿਹੜਾ ਸ਼ਿਵਜੀ ਮਹਾਰਾਜ ਦਾ ਸੀ ਮੁਖ ਹਥਿਆਰ।

ਭਗਵਾਨ ਸ਼ਿਵ ਦਾ ਵਾਸ, ਸਰੋਤ ਹੈ ਕਰਨਾਲੀ,

ਸਤਲੁਜ,ਸਿੰਧ ਤੇ ਬ੍ਰਹਮਪੁੱਤਰ ਦਰਿਆਵਾਂ ਦਾ,

ਜਿਸ ਨੂੰ ਕਿਹਾ ਜਾਂਦਾ ਹੈ ਸੁਰਗ ਦੀ ਪੌੜੀ ਦਾ ਪਾਰ।

 

ਕੈਲਾਸ਼ ਪਰਬਤ ਦੇ ਉੱਤਰ ਵਾਲੇ ਪਾਸੇ ਨਜ਼ਰ ਨੇ ਆਉਂਦੇ,

ਵੈਸ਼ਨੋ ਦੇਵੀ ਮਾਤਾ, ਹਨੂੰਮਾਨ ਜੀ, ਗਣੇਸ਼ ਭਗਵਾਨ ਤੇ ਹੋਰ।

ਜਦੋਂ ਕਾਲਾ ਪਰਬਤ ਬਰਫ ਨਾਲ ਲੱਦਿਆ ਜਾਂਦਾ

ਮੂੰਹ, ਨੱਕ, ਚਿਹਰਾ, ਸ਼ਿਵ ਜੀ ਮਹਾਰਾਜ ਦਾ ਚਮਕੇ ਚੰਦ ਚਕੋਰ। 

 

ਸ਼ਿਵ ਜੀ ਭਗਵਾਨ ਨੂੰ ਮੰਨਿਆ ਜਾਂਦਾ ਮਾਇਆ ਜਗਤ ਦਾ ਮੁਖੀ,

ਪਾਰਵਤੀ ਦੇਵੀ, ਜਾਣੀ ਜਾਂਦੀ ਦੁਰਗਾ ਦੇਵੀ, ਕਾਬੂ ਕਰੇ ਮਾਇਆ ਨੂੰ ।

ਤਿੱਬਤ ਵਿਚ ਮਾਨਸਰੋਵਰ ਝੀਲ ਹਿੰਦੂਆਂ, ਜੈਨੀਆਂ ਤੇ ਬੋਧੀਆਂ ਦਵਾਰਾ ਪੂਜੀ ਜਾਂਦੀ,

ਕਹਿੰਦੇ ਨੇ ਮਨੋਕਾਮਨਾ ਪੂਰੀ ਹੁੰਦੀ ਸੱਚੇ ਮਨੋਂ ਜਾਇਆ ਨੂੰ।

 

ਸ਼ਿਵ ਜੀ ਸਾਧੂ ਭੇਸ ਚ ਹੀ ਰਹਿੰਦੇ ਸਮੇਤ ਪਤਨੀ ਤੇ ਬੱਚੇ,

ਗਣੇਸ਼ ਤੇ ਕਾਰਤਿਕ ਦੋਵੇਂ ਪੁੱਤਰ ਤੇ ਅਸ਼ੋਕਾਸੁੰਦਰੀ ਪੁੱਤਰੀ।

18ਫਰਵਰੀ2023 ਨੂੰ ਮਨਾਈ ਜਾਣੀ ਮਹਾਂ ਸ਼ਿਵਰਾਤਰੀ,

ਪ੍ਰਤੱਖ ਯੋਗੀ ਰੂਪ ਵਿੱਚ ਵਿਚਰਦੇ,ਯੋਗਾ ਦੇ ਮੁੱਖੀ

 

ਅਮਰਜੀਤ ਸਿੰਘ ਤੂਰ

ਪਿੰਡ ਕੁਲਬੁਰਛਾਂ ਜ਼ਿਲਾ ਪਟਿਆਲਾ

ਫੋਨ ਨੰਬਰ  : 9878469639

ਸਭਨਾਂ ਭਾਸ਼ਾਵਾਂ ਦੀ ਰਾਣੀ- ਮਾਂ ਬੋਲੀ ਪੰਜਾਬੀ  ✍️ ਨਿਰਮਲ ਸਿੰਘ ਨਿੰਮਾ (ਸਮਾਜ ਸੇਵੀ)

ਗੁਰੂਆਂ-ਭਗਤਾਂ ਮਿਲ਼ ਕੇ ਲਿਖੀ ਹੈ ਵਿੱਚ ਆਪਣੀ ਗੁਰਬਾਣੀ..

ਪੰਜਾਬੀ ਮੇਰੀ ਮਾਤਰ ਭਾਸ਼ਾ ਸਭਨਾਂ ਭਾਸ਼ਾਵਾਂ ਦੀ ਰਾਣੀ....

ਝਾਂਜਰਾਂ ਇਹਦੀਆਂ ਪੈਰਾਂ'ਚ ਬਿੰਦੀ..

ਅੱਧਕ ਦਰਸ਼ਾਉਂਦੀ ਚੰਨ ਦੀ ਕਹਾਣੀ....

ਲਾਵਾਂ, ਦੁਲਾਵਾਂ ਸੋਂਹਦੀਆਂ ਮੱਥੇ ਤੇ..

ਹੋੜਾ ਕਨੌੜਾ ਉੱਡਦੇ ਵਿੱਚ ਅਸਮਾਨੀ....

ਪੰਜਾਬੀ ਮੇਰੀ ਮਾਤਰ ਭਾਸ਼ਾ ਸਭਨਾਂ ਭਾਸ਼ਾਵਾਂ ਦੀ ਰਾਣੀ....

ਸਿਹਾਰੀ ਬਿਹਾਰੀ ਭਰਨ ਬੁੱਕਲ਼ ਵਿੱਚ..

ਔਂਕੜ ਦੁਲੈਂਕੜ ਦਾ ਨਹੀਂ ਹੈ ਕੋਈ ਸਾਨੀ....

ਕੰਨਾ ਇਸਦਾ ਦਿਲ਼ ਹੈ ਕਹਾਉਂਦਾ..

ਟਿੱਪੀ ਵੰਡਦੀ ਮਿੱਠਾ ਪਾਣੀ....

ਪੰਜਾਬੀ ਮੇਰੀ ਮਾਤਰ ਭਾਸ਼ਾ ਸਭਨਾਂ ਭਾਸ਼ਾਵਾਂ ਦੀ ਰਾਣੀ....

ੳ ਅ ਫੁੱਲ ਜਿਵੇਂ ਸੋਹਣੇ..

ੲ ਜਿਵੇਂ ਭੋਲ਼ੀ ਕੀੜੀ..

ੜ ਨੇ ਪਕੜ ਬਣਾਈ..

ਪੈਂਤੀ ਅੱਖਰੀਂ ਸੋਂਹਦੀ ਵਿੱਚ ਗੁਰਬਾਣੀ....

ਪੰਜਾਬੀ ਮੇਰੀ ਮਾਤਰ ਭਾਸ਼ਾ ਸਭਨਾਂ ਭਾਸ਼ਾਵਾਂ ਦੀ ਰਾਣੀ....

ਲੈ ਕੇ ਸਿੱਖਿਆ ੳ ਅ ਦੀ  ਨਿੰਮੇ ਕਲ਼ਮ  ਚਲਾਈ..

ਦੇਵੇ ਦੁਹਾਈ ਬਚਾ ਲਵੋ ਮਾਂ ਬੋਲੀ , ਨਾ ਸਮਝੋ ਇਸਨੂੰ ਪਰਾਈ ....

ਮੈਂ ਕੀਤਾ ਪ੍ਰਣ ਉੱਚਾ ਚੁੱਕਣਾ ਪੰਜਾਬੀ ਸਾਹਿਤ ਨੂੰ..

ਰੋਟੀ ਬਾਅਦ ਵਿੱਚ ਹੈ ਖਾਣੀ....

ਪੰਜਾਬੀ ਸਾਡੀ ਮਾਤਰ ਭਾਸ਼ਾ ਸਭਨਾਂ ਭਾਸ਼ਾਵਾਂ ਦੀ ਰਾਣੀ....

 ਨਿਰਮਲ ਸਿੰਘ ਨਿੰਮਾ (ਸਮਾਜ ਸੇਵੀ)

ਮੋਬਾ:9914721831

ਕੇਂਦਰ ਬਨਾਮ ਪੰਜਾਬ ਸਰਕਾਰ ✍️ ਅਮਰਜੀਤ ਸਿੰਘ ਤੂਰ

ਕੇਂਦਰ ਬਨਾਮ ਪੰਜਾਬ ਸਰਕਾਰ

ਪੰਜਾਬ ਦੀ ਤਰੱਕੀ ਰੋਕਣ ਲਈ,

ਕੇਂਦਰ ਪੂਰੀ ਵਾਹ  ਹੈ ਲਾਉਂਦਾ ।

ਹਰ ਵਧੀਆ ਸਕੀਮ ਨੂੰ ਫੇਲ੍ਹ ਕਰਨ ਲਈ,

ਮੋਦੀ ਸਾਹਬ ਉਹੀ ਪੁਰਾਣੇ ਵਾਜੇ ਵਜਾਉਂਦਾ।

 

ਨਸ਼ੇ ਬੰਦ ਕਰਨੇ, ਲੱਚਰ ਗਾਇਕੀ ਸ਼ੋਰ ਪ੍ਰਦੂਸ਼ਣ,

ਟੋਲ ਪਲਾਜ਼ੇ ਖੇਤੀ ਅਧਾਰਤ ਉਦਯੋਗ ਤੇ ਹੋਰ।

ਬਿਨਾਂ ਗੱਲ ਤੋਂ ਵਿਰੋਧੀਆਂ ਨੂੰ ਚੱਕ ਦੱਬ ਕਰਕੇ,

ਕਰਨਾ ਚਾਹੁੰਦੇ ਭਗਵੰਤਮਾਨ ਦੀ ਪਕੜ ਕਮਜ਼ੋਰ

 

ਮੀਡੀਆ ਵੀ ਆਪਣੇ ਵੱਲ ਕਰ ਰੱਖਿਆ ਭੰਡੀ ਪ੍ਰਚਾਰ ਲਈ,

ਮਿੱਟੀ ਪੁਟਦੇ ਮਾਨ ਸਰਕਾਰ ਨੂੰ ਬਦਨਾਮ ਕਰਨ ਵਾਸਤੇ ।

ਮਾਨ ਵੀ ਕੱਚੀਆਂ ਗੋਲੀਆਂ ਨ੍ਹੀਂ ਖੇਡਿਆ ,

ਅੰਕੜਿਆਂ ਸਬੂਤਾਂ ਸਮੇਤ ਕਰੇ ਕਾਰਵਾਈ, ਜਨਤਾ ਨੂੰ ਸਾਵਧਾਨ ਕਰਨ ਵਾਸਤੇ।

 

ਸਾਰੇ ਪੰਜਾਬੀ ਜਾਗਰੂਕ ਹੋ ਰਹੇ ਬਹਾਦਰੀ ਦੀ ਬਣ ਰਹੇ ਮਿਸਾਲ,

ਆਰਐਸਐਸ ਦੇ ਪੈਂਤੜੇ ਨੂੰ ਹਰ ਫਰੰਟ ਤੇ ਕਰਨ ਨਾਕਾਮ।

ਅਖਬਾਰਾਂ ਤੇ ਮੀਡੀਏ ਚ ਭੰਬਲਭੂਸਾ ਪਾਈ ਰੱਖਦੇ,

ਸਿਆਣੇ ਤੇ ਇਨਕਲਾਬੀ ਲੋਕਾਂ ਨੂੰ ਉਨ੍ਹਾਂ ਦੀ ਹੋ ਗਈ ਪਹਿਚਾਣ।

 

ਅਮਰਜੀਤ ਸਿੰਘ ਤੂਰ

ਪਿੰਡ ਕੁਲਬੁਰਛਾਂ ਜ਼ਿਲਾ ਪਟਿਆਲਾ 

ਫੋਨ ਨੰਬਰ  :  9878469639

ਮਾਂ ਬੋਲੀ ਪੰਜਾਬੀ ✍️ ਮਲਕੀਤ ਹਰਦਾਸਪੁਰੀ

ਜੰਮਿਆਂ ਮੂੰਹ ਚੋਂ ਸ਼ਬਦ ਏ ਮਾਂ ਆਇਆ,

ਮਾਂ ਦੇ ਮੂੰਹੋਂ ਮਾਂ ਬੋਲੀ ਪੰਜਾਬ ਨਿਕਲੀ।

ਦੁਆਵਾਂ,ਲੋਰੀਆਂ, ਸੀਸਾਂ ਵਿੱਚ ਮਾਂ ਬੋਲੀ,

ਮਾਂ ਦੇ ਮੂੰਹੋਂ ਮਾਂ ਮਿੱਠੀ ਆਵਾਜ਼ ਨਿਕਲੀ।

 

ਜਦ ਮੈਂ ਗਿਆ ਸਕੂਲ ਉਸਤਾਦ ਕੋਲ਼ੇ,

ੳ,ਅ,ਮਾਂ ਬੋਲੀ ਦੀ ਜਾਂਚ ਸਿੱਖੀ।

ਮਾਂ ਬੋਲੀ ਦਾ ਏਨਾਂ ਸਤਿਕਾਰ ਕੀਤਾ,

ਏਸੇ ਕਰਕੇ ਨਈਂ ਇੱਕ ਵਾਰ ਵਿਸਰੀ।

 

ਮੈਨੂੰ ਅੱਖਾਂ ਦਿੱਤੀਆਂ ਸੋਝੀ ਦਿੱਤੀ,

ਦਿੱਤੀ ਨਜ਼ਰ ਦਰਿਸ਼ਟੀ ਮਾਂ ਬੋਲੀ।

ਹਰ ਸੁੱਖ ਸਾਂਝਾ ਮਾਂ ਬੋਲੀ ਵਿੱਚ,

ਮੇਰੇ ਦਰਦ ਦੀ ਹੂਕ ਹਰ ਯਾਦ ਨਿਕਲੀ।

 

ਪੈਂਤੀ ਗੁਰੂਆਂ ਗੁਰੂ ਗ੍ਰੰਥ ਅੰਦਰ,

ਮਾਂ ਬੋਲੀ ਨੂੰ ਉੱਚੀ ਥਾਂ ਦਿੱਤੀ।

ਬਾਬਾ ਬੁੱਲੇ, ਵਾਰੇਸ਼ਾਹ,ਨਜ਼ਮੀ ਦੇ,

ਉੱਤਮ ਬੋਲਾਂ ਵਿੱਚ ਨਿੱਖਰੀ।

 

ਮਿੱਠੀ ਬੋਲੀ ਪੰਜਾਬੀ ਏ ਸ਼ਹਿਦ ਨਾਲੋਂ,

ਪ੍ਰੇਮ ਅਦਬ ਦਾ ਜਦੋਂ ਸੁਮੇਲ ਹੁੰਦਾ।

ਪਰ ਉਪਕਾਰ, ਸੇਵਾ ਕਿੰਝ ਖੁਸ਼ੀ ਦੇਣੀ,

ਸਮਝ ਪੈਂਦੀ ਏ ਸੁਰ ਤੇ ਸਾਜ਼ ਵਿਚਲੀ।

 

ਸਾਹਿਤਕਾਰ ਮਹਾਂਨ ਮੁਕਤਸਰ ਤੋਂ,

ਪੜਿਆ ਪੁਰਖਿਆਂ ਦਾ ਇਤਿਹਾਸ ਸੱਚਾ।

ਘੱਲੂਘਾਰੇ ਤੇ ਇਨਕਲਾਬ ਪੜ੍ਹੇ,

ਮਾਂ ਬੋਲੀ ਬਣ ਕੇ ਇਨਕਲਾਬ ਨਿਕਲੀ।

 

ਮਾਂ ਬੋਲੀ ਦਾ ਕਰਨ ਸਤਿਕਾਰ ਜਿਹੜੇ,

ਮਾਂ ਬੋਲੀ ਦਾ ਰਹਿੰਦੇ ਪ੍ਰਚਾਰ ਕਰਦੇ।

ਵਾਰਸ ਮਾਂ ਦੇ ਮਹਾਂਨ ਸਪੂਤ ਹੁੰਂਦੇ,

ਮਾਂ ਬੋਲੀ ਰੱਖੀ ਏ ਜਿੰਨਾਂ ਬਹਾ ਸਿਖਰੀਂ।

 

ਮਾਂ ਬੋਲੀ ਦਾ ਕਰਨ ਮਿਆਰ ਨੀਵਾਂ,

ਭੈੜਾ ਬੋਲਦੇ ਕੁਫ਼ਰ ਜੋ ਤੋਲਦੇ ਨੇ।

ਸੱਚੀ ਗੱਲ ਪੱਥਰ ਤੇ ਲੀਕ ਹੁੰਦੀ,

ਦੂਜਿਆਂ ਲਈ ਜਿਵੇਂ ਦਿਲੋਂ ਦੁਆ ਨਿਕਲੀ।

 

ਚੰਗੀ ਸਿੱਖਿਆ ਤੇ ਸੱਚੀ ਵਿਚਾਰਧਾਰਾ,

ਮਾਂ ਬੋਲੀ ਨੇ ਪ੍ਰਦਾਨ ਕੀਤੀ।

ਸੁਗੰਧੀ ਵਿੱਚ ਹਵਾਵਾਂ ਘੋਲਦੀ ਏ,

ਬ੍ਰਹਿਮੰਡ ਵਿੱਚ ਹੋ ਆਬਾਦ ਵਿਚਰੀ।

 

ਊਚ-ਨੀਚ ਜਾਤਾਂ ਦੇ ਕੋਹੜ ਵਾਲਾ,

ਗੰਦ ਰਹੀ ਹਮੇਸ਼ਾ ਸਾਫ਼ ਕਰਦੀ।

ਫ਼ਰਸੇ਼ ਲਾਉਂਦੀ ਰਹੀ ਹੰਕਾਰੀਆਂ ਦੇ,

ਮਾਂ ਬੋਲੀ ਖੋਲ੍ਹ ਸ਼ੈਤਾਨਾਂ ਦੇ ਪਾਜ ਨਿਕਲੀ।

 

ਮੈਂ ਸਤਿਕਾਰ ਕਰਾਂ ਹਰ ਬੋਲੀ ਦਾ,

ਪਰ ਸਭ ਨਾਲੋਂ ਪੰਜਾਬੀ ਉੱਤਮ।

ਦੁਨੀਆਂ ਦੀ ਹਰ ਸ਼ੈਅ ਤੋਂ ਮਿੱਠੀ,

ਹਰਦਾਸਪੁਰੀ ਮਾਂ ਬੋਲੀ ਮਿਠੜੀ।

 

ਫ਼ੋਨ- 0306947249768 

"ਮਲਕੀਤ ਹਰਦਾਸਪੁਰੀ"

ਬਸ ਇਹੀ ਗੱਲ ਸਹੀ ਨੀ ✍️ ਕਰਮਜੀਤ ਕੌਰ-ਸ਼ਹਿਰ-ਮਲੋਟ

ਬਸ ਇਹੀ ਗੱਲ ਸਹੀ ਨੀ

ਤੂੰ ਵੀ ਸਹੀ, ਮੈਂ ਵੀ ਸਹੀ

ਬਸ ਇਹੀ ਗੱਲ ਸਹੀ ਨੀ।

 

ਤੇਰੇ ਸੁਪਨਿਆਂ ਲਈ 

ਕੁਰਬਾਨ ਸਾਡੀ ਜਿੰਦਗੀ

ਕੌਡੀ ਭਾਅ 'ਚ ਰੁਲੇ

ਸਾਡੀ ਹਰ ਗੱਲ ਕਹੀ

ਬਸ ਇਹੀ ਗੱਲ ਸਹੀ ਨੀ।

 

ਸਾਨੂੰ ਤਾਂਘ ਰਹੇ ਸਦਾ

ਦੁੱਖ ਤੇਰੇ ਨੂੰ ਮਿਟਾਉਣ ਦੀ

ਤੈਨੂੰ ਰਤਾ ਨਾ ਮਲਾਲ

ਸਾਡੇ ਤੇ ਕੀ ਬਣੀ ਪਈ

ਬਸ ਇਹੀ ਗੱਲ ਸਹੀ ਨੀ।

 

ਦੋਵੇਂ ਸਹੀ ਹੁੰਦੇ ਅਸੀਂ

ਕਈ ਵਾਰੀ ਸੱਜਣਾ

ਸੋਚ ਦਾ ਫਰਕ "ਕੰਮੋ"

ਜੋ ਹੈ ਬਣੀ ਪਈ

ਬਸ ਇਹੀ ਗੱਲ ਸਹੀ ਨੀ।

 

ਕਿਸੇ ਪਿੱਛੇ ਲੱਗੀਏ ਨਾ

ਹੱਸ ਹਰ ਬਿਤਾਈਏ ਪਲ

ਜਿੰਦਗੀ ਏ ਦਿੰਦੀ ਧੋਖਾ

ਇਹ ਸਦਾ ਨਾ ਰਹਿੰਦੀ ਬਈ

ਬਸ ਇਹੀ ਗੱਲ ਸਹੀ ਨੀ।

 

ਕਰਮਜੀਤ ਕੌਰ,ਸ਼ਹਿਰ-ਮਲੋਟ

ਜਿਲ੍ਹਾ-ਸ਼੍ਰੀ ਮੁਕਤਸਰ ਸਾਹਿਬ,ਪੰਜਾਬ