ਆਹ! ਖੱਚਰ-ਰੇਹੜਾ ਚਲਾਉਣ ਵਾਲੇ ਦੀ ਧੀ!! ✍️ ਸਲੇਮਪੁਰੀ ਦੀ ਚੂੰਢੀ 

 ਜਪਾਨ ਦੇ ਸ਼ਹਿਰ ਟੋਕੀਓ ਵਿਚ ਚੱਲ ਰਹੀਆਂ ਉਲੰਪਿਕ ਖੇਡਾਂ ਵਿੱਚ ਭਾਰਤੀ ਹਾਕੀ ਟੀਮ ਦੀ ਅਗਵਾਈ ਕਰਨ ਵਾਲੀ ਦੇਸ਼ ਦੀ ਧੀ ਰਾਣੀ ਰਾਮਪਾਲ ਦਾ ਨਾਂ ਅੱਜ ਭਾਰਤ ਦੇ ਹਰੇਕ ਨਾਗਰਿਕ ਦੀ ਜੁਬਾਨ ਉਪਰ ਹੈ। ਭਾਰਤੀ ਹਾਕੀ ਟੀਮ ਦੀ ਕਪਤਾਨੀ ਕਰਨ ਵਾਲੀ ਖਿਡਾਰਨ ਰਾਣੀ ਰਾਮਪਾਲ ਜਿਸ ਨੇ ਖੇਡ ਖੇਤਰ ਵਿਚ ਸੰਸਾਰ ਭਰ ਵਿੱਚ ਭਾਰਤ ਦਾ ਨਾਂ ਰੌਸ਼ਨ ਕੀਤਾ ਹੈ, ਅੱਤ ਦੀ ਗਰੀਬੀ ਵਿੱਚ ਦਿਨ ਕੱਟਣ ਵਾਲੇ ਉਸ ਬਾਪ ਦੀ ਧੀ ਹੈ, ਜਿਹੜਾ ਖੱਚਰ - ਰੇਹੜਾ ਚਲਾ ਕੇ ਗੁਜਾਰਾ ਕਰਦਾ ਹੈ। ਹਰਿਆਣਾ ਦੇ ਸ਼ਹਿਰ ਸ਼ਾਹਬਾਦ ਵਿਚ 4 ਦਸੰਬਰ 1994 ਨੂੰ ਪੈਦਾ ਹੋਈ ਰਾਣੀ ਰਾਮਪਾਲ ਆਪਣੇ ਪਰਿਵਾਰ ਨਾਲ ਆਰਥਿਕ ਥੜ੍ਹਾਂ ਨਾਲ ਜੂਝਦੀ ਹੋਈ ਆਪਣੀ ਅਤੇ ਆਪਣੇ ਪਰਿਵਾਰ ਦੀ ਕਾਇਆ ਕਲਪ ਕਰਨਾ ਲੋਚਦਾ ਹੋਈ ਜਿੰਦਗੀ ਵਿੱਚ ਸ਼ਾਨਦਾਰ ਸੁਪਨੇ ਲਈ ਬੈਠੀ ਸੀ। ਗਰੀਬੀ ਦੀ ਹੱਦ ਕੋਈ ਨਹੀਂ ਸੀ, ਕਿਉਂਕਿ ਜਦੋਂ ਮੀਂਹ ਪੈਂਦਾ ਸੀ ਤਾਂ ਘਰ ਦੀ ਛੱਤ ਚੋਣ ਲੱਗ ਪੈਂਦੀ ਸੀ, ਅੰਦਰ ਪਾਣੀ ਭਰ ਜਾਂਦਾ ਸੀ।ਉਸ ਦੇ ਘਰ ਦੇ ਲਾਗੇ ਹਾਕੀ ਦਾ ਮੈਦਾਨ ਹੈ, ਜਿਥੇ ਹਾਕੀ ਖੇਡਦੇ ਖਿਡਾਰੀਆਂ ਨੂੰ ਵੇਖ ਕੇ ਉਸ ਅੰਦਰ ਵੀ ਹਾਕੀ ਦੀ ਖਿਡਾਰਨ ਬਣਨ ਦਾ ਸੁਪਨਾ ਪੈਦਾ ਹੋਇਆ ਪਰ ਉਸ ਦਾ ਬਾਪ ਨਾ ਤਾਂ ਆਪਣੀ ਧੀ ਨੂੰ ਨਵੀਂ ਹਾਕੀ ਲੈ ਕੇ ਦੇਣ  ਅਤੇ ਨਾ ਹੀ ਪੜ੍ਹਾਈ ਕਰਵਾਉਣ ਦੇ ਸਮਰੱਥ ਸੀ। ਖਿਡਾਰੀ ਬਣਨ ਲਈ ਚੰਗੀ ਖੁਰਾਕ ਦੀ ਲੋੜ ਹੁੰਦੀ ਹੈ, ਪਰ ਰਾਣੀ ਰਾਮਪਾਲ ਦੇ ਘਰ ਤਾਂ ਚਾਹ ਬਣਾਉਣ ਲਈ ਦੁੱਧ ਦੀ ਵੀ ਥੁੜ੍ਹ ਹੁੰਦੀ ਸੀ। ਜਿਉਂ ਹੀ ਰਾਣੀ ਰਾਮਪਾਲ ਨੇ ਬਚਪਨ ਵਿਚ ਹਾਕੀ ਅਕਾਦਮੀ ਵਿਚ ਦਾਖਲਾ ਲਿਆ ਤਾਂ ਉਸ ਦੇ ਕੋਚ ਬਲਦੇਵ ਸਿੰਘ ਨੇ ਉਸ ਨੂੰ ਹਾਕੀ ਅਕਾਦਮੀ ਵਿਚ ਦਾਖਲ ਕਰਨ ਤੋਂ ਇਨਕਾਰ ਕਰਦਿਆਂ ਕਿਹਾ ਕਿ 'ਤੂੰ ਕੁਪੋਸ਼ਣ ਦੀ ਸ਼ਿਕਾਰ ਏੰ'। ਪਰ ਰਾਣੀ ਰਾਮਪਾਲ ਨੇ ਤਾਂ ਚੋਟੀ ਦੀ ਖਿਡਾਰਨ ਬਣਨ ਦਾ ਸੁਪਨਾ ਧਾਰਿਆ ਹੋਇਆ ਸੀ, ਜਿਸ ਕਰਕੇ ਉਸ ਨੇ ਹਾਕੀ ਅਕਾਦਮੀ ਵਿਚ ਦਾਖਲ ਲੈਣ ਲਈ ਜਿੱਦ ਕਰੀ ਰੱਖੀ, ਜਿਸ ਪਿੱਛੋਂ ਅਖੀਰ ਉਸ ਨੂੰ ਅਕਾਦਮੀ ਵਿਚ ਦਾਖਲਾ ਮਿਲ ਗਿਆ। ਹਾਕੀ ਖੇਡਣ ਲਈ ਹੁਣ ਉਸ ਨੂੰ ਚੰਗੀ ਖੁਰਾਕ ਦੀ ਲੋੜ ਸੀ , ਪਰ ਉਸ ਦੇ ਬਾਪ ਦੇ ਘਰ ਦੁੱਧ ਮੱਖਣ ਹੋਣਾ ਦੂਰ ਦੀ ਗੱਲ, ਰੋਟੀ ਵੀ ਰੱਜਵੀੰ ਨਸੀਬ ਨਹੀਂ ਸੀ। ਦੂਸਰੀਆਂ ਖਿਡਾਰਨਾਂ ਦੀ ਤਰ੍ਹਾਂ ਕੋਚ ਵਲੋਂ ਉਸ ਨੂੰ ਵੀ ਹਰ ਰੋਜ ਘੱਟੋ-ਘੱਟ ਅੱਧਾ ਕਿਲੋ ਦੁੱਧ ਪੀਣ ਲਈ ਕਿਹਾ ਜਾਂਦਾ, ਪਰ ਉਹ ਕੀ ਕਰੇ? ਉਸ ਨੇ ਆਪਣੇ ਕੋਚ ਦੇ ਹੁਕਮਾਂ ਦੀ ਪਾਲਣਾ ਕਰਨ ਲਈ ਮਜ਼ਬੂਰ ਵੱਸ ਆਪਣੇ ਘਰੋਂ 200 ਮਿਲੀਲੀਟਰ ਦੁੱਧ ਲਿਆਕੇ, ਵਿਚ 300 ਮਿਲੀਲੀਟਰ ਪਾਣੀ ਪਾ ਕੇ ਦੂਜੀਆਂ ਖਿਡਾਰਨਾਂ ਨਾਲ ਪੀਣਾ ਸ਼ੁਰੂ ਕਰ ਦਿੱਤਾ, ਕਿਉਂਕਿ ਖਿਡਾਰਨਾਂ ਵਾਸਤੇ ਖੇਡ ਦੇ ਮੈਦਾਨ ਵਿਚ ਦੁੱਧ ਨਾਲ ਲਿਆਕੇ ਪੀਣਾ ਲਾਜਮੀ ਸੀ।
ਰਾਣੀ ਰਾਮਪਾਲ ਨੂੰ ਖਿਡਾਰਨ ਬਣਨ ਸਮੇਂ ਇੱਕ  ਨਹੀਂ ਸਗੋਂ  ਪਹਾੜਾਂ ਵਰਗੀਆਂ ਅਨੇਕਾਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ। ਉਸ ਕੋਲ ਖੇਡਣ ਸਮੇਂ ਸਕਰਟ ਨਹੀਂ ਸੀ, ਜਿਸ ਕਰਕੇ ਉਹ ਸਲਵਾਰ ਕਮੀਜ ਪਾ ਕੇ ਅਭਿਆਸ ਕਰਨ ਲਈ ਮਜਬੂਰ ਸੀ, ਦੂਜਾ ਉਸ ਦੇ ਮਾਪੇ ਵੀ ਸਕਰਟ ਪਾ ਕੇ ਖੇਡਣ ਦੀ ਇਜਾਜ਼ਤ ਨਹੀਂ ਦਿੰਦੇ ਸਨ, ਖੇਡਣ ਲਈ ਹਾਕੀ ਨਹੀਂ ਸੀ। ਰਾਣੀ ਰਾਮਪਾਲ ਨੇ ਪੰਜਵੀਂ ਜਮਾਤ ਵਿਚ ਪੜ੍ਹਨ ਸਮੇਂ ਖੇਡਣਾ ਸ਼ੁਰੂ ਕੀਤਾ, ਉਹ ਵੀ ਕਿਤਿਓੰ ਲੱਭੀ ਟੁੱਟੀ ਹੋਈ ਹਾਕੀ ਨਾਲ!
ਖਿਡਾਰਨ ਰਾਣੀ ਰਾਮਪਾਲ ਦੇ ਖੇਡ ਅਭਿਆਸ ਨੂੰ ਵੇਖਦਿਆਂ ਉਸ ਦੇ ਕੋਚ ਦੀ ਮਾਨਸਿਕਤਾ ਹੀ ਬਦਲ ਗਈ। ਫਿਰ ਉਹ ਉਸ ਨੂੰ ਆਪਣੇ ਘਰ ਹੀ ਲੈ ਗਿਆ, ਜਿੱਥੇ ਉਸ ਨੂੰ ਆਪਣੇ ਬੱਚਿਆਂ ਵਾਂਗ ਰੱਖਦਿਆਂ ਉਸ ਦਾ ਖਰਚ ਆਪ ਕਰਨਾ ਸ਼ੁਰੂ ਕਰ ਦਿੱਤਾ। ਅਰਜੁਨ ਪੁਰਸਕਾਰ, ਪਦਮ ਸ਼੍ਰੀ ਪੁਰਸਕਾਰ, ਰਾਜੀਵ ਗਾਂਧੀ ਖੇਡ ਪੁਰਸਕਾਰ ਸਮੇਤ ਹੋਰ ਅਨੇਕਾਂ ਪੁਰਸਕਾਰ ਜਿੱਤਣ ਵਾਲੀ  ਹਾਕੀ ਦੀ ਰਾਣੀ ਆਪਣੇ ਬਾਪ ਨੂੰ ਰੱਜ ਕੇ ਪਿਆਰ ਕਰਦੀ ਹੈ, ਇਸੇ ਲਈ ਉਸ ਨੇ ਆਪਣੇ ਨਾਂ ਰਾਣੀ ਦੇ ਨਾਲ ਰਾਮਪਾਲ ਲਿਖਵਾ ਕੇ 'ਰਾਣੀ ਰਾਮਪਾਲ' ਬਣ ਗਈ। ਰਾਣੀ ਰਾਮਪਾਲ ਦਾ ਕਹਿਣਾ ਹੈ ਕਿ ਉਸ ਨੇ ਜਦੋਂ ਪਹਿਲੀ ਵਾਰ ਟੂਰਨਾਮੈਂਟ ਖੇਡ ਕੇ ਆਪਣੇ ਬਾਪ ਦੇ ਹੱਥ ਉਪਰ 500 ਰੁਪਏ ਦੀ ਕਮਾਈ ਰੱਖੀ ਤਾਂ ਉਹ ਬਹੁਤ ਖੁਸ਼ ਹੋਏ। ਰਾਣੀ ਰਾਮਪਾਲ ਦੇਸ਼ ਦੀ ਉਹ ਖਿਡਾਰਨ ਹੈ, ਜਿਸ ਨੂੰ 15 ਸਾਲ ਦੀ ਉਮਰ ਵਿਚ ਕੌਮੀ ਪੱਧਰ 'ਤੇ ਖੇਡਣ ਦਾ ਮੌਕਾ ਮਿਲਿਆ। ਉਹ ਅਕਸਰ ਆਪਣੇ ਪਰਿਵਾਰ ਦੇ ਮੈਂਬਰਾਂ ਨੂੰ ਕਿਹਾ ਕਰਦੀ ਸੀ ਕਿ ਉਨ੍ਹਾਂ ਦਾ ਵੀ ਆਪਣਾ ਘਰ ਹੋਵੇਗਾ! ਇਹ ਆਸ ਵੀ ਉਸ ਦੀ ਪੂਰੀ ਹੋ ਗਈ ਹੈ, ਉਸ ਨੇ ਸ਼ਾਹਬਾਦ ਸ਼ਹਿਰ ਵਿਚ ਆਪਣਾ ਘਰ ਖ੍ਰੀਦ ਲਿਆ ਹੈ।
ਆਮ ਤੌਰ 'ਤੇ ਵੇਖਿਆ ਗਿਆ ਹੈ ਕਿ ਜਦੋਂ ਆਰਥਿਕ ਥੜ੍ਹਾਂ ਦਾ ਮਾਰਿਆ ਹੋਇਆ ਬੱਚਾ ਕਿਸੇ ਵਿੱਦਿਅਕ ਅਦਾਰੇ ਵਿਚ ਪੜ੍ਹਨ ਲਈ ਜਾਂਦਾ ਹੈ, ਤਾਂ ਕਈ ਅਧਿਆਪਕ ( ਸਾਰੇ ਨਹੀਂ) ਪਹਿਲਾਂ ਹੀ ਉਸ ਨੂੰ ਇਹ ਕਹਿ ਕੇ ਜਲੀਲ ਕਰਨਾ ਸ਼ੁਰੂ ਕਰ ਦਿੰਦੇ ਹਨ ਕਿ ਤੂੰ ਨਹੀਂ ਪੜ੍ਹ ਸਕਦਾ! ਜੇ ਕੋਈ ਗਰੀਬ ਵਿਦਿਆਰਥੀ ਡਾਕਟਰ / ਇੰਜੀਨੀਅਰ ਬਣਨ ਦਾ ਸੁਪਨਾ ਵੇਖਦਾ ਹੈ ਤਾਂ ਉਸ ਨੂੰ ਇਹ ਕਿਹਾ ਜਾਂਦਾ ਹੈ ਕਿ ਇਹ ਪੜ੍ਹਾਈ ਬਹੁਤ ਔਖੀ ਹੈ, ਤੇਰੇ ਵਸ ਦੀ ਨਹੀਂ, ਇਸ ਲਈ ਤੂੰ ਫਲਾਣੇ ਵਿਸ਼ਿਆਂ ਵਿਚ ਪੜ੍ਹਾਈ ਕਰ ਲੈ ਜਾਂ ਕਿਸੇ ਫੈਕਟਰੀ ਵਿਚ ਕੰਮ ਕਰਨ ਲੱਗ ਜਾ, ਵਧੀਆ ਰਹੇੰਗਾ, ਅੱਜ ਕੱਲ੍ਹ ਪੜ੍ਹਨ - ਪੜ੍ਹਨ ਦਾ ਕੋਈ ਲਾਭ ਨਹੀਂ ਹੈ। ਇਸ ਤਰ੍ਹਾਂ ਗਰੀਬ ਵਿਦਿਆਰਥੀਆਂ ਨੂੰ ਦਾਖਲਾ ਦੇਣ ਤੋਂ ਟਾਲਿਆ ਜਾਂਦਾ ਹੈ ਤਾਂ ਜੋ ਉਹ ਪੜ੍ਹ ਨਾ ਸਕਣ। ਇਸੇ ਤਰ੍ਹਾਂ ਹੀ ਰਾਣੀ ਰਾਮਪਾਲ ਦਾ ਕੋਚ ਉਸ ਦੇ ਸਰੀਰ ਨੂੰ ਵੇਖ ਕੇ ਇਹ ਕਹਿ ਕੇ ਹਾਕੀ ਅਕਾਦਮੀ ਵਿਚ ਦਾਖਲਾ ਦੇਣ ਤੋਂ ਇਨਕਾਰ ਕਰ ਰਿਹਾ ਸੀ ਕਿ 'ਤੂੰ ਕੁਪੋਸ਼ਣ ਦਾ ਸ਼ਿਕਾਰ ਏਂ! ਪਰ ਰਾਣੀ ਰਾਮਪਾਲ ਨੇ ਤਾਂ ਦਿਮਾਗ ਵਿਚ ਚੋਟੀ ਦੀ ਇਕ ਖਿਡਾਰਨ ਬਣਨ ਦਾ ਸੁਪਨਾ ਸਿਰਜਿਆ ਹੋਇਆ ਸੀ, ਜਿਸ ਕਰਕੇ ਉਸ ਨੇ ਭੁੱਖ-ਨੰਗ ਨਾਲ ਘੁਲਦਿਆਂ ਜਾਨ ਤੋੜ ਕੇ ਖੇਡ ਮੈਦਾਨ ਵਿਚ ਅਭਿਆਸ ਕੀਤਾ। ਰਾਣੀ ਰਾਮਪਾਲ ਦਾ ਸੁਪਨਾ ਪੂਰਾ ਹੋਇਆ ਅਤੇ ਉਹ ਸੱਚਮੁੱਚ ਹੀ ਹਾਕੀ ਦੀ ਰਾਣੀ ਬਣ ਗਈ ਅਤੇ ਜਿਹੜਾ ਕੋਚ ਉਸ ਨੂੰ ਅਕਾਦਮੀ ਵਿਚ ਦਾਖਲ ਕਰਨ ਤੋਂ ਅੜਿੱਕੇ ਡਾਹ ਰਿਹਾ ਸੀ, ਉਹੀ ਉਸ ਨੂੰ ਆਪਣੇ ਘਰ ਲੈ ਗਿਆ ਅਤੇ ਉਸ ਨੂੰ ਚੋਟੀ ਦੀ ਖਿਡਾਰਨ ਬਣਾਉਣ ਲਈ ਵੱਡਾ ਯੋਗਦਾਨ ਪਾਇਆ।
ਸਾਡੇ ਦੇਸ਼ ਵਿਚ ਮਨੂੰਵਾਦੀ ਵਿਵਸਥਾ ਦਾ ਬੋਲਬਾਲਾ ਹੋਣ ਕਰਕੇ ਅਕਸਰ 'ਘਾਹੀਆਂ ਦੇ ਪੁੱਤਾਂ' ਨੂੰ ਘਾਹ ਖੋਤਣ ਲਈ ਹੀ ਮਜਬੂਰ ਕੀਤਾ ਜਾਂਦਾ ਹੈ, ਪਰ ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਸਮਾਜ, ਦੇਸ਼ ਅਤੇ ਸੰਸਾਰ ਵਿੱਚ ਜਦੋਂ ਵੀ ਸਮੇਂ ਨੇ ਕਰਵਟ ਲਈ ਹੈ ਤਾਂ ਆਰਥਿਕ ਅਤੇ ਸਮਾਜਿਕ ਥੁੜ੍ਹਾਂ ਮਾਰੇ ਲੋਕਾਂ ਦੇ ਅੰਦੋਲਨਾਂ ਵਿਚੋਂ ਹੀ ਉਪਜੀ ਹੈ, ਜਦ ਕਿ ਅਮੀਰ, ਵਪਾਰੀ ਅਤੇ ਉੱਚ ਅਧਿਕਾਰੀ ਹਮੇਸ਼ਾ ਅੰਦੋਲਨਾਂ ਨੂੰ ਕੁਚਲਣ ਦੇ ਸਾਜਿਸ਼ ਘਾੜੇ ਬਣਕੇ ਵਿਚਰੇ ਹਨ।
-ਸੁਖਦੇਵ ਸਲੇਮਪੁਰੀ
09780620233
8 ਅਗਸਤ, 2021