ਪੁਲਿਸ ਮੁਲਾਜ਼ਮਾਂ ਵੱਲੋਂ ਇਕ ਸਿੱਖ ਗ੍ਰੰਥੀ ਨੂੰ ਕੇਸਾਂ ਤੋਂ ਫੜ ਕੇ ਧੁਹਣ ਦੀ ਘਟਨਾ ਪਿੱਛੋਂ ਦੋ ਪੁਲਿਸ ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਇਹ ਮਾਮਲਾ ਉਦੋਂ ਭਖਿਆ ਜਦੋਂ ਇਸ ਸਬੰਧੀ ਇਕ ਵੀਡੀਓ ਵਾਇਰਲ ਹੋ ਗਈ ਜਿਸ ਵਿਚ ਪੁਲਿਸ ਮੁਲਾਜ਼ਮ ਇਕ ਸਿੱਖ ਗ੍ਰੰਥੀ ਨੂੰ ਘੜੀਸ ਕੇ ਲਿਜਾਂਦੇ ਦਿਖਾਈ ਦਿੱਤੇ। 50 ਸਕਿੰਟਾਂ ਦੇ ਇਸ ਵੀਡੀਓ 'ਚ ਇਕ ਨੌਜਵਾਨ, ਜਿਸ ਦੀ ਪਛਾਣ ਪ੍ਰੇਮ ਸਿੰਘ ਵਜੋਂ ਹੋਈ ਹੈ, ਪੁਲਿਸ ਮੁਲਾਜ਼ਮ ਦੇ ਪੈਰਾਂ 'ਚ ਹੈ ਤੇ ਉਹ ਉਸ ਨੂੰ ਕੇਸਾਂ ਤੋਂ ਫੜ ਕੇ ਘੜੀਸ ਰਿਹਾ ਹੈ। ਜਦੋਂਕਿ ਇਕ ਹੋਰ ਸਿੱਖ ਨੌਜਵਾਨ ਉਸ ਨੂੰ ਬਚਾਉਣ ਲਈ ਆਇਆ ਤਾਂ ਦੂਜੇ ਪੁਲਿਸ ਮੁਲਾਜ਼ਮ ਨੇ ਉਸ ਨੂੰ ਧੱਕਾ ਮਾਰ ਦਿੱਤਾ।ਪ੍ਰੇਮ ਸਿੰਘ ਚੀਕ-ਚੀਕ ਕੇ ਕਹਿ ਰਿਹਾ ਹੈ, 'ਉਹ ਸਾਨੂੰ ਕੁੱਟ ਰਹੇ ਹਨ, ਉਹ ਸਾਨੂੰ ਮਾਰ ਰਹੇ ਹਨ, ਪੁਲਿਸ ਵਾਲੇ ਸਾਡੇ ਕੇਸ ਖਿੱਚ ਰਹੇ ਹਨ... ਉਹ ਸਾਨੂੰ ਆਪਣਾ ਸਟਾਲ ਨਹੀਂ ਲਗਾਉਣ ਦੇ ਰਹੇ।' ਉਹ ਲੋਕਾਂ ਨੂੰ ਬਚਾਉਣ ਲਈ ਅਪੀਲ ਕਰ ਰਿਹਾ ਹੈ।ਪ੍ਰਦੇਸ਼ ਕਾਂਗਰਸ ਦੇ ਬੁਲਾਰੇ ਨਰਿੰਦਰ ਸਲੂਜਾ ਨੇ ਪੁਲਿਸ ਦੀ ਕਾਰਵਾਈ ਦੀ ਆਲੋਚਨਾ ਕੀਤੀ। ਉਨ੍ਹਾਂ ਕਿਹਾ ਕਿ ਪ੍ਰੇਮ ਸਿੰਘ ਦੀ ਪੁਲਿਸ ਨਾਕੇ ਦੇ ਨਜ਼ਦੀਕ ਇਕ ਦੁਕਾਨ ਹੈ। ਪੁਲਿਸ ਮੁਲਾਜ਼ਮਾਂ ਨੇ ਉਸ ਨੂੰ ਬੁਰੀ ਤਰ੍ਹਾਂ ਕੁੱਟਿਆ ਤੇ ਉਸ ਦੀ ਦਸਤਾਰ ਦੀ ਬੇਅਦਬੀ ਕੀਤੀ ਤੇ ਉਸ ਪਿੱਛੋਂ ਉਸ ਨੂੰ ਕੇਸਾਂ ਤੋਂ ਫੜ ਕੇ ਸੜਕ 'ਤੇ ਲੋਕਾਂ ਦੇ ਸਾਹਮਣੇ ਘੜੀਸਿਆ। ਇਸ ਨਾਲ ਸਿੱਖ ਭਾਈਚਾਰੇ ਦੇ ਨਿਸ਼ਾਨਾਂ ਦੀ ਬੇਅਦਬੀ ਹੋਈ ਹੈ। ਪ੍ਰੇਮ ਸਿੰਘ ਦਾ ਦੋਸ਼ ਹੈ ਕਿ ਪੁਲਿਸ ਵਾਲਿਆਂ ਨੇ ਉਸ ਨੂੰ ਇਸ ਲਈ ਕੁੱਟਿਆ ਕਿਉਂਕਿ ਉਸ ਨੇ ਰਿਸ਼ਵਤ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਗ੍ਰਹਿ ਮੰਤਰੀ ਡਾ. ਨਰੋਤਮ ਮਿਸ਼ਰਾ ਨੇ ਕਿਹਾ ਕਿ ਏਐੱਸਆਈ ਤੇ ਹੈੱਡ ਕਾਂਸਟੇਬਲ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।ਬਰਵਾਨੀ ਦੇ ਐੱਸਐੱਸਪੀ ਨਿਮੀਸ਼ ਅਗਰਵਾਲ ਨੇ ਕਿਹਾ ਕਿ ਇਸ ਮਾਮਲੇ ਦੀ ਸਬ ਡਵੀਜ਼ਨ ਅਧਿਕਾਰੀ ਵੱਲੋਂ ਜਾਂਚ ਕਰਵਾਈ ਜਾਵੇਗੀ। ਉਨ੍ਹਾਂ ਕਿਹਾ ਕਿ ਪ੍ਰੇਮ ਸਿੰਘ ਜਬਲਪੁਰ ਜ਼ਿਲ੍ਹੇ 'ਚ ਚੋਰੀ ਦੇ ਤਿੰਨ ਮਾਮਲਿਆਂ 'ਚ ਮੁਲਜ਼ਮ ਹੈ। ਉਨ੍ਹਾਂ ਕਿਹਾ ਕਿ ਸਾਡੇ ਪੁਲਿਸ ਮੁਲਾਜ਼ਮ ਵਾਹਨਾਂ ਦੀ ਚੈਕਿੰਗ ਦੀ ਡਿਊਟੀ 'ਤੇ ਸਨ ਤੇ ਜਦੋਂ ਉਨ੍ਹਾਂ ਨੇ ਪ੍ਰੇਮ ਸਿੰਘ ਦੀ ਬਾਈਕ ਨੂੰ ਰੋਕਿਆ ਤਾਂ ਉਨ੍ਹਾਂ ਕੋਲ ਡਰਾਈਵਿੰਗ ਲਾਇਸੈਂਸ ਨਹੀਂ ਸੀ ਤੇ ਉਸ ਦੇ ਦੂਜੇ ਸਾਥੀ ਨੇ ਸ਼ਰਾਬ ਪੀਤੀ ਹੋਈ ਸੀ। ਜਦੋਂ ਪੁਲਿਸ ਮੁਲਾਜ਼ਮ ਉਨ੍ਹਾਂ ਨੂੰ ਨਾਕੇ 'ਤੇ ਲਿਆਉਣ ਲੱਗੇ ਤਾਂ ਉਨ੍ਹਾਂ ਨੇ ਹੰਗਾਮਾ ਕਰ ਦਿੱਤਾ।ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਕਿ ਇਸ ਮਾਮਲੇ 'ਚ ਪਹਿਲਾਂ ਹੀ ਦੋ ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇੰਦੌਰ ਦੇ ਆਈਜੀ ਇਸ ਮਾਮਲੇ ਦੀ ਜਾਂਚ ਕਰਨਗੇ ਤੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਅਜਿਹੀ ਦਰਿੰਦਗੀ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।