You are here

ਮਨਜੀਤ ਸਿੰਘ ਜੀਕੇ ਦੀ ਜਾਗੋ ਨੂੰ ਮਿਲੀ ਧਾਰਮਿਕ ਪਾਰਟੀ ਦੀ ਮਾਨਤਾ

ਨਵੀਂ ਦਿੱਲੀ, ਜੁਲਾਈ  2020-(ਏਜੰਸੀ )  ਦਿੱਲੀ ਗੁਰਦੁਆਰਾ ਚੋਣ ਡਾਇਰੈਕਟੋਰੇਟ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਐਕਟ ਤਹਿਤ ਜਗ ਆਸਰਾ ਗੁਰੂ ਓਟ (ਜਾਗੋ) ਨੂੰ ਧਾਰਮਿਕ ਪਾਰਟੀ ਦੇ ਤੌਰ 'ਤੇ ਮਾਨਤਾ ਦਿੰਦਿਆਂ ਚੋਣ ਨਿਸ਼ਾਨ ਕਿਤਾਬ ਦਿੱਤਾ ਹੈ। ਇਸ ਦੀ ਜਾਣਕਾਰੀ ਪਾਰਟੀ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਦਿੱਤੀ। ਫਰਵਰੀ 'ਚ ਪ੍ਰਸਤਾਵਿਤ ਡੀਐੱਸਜੀਪੀਸੀ ਚੋਣਾਂ ਸਬੰਧੀ ਪਾਰਟੀ ਦੇ ਮੁੱਦਿਆਂ ਤੇ ਗਠਜੋੜ ਦੀ ਸੰਭਾਵਨਾ 'ਤੇ ਵੀ ਉਨ੍ਹਾਂ ਨੇ ਆਪਣੀ ਰਾਏ ਰੱਖੀ। ਉਨ੍ਹਾਂ ਕਿਹਾ ਕਿ ਪਾਰਟੀ ਦੀ ਮੂਲ ਵਿਚਾਰਧਾਰਾ ਸ੍ਰੀ ਗੁਰੂ ਗ੍ੰਥ ਸਾਹਿਬ ਤੇ ਗੁਰੂ ਪੰਥ ਦੀ ਮਰਿਆਦਾ ਨੂੰ ਸੰਭਾਲਣਾ ਹੈ। ਛੇ ਸਾਲਾਂ ਤਕ ਕਮੇਟੀ ਦੇ ਪ੍ਰਧਾਨ ਰਹਿੰਦਿਆਂ ਪੰਥ ਲਈ ਕੰਮ ਕੀਤਾ ਹੈ। ਇਸ ਨੂੰ ਦਿੱਲੀ ਦੀ ਸੰਗਤ ਜਾਣਦੀ ਹੈ। ਬਾਦਲ ਪਰਿਵਾਰ ਦੇ ਹਿਸਾਬ ਨਾਲ ਸਿਆਸਤ ਕਰਨ ਦੀ ਬਜਾਏ ਉਹ ਪੰਥ ਤੇ ਸੰਗਤ ਲਈ ਕੰਮ ਕਰਦੇ ਰਹੇ ਹਨ, ਇਸ ਲਈ ਉਨ੍ਹਾਂ ਖ਼ਿਲਾਫ਼ ਝੂਠੇ ਦੋਸ਼ ਲਾਏ ਗਏ। ਆਪਣੀ ਪਾਰਟੀ ਦੇ ਚੋਣ ਨਿਸ਼ਾਨ ਬਾਰੇ ਜੀਕੇ ਨੇ ਕਿਹਾ ਕਿ ਕਿਤਾਬ ਸਭ ਨੂੰ ਗਿਆਨ ਦਿੰਦੀ ਹੈ। ਕਿਸੇ ਵੀ ਕੰਮ ਨੂੰ ਕਰਨ ਲਈ ਕਿਤਾਬੀ ਗਿਆਨ ਸਭ ਲਈ ਜ਼ਰੂਰੀ ਹੈ। ਇਸ ਲਈ ਬਹੁਤ ਸੋਚ ਸਮਝ ਕੇ ਉਨ੍ਹਾਂ ਨੇ ਇਸ ਨੂੰ ਚੋਣ ਨਿਸ਼ਾਨ ਬਣਾਇਆ ਹੈ। ਸਿੱਖਿਆ ਪਾਰਟੀ ਦਾ ਮੁੱਖ ਮੁੱਦਾ ਹੋਵੇਗਾ। ਸਿੱਖ ਦਾ ਮਤਲਬ ਹੀ ਸਿੱਖਣਾ ਹੁੰਦਾ ਹੈ ਤੇ ਸਿੱਖਣ ਲਈ ਕਿਤਾਬ ਜ਼ਰੂਰੀ ਹੈ। ਉਨ੍ਹਾਂ ਦੱਸਿਆ ਕਿ ਕਮੇਟੀ ਦੀ ਸਾਰੀਆਂ 46 ਸੀਟਾਂ 'ਤੇ ਚੋਣ ਲੜਨ ਦੀ ਤਿਆਰੀ ਚੱਲ ਰਹੀ ਹੈ। ਹਾਲਾਂਕਿ ਬਾਦਲ ਵਿਰੋਧੀ ਪਾਰਟੀਆਂ 'ਚ ਗਠਜੋੜ ਦਾ ਬਦਲ ਵੀ ਖੁੱਲਿ੍ਹਆ ਹੈ।