ਦਿਲ ਦੁੱਖ ਜਾਂਦਾ ਏ

ਕਦੇ ਕਦੇ ਦਿਲ ਦੁੱਖ ਜਾਂਦਾ ਏ,

ਨੀਰ ਨੈਣਾਂ ਚੋਂ ਸੁੱਕ ਜਾਂਦਾ ਏ।

ਆਸਾਂ ਵਾਲ਼ਾ ਪਾਇਆ ਜਿਹੜਾ,                               

ਤੇਲ ਦੀਵੇ ਚੋਂ ਮੁੱਕ ਜਾਂਦਾ ਏ।

ਕਦੇ ਕਦੇ....

ਮਨ ਚੰਦਰਾ ਇਹ ਪਾਣੀ ਭਰਦਾ,

ਐਵੇਂ ਕਿਸੇ ਦੇ ਪਿੱਛੇ ਹਰਦਾ।

ਵੰਡ ਕੇ ਸੱਭ ਨੂੰ ਖ਼ੁਸ਼ੀਆਂ ਖੇੜੇ,

ਦੁੱਖੜੇ ਸਾਰੇ ਆਪ ਤੇ ਜ਼ਰਦਾ।

ਮਾਰ ਦਵੇ ਭਾਵੇਂ ਮੁੱਕੀਆ ਕੋਈ,

ਐਨਾ ਵੀ ਕਿਉਂ ਝੁੱਕ ਜਾਂਦਾ ਏ।

ਕਦੇ ਕਦੇ....

ਤਨ ਤਾਂ ਜਖ਼ਮ ਸਹਿ ਜਾਂਦਾ ਹੈ,

ਮਨ ਤੇ ਦਾਗ਼ ਰਹਿ ਜਾਂਦਾ ਹੈ।

ਮੰਜਿਲ ਦਾ ਜੋ ਰਾਹ ਭੁੱਲ ਜਾਵੇ,

ਲੀਹੋਂ ਹੀ ਉਹ ਲਹਿ ਜਾਂਦਾ ਹੈ।

ਕਿਸਮਤ ਦੀ ਹੈ ਖੇਡ ਅਨੋਖੀ,

ਸਹੀ ਨਿਸ਼ਾਨਾ ਵੀ ਉਕ ਜਾਂਦਾ ਏ।

ਕਦੇ ਕਦੇ.....

ਰੋਂਦੇ ਰੋਂਦੇ ਨੂੰ ਸੀ ਵਰ੍ਹਾਇਆ ,

ਮੈਨੂੰ ਮੇਰੀ ਮਾਂ ਨੇ ਹਸਾਇਆ।

ਮਨਾਂ ਨੂੰ ਜਿੱਤਣ ਹਾਸੇ ਪਿਆਰੇ,

ਮਨਜੀਤ ਸੀ ਨਾਮ ਰਖਾਇਆ।

ਐਡੀ ਸੋਹਣੀ ਮਾਂ ਦਾ ਚਿਹਰਾ,

ਖੌਰੇ ਕਿੱਥੇ ਲੁੱਕ ਜਾਂਦਾ ਏ।

ਕਦੇ ਕਦੇ ਦਿਲ.....

 

ਮਨਜੀਤ ਕੌਰ ਧੀਮਾਨ,

ਸਪਰਿੰਗ ਡੇਲ ਪਬਲਿਕ ਸਕੂਲ,  ਸ਼ੇਰਪੁਰ, ਲੁਧਿਆਣਾ,   ਸੰ:9464633059