ਭਾਰਤ

ਭਾਰਤ ਔਖੇ ਵੇਲੇ ਦੁਨੀਆਂ ਨਾਲ ਖੜ੍ਹਾ -ਨਰਿੰਦਰ ਮੋਦੀ

ਦਿੱਲੀ, ਮਈ 2020 -(ਏਜੰਸੀ)-

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਦੇਸ਼ ਜਿੱਥੇ ਹਰੇਕ ਭਾਰਤੀ ਦੀ ਜ਼ਿੰਦਗੀ ਬਚਾਉਣ ਦੀ ਹਰ ਸੰਭਵ ਕੋਸ਼ਿਸ਼ ਕਰ ਰਿਹਾ ਹੈ ਉਥੇ ਆਪਣੀਆਂ ਆਲਮੀ ਜ਼ਿੰਮੇਵਾਰੀਆਂ ਵੀ ਬਿਨਾਂ ਕਿਸੇ ਭੇਦਭਾਵ ਦੇ ਨਿਭਾਅ ਰਿਹਾ ਹੈ। ਬੁੱਧ ਪੂਰਨਿਮਾ ਮੌਕੇ ‘ਵੇਸਾਕ ਆਲਮੀ ਸਮਾਗਮ’ ਨੂੰ ਵੀਡੀਓ ਕਾਨਫਰੰਸ ਰਾਹੀਂ ਸੰਬੋਧਨ ਕਰਦਿਆਂ ਸ੍ਰੀ ਮੋਦੀ ਨੇ ਕਿਹਾ, ‘ਅਜਿਹੇ ਔਖੇ ਸਮੇਂ ’ਚ ਦੁਨੀਆਂ ਭਰ ’ਚ ਨਿਸ਼ਕਾਮ ਸੇਵਾ ਕਰਨ ਵਾਲੇ ਸਨਮਾਨ ਦੇ ਹੱਕਦਾਰ ਹਨ।’ ਉਨ੍ਹਾਂ ਕਿਹਾ, ‘ਅੱਜ ਅਸੀਂ ਸਾਰੇ ਮੁਸ਼ਕਿਲ ਹਾਲਾਤ ’ਚੋਂ ਨਿਕਲਣ ਲਈ ਲਗਾਤਾਰ ਡਟੇ ਹੋਏ ਹਾਂ ਤੇ ਮਿਲ ਕੇ ਕੰਮ ਕਰ ਰਹੇ ਹਾਂ। ਭਾਰਤ ਨਿਸ਼ਕਾਮ ਭਾਵ ਨਾਲ ਬਿਨਾਂ ਕੋਈ ਭੇਦਭਾਵ ਕੀਤੇ ਦੇਸ਼ ਤੇ ਦੁਨੀਆਂ ਦੇ ਸੰਕਟ ’ਚ ਘਿਰੇ ਲੋਕਾਂ ਨਾਲ ਖੜ੍ਹਾ ਹੈ।’ ਸ੍ਰੀ ਮੋਦੀ ਨੇ ਕਿਹਾ ਕਿ ਦੁਨੀਆਂ ਭਰ ’ਚ ਉੱਥਲ-ਪੁੱਥਲ ਦੇ ਇਸ ਮਾਹੌਲ ’ਚ ਕਈ ਵਾਰ ਜਦੋਂ ਦੁੱਖ ਤੇ ਨਿਰਾਸ਼ਾ ਦਾ ਭਾਵ ਜ਼ਿਆਦਾ ਦਿਖਾਈ ਦਿੰਦਾ ਹੈ ਤਾਂ ਭਗਵਾਨ ਬੁੱਧ ਦੀਆਂ ਸਿੱਖਿਆਵਾਂ ਹੋਰ ਵੀ ਪ੍ਰਸੰਗਿਕ ਹੋ ਜਾਂਦੀਆਂ ਹਨ। ਪ੍ਰਧਾਨ ਮੰਤਰੀ ਨੇ ਕਿਹਾ ਇਸ ਸੰਕਟ ਦੇ ਸਮੇਂ ਇੱਕ ਦੂਜੇ ਦੀ ਜਿੰਨੀ ਹੋ ਸਕੇ, ਮਦਦ ਕੀਤੀ ਜਾਣੀ ਚਾਹੀਦੀ ਹੈ।
ਜ਼ਿਕਰਯੋਗ ਹੈ ਕਿ ਬੁੱਧ ਪੂਰਨਿਮਾ ਦਾ ਇਹ ਸਮਾਗਮ ਕਰੋਨਾਵਾਇਰਸ ਮਹਾਮਾਰੀ ਕਾਰਨ ਆਨਲਾਈਨ ਕਰਵਾਇਆ ਗਿਆ ਹੈ।  

ਵਿਆਹ 'ਚ 50 ਤੇ ਸਸਕਾਰ 'ਚ 20 ਤੋਂ ਜ਼ਿਆਦਾ ਲੋਕਾਂ ਨੂੰ ਇਜਾਜ਼ਤ ਨਹੀਂ

 ਕੰਪਨੀਆਂ 'ਚ ਸਟਾਫ ਨੂੰ ਵੱਖ-ਵੱਖ ਸਮੇਂ ਲੰਚ ਬ੍ਰੇਕ ਦੇਣਾ ਹੋਵੇਗਾ 

 ਗ੍ਰਹਿ ਮੰਤਰਾਲਾ  ਵਲੋਂ ਕਈ ਨਵੇਂ ਹੁਕਮ

ਨਵੀਂ ਦਿੱਲੀ , ਮਈ 2020 -(ਏਜੰਸੀ)

ਕੋਰੋਨਾ ਵਾਇਰਸ ਨਾਲ ਨਿਪਟਣ ਤੇ ਲਾਕਡਾਊਨ ਦੀ ਸਥਿਤੀ ਵਿਚ ਸੁਧਾਰ ਲਈ ਮੰਗਲਵਾਰ ਨੂੰ ਸਿਹਤ ਤੇ ਗ੍ਰਹਿ ਮੰਤਰਾਲੇ ਦੀ ਸੰਯੁਕਤ ਪ੍ਰੈੱਸ ਕਾਨਫਰੰਸ ਹੋਈ। ਇਸ ਮੌਕੇ ਗ੍ਰਹਿ ਮੰਤਰਾਲੇ ਦੀ ਸੰਯੁਕਤ ਸਕੱਤਰ ਪੁਣਯ ਸਲਿਲਾ ਸ੍ਰੀਵਾਸਤਵ ਨੇ ਕਿਹਾ ਕਿ ਵਿਆਹ ਜਾਂ ਮਰਗ ਦੀ ਅੰਤਿਮ ਯਾਤਰਾ 'ਚ ਸ਼ਾਮਲ ਹੋਣ ਵਾਲੇ ਲੋਕਾਂ ਦੀ ਵੱਧ ਤੋਂ ਵੱਧ ਗਿਣਤੀ ਤੈਅ ਕੀਤੀ ਗਈ ਹੈ। ਵਿਆਹ ਵਿਚ 50 ਤੋਂ ਜ਼ਿਆਦਾ ਲੋਕ ਸ਼ਾਮਲ ਨਹੀਂ ਹੋ ਸਕਦੇ ਹਨ ਜਦਕਿ ਅੰਤਿਮ ਯਾਤਰਾ ਵਿਚ 20 ਤੋਂ ਜ਼ਿਆਦਾ ਲੋਕਾਂ ਨੂੰ ਇਜਾਜ਼ਤ ਨਹੀਂ ਹੋਵੇਗੀ। ਅਜਿਹੇ ਮੌਕੇ ਸਰੀਰਕ ਦੂਰੀ ਦੇ ਨਿਯਮ ਦਾ ਪਾਲਨ ਕਰਨਾ ਹੋਵੇਗਾ। ਫੇਸ ਮਾਸਕ ਵੀ ਜ਼ਰੂਰੀ ਹੈ  

  ਵਿਦੇਸ਼ 'ਚ ਫਸੇ ਭਾਰਤੀਆਂ ਨੂੰ ਦੇਸ਼ ਲਿਆਉਣ ਦਾ ਕੰਮ ਸ਼ੁਰੂ  

ਵਿਦੇਸ਼ਾਂ ਵਿਚ ਫਸੇ ਭਾਰਤੀ ਨਾਗਰਿਕਾਂ ਦੀ ਦੇਸ਼ ਵਾਪਸੀ 7 ਮਈ ਤੋਂ ਪੜਾਅਵਾਰ ਤਰੀਕੇ ਨਾਲ ਸ਼ੁਰੂ ਹੋਵੇਗੀ। ਲੋਕਾਂ ਨੂੰ ਵਾਪਸ ਲਿਆਉਣ ਲਈ ਸਟੈਂਡਰਰ ਆਪਰੇਟਿੰਗ ਪ੍ਰੋਟੋਕਾਲ ਨੂੰ ਵੀ ਤਿਆਰ ਕਰ ਲਿਆ ਗਿਆ ਹੈ। ਇਸ ਕੰਮ ਵਿਚ ਭਾਰਤ ਸਰਕਾਰ ਜਹਾਜ਼ ਸੇਵਾ ਤੋਂ ਇਲਾਵਾ ਜਲ-ਸੈਨਾ ਦੀ ਵੀ ਸਹਾਇਤਾ ਲਵੇਗੀ।

ਲੋਕਾਂ ਨੂੰ ਉਨ੍ਹਾਂ ਦੇ ਘਰ ਪਹੁੰਚਾਉਣ ਲਈ 62 ਸ਼੍ਰਮਿਕ ਸਪੈਸ਼ਲ ਟਰੇਨਾਂ ਚਲਾਈਆਂ

ਉਨ੍ਹਾਂ ਨੇ ਦੱਸਿਆ ਕਿ ਦੂਜੇ ਸੂਬਿਆਂ ਵਿਚ ਫਸੇ ਪਰਵਾਸੀ ਮਜ਼ਦੂਰਾਂ ਤੇ ਹੋਰ ਲੋਕਾਂ ਲਈ ਹੁਣ ਤਕ ਰੇਲਵੇ ਨੇ 62 ਸ਼੍ਰਮਿਕ ਸਪੈਸ਼ਲ ਟਰੇਨਾਂ ਦਾ ਚਲਾਈਆਂ ਹਨ। ਮੰਗਲਵਾਰ ਨੂੰ 13 ਹੋਰ ਟਰੇਨਾਂ ਚਲਾਈਆਂ ਗਈਆਂ।

ਕੰਪਨੀਆਂ ਲਈ ਕਈ ਨਵੇਂ ਨਿਯਮ 

ਉਨ੍ਹਾਂ ਨੇ ਕਿਹਾ ਕਿ ਦਫਤਰਾਂ ਵਿਚ ਹੈਂਡਵਾਸ਼, ਸੈਨੇਟਾਈਜ਼ਰ ਤੇ ਸਾਫ-ਸਫਾਈ ਦਾ ਹੋਣਾ ਜ਼ਰੂਰੀ ਹੈ। ਕੰਮ ਦੌਰਾਨ ਸਾਰੇ ਮੁਲਾਜ਼ਮ ਫੇਸ ਮਾਸਕ ਲਗਾਉਣੇ ਜ਼ਰੂਰੀ ਹਨ। ਆਫਿਸ ਵਿਚ ਵੀ ਸਰੀਰਕ ਦੂਰੀ ਦਾ ਪਾਲਣ ਹੋਣਾ ਚਾਹੀਦਾ ਹੈ। ਸਟਾਫ ਨੂੰ ਵੱਖ-ਵੱਖ ਸਮੇਂ ਲੰਚ ਬ੍ਰੇਕ ਦੇਣਾ ਹੋਵੇਗਾ, ਜਿਸ ਨਾਲ ਉਨ੍ਹਾਂ ਵਿਚ ਦੂਰੀ ਬਣੀ ਰਹੇ। ਸਾਰੇ ਮੁਲਾਜ਼ਮਾਂ ਦਾ ਆਰੋਗਯ ਸੇਤੂ ਐਪ 'ਤੇ ਰਜਿਸਟ੍ਰੇਸ਼ਨ ਵੀ ਜ਼ਰੂਰੀ ਹੈ। ਆਫਿਸ ਤੇ ਆਵਾਜਾਈ ਵਾਹਨ ਨੂੰ ਲਗਾਤਾਰ ਸੈਨੇਟਾਈਜ਼ ਵੀ ਕਰਵਾਉਣਾ ਹੋਵੇਗਾ

ਜਨਧਨ ਖਾਤਾਧਾਰੀ ਔਰਤਾਂ ਨੂੰ ਸੋਮਵਾਰ ਤੋਂ ਮਿਲੇਗੀ 500 ਰੁਪਏ ਦੀ ਦੂਜੀ ਕਿਸ਼ਤ

ਨਵੀਂ ਦਿੱਲੀ,ਮਈ 2020- (ਏਜੰਸੀ)- ਜਨ ਧਨ ਖਾਤਾ ਧਾਰਕਾਂ ਨੂੰ ਐਲਾਨ ਦੇ ਅਨੁਸਾਰ ਸੋਮਵਾਰ ਤੋਂ 500 ਰੁਪਏ ਦੀ ਦੂਜੀ ਕਿਸ਼ਤ ਮਿਲਣੀ ਸ਼ੁਰੂ ਹੋ ਜਾਵੇਗੀ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਇਸ ਦਾ ਐਲਾਨ ਮਾਰਚ ਵਿੱਚ ਕੀਤਾ ਸੀ। ਕੋਵਿਡ -19 ਸੰਕਟ ਕਾਰਨ ਸਰਕਾਰ ਨੇ 26 ਮਾਰਚ ਨੂੰ ਕਿਹਾ ਸੀ ਕਿ ਅਪਰੈਲ ਤੋਂ ਅਗਲੇ ਤਿੰਨ ਮਹੀਨਿਆਂ ਲਈ ਔਰਤਾਂ ਦੇ ਜਨ ਧਨ ਖਾਤਿਆਂ ਵਿੱਚ 500 ਰੁਪਏ ਪਾਏ ਜਾਣਗੇ।”ਪ੍ਰਧਾਨ ਮੰਤਰੀ ਗਰੀਬ ਕਲਿਆਣ ਪੈਕੇਜ ਦੇ ਤਹਿਤ ਮਈ ਮਹੀਨੇ ਦੀ 500 ਰੁਪਏ ਦੀ ਪਹਿਲੀ ਕਿਸ਼ਤ ਜਾਰੀ ਕੀਤੀ ਕੀਤੀ ਗਈ ਸੀ।  

ਭਾਰਤ 'ਚ ਕੋਰੋਨਾ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ ਹੋਈ 1223 

ਪਾਜ਼ੇਟਿਵ ਮਾਮਲਿਆਂ ਦੀ ਗਿਣਤੀ ਵੱਧ ਕੇ ਹੋਈ 37776 

ਨਵੀਂ ਦਿੱਲੀ ,ਮਈ 2020 -(ਏਜੰਸੀ)-ਸਿਹਤ ਤੇ ਪਰਿਵਾਰ ਕਲਿਆਣ ਮੰਤਰਾਲੇ ਦੁਆਰਾ ਸ਼ਨਿਚਰਵਾਰ ਨੂੰ ਜਾਰੀ ਅੰਕੜਿਆਂ ਮੁਤਾਬਕ, ਭਾਰਤ ਵਿਚ ਪਾਜ਼ੇਟਿਵ ਮਾਮਲਿਆਂ ਦੀ ਗਿਣਤੀ ਵੱਧ ਕੇ 37776 ਹੋ ਗਈ ਹੈ। ਇਨ੍ਹਾਂ ਵਿਚ 26535 ਸਰਗਰਮ ਮਾਮਲੇ ਹਨ। ਮੰਤਰਾਲੇ ਨੇ ਕੋਰੋਨਾ ਵਾਇਰਸ ਨਾਲ ਹੁਣ ਤਕ 1223 ਲੋਕਾਂ ਦੀ ਮੌਤ ਦੀ ਵੀ ਪੁਸ਼ਟੀ ਕੀਤੀ। ਉੱਥੇ, ਦੱਸਿਆ ਗਿਆ ਕਿ ਹੁਣ ਤਕ 10018 ਲੋਕ ਠੀਕ ਹੋ ਚੁੱਕੇ ਹਨ। ਖੇਤੀ ਖੇਤਰ ਵਿਚ ਜ਼ਰੂਰੀ ਮੁੱਦਿਆਂ ਤੇ ਸੁਧਾਰਾਂ 'ਤੇ ਵਿਚਾਰ-ਵਟਾਂਦਰਾ ਕਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਇਕ ਮੀਟਿੰਗ ਕੀਤੀ। ਵਿੱਤ ਮੰਤਰੀ ਨਿਰਮਲਾ ਸੀਤਾਰਮਣ, ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਖੇਤੀ ਮੰਤਰੀ ਨਰਿੰਦਰ ਸਿੰਘ ਤੋਮਰ ਵੀ ਮੌਜੂਦ ਸਨ  

ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਵਿਚ ਮਹਾਰਾਸ਼ਟਰ ਸਭ ਤੋਂ ਅੱਗੇ

 ਕੋਰੋਨਾ ਪੀੜਤਾਂ ਦਾ ਅੰਕੜਾ 10 ਹਜ਼ਾਰ ਤੋਂ ਪਾਰ

ਨਵੀਂ ਦਿੱਲੀ , ਮਈ 2020 -(ਏਜੰਸੀ)-ਪੂਰੇ ਦੇਸ਼ 'ਚ ਕੋਰੋਨਾ ਦਾ ਕਹਿਰ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਸਭ ਤੋਂ ਜ਼ਿਆਦਾ ਪ੍ਰਭਾਵਿਤ ਸੂਬੇ ਮਹਾਰਾਸ਼ਟਰ 'ਚ ਹਰ ਰੋਜ਼ ਇਨਫੈਕਟਿਡਾਂ ਦੀ ਗਿਣਤੀ ਖ਼ਤਰਨਾਕ ਪੱਧਰ 'ਤੇ ਪੁੱਜਦੀ ਜਾ ਰਹੀ ਹੈ। ਵੀਰਵਾਰ ਨੂੰ ਇਥੇ 583 ਨਵੇਂ ਮਾਮਲਿਆਂ ਨਾਲ ਇਨਫੈਕਟਿਡਾਂ ਦੀ ਗਿਣਤੀ 10,498 ਹੋ ਗਈ। ਸੂਬਿਆਂ ਤੋਂ ਮਿਲੇ ਅੰਕੜਿਆਂ ਮੁਤਾਬਕ, ਪੂਰੇ ਦੇਸ਼ 'ਚ ਵੀ 1,800 ਤੋਂ ਜ਼ਿਆਦਾ ਮਾਮਲਿਆਂ ਨਾਲ ਹੁਣ ਤਕ ਪਾਜ਼ੇਟਿਵ ਪਾਏ ਗਏ ਕੁਲ ਮਰੀਜ਼ਾਂ ਦੀ ਗਿਣਤੀ 34,600 ਨੂੰ ਪਾਰ ਕਰ ਗਈ ਹੈ। ਮਰਨ ਵਾਲਿਆਂ ਦੀ ਗਿਣਤੀ ਵੀ 1,137 'ਤੇ ਪੁੱਜ ਗਈ ਹੈ।

ਹੁਣ ਤਕ 8,369 ਲੋਕ ਇਸ ਬਿਮਾਰੀ ਤੋਂ ਠੀਕ ਹੋ ਚੁੱਕੇ ਹਨ। ਕੇਂਦਰੀ ਸਿਹਤ ਮੰਤਰਾਲੇ ਮੁਤਾਬਕ, ਪੂਰੇ ਦੇਸ਼ 'ਚ ਇਨਫੈਕਟਿਡਾਂ ਦੀ ਅੰਕੜਾ 33,610 ਤੇ ਜਾਨ ਗੁਆਉਣ ਵਾਲਿਆਂ ਦੀ ਗਿਣਤੀ 1,075 ਹੈ। ਅੰਕੜਿਆਂ 'ਚ ਇਹ ਫਰਕ ਸੂਬਿਆਂ ਤੋਂ ਕੇਂਦਰੀ ਏਜੰਸੀ ਨੂੰ ਅੰਕੜੇ ਮਿਲਣ 'ਚ ਹੋਣ ਵਾਲੀ ਦੇਰ ਕਾਰਨ ਆਉਂਦਾ ਹੈ। ਕਈ ਏਜੰਸੀਆਂ ਸਿੱਧਾ ਸੂਬਿਆਂ ਤੋਂ ਅੰਕੜੇ ਇਕੱਠੇ ਕਰਦੀਆਂ ਹਨ। ਵੀਰਵਾਰ ਨੂੰ ਸਭ ਤੋਂ ਚਿੰਤਾਜਨਕ ਅੰਕੜੇ ਮਹਾਰਾਸ਼ਟਰ ਤੋਂ ਸਾਹਮਣੇ ਆਏ। ਇਥੇ 10 ਹਜ਼ਾਰ ਤੋਂ ਜ਼ਿਆਦਾ ਲੋਕ ਹੁਣ ਤਕ ਕੋਰੋਨਾ ਪਾਜ਼ੇਟਿਵ ਪਾਏ ਜਾ ਚੁੱਕੇ ਹਨ। ਮਰਨ ਵਾਲਿਆਂ ਦਾ ਅੰਕੜਾ ਵੀ 459 'ਤੇ ਪੁੱਜ ਗਿਆ ਹੈ, ਜੋ ਪੂਰੇ ਦੇਸ਼ 'ਚ ਕੁਲ ਮਿ੍ਤਕਾਂ ਦੇ ਲਗਪਗ ਅੱਧੇ ਦੇ ਬਰਾਬਰ ਹੈ। ਮਹਾਰਾਸ਼ਟਰ 'ਚ ਇਕੱਲੇ ਮੁੰਬਈ ਵਿਚ ਹੀ 7,061 ਮਰੀਜ਼ ਮਿਲ ਚੁੱਕੇ ਹਨ ਤੇ 290 ਲੋਕ ਜਾਨ ਗੁਆ ਚੁੱਕੇ ਹਨ।

ਚਿੰਤਾ ਦੀ ਗੱਲ ਇਹ ਵੀ ਹੈ ਕਿ ਇਥੋਂ ਦੇ ਝੁੱਗੀ ਝੌਂਪੜੀ ਵਾਲੇ ਇਲਾਕੇ ਧਾਰਾਵੀ 'ਚ ਵੀ ਹੁਣ ਤਕ 369 ਲੋਕਾਂ ਦੇ ਇਨਫੈਕਟਿਡ ਹੋਣ ਪੁਸ਼ਟੀ ਹੋ ਚੁੱਕੀ ਹੈ। ਇਥੇ ਮਾਲੇਗਾਂਓ ਵੀ ਨਵਾਂ ਹਾਟਸਪਾਟ ਬਣ ਕੇ ਸਾਹਮਣੇ ਆ ਰਿਹਾ ਹੈ। ਮਾਲੇਗਾਓਂ 'ਚ 20 ਦਿਨ ਪਹਿਲਾਂ ਇਨਫੈਕਸ਼ਨ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਸੀ ਤੇ ਅੱਜ ਇਥੇ ਇਨਫੈਕਟਿਡਾਂ ਦੀ ਗਿਣਤੀ 170 'ਤੇ ਪੁੱਜ ਚੁੱਕੀ ਹੈ। ਇਨ੍ਹਾਂ ਵਿਚ 17 ਪੁਲਿਸ ਮੁਲਾਜ਼ਮ ਤੇ 23 ਐੱਸਆਰਪੀਐੱਫ ਦੇ ਜਵਾਨ ਸ਼ਾਮਲ ਹਨ। ਇਥੋਂ ਤਕ 12 ਲੋਕ ਜਾਨ ਗੁਆ ਚੁੱਕੇ ਹਨ। ਗੁਜਰਾਤ 'ਚ ਵੀ ਸਥਿਤੀ 'ਚ ਸੁਧਾਰ ਹੁੰਦਾ ਨਹੀਂ ਦਿਸ ਰਿਹਾ ਹੈ। ਵੀਰਵਾਰ ਨੂੰ 313 ਨਵੇਂ ਮਾਮਲਿਆਂ ਨਾਲ ਇਨਫੈਕਟਿਡਾਂ ਦਾ ਕੁਲ ਅੰਕੜਾ 4,395 'ਤੇ ਪੁੱਜ ਗਿਆ ਹੈ।

ਰਾਜਸਥਾਨ 'ਚ 100 ਤੋਂ ਜ਼ਿਆਦਾ ਨਵੇਂ ਮਾਮਲਿਆਂ ਨਾਲ ਹੁਣ ਤਕ ਕੁਲ 2,556 ਲੋਕ ਕੋਰੋਨਾ ਪਾਜ਼ੇਟਿਵ ਪਾਏ ਜਾ ਚੁੱਕੇ ਹਨ। ਮੱਧ ਪ੍ਰਦੇਸ਼ 'ਚ ਇਨਫੈਕਟਿਡਾਂ ਦਾ ਅੰਕੜਾ 2,560 'ਤੇ ਪੁੱਜ ਗਿਆ ਹੈ। ਤਾਮਿਲਨਾਡੂ 'ਚ ਰਿਕਾਰਡ 161 ਨਵੇਂ ਮਾਮਲਿਆਂ ਨਾਲ ਇਨਫੈਕਟਿਡਾਂ ਦੀ ਕੁਲ ਗਿਣਤੀ 2,323 ਹੋ ਗਈ ਹੈ। ਉੱਤਰ ਪ੍ਰਦੇਸ਼ 'ਚ ਵੀ 70 ਤੋਂ ਜ਼ਿਆਦਾ ਨਵੇਂ ਮਾਮਲਿਆਂ ਨਾਲ ਮਰੀਜ਼ਾਂ ਦੀ ਗਿਣਤੀ 2,200 ਨੂੰ ਪਾਰ ਕਰ ਗਈ ਹੈ। ਇਸ ਵਿਚਾਲੇ ਪੰਜਾਬ 'ਚ ਵੀ ਹਾਲਾਤ ਚਿੰਤਾਜਨਕ ਹੁੰਦੇ ਦਿਸ ਰਹੇ ਹਨ। ਇਥੇ ਵੀਰਵਾਰ ਨੂੰ ਕਰੀਬ 90 ਨਵੇਂ ਮਰੀਜ਼ ਮਿਲੇ ਹਨ। ਹੁਣ ਤਕ 488 ਲੋਕਾਂ 'ਚ ਇਨਫੈਕਸ਼ਨ ਦੀ ਪੁਸ਼ਟੀ ਹੋ ਚੁੱਕੀ ਹੈ।

'84 ਦੰਗਿਆਂ ਦੇ ਦੋਸ਼ੀ ਦੀ ਪੈਰੋਲ ਲਈ ਸੁਪਰੀਮ ਕੋਰਟ ਨੇ ਸੀਬੀਆਈ ਤੋਂ ਜਵਾਬ ਮੰਗਿਆ

 

ਨਵੀਂ ਦਿੱਲੀ, ਮਈ 2020 -(ਏਜੰਸੀ)-ਸੁਪਰੀਮ ਕੋਰਟ ਨੇ ਵੀਰਵਾਰ ਨੂੰ ਸਾਬਕਾ ਕਾਂਗਰਸੀ ਕੌਂਸਲਰ ਬਲਵਾਨ ਖੋਖਰ ਦੀ ਅਰਜ਼ੀ 'ਤੇ ਸੀਬੀਆਈ ਤੋਂ ਜਵਾਬ ਮੰਗਿਆ। ਉਹ 1984 ਦੇ ਸਿੱਖ ਵਿਰੋਧੀ ਦੰਗਾ ਮਾਮਲੇ ਵਿਚ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਹੈ। ਉਸ ਨੇ ਕੋਵਿਡ-19 ਮਹਾਮਾਰੀ ਨੂੰ ਦੇਖਦੇ ਹੋਏ ਅੱਠ ਹਫ਼ਤਿਆਂ ਲਈ ਅੰਤਿ੍ਮ ਜ਼ਮਾਨਤ ਜਾਂ ਪੈਰੋਲ ਦੇਣ ਦੀ ਮੰਗ ਕੀਤੀ ਹੈ। ਖੋਖਰ ਅਤੇ ਸਾਬਕਾ ਕਾਂਗਰਸੀ ਆਗੂ ਸੱਜਣ ਕੁਮਾਰ 17 ਦਸੰਬਰ, 2018 ਨੂੰ ਦਿੱਲੀ ਹਾਈ ਕੋਰਟ ਵੱਲੋਂ ਇਸ ਮਾਮਲੇ ਵਿਚ ਦੋਸ਼ੀ ਠਹਿਰਾਏ ਜਾਣ ਪਿੱਛੋਂ ਤਿਹਾੜ ਜੇਲ੍ਹ 'ਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਹਨ।

ਚੀਫ ਜਸਟਿਸ ਐੱਸ ਏ ਬੋਬਡੇ ਅਤੇ ਜੱਜ ਅਨਿਰੁਧ ਬੋਸ ਦੀ ਬੈਂਚ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਮਾਮਲੇ ਦੀ ਸੁਣਵਾਈ ਕੀਤੀ। ਖੋਖਰ ਦੇ ਵਕੀਲ ਨੇ ਕਿਹਾ ਕਿ ਕੋਵਿਡ-19 ਮਹਾਮਾਰੀ ਨੂੰ ਰੋਕਣ ਲਈ ਜੇਲ੍ਹਾਂ ਵਿਚ ਭੀੜਭਾੜ ਘੱਟ ਕਰਨ ਦੀ ਲੋੜ ਹੈ। ਅਦਾਲਤ ਖ਼ੁਦ ਹੀ ਇਹ ਸੁਝਾਅ ਸਰਕਾਰ ਨੂੰ ਦੇ ਚੁੱਕੀ ਹੈ।

ਇਸ 'ਤੇ ਬੈਂਚ ਨੇ ਸੀਬੀਆਈ ਦਾ ਪ੍ਰਤੀਨਿਧਤਵ ਕਰ ਰਹੇ ਸਾਲੀਸਿਟਰ ਜਨਰਲ ਤੁਸ਼ਾਰ ਮਹਿਤਾ ਤੋਂ ਜਵਾਬ ਦਾਖ਼ਲ ਕਰਨ ਨੂੰ ਕਿਹਾ। ਖੋਖਰ ਨੂੰ ਪਹਿਲੇ 15 ਜਨਵਰੀ ਨੂੰ ਸਰਬਉੱਚ ਅਦਾਲਤ ਨੇ ਉਸ ਦੇ ਪਿਤਾ ਦੀ ਮੌਤ ਪਿੱਛੋਂ ਚਾਰ ਹਫ਼ਤੇ ਦੀ ਪੈਰੋਲ ਦਿੱਤੀ ਸੀ। ਸੀਨੀਅਰ ਵਕੀਲ ਐੱਚ ਐੱਸ ਫੁਲਕਾ ਜੋ ਦੰਗਾ ਪੀੜਤਾਂ ਦਾ ਪ੍ਰਤੀਨਿਧਤਵ ਕਰਦੇ ਹਨ ਨੇ ਜ਼ਮਾਨਤ ਅਰਜ਼ੀ ਦਾ ਵਿਰੋਧ ਕੀਤਾ।ਪਟੀਸ਼ਨਕਰਤਾ ਨੇ ਕਿਹਾ ਕਿ ਉਹ 65 ਸਾਲ ਤੋਂ ਜ਼ਿਆਦਾ ਉਮਰ ਦਾ ਸੀਨੀਅਰ ਨਾਗਰਿਕ ਅਤੇ ਸ਼ੂਗਰ, ਬਲੱਡ ਪ੍ਰਰੈੱਸ਼ਰ ਅਤੇ ਜੋੜਾਂ ਦੇ ਦਰਦ ਵਰਗੀਆਂ ਗੰਭੀਰ ਬਿਮਾਰੀਆਂ ਤੋਂ ਪੀੜਤ ਹੈ।

ਉਹ ਛੇ ਸਾਲ ਤੋਂ ਜ਼ਿਆਦਾ ਸਮੇਂ ਤੋਂ ਜੇਲ੍ਹ 'ਚ ਬੰਦ ਹੈ। ਉਸ ਨੇ ਆਪਣੀ ਦਲੀਲ ਵਿਚ ਕਿਹਾ ਕਿ ਉਸ ਨੂੰ ਪੈਰੋਲ ਤੋਂ ਵੰਚਿਤ ਕਰ ਦਿੱਤਾ ਗਿਆ ਹੈ ਜੋ ਕੋਵਿਡ-19 ਮਹਾਮਾਰੀ ਕਾਰਨ ਸੈਂਕੜੇ ਕੈਦੀਆਂ ਨੂੰ ਉਦਾਰਤਾਪੂਰਵਕ ਦਿੱਤੀ ਗਈ ਹੈ। ਇਸ ਨਾਲ ਉਸ ਦੀ ਜ਼ਿੰਦਗੀ ਖ਼ਤਰੇ 'ਚ ਪੈ ਗਈ ਹੈ।

ਗ੍ਰਹਿ ਮੰਤਰਾਲੇ ਵਲੋਂ ਹੁਕਮ ਜਾਰੀ

(ਫੋਟੋ:-ਗ੍ਰਹਿ ਮੰਤਰਾਲੇ ਵਲੋਂ ਹੁਕਮ ਦੀ ਚਿੱਠੀ)

ਲਾਕਡਾਊਨ 'ਚ ਫਸੇ ਲੋਕ ਹੁਣ ਆਪਣੇ ਘਰ ਪਰਤ ਸਕਣਗੇ, ਹਦਾਇਤਾਂ ਜਾਰੀ

ਨਵੀਂ ਦਿੱਲੀ, ਅਪ੍ਰੈਲ 2020 -(ਏਜੰਸੀ ) - ਕੇਂਦਰੀ ਗ੍ਰਹਿ ਮੰਤਰਾਲੇ ਨੇ ਵੱਖ-ਵੱਖ ਥਾਵਾਂ 'ਤੇ ਫਸੇ ਪ੍ਰਵਾਸੀ ਮਜ਼ਦੂਰਾਂ, ਸੈਲਾਨੀਆਂ, ਵਿਦਿਆਰਥੀਆਂ ਆਦਿ ਦੀ ਆਵਾਜਾਈ ਦੀ ਮਨਜ਼ੂਰੀ ਦੇ ਦਿੱਤੀ ਹੈ। ਗ੍ਰਹਿ ਮੰਤਰਾਲੇ ਵੱਲੋਂ ਜਾਰੀ ਆਦੇਸ਼ 'ਚ ਕਿਹਾ ਗਿਆ ਹੈ ਕਿ ਸਾਰੇ ਰਾਜ ਅਤੇ ਕੇਂਦਰ ਸ਼ਾਸਤ ਸੂਬੇ ਆਪਣੇ ਰਾਜ 'ਚ ਫਸੇ ਲੋਕਾਂ ਨੂੰ ਉਨ੍ਹਾਂ ਦੇ ਗ੍ਰਹਿ ਰਾਜਾਂ 'ਚ ਭੇਜਣ ਅਤੇ ਦੂਜੀਆਂ ਥਾਵਾਂ ਤੋਂ ਆਪਣੇ ਨਾਗਰਿਕਾਂ ਨੂੰ ਲਿਆਉਣ ਲਈ ਇਕ ਮਾਨਕ ਪ੍ਰੋਟੋਕਾਲ ਤਿਆਰ ਕਰਨ। ਭਾਵ, ਹੁਣ ਹਰ ਰਾਜ ਦੂਜੇ ਰਾਜਾਂ 'ਚੋਂ ਆਪਣੇ ਨਾਗਰਿਕਾਂ ਨੂੰ ਵਾਪਸ ਲਿਆ ਸਕੇਗਾ ਅਤੇ ਆਪਣੇ ਰਾਜ 'ਚ ਫਸੇ ਦੂਜੇ ਰਾਜਾਂ ਦੇ ਨਾਗਰਿਕਾਂ ਨੂੰ ਉੱਥੇ ਭੇਜ ਸਕੇਗਾ। ਗ੍ਰਹਿ ਮੰਤਰਾਲੇ ਵੱਲੋਂ ਜਾਰੀ ਹਦਾਇਤਾਂ ਅਨੁਸਾਰ, ਇਹ ਲੋਕ ਕੁਝ ਸ਼ਰਤਾਂ ਨਾਲ ਹੁਣ ਆਪਣੇ ਘਰ ਜਾ ਸਕਣਗੇ। ਇਸ ਲਈ ਰਾਜ ਸਰਕਾਰਾਂ ਉਨ੍ਹਾਂ ਦੀਆਂ ਬੱਸਾਂ ਦਾ ਪ੍ਰਬੰਧ ਕਰਵਾਉਣਗੀਆਂ। ਗ੍ਰਹਿ ਮੰਤਰਾਲੇ ਨੇ ਬੁੱਧਵਾਰ ਨੂੰ ਹਦਾਇਤਾਂ ਜਾਰੀ ਕਰਦੇ ਹੋਏ ਰਾਜਾਂ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਆਪਣੇ ਰਾਜ 'ਚ ਲੋਕਾਂ ਨੂੰ ਵਾਪਸ ਬੁਲਾਉਣ ਅਤੇ ਉਨ੍ਹਾਂ ਨੂੰ ਭੇਜਣ ਲਈ ਨੋਡਲ ਅਥਾਰਟੀ ਅਤੇ ਨਿਯਮ ਬਣਾਉਣ। ਇਹ ਨੋਡਲ ਅਥਾਰਟੀ ਆਪਣੇ ਰਾਜਾਂ 'ਚ ਫਸੇ ਲੋਕਾਂ ਦੀ ਰਜਿਸਟੇਰਸ਼ਨ ਵੀ ਕਰੇਗੀ। ਗ੍ਰਹਿ ਮੰਤਰਾਲੇ ਦੀਆਂ ਨਵੀਆਂ ਹਦਾਇਤਾਂ ਅਨੁਸਾਰ, ਜੇਕਰ ਕਿਸੇ ਰਾਜ 'ਚ ਫਸਿਆ ਕੋਈ ਵਿਅਕਤੀ ਦੂਜੇ ਰਾਜ 'ਚ ਜਾਣਾ ਚਾਹੁੰਦਾ ਹੈ ਤਾਂ ਇਸ ਲਈ ਦੋਵੇਂ ਰਾਜਾਂ ਦੀਆਂ ਸਰਕਾਰਾਂ ਆਪਸ 'ਚ ਗੱਲਬਾਤ ਕਰਕੇ ਉੱਚਿਤ ਕਦਮ ਚੁੱਕਣ। ਲੋਕਾਂ ਨੂੰ ਸੜਕ ਦੇ ਰਸਤੇ ਲਿਜਾਇਆ ਜਾਵੇ। ਲੋਕਾਂ ਨੂੰ ਭੇਜਣ ਤੋਂ ਪਹਿਲਾਂ ਸਾਰਿਆਂ ਦੀ ਮੈਡੀਕਲ ਜਾਂਚ ਕੀਤੀ ਜਾਵੇ। ਜੇਕਰ ਕੋਰੋਨਾ ਵਾਇਰਸ ਇਨਫੈਕਸ਼ਨ ਦਾ ਕੋਈ ਲੱਛਣ ਨਹੀਂ ਪਾਇਆ ਜਾਂਦਾ ਤਾਂ ਉਨ੍ਹਾਂ ਨੂੰ ਜਾਣ ਦੀ ਮਨਜ਼ੂਰੀ ਦਿੱਤੀ ਜਾਵੇ। 

ਲੋਕ ਡਾਊਨ ਦੌਰਾਨ ਕੈਂਸਲ ਫਲਾਈਟ ਟਿਕਟਾਂ ਦਾ ਰਿਫੰਡ ਨਹੀਂ ਦਿੱਤਾ, ਸੁਪਰੀਮ ਕੋਰਟ ਨੇ ਡੀਜੀਸੀਏ ਕੇਂਦਰ ਨੂੰ ਭੇਜਿਆ ਨੋਟਿਸ

ਨਵੀਂ ਦਿੱਲੀ ,ਅਪ੍ਰੈਲ 2020 -(ਏਜੰਸੀ)-

 ਕੋਰੋਨਾ ਵਾਇਰਸ ਮਹਾਮਾਰੀ ਦੀ ਵਜ੍ਹਾ ਨਾਲ ਦੇਸ਼ 'ਚ 3 ਮਈ ਤਕ ਲਾਕਡਾਊਨ ਹੈ। ਇਹ ਲਾਕਡਾਊਨ ਦਾ ਦੂਸਰਾ ਦਹਾਕਾ ਹੈ ਜਿਸ 'ਚ ਘਰੇਲੂ ਤੇ ਅੰਤਰਰਾਸ਼ਟਰੀ ਉਡਾਣਾਂ 'ਤੇ ਪਾਬੰਦੀ ਹੈ। ਇਸ ਦੌਰਾਨ ਕੈਂਸਲ ਹੋਈਆਂ ਟਿਕਟਾਂ ਦਾ ਰਿਫੰਡ ਗਾਹਕਾਂ ਨੂੰ ਨਹੀਂ ਦੇਣ 'ਤੇ ਸੁਪਰੀਮ ਕੋਰਟ ਨੇ ਕੇਂਦਰ ਤੇ ਡੀਜੀਸੀਏ ਨੂੰ ਨੋਟਿਸ ਜਾਕੀ ਕੀਤਾ ਹੈ। ਕੋਰਟ 'ਚ ਇਕ ਪਟੀਸ਼ਨ ਦਾਇਰ ਕੀਤੀ ਗਈ ਹੈ ਜਿਸ 'ਚ ਕਿਹਾ ਗਿਆ ਹੈ ਕਿ ਲਾਕਡਾਊਨ ਦੇ ਕਾਰਨ ਜਿੰਨ੍ਹਾਂ ਯਾਤਰੀਆਂ ਨੇ ਫਲਾਈਟ ਦੀ ਟਿਕਟ ਕੈਂਸਲ ਕੀਤੀ ਹੈ ਉਨ੍ਹਾਂ ਨੂੰ ਏਅਰਲਾਇੰਸ ਪੂਰੇ ਪੈਸਿਆਂ ਦਾ ਰਿਫੰਡ ਕਰੇ।

 

ਦਰਅਸਲ, ਕੇਂਦਰ ਸਾਰਕਾਰ ਦੁਆਰਾ ਲਾਗੂ ਕੀਤੇ ਗਏ ਲਾਕਡਾਊਨ ਦੇ ਕਾਰਨ ਘਰੇਲੂ ਤੇ ਅੰਤਰਰਾਸ਼ਟਰੀ ਉਡਾਣਾਂ ਨੂੰ ਰੱਦ ਕਰਨ ਨਾਲ ਹਜ਼ਾਰਾਂ ਯਾਤਰੀਆਂ ਦਾ ਪੈਸਾ ਏਅਰਲਾਇੰਸ ਕੰਪਨੀਆਂ ਦੇ ਕੋਲ ਫਸ ਗਿਆ ਹੈ। ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਮਾਮਲੇ ਦੀ ਸੁਣਵਾਈ 'ਚ ਕੇਂਦਰ ਸਰਕਾਰ ਤੇ ਡੀਜੀਸੀਏ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ। ਸੁਪਰੀਮ ਕੋਰਟ 'ਚ ਦਾਇਰ ਪਟੀਸ਼ਨ 'ਚ ਏਅਰਲਾਇੰਸ ਦੁਆਰਾ ਕੈਂਸਲ ਕੀਤੀਆਂ ਗਈਆਂ ਟਿਕਟਾਂ ਦਾ ਪੂਰਾ ਪੈਸਾ ਵਾਪਸ ਨਾ ਕਰਨ ਦੀ ਕਾਰਵਾਈ ਨੂੰ ਸਿਵਿਲ ਐਵਿਏਸ਼ਨ ਦੇ ਨਿਯਮਾਂ ਦੀ ਉਲੰਘਣਾ ਐਲਾਨ ਕਰਨ ਦੀ ਬੇਨਤੀ ਕੀਤੀ ਗਈ ਹੈ।

 

ਲਾਕਡਾਊਨ ਵਧਣ 'ਤੇ ਜ਼ਿਆਦਾਤਰ ਲੋਕਾਂ ਦਾ ਕਹਿਣਾ ਹੈ ਕਿ ਉਹ ਇਸ ਦੌਰਾਨ ਟਿਕਟ ਦਾ ਪੈਸਾ ਵਾਪਸ ਨਾ ਕਰਕੇ ਯਾਤਰੀਆਂ ਨੂੰ ਕਿਸੇ ਖ਼ਾਸ ਮੌਕੇ 'ਤੇ ਉਡਾਣ ਦਾ ਅਵਸਰ ਦੇਵੇਗੀ। ਏਅਰਲਾਇੰਸ ਟਿਕਟ ਕੈਂਸਲਲੇਸ਼ਨ 'ਤੇ ਵੱਖ-ਵੱਖ ਸਕੀਮਾਂ ਦੇ ਰਹੀ ਸੀ। ਪੈਸਾ ਰਿਫੰਡ ਕਰਨ ਦੀ ਬਜ਼ਾਏ ਕਈ ਏਅਰਲਾਇੰਸ ਅੱਗੇ ਕਿਸੇ ਹੋਰ ਰੂਟ ਦੀ ਟਿਕਟ ਲੈਣ ਦਾ ਆਫ਼ਰ ਦੇ ਰਹੀ ਸੀ। ਨੁਕਸਾਨ ਤੋਂ ਬਚਣ ਲਈ ਏਅਰਲਾਇੰਸ ਨੇ ਇਹ ਕਦਮ ਚੁੱਕੇ ਸੀ।

ਦੇਸ਼ ਵਿਚ ਹੁਣ ਤਕ ਸਾਹਮਣੇ ਆਏ ਕੁੱਲ 27,892 ਮਾਮਲੇ, 872 ਲੋਕਾਂ ਦੀ ਹੋਈ ਮੌਤ

 ਨਵੀਂ ਦਿੱਲੀ , ਅਪ੍ਰੈਲ 2020 -(ਏਜੰਸੀ)- 

ਦੇਸ਼ ਵਿਚ ਕੋਰੋਨਾ ਵਾਇਰਸ ਦੇ ਮਾਮਲੇ ਵਧ ਕੇ 28 ਹਜ਼ਾਰ ਦੇ ਕਰੀਬ ਪਹੁੰਚ ਗਏ ਹਨ। ਦੇਸ਼ ਵਿਚ ਕੋਰੋਨਾ ਨਾਲ ਮਰਨ ਵਾਲਿਆਂ ਦਾ ਅੰਕੜਾ ਵੀ ਵਧ ਕੇ ਲਗਪਗ 900 ਤਕ ਪਹੁੰਚ ਗਿਆ ਹੈ। ਕੇਂਦਰੀ ਸਿਹਤ ਅਤੇ ਪਰਿਵਾਰ ਕਲਿਆਣ ਮੰਤਰਾਲੇ ਦੇ ਤਾਜ਼ਾ ਅੰਕੜਿਆਂ ਮੁਤਾਬਿਕ ਸੋਮਵਾਰ (27 ਅਪ੍ਰੈਲ) ਸਵੇਰੇ 8 ਵਜੇ ਤਕ ਦੇਸ਼ ਵਿਚ ਕੋਰੋਨਾ ਵਾਇਰਸ ਦੇ ਹੁਣ ਤਕ 27,892 ਮਾਮਲੇ ਸਾਹਮਣੇ ਆ ਚੁੱਕੇ ਹਨ।

ਉੱਥੇ ਹੀ ਦੇਸ਼ ਵਿਚ ਕੋਰੋਨਾ ਵਾਇਰਸ ਕਾਰਨ ਮਰਨ ਵਾਲਿਆਂ ਦਾ ਅੰਕੜਾ ਵੀ ਵਧ ਕੇ 872 ਤਕ ਚਲਾ ਗਿਆ ਹੈ। ਸਿਹਤ ਮੰਤਰਾਲੇ ਦੇ ਅੰਕੜਿਆਂ ਅਨੁਸਾਰ ਦੇਸ਼ ਵਿਚ ਆਏ ਕੁੱਲ 27,892 ਮਾਮਲਿਆਂ 'ਚੋਂ 20,835 ਮਰੀਜ਼ਾਂ ਦਾ ਫਿਲਹਾਲ ਇਲਾਜ ਚੱਲ ਰਿਹਾ ਹੈ। ਉੱਥੇ ਹੀ 6185 ਮਰੀਜ਼ ਠੀਕ ਹੋ ਚੁੱਕੇ ਹਨ। ਕੇਂਦਰੀ ਸਿਹਤ ਮੰਤਰਾਲੇ ਦੇ ਅੰਕੜਿਆਂ ਅਨੁਸਾਰ ਦੇਸ਼ ਵਿਚ ਪਿਛਲੇ 24 ਘੰਟਿਆਂ 'ਚ 1396 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੌਰਾਨ ਦੇਸ਼ ਵਿਚ 48 ਲੋਕਾਂ ਦੀ ਕੋਰੋਨਾ ਵਾਇਰਸ ਕਾਰਨ ਮੌਤ ਹੋਈ ਹੈ।

ਮਹਾਰਾਸ਼ਟਰ 'ਚ ਸਭ ਤੋਂ ਜ਼ਿਆਦਾ ਮਾਮਲੇ

ਸਿਹਤ ਮੰਤਰਾਲੇ ਦੇ ਅੰਕੜਿਆਂ 'ਤੇ ਨਜ਼ਰ ਮਾਰੀਏ ਤਾਂ ਮਹਾਰਾਸ਼ਟਰ ਕੋਰੋਨਾ ਵਾਇਰਸ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਿਤ ਸੂਬਾ ਨਜ਼ਰ ਆਉਂਦਾ ਹੈ। ਇੱਥੇ ਕੋਰੋਨਾ ਦੇ ਹੁਣ ਤਕ ਕੁੱਲ 8068 ਮਾਮਲੇ ਸਾਹਮਣੇ ਆ ਚੁੱਕੇ ਹਨ। ਸੂਬੇ 'ਚ ਕੋਰੋਨਾ ਵਾਇਰਸ ਨਾਲ ਮੌਤਾਂ ਦਾ ਅੰਕੜਾ 342 ਤਕ ਪਹੁੰਚ ਗਿਆ ਹੈ। ਹਾਲਾਂਕਿ ਇੱਥੇ 1076 ਮਰੀਜ਼ ਠੀਕ ਵੀ ਹੋ ਚੁੱਕੇ ਹਨ। ਇਸ ਤੋਂ ਬਾਅਦ ਕੋਰੋਨਾ ਨਾਲ ਦੂਸਰਾ ਸਭ ਤੋਂ ਜ਼ਿਆਦਾ ਪ੍ਰਭਾਵਿਤ ਸੂਬਾ ਗੁਜਰਾਤ ਹੈ। ਇੱਥੇ ਕੋਰੋਨਾ ਵਾਇਰਸ ਦੇ ਕੁੱਲ 3301 ਮਾਮਲੇ ਸਾਹਮਣੇ ਆ ਚੁੱਕੇ ਹਨ। ਗੁਜਰਾਤ 'ਚ 151 ਲੋਕਾਂ ਦੀ ਕੋਰੋਨਾ ਵਾਇਰਸ ਕਾਰਨ ਮੌਤ ਹੋ ਚੁੱਕੀ ਹੈ, ਉੱਥੇ ਹੀ 313 ਮਰੀਜ਼ ਇੱਥੇ ਠੀਕ ਹੋ ਚੁੱਕੇ ਹਨ।

ਇਸ ਤੋਂ ਬਾਅਦ ਦਿੱਲੀ ਜੋ ਕਿ ਕੋਰੋਨਾ ਪ੍ਰਭਾਵਿਤ ਸੂਬਿਆਂ 'ਚ ਤੀਸਰੇ ਨੰਬਰ 'ਤੇ ਹੈ, ਇੱਥੇ ਹੁਣ ਤਕ ਕੁੱਲ 2918 ਮਾਮਲੇ ਸਾਹਮਣੇ ਆ ਚੁੱਕੇ ਹਨ। ਕੋਰੋਨਾ ਵਾਇਰਸ ਨਾਲ ਮੌਤਾਂ ਦਾ ਅੰਕੜਾ 54 ਹੈ, ਉੱਥੇ ਹੀ 877 ਮਰੀਜ਼ ਹਸਪਤਾਲ ਤੋਂ ਡਿਸਚਾਰਜ ਹੋ ਚੁੱਕੇ ਹਨ। ਇਸ ਤੋਂ ਬਾਅਦ ਰਾਜਸਥਾਨ 'ਚ ਕੁੱਲ 2185 ਮਾਮਲੇ ਸਾਹਮਣੇ ਆਏ ਹਨ, ਇੱਥੇ ਕੋਰੋਨਾ ਨਾਲ 33 ਲੋਕਾਂ ਦੀ ਮੌਤ ਹੋ ਚੁੱਕੀ ਹੈ ਉੱਥੇ ਹੀ 518 ਲੋਕ ਹਸਪਤਾਲ ਤੋਂ ਛੁੱਟੀ ਲੈ ਚੁੱਕੇ ਹਨ।

ਪੀਐੱਮ ਮੋਦੀ ਦੀ ਮੁੱਖ ਮੰਤਰੀਆਂ ਨਾਲ ਅੱਜ ਹੋਵੇਗੀ ਬੈਠਕ, ਲਾਕਡਾਊਨ 'ਚੋਂ ਬਾਹਰ ਆਉਣ ਦਾ ਬਣੇਗਾ ਰੋਡਮੈਪ

ਨਵੀਂ ਦਿੱਲੀ ,ਅਪ੍ਰੈਲ 2020 -(ਏਜੰਸੀ)-

 ਜਿਵੇਂ-ਜਿਵੇਂ ਤਿੰਨ ਮਈ ਦੀ ਤਰੀਕ ਨਜ਼ਦੀਕ ਆ ਰਹੀ ਹੈ, ਸਰਕਾਰ ਨੇ ਲਾਕਡਾਊਨ ਤੋਂ ਬਾਹਰ ਆਉਣ ਦਾ ਖਾਕਾ (ਰੋਡਮੈਪ) ਬਣਾਉਣ ਦੀ ਦਿਸ਼ਾ ਵਿਚ ਯਤਨ ਵਧਾ ਦਿੱਤੇ ਹਨ। ਤਿੰਨ ਮਈ ਤੋਂ ਬਾਅਦ ਦੇਸ਼ ਪੱਧਰੀ ਲਾਕਡਾਊਨ ਸ਼ਾਇਦ ਸੂਬਾ ਵਾਰ ਹੋ ਜਾਵੇ। ਯਾਨੀ ਰਾਜਾਂ ਵਿਚ ਕੋਰੋਨਾ ਇਨਫੈਕਸ਼ਨ ਮੁਤਾਬਕ ਉੱਥੇ ਲਾਕਡਾਊਨ ਨੂੰ ਉਸੇ ਅਨੁਪਾਤ ਵਿਚ ਖੋਲ੍ਹਣ ਦੀ ਇਜਾਜ਼ਤ ਮਿਲ ਸਕਦੀ ਹੈ। ਰਾਜਾਂ ਨੂੰ ਅਧਿਕਾਰਕ ਰੂਪ ਨਾਲ ਲਾਕਡਾਊਨ ਨੂੰ ਖੋਲ੍ਹਣ ਜਾਂ ਵਧਾਉਣ ਦੀ ਜ਼ਿੰਮੇਦਾਰੀ ਮਿਲਣ ਦੀ ਉਮੀਦ ਹੈ। ਕੇਂਦਰ ਸਰਕਾਰ ਵੱਲੋਂ ਹਵਾਈ ਸੇਵਾ, ਰੇਲ ਸੇਵਾ ਵਿਚ ਕੁਝ ਸ਼ਰਤਾਂ ਦੇ ਨਾਲ ਜ਼ਰੂਰ ਲਾਕਡਾਊਨ ਵਧਾਇਆ ਜਾ ਸਕਦਾ ਹੈ। ਲਾਕਡਾਊਨ ਦਾ ਸਮਾਂ ਵਧਾ ਕੇ ਪਾਬੰਦੀਆਂ ਵਿਚ ਹੌਲੀ-ਹੌਲੀ ਢਿੱਲ ਦਿੱਤੇ ਜਾਣ ਦੇ ਵੀ ਸੰਕੇਤ ਮਿਲ ਰਹੇ ਹਨ। ਸੋਮਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਮੁੱਖ ਮੰਤਰੀਆਂ ਦੀ ਮੀਟਿੰਗ ਵਿਚ ਹਾਲਾਤ ਦੀ ਸਮੀਖਿਆ ਹੋਵੇਗੀ। ਆਪਣੇ ਰਾਜਾਂ ਵਿਚ ਕੀਤੇ ਜਾ ਰਹੇ ਯਤਨਾਂ ਦੇ ਨਾਲ ਉਨ੍ਹਾਂ ਨੂੰ ਇਹ ਵੀ ਦੱਸਣਾ ਹੈ ਕਿ ਅੱਗੇ ਕੀ ਕੀਤਾ ਜਾਣਾ ਚਾਹੀਦਾ। ਵੈਸੇ ਆਖ਼ਰੀ ਫ਼ੈਸਲਾ ਇਕ-ਦੋ ਮਈ ਦੇ ਆਸ-ਪਾਸ ਦੀ ਸਥਿਤੀ ਨੂੰ ਦੇਖਦੇ ਹੋਏ ਹੀ ਹੋਵੇਗਾ।

ਵੈਸੇ ਤਾਂ ਲਗਪਗ ਅੱਧਾ ਦਰਜਨ ਰਾਜਾਂ ਨੇ ਹੁਣ ਤੋਂ ਸੰਕੇਤ ਦੇਣੇ ਸ਼ੁਰੂ ਕਰ ਦਿੱਤੇ ਹਨ ਕਿ ਉਹ ਲਾਕਡਾਊਨ ਨੂੰ ਦੋ ਹਫ਼ਤੇ ਤਕ ਵਧਾਉਣਾ ਚਾਹੁੰਦੇ ਹਨ। ਸੋਮਵਾਰ ਨੂੰ ਮੀਟਿੰਗ ਵਿਚ ਉਨ੍ਹਾਂ ਤੋਂ ਰਸਮੀ ਤੌਰ 'ਤੇ ਪੁੱਛਿਆ ਜਾ ਸਕਦਾ ਹੈ। ਧਿਆਨ ਰਹੇ ਕਿ ਮਹਾਰਾਸ਼ਟਰ, ਦਿੱਲੀ, ਬੰਗਾਲ, ਗੁਜਰਾਤ, ਮੱਧ ਪ੍ਰਦੇਸ਼ ਵਰਗੇ ਕਈ ਰਾਜਾਂ ਵਿਚ ਕੋਰੋਨਾ ਦੀ ਇਨਫੈਕਸ਼ਨ ਤੇਜ਼ੀ ਨਾਲ ਵੱਧ ਰਹੀ ਹੈ। ਬਹਿਰਹਾਲ, ਸ਼ਨਿਚਰਵਾਰ ਨੂੰ ਦੁਕਾਨਾਂ ਖੋਲ੍ਹਣਾ ਦਾ ਫ਼ੈਸਲਾ ਜਿਸ ਤਰ੍ਹਾਂ ਸੂਬਾ ਸਰਕਾਰਾਂ 'ਤੇ ਛੱਡਿਆ ਗਿਆ ਸੀ, ਉਸ ਤੋਂ ਇਹ ਸੰਕੇਤ ਮਿਲ ਰਹੇ ਹਨ ਕਿ ਕੇਂਦਰ ਹੁਣ ਲਾਕਡਾਊਨ ਦੀ ਜ਼ਿੰਮੇਦਾਰੀ ਰਸਮੀ ਤੌਰ 'ਤੇ ਰਾਜਾਂ ਨੂੰ ਦੇਣਾ ਚਾਹੁੰਦਾ ਹੈ।

ਕੋਰੋਨਾ ਵਾਇਰਸ ਦਾ ਪ੍ਰਪੋਕ ਵੱਡੇ ਸ਼ਹਿਰਾਂ ਚ ਨਹੀਂ ਘਟ ਰਿਹਾ

ਮਹਾਰਾਸ਼ਟਰ ਤੇ ਗੁਜਰਾਤ 'ਚ ਸੁਧਰ ਨਹੀਂ ਰਹੇ ਹਾਲਾਤ

ਇੰਡੀਆ 'ਚ 24 ਹਜ਼ਾਰ ਤੋਂ ਜ਼ਿਆਦਾ ਸੰਕ੍ਰਮਿਤ, 723 ਲੋਕਾਂ ਦੀ ਗਈ ਜਾਨ

ਨਵੀਂ ਦਿੱਲੀ,ਅਪ੍ਰੈਲ 2020 -(ਏਜੰਸੀ)-

ਕੋਰੋਨਾ ਇਨਫੈਕਸ਼ਨ ਦੇ ਲਿਹਾਜ਼ ਨਾਲ ਸ਼ੁੱਕਰਵਾਰ ਦਾ ਦਿਨ ਵੀ ਕਾਫੀ ਪਰੇਸ਼ਾਨ ਕਰਨ ਵਾਲਾ ਲੱਗਿਆ। ਵੀਰਵਾਰ ਦੀ ਤੁਲਨਾ 'ਚ ਨਵੇਂ ਮਾਮਲੇ ਤਾਂ ਕੁਝ ਘੱਟ ਸਾਹਮਣੇ ਆਏ ਪਰ 46 ਲੋਕਾਂ ਦੀ ਜਾਨ ਚਲੀ ਗਈ। ਇਨਫੈਕਟਿਡਾਂ ਦਾ ਅੰਕੜਾ 24 ਹਜ਼ਾਰ ਤੋਂ ਪਾਰ ਹੋ ਗਿਆ ਹੈ। ਚੰਗੀ ਗੱਲ ਇਹ ਹੈ ਕਿ ਠੀਕ ਹੋਣ ਵਾਲੇ ਮਰੀਜ਼ਾਂ ਦੀ ਦਰ ਵੀ 20.57 ਫੀਸਦੀ ਹੋ ਗਈ ਹੈ ਤੇ ਹੁਣ ਤਕ ਕਰੀਬ ਪੰਜ ਹਜ਼ਾਰ ਲੋਕ ਸਿਹਤਮੰਦ ਹੋਏ ਹਨ। ਉਥੇ, ਕੇਂਦਰੀ ਸਿਹਤ ਮੰਤਰਾਲੇ ਦੇ ਅੰਕੜਿਆਂ ਮੁਤਾਬਕ ਇਸ ਮਹਾਮਾਰੀ ਨਾਲ ਦੇਸ਼ 'ਚ ਹੁਣ ਤਕ 723 ਲੋਕਾਂ ਦੀ ਜਾਨ ਗਈ ਹੈ ਤੇ 23,452 ਲੋਕ ਇਨਫੈਕਟਿਡ ਹੋਏ ਹਨ। 4,814 ਮਰੀਜ਼ ਹੁਣ ਤਕ ਪੂਰੀ ਤਰ੍ਹਾਂ ਸਿਹਤਮੰਦ ਵੀ ਹੋਏ ਹਨ।

ਸੂੁਬਾ ਸਰਕਾਰਾਂ ਤੇ ਕੇਂਦਰੀ ਸਿਹਤ ਮੰਤਰਾਲੇ ਦੇ ਅੰਕੜਿਆਂ 'ਚ ਇਹ ਫਰਕ ਸੂਬਿਆਂ ਤੋਂ ਕੇਂਦਰ ਨੂੰ ਅੰਕੜੇ ਮਿਲਣ 'ਚ ਦੇਰੀ ਦਾ ਕਾਰਨ ਰਹਿੰਦਾ ਹੈ। ਉਥੇ ਕਈ ਏਜੰਸੀਆਂ ਸਿੱਧਾ ਸੂਬਾ ਸਰਕਾਰਾਂ ਤੋਂ ਅੰਕੜਾ ਹਾਸਲ ਕਰਦੀਆਂ ਹਨ।

ਸੂਬਾ ਸਰਕਾਰਾਂ ਤੋਂ ਮਿਲੇ ਅੰਕੜਿਆਂ ਮੁਤਾਬਕ ਸ਼ੁੱਕਰਵਾਰ ਨੂੰ 46 ਲੋਕਾਂ ਦੀ ਮੌਤ ਹੋਈ ਹੈ। ਇਨ੍ਹਾਂ ਵਿਚੋਂ ਮਹਾਰਾਸ਼ਟਰ 'ਚ 18, ਗੁਜਰਾਤ 'ਚ 15, ਰਾਜਸਥਾਨ 'ਚ ਚਾਰ, ਮੱਧ ਪ੍ਰਦੇਸ਼ ਤੇ ਬੰਗਾਲ 'ਚ ਤਿੰਨ-ਤਿੰਨ, ਤਾਮਿਲਨਾਡੂ 'ਚ ਦੋ ਤੇ ਕੇਰਲ 'ਚ ਇਕ ਮੌਤ ਸ਼ਾਮਲ ਹੈ। ਕੇਰਲ 'ਚ ਤਾਂ ਚਾਰ ਮਹੀਨੇ ਦੀ ਇਕ ਬੱਚੀ ਦੀ ਮੌਤ ਹੋਈ ਹੈ। ਦੇਸ਼ 'ਚ ਹੁਣ ਤਕ ਇਸ ਮਹਾਮਾਰੀ ਨਾਲ 767 ਲੋਕਾਂ ਦੀ ਮੌਤ ਹੋ ਚੁੱਕੀ ਹੈ। ਸ਼ੁੱਕਰਵਾਰ ਨੂੰ 987 ਨਵੇਂ ਮਾਮਲੇ ਸਾਹਮਣੇ ਆਏ ਹਨ ਤੇ ਇਨਫੈਕਟਿਡਾਂ ਦਾ ਅੰਕੜਾ 24,116 'ਤੇ ਪੁੱਜ ਗਿਆ ਹੈ।

ਮੁੰਬਈ 'ਚ ਹਾਲਾਤ ਬੇਹੱਦ ਚਿੰਤਾਜਨਕ,ਵੱਡੇ ਕਹਿਰ ਦਾ ਖਦਸਾ

ਮਹਾਰਾਸ਼ਟਰ 'ਚ ਹਾਲਾਤ ਤਾਂ ਖ਼ਰਾਬ ਹਨ ਹੀ ਮੁੰਬਈ 'ਚ ਹਾਲਾਤ ਚਿੰਤਾਜਨਕ ਬਣਦੇ ਜਾ ਰਹੇ ਹਨ। ਸੂਬੇ 'ਚ ਸ਼ੁੱਕਰਵਾਰ ਨੂੰ ਕੁਲ 394 ਨਵੇਂ ਮਾਮਲੇ ਸਾਹਮਣੇ ਆਏ, ਇਨ੍ਹਾਂ ਵਿਚੋਂ ਇਕੱਲੇ ਮੁੰਬਈ 'ਚ ਹੀ 357 ਮਾਮਲੇ ਸਨ। ਮੁੰਬਈ ਦੀ ਧਾਰਾਵੀ ਬਸਤੀ 'ਚ ਛੇ ਨਵੇਂ ਕੇਸ ਮਿਲੇ ਹਨ, ਜਦਕਿ ਨਾਸਿਕ 'ਚ ਦੋ ਲੋਕਾਂ ਦੀ ਮੌਤ ਹੋਈ ਹੈ ਤੇ ਇਕ ਹੀ ਪਰਿਵਾਰ ਦੇ ਛੇ ਲੋਕ ਇਨਫੈਕਟਿਡ ਪਾਏ ਗਏ ਹਨ। ਮਹਾਰਾਸ਼ਟਰ 'ਚ ਇਨਫੈਕਟਿਡਾਂ ਦੀ ਗਿਣਤੀ 6,817 ਹੋ ਗਈ ਹੈ, ਜਦਕਿ ਮੁੰਬਈ 'ਚ ਇਹ ਅੰਕੜਾ 4,589 'ਤੇ ਪੁੱਜ ਗਿਆ ਹੈ।

ਗੁਜਰਾਤ 'ਚ  ਮੌਤਾਂ ਦੀ ਗਿਣਤੀ ਹੋਈ 15 

ਗੁਜਰਾਤ 'ਚ ਸਥਿਤੀ ਖ਼ਰਾਬ ਹੋ ਰਹੀ ਹੈ। ਸੂਬੇ 'ਚ 191 ਨਵੇਂ ਮਾਮਲੇ ਮਿਲੇ ਹਨ ਤੇ 15 ਲੋਕਾਂ ਦੀ ਮੌਤ ਹੋਈ ਹੈ। ਸੂਬੇ 'ਚ ਇਨਫੈਕਟਿਡ ਲੋਕਾਂ ਦਾ ਅੰਕੜਾ 2,851 ਹੋ ਗਿਆ ਹੈ ਤੇ ਹੁਣ ਤਕ 127 ਲੋਕਾਂ ਦੀ ਜਾਨ ਵੀ ਜਾ ਚੁੱਕੀ ਹੈ। ਰਾਜਧਾਨੀ ਦਿੱਲੀ 'ਚ ਵੀ ਇਨਫੈਕਟਿਡ ਲੋਕਾਂ ਦਾ ਅੰਕੜਾ 2,514 ਹੋ ਗਿਆ ਹੈ। ਸ਼ੁੱਕਰਵਾਰ ਨੂੰ 138 ਨਵੇਂ ਮਾਮਲੇ ਸਾਹਮਣੇ ਆਏ।

ਉੱਤਰ ਪ੍ਰਦੇਸ਼ 'ਚ 94 ਨਵੇਂ ਮਾਮਲੇ ਆਏ ਸਾਮਣੇ

ਸ਼ੁੱਕਰਵਾਰ ਨੂੰ ਉੱਤਰ ਪ੍ਰਦੇਸ਼ 'ਚ 94 ਨਵੇਂ ਮਾਮਲੇ ਸਾਹਮਣੇ ਆਏ ਤੇ ਇਨਫੈਕਟਿਡਾਂ ਦਾ ਅੰਕੜਾ 1,604 ਹੋ ਗਿਆ। ਪਿਛਲੇ ਕੁਝ ਦਿਨਾਂ ਤੋਂ ਸੂਬੇ 'ਚ ਨਵੇਂ ਮਾਮਲਿਆਂ 'ਚ ਤੇਜ਼ੀ ਨਾਲ ਵਾਧਾ ਹੋਇਆ ਹੈ। ਬਿਹਾਰ 'ਚ ਵੀ 44 ਨਵੇਂ ਮਾਮਲੇ ਮਿਲੇ ਹਨ ਤੇ ਅੰਕੜਾ 214 ਹੋ ਗਿਆ ਹੈ। ਨਵੇਂ ਮਾਮਲਿਆਂ 'ਚ ਸਭ ਤੋਂ ਜ਼ਿਆਦਾ ਮੁੰਗੇਰ ਜ਼ਿਲ੍ਹੇ 'ਚ ਹੀ 21 ਮਾਮਲੇ ਸ਼ਾਮਲ ਹਨ। ਝਾਰਖੰਡ 'ਚ ਇਕ ਨਵਾਂ ਕੇਸ ਮਿਲਿਆ ਹੈ ਤੇ ਅੰਕੜਾ 58 ਹੋ ਗਿਆ ਹੈ।

ਮੱਧ ਪ੍ਰਦੇਸ਼ 'ਚ ਵੀ ਹਲਾਤ ਖ਼ਰਾਬ

ਮੱਧ ਪ੍ਰਦੇਸ਼ 'ਚ ਹਾਲਾਤ ਖ਼ਰਾਬ ਹੁੰਦੇ ਜਾ ਰਹੇ ਹਨ। ਉਥੇ 55 ਨਵੇਂ ਮਾਮਲੇ ਤਾਂ ਮਿਲੇ ਹੀ ਤਿੰਨ ਲੋਕਾਂ ਦੀ ਮੌਤ ਵੀ ਹੋਈ ਹੈ। ਹੁਣ ਤਕ ਸੂਬੇ 'ਚ ਕੋਰੋਨਾ ਨਾਲ 92 ਲੋਕਾਂ ਦੀ ਜਾਨ ਜਾ ਚੁੱਕੀ ਹੈ ਤੇ 1,832 ਇਨਫੈਕਟਿਡ ਹੋਏ ਹਨ।

ਖੁਸ਼ਖਬਰੀ,ਕੇਰਲ 'ਚ ਹਾਲਾਤ ਕਾਬੂ 'ਚ

ਦੱਖਣੀ ਭਾਰਤ ਦੇ ਸੂਬਿਆਂ 'ਚ ਕੇਰਲ ਦੀ ਸਥਿਤੀ ਕਾਬੂ 'ਚ ਨਜ਼ਰ ਆ ਰਹੀ ਹੈ। ਪਿਛਲੇ ਦੋ ਤਿੰਨ ਦਿਨ ਬਾਅਦ ਫਿਰ ਨਵੇਂ ਮਾਮਲਿਆਂ 'ਚ ਕਮੀ ਆਈ ਹੈ। ਸ਼ੁੱਕਰਵਾਰ ਨੂੰ ਤਿੰਨ ਨਵੇਂ ਮਾਮਲੇ ਹਨ ਪਰ ਚਾਰ ਮਹੀਨਿਆਂ ਦੀ ਇਕ ਬੱਚੀ ਦੀ ਜਾਨ ਚਲੀ ਗਈ ਹੈ। ਸੂਬੇ 'ਚ ਹੁਣ ਤਕ ਮਿਲੇ ਇਨਫੈਕਟਿਡਾਂ ਦੀ ਗਿਣਤੀ 450 ਹੋ ਗਈ ਹੈ ਪਰ ਸਰਗਰਮ ਮਾਮਲੇ ਸਿਰਫ 116 ਹੀ ਰਹਿ ਗਏ ਹਨ, ਬਾਕੀ ਮਰੀਜ਼ ਸਿਹਤਮੰਤ ਹੋ ਕੇ ਆਪਣੇ ਘਰ ਜਾ ਚੁੱਕੇ ਹਨ। ਤਿੰਨ ਲੋਕਾਂ ਦੀ ਹੁਣ ਤਕ ਮੌਤ ਹੋਈ ਹੈ। ਕਰਨਾਟਕ 'ਚ 27 ਨਵੇਂ ਕੇਸ ਮਿਲੇ ਹਨ ਤੇ ਇਨਫੈਕਟਿਡ ਲੋਕਾਂ ਦੀ ਗਿਣਤੀ 474 ਹੋ ਗਈ ਹੈ। ਤਾਮਿਲਨਾਡੂ 'ਚ 72 ਨਵੇਂ ਮਾਮਲੇ ਸਾਹਮਣੇ ਆਏ ਹਨ ਤੇ ਕੁਲ ਮਰੀਜ਼ਾਂ ਦਾ ਅੰਕੜਾ 1,755 ਹੋ ਗਿਆ ਹੈ।

ਬੰਗਾਲ 'ਚ  ਗਿਣਤੀ 500 ਤੋਂ ਪਾਰ

ਬੰਗਾਲ 'ਚ ਕੋਰੋਨਾ ਮਰੀਜ਼ਾਂ ਦੀ ਗਿਣਤੀ 500 ਤੋਂ ਪਾਰ ਹੋ ਗਈ ਹੈ। ਸ਼ੁੱਕਰਵਾਰ ਨੂੰ 53 ਨਵੇਂ ਕੇਸ ਮਿਲੇ ਤੇ ਇਨਫੈਕਟਿਡਾਂ ਦੀ ਗਿਣਤੀ 514 ਹੋ ਗਈ ਹੈ। ਓਡੀਸ਼ਾ 'ਚ ਪੰਜ ਨਵੇਂ ਕੇਸ ਪਾਏ ਗਏ ਹਨ ਤੇ 94 ਲੋਕ ਇਨਫੈਕਟਿਡ ਹੋ ਗਏ ਹਨ।

ਰਾਜਸਥਾਨ ਚ  ਗਿਣਤੀ  ਪਹੁੰਚੀ 2000 ਤੇ

ਰਾਜਸਥਾਨ 'ਚ ਹੋਰ 44 ਮਾਮਲੇ ਹਨ ਤੇ ਇਨਫੈਕਟਿਡਾਂ ਦੀ ਗਿਣਤੀ 2008 ਹੋ ਗਈ ਹੈ। ਇਥੇ ਚਾਰ ਲੋਕਾਂ ਦੀ ਜਾਨ ਵੀ ਗਈ ਹੈ ਤੇ ਮਰਨ ਵਾਲਿਆਂ ਦੀ ਗਿਣਤੀ ਵੀ 32 'ਤੇ ਪੁੱਜ ਗਈ ਹੈ। ਜੰਮੂ-ਕਸ਼ਮੀਰ 'ਚ ਵੀ 20 ਨਵੇਂ ਮਾਮਲੇ ਮਿਲੇ ਹਨ ਤੇ ਇਹ ਸਾਰੇ ਮਾਮਲੇ ਕਸ਼ਮੀਰ 'ਚ ਸਾਹਮਣੇ ਆਏ ਹਨ। ਸੂਬੇ 'ਚ ਹੁਣ ਤਕ 554 ਇਨਫੈਕਟਿਡ ਮਿਲ ਚੁੱਕੇ ਹਨ। ਪੰਜਾਬ 'ਚ 11 ਨਵੇਂ ਕੇਸ ਸਾਹਮਣੇ ਆਏ ਹਨ ਤੇ ਕੁਲ 298 ਇਨਫੈਕਟਿਡ ਹੋਏ ਗਏ ਹਨ। ਹਰਿਆਣੇ 'ਚ ਪੰਜ ਨਵੇਂ ਮਾਮਲੇ ਸਾਹਮਣੇ ਆਏ ਹਨ ਤੇ ਇਨਫੈਕਟਿਡਾਂ ਦੀ ਗਿਣਤੀ 275 ਹੋ ਗਈ ਹੈ।

ਅੱਜ ਤੋਂ ਰਮਜ਼ਾਨ ਦਾ ਮਹੀਨਾ ਸ਼ੁਰੂ ਤੇ ਰੱਖੇ ਜਾਣਗੇ ਰੋਜ਼ੇ 

ਪ੍ਰਧਾਨ ਮੰਤਰੀ ਨੇ ਦਿੱਤੀ ਮੁਬਾਰਕਬਾਦ

ਨਵੀਂ ਦਿੱਲੀ,ਅਪ੍ਰੈਲ 2020 -(ਏਜੰਸੀ)- ਕੋਰੋਨਾ ਸੰਕਟ ਦੌਰਾਨ ਦੇਸ਼ ਦੇ ਕਈ ਹਿੱਸਿਆਂ 'ਚ ਸ਼ੁੱਕਰਵਾਰ ਨੂੰ ਚੰਦ ਦਿਖਾਈ ਦਿੱਤਾ। ਸ਼ਨਿਚਰਵਾਰ ਤੋਂ ਮੁਸਲਮਾਨਾਂ ਦੇ ਪਵਿੱਤਰ ਰਮਜ਼ਾਨ ਦੀ ਸ਼ੁਰੂਆਤ ਹੋ ਗਈ ਹੈ। ਸ਼ਨਿਚਰਵਾਰ ਤੋਂ ਲੋਕ ਰੋਜ਼ਾ ਰੱਖਣਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੁਸਲਮਾਨਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਰਮਜ਼ਾਨ ਮੁਬਾਰਕ, ਮੈਂ ਸਾਰਿਆਂ ਦੀ ਸੁਰੱਖਿਆ, ਕਲਿਆਣ ਤੇ ਖੁਸ਼ਹਾਲੀ ਲਈ ਪ੍ਰਾਰਥਨਾ ਕਰਦਾ ਹਾਂ। ਇਹ ਪਵਿੱਤਰ ਮਹੀਨਾ ਆਪਣੇ ਨਾਲ ਦਯਾ, ਸਦਭਾਵ ਤੇ ਕਰੁਣਾ ਲਿਆਵੇਗਾ। ਅਸੀਂ ਕੋਵਿਡ-19 ਖ਼ਿਲਾਫ਼ ਚੱਲ ਰਹੀ ਲੜਾਈ 'ਚ ਫ਼ੈਸਲਾਕੁੰਨ ਜਿੱਤ ਹਾਸਲ ਕਰੀਏ ਤੇ ਇਕ ਸਿਹਤਮੰਦ ਦੁਨੀਆ ਬਣਾਈਏ।

 

ਰੋਜ਼ੇ ਲਗਤਾਰ 29 ਜਾਂ 30 ਦਿਨ ਰੱਖਦੇ ਜਾਂਦੇ ਹਨ

ਮੁਸਲਮਾਨ ਰਮਜ਼ਾਨ ਮਹੀਨੇ ਯਾਨੀ ਚੰਦ ਦੀ ਤਾਰੀਕ ਅਨੁਸਾਰ 29 ਜਾਂ 30 ਦਿਨ ਦੇ ਰੋਜ਼ੇ ਰੱਖਦੇ ਹਨ। ਰਮਜ਼ਾਨ ਹਿਜਰੀ ਕੈਲੰਡਰ ਦੇ ਇਸ 9ਵੇਂ ਮਹੀਨੇ ਮੁਸਲਿਮ ਸਮਾਜ ਦੇ ਲੋਕ ਰੋਜ਼ਾ ਰੱਖਦੇ ਹਨ। ਰੋਜ਼ਾ ਇਕ ਅਜਿਹਾ ਵਰਤ ਹੁੰਦਾ ਹੈ, ਜਿਹੜਾ ਸੂਰਜ ਚੜ੍ਹਨ ਤੋਂ ਪਹਿਲਾਂ ਸ਼ੁਰੂ ਹੁੰਦਾ ਹੈ ਤੇ ਸੂਰਜ ਡੁੱਬਣ ਤਕ ਚੱਲਦਾ ਹੈ। ਜੋ ਲੋਕ ਰੋਜ਼ਾ ਰੱਖਦੇ ਹਨ ਉਹ ਸਹਿਰੀ ਤੇ ਇਫ਼ਤਾਰ ਦੇ ਵਿਚਕਾਰ ਕੁਝ ਵੀ ਨਹੀਂ ਖਾ-ਪੀ ਸਕਦੇ। ਸਹਿਰੀ ਸਵੇਰ ਦਾ ਖਾਣਾ ਹੁੰਦਾ ਹੈ ਜੋ ਵਰਤ ਸ਼ੁਰੂ ਹੋਣ ਤੋਂ ਪਹਿਲਾਂ ਖਾਧਾ ਜਾਂਦਾ ਹੈ, ਉੱਥੇ ਹੀ ਇਫ਼ਤਾਰ ਦਿਨਭਰ ਵਰਤ ਪੂਰਾ ਹੋਣ 'ਤੇ ਸ਼ਾਮ ਵੇਲੇ ਕੀਤਾ ਜਾਂਦਾ ਹੈ। ਇਫ਼ਤਾਰ ਦਾ ਮਤਲਬ ਵਰਤ ਖੋਲ੍ਹਣਾ ਹੁੰਦਾ ਹੈ।

ਇਫ਼ਤਾਰ ਦੇ ਰੂਪ 'ਚ ਜ਼ਿਆਦਾਤਰ ਲੋਕ, ਫਲ਼, ਖਜੂਰ ਤੇ ਅੰਕੁਰਿਤ ਛੋਲਿਆਂ ਦਾ ਸੇਵਨ ਕਰਦੇ ਹਨ। ਰਮਜ਼ਾਨ ਵੇਲੇ ਰੋਜ਼ਾ ਰੱਖਣ ਵਾਲੇ ਸਾਰੇ ਮੁਸਲਮਾਨ ਪੰਜ ਵਕਤ ਦੀ ਨਮਾਜ਼ ਪੜ੍ਹਨੀ ਨਹੀਂ ਭੁੱਲਦੇ। ਕੋਰੋਨਾ ਵਾਇਰਸ ਦੇ ਪਸਾਰੇ ਤੇ ਦੇਸ਼ ਵਿਚ ਲਾਕਡਾਊਨ ਲਾਗੂ ਹੋਣ ਕਾਰਨ ਲੋਕਾਂ ਨੂੰ ਮਸਜਿਦ ਦੀ ਬਜਾਏ ਘਰ 'ਚ ਹੀ ਨਮਾਜ਼ ਪੜ੍ਹਨ ਲਈ ਕਿਹਾ ਹੈ।

 

ਲਾਕਡਾਊ ਕਾਰਨ ਲੋਕਾਂ ਨੂੰ ਨਿਯਮਾਂ ਦੀ ਪਾਲਣਾ ਕਰਨ ਦੀ ਅਪੀਲ

ਦੇਸ਼ ਦੇ ਪ੍ਰਮੁੱਖ ਉਲੇਮਾ ਨੇ ਕਿਹਾ ਹੈ ਕਿ ਲਾਕਡਾਊਨ 'ਚ ਕੋਰੋਨਾ ਵਾਇਰਸ ਤੋਂ ਬਚਾਅ ਲਈ ਪੰਜ ਧਾਰਮਿਕ ਲੋਕਾਂ ਦੇ ਸਿਵਾਏ ਕੋਈ ਵੀ ਵਿਅਕਤੀ ਮਸਜਿਦ 'ਚ ਨਾ ਆਵੇ, ਪੰਜ ਵਕਤ ਦੀ ਨਮਾਜ਼, ਜੁੰਮਾ ਤੇ ਨਮਾਜ਼ੇ ਤਰਾਵੀਹ ਆਪੋ-ਆਪਣੇ ਘਰਾਂ ਅੰਦਰ ਹੀ ਅਦਾ ਕਰਨ। ਉੱਥੇ ਹੀ ਸਾਊਦੀ ਅਰਬ 'ਚ ਮਾਹ-ਏ-ਰਮਜ਼ਾਨ ਸ਼ੁਰੂ ਹੋ ਚੁੱਕਾ ਹੈ। ਅਸਲ ਵਿਚ ਸਾਊਦੀ ਅਰਬ 'ਚ ਭਾਰਤ ਤੋਂ ਇਕ ਦਿਨ ਪਹਿਲਾਂ ਰਮਜ਼ਾਨ ਸ਼ੁਰੂ ਹੁੰਦਾ ਹੈ। ਈਦ ਵੀ ਇਕ ਦਿਨ ਪਹਿਲਾਂ ਮਨਾਈ ਜਾਂਦੀ ਹੈ।

ਅਦਾਕਾਰਾ ਜਯਾ ਭੱਟਾਚਾਰੀਆ ਨੇ ਮੁੰਡਵਾ ਲਿਆ ਆਪਣਾ ਸਿਰ 

ਕੈਂਸਰ ਪੀੜਤਾਂ ਨੂੰ ਦਾਨ ਕਰੇਗੀ ਵਾਲ

ਨਵੀਂ ਦਿੱਲੀ,ਅਪ੍ਰੈਲ 2020 -(ਏਜੰਸੀ)-

 ਕਿਸੇ ਵੀ ਅਦਾਕਾਰ ਲਈ ਉਸਦਾ ਲੁਕ ਸਭ ਤੋਂ ਵੱਧ ਮਹੱਤਵ ਰੱਖਦਾ ਹੈ ਪਰ ਟੀਵੀ ਇੰਡਸਟਰੀ ਵਿਚ ਇਕ ਅਜਿਹੀ ਅਦਾਕਾਰਾ ਹੈ, ਜਿਸ ਦੇ ਲਈ ਉਸ ਦਾ ਲੁਕ ਉਸਨੂੰ ਮੈਟਰ ਨਹੀਂ ਕਰਦਾ ਬਲਕਿ ਸਿਰਫ ਐਕਟਿੰਗ ਮੈਟਰ ਕਰਦੀ ਹੈ। ਇਸੇ ਵਜ੍ਹਾ ਨਾਲ ਅਦਾਕਾਰਾ ਨੇ ਲਾਕਡਾਊਨ ਦੌਰਾਨ ਅਜਿਹਾ ਕਦਮ ਚੁੱਕਿਆ ਹੈ, ਜੋ ਚੁੱਕਣਾ ਕਿਸੇ ਹੋਰ ਔਰਤ ਜਾਂ ਅਦਾਕਾਰ ਲਈ ਕਾਫੀ ਵੱਡੀ ਗੱਲ ਹੋਵੇਗੀ। ਅਸੀਂ ਗੱਲ਼ ਕਰ ਰਹੇ ਹਾਂ ਅਦਾਕਾਰਾ ਜਯਾ ਭੱਟਾਚਾਰੀਆ ਦੀ।

ਜਯਾ ਭੱਟਾਚਾਰੀਆ ਉਨ੍ਹਾਂ ਕਾਲਾਕਾਰਾਂ ਵਿਚੋਂ ਇਕ ਹੈ ਜੋ ਕੋਰੋਨਾ ਵਾਇਰਸ ਖਿਲਾਫ ਲੋਕਾਂ ਦੀ ਮਦਦ ਕਰਨ ਲਈ ਜ਼ਮੀਨ ਉੱਤੇ ਉੱਤਰੀ ਹੋਈ ਹੈ। ਜਯਾ ਲੋਕਾਂ ਦੇ ਵਿਚਕਾਰ ਜਾ ਕੇ ਉਨ੍ਹਾਂ ਨੂੰ ਖਾਣਾ ਦੇ ਰਹੀ ਹੈ ਅਤੇ ਉਨ੍ਹਾਂ ਦੀ ਹੈਲਪ ਕਰ ਰਹੀ ਹੈ ਪਰ ਇਸ ਸਭ ਦੌਰਾਨ ਇਕ ਚੀਜ਼ ਹੈ ਜੋ ਅਦਾਕਾਰਾ ਨੂੰ ਪ੍ਰੇਸ਼ਾਨ ਕਰ ਰਹੀ ਹੈ, ਉਹ ਹਨ ਉਸਦੇ ਆਪਣੇ ਵਾਲ। ਇਨ੍ਹਾਂ ਸਾਰੇ ਕੰਮਾਂ ਦੇ ਵਿਚਕਾਰ ਜਯਾ ਆਪਣੇ ਵਾਲਾਂ ਤੋਂ ਬਹੁਤ ਪ੍ਰੇਸ਼ਾਨ ਨਜ਼ਰ ਆ ਰਹੀ ਹੈ। ਇਸੇ ਕਾਰਨ ਉਸਨੇ ਆਪਣਾ ਸਿਰ ਮੁੰਡਵਾ ਲਿਆ ਹੈ। ਆਪਣਾ ਵਾਲਾਂ ਤੋਂ ਜਯਾ ਇਨ੍ਹੀਂ ਪ੍ਰੇਸ਼ਾਨ ਹੋ ਗਈ ਕਿ ਉਨ੍ਹਾਂ ਨੇ ਆਪਣੇ ਸਾਰੇ ਵਾਲ ਉਤਰਵਾ ਦਿੱਤੇ ਅਤੇ ਉਹ ਗੰਜ਼ੀ ਹੋ ਗਈ। 

ਕੋਰੋਨਾ ਕਾਲ 'ਚ ਅਪਣਾਓ ਨਵਾਂ ਡਿਜੀਟਲ ਕੰਮ ਸੱਭਿਆਚਾਰ - ਮੋਦੀ

ਨਵੀਂ ਦਿੱਲੀ,ਅਪ੍ਰੈਲ 2020 -(ਏਜੰਸੀ)-

 ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਰੋਨਾ ਵਾਇਰਸ ਤੋਂ ਪੈਦਾ ਹੋਏ ਹਾਲਾਤ 'ਚ ਲੋਕਾਂ ਨੂੰ ਆਪਣੀ ਜੀਵਨ ਸ਼ੈਲੀ ਵਿਚ ਤਬਦੀਲੀ ਲਿਆਉਣ ਅਤੇ ਡਿਜੀਟਲ ਕੰਮ ਸੱਭਿਆਚਾਰ ਅਪਣਾਉਣ ਦਾ ਸੱਦਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਇਨਫੈਕਸ਼ਨ ਦੇ ਚੱਲਦਿਆਂ ਲਾਕਡਾਊਨ 'ਚ ਘਰ ਨੇ ਦਫ਼ਤਰ ਤੇ ਇੰਟਰਨੈੱਟ ਨੇ ਮੀਟਿੰਗ ਰੂਮ ਦਾ ਸਥਾਨ ਲੈ ਲਿਆ ਹੈ। ਦੁਨੀਆ ਨਵੇਂ ਬਿਜ਼ਨਸ ਮਾਡਲ ਦੀ ਤਲਾਸ਼ ਵਿਚ ਹੈ। ਅਜਿਹੇ ਵਿਚ ਹਮੇਸ਼ਾ ਕੁਝ ਨਵਾਂ ਕਰਨ ਦੇ ਚਾਹਵਾਨ ਨੌਜਵਾਨਾਂ ਨਾਲ ਖ਼ੁਸ਼ਹਾਲ ਭਾਰਤ ਦੁਨੀਆ ਨੂੰ ਨਵਾਂ ਕੰਮ ਸੱਭਿਆਚਾਰ ਦਾ ਰਾਹ ਦਿਖਾ ਸਕਦਾ ਹੈ।

ਪ੍ਰਧਾਨ ਮੰਤਰੀ ਮੋਦੀ ਨੇ ਐਤਵਾਰ ਨੂੰ ਸੋਸ਼ਲ ਮੀਡੀਆ ਸਾਈਟ ਲਿੰਕਡਇਨ 'ਤੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਸਦੀ ਦੇ ਤੀਜੇ ਦਹਾਕੇ ਦੀ ਸ਼ੁਰੂਆਤ ਬੜੀ ਉਥਲ-ਪੁਥਲ ਨਾਲ ਹੋਈ ਹੈ। ਕੋਵਿਡ-19 ਨੇ ਅਨੇਕਾਂ ਰੁਕਾਵਟਾਂ ਖੜ੍ਹੀਆਂ ਕਰ ਦਿੱਤੀਆਂ ਹਨ। ਅਜਿਹੀ ਸੂਰਤ 'ਚ ਸਮੇਂ ਦੀ ਮੰਗ ਹੈ ਕਿ ਬਿਜ਼ਨਸ ਤੇ ਜੀਵਨ ਸ਼ੈਲੀ ਦੇ ਅਜਿਹੇ ਮਾਡਲਾਂ 'ਤੇ ਵਿਚਾਰ ਕੀਤਾ ਜਾਵੇ ਜਿਨ੍ਹਾਂ ਨੂੰ ਅਪਣਾਉਣਾ ਸੌਖਾ ਤੇ ਸਹਿਜ ਹੋਵੇ।

ਕੋਰੋਨਾ ਵਾਇਰਸ ਨੇ ਪੇਸ਼ੇਵਰ ਜੀਵਨ ਵਿਚ ਮਹੱਤਵਪੂਰਨ ਤਬਦੀਲੀ ਲਿਆ ਦਿੱਤੀ ਹੈ। ਇਨ੍ਹੀਂ ਦਿਨੀਂ ਘਰ ਵਿਚ ਹੀ ਦਫ਼ਤਰ ਹੈ ਅਤੇ ਸਾਰਾ ਕੰਮ ਇੰਟਰਨੈੱਟ ਨਾਲ ਹੋ ਰਿਹਾ ਹੈ। ਪੀਐੱਮ ਨੇ ਕਿਹਾ ਕਿ ਖ਼ੁਦ ਮੈਂ ਵੀ ਇਨ੍ਹਾਂ ਤਬਦੀਲੀਆਂ ਨੂੰ ਅਪਣਾ ਰਿਹਾ ਹਾਂ। ਮੰਤਰੀਆਂ ਤੇ ਸਹਿਯੋਗੀਆਂ ਨਾਲ ਜ਼ਿਆਦਾਤਰ ਮੀਟਿੰਗਾਂ ਵੀਡੀਓ ਕਾਨਫਰੰਸਿੰਗ ਜ਼ਰੀਏ ਹੋ ਰਹੀਆਂ ਹਨ।

ਲੋਕ ਅਜਿਹੇ ਹਾਲਾਤ 'ਚ ਵੀ ਆਪਣਾ ਕੰਮ ਰਚਨਾਤਮਕ ਤਰੀਕੇ ਨਾਲ ਕਰ ਰਹੇ ਹਨ। ਕੰਮਕਾਜੀ ਖੇਤਰ ਵਿਚ ਡਿਜੀਟਲ ਤੌਰ-ਤਰੀਕੇ ਸਭ ਤੋਂ ਮਹੱਤਵਪੂਰਨ ਹੋ ਗਏ ਹਨ। ਤਕਨੀਕ ਵਿਚ ਤਬਦੀਲੀ ਦਾ ਅਸਰ ਗ਼ਰੀਬਾਂ ਦੀ ਜ਼ਿੰਦਗੀ 'ਤੇ ਪੈਂਦਾ ਹੈ ਤੇ ਇਸ ਨੇ ਨੌਕਰਸ਼ਾਹੀ ਦੀਆਂ ਪੌੜੀਆਂ ਤੇ ਵਿਚੋਲਿਆਂ ਦੀ ਭੂਮਿਕਾ ਨੂੰ ਤਹਿਸ-ਨਹਿਸ ਕਰ ਦਿੱਤਾ ਹੈ। ਇਸ ਨਾਲ ਕਲਿਆਣਕਾਰੀ ਸਰਗਰਮੀਆਂ ਨੂੰ ਰਫ਼ਤਾਰ ਮਿਲੀ ਹੈ। ਖਾਤਿਆਂ ਨੂੰ ਆਧਾਰ ਤੇ ਮੋਬਾਈਲ ਨਾਲ ਜੋੜਨ ਦਾ ਲਾਭ ਭਿ੍ਸ਼ਟਾਚਾਰ ਨੂੰ ਰੋਕਣ ਵਿਚ ਮਿਲਿਆ ਹੈ। ਇਕ ਕਲਿਕ ਨਾਲ ਹੀ ਲੋਕਾਂ ਦੇ ਖਾਤਿਆਂ ਵਿਚ ਰਕਮ ਪੁੱਜ ਜਾਂਦੀ ਹੈ। ਵੱਖ-ਵੱਖ ਮੇਜ਼ਾਂ 'ਤੇ ਫਾਈਲਾਂ ਦੀ ਦੌੜ ਬੇਮਾਅਨੀ ਹੋਣ ਨਾਲ ਹਫ਼ਤਿਆਂ ਦੀ ਦੇਰ ਬੰਦ ਹੋ ਗਈ ਹੈ। ਭਾਰਤ ਕੋਲ ਇਸ ਤਰ੍ਹਾਂ ਦਾ ਦੁਨੀਆ ਦਾ ਸਭ ਤੋਂ ਵੱਡਾ ਢਾਂਚਾਗਤ ਨੈੱਟਵਰਕ ਉਪਲਬਧ ਹੈ। ਇਸ ਨਾਲ ਅਸੀਂ ਕਰੋੜਾਂ ਗ਼ਰੀਬਾਂ ਦੀ ਮਦਦ ਕਰ ਪਾ ਰਹੇ ਹਾਂ। ਸਿੱਖਿਆ ਦੇ ਖੇਤਰ ਵਿਚ ਵੀ ਸਾਡੇ ਪੇਸ਼ਾਵਰ ਮਾਹਿਰ ਤਕਨੀਕ ਦੀ ਮਦਦ ਸਿਰਜਣਾਤਮਕ ਤਰੀਕਿਆਂ ਦੀ ਖੋਜ ਕਰ ਰਹੇ ਹਨ। ਸਰਕਾਰ ਨੇ ਵੀ ਵਿਦਿਆਰਥੀਆਂ ਤੇ ਅਧਿਆਪਕਾਂ ਦੀ ਮਦਦ ਲਈ ਦੀਕਸ਼ਾ ਪੋਰਟਲ, ਸਵੈਂ, ਈ-ਪਾਠਸ਼ਾਲਾ ਵਰਗੇ ਈ-ਲਰਨਿੰਗ ਪਲੇਟਫਾਰਮ ਸ਼ੁਰੂ ਕੀਤੇ ਹਨ।

ਸ਼ਹਿਰੀ ਹਵਾਬਾਜ਼ੀ ਮੰਤਰੀ ਪੁਰੀ ਦੇ ਟਵੀਟ ਦੀ ਅਣਦੇਖੀ, ਏਅਰਲਾਈਨਾਂ ਕਰ ਰਹੀਆਂ ਬੁਕਿੰਗ

ਨਵੀਂ ਦਿੱਲੀ ,ਅਪ੍ਰੈਲ 2020 -(ਏਜੰਸੀ)- ਸ਼ਹਿਰੀ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਦੇ ਟਵੀਟ 'ਤੇ ਧਿਆਨ ਨਾ ਦਿੰਦੇ ਹੋਏ ਏਅਰਲਾਈਨਾਂ ਚਾਰ ਮਈ ਤੋਂ ਚੋਣਵੀਆਂ ਉਡਾਣਾਂ ਦੀ ਬੁਕਿੰਗ ਕਰਨ ਵਿਚ ਲੱਗੀਆਂ ਹੋਈਆਂ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਤਕ ਉਨ੍ਹਾਂ ਨੂੰ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਵੱਲੋਂ ਲਿਖਤੀ ਆਦੇਸ਼ ਨਹੀਂ ਮਿਲਦਾ ਉਹ ਬੁਕਿੰਗ ਬੰਦ ਨਹੀਂ ਕਰਨਗੀਆਂ। ਹਾਲਾਂਕਿ, ਪੁਰੀ ਦੀ ਸਲਾਹ ਦੇ ਇਕ ਦਿਨ ਪਿੱਛੋਂ ਏਅਰ ਇੰਡੀਆ ਨੇ ਸਾਰੀਆਂ ਉਡਾਣਾਂ ਲਈ ਆਪਣੀ ਬੁਕਿੰਗ ਰੋਕ ਦਿੱਤੀ ਹੈ। ਏਅਰ ਇੰਡੀਆ ਦੇ ਇਕ ਅਧਿਕਾਰੀ ਨੇ ਐੇਤਵਾਰ ਨੂੰ ਕਿਹਾ ਕਿ ਜਿਨ੍ਹਾਂ ਯਾਤਰੀਆਂ ਨੇ ਟਿਕਟ ਕਟਵਾ ਰੱਖਿਆ ਹੈ ਉਨ੍ਹਾਂ ਨੂੰ ਭਵਿੱਖ ਦੀ ਯਾਤਰਾ ਲਈ ਕ੍ਰੈਡਿਟ ਵਾਊਚਰ ਮਿਲੇਗਾ।

ਐਤਵਾਰ ਨੂੰ ਏਅਰ ਇੰਡੀਆ ਵੱਲੋਂ ਚਾਰ ਮਈ ਤੋਂ ਘਰੇਲੂ ਉਡਾਣਾਂ ਅਤੇ ਇਕ ਜੂਨ ਤੋਂ ਕੌਮਾਂਤਰੀ ਉਡਾਣਾਂ ਦੀ ਬੁਕਿੰਗ ਦੇ ਐਲਾਨ ਪਿੱਛੋਂ ਨਿੱਜੀ ਏਅਰਲਾਈਨਾਂ ਨੇ ਵੀ ਘਰੇਲੂ ਉਡਾਣਾਂ ਦੀ ਬੁਕਿੰਗ ਆਰੰਭ ਕਰ ਦਿੱਤੀ ਹੈ। ਪੁਰੀ ਨੇ ਸ਼ਨਿਚਰਵਾਰ ਦੇਰ ਸ਼ਾਮ ਹੀ ਟਵੀਟ ਕਰ ਕੇ ਏਅਰਲਾਈਨਾਂ ਨੂੰ ਅਜਿਹਾ ਨਾ ਕਰਨ ਦੀ ਸਲਾਹ ਦਿੱਤੀ ਸੀ। ਉਨ੍ਹਾਂ ਦਾ ਕਹਿਣਾ ਸੀ ਕਿ ਜਦੋਂ ਤਕ ਸਰਕਾਰ ਉਡਾਣਾਂ ਸ਼ੁਰੂ ਕਰਨ ਦੇ ਬਾਰੇ ਵਿਚ ਕੋਈ ਫ਼ੈਸਲਾ ਨਹੀਂ ਲੈ ਲੈਂਦੀ ਤਦ ਤਕ ਏਅਰਲਾਈਨਾਂ ਨੂੰ ਕਿਸੇ ਤਰ੍ਹਾਂ ਦੀ ਬੁਕਿੰਗ ਸ਼ੁਰੂ ਨਹੀਂ ਕਰਨੀ ਚਾਹੀਦੀ।

ਸ਼ਹਿਰੀ ਹਵਾਬਾਜ਼ੀ ਮੰਤਰੀ ਦੇ ਟਵੀਟ ਦੇ ਬਾਵਜੂਦ ਚਾਰ ਮਈ ਤੋਂ ਬੁਕਿੰਗ ਸ਼ੁਰੂ ਕਰਨ ਬਾਰੇ ਪੁੱਛੇ ਜਾਣ 'ਤੇ ਐਤਵਾਰ ਨੂੰ ਵਿਸਤਾਰਾ ਅਤੇ ਏਅਰ ਏਸ਼ੀਆ ਇੰਡੀਆ ਨੇ ਕਿਹਾ ਕਿ ਹੁਣ ਤਕ ਉਨ੍ਹਾਂ ਨੂੰ ਸਰਕਾਰ ਵੱਲੋਂ ਬੁਕਿੰਗ ਨਾ ਕਰਨ ਬਾਰੇ ਕੋਈ ਲਿਖਤੀ ਆਦੇਸ਼ ਪ੍ਰਰਾਪਤ ਨਹੀਂ ਹੋਇਆ ਹੈ। ਵਿਸਤਾਰਾ ਦੇ ਬੁਲਾਰੇ ਨੇ ਕਿਹਾ ਕਿ ਇਸ ਸਬੰਧ ਵਿਚ ਅਸੀਂ ਮੰਤਰਾਲੇ ਦੇ ਨੋਟਿਸ ਦਾ ਇੰਤਜ਼ਾਰ ਕਰਾਂਗੇ। ਅਸੀਂ ਤਿੰਨ ਮਈ ਤਕ ਉਡਾਣਾਂ ਅਤੇ ਬੁਕਿੰਗ ਬੰਦ ਕਰ ਰੱਖੀ ਹੈ ਪ੍ਰੰਤੂ ਚਾਰ ਮਈ ਅਤੇ ਉਸ ਪਿੱਛੋਂ ਦੀਆਂ ਤਰੀਕਾਂ ਲਈ ਬੁਕਿੰਗ ਸਵੀਕਾਰ ਕਰ ਰਹੇ ਹਾਂ। ਜਿਵੇਂ ਹੀ ਮੰਤਰਾਲੇ ਵੱਲੋਂ ਸਥਿਤੀ ਸਪੱਸ਼ਟ ਕਰ ਦਿੱਤੀ ਜਾਵੇਗੀ ਅਸੀਂ ਬੁਕਿੰਗ ਬੰਦ ਕਰ ਦਿਆਂਗੇ।

ਏਅਰ ਏਸ਼ੀਆ ਇੰਡੀਆ ਦੇ ਬੁਲਾਰੇ ਨੇ ਵੀ ਕੁਝ ਇਸੇ ਤਰ੍ਹਾਂ ਦੀ ਪ੍ਰਤੀਕਿਰਿਆ ਦਿੱਤੀ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਤਿੰਨ ਮਈ ਤਕ ਲਾਕਡਾਊਨ ਐਲਾਨਿਆ ਗਿਆ ਹੈ। ਲਿਹਾਜ਼ਾ ਅਸੀਂ ਚਾਰ ਮਈ ਤੋਂ ਬੁਕਿੰਗ ਖੋਲ੍ਹ ਦਿੱਤੀ ਹੈ। ਏਅਰ ਏਸ਼ੀਆ ਇੰਡੀਆ ਦੇ ਬੁਲਾਰੇ ਦਾ ਕਹਿਣਾ ਸੀ ਕਿ ਉਡਾਣਾਂ ਦੀ ਬੁਕਿੰਗ ਇਸ ਲਈ ਸ਼ੁਰੂ ਕੀਤੀ ਗਈ ਹੈ ਕਿਉਂਕਿ ਹਜ਼ਾਰਾਂ ਯਾਤਰੀਆਂ ਨੂੰ ਪਹਿਲੇ ਤੋਂ ਯਾਤਰਾ ਦੀ ਤਿਆਰੀ ਕਰਨੀ ਪੈਂਦੀ ਹੈ। ਇਸ ਨਾਲ ਉਨ੍ਹਾਂ ਨੂੰ ਸਸਤੇ ਕਿਰਾਇਆਂ ਦਾ ਫ਼ਾਇਦਾ ਉਠਾਉਣ ਵਿਚ ਸਹੂਲਤ ਹੁੰਦੀ ਹੈ। ਸਾਨੂੰ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਜਾਂ ਡੀਜੀਸੀਏ ਵੱਲੋਂ ਬੁਕਿੰਗ ਨਾ ਕਰਨ ਦੇ ਬਾਰੇ ਵਿਚ ਕੋਈ ਰਸਮੀ ਨਿਰਦੇਸ਼ ਪ੍ਰਰਾਪਤ ਨਹੀਂ ਹੋਇਆ ਹੈ। ਵੈਸੇ ਵੀ ਜੇ ਲਾਕਡਾਊਨ ਦੀ ਮਿਆਦ ਵਧਾਈ ਜਾਂਦੀ ਹੈ ਤਾਂ ਉਸ ਦਿਸ਼ਾ ਵਿਚ ਲੋਕਾਂ ਕੋਲ ਆਪਣੀ ਯਾਤਰਾ ਦੀ ਨਵੀਂ ਤਰੀਕ ਤੈਅ ਕਰਨ ਦਾ ਬਦਲ ਹਮੇਸ਼ਾ ਮੌਜੂਦ ਰਹੇਗਾ।

ਇਸ ਤੋਂ ਪਹਿਲੇ ਅਨੇਕਾਂ ਯਾਤਰੀਆਂ ਨੇ ਸੋਸ਼ਲ ਮੀਡੀਆ ਦੇ ਮਾਧਿਅਮ ਰਾਹੀਂ ਸਰਕਾਰ ਨੂੰ ਸ਼ਿਕਾਇਤ ਕੀਤੀ ਸੀ ਕਿ ਭਾਰਤੀ ਏਅਰਲਾਈਨਾਂ ਲਾਕਡਾਊਨ ਕਾਰਨ ਰੱਦ ਹੋਈਆਂ ਉਡਾਣਾਂ ਦਾ ਰਿਫੰਡ ਦੇਣ ਦੀ ਥਾਂ ਉਨ੍ਹਾਂ ਨੂੰ ਅੱਗੇ ਦੀ ਤਰੀਕ ਵਿਚ ਯਾਤਰਾ ਕਰਨ ਲਈ ਮਜਬੂਰ ਕਰ ਰਹੀਆਂ ਹਨ। ਇਨ੍ਹਾਂ ਸ਼ਿਕਾਇਤਾਂ ਦੇ ਮੱਦੇਨਜ਼ਰ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ 16 ਅਪ੍ਰੈਲ ਨੂੰ ਏਅਰਲਾਈਨਾਂ ਨੂੰ ਨਿਰਦੇਸ਼ ਦਿੱਤਾ ਸੀ ਕਿ ਉਹ ਰਿਫੰਡ ਦੇ ਇੱਛੁਕ ਯਾਤਰੀਆਂ ਨੂੰ 25 ਅਪ੍ਰੈਲ ਤੋਂ ਤਿੰਨ ਮਈ ਤਕ ਦੋ ਪੜਾਵਾਂ ਵਿਚ ਹੋਏ ਲਾਕਡਾਊਨ ਦੌਰਾਨ ਕੀਤੀ ਗਈ ਸਾਰੀ ਬੁਕਿੰਗ ਦਾ ਪੂਰਾ ਪੈਸਾ ਕੈਂਸਲੇਸ਼ਨ ਚਾਰਜ ਕੱਟੇ ਬਿਨਾਂ ਵਾਪਸ ਕਰਨ।

ਦਿੱਲੀ 'ਚ ਕੋਰੋਨਾ ਵਾਇਰਸ ਦੇ ਕੁੱਲ 1,893 ਮਾਮਲਿਆਂ ਦੀ ਪੁਸ਼ਟੀ

ਦਿੱਲੀ, ਅਪ੍ਰੈਲ 2020 -(ਏਜੰਸੀ)-

ਦਿੱਲੀ ਦੇ ਸਿਹਤ ਮੰਤਰੀ ਸਤਿੰਦਰ ਜੈਨ ਨੇ ਕਿਹਾ, 'ਅੱਜ ਦਿੱਲੀ 'ਚ ਕੋਰੋਨਾ ਵਾਇਰਸ ਦੇ ਕੁੱਲ 1,893 ਮਾਮਲੇ ਹਨ ਜਿਨ੍ਹਾਂ ਵਿਚੋਂ ਭਲਕੇ 186 ਪਾਜ਼ੇਟਿਵ ਕੇਸ ਆਏ ਹਨ। ਸਾਡੇ ਕੋਲ 42,000 ਰੈਪਿਡ ਟੈਸਟਿੰਗ ਕਿੱਟਾਂ ਚੁੱਕੀਆਂ ਹਨ। ਅੱਜ ਉਨ੍ਹਾਂ ਦਾ ਟ੍ਰਾਇਲ ਲੋਕ ਨਾਇਕ ਜੈਪ੍ਰਕਾਸ਼ (LNJP) ਹਸਪਤਾਲ 'ਚ ਕੀਤਾ ਜਾ ਰਿਹਾ ਹੈ। 7,000 ਟ੍ਰੇਨਿੰਗ ਵੀ ਕੀਤੀਆਂ ਜਾ ਰਹੀਆਂ ਹਨ। ਕੱਲ੍ਹ ਤੋਂ ਪੂਰੀ ਦਿੱਲੀ ਦੇ ਹੌਟ-ਸਪੌਟ ਇਲਾਕਿਆਂ 'ਚ ਇਨ੍ਹਾਂ ਦੀ ਟੈਸਟਿੰਗ ਕੀਤੀ ਜਾਵੇਗੀ। ਕੱਲ੍ਹ ਤੋਂ ਸ਼ੁਰੂ ਕਰ ਕੇ 1 ਹਫ਼ਤੇ 'ਚ 42,000 ਟੈਸਟ ਕਰਵਾਉਣ ਦਾ ਸਾਡਾ ਟੀਚਾ ਹੈ।'

10 ਮਹੀਨੇ ਦੇ ਬੱਚੇ ਦਾ ਕੋਰੋਨਾ ਵਾਇਰਸ (COVID-19) ਟੈਸਟ ਪਾਜ਼ੇਟਿਵ

ਦਿੱਲੀ, ਲੇਡੀ ਹੌਰਡਿੰਗ ਹਸਪਤਾਲ ਦੇ ਐਮਰਜੈਂਸੀ ਵਾਰਡ 'ਚ ਸਾਹ ਦੀ ਬਿਮਾਰੀ ਦੇ ਇਲਾਜ ਲਈ ਲਿਆਂਦੇ ਗਏ 10 ਮਹੀਨੇ ਦੇ ਇਕ ਬੱਚੇ ਦਾ ਕੋਰੋਨਾ ਟੈਸਟ ਪਾਜ਼ੇਟਿਵ ਆਇਆ ਹੈ। ਪਿਤਾ ਦਾ ਵੀ ਕੋਰੋਨਾ ਟੈਸਟ ਪਾਜ਼ੇਟਿਵ ਆਇਆ ਹੈ, ਮਾਂ ਦੀ ਟੈਸਟ ਰਿਪੋਰਟ ਦਾ ਇੰਤਜ਼ਾਰ ਹੈ।

ਦਿੱਲੀ ਦੇ ਲੇਡੀ ਹੌਰਡਿੰਗ ਹਸਪਤਾਲ ਦੇ 2 ਡਾਕਟਰਾਂ ਤੇ 6 ਨਰਸਾਂ ਦਾ ਕੋਰੋਨਾ ਟੈਸਟ ਪਾਜ਼ੇਟਿਵ

ਦਿੱਲੀ ਦੇ ਲੇਡੀ ਹਾਰਡਿੰਗ ਹਸਪਤਾਲ ਦੇ 2 ਡਾਕਟਰਾਂ ਤੇ 6 ਨਰਸਾਂ ਦਾ ਕੋਰੋਨਾ ਦਾ ਟੈਸਟ ਪਾਜ਼ੇਟਿਵ ਆਇਆ ਹੈ। ਹਸਪਤਾਲ ਦੇ ਅਧਿਕਾਰੀਆਂ ਨੇ ਸਾਰੇ 8 ਸਿਹਤ ਮੁਲਾਜ਼ਮਾਂ ਨੂੰ ਕੁਆਰੰਟੀਨ ਕਰ ਦਿੱਤਾ ਹੈ। ਉਨ੍ਹਾਂ ਦੀ ਕੰਟੈਕਟ ਟ੍ਰੇਸਿੰਗ ਸ਼ੁਰੂ ਕਰ ਦਿੱਤੀ ਗਈ ਹੈ।

ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਨੇ ਕਿਹਾ ਕਿ ਮੌਜੂਦਾ ਸਮੇਂ ਲਾਕਡਾਊਨ ਜ਼ਰੂਰੀ ਹੈ। ਸ਼ਹਿਰ 'ਚ ਹੌਟਸਪੌਟ 'ਚ ਕੋਈ ਛੋਟ ਨਹੀਂ ਦਿੱਤੀ ਜਾਣੀ ਚਾਹੀਦੀ ਹੈ। 27 ਅਪ੍ਰੈਲ ਨੂੰ ਮੁੜ ਇਕ ਸਮੀਖਿਆ ਬੈਠਕ ਕੀਤੀ ਜਾਵੇਗੀ

ਹਰਿਦੁਆਰ ਤੇ ਨੈਨੀਤਾਲ ਨੂੰ ਰੈੱਡ ਜ਼ੋਨ ਐਲਾਨਿਆ

ਭਾਰਤ 'ਚ ਕੋਰੋਨਾ ਵਾਇਰਸ (COVID-19) ਨਾਲ 507 ਲੋਕਾਂ ਦੀ ਮੌਤ

ਨਵੀਂ ਦਿੱਲੀ,ਅਪ੍ਰੈਲ 2020 (ਏਜੰਸੀ)

  ਉੱਤਰਾਖੰਡ 'ਚ ਕੁੱਲ ਕੋਰੋਨਾ ਪਾਜ਼ੇਟਿਵ ਮਾਮਲਿਆਂ ਦੀ ਗਿਣਤੀ ਵਧ ਕੇ 42 ਤਕ ਪਹੁੰਚਣ ਤੋਂ ਬਾਅਦ ਹਰਿਦੁਆਰ ਤੇ ਨੈਨੀਤਾਲ ਨੂੰ ਰੈੱਡ ਜ਼ੋਨ ਐਲਾਨ ਦਿੱਤਾ ਗਿਆ। ਵਧੀਕ ਸਕੱਤਰ (ਸਿਹਤ) ਯੁਗਲ ਕਿਸ਼ੋਰ ਪੰਤ ਅਨੁਸਾਰ, ਸੂਬੇ 'ਚ 80 ਫ਼ੀਸਦੀ ਮਾਮਲੇ ਦੇਹਰਾਦੂਨ, ਹਰਿਦੁਆਰ ਤੇ ਨੈਨੀਤਾਲ ਦੇ ਹਨ। ਸਿਹਤ ਮੰਤਰਾਲੇ ਵੱਲੋਂ ਜਾਰੀ ਤਾਜ਼ਾ ਅੰਕੜਿਆਂ ਅਨੁਸਾਰ ਭਾਰਤ 'ਚ ਕੋਰੋਨਾ ਵਾਇਰਸ (COVID-19) ਨਾਲ 507 ਲੋਕਾਂ ਦੀ ਮੌਤ ਹੋ ਗਈ ਹੈ ਤੇ ਹੁਣ ਤਕ ਕੁੱਲ 15,712 ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਇਨ੍ਹਾਂ ਵਿਚੋਂ 2230 ਲੋਕ ਠੀਕ ਹੋ ਗਏ ਹਨ। 12,974 ਲੋਕਾਂ ਦਾ ਇਲਾਜ ਜਾਰੀ ਹੈ। ਹਰਿਦੁਆਰ ਤੇ ਨੈਨੀਤਾਲ ਨੂੰ ਰੈੱਡ ਜ਼ੋਨ ਐਲਾਨ ਦਿੱਤਾ ਗਿਆ ਹੈ।

ਵਾਇਰਸ ਮੁਕਤ ਹੋਣ 'ਤੇ ਹੀ ਪਰਤ ਸਕਣਗੇ ਭਾਰਤੀ ਆਪਣੇ ਦੇਸ਼

ਨਵੀਂ ਦਿੱਲੀ , ਅਪ੍ਰੈਲ 2020 -(ਏਜੰਸੀ)-

ਕੇਂਦਰ ਸਰਕਾਰ ਨੇ ਸਾਫ਼ ਕੀਤਾ ਹੈ ਕਿ ਵਿਦੇਸ਼ 'ਚ ਫਸੇ ਕੋਰੋਨਾ ਵਾਇਰਸ ਨਾਲ ਪੀੜਤ ਭਾਰਤੀਆਂ ਦੇ ਪੂਰੀ ਤਰ੍ਹਾਂ ਸਿਹਤਮੰਦ ਹੋਣ 'ਤੇ ਹੀ ਉਨ੍ਹਾਂ ਨੂੰ ਭਾਰਤ ਲਿਆਂਦਾ ਜਾਵੇਗਾ। ਕੋਵਿਡ-19 ਜਾਂਚ 'ਚ ਪਾਜ਼ੇਟਿਵ ਪਾਏ ਜਾਣ ਵਾਲੇ ਭਾਰਤੀਆਂ ਦੇ ਵਾਪਸ ਲਿਆਉਣ ਦੇ ਖ਼ਤਰੇ ਨੂੰ ਦੇਖਦੇ ਹੋਏ ਸਰਕਾਰ ਨੇ ਇਹ ਨਿਯਮ ਬਣਾਇਆ ਹੈ। ਹਾਲਾਂਕਿ, ਉਨ੍ਹਾਂ ਨੂੰ ਭਾਰਤੀ ਵਿਦੇਸ਼ ਮੰਤਰਾਲੇ ਹਰ ਤਰ੍ਹਾਂ ਦੀ ਦੂਜੀ ਮਦਦ ਪਹੁੰਚਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਦੁਨੀਆ ਦੇ ਜ਼ਿਆਦਾਤਰ ਦੇਸ਼ਾਂ ਦੇ ਨਿਯਮ ਵੀ ਕੁਝ ਅਜਿਹੇ ਹੀ ਹਨ। ਵਿਦੇਸ਼ ਮੰਤਰਾਲੇ ਦੇ ਸੂਤਰਾਂ ਨੇ ਕਿਹਾ ਕਿ ਦੁਨੀਆ ਦੇ ਵੱਖ-ਵੱਖ ਦੇਸ਼ਾਂ ਵਿਚ ਹਾਲੇ 3,336 ਭਾਰਤੀ ਅਜਿਹੇ ਹਨ ਜਿਹੜੇ ਕੋਵਿਡ-19 ਕੋਰੋਨਾ ਵਾਇਰਸ ਨਾਲ ਪੀੜਤ ਹਨ। ਇਸ ਤੋਂ ਇਲਾਵਾ 25 ਭਾਰਤੀਆਂ ਦੀ ਮੌਤ ਵੀ ਹੋ ਚੁੱਕੀ ਹੈ।

ਸੂਤਰਾਂ ਨੇ ਕਿਹਾ ਕਿ ਇਹ ਬਹੁਤ ਹੀ ਮੁਸ਼ਕਲ ਸਮਾਂ ਹੈ ਤੇ ਜੇਕਰ ਕੋਈ ਇਸ ਵਾਇਰਸ ਨਾਲ ਪੀੜਤ ਹੈ ਤਾਂ ਉਸ ਲਈ ਸਭ ਤੋਂ ਬਿਹਤਰ ਇਹੀ ਹੋਵੇਗਾ ਕਿ ਉਹ ਉੱਥੇ ਰਹੇ। ਕਈ ਦੇਸ਼ਾਂ 'ਚ ਪਰਵਾਸੀ ਭਾਰਤੀਆਂ ਜਾਂ ਓਸੀਆਈ ਕਾਰਡ ਧਾਰਕ ਭਾਰਤੀਆਂ ਦੀ ਵੀ ਮਦਦ ਲਈ ਜਾ ਰਹੀ ਹੈ। ਜੇਕਰ ਕੋਈ ਭਾਰਤੀ ਹਾਲੇ ਵਿਦੇਸ਼ 'ਚ ਹੈ ਤੇ ਕਿਸੇ ਵੀ ਤਰ੍ਹਾਂ ਦੀ ਦਿੱਕਤ ਦਾ ਸਾਹਮਣਾ ਕਰ ਰਿਹਾ ਹੈ ਤਾਂ ਉਸ ਨੂੰ ਤੱਤਕਾਲ ਨਜ਼ਦੀਕੀ ਭਾਰਤੀ ਦੂਤਘਰ ਜਾਂ ਮਿਸ਼ਨ ਨਾਲ ਸੰਪਰਕ ਕਰਨਾ ਚਾਹੀਦਾ ਹੈ। ਭਾਰਤ ਦੇ ਹਜ਼ਾਰਾਂ ਨਾਗਰਿਕ ਹਾਲੇ ਚੀਨ, ਖਾੜੀ ਖੇਤਰ ਤੇ ਅਮਰੀਕਾ ਵਿਚ ਹਨ ਜਿਨ੍ਹਾਂ ਨੇ ਭਾਰਤੀ ਦੂਤਘਰ ਨਾਲ ਸੰਪਰਕ ਕੀਤਾ ਹੈ। ਬਹੁਤ ਸਾਰੇ ਲੋਕ ਸਿਰਫ਼ ਘਬਰਾਹਟ ਵਿਚ ਵਾਪਸ ਪਰਤਣਾ ਚਾਹੁੰਦੇ ਹਨ। ਉਨ੍ਹਾਂ ਨੂੰ ਸਰਕਾਰ ਹਾਲੇ ਕੋਈ ਮਦਦ ਨਹੀਂ ਪਹੁੰਚਾ ਪਾ ਰਹੀ। ਇਨ੍ਹਾਂ ਲੋਕਾਂ ਨੂੰ ਸੁਝਾਅ ਦਿੱਤਾ ਜਾ ਰਿਹਾ ਹੈ ਕਿ ਕੁਝ ਹਫ਼ਤੇ ਹੋਰ ਇੰਤਜ਼ਾਰ ਕਰੋ। ਪਰ ਜਿੱਥੇ ਜ਼ਰੂਰਤ ਸਮਝੀ ਜਾਵੇਗੀ ਉੱਥੋਂ ਭਾਰਤੀਆਂ ਨੂੰ ਸਰਕਾਰ ਕੱਢਣ ਲਈ ਤਿਆਰ ਹੈ। ਵੈਸੇ ਭਾਰਤ 'ਚ ਰਹਿਣ ਵਾਲੇ 38 ਦੇਸ਼ਾਂ ਦੇ 35 ਹਜ਼ਾਰ ਵਿਦੇਸ਼ੀ ਨਾਗਰਿਕਾਂ ਨੂੰ ਉਨ੍ਹਾਂ ਦੇ ਆਪਣੇ ਦੇਸ਼ ਵਾਪਸੀ 'ਚ ਮਦਦ ਕੀਤੀ ਜਾ ਚੁੱਕੀ ਹੈ। ਇੱਥੋਂ ਤਕ ਕਿ ਪਾਕਿਸਤਾਨ ਦੀ ਅਪੀਲ 'ਤੇ ਉਸ ਦੇ 180 ਨਾਗਰਿਕਾਂ ਨੂੰ ਵੀ ਜ਼ਮੀਨ ਦੇ ਰਸਤੇ ਵਾਪਸ ਭੇਜਣ ਦੀ ਵਿਵਸਥਾ ਕੀਤੀ ਜਾ ਰਹੀ ਹੈ।

ਕੋਰੋਨਾ ਨਾਲ ਲੜਾਈ 'ਚ ਭਾਰਤ ਹੁਣ ਤਕ ਅੱਵਲ

 ਨਵੀਂ ਦਿੱਲੀ , ਅਪ੍ਰੈਲ 2020 -(ਏਜੰਸੀ)-

 ਕੋਰੋਨਾ ਵਿਰੁੱਧ ਲੜਾਈ 'ਚ ਦੁਨੀਆ ਦੇ ਦੂਜੇ ਦੇਸ਼ਾਂ ਤੋਂ ਭਾਰਤ ਹਰ ਮੋਰਚੇ 'ਤੇ ਅੱਗੇ ਹੈ। ਪ੍ਰਤੀ 10 ਲੱਖ ਦੀ ਅਬਾਦੀ 'ਤੇ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਵੀ ਇੱਥੇ ਪੱਛਮੀ ਦੇਸ਼ਾਂ ਤੋਂ ਕਾਫ਼ੀ ਘੱਟ ਹੈ। ਜੇ ਕੋਰੋਨਾ ਮਰੀਜ਼ਾਂ ਦੀ ਗਿਣਤੀ ਦੁਗਣੀ ਹੋਣ ਦਾ ਹਿਸਾਬ ਲਾਇਆ ਜਾਵੇ ਤਾਂ ਇਸ ਵਿਚ ਵੀ ਭਾਰਤ ਦੀ ਸਥਿਤੀ ਬਿਹਤਰ ਹੈ। ਇੱਥੇ ਮਰੀਜ਼ਾਂ ਦੀ ਗਿਣਤੀ ਦੁਗਣੀ ਹੋਣ 'ਚ ਪੱਛਮੀ ਦੇਸ਼ਾਂ ਤੋਂ ਜ਼ਿਆਦਾ ਵਕਤ ਲੱਗ ਰਿਹਾ ਹੈ। ਭਾਰਤ ਵਿਚ ਕੋਰੋਨਾ ਦੇ ਟੈਸਟ ਘੱਟ ਹੋਣ ਦਾ ਦੋਸ਼ ਭਾਵੇਂ ਹੀ ਲਾਇਆ ਜਾਂਦਾ ਹੋਵੇ ਪਰ ਅੰਕੜੇ ਦੱਸਦੇ ਹਨ ਕਿ ਭਾਰਤ ਵਿਚ 24 ਟੈਸਟ ਕਰਨ 'ਤੇ ਇਕ ਪਾਜ਼ੇਟਿਵ ਮਰੀਜ਼ ਮਿਲ ਰਿਹਾ ਹੈ ਜਦਕਿ ਅਮਰੀਕਾ ਵਿਚ ਹਰ ਪੰਜ ਟੈਸਟ 'ਚ ਇਕ ਪਾਜ਼ੇਟਿਵ ਮਰੀਜ਼ ਮਿਲ ਰਿਹਾ ਹੈ।

ਇੰਡੀਅਨ ਕੌਂਸਲ ਆਫ ਮੈਡੀਕਲ ਰਿਸਰਚ (ਆਈਸੀਐੱਮਆਰ) ਦੇ ਡਾਕਟਰ ਰਮਨ ਗੰਗਖੇੜਕਰ ਅਨੁਸਾਰ ਦੁਨੀਆ ਵਿਚ ਸਭ ਤੋਂ ਬਿਹਤਰ ਟੈਸਟਿੰਗ ਕਰਨ ਵਾਲੇ ਦੇਸ਼ਾਂ ਤੋਂ ਵੀ ਭਾਰਤ ਬਹੁਤ ਅੱਗੇ ਹੈ। ਉਨ੍ਹਾਂ ਕਿਹਾ ਕਿ ਟੈਸਟਿੰਗ ਦੇ ਮਾਮਲੇ ਵਿਚ ਜਾਪਾਨ ਦੀ ਮਿਸਾਲ ਸਭ ਤੋਂ ਜ਼ਿਆਦਾ ਦਿੱਤੀ ਜਾ ਰਹੀ ਹੈ ਪਰ ਸੱਚਾਈ ਇਹ ਹੈ ਕਿ ਜਾਪਾਨ ਇਕ ਮਰੀਜ਼ ਲੱਭਣ ਲਈ 11.7 ਟੈਸਟ ਕਰਦਾ ਹੈ। ਇਸੇ ਤਰ੍ਹਾਂ ਇਕ ਮਰੀਜ਼ ਲਈ ਇਟਲੀ ਔਸਤਨ 6.7 ਟੈਸਟ, ਅਮਰੀਕਾ 5.3 ਟੈਸਟ ਤੇ ਬਰਤਾਨੀਆ 3.4 ਟੈਸਟ ਕਰ ਰਿਹਾ ਹੈ। ਉਧਰ ਭਾਰਤ ਨੂੰ ਇਕ ਮਰੀਜ਼ ਲੱਭਣ ਲਈ ਔਸਤਨ 24 ਟੈਸਟ ਕਰਨੇ ਪੈ ਰਹੇ ਹਨ।

ਇਸ ਤਰ੍ਹਾਂ ਪ੍ਰਤੀ ਮਰੀਜ਼ਾਂ ਦੀ ਗਿਣਤੀ ਦੇ ਹਿਸਾਬ ਨਾਲ ਭਾਰਤ ਦੁਨੀਆ ਦੇ ਦੂਜੇ ਦੇਸ਼ਾਂ ਦੀ ਤੁਲਨਾ ਵਿਚ ਕਈ ਗੁਣਾ ਜ਼ਿਆਦਾ ਟੈਸਟ ਕਰ ਰਿਹਾ ਹੈ। ਡਾ. ਗੰਗਾਖੇੜਕਰ ਨੇ ਕਿਹਾ ਕਿ ਇਸ ਤੋਂ ਇਲਾਵਾ ਅਸੀਂ ਕੋਰੋਨਾ ਤੋਂ ਅਣਛੋਹੇ ਇਲਾਕਿਆਂ ਵਿਚ ਵੀ ਸਰਦੀ, ਖੰਘ, ਜ਼ੁਕਾਮ ਤੇ ਸਾਹ ਨਾਲ ਸਬੰਧਿਤ ਬਿਮਾਰੀਆਂ ਤੋਂ ਪੀੜਤ ਲੋਕਾਂ ਦਾ ਕੋਰੋਨਾ ਟੈਸਟ ਕਰ ਰਹੇ ਹਾਂ।

ਕੁਸ ਮੱਧਮ ਪੈ ਰਹੀ ਹੈ ਰਫ਼ਤਾਰ

ਸਿਹਤ ਮੰਤਰਾਲੇ ਦੇ ਅੰਕੜਿਆਂ ਮੁਤਾਬਕ 750 ਤੋਂ 1500 ਤੇ 1500 ਤੋਂ 3000 ਮਰੀਜ਼ਾਂ ਦੀ ਗਿਣਤੀ ਪੁੱਜਣ 'ਚ ਭਾਰਤ 'ਚ ਚਾਰ-ਚਾਰ ਦਿਨ ਲੱਗੇ ਸਨ। ਉਧਰ 3000 ਤੋਂ 6000 ਪੁੱਜਣ ਵਿਚ ਪੰਜ ਦਿਨ ਲੱਗੇ ਤੇ 6000 ਤੋਂ 12 ਹਜ਼ਾਰ ਪੁੱਜਣ 'ਚ ਛੇ ਦਿਨ ਲੱਗੇ। ਅਮਰੀਕਾ 'ਚ ਏਨੇ ਮਰੀਜ਼ ਹੋਣ ਤਕ ਉਨ੍ਹਾਂ ਦੀ ਗਿਣਤੀ ਹਰ ਦੂਜੇ ਦਿਨ ਦੁਗਣੀ ਹੋ ਰਹੀ ਸੀ। ਵਿਕਸਤ ਦੇਸ਼ਾਂ ਵਿਚ ਸਭ ਤੋਂ ਬਿਹਤਰ ਪ੍ਰਦਰਸ਼ਨ ਕੈਨੇਡਾ ਦਾ ਰਿਹਾ ਪਰ ਉੱਥੇ ਵੀ ਪੰਜ ਦਿਨ ਵਿਚ ਮਰੀਜ਼ਾਂ ਦੀ ਗਿਣਤੀ ਛੇ ਹਜ਼ਾਰ ਤੋਂ 12 ਹਜ਼ਾਰ ਹੋ ਗਈ ਸੀ।

ਪੰਜਾਬ 'ਚੋਂ ਹਿਮਾਚਲ ਗਏ ਦੋ ਪੱਤਰਕਾਰਾਂ ਖ਼ਿਲਾਫ਼ ਮਾਮਲਾ ਦਰਜ

ਸ਼ਿਮਲਾ,ਅਪ੍ਰੈਲ 2020 -(ਏਜੰਸੀ)-

ਹਿਮਾਚਲ ਪ੍ਰਦੇਸ਼ ਪੁਲਿਸ ਨੇ ਪੰਜਾਬ ਤੋਂ ਸੂਬੇ 'ਚ ਦਾਖ਼ਲ ਹੋਏ ਦੋ ਪੱਤਰਕਾਰਾਂ ਖ਼ਿਲਾਫ਼ ਐਫਆਈਆਰ ਦਰਜ ਕੀਤੀ ਹੈ। ਰਾਜ 'ਚ ਦਾਖ਼ਲ ਹੋਣ ਤੋਂ ਬਾਅਦ ਇਨ੍ਹਾਂ ਦੀ ਰਿਪੋਰਟ ਪਾਜ਼ੇਟਿਵ ਆਈ ਸੀ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਇਨ੍ਹਾਂ ਪੱਤਰਕਾਰਾਂ ਦਾ ਬੁੱਧਵਾਰ ਨੂੰ ਕੋਵਿਡ -19 ਦਾ ਟੈਸਟ ਕੀਤਾ ਗਿਆ ਸੀ, ਜਿਨ੍ਹਾਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਇਸ ਤੋਂ ਬਾਅਦ ਉਨ੍ਹਾਂ ਨੂੰ ਇਕਾਂਤਵਾਸ 'ਚ ਇਲਾਜ ਲਈ ਭੇਜਿਆ ਗਿਆ ਹੈ ਅਤੇ ਉਨ੍ਹਾਂ ਵਿਰੁੱਧ ਐਫਆਈਆਰ ਦਰਜ ਕੀਤੀ ਗਈ ਹੈ। ਪੁਲਿਸ ਨੇ ਦੱਸਿਆ ਕਿ ਦੋਵਾਂ ਪੱਤਰਕਾਰਾਂ ਨੂੰ ਪੰਜਾਬ ਤੋਂ ਹਿਮਾਚਲ ਪ੍ਰਦੇਸ਼ ਲਿਆਉਣ ਵਾਲੇ ਡਰਾਈਵਰ ਖ਼ਿਲਾਫ਼ ਵੀ ਕੇਸ ਦਰਜ ਕੀਤਾ ਗਿਆ ਹੈ। ਪੁਲਿਸ ਦੇ ਅਨੁਸਾਰ, ਧਾਰਾ 188, 269, 270 ਆਈਪੀਸੀ ਤੋਂ ਇਲਾਵਾ ਆਫ਼ਤ ਪ੍ਰਬੰਧ ਐਕਟ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।