ਸਾਹਿਤ

ਦਿਲ ਦੁੱਖ ਜਾਂਦਾ ਏ

ਕਦੇ ਕਦੇ ਦਿਲ ਦੁੱਖ ਜਾਂਦਾ ਏ,

ਨੀਰ ਨੈਣਾਂ ਚੋਂ ਸੁੱਕ ਜਾਂਦਾ ਏ।

ਆਸਾਂ ਵਾਲ਼ਾ ਪਾਇਆ ਜਿਹੜਾ,                               

ਤੇਲ ਦੀਵੇ ਚੋਂ ਮੁੱਕ ਜਾਂਦਾ ਏ।

ਕਦੇ ਕਦੇ....

ਮਨ ਚੰਦਰਾ ਇਹ ਪਾਣੀ ਭਰਦਾ,

ਐਵੇਂ ਕਿਸੇ ਦੇ ਪਿੱਛੇ ਹਰਦਾ।

ਵੰਡ ਕੇ ਸੱਭ ਨੂੰ ਖ਼ੁਸ਼ੀਆਂ ਖੇੜੇ,

ਦੁੱਖੜੇ ਸਾਰੇ ਆਪ ਤੇ ਜ਼ਰਦਾ।

ਮਾਰ ਦਵੇ ਭਾਵੇਂ ਮੁੱਕੀਆ ਕੋਈ,

ਐਨਾ ਵੀ ਕਿਉਂ ਝੁੱਕ ਜਾਂਦਾ ਏ।

ਕਦੇ ਕਦੇ....

ਤਨ ਤਾਂ ਜਖ਼ਮ ਸਹਿ ਜਾਂਦਾ ਹੈ,

ਮਨ ਤੇ ਦਾਗ਼ ਰਹਿ ਜਾਂਦਾ ਹੈ।

ਮੰਜਿਲ ਦਾ ਜੋ ਰਾਹ ਭੁੱਲ ਜਾਵੇ,

ਲੀਹੋਂ ਹੀ ਉਹ ਲਹਿ ਜਾਂਦਾ ਹੈ।

ਕਿਸਮਤ ਦੀ ਹੈ ਖੇਡ ਅਨੋਖੀ,

ਸਹੀ ਨਿਸ਼ਾਨਾ ਵੀ ਉਕ ਜਾਂਦਾ ਏ।

ਕਦੇ ਕਦੇ.....

ਰੋਂਦੇ ਰੋਂਦੇ ਨੂੰ ਸੀ ਵਰ੍ਹਾਇਆ ,

ਮੈਨੂੰ ਮੇਰੀ ਮਾਂ ਨੇ ਹਸਾਇਆ।

ਮਨਾਂ ਨੂੰ ਜਿੱਤਣ ਹਾਸੇ ਪਿਆਰੇ,

ਮਨਜੀਤ ਸੀ ਨਾਮ ਰਖਾਇਆ।

ਐਡੀ ਸੋਹਣੀ ਮਾਂ ਦਾ ਚਿਹਰਾ,

ਖੌਰੇ ਕਿੱਥੇ ਲੁੱਕ ਜਾਂਦਾ ਏ।

ਕਦੇ ਕਦੇ ਦਿਲ.....

 

ਮਨਜੀਤ ਕੌਰ ਧੀਮਾਨ,

ਸਪਰਿੰਗ ਡੇਲ ਪਬਲਿਕ ਸਕੂਲ,  ਸ਼ੇਰਪੁਰ, ਲੁਧਿਆਣਾ,   ਸੰ:9464633059

ਔਰਤ ਨੂੰ ਸਮਝੋ ✍️ ਹਰਪ੍ਰੀਤ ਕੌਰ ਸੰਧੂ

ਔਰਤ ਜੋ ਤੁਹਾਡੇ ਨਾਲ ਹੈ ਕੇ ਗੱਲ ਕਰਦੀ ਹੈ ਤੁਹਾਡੇ ਨਾਲ ਸੰਬੰਧ ਨਹੀਂ ਬਨਾਉਣੇ ਚਾਹੁੰਦੀ।

 

ਔਰਤ ਜੇਕਰ ਤੁਹਾਡੇ ਨਾਲ ਗੱਲ ਕਰਦੀ ਹੈ ਤਾਂ ਜਰੂਰੀ ਨਹੀਂ ਤੁਹਾਡੇ ਨਾਲ ਰੋਮਾਨੀ ਰਿਸ਼ਤਾ ਰੱਖਣਾ ਚਾਹੁੰਦੀ ਹੋਵੇ, ਉਹ ਬੌਧਿਕ ਪੱਧਰ ਤੇ ਵੀ ਗੱਲ ਕਰ ਸਕਦੀ ਹੈ

 

ਔਰਤ ਜੋ ਤੁਹਾਡੇ ਨਾਲ ਫੋਨ ਤੇ ਗੱਲ ਕਰਦੀ ਹੈ ਤੁਹਾਡੀ ਦੋਸਤ ਹੋ ਸਕਦੀ ਹੈ। ਉਸਦਾ ਪ੍ਰੇਮਿਕਾ ਹੋਣਾ ਜ਼ਰੂਰੀ ਨਹੀਂ 

 

ਔਰਤ ਜੇਕਰ ਤੁਹਾਡੇ ਨਾਲ ਭਾਵਨਾਤਮਕ ਪੱਧਰ ਤੇ ਰਿਸ਼ਤਾ ਰੱਖਦੀ ਹੈ ਤਾਂ ਜ਼ਰੂਰੀ ਨਹੀਂ ਕਿ ਉਹ ਸਰੀਰਕ ਸੰਬੰਧ ਵੀ ਰੱਖੇਗੀ।

 

ਔਰਤ ਜੋ ਤੁਹਾਡੇ ਨਾਲ ਸਰੀਰਕ ਸੰਬੰਧ ਬਣਾਉਣਾ ਚਾਹੁੰਦੀ ਹੈ ਜ਼ਰੂਰੀ ਨਹੀਂ ਕਿ ਆਪਣਾ ਸਵੈਮਾਣ ਤਿਆਗ ਦੇਵੇਗੀ।

 

ਔਰਤ ਜੋ ਤੁਹਾਡੇ ਲਈ ਪਿਆਰ ਦੀ ਭਾਵਨਾ ਰੱਖਦੀ ਹੈ ਜ਼ਰੂਰੀ ਨਹੀਂ ਕਿ ਤੁਹਾਡੀਆਂ ਸ਼ਰਤਾਂ ਦੇ ਮੁਤਾਬਿਕ ਜੀਏਗੀ।

 

ਔਰਤ ਜੋ ਤੁਹਾਨੂੰ ਆਪਣੀ ਰੂਹ ਦਾ ਸਾਥੀ ਮੰਨ ਲੈਂਦੀ ਹੈ ਤੁਹਾਡੀ ਗੁਲਾਮ ਨਹੀਂ ਬਣ ਜਾਂਦੀ। ਉਹ ਭਾਵਨਾਵਾਂ ਦੇ ਤਹਿਤ ਤਾਂ ਤੁਹਾਡੀ ਉਚਿਤ ਅਨੁਚਿਤ ਗੱਲ ਮੰਨ ਲਵੇ ਪਰ ਮਾਨਸਿਕ ਦਬਾਅ ਤਹਿਤ ਅਜਿਹਾ ਕਰੇਗੀ ਇਹ ਜ਼ਰੂਰੀ ਨਹੀਂ।

 

ਔਰਤ ਜੇਕਰ ਪਿਆਰ ਵਿਚ ਕੋਈ ਵੀ ਹੱਦ ਪਾਰ ਕਰ ਸਕਦੀ ਹੈ ਤਾਂ ਪਿਆਰ ਵਿਚ ਦਿੱਤੇ ਧੋਖੇ ਤੇ ਤੁਹਾਨੂੰ ਜ਼ਿੰਦਗੀ ਵਿਚੋਂ ਬਾਹਰ ਵੀ ਕੱਢ ਸਕਦੀ ਹੈ।

 

ਔਰਤ ਜੋ ਤੁਹਾਨੂੰ ਰੱਬ ਮੰਨਦੀ ਹੈ ਉਹ ਤੁਹਾਡੇ ਵਿਹਾਰ ਦੇ ਅਨੁਸਾਰ ਤੁਹਾਨੂੰ ਉਸ ਰੁਤਬੇ ਤੋਂ ਲਾਹ ਕੇ ਸੁੱਟ ਸਕਦੀ ਹੈ।

 

ਔਰਤ ਨੂੰ ਉਸਦੀ ਜ਼ਿੰਦਗੀ ਦਾ ਫ਼ੈਸਲਾ ਲੈਣ ਦਾ ਪੂਰਾ ਹੱਕ ਹੈ।

 

ਔਰਤ ਕਿਸੇ ਨਾਲ ਹੱਸ ਬੋਲ ਸਕਦੀ ਹੈ ਬਿਨਾਂ ਕਿਸੇ ਰਿਸ਼ਤੇ ਵਿੱਚ ਬੱਝਿਆ ਠੀਕ ਪੁਰਸ਼ ਦੀ ਤਰ੍ਹਾਂ।ਜ਼ਰੂਰੀ ਨਹੀਂ ਕਿ ਜੇਕਰ ਉਹ ਤੁਹਾਡੇ ਨਾਲ ਗੱਲ ਕਰਦੀ ਹੈ, ਹੱਸਦੀ ਹੈ, ਵਿਹਾਰਕ ਸਾਂਝ ਰੱਖਦੀ ਹੈ ਤਾਂ ਤੁਹਾਡੇ ਨਾਲ ਸੌਣਾ ਚਾਹੁੰਦੀ ਹੈ।

 

ਔਰਤ ਜੇਕਰ ਕਿਸੇ ਪੁਰਸ਼ ਨਾਲ ਸੌਣਾ ਵੀ ਚਾਹੁੰਦੀ ਹੈ ਤਾਂ ਇਸ ਆਧਾਰ ਤੇ ਉਸਦੇ ਚਰਿੱਤਰ ਦਾ ਮੁਲਾਂਕਣ ਨਹੀਂ ਕੀਤਾ ਜਾ ਸਕਦਾ। ਉਸਦੀਆਂ ਵੀ ਇੱਛਾਵਾਂ ਹਨ।

 

ਹਰਪ੍ਰੀਤ ਕੌਰ ਸੰਧੂ

ਮਾਸਟਰ ਰਾਮ ਲਾਲ ਦੀ ਵਿਦਾਇਗੀ ਪਾਰਟੀ ✍️ ਜਸਪਾਲ ਸਿੰਘ ਮਹਿਰੋਕ 

ਪੰਜਾਬ ਸਰਕਾਰ ਵੱਲੋਂ ਸਰਕਾਰੀ ਨੌਕਰੀ ਵਾਲਿਆ ਜੋ ਟਰਾਸਫਾਰਮਰ ਮਡਿਊਲ ਉਦੋ ਚਲਾਇਆ ਸੀ,

2015 ਵਿੱਚ ਸੁਦੇਸ਼ ਕੁਮਾਰ ਗਰਗ ਦੀ ਥਾਂ ਤੇ ਸ੍ਰੀ ਰਾਮ ਲਾਲ ਗਰਗ ਅਰਥਸ਼ਾਸਤਰੀ ਜੋਗੀਪੁਰ ਸਕੂਲੇ ਆਇਆ ਸੀ।

 

ਇੱਕ ਤੋਂ ਇੱਕ ਸੀ ਕੰਮ ਕਰਨ ਵਾਲਾ ਸਕੂਲ ਦੇ ਵਿਚ, ਪ੍ਰਿੰਸੀਪਲ ਸਰ ਨੂੰ ਕਿਸੇ ਦਾ ਨਾ ਚੇਤਾ ਆਇਆ ਸੀ

ਹਰ ਕੰਮ ਵਿਚ ਨਿਪੁੰਨ ਵੇਖ ਕੇ ਇਹਨਾਂ ਨੂੰ ਕਰਤਾਰ ਸਿੰਘ ਸਰਾਭਾ ਹਾਊਸ ਦਾ ਇੰਚਾਰਜ ਬਣਾਇਆ ਸੀ।

 

ਕਲਾਸ ਛੋਟੀ ਹੋਵੇ  ਚਾਹੇ ਵੱਡੀ ਹੋਵੇ  ਦੋਨਾਂ ਨੂੰ ਪੜ੍ਹਾਉਣ ਤੋਂ ਇਹ ਬਿਲਕੁਲ ਨਹੀ ਝਿਜਕਦੇ ਸੀ,

ਇੱਕ ਗੱਲ ਸੱਚੀ ਹੈ ਆਪਣਾ ਅਤੇ ਵਿਦਿਆਰਥੀਆਂ ਦਾ  ਕਾਗਜ਼ੀ ਕੰਮ ਤਸੱਲੀਬਖਸ਼ ਪੂਰਾ ਰੱਖਦੇ ਸੀ।

 

ਘਰੋਂ ਸਵੇਰੇ ਮੈਡਮ ਜੀ ਵੱਲੋਂ ਲੰਚ ਬੌਕਸ ਦੇ ਵਿਚ ਪਤਾ ਨਹੀਂ ਕਿਹੜੀ ਡਿਸ਼ ਪੁਆਕੇ ਲਿਆਂਦੇ ਸੀ,

ਇੱਕ ਗੱਲ ਵੇਖੀ ਅਸਾਂ ਸਾਰਿਆਂ ਨੇ ਰੋਟੀ ਗੱਡੀ ਵਿੱਚ ਬਹਿ ਕੇ  ਇਕੱਲੇ ਹੀ ਖਾਂਦੇ ਸੀ।

 

ਹਾਜਮਾ ਇਨ੍ਹਾਂ ਦਾ ਬਹੁਤ ਹੈ ਵੱਡਾ, ਆਪਣੇ ਦਿਲ ਦੀ ਗੱਲ ਕਿਸੇ ਨੂੰ ਵੀ ਨਹੀਂ ਦੱਸਦੇ ਸੀ,

ਪਰ ਕੋਹਲੀ ਚੌਂਕ ਦੇ ਵਿਚ ਬਹਿ ਕੇ ਦੂਜਿਆਂ ਦੀ ਗੱਲਾਂ ਉੱਤੇ ਸ਼ੰਮੀ ਕਪੂਰ ਦੀ ਤਰ੍ਹਾਂ ਰਹਿੰਦੇ ਹੱਸਦੇ ਸੀ।

 

ਸਕੂਲ ਵਿੱਚ ਲੋਹੜੀ ਦੀਵਾਲੀ ਮਨਾਉਣ ਦੇ ਲਈ ਦੇ ਸਾਰੇ ਅਧਿਆਪਕ ਜੋ ਮਾਇਆ ਇਕੱਠੀ ਕਰਦੇ ਸੀ,

ਓਦੋਂ ਅਰਥਸਾਸਤਰੀ ਮਾਹਿਰ ਹੋਣ ਦੇ ਨਾਤੇ ਰਾਮ ਲਾਲ ਜੀ ਪੈਸੇ ਵਾਲੀ ਮੁੱਠੀ ਹਮੇਸ਼ਾ ਘੁੱਟ ਕੇ ਰੱਖਦੇ ਸੀ।

 

ਸ਼ਾਮੀ ਛੁੱਟੀ ਵੇਲੇ ਘਰ ਜਾਣ ਦੀ ਸੀ ਹਮੇਸ਼ਾ ਰਹਿੰਦੀ ਸੀ ਕਾਹਲੀ ਪਤਾ ਨਹੀਂ ਕਿਹੜੀ ਬਲਾ ਤੋਂ ਡਰਦੇ ਸੀ,

ਜਾਣ ਵੇਲੇ ਗੱਡੀ ਗੇਟ ਵੱਲ ਖੜੀ  ਕਰਕੇ ਹਾਜ਼ਰੀ ਲਾਉਣ ਦੇ ਲਈ ਰਜਿਸਟਰ ਸਭ ਤੋਂ ਪਹਿਲਾਂ ਆਪ ਹੀ ਫੜਦੇ ਸੀ।

 

ਪ੍ਰਿੰਸੀਪਲ ਦਫ਼ਤਰ ਵੱਲੋਂ ਐਸ.ਸੀ.-ਬੀ.ਸੀ. ਵਜੀਫੇ ਦਾ ਚਾਰਜ ਜੋ  ਇਹਨਾਂ ਦੇ ਹਿੱਸੇ ਆਇਆ ਸੀ,

ਚਾਰਜ ਲੈਣ ਵਾਲੇ ਮੈਡਮ ਦੰਗ ਰਹਿ ਗਏ ਕਹਿੰਦੇ ਕਿਵੇਂ ਇਕੱਲਾ ਇਕੱਲਾ ਮੋਤੀ ਮਾਲਾ ਵਿਚ ਪਰੋਇਆ ਸੀ।

 

ਦਿਲ ਤੇ ਨਾ ਲਾਇਉ ਰਾਮ ਲਾਲ ਜੀ ਸਰਕਾਰੀ ਨੌਕਰੀ ਕਰਨ ਦਾ ਇਹ ਦਸਤੂਰ  ਰਹਿਣਾ ਜਾਰੀ ਹੈ।

ਅੱਜ ਤੁਸੀ ਜਾ ਰਹੇ ਹੋ, ਅਗਲੇ ਸਾਲ ਕਿਸੇ ਹੋਰ ਨੇ ਜਾਣਾ ਹੈ, ਰਿਟਾਇਰ ਹੋਣ ਦੀ ਆਉਣੀ ਸਭ ਦੀ ਵਾਰੀ ਏ।

 

ਜਸਪਾਲ ਸਿੰਘ ਮਹਿਰੋਕ 

ਸਨੌਰ (ਪਟਿਆਲਾ)

ਮੋਬਾਈਲ 6284347188

ਸੋਚ ✍️ ਸੁਖਦੀਪ ਕੌਰ ਮਾਂਗਟ

ਆਪਣੀ ਸੋਚ ਦੇ ਪਰ ਜ਼ਖ਼ਮਾਂਣੇ ਪੈਂਦੇ ਨੇ  

ਤਾਂ ਫਿਰ ਜਾ ਕੇ ਸ਼ੇਅਰ ਬਣਾਉਣੇ ਪੈਂਦੇ ਨੇ ।

ਮੁੜ ਕੇ ਬੰਦਾ ਆਪ ਸਿਆਣਾ ਹੋ ਜਾਂਦਾ 

ਪਹਿਲਾਂ ਉਹਨੂੰ ਧੋਖੇ ਖਾਣੇ ਪੈਂਦੇ ਨੇ  ।

ਅਸੀਂ ਸਕੂਲੋਂ ਕੱਲੇ ਘਰ ਨੂੰ ਆਉਂਦੇ ਸਾਂ  

ਸਾਨੂੰ ਆਪਣੇ ਬਾਲ ਲਿਆਉਣੇ ਪੈਂਦੇ ਨੇ  ।

ਕੱਲ੍ਹ ਮੈਨੂੰ ਇਕ ਅੱਲ੍ਹਾ ਵਾਲਾ ਕਹਿੰਦਾ ਸੀ  

ਇਸ਼ਕ ਚ ਰੋ ਰੋ ਨੀਰ ਵਹਾਉਣੇ ਪੈਂਦੇ ਨੇ ।

ਮਾਂ ਨੂੰ ਖਾਲੀ ਦੇਗਚਾ ਚੁੱਲ੍ਹੇ ਚਾੜ੍ਹ ਕੇ ਫਿਰ  

ਭੁੱਖਣ ਭਾਣੇ ਬਾਲ ਸੁਲਾਉਣੇ ਪੈਂਦੇ ਨੇ  ।

ਚੱਲ ਸੁਖਦੀਪ ਇਸ ਇਸ਼ਕ ਦੀ ਮੰਜ਼ਲ ਔਖੀ ਏ  

ਵੇਖੋ ਹੁਣ ਕੀ ਕੀ ਰੂਪ ਵਟਾਉਣੇ ਪੈਂਦੇ ਨੇ  ।

ਸੁਖਦੀਪ ਕੌਰ ਮਾਂਗਟ

9814156533

ਜ਼ਖਮ ✍️ ਹਰਪ੍ਰੀਤ ਕੌਰ ਸੰਧੂ

ਜਖ਼ਮ ਕਈ ਤਰ੍ਹਾਂ ਦੇ ਹੁੰਦੇ,ਕੁਝ ਉਪਰੋਂ ਵੱਡੇ ਪਰ ਡੂੰਘੇ ਘੱਟ ਹੁੰਦੇ,ਭਰ ਵੀ ਛੇਤੀ ਜਾਂਦੇ

ਕੁਝ ਦੇਖਣ ਨੂੰ ਮਾਮੂਲੀ , ਪਰ ਗਹਿਰੇ ਹੁੰਦੇ, ਉਪਰੋਂ ਭਰ ਜਾਂਦੇ ,ਅੰਦਰੋਂ ਅੰਦਰ ਰਿਸਦੇ

ਕੁਝ ਉਪਰੀ ਸਤਹ ਤੇ ,ਨਜ਼ਰ ਨਹੀਂ ਆਉਂਦੇ,ਜ਼ਰਾ ਜਿੰਨੀ ਖਰੋਂਚ ਵੀ ਨਹੀਂ

ਪਰ ਜੜ੍ਹ ਬਣਾ ਲੈਂਦੇ ,ਤਮਾਮ ਉਮਰ ਦਾ ਦਰਦ ਬਣ,ਰਿਸਦੇ ਰਹਿੰਦੇ 

ਅੰਦਰੋ ਅੰਦਰ ,ਬਣ ਜਾਂਦੇ ਨਾਸੂਰ

 

ਹਰਪ੍ਰੀਤ ਕੌਰ ਸੰਧੂ

ਅੰਦਰਲਾ ਇਨਸਾਨ ✍️ ਮਨਜੀਤ ਕੌਰ ਧੀਮਾਨ

ਸੰਤੋਸ਼ ਦੇਵੀ..! ਦਫ਼ਤਰ ਦੇ ਅੰਦਰੋਂ ਆਵਾਜ਼ ਆਈ ਤਾਂ ਦਫ਼ਤਰ ਵਿੱਚ ਕੰਮ ਕਰਨ ਵਾਲ਼ੀ ਸੰਤੋਸ਼ ਅੰਦਰ ਚਲੀ ਗਈ।

       ਆਹ ਲਓ ਆਂਟੀ ਜੀ, ਤੁਹਾਡੀ ਇਸ ਮਹੀਨੇ ਦੀ ਤਨਖ਼ਾਹ। ਕਹਿ ਕੇ ਕਲਰਕ ਮੁੰਡੇ ਨੇ ਇੱਕ ਪੈਕੇਟ ਫੜਾ ਦਿੱਤਾ।

          ਪਰ.... ਪਰ.....! ਸੰਤੋਸ਼ ਦੇ ਬੁੱਲ੍ਹ ਕੁੱਝ ਕਹਿਣ ਲਈ ਹਿੱਲੇ।

          ਪਰ-ਪੁਰ, ਹਜੇ ਕੁੱਝ ਨਹੀਂ। ਤਨਖ਼ਾਹ ਵਧਾਉਣ ਦੀ ਗੱਲ ਤੁਸੀਂ ਬੌਸ ਨਾਲ਼ ਕਰਿਓ। ਹਜੇ ਮੇਰੇ ਕੋਲ ਬਿਲਕੁੱਲ ਸਮਾਂ ਨਹੀਂ। ਤੁਸੀਂ ਕਿਰਪਾ ਕਰਕੇ ਜਾਓ। ਹਜੇ ਮੈਂ ਬਾਕੀ ਕਰਮਚਾਰੀਆਂ ਨੂੰ ਵੀ ਤਨਖ਼ਾਹ ਦੇਣੀ ਹੈ। ਕਲਰਕ ਮੁੰਡੇ ਨੇ ਬਿਨਾਂ ਉਹਦੇ ਵੱਲ ਦੇਖਿਆਂ ਕਿਹਾ।

             ਸੰਤੋਸ਼ ਨੇ ਇੱਕ ਵਾਰ ਫ਼ੇਰ ਪੈਕੇਟ ਵੱਲ ਦੇਖਿਆ ਤੇ ਪੈਕੇਟ ਉੱਥੇ ਹੀ ਰੱਖ ਕੇ ਬਾਹਰ ਵੱਲ ਤੁਰ ਪਈ।

              ਆਂਟੀ, ਆਹ ਪੈਕੇਟ ਤਾਂ ਲੈ ਕੇ ਜਾਓ। ਮੁੰਡੇ ਨੇ ਆਵਾਜ਼ ਮਾਰੀ।

                ਹੁਣ ਸੰਤੋਸ਼ ਨੇ ਅਣਮੰਨੇ ਜਿਹੇ ਮਨ ਨਾਲ਼ ਪੈਕੇਟ ਚੁੱਕਿਆ ਤੇ ਕਾਹਲ਼ੀ ਨਾਲ਼ ਬਾਹਰ ਆ ਗਈ।

              ਕੀ ਹੋਇਆ? ਐਨੀ ਪਰੇਸ਼ਾਨ ਕਿਉਂ ਹੈ? ਤਨਖ਼ਾਹ ਮਿਲਣ ਤੇ ਲੋਕੀ ਖੁਸ਼ ਹੁੰਦੇ ਪਰ ਤੂੰ ਤਾਂ ਦੁੱਖੀ ਹੋ ਗਈ ਏਂ! ਨਾਲ਼ ਵਾਲ਼ੀ ਸਹੇਲੀ ਰਜਨੀ ਨੇ ਪੁੱਛਿਆ।

              ਉਹ ਤਾਂ ਸੱਭ ਠੀਕ ਹੈ ਪਰ..... ਸੰਤੋਸ਼ ਗੱਲ ਕਰਦੀ- ਕਰਦੀ ਚੁੱਪ ਕਰ ਗਈ।

              ਪਰ!....ਪਰ ਕੀ? ਦੱਸ ਤਾਂ ਸਹੀ, ਗੱਲ ਕੀ ਹੈ? ਰਜਨੀ ਨੇ ਜ਼ੋਰ ਪਾਇਆ।

              ਗੱਲ ਇਹ ਹੈ ਕਿ ਇਹ ਤਨਖ਼ਾਹ ਮੇਰੀ ਨਹੀਂ ਹੈ। ਸੰਤੋਸ਼ ਨੇ ਮਨ ਪੱਕਾ ਕਰਕੇ ਇੱਕਦਮ ਕਿਹਾ।

                ਹੈਂ...!ਤੇਰੀ ਨਹੀਂ? ਮਤਲਬ ਇਹ ਕਿਸੇ ਹੋਰ ਦੀ ਤਨਖ਼ਾਹ ਹੈ? ਪਰ ਕੀਹਦੀ? ਮੈਨੂੰ ਕੁੱਝ ਸਮਝ ਨਹੀਂ ਆ ਰਹੀ। ਤੂੰ ਚੰਗੀ ਤਰ੍ਹਾਂ ਦੱਸ। ਰਜਨੀ ਸੋਚਾਂ ਵਿੱਚ ਪੈ ਗਈ।

             ਓ... ਹੋ! ਕੀ ਹੋ ਗਿਆ ਤੈਨੂੰ? ਤੈਨੂੰ ਚੰਗਾ ਭਲਾ ਪਤਾ ਕਿ ਪਿੱਛਲੇ ਮਹੀਨੇ ਮੈਂ ਛੁੱਟੀ 'ਤੇ ਗਈ ਸੀ। ਤੇ ਇਹ ਪਿੱਛਲੇ ਮਹੀਨੇ ਦੀ ਹੀ ਤਨਖ਼ਾਹ ਹੈ। ਹੁਣ ਤੂੰ ਹੀ ਦੱਸ ਕਿ ਇਹ ਮੇਰੀ ਕਿਵੇਂ ਹੋਈ? ਸੰਤੋਸ਼ ਨੇ ਇੱਕੋ ਸਾਹੇ ਕਹਿ ਦਿੱਤਾ।

                ਅੱਛਾ! ਤਾਂ ਇਹ ਗੱਲ ਹੈ। ਤੂੰ ਵੀ ਨਾ ਬੱਸ ਕਮਲ਼ੀ ਹੈਂ। ਓਦਾਂ ਹਮੇਸ਼ਾਂ ਖਰਚੇ ਤੋਂ ਤੰਗ ਰਹਿੰਦੀ ਏ ਤੇ ਹੁਣ ਜੇ ਬੌਸ ਨੇ ਭੁਲੇਖ਼ੇ ਨਾਲ਼ ਤਨਖ਼ਾਹ ਦੇ ਹੀ ਦਿੱਤੀ ਤਾਂ ਤੈਨੂੰ ਕੀ ਹੈ? ਤੂੰ ਮਜ਼ੇ ਕਰ ਤੇ ਹਾਂ ਮੈਨੂੰ ਪਾਰਟੀ ਜ਼ਰੂਰ ਦੇਣੀ ਹੈ, ਸਮਝੀ! ਰਜਨੀ ਨੇ ਹੱਸਦਿਆਂ ਕਿਹਾ।

            ਰਜਨੀ ਦੀ ਗੱਲ ਸੁਣ ਕੇ ਸੰਤੋਸ਼ ਚੁੱਪ ਕਰ ਗਈ ਤੇ ਆਪਣੇ ਕੰਮ ਵਿੱਚ ਰੁੱਝ ਗਈ।         ਛੁੱਟੀ ਵੇਲ਼ੇ ਸੰਤੋਸ਼ ਨੇ ਅਚਾਨਕ ਉਹ ਪੈਕੇਟ ਆਪਣੇ ਪਰਸ ਵਿੱਚੋਂ ਕੱਢਿਆ ਤੇ ਅੰਦਰ ਜਾ ਕੇ ਕਲਰਕ ਮੁੰਡੇ ਨੂੰ ਸੌਂਪਦਿਆ ਕਿਹਾ, ਇਸ ਮਹੀਨੇ ਮੈਂ ਛੁੱਟੀ ਤੇ ਸੀ। ਸ਼ਾਇਦ ਗਲਤੀ ਨਾਲ ਤੁਸੀਂ ਮੈਨੂੰ ਤਨਖ਼ਾਹ ਦੇ ਦਿੱਤੀ ਹੈ। ਕਹਿ ਕੇ ਬਿਨਾਂ ਜਵਾਬ ਉਡੀਕੇ ਸੰਤੋਸ਼ ਬਾਹਰ ਨਿਕਲ਼ ਗਈ।

                ਮੋੜ ਹੀ ਆਈ ਫ਼ੇਰ! ਚੈਨ ਆ ਗਿਆ ਹੁਣ? ਰਜਨੀ ਨੇ ਉਹਨੂੰ ਅੰਦਰੋਂ ਬਾਹਰ ਆਉਂਦਿਆਂ ਦੇਖ ਕੇ ਪੁੱਛਿਆ।

          ਬਿਲਕੁੱਲ ਆ ਗਿਆ ਅੜੀਏ, ਮੈਂ ਤਾਂ ਬਹੁਤ ਮਨਾਇਆ ਪਰ ਆਹ ਅੰਦਰਲਾ ਇਨਸਾਨ ਨਹੀਂ ਮੰਨਿਆ। ਕਹਿ ਕੇ ਸੰਤੋਸ਼ ਹੱਸਦਿਆਂ ਹੋਇਆਂ ਪਰਸ ਚੁੱਕ ਘਰ ਨੂੰ ਤੁਰ ਪਈ।

 

ਮਨਜੀਤ ਕੌਰ ਧੀਮਾਨ, ਸ਼ੇਰਪੁਰ, ਲੁਧਿਆਣਾ,ਸੰ:9464633059

ਤੈਨੂੰ ਦੂਰ ਲਿਖਾਂ ਕੇ ਪਾਸ ਲਿਖਾਂ ✍️ ਡਾ.ਸਰਬਜੀਤ ਕੌਰ ਬਰਾੜ ਮੋਗਾ

ਤੈਨੂੰ ਦੂਰ ਲਿਖਾਂ ਕੇ ਪਾਸ ਲਿਖਾਂ

ਜਾਂ ਫਿਰ ਕੋਈ ਖਾਸ ਲਿਖਾਂ

ਕਿਉਂ ਤੇਰੇ ਬਾਰੇ ਪੁੱਛਦੇ ਸਾਰੇ

ਮੈਂ ਜਦ ਵੀ ਕੁੱਝ ਉਦਾਸ ਲਿਖਾਂ 

ਇਸ ਝੂਠੀ ਦੁਨੀਆਂ ਦਾਰੀ ਨੂੰ 

ਮੈਂ ਤੁਰਦੀ ਫਿਰਦੀ ਲਾਸ਼ ਲਿਖਾਂ 

ਤੁਸੀਂ ਮਹਾਨ ਜੋ ਕਲਮ ਮੇਰੀ ਨੂੰ

ਦਿੰਦੇ ਓ ਸਨਮਾਨ ਲਿਖਾਂ 

ਮੈਂ ਚੋਂ ਮੈਂ ਤਾਂ ਮਰ ਚੁੱਕੀ ਹੈ

"ਸਰਬ" ਨਾ ਮੈਂ ਕੁੱਝ ਖਾਸ ਲਿਖਾਂ

ਚਹੁੰ ਅੱਖਰਾਂ ਵਿੱਚ ਜੱਗ ਸਮੇਟਿਆ 

ਲੇਖਕ ਦੀ ਉਸ ਜਾਤ ਲਿਖਾਂ

ਕੱਠਪੁਤਲੀ ਹਾਂ ਓਹਦੇ ਦਰ ਦੀ

ਓਹ ਜਿਵੇਂ ਨਚਾਵੇ ਨਾਚ ਲਿਖਾਂ 

ਮੈਂ ਤਾਂ ਇੱਕ ਨਿਮਾਣੀ ਜੀ ਹਾਂ 

ਮੈਂ ਨਾ ਕੁੱਝ ਵੀ ਖਾਸ ਲਿਖਾਂ 

 

ਡਾ.ਸਰਬਜੀਤ ਕੌਰ ਬਰਾੜ ਮੋਗਾ

 

ਅਟੱਲ ਸਚਾਈ ✍️ ਡਾ.ਸਰਬਜੀਤ ਕੌਰ ਬਰਾੜ ਮੋਗਾ

ਛੱਡ ਮਨ ਮਰਜ਼ੀਆਂ ਕਰਨੀਆਂ ਮਨਾਂ ਕੋਹੜੀਆ ਵੇ

ਤੂੰ ਵੀ ਨਾਲ ਸਰੀਰ ਦੇ ਮੱਚਣਾਂ ਏਂ

ਲੈਣੇਂ ਪੈਣੇ ਮੁੱਲ ਮੋਢਾ ਲਾਉਣ ਵਾਲੇ

ਤੇਰਾ ਆਪਣਾ ਕੋਈ ਨਾ ਲੱਭਣਾ ਏਂ 

ਜਾਣ ਵਾਲਾ ਤਾਂ ਗਿਆ ਜਹਾਨ ਉੱਤੋਂ

ਛੱਡ ਮਨਾਂ! ਆਪਾਂ ਕਾਹਨੂੰ ਕੰਮ ਕਾਜ ਛੱਡਣਾ ਏਂ

ਕਹਿ ਕੇ ਆਪਣਿਆਂ ਨੇਂ ਨਾ ਸਾਥ ਦੇਣਾਂ 

ਫਾਹਾ ਰਸਮਾਂ ਦਾ ਚਾਰ ਦਿਨਾਂ ਚ ਵੱਢਣਾ ਏਂ 

ਜੀਹਨੂੰ ਤੋਰਿਆ ਵਿਦੇਸ਼ਾਂ ਵਿੱਚ ਨਾਲ ਚਾਵਾਂ

"ਟਿੰਮ ਹੋਟਨ"ਓਹਨੇ ਨਾਂ ਛੱਡਣਾ ਏਂ 

ਇੱਕ ਵੀਕ ਬੱਸ! ਮਿਲੀ ਨਾਂ ਹੋਰ ਛੁੱਟੀ

ਪਾਅੜਾ ਨੱਕ ਨਮੂਜ ਨੂੰ ਕੱਢਣਾ ਏਂ 

ਜੇ ਨਾਂ ਰੁੱਕੀ ਵਿਦੇਸ਼ ਜਵਾਨੀ ਜਾਣੋਂ

ਨਾਂ ਵੋਟਾਂ ਪਾਉਣ ਵਾਲਾ ਵੀ ਕੋਈ ਲੱਭਣਾ ਏਂ 

ਸੱਚ ਲਿਖਿਆ 'ਸਰਬ ਬਰਾੜ' ਤੂੰ ਤਾਂ

ਪਰ ਕਈਆਂ ਤੀਰ ਵਾਂਗੂ ਹਿੱਕ ਵਿੱਚ ਵੱਜਣਾ ਏਂ 

ਕੀ ਫੂਕਣਾ ਈਦ ਦੇ ਪਿੱਛੋਂ ਟੰਬਾ

ਕਦੋਂ ਹਾਕਮਾਂ ਸੁਰਤ ਨਾਲ ਗੱਜਣਾਂ ਏਂ

ਕਦੋਂ ਆਊਗੀ ਉਡੀਕਾਂ ਓ ਰੁੱਤ ਬੈਠੀ

ਪੰਜਾਬ ਸੋਨੇ ਦੀ ਚਿੜੀ ਜਦ ਵੱਜਣਾਂ ਏ

 

ਲੇਖਕ:-ਡਾ.ਸਰਬਜੀਤ ਕੌਰ ਬਰਾੜ ਮੋਗਾ 

 

ਬੋਲ ਵੇ ਮੁਸਾਫ਼ਰਾ ✍️ ਮਨਜੀਤ ਕੌਰ ਧੀਮਾਨ

ਅੱਜ ਮੂੰਹੋਂ ਕੁੱਝ ਬੋਲ ਵੇ ਮੁਸਾਫ਼ਰਾ,

ਦਿਲ ਦੀ ਘੁੰਡੀ ਖੋਲ੍ਹ ਵੇ ਮੁਸਾਫ਼ਰਾ।

ਸੱਚੋਂ-ਸੱਚੀ ਦੱਸੀਂ, ਪਹਿਲਾਂ ਵਾਂਗੂੰ,

ਗੱਲ ਕਰੀਂ ਨਾ ਹੁਣ ਗੋਲ਼ ਵੇ ਮੁਸਾਫ਼ਰਾ।

ਅੱਜ ਮੂੰਹੋਂ.....

ਤੇਰੇ ਪਿੱਛੇ ਹਾਰਿਆ ਸੀ ਦਿਲ,

ਤੇ ਤੂੰ ਲੈ ਕੇ ਤੁਰ ਚੱਲਿਆ।

ਜੇ ਇੰਝ ਛੱਡ ਜਾਣਾ ਸੀ,ਕਿਉਂ,

ਸਾਂਝੇ ਕੀਤੇ ਸੁਰ ਬੱਲਿਆ।

ਅਸਾਂ ਵੀ ਮੋੜਨਾ ਨੀਂ ਦਿਲ ਤੇਰਾ,

ਜਿੱਥੇ ਮਰਜ਼ੀ ਜਾਹ ਟੋਲ਼ ਵੇ ਮੁਸਾਫ਼ਰਾ।

ਅੱਜ ਮੂੰਹੋਂ.....

ਸੱਚ ਆਖ ਗਏ ਸਿਆਣੇ ਕਿ,

ਰਾਹੀਆਂ ਨਾਲ਼ ਵਾਹ ਨਹੀਂ ਪਾਈਦਾ।

ਜਿਹੜੇ ਰਾਹ ਦਾ ਪਤਾ ਨਾ ਹੋਵੇ,

ਓਸ ਰਾਹ ਨਹੀਂ ਜਾਈਦਾ।

ਪਰੀਆਂ ਵਾਂਗ ਪਾਲ਼ੀ ਮਾਪਿਆਂ,

ਨਾ ਇੰਝ ਪੈਰੀਂ ਰੋਲ਼ ਵੇ ਮੁਸਾਫ਼ਰਾ।

ਅੱਜ ਮੂੰਹੋਂ.....

ਵਾਅਦਿਆਂ ਦਾ ਢੇਰ ਦੱਸ,

ਚੁੱਲ੍ਹੇ ਵਿੱਚ ਲਾਉਣਾ ਅਸਾਂ।

ਮੁਸਾਫ਼ਰਾਂ ਦਾ ਹੁੰਦਾ ਬੱਸ,

ਇੱਕੋ ਵਾਰ ਆਉਣਾ ਮਸਾਂ।

ਪਿਆਰ ਵਾਲ਼ੇ ਜਜ਼ਬਾਤਾਂ ਨੂੰ,

ਨਾ ਗਹਿਣਿਆਂ ਨਾ ਤੋਲ ਵੇ ਮੁਸਾਫ਼ਰਾ।

ਅੱਜ ਮੂੰਹੋਂ....

ਪਤਾ ਹੁੰਦਾ ਟੁਰ ਜਾਣਾ ਤੁਸਾਂ,

ਅੱਖਾਂ ਚਾਰ ਨਾ ਕਰਦੇ ਕਦੇ।

ਵਿਛੋੜੇ ਵਾਲ਼ੀ ਨਦੀ ਤੇ ਜਾ ਕੇ,

ਪਾਣੀ ਵੀ ਨਾ ਭਰਦੇ ਹਜੇ। 

ਦੋ ਸੋਹਣੇ ਜਿਹੇ ਬੋਲ ' ਮਨਜੀਤ',

ਆ ਸਾਡੇ ਨਾਲ਼ ਬੋਲ ਵੇ ਮੁਸਾਫ਼ਰਾ।

ਅੱਜ ਮੂੰਹੋਂ.....

 

ਮਨਜੀਤ ਕੌਰ ਧੀਮਾਨ, ਸਪਰਿੰਗ ਡੇਲ ਪਬਲਿਕ ਸਕੂਲ, ਸ਼ੇਰਪੁਰ, ਲੁਧਿਆਣਾ। ਸੰ:9464633059

ਜਨਮਦਿਨ ✍️ ਕਰਮਜੀਤ ਕੌਰ-ਸ਼ਹਿਰ-ਮਲੋਟ

ਪੈਸੇ ਜਾਂ ਕੋਈ ਗਿਫ਼ਟ ਨਾ ਮੰਗਾਂ

ਪਰ ਮੰਗਣੋਂ ਭੋਰਾ ਨਾ ਸੰਗਾਂ

ਦੇ ਦਿਓ ਬਸ ਦਿਲੋਂ ਦੁਆਵਾਂ

ਹੌਂਸਲੇ ਨਾਲ ਜਿਉਂਦੀ ਜਾਵਾਂ।

 

ਵਧੀਆ ਲਿਖ-ਲਿਖ ਲਿਖਤਾਂ ਪਾਵਾਂ

ਪਿਆਰ ਤੁਹਾਡੇ ਤੋਂ ਪਾਉਂਦੀ ਜਾਵਾਂ

ਵਧੀਆ ਲੰਘਿਆ ਸਾਥ ਤੁਹਾਡਾ

ਅੱਗੋਂ ਸਾਥ ਨਿਭਾਉਂਦੀ ਜਾਵਾਂ।

 

ਜਨਮਦਿਨ ਤੇ "ਕੰਮੋ" ਸਭਦੀ

ਧੁਰ ਅੰਦਰੋਂ ਮੈਂ ਖੈਰ ਮਨਾਵਾਂ

ਜਿੰਦਗੀ ਥੋੜ੍ਹੀ ਇਸ ਦੁਨੀਆਂ ਤੇ

ਹਰ ਪਲ ਖੁਸ਼ੀਆਂ ਨਾਲ ਬਿਤਾਵਾਂ।

 

ਕਰਮਜੀਤ ਕੌਰ,ਸ਼ਹਿਰ-ਮਲੋਟ

ਜਿਲ੍ਹਾ -,ਸ਼੍ਰੀ ਮੁਕਤਸਰ ਸਾਹਿਬ, ਪੰਜਾਬ

ਬਸੰਤ ਰੁੱਤ ✍️ ਮਹਿੰਦਰ ਸਿੰਘ ਮਾਨ

ਸਰਦ ਰੁੱਤ ਹੈ ਚੱਲੀ, ਬਸੰਤ ਰੁੱਤ ਹੈ ਆਈ।

ਰੁੱਖਾਂ ਤੇ ਪੌਦਿਆਂ ਤੇ ਨਵਾਂ ਜੋਬਨ ਹੈ ਲਿਆਈ।

ਮਨੁੱਖੀ ਸਰੀਰ 'ਚ ਖੂਨ ਦਾ ਵਹਾਅ ਹੈ ਤੇਜ ਹੋਇਆ,

ਏਸੇ ਲਈ ਮਨੁੱਖਾਂ 'ਚ ਨਵੀਂ ਫੁਰਤੀ ਹੈ ਆਈ।

ਖਿੜੇ ਫੁੱਲਾਂ ਤੇ ਬੈਠਣ ਭੌਰੇ ਤੇ ਮਧੂ ਮੱਖੀਆਂ।

ਰੰਗ ਬਰੰਗੀਆਂ ਤਿਤਲੀਆਂ ਵੀ ਉਡਾਰੀ ਨੇ ਭਰਦੀਆਂ।

ਬੱਚੇ ਉਡਾਂਦੇ ਰੰਗ ਬਰੰਗੇ ਪਤੰਗ ਛੱਤਾਂ ਤੇ ਚੜ੍ਹ ਕੇ,

ਕੱਢੀਆਂ ਉਨ੍ਹਾਂ ਨੇ ਦਿਲਾਂ ਚੋਂ ਚਿੰਤਾਵਾਂ ਸਾਰੀਆਂ।

ਚਾਈਨਾ ਡੋਰ ਨੇ ਅੱਜ ਕੱਲ੍ਹ ਪੁਆੜੇ ਨੇ ਪਾਏ।

ਕਈ ਉੱਡਦੇ ਪੰਛੀ ਇਸ ਨੇ ਮਾਰ ਮੁਕਾਏ।

ਇਸ ਨੂੰ ਛੱਡ ਕੇ ਸਾਰੇ ਭਾਰਤੀ ਡੋਰ ਵਰਤੋ,

ਇਹ ਕਿਸੇ ਨੂੰ ਵੀ ਯਾਰੋ ਨੁਕਸਾਨ ਨਾ ਪੁਚਾਏ।

ਬਸੰਤ ਪੰਚਮੀ ਨੂੰ ਲੱਗਦੇ ਪਿੰਡਾਂ ਤੇ ਸ਼ਹਿਰਾਂ 'ਚ ਮੇਲੇ।

ਲੋਕ ਸਰ੍ਹੋਂ ਦੇ ਫੁੱਲਾਂ ਵਾਂਗ ਖਿੜ ਕੇ ਵੇਖਣ ਜਾਂਦੇ ਮੇਲੇ।

ਇਸ ਦਿਨ ਤੀਵੀਆਂ ਬਸੰਤੀ ਰੰਗ ਦੇ ਕਪੜੇ ਪਾ ਕੇ,

ਗਿੱਧਾ ਪਾਣ ਤੇ ਗੀਤ ਗਾਣ ਛੱਡ ਕੇ ਸਭ ਝਮੇਲੇ।

ਮਹਿੰਦਰ ਸਿੰਘ ਮਾਨ

ਸਲੋਹ ਰੋਡ

ਚੈਨਲਾਂ ਵਾਲੀ ਕੋਠੀ

ਨਵਾਂ ਸ਼ਹਿਰ-9915803554

 

ਕਵਿਤਾ "ਸੜਕਨਾਮਾ" ✍️ ਕੁਲਦੀਪ ਸਿੰਘ ਰਾਮਨਗਰ

ਮੈਂ ਗੂੰਗੀ ਤੇ ਬਹਿਰੀ, ਪੈਂਡੂ ਤੇ ਸ਼ਹਿਰੀ,
ਸਰਕਾਰੀ ਸੜਕ ਹਾਂ, ਕਿਤੇ ਕੱਚੀ ਤੇ ਪੱਕੀ ਕੜਕ ਹਾਂ,
ਖੁਸ਼ ਹੁੰਦੀ ਹਾਂ ਕਿਸੇ ਨੂੰ ਮੰਜ਼ਿਲ ਤੱਕ
ਛੱਡਣ ਅਤੇ ਕਿਸੇ ਨੂੰ ਘਰ ਤੱਕ,
ਚੰਗਾ ਲਗਦਾ ਆਪਣੇ ਸੀਨੇ ਤੇ ਲੋਕਾਂ ਦਾ ਦੌੜਨਾ, 
ਜਦੋਂ ਲਾਲ ਰੰਗ ਦੇ ਲਹੁ ਦੇ ਛਿਟੇ 
ਛਿੜਕ ਜਾਂਦਾ ਹੈ ਮੇਰੇ ਤਨ ਤੇ,
ਮੈ ਉਦਾਸ ਹੋ ਜਾਂਦੀ ਹਾਂ, ਚੀਕ ਨਹੀਂ ਸਕਦੀ,
ਕਿਉਂ ਕਿ ਮੈਂ ਗੂੰਗੀ ਤੇ ਬਹਿਰੀ, ਪੈਂਡੂ ਤੇ ਸ਼ਹਿਰੀ,
ਸਰਕਾਰੀ ਸੜਕ ਹਾਂ, ਕਿਤੇ ਕੱਚੀ ਤੇ ਪੱਕੀ ਕੜਕ ਹਾਂ, ਉਦਾਸ ਜਿਹੀ ਹੋ ਜਾਂਦੀ ਹਾਂ ਜਦੋਂ
ਰੋਕ ਦਿੱਤੀ ਜਾਂਦੀ ਹੈ ਮੇਰੇ ਸੀਨੇ ਤੇ
ਚੱਲਣ ਵਾਲੀ ਲੋਕਾਂ ਦੀ ਰਫ਼ਤਾਰ,
ਮੈਂ ਤੜਫ ਉਠਦੀ ਹਾਂ ਲੋਕਾਂ ਨੂੰ ਅਣਦੇਖੇ ਰਾਹਾਂ ਚ ਭੜਕਦਾ ਦੇਖ ਪਰ ਬੋਲ ਨਹੀਂ ਸਕਦੀ ,
ਕਿਉਂ ਕਿ ਮੈਂ ਗੂੰਗੀ ਤੇ ਬਹਿਰੀ, ਪੈਂਡੂ ਤੇ ਸ਼ਹਿਰੀ,
 ਸਰਕਾਰੀ ਸੜਕ ਹਾਂ, ਕਿਤੇ ਕੱਚੀ ਤੇ ਪੱਕੀ ਕੜਕ ਹਾਂ,
ਮੈਂ ਸੁਣ ਨਹੀ ਸਕਦੀ ਉਹ ਚੀਕਾਂ,
ਜੋਂ ਸ਼ਾਇਦ ਰਾਤ ਦੇ ਹਨੇਰੇ ਚ ਮੇਰੇ ਸੀਨੇ
ਤੇ ਖੜੇ ਕਿਸੇ ਵਾਹਨ ਦੀ ਵਜ੍ਹਾ ਸੀ।
ਪਰ ਮੈਂ ਕਿੰਝ ਸਮਝਾਉਂਦੀ ,
ਕਿਉਂ ਕਿ ਮੈਂ ਗੂੰਗੀ ਤੇ ਬਹਿਰੀ, ਪੈਂਡੂ ਤੇ ਸ਼ਹਿਰੀ, ਸਰਕਾਰੀ ਸੜਕ ਹਾਂ, ਕਿਤੇ ਕੱਚੀ ਤੇ ਪੱਕੀ ਕੜਕ ਹਾਂ,
ਖੁਸ਼ ਹੁੰਦੀ ਹਾਂ ਜਦੋਂ ਕੋਈ ਭੱਦਰ ਪੁਰਸ਼,
ਸਾਫ਼ ਕਰ ਜਾਂਦਾ ਹੈ ਮੇਰੇ ਲੀੜੇ,
ਫਿਰ ਉਦਾਸ ਹੋ ਜਾਂਦੀ ਹੈ ਜਦੋਂ ਕੋਈ
ਰੂੜੀ ਸਮਝਕੇ ਖਰਾਬ ਕਰ ਜਾਂਦਾ,
 ਪਰ ਮੈਂ ਬੋਲ ਨਹੀਂ ਸਕਦੀ
ਕਿਉਂ ਕਿ ਮੈਂ ਗੂੰਗੀ ਤੇ ਬਹਿਰੀ, ਪੈਂਡੂ ਤੇ ਸ਼ਹਿਰੀ,
ਸਰਕਾਰੀ ਸੜਕ ਹਾਂ, ਕਿਤੇ ਕੱਚੀ ਤੇ ਪੱਕੀ ਕੜਕ ਹਾਂ,
ਕਦੇ ਕਦੇ ਮੈਨੂੰ ਸਵਾਰ ਜਾਂਦੇ,
ਭ੍ਰਿਸ਼ਟਾਚਾਰ ਦੇ ਠੇਕੇਦਾਰ, ਲੁਕ ਨਹੀਂ
ਥੁਕ ਜਿਹਾ ਲਾਕੇ, ਮੈਂ ਫਿਰ ਚਲਦੀ ਰਹਿੰਦੀ ਹਾਂ
ਖਮੋਸ਼ ਜਿਹੀ ਰਹਿਕੇ,
ਕਿਉਂ ਕਿ ਮੈਂ ਗੂੰਗੀ ਤੇ ਬਹਿਰੀ, ਪੈਂਡੂ ਤੇ ਸ਼ਹਿਰੀ,
 ਸਰਕਾਰੀ ਸੜਕ ਹਾਂ, ਕਿਤੇ ਕੱਚੀ ਤੇ ਪੱਕੀ ਕੜਕ ਹਾਂ,
ਮੇਰੇ ਸੀਨੇ ਤੇ ਚੱਲ ਕੇ ਅਤੇ ਸਿਆਸਤ ਕਰਕੇ,
ਬਣੇ ਮੰਤਰੀ ਅਤੇ ਸੰਤਰੀਆਂ ਦੇ ਲੰਘਣ ਲਈ,
ਖਮੋਸ਼ ਕਰ ਦਿੱਤਾ ਜਾਂਦਾ ਕਈ ਵਾਰ,
ਡਰ ਜਾਂਦੀ ਹਾਂ ਹੂਟਰ ਦੀ ਅਵਾਜ਼ ਸੁਣਕੇ,
ਪਰ ਬੋਲ ਨਹੀਂ ਸਕਦੀ ,
ਕਿਉਂ ਕਿ ਮੈਂ ਗੂੰਗੀ ਤੇ ਬਹਿਰੀ, ਪੈਂਡੂ ਤੇ ਸ਼ਹਿਰੀ,
ਸਰਕਾਰੀ ਸੜਕ ਹਾਂ, ਕਿਤੇ ਕੱਚੀ ਤੇ ਪੱਕੀ ਕੜਕ ਹਾਂ,

ਇੰਜ.ਕੁਲਦੀਪ ਸਿੰਘ ਰਾਮਨਗਰ
9417990040

ਆਮ ਆਦਮੀ ਕਲਿਨਿਕ ✍️ ਅਮਰਜੀਤ ਸਿੰਘ ਤੂਰ

ਪੰਜਾਬ ਸਰਕਾਰ ਖੋਲ ਰਹੀ200 ਕਲੀਨਿਕ,

ਸਿਹਤ ਕੇਂਦਰ ਆਧੁਨਿਕ ਸਾਜ਼ੋ-ਸਾਮਾਨ ਵਾਲੇ।

ਬਹੁਤ ਵਧੀਆ ਸਮੇਂ ਨਾਲ ਮੇਚ ਖਾਂਦੀ ਸੋਚ,   ਕੰਮ ਕਰਨ ਵਾਲੀ ਤਰਜ਼ ਦੀ ਸਰਕਾਰ ਵਾਲੇ

 

ਐਲੋਪੈਥੀ ,ਆਯੂਸ਼,ਐਕੂਪੈ੍ਸ਼ਰ ਵਿੰਗ ਵੀ ਹੋਣੇ ਚਾਹੀਦੇ,

ਤਾਂ ਕਿ ਪੇਂਡੂ ਲੋਕਾਂ ਨੂੰ ਵੀ ਮਿਲ ਸਕੇ ਕੇਂਦਰੀ ਰਜਿਸਟ੍ਰੇਸ਼ਨ।

ਕਿਤੋਂ ਵੀ ਆਪਣੀ ਮਨਪਸੰਦੀ ਦਾ ਇਲਾਜ ਕਰਵਾ ਸਕਣ,

ਸਾਰੇ ਕੇਂਦਰਾਂ ਤੇ ਪ੍ਰਾਪਤ ਹੋਵੇ ਇਲਾਜ ਦਾ ਰਿਕਾਰਡ ਤੇ ਸਮਾਧਾਨ।

 

ਮੁੱਢਲਾ ਆਧਾਰ ਤਿਆਰ ਕਰੋ ਬੀਮਾਰੀਆਂ ਦਾ,

 ਮੁੱਢਲੀਆਂ ਸਹੂਲਤਾਂ ਦੀ ਕਰੋ ਫਿਰ ਪੁਣਛਾਣ ।

ਹਰ ਇਕ ਦੀ ਪਹੁੰਚ ਅੰਦਰ ਹੋਵੇ ਹਰ ਤਰ੍ਹਾਂ ਦਾ ਇਲਾਜ,

ਮੁਫ਼ਤ ਦਵਾਈ ਮੁਫਤ ਇਲਾਜ ਨਾਲ ਹੋਣੀ ਪਛਾਣ

 

ਹਰ ਮਸਲੇ ਤੇ ਡਟ ਕੇ ਫ਼ੈਸਲੇ ਲੈਂਦੀ ਆਪ ਸਰਕਾਰ,

ਬਾਕੀ ਪਾਰਟੀਆਂ ਜੋ ਮਰਜੀ ਕਹੀਂ ਜਾਣ।

ਸਾਰੀਆਂ ਸਮੱਸਿਆਵਾਂ ਤੇ ਹੌਲ਼ੀ ਹੌਲ਼ੀ ਕਾਬੂ ਪਾਕੇ

ਪੰਜਾਬ ਨੇ ਪਾਉਣੇ ਮਾਨ-ਸਨਮਾਨ ।

 

ਅਮਰਜੀਤ ਸਿੰਘ ਤੂਰ

ਪਿੰਡ ਕੁਲਬੁਰਛਾਂ ਜ਼ਿਲਾ ਪਟਿਆਲਾ

ਫੋਨ ਨੰਬਰ  :  9878469639

"ਕਵਿਤਾ "  ✍️ ਕੁਲਦੀਪ ਸਿੰਘ ਰਾਮਨਗਰ

ਕਾਹਨੂੰ ਸੱਜਣਾ ਖੇਖਣ ਕਰਦਾ,
ਮਿੱਟੀ ਦਾ ਸੀ, ਮਿੱਟੀ ਹੋਇਆ,
ਹੁਣ ਮੈਂ ਯਾਰਾਂ ਫੌਤ ਜੋ ਹੋਇਆ,
ਉੱਚੀ ਉੱਚੀ ਕਿਓਂ ਕੁਰਲਾਵੇ,
ਫੜ ਫੜ ਮੋਢਾ ਪਿਆ ਜਗਾਵੇ,
ਮਲ ਮਲ ਸਾਬਣ ਨਾਲ ਨੁਹਾਉਕੇ ,
ਸੁਹਣੇ ਸੁਹਣੇ ਵਸਤਰ ਪਾਕੇ
ਫਿਰ ਵੀ ਠਸ ਤੋਂ ਮਸ ਨਾ ਹੋਇਆ ,
ਕਾਹਨੂੰ ਸੱਜਣਾ ਖੇਖਣ ਕਰਦਾ,
ਮਿੱਟੀ ਦਾ ਸੀ, ਮਿੱਟੀ ਹੋਇਆ,
ਮੋਢੇ ਚੱਕ ਲੈ ਤੁਰਿਆ ਜਾਂਦਾ,
ਲਾਕੇ ਤੀਲੀ ਮੁੜਿਆ ਆਉਂਦਾ,
ਮਿਲਣਾ ਕਿਥੇ ਰੂਹਾਂ ਬਣਕੇ,
ਉਡ ਗਿਆ ਬੇਲੀ ਧੂਆਂ ਬਣਕੇ ,
ਜ਼ੋਰ ਲਾਇਆ ਤੈਥੋਂ ਮੋੜ ਨਾ ਹੋਇਆ,
ਕਾਹਨੂੰ ਸੱਜਣਾ ਖੇਖਣ ਕਰਦਾ,
ਮਿੱਟੀ ਦਾ ਸੀ, ਮਿੱਟੀ ਹੋਇਆ,
ਹੁਣ ਮੈਂ ਯਾਰਾਂ ਫੌਤ ਜੋ ਹੋਇਆ,
ਮਿੱਟੀ ਕਿਥੇ ਧਰ ਆਇਆ, 
ਪਾਣੀ ਗੰਧਲਾ ਕਰ ਆਇਆ,
ਮੜੀ ਤੇ ਦੀਵਾ ਬਲਦਾਂ ਦਿਸਦਾ
ਤੂੰ ਨੀ ਸੱਜਣਾ ਟਲਦਾ ਦਿਸਦਾ,
ਹੁਣ ਵੀ ਰਹਿੰਦਾ ਔਸੀਆਂ ਪਾਉਂਦਾ,
ਕਿਹਨੂੰ ਸੱਜਣਾ ਖੀਰ ਖੁਆਉਂਦਾ,
ਹਜ਼ਮ ਨਾ ਆਈ ਖੰਡ ਕਾਜ਼ੀ ਨੂੰ,
ਛੱਡ ਯਾਰਾਂ ਪਖੰਡ ਬਾਜ਼ੀ ਨੂੰ,
ਤੁਰ ਗਿਆ ਤੋਂ ਮੁੜ ਨਹੀਂ ਹੋਇਆ,
ਕਾਹਨੂੰ ਸੱਜਣਾ ਖੇਖਣ ਕਰਦਾ,
ਮਿੱਟੀ ਦਾ ਸੀ, ਮਿੱਟੀ ਹੋਇਆ,
ਹੁਣ ਮੈਂ ਯਾਰਾਂ ਫੌਤ ਜੋ ਹੋਇਆ,

ਕੁਲਦੀਪ ਸਿੰਘ ਰਾਮਨਗਰ
9417990040

ਗੀਤ-- ਮਸ਼ਾਲਾਂ ✍️ ਬਲਜਿੰਦਰ ਸਿੰਘ " ਬਾਲੀ ਰੇਤਗੜ"

ਜੋ ਤੁਰ ਗਏ ਬਾਲ ਮਸ਼ਾਲਾਂ ਹਨੇਰਿਆਂ 'ਚ ਬਲਾ ਕੇ ਰੱਖਿਓ

ਸੌਂ ਮਰ ਜਾਣ ਕਿਤੇ ਨਾ ਲੋਕੀਂ, ਨੀ ਕਲਮੋਂ ਜਗਾ ਕੇ ਰੱਖਿਓ

ਜੋ ਤੁਰ ਗਏ ਬਾਲ ਮਸ਼ਾਲਾਂ........ .............

ਸਾੜੇ ਕਾਮੇ ਨੰਗੇ ਦੇਹ ਦੇ,     ਹਨ ਆਸਾਂ ਮਰੀਆਂ ਵਾਲੇ

ਖ਼ਾਮੋਸ਼  ਜੁਗਾਂ ਤੋਂ ਭੁੱਖਣ-ਭਾਣੇ, ਪਰ ਸੋਚਾਂ ਠਰੀਆਂ ਵਾਲੇ  

ਕੱਚੇ ਕੋਠੇ ਕੜੀਆਂ ਵਾਲੇ,  ਢਾਰੇ ਰੁਸ਼ਨਾ ਕੇ ਰੱਖਿਓ    

ਜੋ ਤੁਰ ਗਏ ਬਾਲ ਮਸ਼ਾਲਾਂ  ............

ਕਲਮਾਂ ਉਪਰ ਹੱਕ ਜਮਾ ਕੇ, ਕੁੱਝ ਬੈਠ ਗਏ ਚਮਗਿੱਦੜ

ਰੋਸ ਹਕੂਮਤ ਅੱਗੇ ਕਰਦੇ,   ਹਨ  ਕਦ ਭੇਡਾਂ ਦੇ ਇੱਜੜ

ਸ਼ੇਰ ਦਹਾੜਾਂ ਮਾਰਨ ਅਣਖੀ, ਅਣਖਾਂ ਸੁਲਗਾ ਕੇ ਰੱਖਿਓ

ਜੋ ਤੁਰ ਗਏ ਬਾਲ ਮਸ਼ਾਲਾਂ, ..........

ਵਿਕ ਜਾਂਦੇ ਸਨਮਾਨਾਂ ਬਦਲੇ, ਵਿਦਵਾਨ ਕਹਾ ਕੇ ਢੋਂਗੀ

ਮਾਂ-ਬੋਲੀ ਦੀ ਤਹਿਮਤ ਉੱਪਰ,  ਇਹ ਸੇਜ ਹੰਡਾਵਣ ਯੋਗੀ

ਕਿੱਸੇ ਸੂਰਿਆਂ ਦੇ ਵੀਰ ਰਸੀ , ਵਾਰਾਂ ਜਸ ਗਾ ਗਾ ਰੱਖਿਓ

ਜੋ ਤੁਰ ਗਏ ਬਾਲ ਮਸ਼ਾਲਾਂ  ................

ਇਤਿਹਾਸ ਸੁਨਿਹਰਾ ਸੁਲਗ਼ ਨਾ ਜਾਵੇ, ਅੱਖਰ ਅੱਖਰ ਸਾਭੋਂ

ਮੇਟ ਰਹੇ ਨੇ ਦੁਸ਼ਮਣ ਪੈੜਾਂ , ਦੁੱਲਿਓ ਆਬ ਆਪਣੇ ਸਾਂਭੋ

ਪੰਨੇ ਤਖ਼ਤ-ਏ ਤਾਊਸ ਦੇ,  ਪੁੱਤ-ਪੋਤਿਆਂ ਨੂੰ ਪੜਾ ਰੱਖਿਓ

ਜੋ ਤੁਰ ਗਏ ਬਾਲ-ਮਸ਼ਾਲਾਂ-----------

ਪੰਜਾਬ ਗੁਰਾਂ ਦਾ ਜੁਗ -ਜੁਗ ਵਸੇ, ਬਸ "ਰੇਤਗੜ" ਕਰੇ ਦੁਆਵਾਂ

ਨਸਲਕੁਸ਼ੀ ਤੇ ਨਸ਼ਿਆਂ ਤੋਂ ਹੁਣ, ਜੂਹਾਂ ਬਚ ਜਾਣ ਪਿੰਡ ਥਾਵਾਂ

"ਬਾਲੀ" ਰੋਹ ਦੇ ਬਾਣ ਰਗਾਂ 'ਚ,ਬਾਜ਼ ਜਿਹੀ ਨਿਗਾਹ ਰੱਖਿਓ

ਜੋ ਤੁਰ ਗਏ ਬਾਲ ਮਸ਼ਾਲਾਂ, ਹਨੇਰਿਆਂ 'ਚ ਜਗਾ ਰੱਖਿਓ

 

 ਬਾਲੀ ਰੇਤਗੜ +919465129168

ਵਾਹਣੀ ਪਾਏ ਅਫਸਰ ✍️ ਅਮਰਜੀਤ ਸਿੰਘ ਤੂਰ

ਕਰਕੇ ਮੁੱਛਾਂ ਕੁੰਢੀਆਂ ਅਫਸਰ ਪੰਜਾਬ ਦੇ,

ਕਲਮ-ਛੋੜ ਹੜਤਾਲ ਤੇ ਕੰਮ ਠੱਪ ਕੀਤੇ ਸਰਕਾਰ ਦੇ।

ਰਿਪੋਰਟ ਮਿਲਣ ਤੇ ਦਬਕਾ ਮਾਰਿਆ ਭਗਵੰਤ ਮਾਨ  ਨੇ,

ਵਾਹਣੀਂ ਪਾ ਦਿੱਤੇ ਅਫਸਰ ਸਿਰਕੱਢ ਪੱਤਰਕਾਰ ਨੇ ।

 

ਕੁਝ ਅਫਸਰਾਂ ਸਕੀਮ ਬਣਾਈ ਹੜਤਾਲ ਦੀ,

ਬਾਕੀ ਦਿਆਂ ਯੁਗਤ  ਲਾਈ ਵਗਦੀ ਗੰਗਾ ਚ ਨਹਾ ਲਈਏ ਇਕ ਵਾਰੀ ਤਾਂ ਇਨਕਲਾਬ ਜ਼ਿੰਦਾਬਾਦ ਹੋਗੀ,

ਝੱਗ ਵਾਂਗੂੰ ਬਹਿ ਗਈ ਜੁੰਡਲੀ,ਕਿਤੇ ਦਾਲ-ਫੁਲਕਾ ਨਾ ਗੰਵਾ ਬਹੀਏ ।

 

ਹੌਲੀ ਹੌਲੀ ਭੇਤ ਖੁਲ੍ਹ ਜਾਊ, ਕਾਲੀ ਭੇਡ ਦਾ,

ਕੌਣ ਹੈ ਖੇਤ ਨੂੰ ਅੱਗ ਲਾਉਣ ਵਾਲਾ ।

ਆਪਣੀਆਂ ਕੀਤੀਆਂ ਦੀਆਂ ਭੁਗਤ ਰਿਹਾ ,

ਹੁਣ ਕੋਈ ਨਾ ਰਿਹਾ ਉਹਦੇ ਨਾਲ ਹੱਥ ਮਿਲਾਉਣ ਵਾਲਾ।

 

ਗ਼ਲਤ ਸੋਚਵਾਲੇ ਮਾੜੇ ਹਾਲਾਤ ਦਾ ਸ਼ੋਸ਼ਾ ਛੱਡ ਕੇ 

ਦੁਨੀਆਂ ਸਾਹਮਣੇ ਪੰਜਾਬ ਦੀ ਮਿੱਟੀ ਪੱਟ ਰਹੇ।

ਉਹਨਾਂ ਆਪੇ ਹੀ ਇਸ ਥੱਲੇ ਦੱਬ ਜਾਣਾ ,

ਚਾਹੁਣ ਜਿਹੜੇ ਚੰਗੇ ਭਲੇ ਬੰਦੇ ਦੀ ਪੱਤ ਨਾ ਰਹੇ।

 

ਅਮਰਜੀਤ ਸਿੰਘ ਤੂਰ

ਪਿੰਡ ਕੁਲਬੁਰਛਾਂ ਜ਼ਿਲਾ ਪਟਿਆਲਾ

ਫੋਨ ਨੰਬਰ  :  9878469639

ਗ਼ਜ਼ਲ ✍️ ਮਹਿੰਦਰ ਸਿੰਘ ਮਾਨ

ਜੇ ਉਸ ਨੂੰ ਬੋਲਣ ਦਾ ਜ਼ਰਾ ਵੀ ਹੁੰਦਾ ਚੱਜ,

ਘਰ ਤੋਂ ਬਾਹਰ ਨਾ ਉਹ ਫਿਰਦਾ ਹੁੰਦਾ ਅੱਜ।

ਉਹ ਬੱਚਾ ਕਦੇ ਅੱਗੇ ਨ੍ਹੀ ਵਧ ਸਕਦਾ ਯਾਰੋ,

ਜੋ ਮਾਂ-ਪਿਉ ਤੋਂ ਆਪਣੇ ਔਗੁਣ ਲੈਂਦਾ ਕੱਜ।

ਉਹ ਸਮਾਂ ਆਣ 'ਚ ਹਾਲੇ ਸਮਾਂ ਲੱਗੇਗਾ ਯਾਰੋ,

ਜਦ ਆਜ਼ਾਦ ਹੋ ਕੇ ਫੈਸਲੇ ਕਰ ਸਕਣਗੇ ਜੱਜ।

ਵੋਟਾਂ ਪੈਣ ਤੋਂ ਪਹਿਲਾਂ ਜੋ ਕੀਤੇ ਸਨ ਵਾਅਦੇ,

ਉਹਨਾਂ ਨੂੰ ਭੁਲਣ ਲਈ ਨੇਤਾ ਲਾਣਗੇ ਪੱਜ।

ਜਿਸ ਕੋਲ ਹੈ ਨ੍ਹੀ ਕੁੱਝ ਵੀ,ਉਹ ਤਾਂ ਰੋਵੇਗਾ ਹੀ,

ਜਿਸ ਕੋਲ ਹੈ ਸਭ ਕੁੱਝ ਹੀ, ਉਹ ਵੀ ਰੋਵੇ ਅੱਜ।

ਇਹ ਕੇਵਲ ਸਾਡੇ ਦੇਸ਼ ਦੇ ਵਿੱਚ ਹੀ ਸੰਭਵ ਹੈ,

ਲੈ ਬੈਂਕਾਂ ਤੋਂ ਕਰਜ਼ੇ, ਲੋਕੀਂ ਜਾਂਦੇ ਭੱਜ ।

ਮਹਿੰਦਰ ਸਿੰਘ ਮਾਨ

ਸਲੋਹ ਰੋਡ

ਸਾਮ੍ਹਣੇ ਅੰਗਦ ਸਿੰਘ ਐਕਸ ਐੱਮ ਐੱਲ ਏ ਰਿਹਾਇਸ਼

ਨਵਾਂ ਸ਼ਹਿਰ-9915803554

ਭਾਰਤ ਜੋੜੋ ਯਾਤਰਾ ( ਵਿਅੰਗ) ✍️ ਅਮਰਜੀਤ ਸਿੰਘ ਤੂਰ

ਜਦੋਂ ਵੀ ਕੋਈ ਤਰੱਕੀ ਦੀ ਗੱਲ ਹੁੰਦੀ ,

ਵਿਰੋਧੀ  ਧਿਰ  ਕਦੀ  ਤੋੜਨ ,

ਤੇ ਕਦੀ ਜੋੜਨ ਦੀ ਗੱਲ ਕਰਦੀ।

ਦੇਸ਼ ਨੇ ਜੇ ਹੁਣ ਵਿਕਾਸ ਦੀ ਰਫਤਾਰ ਹੈ ਫੜੀ ,

ਤੁਹਾਨੂੰ ਫੁੱਟੀ ਅੱਖ  ਨ੍ਹੀਂ ਭਾਉਂਦੀ ।

 

ਰਾਹੁਲ  ਗਾਂਧੀ ਜੀ ਚੜ੍ਹੇ ਘੋੜੀ ,

ਸੱਜ ਧੱਜ ਕੇ ਸਰਵਾਲਾ ਬਣਕੇ ।

ਪਰ ਮੋਦੀ ਜੀ ਨੂੰ ਇਹ ਗੱਲ ਚੰਗੀ ਨ੍ਹੀਂ ਲੱਗੀ,

ਮੇਰੀ ਰੀਸ ਕਿਉਂ ਕਰੇ ਹਵਾਲਾ ਬਣ ਕੇ ।

ਮੈਂ ਤਾਂ ਸਾਰਿਆਂ ਦੀ ਮੰਜੀ ਠੋਕ ਦਿਉਂ,

ਭਾਵੇਂ ਮੈਂ ਸ਼ੁਰੂਆਤ ਕੀਤੀ ਚਾਹਵਾਲਾ ਬਣਕੇ ।

 

ਤੁਸੀਂ ਨ੍ਹੀਂ ਬੋਲਦੇ  ਮੋਦੀ ਸਾਹਬ,

ਤੁਹਾਡੇ  ਚ  ਠਾਣੇਦਾਰ  ਬੋਲਦਾ ।

ਭਗਵੰਤ ਮਾਨ ਵਿਚਾਰਾ ਮੱਸੋਸਿਆ ਬੈਠਾ ,

ਕੇਜਰੀਵਾਲ ਕੋਲ ਆਪਣੇ ਦੁੱਖ ਫੋਲਦਾ।

ਮੇਰੇ ਨਾਲ ਜੱਗੋਂ ਤੇਹਰਵੀਂ ਹੋਈ ਜਾਵੇ ,

ਹਾਈ ਕੋਰਟ ਹੁਕਮ ਕੀਤਾ, ਟੋਲ ਖੋਲਦਾ ।

ਰਾਹੁਲ ਦਾਹੜੀ ਵਧਾ ਕੇ ਪੱਗ ਬੰਨ ਲਈ ,ਕਹਿੰਦਾ ਜੁੜ ਗਿਆ ਉੱਤਰੀ ਭਾਰਤ ਮੇਰੇ ਹੱਕ ਚ ਬੋਲਦਾ ।

 

ਮੋਦੀ ਸਾਹਿਬ ਫੂਕ ਛੱਕ ਗਏ ,

ਕਹਿੰਦੇ ਸਾਰੀ ਯੂਐਨਓ ਮੇਰੀ ।

ਪੂਤਿਨ  ਮੇਰਾ, ਅਰਦੋਗਨ ਮੇਰਾ ,

ਬਾਕੀ  ਦੁਨੀਆਂ  ਬਥੇਰੀ ।

ਵਾਨਰ ਸੈਨਾ ਵਾਂਗਰ ਪੂੰਛ ਨੂੰ,

ਅੱਗ ਲਾ ਕੇ ਢੰਡੋਰਾ ਪਿੱਟਣਾ ,

ਕਿਥੋਂ ਦੀ ਤਹਿਜ਼ੀਬ ਹੈ ਚੰਗੇਰੀ ।

ਵਿਰੋਧੀਆਂ ਦਾ ਨਸ਼ਾ ਉਤਾਰਕੇ ,

ਬੀਜੇਪੀ ਬਣੂੰਗੀ ਤਾਜ਼ੀ ਲਵੇਰੀ ।

 

ਅਮਰਜੀਤ ਸਿੰਘ ਤੂਰ

ਪਿੰਡ ਕੁਲਬੁਰਛਾਂ ਜ਼ਿਲਾ ਪਟਿਆਲਾ

ਫੋਨ ਨੰਬਰ  :  987846963

ਮੀਥਾਨੋਲ ਜ਼ੀਰਾ ਫੈਕਟਰੀ ਬੰਦ ✍️ ਅਮਰਜੀਤ ਸਿੰਘ ਤੂਰ

ਮੀਥਾਨੋਲ ਜ਼ੀਰਾ ਫੈਕਟਰੀ ਬੰਦ

ਪੰਜ ਮਹੀਨੇ ਤੋਂ ਚੱਲ ਰਹੀ ਲੰਬੀ ਹੜਤਾਲ ,

ਮੁੱਖ ਮੰਤਰੀ ਮਾਨ ਸਾਹਿਬ ਫੈਕਟਰੀ ਕੀਤੀ ਬੰਦ।

ਲੋਕ ਰਾਇ ਦੀ ਕਦਰ ਕਰਦਿਆਂ ਪੂਰੀ ਹੋਊ ਪੜਤਾਲ ,

ਜ਼ਮੀਨਦੋਜ਼ ਪ੍ਰਦੂਸ਼ਣ ਤੇ ਲਗਣਗੇ ਪ੍ਰਤਿਬੰਧ।

 

ਅਕਾਲੀ ਦਲ ਦੇ ਐਮਐਲਏ ਦੀ ਮਾਲਕੀ ਵਾਲੀ,

ਮਾਲਬਰੋਜ ਫੈਕਟਰੀ ਚ ਬਣਦੀ ਸੀ ਸ਼ਰਾਬ।

ਕਾਫੀ ਦੇਰ ਤੋਂ ਸਿਕਾਇਤਾਂ ਮਿਲ ਰਹੀਆਂ ਸਨ,

ਪੀਣ ਵਾਲੇ ਪਾਣੀ ਦੀ ਗੁਣਵੱਤਾ ਹੋ ਰਹੀ ਸੀ ਖਰਾਬ।

 

ਫਿਰੋਜ਼ਪੁਰ ਜ਼ਿਲ੍ਹੇ ਦਾ ਉਭਰ ਰਿਹਾ ਉਦਯੋਗ,

ਖੇਤੀ ਉਤਪਾਦਾਂ ਤੇ ਆਧਾਰਿਤ,ਤਹਿਸੀਲ ਜ਼ੀਰਾ।

ਸਬਜ਼ੀਆਂ ਦੀ ਪ੍ਰੋਸੈਸਿੰਗ ਤੇ ਫੁੱਲਾਂ ਦੀ ਕਾਸ਼ਤ ਦਾ,

ਮਾਰਚ1988ਤੋਂ ਕਰ ਰਿਹਾ ਸੀ ਵੱਡਾ ਜ਼ਖ਼ੀਰਾ।

 

ਉਦਯੋਗ ਦਾ ਆਕਰਸ਼ਣ ਬਣ ਰਿਹਾ ਸੀ ਜ਼ੀਰੇ ਦਾ ਪਿੰਡ ਮਨਸੂਰਵਾਲ,

ਹਵਾ ਤੇ ਜ਼ਮੀਨਦੋਜ਼ ਪ੍ਰਦੂਸ਼ਣ ਦਾ ਪਤਾ ਉਦੋਂ ਲੱਗਾ

ਜਦੋਂ ਦਿਸੰਬਰ 22 ਵਿੱਚ ਦੋ ਬੰਦੇ ਮਰ ਗਏ ਵਿੱਚ ਮਹੀਆਂਵਾਲ ,

ਗੁਰੂਦਵਾਰੇ ਦੇ ਡੰਪ ਲਈ637ਫੁਟ ਡੂੰਘਾ ਬੋਰ ਵੈਲ ਲੱਗਾ।

 

ਪੰਜਾਬ ਸਰਕਾਰ ਨੂੰ ਵੀ ਝਟਕਾ ਉਦੋਂ ਲੱਗਾ,

ਜਦੋਂ ਹਾਈਕੋਰਟ ਕੀਤਾ 20 ਕ੍ਰੋੜ ਰੁਪਏ ਦਾ ਜੁਰਮਾਨਾ।

ਸਾਂਝਾ ਕਿਸਾਨ ਮੋਰਚੇ ਨੇ ਵੀ ਨਾਸੀਂ ਧੂੰਆਂ ਲਿਆ ਦਿੱਤਾ,

ਆਮ ਆਦਮੀ ਪਾਰਟੀ ਦੇ ਲਈ ਬਣਿਆ ਅਫਸਾਨਾ।

 

ਅਮਰਜੀਤ ਸਿੰਘ ਤੂਰ -ਪਿੰਡ ਕੁਲਬੁਰਛਾਂ ਜ਼ਿਲਾ ਪਟਿਆਲਾ -ਫੋਨ ਨੰਬਰ  : 9878469639

ਇੱਕ ਗੱਲ ਆਖਾਂ ✍️ ਮਨਜੀਤ ਕੌਰ ਧੀਮਾਨ

ਇੱਕ ਗੱਲ ਆਖਾਂ ਸੱਜਣਾਂ

ਲੜਿਆ ਨਾ ਕਰ।

ਹੋਰਾਂ ਵਾਲ਼ੇ ਪਾਸੇ ਜਾ ਕੇ,

ਖੜਿਆ ਨਾ ਕਰ।

ਸਾਨੂੰ ਚਾਨਣੀ ਦਾ ਪਾ ਭੁਲੇਖਾ,

ਨੇਰ੍ਹ ਘੜਿਆ ਨਾ ਕਰ।

ਗੈਰਾਂ ਦੇ ਕੋਠੇ ਤੇ ਚੰਨ ਬਣ,

ਚੜ੍ਹਿਆ ਨਾ ਕਰ।

ਬਿਨਾਂ ਸਿਰ ਪੈਰ ਦੀ ਗੱਲ ਤੇ,

ਅੜਿਆ ਨਾ ਕਰ।

ਬੂਹਾ ਭੇੜ ਕੇ ਅੰਦਰ ਵੀ,

ਵੜਿਆ ਨਾ ਕਰ।

ਸੂਰਜ ਦੇ ਸੇਕ ਨੂੰ ਮਾਣ ਲੈ,

ਪਰ ਸੜਿਆ ਨਾ ਕਰ।

ਆਪਣੀ ਕਰਨੀ ਦਾ ਇਲਜ਼ਾਮ,

ਸਾਡੇ 'ਤੇ ਮੜਿਆ ਨਾ ਕਰ।

ਬੈਠ ਕੇ ਕਿਤਾਬ ਵਾਂਗਰਾਂ,

ਚਿਹਰੇ ਪੜ੍ਹਿਆ ਨਾ ਕਰ।

ਉੱਡਦੇ ਪੰਤਗਿਆਂ ਨੂੰ 'ਮਨਜੀਤ',

ਫ਼ੜਿਆ ਨਾ ਕਰ।

ਐਵੇਂ ਫ਼ੜਿਆ ਨਾ ਕਰ।

 

ਮਨਜੀਤ ਕੌਰ ਧੀਮਾਨ,

ਸਪਰਿੰਗ ਡੇਲ ਪਬਲਿਕ ਸਕੂਲ,