ਪੰਜਾਬ 'ਚ 70 ਨਵੇਂ ਮਾਮਲੇ, ਕੁੱਲ ਗਿਣਤੀ ਹੋਈ 1697, ਮੌਤ ਦੀ ਗਿਣਤੀ ਹੋਈ 28

ਚੰਡੀਗੜ੍ਹ, ਮਈ 2020 -(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)-

ਪੰਜਾਬ ਵਿਚ ਕੋਰੋਨਾ ਨਾਲ ਵੀਰਵਾਰ ਨੂੰ 28ਵੀਂ ਮੌਤ ਹੋ ਗਈ ਹੈ । ਹੁਸ਼ਿਆਰਪੁਰ ਦੇ ਵਿਅਕਤੀ ਨੇ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਵਿਚ ਦਮ ਤੋੜਆ। ਪੰਜਾਬ ਵਿਚ ਵੀਰਵਾਰ ਨੂੰ ਕੁੱਲ 70 ਪਾਜ਼ੇਟਿਵ ਮਾਮਲੇ ਸਾਹਮਣੇ ਆਏ, ਜਿਨ੍ਹਾਂ ਵਿਚ 18 ਸ੍ਰੀ ਹਜ਼ੂਰ ਸਾਹਿਬ ਨਾਂਦੇੜ ਤੋਂ ਪਰਤੇ ਸ਼ਰਧਾਲੂ ਹਨ। ਅੰਮ੍ਰਿਤਸਰ ਵਿਚ 19 ਹੋਰ ਮਾਮਲੇ ਸਾਹਮਣੇ ਆਉਣ ਦੇ ਨਾਲ ਹੀ ਜ਼ਿਲ੍ਹੇ ਵਿਚ ਕੁਲ ਪਾਜ਼ੇਟਿਵ ਕੇਸ 286 ਹੋ ਗਏ ਹਨ। ਪੰਜਾਬ ਅੰਦਰ ਕੁੱਲ ਕੇਸ ਦੀ ਗਿਣਤੀ1697 ਹੋ ਗਈ ਹੈ।

ਅੰਮ੍ਰਿਤਸਰ ਵਿਚ ਜਿਹੜੇ ਕੇਸ ਆਏ ਹਨ, ਉਨ੍ਹਾਂ ਵਿੱਚੋਂ ਜ਼ਿਆਦਾਤਰ ਹਜ਼ੂਰ ਸਾਹਿਬ ਤੋਂ ਆਏ ਸ਼ਰਧਾਲੂਆਂ ਦੇ ਸੰਪਰਕ ਵਿਚ ਆਏ ਲੋਕ ਹਨ। ਸਾਰਿਆਂ ਨੂੰ ਕੁਆਰੰਟਾਈਨ ਸੈਂਟਰ ਤੋਂ ਆਈਸੋਲੇਸ਼ਨ ਵਾਰਡ ਵਿਚ ਦਾਖਲ ਕਰਵਾਉਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਪਟਿਆਲਾ ਵਿਚ ਸਟੇਟ ਬੈਂਕ ਆਫ ਇੰਡੀਆ ਦੀਆਂ ਵੱਖ-ਵੱਖ ਬ੍ਰਾਂਚਾਂ ਵਿਚ ਕੰਮ ਕਰਦੀਆਂ ਮਾਂ-ਧੀ ਪਾਜ਼ੇਟਿਵ ਪਾਈਆਂ ਗਈਆਂ ਹਨ। ਦੋਵਾਂ ਬ੍ਰਾਂਚਾਂ ਨੂੰ ਇਕ ਹਫ਼ਤੇ ਲਈ ਸੀਲ ਕਰ ਦਿੱਤਾ ਗਿਆ ਹੈ। ਤਰਨਤਾਰਨ ਵਿਚ 13 ਸ਼ਰਧਾਲੂ ਪਾਜ਼ੇਟਿਵ ਆਏ ਹਨ। ਗੁਰਦਾਸਪੁਰ ਵਿਚ ਤਿੰਨ ਸ਼ਰਧਾਲੂਆਂ ਸਮੇਤ 19 ਤਾਂ ਜਲੰਧਰ ਵਿਚ 11 ਲੋਕਾਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਫ਼ਤਹਿਗੜ੍ਹ ਸਾਹਿਬ ਵਿਚ ਹਜ਼ੂਰ ਸਾਹਿਬ ਤੋਂ ਪਰਤੀ ਇਕ ਮਹਿਲਾ ਪਾਜ਼ੇਟਿਵ ਆਈ ਹੈ। ਬਠਿੰਡਾ ਵਿਚ ਦੋ ਹੋਰ ਕੋਰੋਨਾ ਪਾਜ਼ੇਟਿਵ ਆਏ ਹਨ। ਇਨ੍ਹਾਂ ਵਿਚ ਇਕ ਪੰਜਾਬ ਪੁਲਿਸ ਦਾ ਮੁਲਾਜ਼ਮ ਹੈ ਅਤੇ ਦੂਜਾ ਰਾਜਸਥਾਨ ਤੋਂ ਆਇਆ ਮਜ਼ਦੂਰ ਹੈ। ਫਰੀਦਕੋਟ ਵਿਚ ਇਕ ਹੋਰ ਸ਼ਰਧਾਲੂ ਕੋਰੋਨਾ ਪਾਜ਼ੇਟਿਵ ਆਇਆ ਹੈ।

ਗੈਂਗਸਟਰ ਜੱਗੂ ਭਗਵਾਨਪੁਰੀਆ ਦੀ ਰਿਪੋਰਟ ਨੈਗੇਟਿਵ

ਗੈਂਗਸਟਰ ਜੱਗੂ ਭਗਵਾਨਪੁਰੀਆ ਦੀ ਕੋਰੋਨਾ ਟੈਸਟ ਰਿਪੋਰਟ ਨੈਗੇਟਿਵ ਆਈ ਹੈ। ਹਾਲਾਂਕਿ ਪਹਿਲਾਂ ਉਸਦੀ ਰਿਪੋਰਟ ਦਿੱਲੀ ਸਥਿਤ ਲਾਲ ਪੈਥ ਲੈਬ ਤੋਂ ਪਾਜ਼ੇਟਿਵ ਆਈ ਸੀ। ਅੰਮ੍ਰਿਤਸਰ ਸਥਿਤ ਇਨਫਲੂਏਂਜਾ ਲੈਬ ਅਤੇ ਤੁਲੀ ਲੈਬ ਵਿਚ ਦੋ ਵਾਰ ਵੱਖ-ਵੱਖ ਟੈਸਟ ਕਰਵਾਇਆ ਗਿਆ। ਹੁਣ ਦੋਵੇਂ ਹੀ ਰਿਪੋਰਟਸ ਨੈਗੇਟਿਵ ਹਨ। ਬਟਾਲਾ ਦੇ ਪਿੰਡ ਭਗਵਾਨਪੁਰਾ ਦੇ ਭਗਵਾਨਪੁਰੀਆ ਦੀ ਰਿਪੋਰਟ ਪਾਜ਼ੇਟਿਵ ਆਉਣ ਨਾਲ ਪੁਲਿਸ ਪ੍ਰਸ਼ਾਸਨ ਵਿਚ ਦਹਿਸ਼ਤ ਫੈਲ ਗਈ ਸੀ। ਉਸਦੇ ਸੰਪਰਕ ਵਿਚ ਆਏ ਵੱਡੇ ਅਧਿਕਾਰੀਆਂ ਸਮੇਤ 40 ਪੁਲਿਸ ਮੁਲਾਜ਼ਮਾਂ ਨੂੰ ਕੁਆਰੰਟਾਈਨ ਕੀਤਾ ਗਿਆ ਸੀ। ਭਗਵਾਨਪੁਰੀਆ ਬਟਾਲਾ ਦੇ ਪਿੰਡ ਢਿਲਵਾਂ ਦੇ ਸਾਬਕਾ ਅਕਾਲੀ ਸਰਪੰਚ ਦਲਬੀਰ ਸਿੰਘ ਦੇ ਕਤਲ ਦੇ ਮਾਮਲੇ ਵਿਚ ਬਟਾਲਾ ਪੁਲਿਸ ਦੀ ਹਿਰਾਸਤ ਵਿਚ ਹੈ।