ਭਾਰਤ

ਨਹੀਂ ਰਹੇ ਸਾਬਕਾ ਰਾਸ਼ਟਰਪਤੀ ਪ੍ਰਣਾਬ ਮੁਖਰਜੀ, ਬੇਟੇ ਨੇ ਟਵੀਟ ਰਾਹੀਂ ਦਿੱਤੀ ਜਾਣਕਾਰੀ

ਨਵੀਂ ਦਿੱਲੀ, ਅਗਸਤ 2020 -(ਏਜੰਸੀ )-  ਸਾਬਕਾ ਰਾਸ਼ਟਰਪਤੀ ਪ੍ਰਣਾਬ ਮੁਖਰਜੀ ਨਹੀਂ ਰਹੇ। ਅੱਜ ਉਨ੍ਹਾਂ ਦਾ ਦੇਹਾਂਤ ਹੋ ਗਿਆ। ਕਈ ਦਿਨਾਂ ਤੋਂ ਸਾਬਕਾ ਰਾਸ਼ਟਰਪਤੀ ਪ੍ਰਣਾਬ ਮੁਖਰਜੀ ਕੋਮਾ 'ਚ ਸਨ। 84 ਸਾਲਾਂ ਮੁਖਰਜੀ ਨੂੰ ਵੈਂਟੀਲੇਟਰ 'ਤੇ ਰੱਖਿਆ ਗਿਆ ਸੀ ਅਤੇ ਫੇਫੜਿਆਂ 'ਚ ਲਾਗ ਦਾ ਇਲਾਜ ਕੀਤਾ ਜਾ ਰਿਹਾ ਸੀ।  ਦੱਸ ਦਈਏ ਕਿ ਦਿਮਾਗ ਵਿੱਚ ਖੂਨ ਦਾ ਥੱਕਾ ਬਣ ਜਾਣ ਕਾਰਨ ਉਨ੍ਹਾਂ ਨੂੰ 10 ਅਗਸਤ ਦੁਪਹਿਰ 12:07 ਵਜੇ ਗੰਭੀਰ ਸਥਿਤੀ ਵਿੱਚ ਹਸਪਤਾਲ ਦਾਖਲ ਕਰਵਾਇਆ ਗਿਆ ਸੀ। ਸਰਜਰੀ ਤੋਂ ਪਹਿਲਾਂ ਉਨ੍ਹਾਂ ਦੀ ਕੋਰੋਨਾ ਜਾਂਚ ਵੀ ਕਰਵਾਈ ਗਈ ਸੀ, ਜਿਸ ਦੀ ਰਿਪੋਰਟ ਪਾਜ਼ੇਟਿਵ ਆਈ ਸੀ। ਇਸ ਤੋਂ ਬਾਅਦ ਡਾਕਟਰਾਂ ਨੇ ਉਨ੍ਹਾਂ ਦੇ ਦਿਮਾਗ ਵਿੱਚੋਂ ਖੂਨ ਦਾ ਥੱਕਾ ਹਟਾਉਣ ਲਈ ਸਰਜਰੀ ਕੀਤੀ ਸੀ। ਫਿਰ ਵੀ ਉਨ੍ਹਾਂ ਦੀ ਸਿਹਤ ਵਿੱਚ ਸੁਧਾਰ ਨਹੀਂ ਹੋਇਆ ਸੀ। 

Image preview

ਇਕ ਵੋਟਰ ਸੂਚੀ ਨਾਲ ਸਮੁੱਚੇ ਦੇਸ਼ 'ਚ ਚੋਣਾਂ ਕਰਵਾਉਣ ਦੀ ਤਿਆਰੀ

 

ਨਵੀਂ ਦਿੱਲੀ, ਅਗਸਤ 2020-(ਏਜੰਸੀ ) ਸਰਕਾਰ ਲੋਕਸਭਾ, ਵਿਧਾਨਸਭਾ ਤੇ ਸਥਾਨਕ ਸਰਕਾਰਾਂ ਦੀਆਂ ਚੋਣਾਂ ਲਈ ਇਕ ਵੀ ਵੋਟਰ ਸੂਚੀ ਬਣਾਉਣ ਦੀਆਂ ਸੰਭਾਵਨਾਵਾਂ 'ਤੇ ਵਿਚਾਰ ਕਰ ਰਹੀ ਹੈ। ਅਧਿਕਾਰੀਆਂ ਨੇ ਸ਼ਨਿਚਰਵਾਰ ਨੂੰ ਇਹ ਜਾਣਕਾਰੀ ਦਿੱਤੀ। ਸੰਵਿਧਾਨ 'ਚ ਸੂਬਿਆਂ ਨੂੰ ਪੰਚਾਇਤ ਤੇ ਸਥਾਨਕ ਸਰਕਾਰਾਂ ਦੀਆਂ ਚੋਣਾਂ ਲਈ ਆਪਣੇ ਨਿਯਮ ਬਣਾਉਣ ਦਾ ਅਧਿਕਾਰ ਦਿੱਤਾ ਹੈ। ਉਨ੍ਹਾਂ ਨੂੰ ਇਹ ਵੀ ਅਧਿਕਾਰ ਹੈ ਕਿ ਉਹ ਆਪਣੇ ਪੱਧਰ 'ਤੇ ਵੋਟਰ ਸੂਚੀ ਤਿਆਰ ਕਰਵਾਉਣ ਜਾਂ ਵਿਧਾਨਸਭਾ ਚੋਣਾਂ ਲਈ ਤਿਆਰ ਚੋਣ ਕਮਿਸ਼ਨ ਦੀ ਵੋਟਰ ਸੂਚੀ ਦੀ ਵਰਤੋਂ ਕਰੇ। ਹੁਣ ਕੇਂਦਰ ਸਰਕਾਰ ਲੋਕਸਭਾ, ਵਿਧਾਨਸਭਾ ਤੇ ਸਥਾਨਕ ਸਰਕਾਰਾਂ ਲਈ ਇਕ ਹੀ ਵੋਟਰ ਸੂਚੀ ਦੀਆਂ ਸੰਭਾਵਨਾਵਾਂ ਦੀ ਭਾਲ ਕਰ ਰਹੀ ਹੈ ਜਿਸ ਨਾਲ ਵੋਟਿੰਗ ਖਰਚੇ 'ਤੇ ਲਗਾਮ ਲੱਗੇਗੀ। ਇਸੇ ਮਹੀਨੇ ਦੀ ਸ਼ੁਰੂਆਤ 'ਚ ਪ੍ਰਧਾਨ ਮੰਤਰੀ ਦਫ਼ਤਰ ਨੇ ਇਸ ਸਬੰਧੀ ਬੈਠਕ ਬੁਲਾਈ ਸੀ ਜਿਸ 'ਚ ਕਾਨੂੰਨ ਮੰਤਰਾਲਾ ਤੇ ਚੋਣ ਕਮਿਸ਼ਨ ਦੇ ਮੁੱਖ ਅਧਿਕਾਰੀਆਂ ਤੋਂ ਮੌਜੂਦਾ ਵਿਵਸਥਾ ਤੇ ਸੰਭਾਵਨਾਵਾਂ ਦੀ ਰਾਏ ਮੰਗ ਗਈ ਹੈ।  

ਪੀਐੱਮ ਮੋਦੀ ਨੇ ਭਾਰਤ ਨੂੰ ਖਿਡੌਣਾ ਹੱਬ ਬਣਾਉਣ ਦਾ ਦਿੱਤਾ ਨਵਾਂ ਮੰਤਰ, ਦੇਸੀ ਕੁੱਤਿਆਂ ਨੂੰ ਅਪਣਾਉਣ ਲਈ ਕੀਤਾ ਪ੍ਰੇਰਿਤ

ਨਵੀਂ ਦਿੱਲੀ,ਅਗਸਤ 2020-(ਏਜੰਸੀ )   ਆਤਮਨਿਰਭਰ ਭਾਰਤ ਮੁਹਿੰਮ ਦੀ ਨੀਂਹ ਲਈ ਸਭ ਤੋਂ ਜ਼ਰੂਰੀ ਹੈ ਕਲਪਨਾਸ਼ੀਲਤਾ, ਨਵੀਨਤਾ, ਆਤਮਵਿਸ਼ਵਾਸ ਤੇ ਟੀਮ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੁਝ ਇਸੇ ਗੱਲ ਦਾ ਸੰਕੇਤ ਦਿੰਦਿਆਂ ਐਤਵਾਰ ਨੂੰ ਦੇਸ਼ ਨੂੰ ਖਿਡੌਣਾ ਉਤਪਾਦਨ ਲਈ ਪ੍ਰੇਰਿਤ ਕੀਤਾ ਜਿਸ ਦਾ ਆਲਮੀ ਬਾਜ਼ਾਰ ਸੱਤ ਲੱਖ ਕਰੋੜ ਰੁਪਏ ਦਾ ਹੈ ਅਤੇ ਭਾਰਤ ਦਾ ਹਿੱਸਾ ਫਿਲਹਾਲ ਇਸ ਵਿਚ ਨਿਗੁਣਾ ਜਿਹਾ ਹੀ ਹੈ। ਉਨ੍ਹਾਂ ਨੇ ਭਾਰਤੀ ਐਪ ਦੀ ਦੁਨੀਆ ਵਿਚ ਹੋ ਰਹੇ ਤਜਰਬੇ ਦਾ ਹਵਾਲਾ ਦਿੰਦਿਆਂ ਕਿਹਾ ਕਿ ਖਿਡੌਣਿਆਂ ਦੇ ਉਤਪਾਦਨ ਵਿਚ ਭਾਰਤੀ ਸੋਚ, ਕਲਪਨਾ ਤੇ ਥੀਮ ਨੂੰ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ। ਧਿਆਨ ਰਹੇ ਕਿ ਚੀਨ ਨਾਲ ਛਿੜੀ ਜੰਗ ਤੋਂ ਬਾਅਦ ਕੇਂਦਰ ਸਰਕਾਰ ਨੇ ਕਈ ਦੂਜੇ ਖੇਤਰਾਂ ਦੇ ਨਾਲ-ਨਾਲ ਇਨ੍ਹਾਂ ਦੋ ਖੇਤਰਾਂ ਵਿਚ ਵੀ ਚੀਨ ਤੋਂ ਦੂਰੀ ਬਣਾਉਣੀ ਸ਼ੁਰੂ ਕਰ ਦਿੱਤੀ ਹੈ। ਹਾਲ ਹੀ ਵਿਚ ਪ੍ਰਧਾਨ ਮੰਤਰੀ ਨੇ ਭਾਰਤ ਨੂੰ ਖਿਡੌਣਾ ਉਤਪਾਦਨ ਦੀ ਹੱਬ ਬਣਾਉਣ ਲਈ ਮੀਟਿੰਗ ਕੀਤੀ ਸੀ। ਉਸ ਤੋਂ ਪਹਿਲਾਂ ਸਰਕਾਰ ਨੇ ਚੀਨ ਦੇ ਲਗਪਗ ਸੌ ਐਪਸ 'ਤੇ ਪਾਬੰਦੀ ਲਾ ਦਿੱਤੀ ਸੀ।

ਐਤਵਾਰ ਨੂੰ ਆਪਣੇ ਮਹੀਨਾਵਾਰੀ ਪ੍ਰੋਗਰਾਮ 'ਮਨ ਕੀ ਬਾਤ' ਵਿਚ ਉਂਜ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕ੍ਰਿਸ਼ੀ ਉਤਸਵ, ਪੋਸ਼ਣ, ਦੇਸੀ ਕੁੱਤਿਆਂ ਦੀ ਗੁਣਵਤਾ ਵਰਗੇ ਕਈ ਮੁੱਦਿਆਂ 'ਤੇ ਆਪਣੇ ਵਿਚਾਰ ਰੱਖੇ ਪਰ ਇਹ ਮੁੱਖ ਤੌਰ 'ਤੇ ਖਿਡੌਣਾ, ਮੋਬਾਈਲ ਗੇਮਜ਼, ਐਪਸ ਆਦਿ 'ਤੇ ਕੇਂਦਿ੍ਤ ਸੀ। ਇਸ ਦਾ ਖ਼ਾਸ ਕਾਰਨ ਵੀ ਸੀ। ਭਾਰਤ ਪਿਛਲੇ ਡੇਢ-ਦੋ ਮਹੀਨਿਆਂ ਤੋਂ ਚੀਨ ਸਮੇਤ ਕਿਸੇ ਵੀ ਦੇਸ਼ 'ਤੇ ਨਿਰਭਰਤਾ ਘੱਟ ਕਰਨ ਤੇ ਹਰ ਖੇਤਰ ਵਿਚ ਖ਼ੁਦ ਦੀ ਤਾਕਤ ਵਧਾਉਣ ਵਿਚ ਜੁਟਿਆ ਹੈ। ਅਜਿਹੇ ਵਿਚ ਖਿਡੌਣਾ ਬਾਜ਼ਾਰ ਅਹਿਮ ਹੈ। ਲਿਹਾਜ਼ਾ ਉਨ੍ਹਾਂ ਨੇ ਉਦਯੋਗ ਜਗਤ, ਸਟਾਰਟ ਅੱਪ ਨੂੰ ਅਪੀਲ ਕੀਤੀ, 'ਸਾਡੇ ਦੇਸ਼ ਵਿਚ ਏਨੇ '

ਆਈਡੀਆਜ਼ ਹਨ, ਕੰਸੈਪਟ ਹਨ, ਭਾਰਤ ਵਿਚ ਗੇਮ ਬਣਾਓ, ਭਾਰਤ ਦੇ ਗੇਮ ਬਣਾਓ, ਚਲੋ ਖੇਡ ਸ਼ੁਰੂ ਕਰਦੇ ਹਾਂ (ਲੈਟ ਦੇ ਗੇਮ ਬਿਗਿਨ)।' ਭਾਰਤੀ ਥੀਮ ਦੀ ਗੱਲ ਕਹਿ ਕੇ ਉਨ੍ਹਾਂ ਨੇ ਇਹ ਵੀ ਸੰਦੇਸ਼ ਦਿੱਤਾ ਕਿ ਵਿਦੇਸ਼ੀ ਕਿਰਦਾਰਾਂ ਦੀ ਥਾਂ ਭਾਰਤੀ ਬੱਚੇ ਖੇਡ-ਖੇਡ ਵਿਚ ਹੀ ਭਾਰਤੀ ਇਤਿਹਾਸ ਤੇ ਸੱਭਿਅਤਾ ਵੀ ਸਿੱਖ-ਸਮਝ ਸਕਦੇ ਹਨ। ਗੁਰੂਦੇਵ ਰਵਿੰਦਰਨਾਥ ਟੈਗੋਰ ਦਾ ਹਵਾਲਾ ਦਿੰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਅਜਿਹੇ ਖਿਡੌਣੇ ਹੋਣੇ ਚਾਹੀਦੇ ਹਨ ਜੋ ਅਧੂਰੇ ਹੋਣ ਤੇ ਬੱਚਿਆਂ ਦੀ ਕਲਪਨਾਸ਼ੀਲਤਾ, ਰਚਨਾਤਮਿਕਤਾ ਨੂੰ ਵਧਾਉਣ। ਨਵੀਂ ਸਿੱਖਿਆ ਨੀਤੀ ਵਿਚ ਖਿਡੌਣਿਆਂ ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਨੇ ਦੱਸਿਆ ਕਿ ਖੇਡ-ਖੇਡ ਵਿਚ ਸਿੱਖਣਾ, ਜਿੱਥੇ ਖਿਡੌਣੇ ਬਣਦੇ ਹਨ ਉੱਥੇ ਬੱਚਿਆਂ ਨੂੰ ਲੈ ਜਾਣਾ, ਇਹ ਸਭ ਸਿਲੇਬਸ ਵਿਚ ਸ਼ਾਮਲ ਕੀਤਾ ਗਿਆ ਹੈ। ਇਸ ਨਾਲ ਬੱਚਿਆਂ ਵਿਚ ਸਮਰੱਥਾ ਤੇ ਰਚਨਾਤਮਿਕਤਾ ਵਧੇਗੀ। ਇਸ ਵਿਚ ਸਟਾਰਟ ਅੱਪ ਤੋਂ ਲੈ ਕੇ ਸੂਖਮ, ਲਘੂ, ਮੱਧਮ ਤੇ ਵੱਡੇ ਸਾਰੇ ਤਰ੍ਹਾਂ ਦੇ ਉਦਯੋਗ ਸ਼ਾਮਲ ਹੋ ਸਕਦੇ ਹਨ ਤਾਂ ਜੋ ਸੱਤ ਲੱਖ ਕਰੋੜ ਰੁਪਏ ਦੇ ਆਲਮੀ ਬਾਜ਼ਾਰ ਵਿਚ ਭਾਰਤ ਵੀ ਹਿੱਸਾ ਲੈ ਸਕੇ। ਉਨ੍ਹਾਂ ਨਵਾਂ ਨਾਅਰਾ ਦਿੱਤਾ-'ਟੀਮ ਅੱਪ ਫਾਰ ਟੁਆਇਜ਼' ਯਾਨੀ ਖਿਡੌਣਾ ਬਣਾਉਣ ਲਈ ਨਾਲ ਆਉਣ ਲਈ ਕਿਹਾ।

 

ਪ੍ਰਧਾਨ ਮੰਤਰੀ ਨੇ ਚੀਨੀ ਐਪਸ 'ਤੇ ਪਾਬੰਦੀ ਲਾਉਣ ਤੋਂ ਬਾਅਦ ਸਰਕਾਰ ਦੇ ਪੱਧਰ 'ਤੇ ਹੋਏ 'ਐਪ ਚੈਲੰਜ' ਦਾ ਵੀ ਜ਼ਿਕਰ ਕੀਤਾ ਤੇ ਕਿਹਾ ਕਿ ਇਹ ਨਵੀਂ ਸੋਚ ਦਾ ਪ੍ਰਤੀਕ ਹੈ। ਮਿਸਾਲ ਵਜੋਂ ਕੁਟੁਕੀ ਜਿਸ ਵਿਚ ਛੋਟੇ ਬੱਚੇ ਖੇਡ-ਖੇਡ ਵਿਚ ਗਾਣਿਆਂ ਤੇ ਕਹਾਣੀਆਂ ਜ਼ਰੀਏ ਹੀ ਗਣਿਤ ਤੇ ਸਾਇੰਸ ਸਿੱਖ ਜਾਂਦੇ ਹਨ। ਉਨ੍ਹਾਂ ਨੇ ਚਿੰਗਾਰੀ ਤੇ ਜੋਹੋ ਵਰਕਪਲੇਸ ਵਰਗੀਆਂ ਭਾਰਤੀ ਐਪਸ ਦਾ ਜ਼ਿਕਰ ਵੀ ਕੀਤਾ।

ਵੋਕਲ ਫਾਰ ਲੋਕਲ ਦਾ ਮੰਤਰ ਉਂਜ ਤਾਂ ਉਤਪਾਦਾਂ ਲਈ ਹੈ ਪਰ ਪ੍ਰਧਾਨ ਮੰਤਰੀ ਨੇ ਦੇਸੀ ਕੁੱਤਿਆਂ ਨੂੰ ਪਾਲਣ ਲਈ ਵੀ ਪ੍ਰੇਰਿਤ ਕੀਤਾ। ਆਰਮੀ ਦੇ ਸੋਫੀ, ਵਿਦਾ, ਭਾਵਨਾ, ਰੋਕੀ ਵਰਗੇ ਕੁੱਤਿਆਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਇਨ੍ਹਾਂ ਨੇ ਦੇਸ਼ ਦੀ ਰੱਖਿਆ ਵਿਚ ਵੱਡੀ ਭੂਮਿਕਾ ਨਿਭਾਈ ਹੈ। ਰੋਕੀ ਨੇ ਤਾਂ 300 ਤੋਂ ਜ਼ਿਆਦਾ ਕੇਸ ਸੁਲਝਾਉਣ ਵਿਚ ਪੁਲਿਸ ਦੀ ਮਦਦ ਕੀਤੀ ਸੀ। ਭਾਰਤੀ ਨਸਲ ਦੇ ਕੁੱਤਿਆਂ ਵਿਚ ਹਿਮਾਚਲੀ ਹਾਉਂਡ, ਮੁਧੋਲ ਹਾਉਂਡ, ਚਿੱਪੀਪਰਾਈ ਵਰਗੀਆਂ ਬ੍ਰੀਡਾਂ ਬਹੁਤ ਚੰਗੀਆਂ ਹਨ। ਜੇ ਕੁੱਤੇ ਪਾਲਣ ਦੀ ਸੋਚੋ ਤਾਂ ਭਾਰਤੀ ਬ੍ਰੀਡ ਨੂੰ ਅਪਣਾਓ। ਪ੍ਰਧਾਨ ਮੰਤਰੀ ਨੇ ਕਿਹਾ, 'ਆਤਮਨਿਰਭਰ ਭਾਰਤ ਜਦੋਂ ਜਨ ਮਨ ਦਾ ਮੰਤਰ ਬਣ ਹੀ ਰਿਹਾ ਹੈ ਤਾਂ ਕੋਈ ਵੀ ਖੇਤਰ ਇਸ ਤੋਂ ਪਿੱਛੇ ਕਿਵੇਂ ਰਹਿ ਸਕਦਾ ਹੈ।  

ਕੋਰੋਨਾ ਦਾ ਕਹਿਰ ਜਾਰੀ ਭਾਰਤ ਵਿੱਚ ਕੱਲ 1030 ਮੌਤਾਂ

ਇਕ ਦਿਨ 'ਚ 77 ਹਜ਼ਾਰ ਤੋਂ ਜ਼ਿਆਦਾ ਨਵੇਂ ਮਾਮਲੇ

   
ਨਵੀਂ ਦਿੱਲੀ , ਅਗਸਤ 2020 -(ਏਜੰਸੀ)- ਦੇਸ਼ 'ਚ ਇਕ ਦਿਨ 'ਚ 77 ਹਜ਼ਾਰ ਤੋਂ ਜ਼ਿਆਦਾ ਨਵੇਂ ਮਾਮਲਿਆਂ ਨਾਲ ਕੁਲ ਇਨਫੈਕਟਿਡਾਂ ਦਾ ਅੰਕੜਾ 34.53 ਲੱਖ ਨੂੰ ਪਾਰ ਕਰ ਗਿਆ ਹੈ। ਵੱਖ-ਵੱਖ ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਤੋਂ ਸ਼ੁੱਕਰਵਾਰ ਨੂੰ ਰਾਤ 9 ਵਜੇ ਤਕ ਮਿਲੇ ਅੰਕੜਿਆਂ ਮੁਤਾਬਕ ਇਸ ਦੌਰਾਨ 64 ਹਜ਼ਾਰ ਤੋਂ ਜ਼ਿਆਦਾ ਮਰੀਜ਼ ਸਿਹਤਮੰਦ ਵੀ ਹੋਏ ਹਨ ਤੇ ਹੁਣ ਤਕ ਠੀਕ ਹੋਏ ਲੋਕਾਂ ਦੀ ਗਿਣਤੀ 26.40 ਲੱਖ ਤੋਂ ਜ਼ਿਆਦਾ ਹੋ ਗਈ ਹੈ। 1,030 ਲੋਕਾਂ ਦੀ ਮੌਤ ਨਾਲ ਕੋਰੋਨਾ ਮਹਾਮਾਰੀ ਨਾਲ ਜਾਨ ਗੁਆਉਣ ਵਾਲਿਆਂ ਦੀ ਗਿਣਤੀ 62,625 'ਤੇ ਪੁੱਜ ਗਈ ਹੈ।

ਉਥੇ, ਕੇਂਦਰੀ ਸਿਹਤ ਮੰਤਰਾਲੇ ਵੱਲੋਂ ਸਵੇਰੇ ਅੱਠ ਵਜੇ ਜਾਰੀ ਅੰਕੜਿਆਂ ਮੁਤਾਬਕ ਬੀਤੇ 24 ਘੰਟਿਆਂ ਦੌਰਾਨ 77,266 ਨਵੇਂ ਕੇਸ ਮਿਲੇ ਹਨ ਤੇ ਕੁਲ ਇਨਫੈਕਟਿਡ 33.87 ਲੱਖ ਤੋਂ ਜ਼ਿਆਦਾ ਹੋ ਗਏ ਹਨ। ਹੁਣ ਤਕ 25.83 ਲੱਖ ਲੋਕਾਂ ਨੇ ਕੋਰੋਨਾ ਨੂੰ ਮਾਤ ਦਿੱਤੀ ਹੈ ਤੇ ਮਰੀਜ਼ਾਂ ਦੇ ਸਿਹਤਮੰਦ ਹੋਣ ਦੀ ਦਰ 76.28 ਫ਼ੀਸਦੀ ਹੋ ਗਈ ਹੈ। 1,057 ਲੋਕਾਂ ਦੀ ਮੌਤ ਨਾਲ ਹੁਣ ਤਕ 61,529 ਲੋਕਾਂ ਦੀ ਜਾਨ ਜਾ ਚੁੱਕੀ ਹੈ। ਇਸ ਦੇ ਨਾਲ ਹੀ ਮੌਤ ਦੀ ਦਰ 1.82 ਫ਼ੀਸਦੀ 'ਤੇ ਆ ਗਈ ਹੈ। ਮੰਤਰਾਲੇ ਮੁਤਾਬਕ ਸਰਗਰਮ ਮਾਮਲੇ 7.42 ਲੱਖ ਰਹਿ ਗਏ ਹਨ, ਜੋ ਕੁਲ ਮਾਮਲਿਆਂ ਦਾ 21.90 ਫ਼ੀਸਦੀ ਹੈ। ਭਾਰਤ 'ਚ ਇਨਫੈਕਟਿਡਾਂ ਦਾ 20 ਲੱਖ ਦਾ ਅੰਕੜਾ ਸੱਤ ਅਗਸਤ ਤੇ 30 ਲੱਖ ਦਾ ਅੰਕੜਾ 23 ਅਗਸਤ ਨੂੰ ਪਾਰ ਹੋ ਗਿਆ ਸੀ। ਇੰਡੀਅਨ ਮੈਡੀਕਲ ਰਿਸਰਚ ਕੌਂਸਲ ਮੁਤਾਬਕ ਵੀਰਵਾਰ ਨੂੰ ਨੌਂ ਲੱਖ ਤੋਂ ਜ਼ਿਆਦਾ ਨਮੂਨਿਆਂ ਦੀ ਜਾਂਚ ਹੋਈ ਤੇ ਹੁਣ ਤਕ 3.94 ਕਰੋੜ ਨਮੂਨਿਆਂ ਦੀ ਜਾਂਚ ਹੋ ਚੁੱਕੀ ਹੈ। ਸਿਹਤ ਮੰਤਰਾਲੇ ਤੇ ਹੋਰ ਸਰੋਤਾਂ ਤੋਂ ਮਿਲੇ ਅੰਕੜਿਆਂ ਦਾ ਫਰਕ ਸੂਬਿਆਂ ਤੋਂ ਕੇਂਦਰ ਨੂੰ ਮਿਲਣ ਵਾਲਿਆਂ ਸੂਚਨਾਵਾਂ 'ਚ ਦੇਰੀ ਹੈ। ਇਸ ਤੋਂ ਇਲਾਵਾ ਕਈ ਏਜੰਸੀਆਂ ਸਿੱਧਾ ਸੂਬਿਆਂ ਤੋਂ ਅੰਕੜੇ ਲੈ ਕੇ ਜਾਰੀ ਕਰਦੀਆਂ ਹਨ।  

ਪੰਜਾਬ ਸਰਕਾਰ ਕੋਲ ਟਿੱਕ-ਟੌਕੀਆਂ ਲਈ ਪੈਸਾ ਪਰ ਖਿਡਾਰੀਆਂ ਲਈ ਨਹੀਂ- ਸਿਮਰਨਜੀਤ

ਨਵੀਂ ਦਿੱਲੀ, ਅਗਸਤ 2020 (ਏਜੰਸੀ)- ਓਲੰਪਿਕ ’ਚ ਹਿੱਸਾ ਲੈਣ ਜਾ ਰਹੀ ਮੁੱਕੇਬਾਜ਼ ਸਿਮਰਨਜੀਤ ਕੌਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜ ਮਹੀਨੇ ਪਹਿਲਾਂ ਨੌਕਰੀ ਦੇ ਕੀਤੇ ਵਾਅਦੇ ਤੋਂ ਬਾਅਦ ਵੀ ਨੌਕਰੀ ਦੀ ਭਾਲ ਵਿੱਚ ਹੈ। ਜਨਵਰੀ ਵਿੱਚ ਜਦੋਂ ਉਸ ਨੇ ਟੋਕੀਓ ਓਲੰਪਿਕ ਲਈ ਕੁਆਲੀਫਾਈ ਕੀਤਾ ਸੀ ਤਾਂ ਉਸ ਨੇ ਆਪਣੀਆਂ ਵਿੱਤੀ ਸਮੱਸਿਆਵਾਂ ਪੱਤਰਕਾਰਾਂ ਨਾਲ ਸਾਂਝੀਆਂ ਕੀਤੀਆਂ ਸਨ। ਪੱਤਰਕਾਰਾਂ ਵੱਲੋਂ ਇਹ ਮਾਮਲਾ ਪ੍ਰਮੁੱਖਤਾ ਨਾਲ ਚੁੱਕਣ ’ਤੇ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰਕੇ ਇਸ ਖਿਡਾਰਨ ਦੀ ਮਦਦ ਕਰਨ ਦਾ ਭਰੋਸਾ ਜਤਾਇਆ ਸੀ। ਉਨ੍ਹਾਂ ਕਿਹਾ ਸੀ ਕਿ ਉਨ੍ਹਾਂ ਆਪਣੇ ਸਕੱਤਰ (ਖੇਡਾਂ) ਨੂੰ ਕਿਹਾ ਹੈ ਕਿ ਇਸ ਖਿਡਾਰਨ ਦੀ ਹਰ ਸੰਭਵ ਮਦਦ ਕਰਨ ਲਈ ਆਦੇਸ਼ ਜਾਰੀ ਕੀਤੇ ਗਏ ਹਨ।

ਕਿ੍ਕਟਰ ਹਰਭਜਨ ਸਿੰਘ ਅਤੇ ਖੇਡ ਮੰਤਰੀ ਕਿਰਨ ਰਿਜਿਜੂ ਨੇ ਮੀਡੀਆ ਦਾ ਇਸ ਮਾਮਲੇ ਨੂੰ ਪ੍ਰਮੁੱਖਤਾ ਨਾਲ ਚੁੱਕਣ ’ਤੇ ਧੰਨਵਾਦ ਕੀਤਾ ਸੀ। ਜਦੋਂ ਕਿ ਹੁਣ ਸਿਮਰਨਜੀਤ ਦਾ ਕਹਿਣਾ ਹੈ ਕਿ ਸੂਬਾ ਸਰਕਾਰ ਵੱਲੋਂ ਉਸ ਦੀ ਕੋਈ ਮਦਦ ਨਹੀਂ ਕੀਤੀ ਗਈ। ਉਸ ਦੇ ਭਾਵੁਕ ਹੁੰਦਿਆਂ ਕਿਹਾ ਕਿ ਉਸ ਨੂੰ ਪੰਜ ਲੱਖ ਰੁਪਏ ਦੀ ਮਦਦ ਦੇਣ ਦਾ ਭਰੋਸਾ ਦਿੱਤਾ ਗਿਆ ਸੀ ਪਰ ਕੌਣ ਪ੍ਰਵਾਹ ਕਰਦਾ ਹੈ। ਜਦੋਂ ਕਿ ਟਿੱਕ-ਟੌਕ ਸਟਾਰਜ਼ ਨੂੰ ਪੰਜਾਬ ਸਰਕਾਰ ਵੱਲੋਂ ਵਿੱਤੀ ਮਦਦ ਦਿੱਤੀ ਜਾ ਰਹੀ ਹੈ। ਉਸ ਨੇ ਕਿਹਾ ਕਿ ਜਦੋਂ ਮਾਰਚ ਵਿੱਚ ਉਹ ਮੁੱਖ ਮੰਤਰੀ ਨੂੰ ਮਿਲੀ ਸੀ ਤਾਂ ਉਨ੍ਹਾਂ ਉਸ ਨਾਲ ਨੌਕਰੀ ਦਾ ਵਾਅਦਾ ਵੀ ਕੀਤਾ ਸੀ, ਪਰ ਕੌਣ ਪ੍ਰਵਾਹ ਕਰਦਾ ਹੈ। ਉਸ ਨੇ ਕਿਹਾ ਕਿ ਸਰਕਾਰਾਂ ਇਹ ਕਿਉਂ ਚਾਹੁੰਦੀਆਂ ਹਨ ਕਿ ਜੋ ਉਨ੍ਹਾਂ ਨੇ ਅਥਲੀਟਾਂ ਨਾਲ ਵਾਅਦੇ ਕੀਤੇ ਹਨ ਉਹ ਉਨ੍ਹਾਂ ਵਾਅਦਿਆਂ ਲਈ ਭੀਖ ਮੰਗਣ। ਪੰਜਾਬ ਸਰਕਾਰ ਤੇ ਇਹ ਸਵਾਲ ਜਾਇਜ਼ ਹਨ ਕਿਉਂ ਨਹੀਂ ਸਰਕਾਰ ਇਹਨਾਂ ਅਥਲੀਟਾ ਨੂੰ ਆਪਣਾ ਸਰਮਾਇਆ ਸਮਜਦੀ।

ਸਾਬਕਾ ਵਿੱਤ ਸਕੱਤਰ ਰਾਜੀਵ ਕੁਮਾਰ ਹੋਣਗੇ ਨਵੇਂ ਚੋਣ ਕਮਿਸ਼ਨਰ

ਨਵੀਂ ਦਿੱਲੀ (ਏਜੰਸੀਆਂ) : ਸਾਬਕਾ ਵਿੱਤ ਸਕੱਤਰ ਰਾਜੀਵ ਕੁਮਾਰ ਨੂੰ ਨਵਾਂ ਚੋਣ ਕਮਿਸ਼ਨਰ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਨੂੰ ਅਸ਼ੋਕ ਲਵਾਸਾ ਦੀ ਥਾਂ ਚੋਣ ਕਮਿਸ਼ਨਰ ਬਣਾਇਆ ਗਿਆ ਹੈ। ਲਵਾਸਾ ਨੇ ਬੀਤੀ 18 ਅਗਸਤ ਨੂੰ ਚੋਣ ਕਮਿਸ਼ਨਰ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ। ਰਾਜੀਵ ਕੁਮਾਰ 1984 ਬੈਚ ਦੇ ਝਾਰਖੰਡ ਕੈਡਰ ਦੇ ਆਈਏਐੱਸ ਅਧਿਕਾਰੀ ਹਨ। ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਰਾਜੀਵ ਕੁਮਾਰ ਨੂੰ ਚੋਣ ਕਮਿਸ਼ਨਰ ਨਿਯੁਕਤ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ।

ਅਸ਼ੋਕ ਲਵਾਸਾ ਅਗਲੀ 31 ਅਗਸਤ ਤਕ ਚੋਣ ਕਮਿਸ਼ਨਰ ਦੇ ਅਹੁਦੇ 'ਤੇ ਰਹਿਣਗੇ। ਰਾਜੀਵ ਕੁਮਾਰ ਦੀ ਨਿਯੁਕਤੀ ਇਸ ਤੋਂ ਬਾਅਦ ਪ੍ਰਭਾਵੀ ਮੰਨੀ ਜਾਵੇਗੀ। ਉਨ੍ਹਾਂ ਨੂੰ ਪਿਛਲੇ ਸਾਲ ਜੁਲਾਈ ਵਿਚ ਵਿੱਤ ਸਕੱਤਰ ਨਿਯੁਕਤ ਕੀਤਾ ਗਿਆ ਸੀ। ਉਨ੍ਹਾਂ ਨੇ ਪਿਛਲੇ ਤਿੰਨ ਦਹਾਕਿਆਂ ਵਿਚ ਕਈ ਸੈਕਟਰਾਂ ਵਿਚ ਨੌਕਰਸ਼ਾਹ ਦੇ ਤੌਰ 'ਤੇ ਕੰਮ ਕੀਤਾ ਹੈ। ਉਨ੍ਹਾਂ ਨੇ ਜਨਤਕ ਖੇਤਰ ਦੇ ਬੈਂਕਾਂ ਨੂੰ ਮਜ਼ਬੂਤ ਕਰਨ ਦੀ ਕੇਂਦਰ ਦੀ ਯੋਜਨਾ ਨੂੰ ਲਾਗੂ ਕਰਨ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ ਸੀ। ਇਸ ਤੋਂ ਇਲਾਵਾ ਉਨ੍ਹਾਂ ਨੇ ਪ੍ਰਧਾਨ ਮੰਤਰੀ ਜਨ ਧਨ ਤੇ ਮੁਦਰਾ ਕਰਜ਼ ਵਰਗੀਆਂ ਯੋਜਨਾਵਾਂ 'ਤੇ ਵੀ ਕਾਫੀ ਕੰਮ ਕੀਤਾ ਹੈ।

 

ਦੇਸ਼ 'ਚ ਨਹੀਂ ਰੁਕ ਰਿਹਾ ਕੋਰੋਨਾ ਦਾ ਕਹਿਰ 1092 ਮੌਤਾਂ, 24 ਘੰਟਿਆਂ 'ਚ 64 ਹਜ਼ਾਰ ਤੋਂ ਵੱਧ ਨਵੇਂ ਕੇਸ

 

ਨਵੀਂ ਦਿੱਲੀ , ਅਗਸਤ 2020 -(ਏਜੰਸੀ)-

ਭਾਰਤ ਚ ਕੋਰੋਨਾ ਵਾਇਰਸ ਦਾ ਇਨਫੈਕਸ਼ਨ ਰੁਕਦਾ ਨਜ਼ਰ ਨਹੀਂ ਆ ਰਿਹਾ ਹੈ। ਬੁੱਧਵਾਰ ਨੂੰ 64 ਹਜ਼ਾਰ ਤੋਂ ਜ਼ਿਆਦਾ ਨਵੇਂ ਮਾਮਲੇ ਸਾਹਮਣੇ ਆਏ ਤੇ ਇਨਫੈਕਟਿਡਾਂ ਦਾ ਅੰਕੜਾ 27.50 ਲੱਖ ਨੂੰ ਪਾਰ ਕਰ ਗਿਆ। ਰਿਕਾਰਡ ਮੌਤਾਂ ਦੇ ਨਾਲ ਹੀ ਮਿ੍ਤਕਾਂ ਦੀ ਗਿਣਤੀ ਵੀ 53 ਹਜ਼ਾਰ ਦੇ ਲਗਪਗ ਹੋਈ ਹੈ। ਹਾਲਾਂਕਿ, 20 ਲੱਖ ਤੋਂ ਜ਼ਿਆਦਾ ਲੋਕਾਂ ਨੇ ਕੋਰੋਨਾ ਨੂੰ ਮਾਤ ਵੀ ਦਿੱਤੀ ਹੈ ਤੇ ਲਗਾਤਾਰ ਦੂਜੇ ਦਿਨ ਅੱਠ ਲੱਖ ਤੋਂ ਜ਼ਿਆਦਾ ਲੋਕਾਂ ਦੀ ਕੋਰੋਨਾ ਜਾਂਚ ਵੀ ਹੋਈ ਹੈ।ਕੇਂਦਰੀ ਸਿਹਤ ਮੰਤਰਾਲੇ ਵੱਲੋਂ ਸਵੇਰੇ ਅੱਠ ਵਜੇ ਜਾਰੀ ਅੰਕੜਿਆਂ ਮੁਤਾਬਕ ਬੀਤੇ 24 ਘੰਟਿਆਂ ਦੌਰਾਨ 64,531 ਨਵੇਂ ਮਾਮਲੇ ਸਾਹਮਣੇ ਆਏ ਤੇ ਇਨਫੈਕਟਿਡਾਂ ਦੀ ਗਿਣਤੀ 27 ਲੱਖ 67 ਹਜ਼ਾਰ 273 ਹੋ ਗਈ। ਇਸ ਦੌਰਾਨ 60,091 ਮਰੀਜ਼ ਠੀਕ ਵੀ ਹੋਏ ਹਨ ਤੇ ਹੁਣ ਤਕ ਸਿਹਤਮੰਦ ਹੋਏ ਲੋਕਾਂ ਦਾ ਅੰਕੜਾ 20 ਲੱਖ 37 ਹਜ਼ਾਰ 870 ਹੋ ਗਿਆ ਹੈ। ਸਰਗਰਮ ਮਾਮਲੇ ਛੇ ਲੱਖ 76 ਹਜ਼ਾਰ 514 ਰਹਿ ਗਏ ਹਨ। ਇਸ ਦੌਰਾਨ 1,092 ਲੋਕਾਂ ਦੀ ਮੌਤ ਵੀ ਹੋਈ। ਇਸ ਮਹਾਮਾਰੀ ਨਾਲ ਹੁਣ ਤਕ 52,889 ਲੋਕਾਂ ਦੀ ਜਾਨ ਵੀ ਜਾ ਚੁੱਕੀ ਹੈ। ਮੰਤਰਾਲੇ ਮੁਤਾਬਕ ਮੰਗਲਵਾਰ ਨੂੰ ਅੱਠ ਲੱਖ ਇਕ ਹਜ਼ਾਰ 518 ਟੈਸਟ ਕੀਤੇ ਗਏ। ਹੁਣ ਤਕ ਤਿੰਨ ਕਰੋੜ 17 ਲੱਖ ਤੋਂ ਜ਼ਿਆਦਾ ਟੈਸਟ ਕੀਤੇ ਜਾ ਚੁੱਕੇ ਹਨ। ਕਰਨਾਟਕ 'ਚ 23 ਮਾਰਚ ਤੋਂ 16 ਅਗਸਤ ਵਿਚਾਲੇ 20 ਲੱਖ ਤੋਂ ਜ਼ਿਆਦਾ ਦੀ ਕੋਰੋਨਾ ਜਾਂਚ ਕੀਤੀ ਗਈ ਹੈ।ਉਥੇ, ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਤੋਂ ਪੀਟੀਆਈ ਤੇ ਹੋਰ ਸਰੋਤਾਂ ਤੋਂ ਰਾਤ ਅੱਠ ਵਜੇ ਤਕ ਮਿਲੇ ਅੰਕੜਿਆਂ ਮੁਤਾਬਕ ਮੰਗਲਵਾਰ ਦੇਰ ਰਾਤ ਤੋਂ ਹੁਣ ਤਕ 34,328 ਨਵੇਂ ਕੇਸ ਮਿਲੇ ਹਨ ਤੇ ਇਨਫੈਕਟਿਡਾਂ ਦਾ ਅੰਕੜਾ 27 ਲੱਖ 92 ਹਜ਼ਾਰ 779 'ਤੇ ਪੁੱਜ ਗਿਆ ਹੈ। ਹੁਣ ਤਕ 53,441 ਲੋਕਾਂ ਦੀ ਜਾਨ ਜਾ ਚੁੱਕੀ ਹੈ। ਬੁੱਧਵਾਰ ਨੂੰ 513 ਲੋਕਾਂ ਦੀ ਮੌਤ ਹੋਈ, ਜਿਸ 'ਚ ਸਭ ਤੋਂ ਜ਼ਿਆਦਾ ਮਹਾਰਾਸ਼ਟਰ 'ਚ 346, ਆਂਧਰ ਪ੍ਰਦੇਸ਼ 'ਚ 86, ਗੁਜਰਾਤ 'ਚ 17, ਜੰਮੂ-ਕਸ਼ਮੀਰ 'ਚ 11, ਰਾਜਸਥਾਨ ਤੇ ਓਡੀਸ਼ਾ 'ਚ 10-10, ਦਿੱਲੀ 'ਚ ਨੌਂ, ਤੇਲੰਗਾਨਾ 'ਚ ਅੱਠ, ਕੇਰਲ 'ਚ ਸੱਤ, ਪੁਡੂਚੇਰੀ 'ਚ ਛੇ ਤੇ ਤਿ੍ਪੁਰਾ 'ਚ ਤਿੰਨ ਮੌਤਾਂ ਸ਼ਾਮਲ ਹਨ।ਸਿਹਤ ਮੰਤਰਾਲੇ ਤੇ ਹੋਰ ਸਰੋਤਾਂ ਤੋਂ ਮਿਲੇ ਅੰਕੜਿਆਂ 'ਚ ਫਰਕ ਦਾ ਕਾਰਨ ਸੂਬਿਆਂ ਤੋਂ ਕੇਂਦਰ ਨੂੰ ਮਿਲਣ ਵਾਲੀਆਂ ਸੂਚਨਾਵਾਂ 'ਚ ਦੇਰੀ ਹੈ। ਇਸ ਤੋਂ ਇਲਾਵਾ ਕਈ ਏਜੰਸੀਆਂ ਸਿੱਧਾ ਸੂਬਿਆਂ ਤੋਂ ਅੰਕੜੇ ਲੈ ਕੇ ਜਾਰੀ ਕਰਦੀਆਂ ਹਨ।

ਵਿਧਾਇਕ ਜਰਨੈਲ ਸਿੰਘ ਆਮ ਆਦਮੀ ਪਾਰਟੀ 'ਚੋਂ ਮੁਅੱਤਲ

ਅਪਮਾਨਜਨਕ ਪੋਸਟ ਪਾਉਣ ਪਿੱਛੋਂ ਲਿਆ 'ਆਪ' ਨੇ ਫੈਸਲਾ

ਨਵੀਂ ਦਿੱਲੀ ,ਅਗਸਤ 2020-(ਏਜੰਸੀ )

 ਆਮ ਆਦਮੀ ਪਾਰਟੀ ਨੇ ਰਾਜੌਰੀ ਗਾਰਡਨ ਤੋਂ ਸਾਬਕਾ ਵਿਧਾਇਕ ਜਰਨੈਲ ਸਿੰਘ ਨੂੰ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਮੁਅੱਤਲ ਕਰ ਦਿੱਤਾ ਹੈ। ਜਰਨੈਲ ਸਿੰਘ ਨੇ ਮੰਗਲਵਾਰ 11 ਅਗਸਤ ਨੂੰ ਆਪਣੇ ਫੇਸਬੁੱਕ ਪੋਸਟ 'ਚ ਹਿੰਦੂ ਦੇਵੀ-ਦੇਵਤਿਆਂ 'ਤੇ ਸਵਾਲ ਉਠਾਏ ਸਨ।ਜਰਨੈਲ ਸਿੰਘ ਦਾ ਕਹਿਣਾ ਸੀ ਕਿ ਉਨ੍ਹਾਂ ਨੇ ਆਪਣਾ ਫੋਨ ਆਪਣੇ ਬੇਟੇ ਨੂੰ ਦਿੱਤਾ ਸੀ ਤੇ ਉਸ ਨੇ ਗ਼ਲਤੀ ਨਾਲ ਕੁਝ ਕਾਪੀ ਪੇਸਟ ਕਰ ਦਿੱਤਾ, ਜਿਸ ਨੂੰ ਉਨ੍ਹਾਂ ਡਿਲੀਟ ਕਰ ਦਿੱਤਾ ਹੈ।ਆਮ ਆਦਮੀ ਪਾਰਟੀ ਨੇ ਜਰਨੈਲ ਸਿੰਘ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ ਤੇ ਪੁੱਛਿਆ ਹੈ ਕਿ ਉਨ੍ਹਾਂ ਨੂੰ ਮੁੱਢਲੀ ਮੈਂਬਰਸ਼ਿਪ ਤੋਂ ਬਰਖ਼ਾਸਤ ਕਿਉਂ ਨਾ ਕਰ ਦਿੱਤਾ ਜਾਵੇ? ਇਸ ਮਾਮਲੇ ਦੀ ਜਾਂਚ ਹੋਣ ਤਕ ਫਿਲਹਾਲ ਜਰਨੈਲ ਸਿੰਘ ਨੂੰ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਮੁਅੱਤਲ ਕਰ ਦਿੱਤਾ ਗਿਆ ਹੈ।

ਇਕ ਦਿਨ 'ਚ ਕੋਰੋਨਾ ਵਾਇਰਸ ਟੈਸਟ ਲਈ ਨਵੇਂ ਰਿਕਾਰਡ

ਸੱਤ ਲੱਖ ਤੋਂ ਜ਼ਿਆਦਾ ਨਮੂਨਿਆਂ ਦੀ ਜਾਂਚ

ਨਵੀਂ ਦਿੱਲੀ, ਅਗਸਤ 2020 -( ਏਜੰਸੀ)- ਕੋਰੋਨਾ ਖ਼ਿਲਾਫ਼ ਲੜਾਈ 'ਚ ਜਾਂਚ ਦੀ ਸਮਰੱਥਾ ਲਗਾਤਾਰ ਵੱਧ ਰਹੀ ਹੈ। ਕੋਰੋਨਾ ਇਨਫੈਕਸ਼ਨ ਦਾ ਪਤਾ ਲਾਉਣ ਲਈ ਪਿਛਲੇ 24 ਘੰਟੇ ਦੌਰਾਨ ਰਿਕਾਰਡ ਸੱਤ ਲੱਖ ਨਮੂਨਿਆਂ ਦੀ ਜਾਂਚ ਕੀਤੀ ਗਈ ਹੈ। ਇਸ ਦੌਰਾਨ 63 ਹਜ਼ਾਰ ਤੋਂ ਜ਼ਿਆਦਾ ਨਵੇਂ ਮਾਮਲੇ ਵੀ ਸਾਹਮਣੇ ਆਏ ਹਨ ਅਤੇ ਰਿਕਾਰਡ 55 ਹਜ਼ਾਰ ਤੋਂ ਜ਼ਿਆਦਾ ਲੋਕ ਸਿਹਤਮੰਦ ਹੋਏ। ਕੁਲ ਇਨਫੈਕਟਿਡ ਲੋਕਾਂ ਦਾ ਅੰਕੜਾ 22 ਲੱਖ ਨੂੰ ਪਾਰ ਕਰ ਗਿਆ ਹੈ, ਜਦਕਿ 44 ਹਜ਼ਾਰ ਤੋਂ ਜ਼ਿਆਦਾ ਲੋਕਾਂ ਦੀ ਹੁਣ ਤਕ ਜਾਨ ਵੀ ਜਾ ਚੁੱਕੀ ਹੈ ਅਤੇ 15 ਲੱਖ ਤੋਂ ਜ਼ਿਆਦਾ ਮਰੀਜ਼ ਠੀਕ ਵੀ ਹੋਏ ਹਨ।

ਕੇਂਦਰੀ ਸਿਹਤ ਮੰਤਰਾਲੇ ਨੇ ਕਿਹਾ ਕਿ ਦੇਸ਼ ਵਿਚ ਪਿਛਲੇ ਕਈ ਦਿਨਾਂ ਤੋਂ ਰੋਜ਼ਾਨਾ ਛੇ ਲੱਖ ਤੋਂ ਜ਼ਿਆਦਾ ਨਮੂਨਿਆਂ ਦੀ ਜਾਂਚ ਹੋ ਰਹੀ ਹੈ। ਭਾਰਤੀ ਸਿਹਤ ਖੋਜ ਪ੍ਰਰੀਸ਼ਦ (ਆਈਸੀਐੱਮਆਰ) ਵਿਚ ਵਿਗਿਆਨੀ ਅਤੇ ਮੀਡੀਆ ਕਨਵੀਨਰ ਡਾ. ਲੋਕੇਸ਼ ਸ਼ਰਮਾ ਨੇ ਕਿਹਾ ਕਿ ਸ਼ਨਿਚਰਵਾਰ ਨੂੰ ਰਿਕਾਰਡ ਸੱਤ ਲੱਖ 19 ਹਜ਼ਾਰ 364 ਨਮੂਨਿਆਂ ਦੀ ਜਾਂਚ ਕੀਤੀ ਗਈ। ਕੋਰੋਨਾ ਦਾ ਪਤਾ ਲਾਉਣ ਲਈ ਹਰ ਮਿੰਟ 500 ਟੈਸਟ ਕੀਤੇ ਜਾ ਰਹੇ ਹਨ ਅਤੇ ਰੋਜ਼ਾਨਾ ਜਾਂਚ ਦੀ ਸਮਰੱਥਾ ਵੱਧ ਕੇ ਪੰਜ ਲੱਖ ਤੋਂ ਜ਼ਿਆਦਾ ਹੋ ਗਈ ਹੈ। ਹੁਣ ਤਕ ਦੋ ਕਰੋੜ 41 ਲੱਖ ਛੇ ਹਜ਼ਾਰ 535 ਨਮੂਨਿਆਂ ਦਾ ਪ੍ਰਰੀਖਣ ਕੀਤਾ ਜਾ ਚੁੱਕਾ ਹੈ। ਮੰਤਰਾਲੇ ਨੇ ਕਿਹਾ ਹੈ ਕਿ ਵੱਡੀ ਗਿਣਤੀ ਵਿਚ ਜਾਂਚ ਹੋਣ ਨਾਲ ਹੀ ਜ਼ਿਆਦਾ ਗਿਣਤੀ ਵਿਚ ਇਨਫੈਕਟਿਡ ਮਾਮਲੇ ਮਿਲ ਰਹੇ ਹਨ। ਸੂਬਿਆਂ ਨੂੰ ਮਰੀਜ਼ਾਂ ਦਾ ਪਤਾ ਲਾਉਣ, ਉਨ੍ਹਾਂ ਨੂੰ ਆਈਸੋਲੇਟ ਕਰਨ ਅਤੇ ਉਨ੍ਹਾਂ ਦਾ ਤੁਰੰਤ ਇਲਾਜ ਸ਼ੁਰੂ ਕਰਨ 'ਤੇ ਧਿਆਨ ਕੇਂਦਰਤ ਕਰਨ ਲਈ ਕਿਹਾ ਗਿਆ ਹੈ।

ਸੂਬਿਆਂ ਅਤੇ ਕੇਂਦਰ ਸ਼ਾਸਿਤ ਸੂਬਿਆਂ ਤੋਂ ਪੀਟੀਆਈ ਤੇ ਹੋਰਨਾਂ ਸਰੋਤਾਂ ਤੋਂ ਰਾਤ 10 ਵਜੇ ਤਕ ਮਿਲੀਆਂ ਸੂਚਨਾਵਾਂ ਮੁਤਾਬਕ ਸ਼ਨਿਚਰਵਾਰ ਦੇਰ ਰਾਤ ਤੋਂ ਹੁਣ ਤਕ 63,623 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ ਕੁਲ ਇਨਫੈਕਟਿਡਾਂ ਦਾ ਅੰਕੜਾ 22 ਲੱਖ ਨੌਂ ਹਜ਼ਾਰ 501 'ਤੇ ਪਹੁੰਚ ਗਿਆ ਹੈ। ਇਸ ਦੌਰਾਨ 55,931 ਮਰੀਜ਼ ਠੀਕ ਵੀ ਹੋਏ ਹਨ, ਜਿਹੜੇ ਇਕ ਦਿਨ ਵਿਚ ਸਿਹਤਮੰਦ ਹੋਣ ਵਾਲੇ ਮਰੀਜ਼ਾਂ ਦੀ ਹੁਣ ਤਕ ਦੀ ਸਭ ਤੋਂ ਵੱਡੀ ਗਿਣਤੀ ਹੈ। ਇਸ ਦੇ ਨਾਲ ਹੀ ਸਿਹਤਮੰਦ ਹੋਏ ਕੁਲ ਇਨਫੈਕਟਿਡਾਂ ਦੀ ਗਿਣਤੀ 15 ਲੱਖ 25 ਹਜ਼ਾਰ 215 ਹੋ ਗਈ ਹੈ। ਹਾਲਾਂਕਿ, ਕੇਂਦਰੀ ਸਿਹਤ ਮੰਤਰਾਲੇ ਨੇ ਸਵੇਰੇ ਅੱਠ ਵਜੇ ਜਿਹੜੇ ਅੰਕੜੇ ਜਾਰੀ ਕੀਤੇ ਹਨ, ਉਨ੍ਹਾਂ ਮੁਤਾਬਕ ਬੀਤੇ 24 ਘੰਟੇ ਵਿਚ 64,399 ਨਵੇਂ ਮਾਮਲੇ ਮਿਲੇ ਹਨ ਅਤੇ 861 ਮਰੀਜ਼ਾਂ ਦੀ ਮੌਤ ਹੋਈ ਹੈ। ਇਨ੍ਹਾਂ ਨੂੰ ਮਿਲਾ ਕੇ ਕੁਲ ਇਨਫੈਕਟਿਡਾਂ ਦੀ ਗਿਣਤੀ 21 ਲੱਖ 53 ਹਜ਼ਾਰ ਨੂੰ ਪਾਰ ਕਰ ਗਈ ਹੈ ਅਤੇ 43,379 ਲੋਕਾਂ ਦੀ ਮੌਤ ਵੀ ਹੋ ਚੁੱਕੀ ਹੈ।  

 

ਕਿਵੇਂ ਵਾਪਰਿਆ ਕੇਰਲ ਜਹਾਜ਼ ਹਾਦਸਾ

ਸਰਕਾਰ ਨੂੰ ਸੌਂਪੀ ਗਈ ਸ਼ੁਰੂਆਤੀ ਜਾਂਚ ਰਿਪੋਰਟ 'ਚ ਹੋਇਆ ਪੂਰਾ ਖ਼ੁਲਾਸਾ

ਨਵੀਂ ਦਿੱਲੀ, ਅਗਸਤ 2020 (ਏਜੰਸੀ) : ਵੰਦੇ ਭਾਰਤ ਮਿਸ਼ਨ ਤਹਿਤ ਖਾੜੀ ਦੇਸ਼ਾਂ ਤੋਂ ਭਾਰਤੀਆਂ ਨੂੰ ਲੈ ਕੇ ਪਰਤੀ ਏਅਰ ਇੰਡੀਆ ਐਕਸਪ੍ਰੈੱਸ ਦੀ ਫਲਾਈਟ ਆਈਐਕਸ-1344 ਨੂੰ ਪਹਿਲਾ ਕੋਝੀਕੋਡ ਏਅਰਪੋਰਟ ਦੇ 28 ਨੰਬਰ ਰਨਵੇਅ 'ਤੇ ਲੈਂਡਿੰਗ ਦੀ ਮਨਜ਼ੂਰੀ ਦਿੱਤੀ ਗਈ ਸੀ। ਪਾਇਲਟ ਰਨਵੇ ਦੇ ਨੇੜੇ ਪਹੁੰਚ ਵੀ ਗਿਆ ਸੀ, ਪਰ ਆਖ਼ਰੀ ਵੇਲੇ ਉਹ ਜਹਾਜ਼ ਨੂੰ ਉੱਪਰ ਲੈ ਕੇ ਚਲਾ ਗਿਆ। ਹਾਦਸੇ ਬਾਰੇ ਨਾਗਰਿਕ ਹਵਾਬਾਜ਼ੀ ਮੰਤਰਾਲੇ ਨੂੰ ਸੌਂਪੀ ਗਈ ਮੁੱਢਲੀ ਰਿਪੋਰਟ 'ਚ ਇਹ ਜਾਣਕਾਰੀ ਦਿੱਤੀ ਗਈ ਹੈ। ਰਿਪੋਰਟ 'ਚ ਕਿਹਾ ਗਿਆ ਹੈ ਕਿ ਪਾਇਲਟ ਨੇ ਕੰਟਰੋਲ ਨੂੰ ਭਾਰੀ ਬਾਰਸ਼ ਕਾਰਨ ਲੈਂਡਿੰਗ ਨਾ ਕਰਵਾਉਣ ਦੀ ਗੱਲ ਕਹੀ ਸੀ। ਇਸ ਤੋਂ ਬਾਅਦ ਕੰਟਰੋਲਰ ਨੇ ਉਸ ਨੂੰ ਜਹਾਜ਼ 10 ਹਜ਼ਾਰ ਫੁੱਟ ਦੀ ਉਚਾਈ 'ਤੇ ਲੈ ਕੇ ਜਾਣ ਨੂੰ ਕਿਹਾ। ਹਾਦਸਾਗ੍ਰਸਤ ਹੋਣ ਤੋਂ ਕਰੀਬ 16 ਮਿੰਟ ਪਹਿਲਾਂ ਜਹਾਜ਼ ਨੇ 28 ਨੰਬਰ ਰਨਵੇ 'ਤੇ ਉਤਰਨਾ ਦਾ ਯਤਨ ਕੀਤਾ ਸੀ। ਜਹਾਜ਼ ਕਰੀਬ ਦੋ ਹਜ਼ਾਰ ਫੁੱਟ ਦੀ ਉਚਾਈ ਤਕ ਆ ਗਿਆ ਸੀ। ਉੱਥੇ ਹੀ ਸ਼ਹਿਰੀ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹਾ ਕਿ ਖ਼ਰਾਬ ਮੌਸਮ ਕਾਰਨ ਪਾਇਲਟ ਪਹਿਲੀ ਵਾਰ ਲੈਂਡਿੰਗ ਕਰਵਾਉਣ 'ਚ ਕਾਮਯਾਬ ਨਹੀਂ ਹੋ ਸਕਿਆ ਤੇ ਜਹਾਜ਼ ਉੱਪਰ ਲਿਜਾਂਦਾ ਗਿਆ। ਇਸ ਤੋਂ ਬਾਅਦ ਪਾਇਲਟ ਨੇ ਦੂਜੀ ਦਿਸ਼ਾ ਤੋਂ ਲੈਂਡਿੰਗ ਕਰਵਾਉਣ ਦੀ ਕੋਸ਼ਿਸ਼ ਕੀਤੀ ਸੀ। ਉਨ੍ਹਾਂ ਕਿਹਾ ਕਿ ਅਜਿਹਾ ਲੱਗਦਾ ਹੈ ਕਿ ਹਾਦਸਾ ਤਿਲਕਣ ਕਾਰਨ ਹੋਇਆ ਹੈ। ਤਿਲਕਣ ਭਰੇ ਰਨਵੇ 'ਚ ਕਈ ਚਾਜ਼ਾਂ ਸ਼ਾਮਿਲ ਹੁੰਦੀਆਂ ਹਨ, ਜਿਵੇਂ ਮਜ਼ਬੂਤ ਅਨੁਕੂਲ ਹਵਾ, ਖ਼ਰਾਬ ਮੌਸਮ ਤੇ ਟੀਡੀਜ਼ੈੱਡ ਖੇਤਰ ਤੋਂ ਅੱਗੇ ਲੈਂਡਿੰਗ ਹੈ। ਟੀਡੀਜ਼ੈੱਡ ਯਾਨੀ ਟਚ ਡਾਊਨ ਜ਼ੋਨ ਰਨਵੇ 'ਤੇ ਉਹ ਖੇਤਰ ਹੁੰਦਾ ਹੈ, ਜਿੱਥੇ ਜਹਾਜ਼ ਸਭ ਤੋਂ ਪਹਿਲਾਂ ਸਤ੍ਹਾ ਦੇ ਸੰਪਰਕ 'ਚ ਆਉਂਦਾ ਹੈ। 

ਮੁੱਢਲੀ ਰਿਪੋਰਟ 'ਚ ਇਹ ਵੀ ਕਿਹਾ ਗਿਆ ਹੈ ਕਿ 28 ਨੰਬਰ ਰਨਵੇ ਵਰਤੋਂ 'ਚ ਸੀ। ਇਸ ਲਈ ਜਹਾਜ਼ ਨੂੰ ਉਸ ਰਨਵੇ 'ਤੇ ਲੈਂਡਿੰਗ ਲਈ ਜ਼ਰੂਰੀ ਇੰਸਟੀਮੈਂਟਲ ਲੈਂਡਿੰਗ ਸਿਸਟਮ (ਆਈਐੱਲਐੱਸ) ਦੀ ਮਨਜ਼ੂਰੀ ਦੇ ਦਿੱਤੀ ਗਈ। ਇਸ ਸਮੇਂ ਦ੍ਰਿਸ਼ਤਾ ਦੋ ਹਜ਼ਾਰ ਫੁੱਟ ਸੀ ਤੇ ਹਲਕੀ ਬਾਰਿਸ਼ ਹੋ ਰਹੀ ਸੀ। ਪਰ ਦ੍ਰਿਸ਼ਤਾ ਵਧ ਰਹੀ ਸੀ ਤੇ ਸੀਐੱਫਟੀ (ਵਾਧੂ ਈਂਧਨ ਟੈਂਕ) ਤੈਅ ਥਾਵਾਂ 'ਤੇ ਤਾਇਨਾਤ ਸਨ। ਪਾਇਲਟ ਨੂੰ ਸਤ੍ਹਾ ਦੀ ਸਥਿਤੀ ਬਾਰੇ ਵੀ ਦੱਸਿਆ ਗਿਆ ਸੀ। ਰਿਪੋਰਟ ਮੁਤਾਬਕ ਏਟੀਸੀ (ਏਅਰਪੋਰਟ ਟ੍ਰੈਫਿਕ ਕੰਟਰੋਲਰ) ਨੇ ਪਾਇਲਟ ਨੂੰ ਜਹਾਜ਼ 10 ਹਜ਼ਾਰ ਫੁੱਟ ਦੀ ਉਚਾਈ 'ਤੇ ਲੈ ਕੇ ਜਾਣ ਲਈ ਕਿਹਾ ਪਰ ਪਾਇਲਟ ਸੱਤ ਹਜ਼ਾਰ ਫੁੱਟ ਦੀ ਉਚਾਈ 'ਤੇ ਜਾਣ ਤੋਂ ਬਾਅਦ ਏਟੀਸੀ ਤੋਂ ਰਨਵੇ ਨੰਬਰ 10 'ਤੇ ਲੈਂਡਿੰਗ ਲਈ ਇਜਾਜ਼ਤ ਮੰਗੀ। ਉਦੋਂ ਉੱਥੇ ਚੱਲ ਰਹੀ ਹਵਾ, ਦ੍ਰਿਸ਼ਤਾ ਤੇ ਕਿਊਮਯਲੋਨਿੰਬਸ (ਸੀਬੀ) ਬੱਦਲਾਂ ਦੀ ਸਥਿਤੀ ਦੀ ਜਾਣਕਾਰੀ ਦੇਣ ਤੋਂ ਬਾਅਦ ਲੈਂਡਿੰਗ ਦੀ ਮਨਜ਼ੂਰੀ ਦਿੱਤੀ ਗਈ। ਸੀਬੀ ਬੱਦਲ ਲੈਂਡਿੰਗ ਲਈ ਬਹੁਤ ਖ਼ਤਰਨਾਕ ਹੁੰਦੇ ਹਨ ਤੇ ਆਮ ਤੌਰ 'ਤੇ ਪਾਇਲਟ ਇਨ੍ਹਾਂ ਦੇ ਵਿਚਕਾਰ ਜਾਣ ਤੋਂ ਬਚਦੇ ਹਨ।

ਰਿਪੋਰਟ 'ਚ ਕਿਹਾ ਗਿਆ ਹੈ ਕਿ ਪਾਇਲਟ ਨੂੰ 3600 ਫੁੱਟ ਦੀ ਉਚਾਈ 'ਤੇ ਪਹੁੰਚਣ ਤੋਂ ਬਾਅਦ ਫਿਰ ਤੋਂ ਆਈਐੱਲਐੱਸ ਲਈ ਮਨਜ਼ੂਰੀ ਲੈਣ ਨੂੰ ਕਿਹਾ ਗਿਆ ਸੀ। ਇਸ ਤੋਂ ਬਾਅਦ ਸਾਰੀਆਂ ਪ੍ਰਕਿਰਿਆਵਾਂ 'ਤੇ ਅਮਲ ਕਰਦਿਆਂ ਜਹਾਜ਼ ਨੂੰ 10 ਨੰਬਰ ਰਨਵੇ 'ਤੇ ਲੈਂਡਿੰਗ ਦੀ ਇਜਾਜ਼ਤ ਦਿੱਤੀ ਗਈ ਸੀ। ਉੱਥੇ ਲੈਂਡਿੰਗ ਤੋਂ ਫ਼ੌਰੀ ਬਾਅਦ ਜਹਾਜ਼ ਰਨਵੇ ਤੋਂ ਬਾਹਰ ਚਲਾ ਗਿਆ।

ਰਿਪੋਰਟ 'ਚ ਕਿਹਾ ਗਿਆ ਹੈ ਕਿ ਕੰਟਰੋਲ ਨੇ ਦੇਖਿਆ ਕਿ ਜਹਾਜ਼ ਟੈਕਸੀਵੇ ਸੀ ਤਕ ਰਨਵੇ ਦੇ ਸੰਪਰਕ 'ਚ ਨਹੀਂ ਆਇਆ। ਇਸ ਤੋਂ ਬਾਅਦ ਜਹਾਜ਼ ਦੇ ਰਨਵੇ ਤੋਂ ਅੱਗੇ ਵਧ ਜਾਣ ਦਾ ਖ਼ਦਸ਼ੇ 'ਚ ਕੰਟਰੋਲ ਨੇ ਫ਼ੌਰੀ ਪੀਡੀ ਪੁਆਇੰਟ 'ਤੇ ਤਾਇਨਾਤ ਸੀਐੱਫਟੀ ਨੂੰ ਜਹਾਜ਼ ਦੇ ਪਿੱਛੇ ਜਾਣ ਨੂੰ ਕਿਹਾ। ਨਾਲ ਹੀ ਖ਼ਤਰੇ ਦੇ ਖ਼ਦਸ਼ੇ 'ਚ 'ਚ ਕੰਟਰੋਲ ਨੇ ਫਾਇਰ ਬ੍ਰਿਗੇਡ ਨੂੰ ਚੌਕਸ ਕਰਨ ਲਈ ਸਾਇਰਨ ਵਜਾ ਦਿੱਤਾ। ਉੱਥੇ ਹੀ ਸੀਐੱਫਟੀ ਨੇ ਵੀ ਰਨਵੇ ਦੇ ਅਖ਼ੀਰ ਤਕ ਜਹਾਜ਼ ਦੇ ਨਜ਼ਰ ਨਾ ਆਉਣ ਦੀ ਜਾਣਕਾਰੀ ਦਿੱਤੀ, ਜਿਸ ਤੋਂ ਬਾਅਦ ਉਸ ਨੂੰ ਖੱਡ 'ਚ ਦੇਖਣ ਨੂੰ ਕਿਹਾ। ਬਾਅਦ 'ਚ ਜਹਾਜ਼ ਖੱਡ 'ਚ ਹਾਦਸਾਗ੍ਰਸਤ ਮਿਲਿਆ ਸੀ।

ਪ੍ਰਧਾਨ ਮੰਤਰੀ ਨੇ 8.5 ਕਰੋੜ ਕਿਸਾਨਾਂ ਨੂੰ ਜਾਰੀ ਕੀਤੀ 17,000 ਕਰੋੜ ਰੁਪਏ ਦੀ ਛੇਵੀਂ ਕਿਸ਼ਤ

ਨਵੀਂ ਦਿੱਲੀ , ਅਗਸਤ 2020 -(ਏਜੰਸੀ) ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਵੀਡੀਓ ਕਾਨਫਰੰਸ ਜ਼ਰੀਏ ਐਗਰੀਕਲਚਰ ਇੰਫਰਾਸਟ੍ਰਕਚਰ ਫੰਡ ਤਹਿਤ ਇਕ ਲੱਖ ਕਰੋੜ ਰੁਪਏ ਦਾ ਵਿੱਤੀ ਫੰਡ ਲਾਂਚ ਕੀਤਾ ਹੈ। ਸਰਕਾਰ ਨੇ ਜੁਲਾਈ 'ਚ ਖੇਤੀਬਾੜੀ ਬੁਨਿਆਦੀ ਢਾਂਚਾ ਪ੍ਰਾਜੈਕਟ ਲਈ ਰਿਆਇਤੀ ਕਰਜ਼ੇ ਵਧਾਉਣ ਲਈ ਇਕ ਲੱਖ ਕਰੋੜ ਰੁਪਏ ਦੇ ਸੰਗ੍ਰਹਿ ਸਮੇਤ ਐਗਰੀ-ਇਨਫਰਾ ਫੰਡ ਸਥਾਪਤ ਕਰਨ ਨੂੰ ਪ੍ਰਵਾਨਗੀ ਦਿੱਤੀ। ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਇਸ ਵੀਡੀਓ ਕਾਨਫਰੰਸ 'ਚ ਕਿਸਾਨ ਯੋਜਨਾ ਤਹਿਤ 8.5 ਕਰੋੜ ਕਿਸਾਨਾਂ ਨੂੰ 6ਵੀਂ ਕਿਸ਼ਤ ਵਜੋਂ 17,000 ਕਰੋੜ ਰੁਪਏ ਜਾਰੀ ਕਰ ਦਿੱਤੇ ਹਨ। ਇਹ ਕਿਸ਼ਤ ਕਿਸਾਨਾਂ ਦੇ ਖਾਤਿਆਂ 'ਚ ਟਰਾਂਸਫਰ ਕੀਤੀ ਗਈ ਹੈ।  ਪ੍ਰਧਾਨ ਮੰਤਰੀ ਨੇ ਵੀਡੀਓ ਕਾਨਫਰੰਸ 'ਚ ਯੂਰੀਆ ਦੇ ਬਹੁਤ ਜ਼ਿਆਦਾ ਇਸਤੇਮਾਲ 'ਤੇ ਚਿੰਤਾ ਪ੍ਰਗਟਾਈ ਹੈ। ਕਿਸਾਨ ਪ੍ਰਤੀਨਿਧੀਆਂ ਨਾਲ ਗੱਲਬਾਤ 'ਚ ਉਨ੍ਹਾਂ ਕਿਹਾ ਕਿ ਯੂਰੀਆ ਦੇ ਜ਼ਿਆਦਾ ਇਸਤੇਮਾਲ ਨਾਲ ਧਰਤੀ ਨੂੰ ਨੁਕਸਾਨ ਹੋ ਰਿਹਾ ਹੈ ਤੇ ਕਿਸਾਨਾਂ ਨੂੰ ਇਸ ਦੇ ਬਾਰੇ 'ਚ ਸੋਚਣਾ ਚਾਹੀਦਾ ਹੈ।

ਕੁਸ ਵਿਸੇਸ ਜਾਣਕਾਰੀ। ਕਿਵੇਂ ਪ੍ਰਾਪਤ ਕਰ ਸਕਦੇ ਹਾਂ ਫੰਡ ;

- ਸਭ ਤੋਂ ਪਹਿਲਾਂ PM Kisan ਦੀ ਅਧਿਕਾਰਿਕ ਵੈੱਬਸਾਈਟ 'ਤੇ ਲਾਗਇਨ ਕਰੋ।

- ਹੁਣ 'Farmers Corner' 'ਤੇ ਜਾਓ।

- ਇੱਥੇ ਤੁਹਾਨੂੰ 'Beneficiary Status' ਦੀ ਆਪਸ਼ਨ ਮਿਲੇਗੀ।

- 'Beneficiary Status' ਦੀ ਆਪਸ਼ਨ 'ਤੇ ਕਲਿਕ ਕਰੋ।

- ਹੁਣ ਤੁਹਾਡੇ ਸਾਹਮਣੇ ਨਵਾਂ ਪੇਜ ਖੁੱਲ੍ਹੇਗਾ।

- ਨਵੇਂ ਪੇਜ 'ਤੇ ਤੁਸੀਂ ਆਧਾਰ ਨੰਬਰ, ਬੈਂਕ ਅਕਾਊਂਟ ਜਾਂ ਮੋਬਾਈਲ ਨੰਬਰ 'ਚ ਕਈ ਬਦਲਾਅ ਚੁਣਨੇ ਪੈਣਗੇ।

- ਤੁਸੀਂ ਜਿਸ ਆਪਸ਼ਨ ਨੂੰ ਚੁਣਿਆ ਹੈ, ਉਹ ਨੰਬਰ ਦਿੱਤੇ ਗਏ ਸਥਾਨ 'ਤੇ ਪਾਓ।

- ਹੁਣ ਤੁਹਾਨੂੰ ਲਿੰਕ 'ਤੇ ਕਲਿੱਕ ਕਰਨਾ ਪਵੇਗਾ।

ਹੁਣ ਤੁਹਾਡੇ ਸਾਹਮਣੇ ਪੂਰਾ ਡਾਟਾ ਆ ਜਾਵੇਗਾ। ਇਸ ਨਾਲ ਤੁਹਾਡੇ ਆਧਾਰ ਨੰਬਰ ਦੇ ਆਖਰੀ ਚਾਰ ਡਿਜੀਟ, ਮੋਬਾਈਲ ਨੰਬਰ ਤੇ ਅਕਾਊਂਟ ਨੰਬਰ ਦੇ ਵੀ ਆਖ਼ਰੀ ਚਾਰ ਅੰਕ ਦੇਖਣ ਨੂੰ ਮਿਲਣਗੇ। ਤੁਹਾਨੂੰ ਪਤਾ, ਰਜਿਸਟ੍ਰੇਸ਼ਨ ਦੀ ਗਿਣਤੀ, ਰਜਿਸਟ੍ਰੇਸ਼ਨ ਦੀ ਤਰੀਕ ਤੇ ਰਜਿਸਟ੍ਰੇਸ਼ਨ ਦੀ ਸਥਿਤੀ ਵੀ ਤੁਹਾਨੂੰ ਮਿਲ ਜਾਵੇਗੀ। ਨਾਲ ਹੀ ਤੁਹਾਨੂੰ ਇਹ ਜਾਣਕਾਰੀ ਵੀ ਮਿਲੇਗੀ। ਇਸ ਦੇ ਬਾਅਦ ਹਰ ਕਿਸ਼ਤ ਦੇ ਭੁਗਤਾਨ ਨਾਲ ਜੁੜੀ ਜਾਣਕਾਰੀ ਸਾਹਮਣੇ ਆ ਜੇਵੇਗੀ। ਇਸ ਦੇ ਨਾਲ ਕਿਸ਼ਤ ਦੀ ਗਿਣਤੀ, ਅਕਾਊਂਟ ਨੰਬਰ ਦੇ ਆਖ਼ਰੀ ਅੰਕ, ਪੈਸਾ ਕ੍ਰੈਡਿਟ ਦੀ ਤਰੀਕ, ਯੂਟੀਆਰ ਨੰਬਰ ਦਰਜ ਹੈ। ਇਸ ਤੋਂ ਇਲਾਵਾ ਜੇ ਕੋਈ ਟ੍ਰਾਂਜੈਕਸ਼ਨ ਫੇਲ੍ਹ ਹੋਈ ਤਾਂ ਇਸ ਦੀ ਵਜ੍ਹਾ ਵੀ ਇੱਥੇ ਹੀ ਤੁਹਾਨੂੰ ਦਰਜ ਮਿਲੇਗੀ।

ਮੱਧ ਪ੍ਰਦੇਸ਼ 'ਚ ਗ੍ਰੰਥੀ ਨਾਲ ਦਰਿੰਦਗੀ, ਦੋ ਪੁਲਿਸ ਵਾਲੇ ਮੁਅੱਤਲ

ਬਰਵਾਨੀ (ਮੱਧ ਪ੍ਰਦੇਸ਼) ਅਗਸਤ 2020-(ਏਜੰਸੀ) 

 ਪੁਲਿਸ ਮੁਲਾਜ਼ਮਾਂ ਵੱਲੋਂ ਇਕ ਸਿੱਖ ਗ੍ਰੰਥੀ ਨੂੰ ਕੇਸਾਂ ਤੋਂ ਫੜ ਕੇ ਧੁਹਣ ਦੀ ਘਟਨਾ ਪਿੱਛੋਂ ਦੋ ਪੁਲਿਸ ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਇਹ ਮਾਮਲਾ ਉਦੋਂ ਭਖਿਆ ਜਦੋਂ ਇਸ ਸਬੰਧੀ ਇਕ ਵੀਡੀਓ ਵਾਇਰਲ ਹੋ ਗਈ ਜਿਸ ਵਿਚ ਪੁਲਿਸ ਮੁਲਾਜ਼ਮ ਇਕ ਸਿੱਖ ਗ੍ਰੰਥੀ ਨੂੰ ਘੜੀਸ ਕੇ ਲਿਜਾਂਦੇ ਦਿਖਾਈ ਦਿੱਤੇ। 50 ਸਕਿੰਟਾਂ ਦੇ ਇਸ ਵੀਡੀਓ 'ਚ ਇਕ ਨੌਜਵਾਨ, ਜਿਸ ਦੀ ਪਛਾਣ ਪ੍ਰੇਮ ਸਿੰਘ ਵਜੋਂ ਹੋਈ ਹੈ, ਪੁਲਿਸ ਮੁਲਾਜ਼ਮ ਦੇ ਪੈਰਾਂ 'ਚ ਹੈ ਤੇ ਉਹ ਉਸ ਨੂੰ ਕੇਸਾਂ ਤੋਂ ਫੜ ਕੇ ਘੜੀਸ ਰਿਹਾ ਹੈ। ਜਦੋਂਕਿ ਇਕ ਹੋਰ ਸਿੱਖ ਨੌਜਵਾਨ ਉਸ ਨੂੰ ਬਚਾਉਣ ਲਈ ਆਇਆ ਤਾਂ ਦੂਜੇ ਪੁਲਿਸ ਮੁਲਾਜ਼ਮ ਨੇ ਉਸ ਨੂੰ ਧੱਕਾ ਮਾਰ ਦਿੱਤਾ।ਪ੍ਰੇਮ ਸਿੰਘ ਚੀਕ-ਚੀਕ ਕੇ ਕਹਿ ਰਿਹਾ ਹੈ, 'ਉਹ ਸਾਨੂੰ ਕੁੱਟ ਰਹੇ ਹਨ, ਉਹ ਸਾਨੂੰ ਮਾਰ ਰਹੇ ਹਨ, ਪੁਲਿਸ ਵਾਲੇ ਸਾਡੇ ਕੇਸ ਖਿੱਚ ਰਹੇ ਹਨ... ਉਹ ਸਾਨੂੰ ਆਪਣਾ ਸਟਾਲ ਨਹੀਂ ਲਗਾਉਣ ਦੇ ਰਹੇ।' ਉਹ ਲੋਕਾਂ ਨੂੰ ਬਚਾਉਣ ਲਈ ਅਪੀਲ ਕਰ ਰਿਹਾ ਹੈ।ਪ੍ਰਦੇਸ਼ ਕਾਂਗਰਸ ਦੇ ਬੁਲਾਰੇ ਨਰਿੰਦਰ ਸਲੂਜਾ ਨੇ ਪੁਲਿਸ ਦੀ ਕਾਰਵਾਈ ਦੀ ਆਲੋਚਨਾ ਕੀਤੀ। ਉਨ੍ਹਾਂ ਕਿਹਾ ਕਿ ਪ੍ਰੇਮ ਸਿੰਘ ਦੀ ਪੁਲਿਸ ਨਾਕੇ ਦੇ ਨਜ਼ਦੀਕ ਇਕ ਦੁਕਾਨ ਹੈ। ਪੁਲਿਸ ਮੁਲਾਜ਼ਮਾਂ ਨੇ ਉਸ ਨੂੰ ਬੁਰੀ ਤਰ੍ਹਾਂ ਕੁੱਟਿਆ ਤੇ ਉਸ ਦੀ ਦਸਤਾਰ ਦੀ ਬੇਅਦਬੀ ਕੀਤੀ ਤੇ ਉਸ ਪਿੱਛੋਂ ਉਸ ਨੂੰ ਕੇਸਾਂ ਤੋਂ ਫੜ ਕੇ ਸੜਕ 'ਤੇ ਲੋਕਾਂ ਦੇ ਸਾਹਮਣੇ ਘੜੀਸਿਆ। ਇਸ ਨਾਲ ਸਿੱਖ ਭਾਈਚਾਰੇ ਦੇ ਨਿਸ਼ਾਨਾਂ ਦੀ ਬੇਅਦਬੀ ਹੋਈ ਹੈ। ਪ੍ਰੇਮ ਸਿੰਘ ਦਾ ਦੋਸ਼ ਹੈ ਕਿ ਪੁਲਿਸ ਵਾਲਿਆਂ ਨੇ ਉਸ ਨੂੰ ਇਸ ਲਈ ਕੁੱਟਿਆ ਕਿਉਂਕਿ ਉਸ ਨੇ ਰਿਸ਼ਵਤ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਗ੍ਰਹਿ ਮੰਤਰੀ ਡਾ. ਨਰੋਤਮ ਮਿਸ਼ਰਾ ਨੇ ਕਿਹਾ ਕਿ ਏਐੱਸਆਈ ਤੇ ਹੈੱਡ ਕਾਂਸਟੇਬਲ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।ਬਰਵਾਨੀ ਦੇ ਐੱਸਐੱਸਪੀ ਨਿਮੀਸ਼ ਅਗਰਵਾਲ ਨੇ ਕਿਹਾ ਕਿ ਇਸ ਮਾਮਲੇ ਦੀ ਸਬ ਡਵੀਜ਼ਨ ਅਧਿਕਾਰੀ ਵੱਲੋਂ ਜਾਂਚ ਕਰਵਾਈ ਜਾਵੇਗੀ। ਉਨ੍ਹਾਂ ਕਿਹਾ ਕਿ ਪ੍ਰੇਮ ਸਿੰਘ ਜਬਲਪੁਰ ਜ਼ਿਲ੍ਹੇ 'ਚ ਚੋਰੀ ਦੇ ਤਿੰਨ ਮਾਮਲਿਆਂ 'ਚ ਮੁਲਜ਼ਮ ਹੈ। ਉਨ੍ਹਾਂ ਕਿਹਾ ਕਿ ਸਾਡੇ ਪੁਲਿਸ ਮੁਲਾਜ਼ਮ ਵਾਹਨਾਂ ਦੀ ਚੈਕਿੰਗ ਦੀ ਡਿਊਟੀ 'ਤੇ ਸਨ ਤੇ ਜਦੋਂ ਉਨ੍ਹਾਂ ਨੇ ਪ੍ਰੇਮ ਸਿੰਘ ਦੀ ਬਾਈਕ ਨੂੰ ਰੋਕਿਆ ਤਾਂ ਉਨ੍ਹਾਂ ਕੋਲ ਡਰਾਈਵਿੰਗ ਲਾਇਸੈਂਸ ਨਹੀਂ ਸੀ ਤੇ ਉਸ ਦੇ ਦੂਜੇ ਸਾਥੀ ਨੇ ਸ਼ਰਾਬ ਪੀਤੀ ਹੋਈ ਸੀ। ਜਦੋਂ ਪੁਲਿਸ ਮੁਲਾਜ਼ਮ ਉਨ੍ਹਾਂ ਨੂੰ ਨਾਕੇ 'ਤੇ ਲਿਆਉਣ ਲੱਗੇ ਤਾਂ ਉਨ੍ਹਾਂ ਨੇ ਹੰਗਾਮਾ ਕਰ ਦਿੱਤਾ।ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਕਿ ਇਸ ਮਾਮਲੇ 'ਚ ਪਹਿਲਾਂ ਹੀ ਦੋ ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇੰਦੌਰ ਦੇ ਆਈਜੀ ਇਸ ਮਾਮਲੇ ਦੀ ਜਾਂਚ ਕਰਨਗੇ ਤੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਅਜਿਹੀ ਦਰਿੰਦਗੀ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।  

ਕੇਂਦਰ ਨੇ ਕੋਰੋਨਾ ਹੈਲਥ ਸਿਸਟਮ ਪੈਕੇਜ ਦੀ ਦੂਜੀ ਕਿਸ਼ਤ ਵਜੋਂ 890 ਕਰੋੜ ਰੁਪਏ ਕੀਤੇ ਜਾਰੀ

ਨਵੀਂ ਦਿੱਲੀ,ਅਗਸਤ 2020 -(ਏਜੰਸੀ)-

ਕੇਂਦਰੀ ਸਿਹਤ ਮੰਤਰਾਲੇ ਨੇ ਵੀਰਵਾਰ ਨੂੰ ਦੱਸਿਆ ਕਿ ਕੇਂਦਰ ਸਰਕਾਰ ਨੇ 22 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਕੋਵਿਡ-19 ਐਮਰਜੈਂਸੀ ਪ੍ਰਤਿਕ੍ਰਿਆ ਅਤੇ ਸਿਹਤ ਪ੍ਰਣਾਲੀ ਤਿਆਰੀ ਪੈਕਜ  ਦੀ ਦੂਜੀ ਕਿਸ਼ਤ ਵਜੋਂ 890.32 ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਹੈ।ਕੇਂਦਰੀ ਸਿਹਤ ਮੰਤਰਾਲੇ ਨੇ ਕਿਹਾ ਕਿ ਦੂਸਰੀ ਕਿਸ਼ਤ ਲਈ ਵਿੱਤੀ ਸਹਾਇਤਾ ਪ੍ਰਾਪਤ ਕਰਨ ਵਾਲੇ ਸੂਬਿਆਂ ਵਿੱਚ ਛੱਤੀਸਗੜ੍ਹ, ਝਾਰਖੰਡ, ਮੱਧ ਪ੍ਰਦੇਸ਼, ਓਡੀਸ਼ਾ, ਰਾਜਸਥਾਨ, ਤੇਲੰਗਾਨਾ, ਆਂਧਰਾ ਪ੍ਰਦੇਸ਼, ਗੋਆ, ਗੁਜਰਾਤ, ਕਰਨਾਟਕ, ਕੇਰਲਾ, ਪੰਜਾਬ, ਤਾਮਿਲਨਾਡੂ, ਪੱਛਮੀ ਬੰਗਾਲ, ਅਰੁਣਾਚਲ ਪ੍ਰਦੇਸ਼, ਅਸਾਮ, ਮੇਘਾਲਿਆ, ਮਣੀਪੁਰ, ਮਿਜ਼ੋਰਮ ਅਤੇ ਸਿੱਕਮ ਸ਼ਾਮਲ ਹਨ। ਹਰੇਕ ਸੂਬੇ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਨੂੰ ਦਿੱਤੀ ਜਾਂਦੀ ਵਿੱਤੀ ਸਹਾਇਤਾ ਉਥੇ ਕੋਰੋਨਾ ਸਥਿਤੀ ਦੇ ਅਧਾਰ 'ਤੇ ਅਲਾਟ ਕੀਤੀ ਗਈ ਹੈ।ਮੰਤਰਾਲੇ ਦੇ ਅਨੁਸਾਰ ਇਸ ਕਿਸ਼ਤ ਦੀ ਵਰਤੋਂ ਟੈਸਟਿੰਗ, ਆਰਟੀ-ਪੀਸੀਆਰ, ਮਸ਼ੀਨਾਂ ਦੀ ਖਰੀਦ ਅਤੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਅਤੇ ਆਈਸੀਯੂ ਵਿੱਚ ਬੈੱਡਾਂ ਦੀ ਗਿਣਤੀ ਵਧਾਉਣ, ਆਕਸੀਜਨ ਜਨਰੇਟਰ ਲਗਾਉਣ ਅਤੇ ਆਕਸੀਜਨ ਖਰੀਦਣ ਲਈ ਵਰਤੀ ਜਾਏਗੀ। ਇਸ ਸਹਾਇਤਾ ਨਾਲ ਜਨਤਕ ਸਿਹਤ ਢਾਂਚੇ ਨੂੰ ਵੀ ਮਜ਼ਬੂਤ ਕੀਤਾ ਜਾਵੇਗਾ। ਹਾਲ ਹੀ ਵਿੱਚ ਪ੍ਰਧਾਨ ਮੰਤਰੀ ਮੋਦੀ ਨੇ 15,000 ਕਰੋੜ ਰੁਪਏ ਦੇ ਕੋਵਿਡ-19 ਐਮਰਜੈਂਸੀ ਪ੍ਰਤੀਕਿਰਿਆ ਅਤੇ ਸਿਹਤ ਪ੍ਰਣਾਲੀ ਤਿਆਰੀ ਪੈਕੇਜ ਦਾ ਐਲਾਨ ਕੀਤਾ ਸੀ।ਪਹਿਲੀ ਕਿਸ਼ਤ ਵਜੋਂ ਤਿੰਨ ਹਜ਼ਾਰ ਕਰੋੜ ਰੁਪਏ ਅਪ੍ਰੈਲ ਵਿੱਚ ਜਾਰੀ ਕੀਤੇ ਗਏ ਸਨ। ਇਸ ਮਦਦ ਨਾਲ 5,80,342 ਆਮ ਬੈੱਡ, 1,36,068 ਆਕਸੀਜਨ ਨਾਲ ਲੈਸ ਬੈੱਡ ਅਤੇ 31,255 ਆਈਸੀਯੂ ਸਹੂਲਤ ਵਾਲੇ ਬੈੱਡ ਉਪਲਬਧ ਕਰਵਾਏ ਗਏ ਹਨ। ਇਹੋ ਨਹੀਂ, ਸੂਬਾ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੇ ਵੀ ਇਸ ਸਹਾਇਤਾ ਨਾਲ 86,88,357 ਟੈਸਟ ਕਿੱਟਾਂ ਅਤੇ 79,88,366 ਵਾਇਲ ਟਰਾਂਸਪੋਰਟ ਮੀਡੀਆ (Vial Transport Media, VTM) ਖਰੀਦੇ ਹਨ। ਇੰਨਾ ਹੀ ਨਹੀਂ, 96,557 ਜਵਾਨਾਂ ਨੂੰ ਮਨੁੱਖੀ ਸਰੋਤਾਂ ਵਜੋਂ ਵੀ ਉਪਲਬਧ ਕਰਾਇਆ ਗਿਆ ਹੈ।

ਬੈਂਕਾਂ ਦਾ ਕਰਜ਼ਾ ਮੋੜਨ 'ਚ ਅਸਮਰੱਥ ਲੋਕਾਂ ਤੇ ਕੰਪਨੀਅਾਂ ਨੂੰ ਮਿਲੀ ਰਾਹਤ, ਕੋਵਿਡ-19 ਮਹਾਮਾਰੀ ਦੇ ਮੱਦੇਨਜ਼ਰ ਲਿਆ ਫ਼ੈਸਲਾ

ਨਵੀਂ ਦਿੱਲੀ, ਅਗਸਤ 2020 -(ਏਜੰਸੀ)- 

ਭਾਰਤੀ ਰਿਜ਼ਰਵ ਬੈਂਕ ਨੇ ਨਾ ਤਾਂ ਵਿਆਜ ਦਰਾਂ ਨੂੰ ਹੋਰ ਹੇਠਾਂ ਲਿਆਉਣ ਦੀ ਕੋਸ਼ਿਸ਼ ਕੀਤੀ ਹੈ ਤੇ ਨਾ ਹੀ ਟਰਮ ਲੋਨ ਜਮ੍ਹਾਂ ਕਰਵਾਉਣ 'ਤੇ ਲੱਗੀ ਰੋਕ 31 ਅਗਸਤ ਤੋਂ ਅੱਗੇ ਵਧਾਉਣ ਦਾ ਐਲਾਨ ਕੀਤਾ ਹੈ ਪਰ ਕੋਵਿਡ-19 ਕਾਰਨ ਜਿਹੜੇ ਲੋਕ ਜਾਂ ਕੰਪਨੀਆਂ ਬੈਂਕਾਂ ਦਾ ਕਰਜ਼ਾ ਮੋੜਨ 'ਚ ਅਸਮਰੱਥ ਹਨ, ਉਨ੍ਹਾਂ ਨੂੰ ਰਾਹਤ ਜ਼ਰੂਰ ਦੇ ਦਿੱਤੀ ਹੈ। ਆਰਬੀਆਈ ਦੇ ਗਵਰਨਰ ਡਾ. ਸ਼ਕਤੀਦਾਂਸ ਦਾਸ ਨੇ ਵੀਰਵਾਰ ਨੂੰ ਮੌਦ੍ਰਿਕ ਨੀਤੀ ਦੀ ਸਮੀਖਿਆ ਪੇਸ਼ ਕੀਤੀ, ਜਿਸ 'ਚ ਕੋਵਿਡ-19 ਤੋਂ ਪ੍ਰਭਾਵਿਤ ਬੈਂਕਿੰਗ ਲੋਨ ਨੂੰ ਰੀਸਟਰਕਚਰ ਕਰਨ ਦੀ ਨੀਤੀ ਦਾ ਐਲਾਨ ਕੀਤਾ ਗਿਆ ਹੈ। ਸਮੀਖਿਆ 'ਚ ਵਿਆਜ ਦਰਾਂ ਨੂੰ ਪ੍ਰਭਾਵਿਤ ਕਰਨ ਵਾਲੇ ਰੈਪੋ ਰੇਟ ਨੂੰ 4 ਫ਼ੀਸਦੀ 'ਤੇ ਹੀ ਸਥਿਰ ਰੱਖਿਆ ਗਿਆ ਹੈ।ਕੋਰੋਨਾ ਨੇ ਜਿਸ ਤਰ੍ਹਾਂ ਪੂਰੀ ਦੁਨੀਆ ਦੇ ਅਰਥਚਾਰੇ ਨੂੰ ਤਹਿਸ-ਨਹਿਸ ਕਰ ਦਿੱਤਾ ਹੈ, ਉਸ ਨੂੰ ਦੇਖਦਿਆਂ ਘਰੇਲੂ ਸਨਅਤ ਜਗਤ ਦੇ ਨਾਲ ਹੀ ਬੈਂਕਾਂ ਵੱਲੋਂ ਇਹ ਮੰਗ ਕੀਤੀ ਜਾ ਰਹੀ ਸੀ ਕਿ ਉਨ੍ਹਾਂ ਦੀਆਂ ਕਰਜ਼ਾ ਯੋਜਨਾਵਾਂ ਨੂੰ ਨਵੇਂ ਸਿਰੇ ਤੋਂ ਅਦਾਇਗੀ ਕਰਨ ਦੀ ਮੋਹਲਤ ਮਿਲੇ। ਬੈਂਕਿੰਗ ਭਾਸ਼ਾ 'ਚ ਇਸ ਨੂੰ ਲੋਨ ਰੀਸਟਰਕਚਰਿੰਗ ਕਹਿੰਦੇ ਹਨ, ਜਿਸ ਤਹਿਤ ਗਾਹਕਾਂ 'ਤੇ ਬਕਾਏ ਵਿਆਜ ਨੂੰ ਮਾਫ਼ ਕੀਤਾ ਜਾਂਦਾ ਹੈ ਤੇ ਉਨ੍ਹਾਂ ਨੂੰ ਕਰਜ਼ਾ ਚੁਕਾਉਣ ਲਈ ਹੋਰ ਸਮਾਂ ਦਿੱਤਾ ਜਾਂਦਾ ਹੈ। ਆਰਬੀਆਈ ਨੇ ਕਿਹਾ ਹੈ ਕਿ ਇਸ ਵਾਰ ਕਰਜ਼ਾ ਚੁਕਾਉਣ ਦੀ ਮਿਆਦ ਦੋ ਸਾਲ ਤਕ ਲਈ ਵਧਾਈ ਜਾ ਸਕਦੀ ਹੈ। ਇਸ ਸਕੀਮ ਤਹਿਤ ਕਾਰਪੋਰੇਟ ਲੋਨ ਨੂੰ ਕਿਸ ਤਰ੍ਹਾਂ ਰਾਹਤ ਦਿੱਤੀ ਜਾਵੇ, ਇਸ ਬਾਰੇ ਵਿਸਥਾਰਤ ਫਰੇਮਵਰਕ ਬਣਾਉਣ ਲਈ ਬੀ. ਕਾਮਥ ਦੀ ਅਗਵਾਈ 'ਚ ਕਮੇਟੀ ਦਾ ਗਠਨ ਕਰ ਦਿੱਤਾ ਗਿਆ ਹੈ। ਵੈਸੇ ਮੋਟੇ ਤੌਰ 'ਤੇ ਆਰਬੀਆਈ ਨੇ ਕਿਹਾ ਹੈ ਕਿ 31 ਦਸੰਬਰ 2020 ਤੋਂ ਪਹਿਲਾਂ ਇਹ ਸਕੀਮ ਲਾਗੂ ਹੋਵੇਗੀ ਤੇ ਬੈਂਕਾਂ ਨੂੰ 180 ਦਿਨਾਂ 'ਚ ਇਸ ਨੂੰ ਲਾਗੂ ਕਰਨਾ ਪਵੇਗਾ। ਰੀਸਟਰਕਚਰ ਹੋਣ ਤੋਂ ਬਾਅਦ ਕਰਜ਼ਾ ਖਾਤਿਆਂ ਨੂੰ ਐੱਨਪੀਏ ਨਹੀਂ ਮੰਨਿਆ ਜਾਵੇਗਾ। ਬੈਂਕਾਂ ਨੂੰ ਫ਼ਾਇਦਾ ਇਹ ਹੋਵੇਗਾ ਕਿ ਉਨ੍ਹਾਂ ਦੇ ਫਸੇ ਕਰਜ਼ੇ (ਐੱਨਪੀਏ) ਦਾ ਪੱਧਰ ਨਹੀਂ ਵਧੇਗਾ ਤੇ ਉਨ੍ਹਾਂ 'ਤੇ ਵਿੱਤੀ ਦਬਾਅ ਵੀ ਨਹੀਂ ਵਧੇਗਾ। ਦੂਜੇ ਪਾਸੇ ਕੰਪਨੀਆਂ ਨੂੰ ਆਸਾਨੀ ਨਾਲ ਕਰਜ਼ਾ ਚੁਕਾਉਣ ਦੀ ਮੋਹਲਤ ਮਿਲ ਜਾਵੇਗੀ ਤੇ ਉਹ ਦੁਬਾਰਾ ਕਰਜ਼ਾ ਵੀ ਲੈਣ ਦੇ ਯੋਗ ਹੋ ਜਾਣਗੀਆਂ। ਇਸ ਸਕੀਮ ਦਾ ਫ਼ਾਇਦਾ ਪਰਸਨਲ ਲੋਨ ਲੈਣ ਵਾਲੇ ਗਾਹਕਾਂ ਨੂੰ ਵੀ ਮਿਲੇਗਾ ਪਰ ਇਹ ਧਿਆਨ ਰੱਖਿਆ ਜਾਵੇਗਾ ਕਿ ਉਨ੍ਹਾਂ ਨੂੰ ਹੀ ਇਸ 'ਚ ਸ਼ਾਮਲ ਕੀਤਾ ਜਾਵੇ ਜਿਨ੍ਹਾਂ ਦੀ ਆਮਦਨ ਕੋਵਿਡ-19 ਮਹਾਮਾਰੀ ਕਾਰਨ ਪ੍ਰਭਾਵਿਤ ਹੋਈ ਹੈ। ਪਰਸਨਲ ਲੋਨ ਬਾਰੇ ਦੱਸਿਆ ਗਿਆ ਹੈ ਕਿ ਇਸ ਬਾਰੇ ਬੈਂਕ ਖ਼ੁਦ ਹੀ ਨਿਯਮ ਬਣਾਉਣਗੇ ਯਾਨੀ ਕਾਰਪੋਰੇਟ ਲੋਨ ਦੀ ਤਰ੍ਹਾਂ ਕਿਸੇ ਕਮੇਟੀ ਵੱਲੋਂ ਸੁਝਾਏ ਗਏ ਦਿਸ਼ਾ-ਨਿਰਦੇਸ਼ ਦੇ ਆਧਾਰ 'ਤੇ ਇੱਥੇ ਨਿਯਮ ਤੈਅ ਨਹੀਂ ਹੋਣਗੇ। ਬੈਂਕ ਬੋਰਡ ਖ਼ੁਦ ਹੀ ਨਿਯਮ ਬਣਾਵੇਗਾ, ਜਿਸ ਨੂੰ 31 ਦਸੰਬਰ 2020 ਤਕ ਲਾਗੂ ਕਰਨੀ ਪਵੇਗਾ ਤੇ ਗਾਹਕਾਂ ਲਈ ਵੱਧ ਤੋਂ ਵੱਧ 90 ਦਿਨਾਂ ਬਾਅਦ ਇਸ ਨੂੰ ਲਾਗੂ ਕੀਤਾ ਜਾਵੇਗਾ। ਇੱਥੇ ਵੀ ਕਰਜ਼ਾ ਚੁਕਾਉਣ ਦੀ ਨਵੀਂ ਮਿਆਦ ਦੋ ਸਾਲ ਤੋਂ ਜ਼ਿਆਦਾ ਨਹੀਂ ਹੋਵੇਗੀ। ਆਰਬੀਆਈ ਨੇ ਕਿਹਾ ਹੈ ਕਿ ਉਨ੍ਹਾਂ ਹੀ ਗਾਹਕਾਂ ਨੂੰ ਫ਼ਾਇਦਾ ਮਿਲੇਗਾ, ਜਿਨ੍ਹਾਂ ਨੇ ਪਹਿਲੀ ਮਾਰਚ, 2020 ਤਕ ਕਰਜ਼ੇ ਦੀ ਅਦਾਇਗੀ 'ਚ 30 ਦਿਨਾਂ ਤੋਂ ਜ਼ਿਆਦਾ ਦੇਰੀ ਨਹੀਂ ਕੀਤੀ ਹੋਵੇਗੀ।

ਧਾਰਮਿਕ ਵਧੀਕੀਆਂ ਦਾ ਸ਼ਿਕਾਰ ਹੋਏ 700 ਹੋਰ ਸਿੱਖਾਂ ਨੂੰ ਅਫ਼ਗਾਨਿਸਤਾਨ ਤੋਂ ਵਾਪਸ ਲਿਆਏਗਾ ਭਾਰਤ

 

ਨਵੀਂ ਦਿੱਲੀ, ਅਗਸਤ 2020- (ਏਜੰਸੀ)  ਅਫ਼ਗਾਨਿਸਤਾਨ ਵਿਚ ਧਾਰਮਿਕ ਵਧੀਕੀਆਂ ਦਾ ਸ਼ਿਕਾਰ ਹੋਏ 700 ਸਿੱਖਾਂ ਨੂੰ ਭਾਰਤ ਲਿਆਂਦਾ ਜਾਵੇਗਾ। ਇਨ੍ਹਾਂ ਦੀ ਵਾਪਸੀ ਕਈ ਜੱਥਿਆਂ ਵਿਚ ਹੋਵੇਗੀ। ਨਾਗਰਿਕਤਾ ਸੋਧ ਕਾਨੂੰਨ (ਸੀਏਏ) ਦੇ ਅਮਲ ਵਿਚ ਆਉਣ ਤੋਂ ਬਾਅਦ 26 ਜੁਲਾਈ ਨੂੰ ਸਿੱਖਾਂ ਦਾ ਪਹਿਲਾ ਜੱਥਾ ਅਫ਼ਗਾਨਿਸਤਾਨ ਤੋਂ ਭਾਰਤ ਪਰਤ ਚੁੱਕਾ ਹੈ। ਭਾਜਪਾ ਦੇ ਕੌਮੀ ਸਕੱਤਰ ਆਰਪੀ ਸਿੰਘ ਨੇ ਸ਼ਨਿਚਰਵਾਰ ਨੂੰ ਦੱਸਿਆ ਕਿ ਪਹਿਲੇ ਜੱਥੇ ਤੋਂ ਬਾਅਦ ਕਰੀਬ 700 ਹੋਰ ਸਿੱਖਾਂ ਨੂੰ ਅਫ਼ਗਾਨਿਸਤਾਨ ਤੋਂ ਵਾਪਸ ਲਿਆਂਦਾ ਜਾਵੇਗਾ। ਅਫ਼ਗਾਨਿਸਤਾਨ ਸਥਿਤ ਭਾਰਤੀ ਦੂਤਘਰ ਉਨ੍ਹਾਂ ਦੇ ਸੰਪਰਕ ਵਿਚ ਹੈ। ਉਨ੍ਹਾਂ ਵਿਚੋਂ ਬਹੁਤੇ ਸਿੱਖਾਂ ਦੇ ਰਿਸ਼ਤੇਦਾਰ ਤਿਲਕ ਨਗਰ ਵਿਚ ਰਹਿੰਦੇ ਹਨ। ਇਸ ਲਈ ਉਨ੍ਹਾਂ ਦੇ ਰਹਿਣ ਦੇ ਪ੍ਰਬੰਧ ਵਿਚ ਵੀ ਕੋਈ ਮੁਸ਼ਕਿਲ ਨਹੀਂ ਹੋਵੇਗੀ। ਭਾਜਪਾ ਆਗੂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਖ਼ਤ ਫ਼ੈਸਲੇ ਕਾਰਨ ਹੀ ਅਫ਼ਗਾਨਿਸਤਾਨ ਵਿਚ ਤਸ਼ੱਦਦ ਸਹਿ ਰਹੇ ਸਾਡੇ ਭਰਾਵਾਂ ਨੂੰ ਵਾਪਸ ਲਿਆਂਦਾ ਜਾਣਾ ਸੰਭਵ ਹੋ ਸਕਿਆ ਹੈ। ਦੱਸਣਾ ਬਣਦਾ ਹੈ ਕਿ ਅਫ਼ਗਾਨਿਸਤਾਨ ਵਿਚ ਧਾਰਮਿਕ ਤੌਰ 'ਤੇ ਵਧੀਕੀਆਂ ਦਾ ਸ਼ਿਕਾਰ ਹੋ ਕੇ ਭਾਰਤ ਮੁੜਨ ਵਾਲੇ ਸਿੱਖਾਂ ਦੇ ਪਹਿਲੇ ਜੱਥੇ ਦਾ ਭਾਜਪਾ ਨੇ ਹਵਾਈ ਅੱਡੇ 'ਤੇ ਸ਼ਾਨਦਾਰ ਸਵਾਗਤ ਕੀਤਾ ਸੀ। ਇਨ੍ਹਾਂ ਦੇ ਰਹਿਣ-ਸਹਿਣ ਦਾ ਪ੍ਰਬੰਧ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਕਰ ਰਹੀ ਹੈ

ਮਨਜੀਤ ਸਿੰਘ ਜੀਕੇ ਦੀ ਜਾਗੋ ਨੂੰ ਮਿਲੀ ਧਾਰਮਿਕ ਪਾਰਟੀ ਦੀ ਮਾਨਤਾ

ਨਵੀਂ ਦਿੱਲੀ, ਜੁਲਾਈ  2020-(ਏਜੰਸੀ )  ਦਿੱਲੀ ਗੁਰਦੁਆਰਾ ਚੋਣ ਡਾਇਰੈਕਟੋਰੇਟ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਐਕਟ ਤਹਿਤ ਜਗ ਆਸਰਾ ਗੁਰੂ ਓਟ (ਜਾਗੋ) ਨੂੰ ਧਾਰਮਿਕ ਪਾਰਟੀ ਦੇ ਤੌਰ 'ਤੇ ਮਾਨਤਾ ਦਿੰਦਿਆਂ ਚੋਣ ਨਿਸ਼ਾਨ ਕਿਤਾਬ ਦਿੱਤਾ ਹੈ। ਇਸ ਦੀ ਜਾਣਕਾਰੀ ਪਾਰਟੀ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਦਿੱਤੀ। ਫਰਵਰੀ 'ਚ ਪ੍ਰਸਤਾਵਿਤ ਡੀਐੱਸਜੀਪੀਸੀ ਚੋਣਾਂ ਸਬੰਧੀ ਪਾਰਟੀ ਦੇ ਮੁੱਦਿਆਂ ਤੇ ਗਠਜੋੜ ਦੀ ਸੰਭਾਵਨਾ 'ਤੇ ਵੀ ਉਨ੍ਹਾਂ ਨੇ ਆਪਣੀ ਰਾਏ ਰੱਖੀ। ਉਨ੍ਹਾਂ ਕਿਹਾ ਕਿ ਪਾਰਟੀ ਦੀ ਮੂਲ ਵਿਚਾਰਧਾਰਾ ਸ੍ਰੀ ਗੁਰੂ ਗ੍ੰਥ ਸਾਹਿਬ ਤੇ ਗੁਰੂ ਪੰਥ ਦੀ ਮਰਿਆਦਾ ਨੂੰ ਸੰਭਾਲਣਾ ਹੈ। ਛੇ ਸਾਲਾਂ ਤਕ ਕਮੇਟੀ ਦੇ ਪ੍ਰਧਾਨ ਰਹਿੰਦਿਆਂ ਪੰਥ ਲਈ ਕੰਮ ਕੀਤਾ ਹੈ। ਇਸ ਨੂੰ ਦਿੱਲੀ ਦੀ ਸੰਗਤ ਜਾਣਦੀ ਹੈ। ਬਾਦਲ ਪਰਿਵਾਰ ਦੇ ਹਿਸਾਬ ਨਾਲ ਸਿਆਸਤ ਕਰਨ ਦੀ ਬਜਾਏ ਉਹ ਪੰਥ ਤੇ ਸੰਗਤ ਲਈ ਕੰਮ ਕਰਦੇ ਰਹੇ ਹਨ, ਇਸ ਲਈ ਉਨ੍ਹਾਂ ਖ਼ਿਲਾਫ਼ ਝੂਠੇ ਦੋਸ਼ ਲਾਏ ਗਏ। ਆਪਣੀ ਪਾਰਟੀ ਦੇ ਚੋਣ ਨਿਸ਼ਾਨ ਬਾਰੇ ਜੀਕੇ ਨੇ ਕਿਹਾ ਕਿ ਕਿਤਾਬ ਸਭ ਨੂੰ ਗਿਆਨ ਦਿੰਦੀ ਹੈ। ਕਿਸੇ ਵੀ ਕੰਮ ਨੂੰ ਕਰਨ ਲਈ ਕਿਤਾਬੀ ਗਿਆਨ ਸਭ ਲਈ ਜ਼ਰੂਰੀ ਹੈ। ਇਸ ਲਈ ਬਹੁਤ ਸੋਚ ਸਮਝ ਕੇ ਉਨ੍ਹਾਂ ਨੇ ਇਸ ਨੂੰ ਚੋਣ ਨਿਸ਼ਾਨ ਬਣਾਇਆ ਹੈ। ਸਿੱਖਿਆ ਪਾਰਟੀ ਦਾ ਮੁੱਖ ਮੁੱਦਾ ਹੋਵੇਗਾ। ਸਿੱਖ ਦਾ ਮਤਲਬ ਹੀ ਸਿੱਖਣਾ ਹੁੰਦਾ ਹੈ ਤੇ ਸਿੱਖਣ ਲਈ ਕਿਤਾਬ ਜ਼ਰੂਰੀ ਹੈ। ਉਨ੍ਹਾਂ ਦੱਸਿਆ ਕਿ ਕਮੇਟੀ ਦੀ ਸਾਰੀਆਂ 46 ਸੀਟਾਂ 'ਤੇ ਚੋਣ ਲੜਨ ਦੀ ਤਿਆਰੀ ਚੱਲ ਰਹੀ ਹੈ। ਹਾਲਾਂਕਿ ਬਾਦਲ ਵਿਰੋਧੀ ਪਾਰਟੀਆਂ 'ਚ ਗਠਜੋੜ ਦਾ ਬਦਲ ਵੀ ਖੁੱਲਿ੍ਹਆ ਹੈ।  

ਭਾਰਤ ਵਿੱਚ ਗੂਗਲ ਕਰੇਗਾ 75000 ਕਰੋੜ ਦਾ ਨਿਵੇਸ਼

ਨਵੀਂ ਦਿੱਲੀ, ਜੁਲਾਈ 2020 -(ਏਜੰਸੀ)- ਗੂਗਲ ਦੇ ਸੀਈਓ ਸੁੰਦਰ ਪਿਚਾਈ ਨੇ ਅੱਜ ਐਲਾਨ ਕੀਤਾ ਕਿ ‘ਗੂਗਲ ਫਾਰ ਇੰਡੀਆ ਡਿਜੀਟਾਈਜ਼ੇਸ਼ਨ ਫੰਡ’ ਤਹਿਤ ਭਾਰਤ ਵਿੱਚ ਅਗਲੇ 5 ਤੋਂ 7 ਸਾਲਾਂ ਵਿੱਚ 75000 ਕਰੋੜ ਰੁਪਏ ਦਾ ਨਿਵੇਸ਼ ਕੀਤਾ ਜਾਵੇਗਾ। ‘ਗੂਗਲ ਫਾਰ ਇੰਡੀਆ’ ਸਮਾਗਮ ਨੂੰ ਸੰਬੋਧਨ ਕਰਦਿਆਂ ਪਿਚਾਈ ਨੇ ਕਿਹਾ ਕਿ ਗੂਗਲ ਦੀ ਸੱਜਰੀ ਪੇਸ਼ਕਦਮੀ ਇਸ ਗੱਲ ਦਾ ਸਬੂਤ ਹੈ ਕਿ ਕੰਪਨੀ ਨੂੰ ਭਾਰਤ ਦੇ ਭਵਿੱਖ ਤੇ ਇਸ ਦੇ ਡਿਜੀਟਲ ਅਰਥਚਾਰੇ ’ਚ ਕਿੰਨਾ ਯਕੀਨ ਹੈ। 

ਸੁਪਰੀਮ ਕੋਰਟ ਵੱਲੋਂ ਵ੍ਹਟਸਐਪ, ਈਮੇਲ ਤੇ ਫੈਕਸ ਰਾਹੀਂ ਸੰਮਨ ਭੇਜਣ ਦੀ ਇਜਾਜ਼ਤ

ਨਵੀਂ ਦਿੱਲੀ , ਜੁਲਾਈ 2020-(ਏਜੰਸੀ )  

ਸੁਪਰੀਮ ਕੋਰਟ ਨੇ ਇਕ ਅਹਿਮ ਕਦਮ ਉਠਾਉਂਦਿਆਂ ਵ੍ਹਟਸਐਪ, ਈਮੇਲ ਤੇ ਫੈਕਸ ਰਾਹੀਂ ਲਗਪਗ ਸਾਰੀਆਂ ਕਾਨੂੰਨੀ ਪ੍ਰਕਿਰਿਆਵਾਂ ਲਈ ਲਾਜ਼ਮੀ ਸੰਮਨ ਤੇ ਨੋਟਿਸ ਭੇਜਣ ਦੀ ਇਜਾਜ਼ਤ ਦੇ ਦਿੱਤੀ ਹੈ। ਚੀਫ ਜਸਟਿਸ ਐੱਸਏ ਬੋਬਡੇ ਦੀ ਅਗਵਾਈ ਵਾਲੇ ਬੈਂਚ ਨੇ ਮੰਨਿਆ ਕਿ ਇਹ ਅਦਾਲਤ ਦੇ ਨੋਟਿਸ 'ਚ ਲਿਆਂਦਾ ਗਿਆ ਹੈ ਕਿ ਨੋਟਿਸ ਤੇ ਸੰਮਨ ਦੀ ਸੇਵਾ ਲਈ ਡਾਕਘਰਾਂ ਦਾ ਦੌਰਾ ਕਰਨਾ ਸੰਭਵ ਨਹੀਂ ਹੈ। ਬੈਂਚ, ਜਿਸ 'ਚ ਜਸਟਿਸ ਏਐੱਸ ਬੋਪੰਨਾ ਤੇ ਆਰ ਸੁਭਾਸ਼ ਰੈੱਡੀ ਵੀ ਸ਼ਾਮਲ ਹਨ, ਨੇ ਮਹਿਸੂਸ ਕੀਤਾ ਕਿ ਵ੍ਹਟਸਐਪ ਤੇ ਹੋਰ ਫੋਨ ਮੈਸੰਜਰ ਸੇਵਾਵਾਂ ਰਾਹੀਂ ਉਸੇ ਦਿਨ ਨੋਟਿਸ ਤੇ ਸੰਮਨ ਭੇਜਿਆ ਜਾਣਾ ਚਾਹੀਦਾ।

ਬੈਂਚ ਨੇ ਸਪੱਸ਼ਟ ਕੀਤਾ ਕਿ ਕਿਸੇ ਧਿਰ ਦੀ ਜਾਇਜ਼ ਸੇਵਾ ਲਈ ਸਾਰੇ ਤਰੀਕਿਆਂ ਨੂੰ ਲਾਗੂ ਕੀਤਾ ਜਾਣਾ ਚਾਹੀਦਾ। ਬੈਂਚ ਨੇ ਕਿਹਾ, ਦੋ ਨੀਲੇ ਨਿਸ਼ਾਨ ਦੱਸਣਗੇ ਕਿ ਪ੍ਰਰਾਪਤ ਕਰਤਾ ਨੇ ਨੋਟਿਸ ਦੇਖ ਲਿਆ ਹੈ। ਬੈਂਚ ਨੇ ਵ੍ਹਟਸਐਪ ਨੂੰ ਵਿਸ਼ੇਸ਼ ਤੌਰ 'ਤੇ ਪ੍ਰਭਾਵੀ ਸੇਵਾ ਵਜੋਂ ਨਾਮਜ਼ਦ ਕਰਨ ਦੇ ਅਟਾਰਨੀ ਜਰਨਲ ਦੀ ਅਪੀਲ ਨੂੰ ਨਾ-ਮਨਜ਼ੂਰ ਕਰ ਦਿੱਤਾ। ਸਿਖਰਲੀ ਅਦਾਲਤ ਨੇ ਕਿਹਾ ਕਿ ਸਿਰਫ ਵ੍ਹਟਸਐਪ ਨੂੰ ਤਫਸੀਲ ਕਰਨਾ ਵਿਵਹਾਰਕ ਨਹੀਂ ਹੋਵੇਗਾ। ਇਸ ਤੋਂ ਪਹਿਲਾਂ ਸੱਤ ਜੁਲਾਈ ਨੂੰ ਸੁਣਵਾਈ ਦੌਰਾਨ ਅਟਾਰਨੀ ਜਨਰਲ ਨੇ ਬੈਂਚ ਨੂੰ ਕਿਹਾ ਸੀ ਕਿ ਕੇਂਦਰ ਸਰਕਾਰ ਨੂੰ ਸੰਮਨ ਭੇਜਣ ਲਈ ਵ੍ਹਟਸਐਪ ਵਰਗੇ ਮੋਬਾਈਲ ਐਪ ਦੀ ਵਰਤੋਂ 'ਤੇ ਇਤਰਾਜ਼ ਹੈ। ਉਨ੍ਹਾਂ ਨੇ ਕਿਹਾ ਸੀ ਕਿ ਇਹ ਐਪ ਭਰੋਸੇਯੋਗ ਨਹੀਂ ਹੈ।

ਸਿਖਰਲੀ ਅਦਾਲਤ ਨੇ ਕੋਰੋਨਾ ਵਾਇਰਸ ਮਹਾਮਾਰੀ ਨੂੰ ਰੋਕਣ ਲਈ ਲਾਏ ਗਏ ਲਾਕਡਾਊਨ ਨੂੰ ਦੇਖਦਿਆਂ ਰਿਜ਼ਰਵ ਬੈਂਕ ਨੂੰ ਚੈੱਕ ਦੀ ਜਾਇਜ਼ਤਾ ਵਧਾਉਣ ਦੀ ਵੀ ਆਗਿਆ ਦੇ ਦਿੱਤੀ। ਰਿਜ਼ਰਵ ਬੈਂਕ ਵੱਲੋਂ ਪੇਸ਼ ਵਕੀਲ ਵੀ ਗਿਰੀ ਨੇ ਬੈਂਚ ਨੂੰ ਸੂਚਿਤ ਕੀਤਾ ਕਿ ਉਨ੍ਹਾਂ ਨੇ ਪਿਛਲੀ ਸੁਣਵਾਈ 'ਤੇ ਜਾਰੀ ਨਿਰਦੇਸ਼ਾਂ ਅਨੁਸਾਰ ਚੈੱਕ ਦੀ ਜਾਇਜ਼ਤਾ ਸਬੰਧੀ ਟਿੱਪਣੀ ਜਾਰੀ ਕੀਤੀ ਸੀ।

ਬਿਨਾ ਰਾਸ਼ਨ ਕਾਰਡ ਦੇ ਵੀ ਇਸ ਯੋਜਨਾ 'ਚ ਮਿਲੇਗਾ ਮੁਫ਼ਤ ਅਨਾਜ, ਜਾਣੋ ਕਿਵੇਂ ?

ਨਵੀਂ ਦਿੱਲੀ , ਜੁਲਾਈ 2020 (ਏਜੰਸੀ)

ਕੇਂਦਰ ਸਰਕਾਰ ਨੇ ਕੋਰੋਨਾ ਵਾਇਰਸ ਮਹਾਮਾਰੀ ਦੇ ਮੱਦੇਨਜ਼ਰ ਪਰਵਾਸੀ ਕਾਮਿਆਂ ਤੇ ਗ਼ਰੀਬਾਂ ਲਈ ਮੁਫ਼ਤ ਅਨਾਜ ਯੋਜਨਾ ਨੂੰ ਨਵੰਬਰ ਤਕ ਵਧਾ ਦਿੱਤਾ ਹੈ। ਹੁਣ ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ (PMGKAY) ਤਹਿਤ ਉਨ੍ਹਾਂ ਲੋਕਾਂ ਨੂੰ ਵੀ ਅਨਾਜ ਮੁਹੱਈਆ ਕਰਵਾਇਆ ਜਾਵੇਗਾ ਜਿਨ੍ਹਾਂ ਕੋਲ ਰਾਸ਼ਨ ਕਾਰਡ ਨਹੀਂ ਹੈ।

ਕੇਂਦਰੀ ਖਾਧ ਤੇ ਸਪਲਾਈ ਮੰਤਰੀ ਰਾਮਵਿਲਾਸ ਪਾਸਵਾਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 30 ਜੂਨ ਨੂੰ ਆਪਣੇ ਸੰਬੋਧਨ 'ਚ ਕਿਹਾ ਸੀ ਕਿ ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਅੰਨ ਯੋਜਨਾ (PMGKAY) ਨੂੰ ਅਗਲੇ 5 ਮਹੀਨਿਆਂ ਯਾਨੀ ਨਵੰਬਰ 2020 ਤਕ ਵਧਾ ਦਿੱਤਾ ਗਿਆ ਹੈ। ਇਸ ਤਹਿਤ ਦੇਸ਼ ਦੇ 80 ਕਰੋੜ ਤੋਂ ਜ਼ਿਆਦਾ NSFA ਲਾਭ ਪਾਤਰੀਆਂ ਨੂੰ ਅਲੱਗ ਤੋਂ ਪ੍ਰਤੀ ਵਿਅਕਤੀ 5 ਕਿੱਲੋ ਕਣਕ ਜਾਂ ਚਾਵਲ ਤੇ 1 ਕਿੱਲੋ ਛੋਲੇ ਮੁਫ਼ਤ ਦਿੱਤੇ ਜਾਣਗੇ। ਇਸ ਸਬੰਧੀ ਆਦੇਸ਼ 30 ਜੂਨ ਨੂੰ ਹੀ ਜਾਰੀ ਕਰ ਦਿੱਤੇ ਗਏ ਸਨ।

ਰਾਮਵਿਲਾਸ ਪਾਸਵਾਨ ਨੇ ਕਿਹਾ ਕਿ ਇਸ ਯੋਜਨਾ ਦਾ ਲਾਭ ਉਹ ਲੋਕ ਵੀ ਲੈ ਸਕਣਗੇ ਜਿਨ੍ਹਾਂ ਕੋਲ ਰਾਸ਼ਨ ਕਾਰਡ ਨਹੀਂ ਹੈ। ਉਨ੍ਹਾਂ ਨੂੰ ਆਪਣਾ ਆਧਾਰ ਕਾਰਡ ਲਿਜਾ ਕੇ ਇਸ ਯੋਜਨਾ ਲਈ ਰਜਿਸਟ੍ਰੇਸ਼ਨ ਕਰਵਾਉਣੀ ਪਵੇਗੀ। ਇਸ ਤੋਂ ਬਾਅਦ ਉਨ੍ਹਾਂ ਨੂੰ ਇਕ ਸਲਿੱਪ ਦਿੱਤੀ ਜਾਵੇਗੀ ਜਿਸ ਨੂੰ ਦਿਖਾ ਕੇ ਉਹ ਇਸ ਮੁਫ਼ਤ ਅਨਾਜ ਸਕੀਮ ਦਾ ਲਾਭ ਲੈ ਸਕਣਗੇ।

ਸਰਕਾਰ ਹਰ ਹਾਲ 'ਚ ਗ਼ਰੀਬ ਮਜ਼ਦੂਰਾਂ ਨੂੰ ਮੁਫ਼ਤ ਰਾਸ਼ਨ ਮੁਹੱਈਆ ਕਰਵਾਉਣਾ ਚਾਹੁੰਦੀ ਹੈ। ਪਹਿਲਾਂ ਇਹ ਯੋਜਨਾ ਸਿਰਫ਼ ਤਿੰਨ ਮਹੀਨਿਆਂ ਯਾਨੀ ਜੂਨ ਤਕ ਲਈ ਸੀ, ਪਰ ਫਿਰ ਇਸ ਨੂੰ ਵਧਾ ਕੇ ਨਵੰਬਰ ਤਕ ਕਰ ਦਿੱਤਾ ਗਿਆ ਹੈ। ਦਿੱਲੀ ਸਮੇਤ ਕਈ ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੇ ਇਸ ਹੁਕਮ ਦੀ ਪਾਲਣਾ ਕਰ ਕੇ ਮੁਫ਼ਤ ਰਾਸ਼ਨ ਵੰਡਣ ਦੀ ਪ੍ਰਕਿਰਿਆ ਸ਼ੁਰੂ ਵੀ ਕਰ ਦਿੱਤੀ ਹੈ। ਇਸ ਯੋਜਨਾ 'ਤੇ ਕੁੱਲ ਡੇਢ ਲੱਖ ਕਰੋੜ ਦਾ ਖ਼ਰਚ ਆਵੇਗਾ, ਜਿਸ ਵਿਚੋਂ 90 ਹਜ਼ਾਰ ਕਰੋੜ ਦਾ ਖ਼ਰਚ ਇਸ ਯੋਜਨਾ ਨੂੰ ਪੰਜ ਹੋਰ ਮਹੀਨਿਆਂ ਲਈ ਵਧਾਉਣ ਕਾਰਨ ਆਵੇਗਾ।

 

ਵਾਡਰਾ ਦੀ ਇੰਗਲੈਂਡ 'ਚ ਬੇਨਾਮੀ ਜਾਇਦਾਦ ਖ਼ਰੀਦ 'ਚ ਦਲਾਲੀ ਦੀ ਜਾਂਚ ਸ਼ੁਰੂ

ਨਵੀਂ ਦਿੱਲੀ , ਜੂਨ 2020 -(ਏਜੰਸੀ)-

ਲੰਡਨ 'ਚ ਰਾਬਰਟ ਵਾਡਰਾ ਦੀ ਬੇਨਾਮੀ ਜਾਇਦਾਦ ਖ਼ਰੀਦਣ ਲਈ ਕੋਰੀਆ ਦੀ ਕੰਪਨੀ ਸੈਮਸੰਗ ਇੰਜੀਨੀਅਰਿੰਗ ਤੋਂ ਲਈ ਗਈ ਦਲਾਲੀ ਦੇ ਮਾਮਲੇ ਦੀ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਦਰਜ ਐੱਫਆਈਆਰ 'ਚ ਸੀਬੀਆਈ ਨੇ ਰੱਖਿਆ ਸੌਦਿਆਂ ਦੇ ਦਲਾਲ ਸੰਜੇ ਭੰਡਾਰੀ ਨੂੰ ਦੋਸ਼ੀ ਬਣਾਇਆ ਗਿਆ ਹੈ। ਸੀਬੀਆਈ ਅਨੁਸਾਰ ਦੱਖਣੀ ਕੋਰੀਆ ਕੰਪਨੀ ਨੂੰ ਓਐੱਨਜੀਸੀ ਦੀ ਸਬਸਿਡਰੀ ਕੰਪਨੀ ਓਐੱਨਜੀਸੀ ਪੈਟ੍ਰੋ ਐਡੀਸੰਨਜ਼ ਲਿਮਟਿਡ (ਓਪਲ) ਤੋਂ ਗੁਜਰਾਤ ਦੇ ਦਾਹੇਜ 'ਚ ਇਕ ਪ੍ਰਾਜੈਕਟ ਦਾ ਠੇਕਾ ਦਿਵਾਉਣ ਬਦਲੇ 'ਚ 49.99 ਲੱਖ ਡਾਲਰ (ਤੱਤਕਾਲੀ ਐਕਸਚੇਂਜ ਦਰ ਦੇ ਹਿਸਾਬ ਨਾਲ 23.50 ਕਰੋੜ ਰੁਪਏ) ਦੀ ਦਲਾਲੀ ਗਈ ਸੀ। 

ਉੱਚ ਅਹੁਦਿਆਂ ਦੇ ਬੈਠੇ ਸੂਤਰਾਂ ਅਨੁਸਾਰ ਇਨਕਮ ਵਿਭਾਗ ਤੇ ਈਡੀ ਨੇ ਪਿਛਲੇ ਸਾਲ ਦੇ ਸ਼ੁਰੂ 'ਚ ਹੀ ਸੀਬੀਆਈ ਨੂੰ ਇਸ ਘੁਟਾਲੇ ਦੇ ਦਸਤਾਵੇਜ਼ ਸੌਂਪਦਿਆਂ ਹੋਏ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਐੱਫਆਈਆਰ ਦਰਜ ਕਰ ਕੇ ਇਸ ਦੀ ਜਾਂਚ ਦੀ ਜ਼ਰੂਰਤ ਦੱਸੀ ਸੀ। ਇਸੇ ਆਧਾਰ 'ਤੇ ਸੀਬੀਆਈ ਨੇ 11 ਜੁਲਾਈ 2019 ਨੂੰ ਮੁੱਢਲੀ ਜਾਂਚ ਦਾ ਕੇਸ ਦਰਜ ਕੀਤਾ ਸੀ। ਲਗਪਗ ਇਕ ਸਾਲ ਦੀ ਮੁੱਢਲੀ ਜਾਂਚ ਤੋਂ ਬਾਅਦ ਸੀਬੀਆਈ ਨੇ ਰੈਗੂਲਰ ਐੱਫਆਈਆਰ ਦਰਜ ਕਰਨ ਦਾ ਫ਼ੈਸਲਾ ਕੀਤਾ। ਇਸ 'ਚ ਸੰਜੇ ਭੰਡਾਰੀ ਤੇ ਸੈਮਸੰਗ ਇੰਜੀਨੀਅਰਿੰਗ ਦੇ ਸੀਨੀਅਰ ਮੈਨੇਜਰ ਹੋਂਗ ਨੈਮਕੁੰਗ ਦੇ ਨਾਲ-ਨਾਲ ਓਐੱਨਜੀਸੀ ਤੇ ਓਪਲ ਦੇ ਅਣਪਛਾਤੇ ਅਧਿਕਾਰੀਆਂ ਨੂੰ ਦੋਸ਼ੀ ਬਣਾਇਆ ਗਿਆ ਹੈ।

 

ਸੀਬੀਆਈ ਦੀ ਐੱਫਆਈਆਰ ਮੁਤਾਬਕ ਓਪਲ ਨੇ ਨਵੰਬਰ 2006 'ਚ ਗੁਜਰਾਤ ਦੇ ਦਾਹੇਜ ਸਥਿਤ ਐੱਸਈਜ਼ੈੱਡ 'ਚ ਈਥੇਨ, ਪ੍ਰੋਪੇਨ ਤੇ ਬੁਟੇਨ ਕੱਢਣ ਦਾ ਪਲਾਂਟ ਲਗਾਉਣ ਦਾ ਫ਼ੈਸਲਾ ਕੀਤਾ ਤੇ ਇਸ ਲਈ ਇਕ ਪ੍ਰਾਜੈਕਟ ਦਾ ਠੇਕਾ ਮਾਰਚ 2008 ਨੂੰ ਜਰਮਨੀ ਦੀ ਲਿੰਡੇ ਤੇ ਦੱਖਣੀ ਕੋਰੀਆ ਦੀ ਸੈਮਸੰਗ ਇੰਜੀਨੀਅਰਿੰਗ ਦੇ ਕੰਸੋਰਟੀਅਮ ਨੂੰ ਦਿੱਤਾ। ਉਂਝ ਠੇਕਾ 'ਚ ਹਿੱਸਾ ਲੈਣ ਵਾਲੀਆਂ ਭਾਰਤੀਆਂ ਕੰਪਨੀਆਂ ਐੱਲਐਂਡੀਟੀ, ਸ਼ਾਅ ਸਟੇਨ ਤੇ ਵੈੱਬਸਟਰ ਦੇ ਕੰਸੋਰਟੀਅਮ ਨੇ ਠੇਕੇ ਦੀ ਪ੍ਰਕਿਰਿਆ 'ਚ ਗੜਬੜੀ ਦਾ ਦੋਸ਼ ਲਾਇਆ ਪਰ ਉਸ ਨੂੰ ਖਾਰਜ ਕਰ ਦਿੱਤਾ ਗਿਆ। ਹੈਰਾਨੀ ਦੀ ਗੱਲ ਇਹ ਹੈ ਕਿ ਪ੍ਰਾਜੈਕਟ ਲਾਉਣ ਲਈ ਓਪਲ ਦੇ ਫ਼ੈਸਲੇ ਤੋਂ ਇਕ ਮਹੀਨਾ ਪਹਿਲਾਂ ਹੀ ਸੰਜੇ ਭੰਡਾਰੀ ਦੀ ਯੂਏਈ ਸਥਿਤ ਕੰਪਨੀ ਸੈਨਟੈੱਕ ਤੇ ਸੈਮਸੰਗ ਇੰਜੀਨੀਅਰ ਵਿਚਾਲੇ ਦਲਾਲੀ ਦਾ ਸਮਝੌਤਾ ਹੋ ਗਿਆ। ਜਿਸ 'ਚ 100 ਕਰੋੜ ਡਾਲਰ ਦੀ ਕੰਸਲਟੈਂਸੀ ਫੀਸ ਦੀ ਵਿਵਸਥਾ ਸੀ।

 

ਇਸ ਪ੍ਰਾਜੈਕਟ 'ਚ ਖੁੱਲ੍ਹੇਆਮ ਲਈ ਗਈ ਦਲਾਲੀ ਦਾ ਹਵਾਲਾ ਦਿੰਦਿਆਂ ਸੀਬੀਆਈ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਸੰਜੇ ਭੰਡਾਰੀ ਨਾਲ ਹੋਏ ਸਮਝੌਤੇ 'ਚ ਓਐੱਨਜੀਸੀ ਤੋਂ ਐਡਵਾਂਸ ਮਿਲਣ ਦੇ ਇਕ ਮਹੀਨੇ ਦੇ ਅੰਦਰ 50 ਫ਼ੀਸਦੀ ਰਕਮ ਤੇ ਪੂਰੀ ਰਕਮ ਮਿਲਣ ਦੇ ਛੇ ਮਹੀਨਿਆਂ ਦੇ ਅੰਦਰ ਬਾਕੀ ਦੀ 50 ਫ਼ੀਸਦੀ ਰਕਮ ਦੇਣ ਦੀ ਗੱਲ ਸੀ ਪਰ ਠੇਕੇ ਦੀਆਂ ਸ਼ਰਤਾਂ 'ਚ ਐਡਵਾਂਸ ਦੀ ਕੋਈ ਵਿਵਸਥਾ ਹੀ ਨਹੀਂ ਸੀ। ਬਾਅਦ 'ਚ ਓਐੱਨਜੀਸੀ ਦੀ ਬੋਰਡ ਨੇ ਐਡਵਾਂਸ ਦੇਣ ਦਾ ਫ਼ੈਸਲਾ ਕੀਤਾ। ਓਐੱਨਜੀਸੀ ਨੇ ਸੈਮਸੰਗ ਇੰਜੀਨੀਅਰ ਨੂੰ 24 ਫਰਵਰੀ 2009 ਨੂੰ ਐਡਵਾਂਸ ਦਿੱਤਾ ਤੇ 13 ਜੂਨ 2009 ਨੂੰ ਸੰਜੇ ਭੰਡਾਰੀ ਦੀ ਕੰਪਨੀ 'ਚ 49.99 ਲੱਖ ਡਾਲਰ ਦੀ ਦਲਾਲੀ ਦੀ ਰਕਮ ਪੁੱਜ ਗਈ।

ਦਲਾਲੀ ਦੀ ਰਕਮ ਪੁੱਜਣ ਤੋਂ ਫੌਰੀ ਬਾਅਦ ਸੰਜੇ ਭੰਡਾਰੀ ਨੇ ਬਰਤਾਨੀਆ ਦੀ ਕੰਪਨੀ ਵਰਟੈਕਸ ਮੈਨੇਜਮੈਂਟ ਨੂੰ 19 ਲੱਖ ਪੌਂਡ (ਤੱਤਕਾਲੀ ਐਕਸਚੇਂਜ ਦਰ ਦੇ ਹਿਸਾਬ ਨਾਲ 15 ਕਰੋੜ ਰੁਪਏ) 'ਚ ਖ਼ਰੀਦ ਲਿਆ, ਜਿਸ ਕੋਲ ਲੰਡਨ ਸਥਿਤ 12, ਬ੍ਰਾਇੰਸਟਨ ਸਕੁਆਇਰ ਦਾ ਮਕਾਨ ਸੀ। ਇਸ ਤਰ੍ਹਾਂ ਨਾਲ ਇਹ ਮਕਾਨ ਸੰਜੇ ਭੰਡਾਰੀ ਕੋਲ ਆ ਗਿਆ। ਬਾਅਦ 'ਚ ਸੰਜੇ ਭੰਡਾਰੀ ਨੇ ਇਹ ਮਕਾਨ ਦੁਬਈ ਸਥਿਤ ਸਕਾਈਲਾਈਟ ਇਨਵੈਸਟਮੈਂਟ ਐੱਫਜ਼ੈੱਡਈ ਨੂੰ ਵੇਚ ਦਿੱਤਾ। ਜਾਂਚ ਏਜੰਸੀਆਂ ਅਨੁਸਾਰ ਇਹ ਕੰਪਨੀ ਰਾਬਰਟ ਵਾਡਰਾ ਦੀ ਮਖੌਟਾ ਕੰਪਨੀ ਹੈ।

 

ਰੱਖਿਆ ਸੌਦਿਆਂ ਦੇ ਦਲਾਲ ਸੰਜੇ ਭੰਡਾਰੀ ਤੇ ਉਸ ਦੇ ਸਹਿਯੋਗੀਆਂ ਦੇ ਇਥੇ ਛਾਪੇ 'ਚ ਇਨਕਮ ਟੈਕਸ ਵਿਭਾਗ ਤੇ ਈਡੀ ਨੂੰ 12, ਬ੍ਰਾਇੰਸਟਨ ਸਕੁਆਇਰ ਦੀ ਜਾਇਦਾਦ ਅਸਲ 'ਚ ਰਾਬਰਟ ਵਾਡਰਾ ਦੇ ਹੋਣ ਦੇ ਸਬੂਤ ਮਿਲੇ ਸਨ। ਦਰਅਸਲ 2010 'ਚ ਭੰਡਾਰੀ ਦਾ ਰਿਸ਼ਤੇਦਾਰ ਸੁਮਿਤ ਚੱਢਾ ਨੇ ਇਸ ਜਾਇਦਾਦ ਦੀ ਮੁਰੰਮਤ ਲਈ ਵਾਡਰਾ ਨੂੰ ਈਮੇਲ ਭੇਜ ਕੇ ਇਜਾਜ਼ਤ ਮੰਗੀ ਸੀ। ਬਾਅਦ 'ਚ ਇਕ ਈਮੇਲ 'ਚ ਸੁਮਿਤ ਚੱਢਾ ਦੇ ਮੁਰੰਮਤ ਦੇ ਪੈਸਿਆਂ ਦੀ ਵਿਵਸਥਾ ਕਰਨ ਲਈ ਵੀ ਕਿਹਾ ਸੀ। ਇਸ ਈਮੇਲ ਦੇ ਜਵਾਬ 'ਚ ਵਾਡਰਾ ਨੇ ਮਨੋਜ ਅਰੋੜਾ ਨੂੰ ਇਸ ਦੀ ਵਿਵਸਥਾ ਕਰਨ ਦਾ ਨਿਰਦੇਸ਼ ਦੇਣ ਦਾ ਭਰੋਸਾ ਦਿੱਤਾ ਸੀ। ਈਡੀ ਅਨੁਸਾਰ ਇਸ ਜਾਇਦਾਦ ਦੀ ਮੁਰੰਮਤ 'ਤੇ ਲਗਪਗ 45 ਲੱਖ ਰੁਪਏ ਖ਼ਰਚੇ ਗਏ ਸਨ। ਇਸ ਸਬੰਧੀ ਈਡੀ ਰਾਬਰਟ ਵਾਡਰਾ ਤੋਂ ਲੰਬੀ ਪੁੱਛਗਿੱਛ ਕਰ ਚੁੱਕੀ ਹੈ। ਈਡੀ ਤੇ ਇਨਕਮ ਟੈਕਸ ਵਿਭਾਗ ਦੇ ਅਧਿਕਾਰੀਆਂ ਦੀ ਮੰਨੀਏ ਤਾਂ ਉਨ੍ਹਾਂ ਕੋਲ ਇਸ ਦੇ ਰਾਬਰਟ ਵਾਡਰਾ ਦੀ ਬੇਨਾਮੀ ਜਾਇਦਾਦ ਹੋਣ ਦੇ ਪੁਖਤਾ ਸਬੂਤ ਹਨ।