ਕਾਲੇ ਕਾਨੂੰਨ ਰੱਦ ਹੋਣ ਦੇ ਮੋਦੀ ਦੇ ਐਲਾਨ ਤੋਂ ਬਾਅਦ ਪਿੰਡਾਂ ਤੇ ਸੰਘਰਸ਼ ਮੋਰਚਿਆਂ ਚ ਜਸ਼ਨ ਦਾ ਮਾਹੌਲ     

ਜਗਰਾਉਂ, 19 ਨਵੰਬਰ ( ਜਸਮੇਲ ਗ਼ਾਲਿਬ)  ਅੱਜ ਭਲਕੇ ਬਿਜਲਈ ਤੇ ਸੋਸ਼ਲ ਮੀਡੀਆ ਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਖੇਤੀ ਸਬੰਧੀ ਕਾਲੇ ਕਾਨੂੰਨ ਰੱਦ ਕਰਨ ਦੇ ਐਲਾਨ ਤੋਂ ਬਾਅਦ ਸਾਰੇ ਪਿੰਡਾਂ ਅਤੇ ਜਗਰਾਓਂ ਦੇ ਰੇਲ ਪਾਰਕ ਮੋਰਚੇ ਚ ਜਸ਼ਨ ਦਾ ਮਾਹੌਲ ਬਣਿਆ ਹੋਇਆ ਸੀ। ਸਮੂਹ ਸੰਘਰਸ਼ਸ਼ੀਲ ਕਿਸਾਨਾਂ ਮਜਦੂਰਾਂ ਨੇ ਪਿੰਡਾਂ ਅਤੇ ਸ਼ਹਿਰਾਂ ਚ ਇਕ ਦੂਜੇ ਨੂੰ ਗਲਵਕੜੀ ਚ ਲੈ ਕੇ ਵਧਾਈਆਂ ਦਿੱਤੀਆ, ਲੱਡੂ ਵੰਡ ਕੇ ਇਕ ਦੂਜੇ ਦਾ ਮੁੰਹ ਮਿੱਠਾ ਕਰਾਇਆ ਤੇ ਢੋਲ ਵਜਾ ਭੰਗੜੇ ਪਾਏ। ਸਥਾਨਕ ਰੇਲ ਪਾਰਕ ਚ 415 ਦਿਨ ਤੋਂ ਚਲ ਰਹੇ ਧਰਨੇ ਚ ਅੱਜ ਵੱਡੀ ਗਿਣਤੀ ਕਿਸਾਨ ਮਜਦੂਰ ਤੇ ਔਰਤਾਂ ਨੇ ਜਿੱਤ ਦੀ ਖੁਸ਼ੀ ਚ ਨਾਰੇ ਲਗਾਏ। ਸਥਾਨਕ ਹੈਲਪਿੰਗ ਹੈੱਡ ਨਾਂ ਦੀ ਸਿਰਮੌਰ ਸਮਾਜਸੇਵੀ ਸੰਸਥਾ ਨੇ ਅਪਣੇ ਆਗੂ ਉਮੇਸ਼ ਛਾਬੜਾ ਦੀ ਅਗਵਾਈ ਚ  ਕਿਸਾਨ ਮਜਦੂਰ ਆਗੂਆਂ ਨੂੰ ਸਿਰੋਪੇ ਭੇਂਟ ਕਰਕੇ ਹਾਜਰ ਧਰਨਾਕਾਰੀਆਂ ਨੂੰ ਲੱਡੂ ਵੰਡ ਕੇ ਇਤਿਹਾਸਕ ਜਿੱਤ ਤੇ ਮੁਬਾਰਕਬਾਦ ਦਿੱਤੀ। ਇਸ ਸਮੇਂ ਬੋਲਦਿਆਂ ਕਿਸਾਨ ਆਗੂਆਂ ਜਿਲਾ ਪ੍ਰਧਾਨ ਮਹਿੰਦਰ ਸਿੰਘ ਕਮਾਲਪੁਰਾ, ਜਿਲਾ ਸਕਤਰ ਇੰਦਰਜੀਤ ਸਿੰਘ,  ਪ੍ਰੈੱਸ ਸਕੱਤਰ ਗੁਰਪ੍ਰੀਤ ਸਿੰਘ ਸਿੱਧਵਾਂ , ਬਲਾਕ ਪ੍ਰਧਾਨ ਜਗਤਾਰ ਸਿੰਘ ਦੇਹੜਕਾ, ਰੇਲਵੇਮੈਨਜ ਆਗੂ ਕੁਲਵਿੰਦਰ ਸਿੰਘ ਗਰੇਵਾਲ,ਗੁਰਮੇਲ ਸਿੰਘ ਭਰੋਵਾਲ, ਹਰਬੰਸ ਸਿੰਘ ਅਖਾੜਾ ਨੇ ਗੁਰੂਨਾਨਕ ਦੇਵ ਜੀ ਦੇ ਗੁਰਪੁਰਬ ਤੇ ਸਤਿਗੁਰੂ ਨਾਨਕ ਪ੍ਰਗਟਿਓ ਮਿਟੀ ਧੁੰਦ ਜਗ ਚਾਨਣ ਹੋਇਆ ਦੇ ਮਹਾਵਾਕ ਮੁਤਾਬਿਕ ਮੁਬਾਰਕ ਸਾਂਝੀ ਕੀਤੀ।ਬੁਲਾਰਿਆਂ ਨੇ ਕਿਹਾ ਕਿ ਗੁਰੂ ਸਾਹਿਬ ਦੇ ਜਨਮਦਿਨ ਤੇ ਇਸ ਇਤਿਹਾਸਕ ਜਿੱਤ ਨੇ ਸਾਬਤ ਕਰ ਦਿਤਾ ਹੈ ਕਿ ਸਿਰਫ ਤੇ ਸਿਰਫ ਲੋਕ ਹੀ ਸਭ ਤੋਂ ਵੱਡੀ ਤਾਕਤ ਹੁੰਦੇ ਹਨ। ਲੋਕ ਇੱਛਾ ਤੋਂ ਉਲਟ ਜਾਣ ਵਾਲੇ ਸਦਾ ਮਿੱਟੀ ਚ ਮਿਲਿਆ ਕਰਦੇ ਹਨ। ਸੰਸਾਰ ਭਰ ਦੇ ਕਿਰਤੀ ਤੇ ਇਨਸਾਫ ਪਸੰਦ ਲੋਕਾਂ ਦੀ ਸ਼ੁਭ ਇੱਛਾ ਅਤੇ ਪਵਿਤਰ ਯਤਨਾਂ ਨੇ ਮੋਦੀ ਨਾਂ ਦੇ ਹਾਕਮ ਦਾ ਗਰੂਰ ਤੋੜ ਕੇ ਇਕ ਨਵੇਂ ਸਵੇਰੇ, ਰੋਸ਼ਨ ਮੀਨਾਰ ਨੂੰ ਜਗਮਗ ਜਗ ਮਗ ਕੀਤਾ ਹੈ।ਇਸ ਜਿੱਤ ਦੇ ਸ਼ਾਨਾਮੱਤੇ ਸਬਕਾਂ ਨੂੰ ਗ੍ਰਹਿਣ ਕਰਦਿਆਂ ਲੋਕ ਹੁਣ ਸਾਰੇ ਮੌਕਾਪ੍ਰਸਤਾਂ ਨੂੰ ਛੰਡਦਿਆਂ ਨਵੇਂ ਰਾਹਾਂ ਦੇ ਪਾਂਧੀ ਬਨਣਗੇ। ਇਸ ਸਮੇਂ ਅਪਣੇ ਸੰਬੋਧਨ ਚ ਲੋਕ ਆਗੂ ਕੰਵਲਜੀਤ ਖੰਨਾ, ਨਵਰੀਤ ਕੋਰ ਝੋਰੜਾਂ, ਧਰਮ ਸਿੰਘ ਸੂਰਾਪੁਰ, ਸੁਖਵਿੰਦਰ ਸਿੰਘ ਹੰਬੜਾਂ ,ਦਰਸ਼ਨ ਸਿੰਘ ਗਾਲਬ ਨੇ ਕਿਹਾ ਕਿ ਲੰਮੀ ਜਾਨਹੂਲਵੀਂ ਕੁਰਬਾਨੀਆਂ ਭਰੀ ਲੜਾਈ, ਵਿਚਾਰਾਂ ਦੇ ਵਖਰੇਵਿਆਂ ਦੇ ਬਾਵਜੂਦ ਕਮਾਈ ਪੀਡੀ ਏਕਤਾ ਆਉਂਦੇ ਸਮਿਆਂ ਚ ਨਵੇਂ ਪੜਾਅ ਤੈਅ ਕਰੇਗੀ।ਉਨਾਂ ਕਿਹਾ ਕਿ ਅਨੇਕਾਂ ਮੋੜਾਂ ਘੋੜਾਂ ,ਖਤਰਿਆਂ, ਚੁਣੌਤੀਆਂ ਦੇ ਬਾਵਜੂਦ ਕਾਲੇ ਕਾਨੂੰਨ ਰੱਦ ਕਰਾਉਣ ਦੀ ਲੜਾਈ ਨੂੰ ਇਕ ਮੀਲ ਪੱਥਰ ਤੇ ਰੋਸ਼ਨ ਚਿਰਾਗ ਵਜੋਂ ਦੇਸ਼ ਭਰ ਦੇ ਕਿਰਤੀਆਂ ਲਈ ਸਥਾਪਿਤ ਕੀਤਾ ਜਾਵੇਗਾ। ਆਉਣ ਵਾਲੀਆਂ ਪੀੜੀਆਂ ਲਈ ਕੀਮਤੀ ਸਬਕਾਂ ਤੇ ਪੈੜਾਂ ਦਾ ਸਿਰਜਕ ਇਹ ਅੰਦੋਲਨ ਸਦੀਆਂ ਤਕ ਭਵਿੱਖਤ ਰਾਹ ਦਸੇਰਾ ਬਣੇਗਾ। ਉਨਾਂ ਕਿਹਾ ਕਿ ਇਹ ਸੰਘਰਸ਼ ਅੰਤਿਮ ਜਿੱਤ, ਪਾਰਲੀਮੈਂਟ ਵਿਚ ਕਾਲੇ ਕਾਨੂੰਨ ਰੱਦ ਹੋਣ,  ਐਮ ਐਸ ਪੀ ਤੇ ਫੈਸਲਾ ਹੋਣ,  ਸਾਰੇ ਪੁਲਸ ਕੇਸ ਰੱਦ ਹੋਣ ਤਕ ਜਾਰੀ ਰਹੇਗਾ। ਇਸ ਸਮੇਂ ਜਿਲਾ ਕਮੇਟੀ ਮੈਂਬਰ ਸਰਬਜੀਤ ਸਿੰਘ ਗਿੱਲ ਬਲਾਕ ਪ੍ਰਧਾਨ ਸੁਧਾਰ ਬਲਾਕ ਨੇ ਦੱਸਿਆ ਕਿ 22 ਨਵੰਬਰ ਨੂੰ 11 ਵਜੇ ਔਰਚਿਡ ਪੈਲੇਸ ਪਿੰਡ ਮਾਣੂਕੇ ਵਿਖੇ ਜਿਲਾ ਕਮੇਟੀ ਦੀ ਵਧਵੀਂ ਮੀਟਿੰਗ ਚ ਅਗਲੇ ਹਾਲਾਤ ਅਤੇ ਸੰਘਰਸ਼ ਦੀ ਰੂਪਰੇਖਾ ਅਤੇ 25 ਨਵੰਬਰ ਨੂੰ ਦਿੱਲੀ ਵਡੇ ਕਾਫਲੇ ਰਵਾਨਾ ਕਰਨ ਬਾਰੇ ਵਿਚਾਰ ਚਰਚਾ ਕੀਤੀ ਜਾਵੇਗੀ।

Facebook Video link; https://fb.watch/9omSE1GKoG/