ਦੇਸ਼ 'ਚ ਨਹੀਂ ਰੁਕ ਰਿਹਾ ਕੋਰੋਨਾ ਦਾ ਕਹਿਰ 1092 ਮੌਤਾਂ, 24 ਘੰਟਿਆਂ 'ਚ 64 ਹਜ਼ਾਰ ਤੋਂ ਵੱਧ ਨਵੇਂ ਕੇਸ

 

ਨਵੀਂ ਦਿੱਲੀ , ਅਗਸਤ 2020 -(ਏਜੰਸੀ)-

ਭਾਰਤ ਚ ਕੋਰੋਨਾ ਵਾਇਰਸ ਦਾ ਇਨਫੈਕਸ਼ਨ ਰੁਕਦਾ ਨਜ਼ਰ ਨਹੀਂ ਆ ਰਿਹਾ ਹੈ। ਬੁੱਧਵਾਰ ਨੂੰ 64 ਹਜ਼ਾਰ ਤੋਂ ਜ਼ਿਆਦਾ ਨਵੇਂ ਮਾਮਲੇ ਸਾਹਮਣੇ ਆਏ ਤੇ ਇਨਫੈਕਟਿਡਾਂ ਦਾ ਅੰਕੜਾ 27.50 ਲੱਖ ਨੂੰ ਪਾਰ ਕਰ ਗਿਆ। ਰਿਕਾਰਡ ਮੌਤਾਂ ਦੇ ਨਾਲ ਹੀ ਮਿ੍ਤਕਾਂ ਦੀ ਗਿਣਤੀ ਵੀ 53 ਹਜ਼ਾਰ ਦੇ ਲਗਪਗ ਹੋਈ ਹੈ। ਹਾਲਾਂਕਿ, 20 ਲੱਖ ਤੋਂ ਜ਼ਿਆਦਾ ਲੋਕਾਂ ਨੇ ਕੋਰੋਨਾ ਨੂੰ ਮਾਤ ਵੀ ਦਿੱਤੀ ਹੈ ਤੇ ਲਗਾਤਾਰ ਦੂਜੇ ਦਿਨ ਅੱਠ ਲੱਖ ਤੋਂ ਜ਼ਿਆਦਾ ਲੋਕਾਂ ਦੀ ਕੋਰੋਨਾ ਜਾਂਚ ਵੀ ਹੋਈ ਹੈ।ਕੇਂਦਰੀ ਸਿਹਤ ਮੰਤਰਾਲੇ ਵੱਲੋਂ ਸਵੇਰੇ ਅੱਠ ਵਜੇ ਜਾਰੀ ਅੰਕੜਿਆਂ ਮੁਤਾਬਕ ਬੀਤੇ 24 ਘੰਟਿਆਂ ਦੌਰਾਨ 64,531 ਨਵੇਂ ਮਾਮਲੇ ਸਾਹਮਣੇ ਆਏ ਤੇ ਇਨਫੈਕਟਿਡਾਂ ਦੀ ਗਿਣਤੀ 27 ਲੱਖ 67 ਹਜ਼ਾਰ 273 ਹੋ ਗਈ। ਇਸ ਦੌਰਾਨ 60,091 ਮਰੀਜ਼ ਠੀਕ ਵੀ ਹੋਏ ਹਨ ਤੇ ਹੁਣ ਤਕ ਸਿਹਤਮੰਦ ਹੋਏ ਲੋਕਾਂ ਦਾ ਅੰਕੜਾ 20 ਲੱਖ 37 ਹਜ਼ਾਰ 870 ਹੋ ਗਿਆ ਹੈ। ਸਰਗਰਮ ਮਾਮਲੇ ਛੇ ਲੱਖ 76 ਹਜ਼ਾਰ 514 ਰਹਿ ਗਏ ਹਨ। ਇਸ ਦੌਰਾਨ 1,092 ਲੋਕਾਂ ਦੀ ਮੌਤ ਵੀ ਹੋਈ। ਇਸ ਮਹਾਮਾਰੀ ਨਾਲ ਹੁਣ ਤਕ 52,889 ਲੋਕਾਂ ਦੀ ਜਾਨ ਵੀ ਜਾ ਚੁੱਕੀ ਹੈ। ਮੰਤਰਾਲੇ ਮੁਤਾਬਕ ਮੰਗਲਵਾਰ ਨੂੰ ਅੱਠ ਲੱਖ ਇਕ ਹਜ਼ਾਰ 518 ਟੈਸਟ ਕੀਤੇ ਗਏ। ਹੁਣ ਤਕ ਤਿੰਨ ਕਰੋੜ 17 ਲੱਖ ਤੋਂ ਜ਼ਿਆਦਾ ਟੈਸਟ ਕੀਤੇ ਜਾ ਚੁੱਕੇ ਹਨ। ਕਰਨਾਟਕ 'ਚ 23 ਮਾਰਚ ਤੋਂ 16 ਅਗਸਤ ਵਿਚਾਲੇ 20 ਲੱਖ ਤੋਂ ਜ਼ਿਆਦਾ ਦੀ ਕੋਰੋਨਾ ਜਾਂਚ ਕੀਤੀ ਗਈ ਹੈ।ਉਥੇ, ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਤੋਂ ਪੀਟੀਆਈ ਤੇ ਹੋਰ ਸਰੋਤਾਂ ਤੋਂ ਰਾਤ ਅੱਠ ਵਜੇ ਤਕ ਮਿਲੇ ਅੰਕੜਿਆਂ ਮੁਤਾਬਕ ਮੰਗਲਵਾਰ ਦੇਰ ਰਾਤ ਤੋਂ ਹੁਣ ਤਕ 34,328 ਨਵੇਂ ਕੇਸ ਮਿਲੇ ਹਨ ਤੇ ਇਨਫੈਕਟਿਡਾਂ ਦਾ ਅੰਕੜਾ 27 ਲੱਖ 92 ਹਜ਼ਾਰ 779 'ਤੇ ਪੁੱਜ ਗਿਆ ਹੈ। ਹੁਣ ਤਕ 53,441 ਲੋਕਾਂ ਦੀ ਜਾਨ ਜਾ ਚੁੱਕੀ ਹੈ। ਬੁੱਧਵਾਰ ਨੂੰ 513 ਲੋਕਾਂ ਦੀ ਮੌਤ ਹੋਈ, ਜਿਸ 'ਚ ਸਭ ਤੋਂ ਜ਼ਿਆਦਾ ਮਹਾਰਾਸ਼ਟਰ 'ਚ 346, ਆਂਧਰ ਪ੍ਰਦੇਸ਼ 'ਚ 86, ਗੁਜਰਾਤ 'ਚ 17, ਜੰਮੂ-ਕਸ਼ਮੀਰ 'ਚ 11, ਰਾਜਸਥਾਨ ਤੇ ਓਡੀਸ਼ਾ 'ਚ 10-10, ਦਿੱਲੀ 'ਚ ਨੌਂ, ਤੇਲੰਗਾਨਾ 'ਚ ਅੱਠ, ਕੇਰਲ 'ਚ ਸੱਤ, ਪੁਡੂਚੇਰੀ 'ਚ ਛੇ ਤੇ ਤਿ੍ਪੁਰਾ 'ਚ ਤਿੰਨ ਮੌਤਾਂ ਸ਼ਾਮਲ ਹਨ।ਸਿਹਤ ਮੰਤਰਾਲੇ ਤੇ ਹੋਰ ਸਰੋਤਾਂ ਤੋਂ ਮਿਲੇ ਅੰਕੜਿਆਂ 'ਚ ਫਰਕ ਦਾ ਕਾਰਨ ਸੂਬਿਆਂ ਤੋਂ ਕੇਂਦਰ ਨੂੰ ਮਿਲਣ ਵਾਲੀਆਂ ਸੂਚਨਾਵਾਂ 'ਚ ਦੇਰੀ ਹੈ। ਇਸ ਤੋਂ ਇਲਾਵਾ ਕਈ ਏਜੰਸੀਆਂ ਸਿੱਧਾ ਸੂਬਿਆਂ ਤੋਂ ਅੰਕੜੇ ਲੈ ਕੇ ਜਾਰੀ ਕਰਦੀਆਂ ਹਨ।