ਦੋ ਉਡਾਣਾਂ ਰਾਹੀਂ ਯਾਤਰੀ ਯੂਕੇ ਅਤੇ ਕੈਨੇਡਾ ਰਵਾਨਾ

ਰਾਜਾਸਾਂਸੀ/ਅੰਮ੍ਰਿਤਸਰ, ਮਈ 2020 -(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)-
ਕਰੋਨਾ ਮਹਾਮਾਰੀ ਕਾਰਨ ਭਾਰਤ ਵਿਚ ਫਸੇ ਬ੍ਰਿਟਿਸ਼ ਪੰਜਾਬੀਆਂ ਨੂੰ ਯੂਕੇ ਲੈ ਕੇ ਜਾਣ ਦੇ ਸਿਲਸਿਲੇ ਤਹਿਤ ਕੱਲ ਤੜਕੇ 266 ਬ੍ਰਿਟਿਸ਼ ਪੰਜਾਬੀ ਯਾਤਰੂ ਇਥੋਂ ਵਿਸ਼ੇਸ਼ ਉਡਾਣ ਰਾਹੀਂ ਲੰਡਨ ਲਈ ਰਵਾਨਾ ਹੋਏ। ਕਤਰ ਏਅਰਵੇਜ਼ ਦੀ ਵਿਸ਼ੇਸ਼ ਉਡਾਣ ਦੇਰ ਰਾਤ ਸ੍ਰੀ ਗੁਰੂ ਰਾਮਦਾਸ ਜੀ ਅੰਤਰਾਸ਼ਟਰੀ ਹਵਾਈ ਅੱਡੇ ਪੁੱਜੀ ਅਤੇ ਤੜਕੇ ਸਾਢੇ ਤਿੰਨ ਵਜੇ 266 ਯਾਤਰੂਆਂ ਨੂੰ ਲੈ ਕੇ ਵਾਪਸ ਪਰਤ ਗਈ ਹੈ। ਇਸੇ ਤਰ੍ਹਾਂ ਕਤਰ ਏਅਰਵੇਜ਼ ਦੀ ਹੀ ਵਿਸ਼ੇਸ਼ ਉਡਾਣ ਰਾਹੀਂ 370 ਯਾਤਰੂ ਕੈਨੇਡਾ ਰਵਾਨਾ ਹੋਏ ਹਨ। ਇਹ ਉਡਾਣ ਵੀ ਦੇਰ ਰਾਤ ਸ੍ਰੀ ਗੁਰੂ ਰਾਮਦਾਸ ਜੀ ਅੰਤਰਾਸ਼ਟਰੀ ਹਵਾਈ ਅੱਡੇ ਤੋਂ ਵਾਪਸ ਰਵਾਨਾ ਹੋਈ ਹੈ। ਇਹ ਉਡਾਣ ਪਹਿਲਾਂ ਦੋਹਾ ਜਾਵੇਗੀ ਅਤੇ ਉਥੋਂ ਯਾਤਰੂਆਂ ਨੂੰ ਟੋਰਾਂਟੋ ਲੈ ਜਾਇਆ ਜਾਵੇਗਾ। ਇਸ ਉਡਾਣ ਰਾਹੀਂ ਗਏ ਯਾਤਰੂਆਂ ਵਿਚ 316 ਕੈਨੇਡਾ ਪਾਸਪੋਰਟ ਧਾਰਕ , 51 ਭਾਰਤੀ ਪਾਸਪੋਰਟ ਧਾਰਕ ਅਤੇ ਤਿੰਨ ਯੂਕੇ ਵਾਸੀ ਸ਼ਾਮਲ ਸਨ।