ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਵਿਚ ਮਹਾਰਾਸ਼ਟਰ ਸਭ ਤੋਂ ਅੱਗੇ

 ਕੋਰੋਨਾ ਪੀੜਤਾਂ ਦਾ ਅੰਕੜਾ 10 ਹਜ਼ਾਰ ਤੋਂ ਪਾਰ

ਨਵੀਂ ਦਿੱਲੀ , ਮਈ 2020 -(ਏਜੰਸੀ)-ਪੂਰੇ ਦੇਸ਼ 'ਚ ਕੋਰੋਨਾ ਦਾ ਕਹਿਰ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਸਭ ਤੋਂ ਜ਼ਿਆਦਾ ਪ੍ਰਭਾਵਿਤ ਸੂਬੇ ਮਹਾਰਾਸ਼ਟਰ 'ਚ ਹਰ ਰੋਜ਼ ਇਨਫੈਕਟਿਡਾਂ ਦੀ ਗਿਣਤੀ ਖ਼ਤਰਨਾਕ ਪੱਧਰ 'ਤੇ ਪੁੱਜਦੀ ਜਾ ਰਹੀ ਹੈ। ਵੀਰਵਾਰ ਨੂੰ ਇਥੇ 583 ਨਵੇਂ ਮਾਮਲਿਆਂ ਨਾਲ ਇਨਫੈਕਟਿਡਾਂ ਦੀ ਗਿਣਤੀ 10,498 ਹੋ ਗਈ। ਸੂਬਿਆਂ ਤੋਂ ਮਿਲੇ ਅੰਕੜਿਆਂ ਮੁਤਾਬਕ, ਪੂਰੇ ਦੇਸ਼ 'ਚ ਵੀ 1,800 ਤੋਂ ਜ਼ਿਆਦਾ ਮਾਮਲਿਆਂ ਨਾਲ ਹੁਣ ਤਕ ਪਾਜ਼ੇਟਿਵ ਪਾਏ ਗਏ ਕੁਲ ਮਰੀਜ਼ਾਂ ਦੀ ਗਿਣਤੀ 34,600 ਨੂੰ ਪਾਰ ਕਰ ਗਈ ਹੈ। ਮਰਨ ਵਾਲਿਆਂ ਦੀ ਗਿਣਤੀ ਵੀ 1,137 'ਤੇ ਪੁੱਜ ਗਈ ਹੈ।

ਹੁਣ ਤਕ 8,369 ਲੋਕ ਇਸ ਬਿਮਾਰੀ ਤੋਂ ਠੀਕ ਹੋ ਚੁੱਕੇ ਹਨ। ਕੇਂਦਰੀ ਸਿਹਤ ਮੰਤਰਾਲੇ ਮੁਤਾਬਕ, ਪੂਰੇ ਦੇਸ਼ 'ਚ ਇਨਫੈਕਟਿਡਾਂ ਦੀ ਅੰਕੜਾ 33,610 ਤੇ ਜਾਨ ਗੁਆਉਣ ਵਾਲਿਆਂ ਦੀ ਗਿਣਤੀ 1,075 ਹੈ। ਅੰਕੜਿਆਂ 'ਚ ਇਹ ਫਰਕ ਸੂਬਿਆਂ ਤੋਂ ਕੇਂਦਰੀ ਏਜੰਸੀ ਨੂੰ ਅੰਕੜੇ ਮਿਲਣ 'ਚ ਹੋਣ ਵਾਲੀ ਦੇਰ ਕਾਰਨ ਆਉਂਦਾ ਹੈ। ਕਈ ਏਜੰਸੀਆਂ ਸਿੱਧਾ ਸੂਬਿਆਂ ਤੋਂ ਅੰਕੜੇ ਇਕੱਠੇ ਕਰਦੀਆਂ ਹਨ। ਵੀਰਵਾਰ ਨੂੰ ਸਭ ਤੋਂ ਚਿੰਤਾਜਨਕ ਅੰਕੜੇ ਮਹਾਰਾਸ਼ਟਰ ਤੋਂ ਸਾਹਮਣੇ ਆਏ। ਇਥੇ 10 ਹਜ਼ਾਰ ਤੋਂ ਜ਼ਿਆਦਾ ਲੋਕ ਹੁਣ ਤਕ ਕੋਰੋਨਾ ਪਾਜ਼ੇਟਿਵ ਪਾਏ ਜਾ ਚੁੱਕੇ ਹਨ। ਮਰਨ ਵਾਲਿਆਂ ਦਾ ਅੰਕੜਾ ਵੀ 459 'ਤੇ ਪੁੱਜ ਗਿਆ ਹੈ, ਜੋ ਪੂਰੇ ਦੇਸ਼ 'ਚ ਕੁਲ ਮਿ੍ਤਕਾਂ ਦੇ ਲਗਪਗ ਅੱਧੇ ਦੇ ਬਰਾਬਰ ਹੈ। ਮਹਾਰਾਸ਼ਟਰ 'ਚ ਇਕੱਲੇ ਮੁੰਬਈ ਵਿਚ ਹੀ 7,061 ਮਰੀਜ਼ ਮਿਲ ਚੁੱਕੇ ਹਨ ਤੇ 290 ਲੋਕ ਜਾਨ ਗੁਆ ਚੁੱਕੇ ਹਨ।

ਚਿੰਤਾ ਦੀ ਗੱਲ ਇਹ ਵੀ ਹੈ ਕਿ ਇਥੋਂ ਦੇ ਝੁੱਗੀ ਝੌਂਪੜੀ ਵਾਲੇ ਇਲਾਕੇ ਧਾਰਾਵੀ 'ਚ ਵੀ ਹੁਣ ਤਕ 369 ਲੋਕਾਂ ਦੇ ਇਨਫੈਕਟਿਡ ਹੋਣ ਪੁਸ਼ਟੀ ਹੋ ਚੁੱਕੀ ਹੈ। ਇਥੇ ਮਾਲੇਗਾਂਓ ਵੀ ਨਵਾਂ ਹਾਟਸਪਾਟ ਬਣ ਕੇ ਸਾਹਮਣੇ ਆ ਰਿਹਾ ਹੈ। ਮਾਲੇਗਾਓਂ 'ਚ 20 ਦਿਨ ਪਹਿਲਾਂ ਇਨਫੈਕਸ਼ਨ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਸੀ ਤੇ ਅੱਜ ਇਥੇ ਇਨਫੈਕਟਿਡਾਂ ਦੀ ਗਿਣਤੀ 170 'ਤੇ ਪੁੱਜ ਚੁੱਕੀ ਹੈ। ਇਨ੍ਹਾਂ ਵਿਚ 17 ਪੁਲਿਸ ਮੁਲਾਜ਼ਮ ਤੇ 23 ਐੱਸਆਰਪੀਐੱਫ ਦੇ ਜਵਾਨ ਸ਼ਾਮਲ ਹਨ। ਇਥੋਂ ਤਕ 12 ਲੋਕ ਜਾਨ ਗੁਆ ਚੁੱਕੇ ਹਨ। ਗੁਜਰਾਤ 'ਚ ਵੀ ਸਥਿਤੀ 'ਚ ਸੁਧਾਰ ਹੁੰਦਾ ਨਹੀਂ ਦਿਸ ਰਿਹਾ ਹੈ। ਵੀਰਵਾਰ ਨੂੰ 313 ਨਵੇਂ ਮਾਮਲਿਆਂ ਨਾਲ ਇਨਫੈਕਟਿਡਾਂ ਦਾ ਕੁਲ ਅੰਕੜਾ 4,395 'ਤੇ ਪੁੱਜ ਗਿਆ ਹੈ।

ਰਾਜਸਥਾਨ 'ਚ 100 ਤੋਂ ਜ਼ਿਆਦਾ ਨਵੇਂ ਮਾਮਲਿਆਂ ਨਾਲ ਹੁਣ ਤਕ ਕੁਲ 2,556 ਲੋਕ ਕੋਰੋਨਾ ਪਾਜ਼ੇਟਿਵ ਪਾਏ ਜਾ ਚੁੱਕੇ ਹਨ। ਮੱਧ ਪ੍ਰਦੇਸ਼ 'ਚ ਇਨਫੈਕਟਿਡਾਂ ਦਾ ਅੰਕੜਾ 2,560 'ਤੇ ਪੁੱਜ ਗਿਆ ਹੈ। ਤਾਮਿਲਨਾਡੂ 'ਚ ਰਿਕਾਰਡ 161 ਨਵੇਂ ਮਾਮਲਿਆਂ ਨਾਲ ਇਨਫੈਕਟਿਡਾਂ ਦੀ ਕੁਲ ਗਿਣਤੀ 2,323 ਹੋ ਗਈ ਹੈ। ਉੱਤਰ ਪ੍ਰਦੇਸ਼ 'ਚ ਵੀ 70 ਤੋਂ ਜ਼ਿਆਦਾ ਨਵੇਂ ਮਾਮਲਿਆਂ ਨਾਲ ਮਰੀਜ਼ਾਂ ਦੀ ਗਿਣਤੀ 2,200 ਨੂੰ ਪਾਰ ਕਰ ਗਈ ਹੈ। ਇਸ ਵਿਚਾਲੇ ਪੰਜਾਬ 'ਚ ਵੀ ਹਾਲਾਤ ਚਿੰਤਾਜਨਕ ਹੁੰਦੇ ਦਿਸ ਰਹੇ ਹਨ। ਇਥੇ ਵੀਰਵਾਰ ਨੂੰ ਕਰੀਬ 90 ਨਵੇਂ ਮਰੀਜ਼ ਮਿਲੇ ਹਨ। ਹੁਣ ਤਕ 488 ਲੋਕਾਂ 'ਚ ਇਨਫੈਕਸ਼ਨ ਦੀ ਪੁਸ਼ਟੀ ਹੋ ਚੁੱਕੀ ਹੈ।