ਭਾਰਤ ਔਖੇ ਵੇਲੇ ਦੁਨੀਆਂ ਨਾਲ ਖੜ੍ਹਾ -ਨਰਿੰਦਰ ਮੋਦੀ

ਦਿੱਲੀ, ਮਈ 2020 -(ਏਜੰਸੀ)-

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਦੇਸ਼ ਜਿੱਥੇ ਹਰੇਕ ਭਾਰਤੀ ਦੀ ਜ਼ਿੰਦਗੀ ਬਚਾਉਣ ਦੀ ਹਰ ਸੰਭਵ ਕੋਸ਼ਿਸ਼ ਕਰ ਰਿਹਾ ਹੈ ਉਥੇ ਆਪਣੀਆਂ ਆਲਮੀ ਜ਼ਿੰਮੇਵਾਰੀਆਂ ਵੀ ਬਿਨਾਂ ਕਿਸੇ ਭੇਦਭਾਵ ਦੇ ਨਿਭਾਅ ਰਿਹਾ ਹੈ। ਬੁੱਧ ਪੂਰਨਿਮਾ ਮੌਕੇ ‘ਵੇਸਾਕ ਆਲਮੀ ਸਮਾਗਮ’ ਨੂੰ ਵੀਡੀਓ ਕਾਨਫਰੰਸ ਰਾਹੀਂ ਸੰਬੋਧਨ ਕਰਦਿਆਂ ਸ੍ਰੀ ਮੋਦੀ ਨੇ ਕਿਹਾ, ‘ਅਜਿਹੇ ਔਖੇ ਸਮੇਂ ’ਚ ਦੁਨੀਆਂ ਭਰ ’ਚ ਨਿਸ਼ਕਾਮ ਸੇਵਾ ਕਰਨ ਵਾਲੇ ਸਨਮਾਨ ਦੇ ਹੱਕਦਾਰ ਹਨ।’ ਉਨ੍ਹਾਂ ਕਿਹਾ, ‘ਅੱਜ ਅਸੀਂ ਸਾਰੇ ਮੁਸ਼ਕਿਲ ਹਾਲਾਤ ’ਚੋਂ ਨਿਕਲਣ ਲਈ ਲਗਾਤਾਰ ਡਟੇ ਹੋਏ ਹਾਂ ਤੇ ਮਿਲ ਕੇ ਕੰਮ ਕਰ ਰਹੇ ਹਾਂ। ਭਾਰਤ ਨਿਸ਼ਕਾਮ ਭਾਵ ਨਾਲ ਬਿਨਾਂ ਕੋਈ ਭੇਦਭਾਵ ਕੀਤੇ ਦੇਸ਼ ਤੇ ਦੁਨੀਆਂ ਦੇ ਸੰਕਟ ’ਚ ਘਿਰੇ ਲੋਕਾਂ ਨਾਲ ਖੜ੍ਹਾ ਹੈ।’ ਸ੍ਰੀ ਮੋਦੀ ਨੇ ਕਿਹਾ ਕਿ ਦੁਨੀਆਂ ਭਰ ’ਚ ਉੱਥਲ-ਪੁੱਥਲ ਦੇ ਇਸ ਮਾਹੌਲ ’ਚ ਕਈ ਵਾਰ ਜਦੋਂ ਦੁੱਖ ਤੇ ਨਿਰਾਸ਼ਾ ਦਾ ਭਾਵ ਜ਼ਿਆਦਾ ਦਿਖਾਈ ਦਿੰਦਾ ਹੈ ਤਾਂ ਭਗਵਾਨ ਬੁੱਧ ਦੀਆਂ ਸਿੱਖਿਆਵਾਂ ਹੋਰ ਵੀ ਪ੍ਰਸੰਗਿਕ ਹੋ ਜਾਂਦੀਆਂ ਹਨ। ਪ੍ਰਧਾਨ ਮੰਤਰੀ ਨੇ ਕਿਹਾ ਇਸ ਸੰਕਟ ਦੇ ਸਮੇਂ ਇੱਕ ਦੂਜੇ ਦੀ ਜਿੰਨੀ ਹੋ ਸਕੇ, ਮਦਦ ਕੀਤੀ ਜਾਣੀ ਚਾਹੀਦੀ ਹੈ।
ਜ਼ਿਕਰਯੋਗ ਹੈ ਕਿ ਬੁੱਧ ਪੂਰਨਿਮਾ ਦਾ ਇਹ ਸਮਾਗਮ ਕਰੋਨਾਵਾਇਰਸ ਮਹਾਮਾਰੀ ਕਾਰਨ ਆਨਲਾਈਨ ਕਰਵਾਇਆ ਗਿਆ ਹੈ।