ਕਵਿਤਾ "ਸੜਕਨਾਮਾ" ✍️ ਕੁਲਦੀਪ ਸਿੰਘ ਰਾਮਨਗਰ

ਮੈਂ ਗੂੰਗੀ ਤੇ ਬਹਿਰੀ, ਪੈਂਡੂ ਤੇ ਸ਼ਹਿਰੀ,
ਸਰਕਾਰੀ ਸੜਕ ਹਾਂ, ਕਿਤੇ ਕੱਚੀ ਤੇ ਪੱਕੀ ਕੜਕ ਹਾਂ,
ਖੁਸ਼ ਹੁੰਦੀ ਹਾਂ ਕਿਸੇ ਨੂੰ ਮੰਜ਼ਿਲ ਤੱਕ
ਛੱਡਣ ਅਤੇ ਕਿਸੇ ਨੂੰ ਘਰ ਤੱਕ,
ਚੰਗਾ ਲਗਦਾ ਆਪਣੇ ਸੀਨੇ ਤੇ ਲੋਕਾਂ ਦਾ ਦੌੜਨਾ, 
ਜਦੋਂ ਲਾਲ ਰੰਗ ਦੇ ਲਹੁ ਦੇ ਛਿਟੇ 
ਛਿੜਕ ਜਾਂਦਾ ਹੈ ਮੇਰੇ ਤਨ ਤੇ,
ਮੈ ਉਦਾਸ ਹੋ ਜਾਂਦੀ ਹਾਂ, ਚੀਕ ਨਹੀਂ ਸਕਦੀ,
ਕਿਉਂ ਕਿ ਮੈਂ ਗੂੰਗੀ ਤੇ ਬਹਿਰੀ, ਪੈਂਡੂ ਤੇ ਸ਼ਹਿਰੀ,
ਸਰਕਾਰੀ ਸੜਕ ਹਾਂ, ਕਿਤੇ ਕੱਚੀ ਤੇ ਪੱਕੀ ਕੜਕ ਹਾਂ, ਉਦਾਸ ਜਿਹੀ ਹੋ ਜਾਂਦੀ ਹਾਂ ਜਦੋਂ
ਰੋਕ ਦਿੱਤੀ ਜਾਂਦੀ ਹੈ ਮੇਰੇ ਸੀਨੇ ਤੇ
ਚੱਲਣ ਵਾਲੀ ਲੋਕਾਂ ਦੀ ਰਫ਼ਤਾਰ,
ਮੈਂ ਤੜਫ ਉਠਦੀ ਹਾਂ ਲੋਕਾਂ ਨੂੰ ਅਣਦੇਖੇ ਰਾਹਾਂ ਚ ਭੜਕਦਾ ਦੇਖ ਪਰ ਬੋਲ ਨਹੀਂ ਸਕਦੀ ,
ਕਿਉਂ ਕਿ ਮੈਂ ਗੂੰਗੀ ਤੇ ਬਹਿਰੀ, ਪੈਂਡੂ ਤੇ ਸ਼ਹਿਰੀ,
 ਸਰਕਾਰੀ ਸੜਕ ਹਾਂ, ਕਿਤੇ ਕੱਚੀ ਤੇ ਪੱਕੀ ਕੜਕ ਹਾਂ,
ਮੈਂ ਸੁਣ ਨਹੀ ਸਕਦੀ ਉਹ ਚੀਕਾਂ,
ਜੋਂ ਸ਼ਾਇਦ ਰਾਤ ਦੇ ਹਨੇਰੇ ਚ ਮੇਰੇ ਸੀਨੇ
ਤੇ ਖੜੇ ਕਿਸੇ ਵਾਹਨ ਦੀ ਵਜ੍ਹਾ ਸੀ।
ਪਰ ਮੈਂ ਕਿੰਝ ਸਮਝਾਉਂਦੀ ,
ਕਿਉਂ ਕਿ ਮੈਂ ਗੂੰਗੀ ਤੇ ਬਹਿਰੀ, ਪੈਂਡੂ ਤੇ ਸ਼ਹਿਰੀ, ਸਰਕਾਰੀ ਸੜਕ ਹਾਂ, ਕਿਤੇ ਕੱਚੀ ਤੇ ਪੱਕੀ ਕੜਕ ਹਾਂ,
ਖੁਸ਼ ਹੁੰਦੀ ਹਾਂ ਜਦੋਂ ਕੋਈ ਭੱਦਰ ਪੁਰਸ਼,
ਸਾਫ਼ ਕਰ ਜਾਂਦਾ ਹੈ ਮੇਰੇ ਲੀੜੇ,
ਫਿਰ ਉਦਾਸ ਹੋ ਜਾਂਦੀ ਹੈ ਜਦੋਂ ਕੋਈ
ਰੂੜੀ ਸਮਝਕੇ ਖਰਾਬ ਕਰ ਜਾਂਦਾ,
 ਪਰ ਮੈਂ ਬੋਲ ਨਹੀਂ ਸਕਦੀ
ਕਿਉਂ ਕਿ ਮੈਂ ਗੂੰਗੀ ਤੇ ਬਹਿਰੀ, ਪੈਂਡੂ ਤੇ ਸ਼ਹਿਰੀ,
ਸਰਕਾਰੀ ਸੜਕ ਹਾਂ, ਕਿਤੇ ਕੱਚੀ ਤੇ ਪੱਕੀ ਕੜਕ ਹਾਂ,
ਕਦੇ ਕਦੇ ਮੈਨੂੰ ਸਵਾਰ ਜਾਂਦੇ,
ਭ੍ਰਿਸ਼ਟਾਚਾਰ ਦੇ ਠੇਕੇਦਾਰ, ਲੁਕ ਨਹੀਂ
ਥੁਕ ਜਿਹਾ ਲਾਕੇ, ਮੈਂ ਫਿਰ ਚਲਦੀ ਰਹਿੰਦੀ ਹਾਂ
ਖਮੋਸ਼ ਜਿਹੀ ਰਹਿਕੇ,
ਕਿਉਂ ਕਿ ਮੈਂ ਗੂੰਗੀ ਤੇ ਬਹਿਰੀ, ਪੈਂਡੂ ਤੇ ਸ਼ਹਿਰੀ,
 ਸਰਕਾਰੀ ਸੜਕ ਹਾਂ, ਕਿਤੇ ਕੱਚੀ ਤੇ ਪੱਕੀ ਕੜਕ ਹਾਂ,
ਮੇਰੇ ਸੀਨੇ ਤੇ ਚੱਲ ਕੇ ਅਤੇ ਸਿਆਸਤ ਕਰਕੇ,
ਬਣੇ ਮੰਤਰੀ ਅਤੇ ਸੰਤਰੀਆਂ ਦੇ ਲੰਘਣ ਲਈ,
ਖਮੋਸ਼ ਕਰ ਦਿੱਤਾ ਜਾਂਦਾ ਕਈ ਵਾਰ,
ਡਰ ਜਾਂਦੀ ਹਾਂ ਹੂਟਰ ਦੀ ਅਵਾਜ਼ ਸੁਣਕੇ,
ਪਰ ਬੋਲ ਨਹੀਂ ਸਕਦੀ ,
ਕਿਉਂ ਕਿ ਮੈਂ ਗੂੰਗੀ ਤੇ ਬਹਿਰੀ, ਪੈਂਡੂ ਤੇ ਸ਼ਹਿਰੀ,
ਸਰਕਾਰੀ ਸੜਕ ਹਾਂ, ਕਿਤੇ ਕੱਚੀ ਤੇ ਪੱਕੀ ਕੜਕ ਹਾਂ,

ਇੰਜ.ਕੁਲਦੀਪ ਸਿੰਘ ਰਾਮਨਗਰ
9417990040