ਨਵੀਂ ਦਿੱਲੀ , ਜੂਨ 2020 -(ਏਜੰਸੀ)-
ਲੰਡਨ 'ਚ ਰਾਬਰਟ ਵਾਡਰਾ ਦੀ ਬੇਨਾਮੀ ਜਾਇਦਾਦ ਖ਼ਰੀਦਣ ਲਈ ਕੋਰੀਆ ਦੀ ਕੰਪਨੀ ਸੈਮਸੰਗ ਇੰਜੀਨੀਅਰਿੰਗ ਤੋਂ ਲਈ ਗਈ ਦਲਾਲੀ ਦੇ ਮਾਮਲੇ ਦੀ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਦਰਜ ਐੱਫਆਈਆਰ 'ਚ ਸੀਬੀਆਈ ਨੇ ਰੱਖਿਆ ਸੌਦਿਆਂ ਦੇ ਦਲਾਲ ਸੰਜੇ ਭੰਡਾਰੀ ਨੂੰ ਦੋਸ਼ੀ ਬਣਾਇਆ ਗਿਆ ਹੈ। ਸੀਬੀਆਈ ਅਨੁਸਾਰ ਦੱਖਣੀ ਕੋਰੀਆ ਕੰਪਨੀ ਨੂੰ ਓਐੱਨਜੀਸੀ ਦੀ ਸਬਸਿਡਰੀ ਕੰਪਨੀ ਓਐੱਨਜੀਸੀ ਪੈਟ੍ਰੋ ਐਡੀਸੰਨਜ਼ ਲਿਮਟਿਡ (ਓਪਲ) ਤੋਂ ਗੁਜਰਾਤ ਦੇ ਦਾਹੇਜ 'ਚ ਇਕ ਪ੍ਰਾਜੈਕਟ ਦਾ ਠੇਕਾ ਦਿਵਾਉਣ ਬਦਲੇ 'ਚ 49.99 ਲੱਖ ਡਾਲਰ (ਤੱਤਕਾਲੀ ਐਕਸਚੇਂਜ ਦਰ ਦੇ ਹਿਸਾਬ ਨਾਲ 23.50 ਕਰੋੜ ਰੁਪਏ) ਦੀ ਦਲਾਲੀ ਗਈ ਸੀ।
ਉੱਚ ਅਹੁਦਿਆਂ ਦੇ ਬੈਠੇ ਸੂਤਰਾਂ ਅਨੁਸਾਰ ਇਨਕਮ ਵਿਭਾਗ ਤੇ ਈਡੀ ਨੇ ਪਿਛਲੇ ਸਾਲ ਦੇ ਸ਼ੁਰੂ 'ਚ ਹੀ ਸੀਬੀਆਈ ਨੂੰ ਇਸ ਘੁਟਾਲੇ ਦੇ ਦਸਤਾਵੇਜ਼ ਸੌਂਪਦਿਆਂ ਹੋਏ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਐੱਫਆਈਆਰ ਦਰਜ ਕਰ ਕੇ ਇਸ ਦੀ ਜਾਂਚ ਦੀ ਜ਼ਰੂਰਤ ਦੱਸੀ ਸੀ। ਇਸੇ ਆਧਾਰ 'ਤੇ ਸੀਬੀਆਈ ਨੇ 11 ਜੁਲਾਈ 2019 ਨੂੰ ਮੁੱਢਲੀ ਜਾਂਚ ਦਾ ਕੇਸ ਦਰਜ ਕੀਤਾ ਸੀ। ਲਗਪਗ ਇਕ ਸਾਲ ਦੀ ਮੁੱਢਲੀ ਜਾਂਚ ਤੋਂ ਬਾਅਦ ਸੀਬੀਆਈ ਨੇ ਰੈਗੂਲਰ ਐੱਫਆਈਆਰ ਦਰਜ ਕਰਨ ਦਾ ਫ਼ੈਸਲਾ ਕੀਤਾ। ਇਸ 'ਚ ਸੰਜੇ ਭੰਡਾਰੀ ਤੇ ਸੈਮਸੰਗ ਇੰਜੀਨੀਅਰਿੰਗ ਦੇ ਸੀਨੀਅਰ ਮੈਨੇਜਰ ਹੋਂਗ ਨੈਮਕੁੰਗ ਦੇ ਨਾਲ-ਨਾਲ ਓਐੱਨਜੀਸੀ ਤੇ ਓਪਲ ਦੇ ਅਣਪਛਾਤੇ ਅਧਿਕਾਰੀਆਂ ਨੂੰ ਦੋਸ਼ੀ ਬਣਾਇਆ ਗਿਆ ਹੈ।
ਸੀਬੀਆਈ ਦੀ ਐੱਫਆਈਆਰ ਮੁਤਾਬਕ ਓਪਲ ਨੇ ਨਵੰਬਰ 2006 'ਚ ਗੁਜਰਾਤ ਦੇ ਦਾਹੇਜ ਸਥਿਤ ਐੱਸਈਜ਼ੈੱਡ 'ਚ ਈਥੇਨ, ਪ੍ਰੋਪੇਨ ਤੇ ਬੁਟੇਨ ਕੱਢਣ ਦਾ ਪਲਾਂਟ ਲਗਾਉਣ ਦਾ ਫ਼ੈਸਲਾ ਕੀਤਾ ਤੇ ਇਸ ਲਈ ਇਕ ਪ੍ਰਾਜੈਕਟ ਦਾ ਠੇਕਾ ਮਾਰਚ 2008 ਨੂੰ ਜਰਮਨੀ ਦੀ ਲਿੰਡੇ ਤੇ ਦੱਖਣੀ ਕੋਰੀਆ ਦੀ ਸੈਮਸੰਗ ਇੰਜੀਨੀਅਰਿੰਗ ਦੇ ਕੰਸੋਰਟੀਅਮ ਨੂੰ ਦਿੱਤਾ। ਉਂਝ ਠੇਕਾ 'ਚ ਹਿੱਸਾ ਲੈਣ ਵਾਲੀਆਂ ਭਾਰਤੀਆਂ ਕੰਪਨੀਆਂ ਐੱਲਐਂਡੀਟੀ, ਸ਼ਾਅ ਸਟੇਨ ਤੇ ਵੈੱਬਸਟਰ ਦੇ ਕੰਸੋਰਟੀਅਮ ਨੇ ਠੇਕੇ ਦੀ ਪ੍ਰਕਿਰਿਆ 'ਚ ਗੜਬੜੀ ਦਾ ਦੋਸ਼ ਲਾਇਆ ਪਰ ਉਸ ਨੂੰ ਖਾਰਜ ਕਰ ਦਿੱਤਾ ਗਿਆ। ਹੈਰਾਨੀ ਦੀ ਗੱਲ ਇਹ ਹੈ ਕਿ ਪ੍ਰਾਜੈਕਟ ਲਾਉਣ ਲਈ ਓਪਲ ਦੇ ਫ਼ੈਸਲੇ ਤੋਂ ਇਕ ਮਹੀਨਾ ਪਹਿਲਾਂ ਹੀ ਸੰਜੇ ਭੰਡਾਰੀ ਦੀ ਯੂਏਈ ਸਥਿਤ ਕੰਪਨੀ ਸੈਨਟੈੱਕ ਤੇ ਸੈਮਸੰਗ ਇੰਜੀਨੀਅਰ ਵਿਚਾਲੇ ਦਲਾਲੀ ਦਾ ਸਮਝੌਤਾ ਹੋ ਗਿਆ। ਜਿਸ 'ਚ 100 ਕਰੋੜ ਡਾਲਰ ਦੀ ਕੰਸਲਟੈਂਸੀ ਫੀਸ ਦੀ ਵਿਵਸਥਾ ਸੀ।
ਇਸ ਪ੍ਰਾਜੈਕਟ 'ਚ ਖੁੱਲ੍ਹੇਆਮ ਲਈ ਗਈ ਦਲਾਲੀ ਦਾ ਹਵਾਲਾ ਦਿੰਦਿਆਂ ਸੀਬੀਆਈ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਸੰਜੇ ਭੰਡਾਰੀ ਨਾਲ ਹੋਏ ਸਮਝੌਤੇ 'ਚ ਓਐੱਨਜੀਸੀ ਤੋਂ ਐਡਵਾਂਸ ਮਿਲਣ ਦੇ ਇਕ ਮਹੀਨੇ ਦੇ ਅੰਦਰ 50 ਫ਼ੀਸਦੀ ਰਕਮ ਤੇ ਪੂਰੀ ਰਕਮ ਮਿਲਣ ਦੇ ਛੇ ਮਹੀਨਿਆਂ ਦੇ ਅੰਦਰ ਬਾਕੀ ਦੀ 50 ਫ਼ੀਸਦੀ ਰਕਮ ਦੇਣ ਦੀ ਗੱਲ ਸੀ ਪਰ ਠੇਕੇ ਦੀਆਂ ਸ਼ਰਤਾਂ 'ਚ ਐਡਵਾਂਸ ਦੀ ਕੋਈ ਵਿਵਸਥਾ ਹੀ ਨਹੀਂ ਸੀ। ਬਾਅਦ 'ਚ ਓਐੱਨਜੀਸੀ ਦੀ ਬੋਰਡ ਨੇ ਐਡਵਾਂਸ ਦੇਣ ਦਾ ਫ਼ੈਸਲਾ ਕੀਤਾ। ਓਐੱਨਜੀਸੀ ਨੇ ਸੈਮਸੰਗ ਇੰਜੀਨੀਅਰ ਨੂੰ 24 ਫਰਵਰੀ 2009 ਨੂੰ ਐਡਵਾਂਸ ਦਿੱਤਾ ਤੇ 13 ਜੂਨ 2009 ਨੂੰ ਸੰਜੇ ਭੰਡਾਰੀ ਦੀ ਕੰਪਨੀ 'ਚ 49.99 ਲੱਖ ਡਾਲਰ ਦੀ ਦਲਾਲੀ ਦੀ ਰਕਮ ਪੁੱਜ ਗਈ।
ਦਲਾਲੀ ਦੀ ਰਕਮ ਪੁੱਜਣ ਤੋਂ ਫੌਰੀ ਬਾਅਦ ਸੰਜੇ ਭੰਡਾਰੀ ਨੇ ਬਰਤਾਨੀਆ ਦੀ ਕੰਪਨੀ ਵਰਟੈਕਸ ਮੈਨੇਜਮੈਂਟ ਨੂੰ 19 ਲੱਖ ਪੌਂਡ (ਤੱਤਕਾਲੀ ਐਕਸਚੇਂਜ ਦਰ ਦੇ ਹਿਸਾਬ ਨਾਲ 15 ਕਰੋੜ ਰੁਪਏ) 'ਚ ਖ਼ਰੀਦ ਲਿਆ, ਜਿਸ ਕੋਲ ਲੰਡਨ ਸਥਿਤ 12, ਬ੍ਰਾਇੰਸਟਨ ਸਕੁਆਇਰ ਦਾ ਮਕਾਨ ਸੀ। ਇਸ ਤਰ੍ਹਾਂ ਨਾਲ ਇਹ ਮਕਾਨ ਸੰਜੇ ਭੰਡਾਰੀ ਕੋਲ ਆ ਗਿਆ। ਬਾਅਦ 'ਚ ਸੰਜੇ ਭੰਡਾਰੀ ਨੇ ਇਹ ਮਕਾਨ ਦੁਬਈ ਸਥਿਤ ਸਕਾਈਲਾਈਟ ਇਨਵੈਸਟਮੈਂਟ ਐੱਫਜ਼ੈੱਡਈ ਨੂੰ ਵੇਚ ਦਿੱਤਾ। ਜਾਂਚ ਏਜੰਸੀਆਂ ਅਨੁਸਾਰ ਇਹ ਕੰਪਨੀ ਰਾਬਰਟ ਵਾਡਰਾ ਦੀ ਮਖੌਟਾ ਕੰਪਨੀ ਹੈ।
ਰੱਖਿਆ ਸੌਦਿਆਂ ਦੇ ਦਲਾਲ ਸੰਜੇ ਭੰਡਾਰੀ ਤੇ ਉਸ ਦੇ ਸਹਿਯੋਗੀਆਂ ਦੇ ਇਥੇ ਛਾਪੇ 'ਚ ਇਨਕਮ ਟੈਕਸ ਵਿਭਾਗ ਤੇ ਈਡੀ ਨੂੰ 12, ਬ੍ਰਾਇੰਸਟਨ ਸਕੁਆਇਰ ਦੀ ਜਾਇਦਾਦ ਅਸਲ 'ਚ ਰਾਬਰਟ ਵਾਡਰਾ ਦੇ ਹੋਣ ਦੇ ਸਬੂਤ ਮਿਲੇ ਸਨ। ਦਰਅਸਲ 2010 'ਚ ਭੰਡਾਰੀ ਦਾ ਰਿਸ਼ਤੇਦਾਰ ਸੁਮਿਤ ਚੱਢਾ ਨੇ ਇਸ ਜਾਇਦਾਦ ਦੀ ਮੁਰੰਮਤ ਲਈ ਵਾਡਰਾ ਨੂੰ ਈਮੇਲ ਭੇਜ ਕੇ ਇਜਾਜ਼ਤ ਮੰਗੀ ਸੀ। ਬਾਅਦ 'ਚ ਇਕ ਈਮੇਲ 'ਚ ਸੁਮਿਤ ਚੱਢਾ ਦੇ ਮੁਰੰਮਤ ਦੇ ਪੈਸਿਆਂ ਦੀ ਵਿਵਸਥਾ ਕਰਨ ਲਈ ਵੀ ਕਿਹਾ ਸੀ। ਇਸ ਈਮੇਲ ਦੇ ਜਵਾਬ 'ਚ ਵਾਡਰਾ ਨੇ ਮਨੋਜ ਅਰੋੜਾ ਨੂੰ ਇਸ ਦੀ ਵਿਵਸਥਾ ਕਰਨ ਦਾ ਨਿਰਦੇਸ਼ ਦੇਣ ਦਾ ਭਰੋਸਾ ਦਿੱਤਾ ਸੀ। ਈਡੀ ਅਨੁਸਾਰ ਇਸ ਜਾਇਦਾਦ ਦੀ ਮੁਰੰਮਤ 'ਤੇ ਲਗਪਗ 45 ਲੱਖ ਰੁਪਏ ਖ਼ਰਚੇ ਗਏ ਸਨ। ਇਸ ਸਬੰਧੀ ਈਡੀ ਰਾਬਰਟ ਵਾਡਰਾ ਤੋਂ ਲੰਬੀ ਪੁੱਛਗਿੱਛ ਕਰ ਚੁੱਕੀ ਹੈ। ਈਡੀ ਤੇ ਇਨਕਮ ਟੈਕਸ ਵਿਭਾਗ ਦੇ ਅਧਿਕਾਰੀਆਂ ਦੀ ਮੰਨੀਏ ਤਾਂ ਉਨ੍ਹਾਂ ਕੋਲ ਇਸ ਦੇ ਰਾਬਰਟ ਵਾਡਰਾ ਦੀ ਬੇਨਾਮੀ ਜਾਇਦਾਦ ਹੋਣ ਦੇ ਪੁਖਤਾ ਸਬੂਤ ਹਨ।