You are here

ਪੀਐੱਮ ਮੋਦੀ ਨੇ ਭਾਰਤ ਨੂੰ ਖਿਡੌਣਾ ਹੱਬ ਬਣਾਉਣ ਦਾ ਦਿੱਤਾ ਨਵਾਂ ਮੰਤਰ, ਦੇਸੀ ਕੁੱਤਿਆਂ ਨੂੰ ਅਪਣਾਉਣ ਲਈ ਕੀਤਾ ਪ੍ਰੇਰਿਤ

ਨਵੀਂ ਦਿੱਲੀ,ਅਗਸਤ 2020-(ਏਜੰਸੀ )   ਆਤਮਨਿਰਭਰ ਭਾਰਤ ਮੁਹਿੰਮ ਦੀ ਨੀਂਹ ਲਈ ਸਭ ਤੋਂ ਜ਼ਰੂਰੀ ਹੈ ਕਲਪਨਾਸ਼ੀਲਤਾ, ਨਵੀਨਤਾ, ਆਤਮਵਿਸ਼ਵਾਸ ਤੇ ਟੀਮ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੁਝ ਇਸੇ ਗੱਲ ਦਾ ਸੰਕੇਤ ਦਿੰਦਿਆਂ ਐਤਵਾਰ ਨੂੰ ਦੇਸ਼ ਨੂੰ ਖਿਡੌਣਾ ਉਤਪਾਦਨ ਲਈ ਪ੍ਰੇਰਿਤ ਕੀਤਾ ਜਿਸ ਦਾ ਆਲਮੀ ਬਾਜ਼ਾਰ ਸੱਤ ਲੱਖ ਕਰੋੜ ਰੁਪਏ ਦਾ ਹੈ ਅਤੇ ਭਾਰਤ ਦਾ ਹਿੱਸਾ ਫਿਲਹਾਲ ਇਸ ਵਿਚ ਨਿਗੁਣਾ ਜਿਹਾ ਹੀ ਹੈ। ਉਨ੍ਹਾਂ ਨੇ ਭਾਰਤੀ ਐਪ ਦੀ ਦੁਨੀਆ ਵਿਚ ਹੋ ਰਹੇ ਤਜਰਬੇ ਦਾ ਹਵਾਲਾ ਦਿੰਦਿਆਂ ਕਿਹਾ ਕਿ ਖਿਡੌਣਿਆਂ ਦੇ ਉਤਪਾਦਨ ਵਿਚ ਭਾਰਤੀ ਸੋਚ, ਕਲਪਨਾ ਤੇ ਥੀਮ ਨੂੰ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ। ਧਿਆਨ ਰਹੇ ਕਿ ਚੀਨ ਨਾਲ ਛਿੜੀ ਜੰਗ ਤੋਂ ਬਾਅਦ ਕੇਂਦਰ ਸਰਕਾਰ ਨੇ ਕਈ ਦੂਜੇ ਖੇਤਰਾਂ ਦੇ ਨਾਲ-ਨਾਲ ਇਨ੍ਹਾਂ ਦੋ ਖੇਤਰਾਂ ਵਿਚ ਵੀ ਚੀਨ ਤੋਂ ਦੂਰੀ ਬਣਾਉਣੀ ਸ਼ੁਰੂ ਕਰ ਦਿੱਤੀ ਹੈ। ਹਾਲ ਹੀ ਵਿਚ ਪ੍ਰਧਾਨ ਮੰਤਰੀ ਨੇ ਭਾਰਤ ਨੂੰ ਖਿਡੌਣਾ ਉਤਪਾਦਨ ਦੀ ਹੱਬ ਬਣਾਉਣ ਲਈ ਮੀਟਿੰਗ ਕੀਤੀ ਸੀ। ਉਸ ਤੋਂ ਪਹਿਲਾਂ ਸਰਕਾਰ ਨੇ ਚੀਨ ਦੇ ਲਗਪਗ ਸੌ ਐਪਸ 'ਤੇ ਪਾਬੰਦੀ ਲਾ ਦਿੱਤੀ ਸੀ।

ਐਤਵਾਰ ਨੂੰ ਆਪਣੇ ਮਹੀਨਾਵਾਰੀ ਪ੍ਰੋਗਰਾਮ 'ਮਨ ਕੀ ਬਾਤ' ਵਿਚ ਉਂਜ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕ੍ਰਿਸ਼ੀ ਉਤਸਵ, ਪੋਸ਼ਣ, ਦੇਸੀ ਕੁੱਤਿਆਂ ਦੀ ਗੁਣਵਤਾ ਵਰਗੇ ਕਈ ਮੁੱਦਿਆਂ 'ਤੇ ਆਪਣੇ ਵਿਚਾਰ ਰੱਖੇ ਪਰ ਇਹ ਮੁੱਖ ਤੌਰ 'ਤੇ ਖਿਡੌਣਾ, ਮੋਬਾਈਲ ਗੇਮਜ਼, ਐਪਸ ਆਦਿ 'ਤੇ ਕੇਂਦਿ੍ਤ ਸੀ। ਇਸ ਦਾ ਖ਼ਾਸ ਕਾਰਨ ਵੀ ਸੀ। ਭਾਰਤ ਪਿਛਲੇ ਡੇਢ-ਦੋ ਮਹੀਨਿਆਂ ਤੋਂ ਚੀਨ ਸਮੇਤ ਕਿਸੇ ਵੀ ਦੇਸ਼ 'ਤੇ ਨਿਰਭਰਤਾ ਘੱਟ ਕਰਨ ਤੇ ਹਰ ਖੇਤਰ ਵਿਚ ਖ਼ੁਦ ਦੀ ਤਾਕਤ ਵਧਾਉਣ ਵਿਚ ਜੁਟਿਆ ਹੈ। ਅਜਿਹੇ ਵਿਚ ਖਿਡੌਣਾ ਬਾਜ਼ਾਰ ਅਹਿਮ ਹੈ। ਲਿਹਾਜ਼ਾ ਉਨ੍ਹਾਂ ਨੇ ਉਦਯੋਗ ਜਗਤ, ਸਟਾਰਟ ਅੱਪ ਨੂੰ ਅਪੀਲ ਕੀਤੀ, 'ਸਾਡੇ ਦੇਸ਼ ਵਿਚ ਏਨੇ '

ਆਈਡੀਆਜ਼ ਹਨ, ਕੰਸੈਪਟ ਹਨ, ਭਾਰਤ ਵਿਚ ਗੇਮ ਬਣਾਓ, ਭਾਰਤ ਦੇ ਗੇਮ ਬਣਾਓ, ਚਲੋ ਖੇਡ ਸ਼ੁਰੂ ਕਰਦੇ ਹਾਂ (ਲੈਟ ਦੇ ਗੇਮ ਬਿਗਿਨ)।' ਭਾਰਤੀ ਥੀਮ ਦੀ ਗੱਲ ਕਹਿ ਕੇ ਉਨ੍ਹਾਂ ਨੇ ਇਹ ਵੀ ਸੰਦੇਸ਼ ਦਿੱਤਾ ਕਿ ਵਿਦੇਸ਼ੀ ਕਿਰਦਾਰਾਂ ਦੀ ਥਾਂ ਭਾਰਤੀ ਬੱਚੇ ਖੇਡ-ਖੇਡ ਵਿਚ ਹੀ ਭਾਰਤੀ ਇਤਿਹਾਸ ਤੇ ਸੱਭਿਅਤਾ ਵੀ ਸਿੱਖ-ਸਮਝ ਸਕਦੇ ਹਨ। ਗੁਰੂਦੇਵ ਰਵਿੰਦਰਨਾਥ ਟੈਗੋਰ ਦਾ ਹਵਾਲਾ ਦਿੰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਅਜਿਹੇ ਖਿਡੌਣੇ ਹੋਣੇ ਚਾਹੀਦੇ ਹਨ ਜੋ ਅਧੂਰੇ ਹੋਣ ਤੇ ਬੱਚਿਆਂ ਦੀ ਕਲਪਨਾਸ਼ੀਲਤਾ, ਰਚਨਾਤਮਿਕਤਾ ਨੂੰ ਵਧਾਉਣ। ਨਵੀਂ ਸਿੱਖਿਆ ਨੀਤੀ ਵਿਚ ਖਿਡੌਣਿਆਂ ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਨੇ ਦੱਸਿਆ ਕਿ ਖੇਡ-ਖੇਡ ਵਿਚ ਸਿੱਖਣਾ, ਜਿੱਥੇ ਖਿਡੌਣੇ ਬਣਦੇ ਹਨ ਉੱਥੇ ਬੱਚਿਆਂ ਨੂੰ ਲੈ ਜਾਣਾ, ਇਹ ਸਭ ਸਿਲੇਬਸ ਵਿਚ ਸ਼ਾਮਲ ਕੀਤਾ ਗਿਆ ਹੈ। ਇਸ ਨਾਲ ਬੱਚਿਆਂ ਵਿਚ ਸਮਰੱਥਾ ਤੇ ਰਚਨਾਤਮਿਕਤਾ ਵਧੇਗੀ। ਇਸ ਵਿਚ ਸਟਾਰਟ ਅੱਪ ਤੋਂ ਲੈ ਕੇ ਸੂਖਮ, ਲਘੂ, ਮੱਧਮ ਤੇ ਵੱਡੇ ਸਾਰੇ ਤਰ੍ਹਾਂ ਦੇ ਉਦਯੋਗ ਸ਼ਾਮਲ ਹੋ ਸਕਦੇ ਹਨ ਤਾਂ ਜੋ ਸੱਤ ਲੱਖ ਕਰੋੜ ਰੁਪਏ ਦੇ ਆਲਮੀ ਬਾਜ਼ਾਰ ਵਿਚ ਭਾਰਤ ਵੀ ਹਿੱਸਾ ਲੈ ਸਕੇ। ਉਨ੍ਹਾਂ ਨਵਾਂ ਨਾਅਰਾ ਦਿੱਤਾ-'ਟੀਮ ਅੱਪ ਫਾਰ ਟੁਆਇਜ਼' ਯਾਨੀ ਖਿਡੌਣਾ ਬਣਾਉਣ ਲਈ ਨਾਲ ਆਉਣ ਲਈ ਕਿਹਾ।

 

ਪ੍ਰਧਾਨ ਮੰਤਰੀ ਨੇ ਚੀਨੀ ਐਪਸ 'ਤੇ ਪਾਬੰਦੀ ਲਾਉਣ ਤੋਂ ਬਾਅਦ ਸਰਕਾਰ ਦੇ ਪੱਧਰ 'ਤੇ ਹੋਏ 'ਐਪ ਚੈਲੰਜ' ਦਾ ਵੀ ਜ਼ਿਕਰ ਕੀਤਾ ਤੇ ਕਿਹਾ ਕਿ ਇਹ ਨਵੀਂ ਸੋਚ ਦਾ ਪ੍ਰਤੀਕ ਹੈ। ਮਿਸਾਲ ਵਜੋਂ ਕੁਟੁਕੀ ਜਿਸ ਵਿਚ ਛੋਟੇ ਬੱਚੇ ਖੇਡ-ਖੇਡ ਵਿਚ ਗਾਣਿਆਂ ਤੇ ਕਹਾਣੀਆਂ ਜ਼ਰੀਏ ਹੀ ਗਣਿਤ ਤੇ ਸਾਇੰਸ ਸਿੱਖ ਜਾਂਦੇ ਹਨ। ਉਨ੍ਹਾਂ ਨੇ ਚਿੰਗਾਰੀ ਤੇ ਜੋਹੋ ਵਰਕਪਲੇਸ ਵਰਗੀਆਂ ਭਾਰਤੀ ਐਪਸ ਦਾ ਜ਼ਿਕਰ ਵੀ ਕੀਤਾ।

ਵੋਕਲ ਫਾਰ ਲੋਕਲ ਦਾ ਮੰਤਰ ਉਂਜ ਤਾਂ ਉਤਪਾਦਾਂ ਲਈ ਹੈ ਪਰ ਪ੍ਰਧਾਨ ਮੰਤਰੀ ਨੇ ਦੇਸੀ ਕੁੱਤਿਆਂ ਨੂੰ ਪਾਲਣ ਲਈ ਵੀ ਪ੍ਰੇਰਿਤ ਕੀਤਾ। ਆਰਮੀ ਦੇ ਸੋਫੀ, ਵਿਦਾ, ਭਾਵਨਾ, ਰੋਕੀ ਵਰਗੇ ਕੁੱਤਿਆਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਇਨ੍ਹਾਂ ਨੇ ਦੇਸ਼ ਦੀ ਰੱਖਿਆ ਵਿਚ ਵੱਡੀ ਭੂਮਿਕਾ ਨਿਭਾਈ ਹੈ। ਰੋਕੀ ਨੇ ਤਾਂ 300 ਤੋਂ ਜ਼ਿਆਦਾ ਕੇਸ ਸੁਲਝਾਉਣ ਵਿਚ ਪੁਲਿਸ ਦੀ ਮਦਦ ਕੀਤੀ ਸੀ। ਭਾਰਤੀ ਨਸਲ ਦੇ ਕੁੱਤਿਆਂ ਵਿਚ ਹਿਮਾਚਲੀ ਹਾਉਂਡ, ਮੁਧੋਲ ਹਾਉਂਡ, ਚਿੱਪੀਪਰਾਈ ਵਰਗੀਆਂ ਬ੍ਰੀਡਾਂ ਬਹੁਤ ਚੰਗੀਆਂ ਹਨ। ਜੇ ਕੁੱਤੇ ਪਾਲਣ ਦੀ ਸੋਚੋ ਤਾਂ ਭਾਰਤੀ ਬ੍ਰੀਡ ਨੂੰ ਅਪਣਾਓ। ਪ੍ਰਧਾਨ ਮੰਤਰੀ ਨੇ ਕਿਹਾ, 'ਆਤਮਨਿਰਭਰ ਭਾਰਤ ਜਦੋਂ ਜਨ ਮਨ ਦਾ ਮੰਤਰ ਬਣ ਹੀ ਰਿਹਾ ਹੈ ਤਾਂ ਕੋਈ ਵੀ ਖੇਤਰ ਇਸ ਤੋਂ ਪਿੱਛੇ ਕਿਵੇਂ ਰਹਿ ਸਕਦਾ ਹੈ।