ਵਾਇਰਸ ਮੁਕਤ ਹੋਣ 'ਤੇ ਹੀ ਪਰਤ ਸਕਣਗੇ ਭਾਰਤੀ ਆਪਣੇ ਦੇਸ਼

ਨਵੀਂ ਦਿੱਲੀ , ਅਪ੍ਰੈਲ 2020 -(ਏਜੰਸੀ)-

ਕੇਂਦਰ ਸਰਕਾਰ ਨੇ ਸਾਫ਼ ਕੀਤਾ ਹੈ ਕਿ ਵਿਦੇਸ਼ 'ਚ ਫਸੇ ਕੋਰੋਨਾ ਵਾਇਰਸ ਨਾਲ ਪੀੜਤ ਭਾਰਤੀਆਂ ਦੇ ਪੂਰੀ ਤਰ੍ਹਾਂ ਸਿਹਤਮੰਦ ਹੋਣ 'ਤੇ ਹੀ ਉਨ੍ਹਾਂ ਨੂੰ ਭਾਰਤ ਲਿਆਂਦਾ ਜਾਵੇਗਾ। ਕੋਵਿਡ-19 ਜਾਂਚ 'ਚ ਪਾਜ਼ੇਟਿਵ ਪਾਏ ਜਾਣ ਵਾਲੇ ਭਾਰਤੀਆਂ ਦੇ ਵਾਪਸ ਲਿਆਉਣ ਦੇ ਖ਼ਤਰੇ ਨੂੰ ਦੇਖਦੇ ਹੋਏ ਸਰਕਾਰ ਨੇ ਇਹ ਨਿਯਮ ਬਣਾਇਆ ਹੈ। ਹਾਲਾਂਕਿ, ਉਨ੍ਹਾਂ ਨੂੰ ਭਾਰਤੀ ਵਿਦੇਸ਼ ਮੰਤਰਾਲੇ ਹਰ ਤਰ੍ਹਾਂ ਦੀ ਦੂਜੀ ਮਦਦ ਪਹੁੰਚਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਦੁਨੀਆ ਦੇ ਜ਼ਿਆਦਾਤਰ ਦੇਸ਼ਾਂ ਦੇ ਨਿਯਮ ਵੀ ਕੁਝ ਅਜਿਹੇ ਹੀ ਹਨ। ਵਿਦੇਸ਼ ਮੰਤਰਾਲੇ ਦੇ ਸੂਤਰਾਂ ਨੇ ਕਿਹਾ ਕਿ ਦੁਨੀਆ ਦੇ ਵੱਖ-ਵੱਖ ਦੇਸ਼ਾਂ ਵਿਚ ਹਾਲੇ 3,336 ਭਾਰਤੀ ਅਜਿਹੇ ਹਨ ਜਿਹੜੇ ਕੋਵਿਡ-19 ਕੋਰੋਨਾ ਵਾਇਰਸ ਨਾਲ ਪੀੜਤ ਹਨ। ਇਸ ਤੋਂ ਇਲਾਵਾ 25 ਭਾਰਤੀਆਂ ਦੀ ਮੌਤ ਵੀ ਹੋ ਚੁੱਕੀ ਹੈ।

ਸੂਤਰਾਂ ਨੇ ਕਿਹਾ ਕਿ ਇਹ ਬਹੁਤ ਹੀ ਮੁਸ਼ਕਲ ਸਮਾਂ ਹੈ ਤੇ ਜੇਕਰ ਕੋਈ ਇਸ ਵਾਇਰਸ ਨਾਲ ਪੀੜਤ ਹੈ ਤਾਂ ਉਸ ਲਈ ਸਭ ਤੋਂ ਬਿਹਤਰ ਇਹੀ ਹੋਵੇਗਾ ਕਿ ਉਹ ਉੱਥੇ ਰਹੇ। ਕਈ ਦੇਸ਼ਾਂ 'ਚ ਪਰਵਾਸੀ ਭਾਰਤੀਆਂ ਜਾਂ ਓਸੀਆਈ ਕਾਰਡ ਧਾਰਕ ਭਾਰਤੀਆਂ ਦੀ ਵੀ ਮਦਦ ਲਈ ਜਾ ਰਹੀ ਹੈ। ਜੇਕਰ ਕੋਈ ਭਾਰਤੀ ਹਾਲੇ ਵਿਦੇਸ਼ 'ਚ ਹੈ ਤੇ ਕਿਸੇ ਵੀ ਤਰ੍ਹਾਂ ਦੀ ਦਿੱਕਤ ਦਾ ਸਾਹਮਣਾ ਕਰ ਰਿਹਾ ਹੈ ਤਾਂ ਉਸ ਨੂੰ ਤੱਤਕਾਲ ਨਜ਼ਦੀਕੀ ਭਾਰਤੀ ਦੂਤਘਰ ਜਾਂ ਮਿਸ਼ਨ ਨਾਲ ਸੰਪਰਕ ਕਰਨਾ ਚਾਹੀਦਾ ਹੈ। ਭਾਰਤ ਦੇ ਹਜ਼ਾਰਾਂ ਨਾਗਰਿਕ ਹਾਲੇ ਚੀਨ, ਖਾੜੀ ਖੇਤਰ ਤੇ ਅਮਰੀਕਾ ਵਿਚ ਹਨ ਜਿਨ੍ਹਾਂ ਨੇ ਭਾਰਤੀ ਦੂਤਘਰ ਨਾਲ ਸੰਪਰਕ ਕੀਤਾ ਹੈ। ਬਹੁਤ ਸਾਰੇ ਲੋਕ ਸਿਰਫ਼ ਘਬਰਾਹਟ ਵਿਚ ਵਾਪਸ ਪਰਤਣਾ ਚਾਹੁੰਦੇ ਹਨ। ਉਨ੍ਹਾਂ ਨੂੰ ਸਰਕਾਰ ਹਾਲੇ ਕੋਈ ਮਦਦ ਨਹੀਂ ਪਹੁੰਚਾ ਪਾ ਰਹੀ। ਇਨ੍ਹਾਂ ਲੋਕਾਂ ਨੂੰ ਸੁਝਾਅ ਦਿੱਤਾ ਜਾ ਰਿਹਾ ਹੈ ਕਿ ਕੁਝ ਹਫ਼ਤੇ ਹੋਰ ਇੰਤਜ਼ਾਰ ਕਰੋ। ਪਰ ਜਿੱਥੇ ਜ਼ਰੂਰਤ ਸਮਝੀ ਜਾਵੇਗੀ ਉੱਥੋਂ ਭਾਰਤੀਆਂ ਨੂੰ ਸਰਕਾਰ ਕੱਢਣ ਲਈ ਤਿਆਰ ਹੈ। ਵੈਸੇ ਭਾਰਤ 'ਚ ਰਹਿਣ ਵਾਲੇ 38 ਦੇਸ਼ਾਂ ਦੇ 35 ਹਜ਼ਾਰ ਵਿਦੇਸ਼ੀ ਨਾਗਰਿਕਾਂ ਨੂੰ ਉਨ੍ਹਾਂ ਦੇ ਆਪਣੇ ਦੇਸ਼ ਵਾਪਸੀ 'ਚ ਮਦਦ ਕੀਤੀ ਜਾ ਚੁੱਕੀ ਹੈ। ਇੱਥੋਂ ਤਕ ਕਿ ਪਾਕਿਸਤਾਨ ਦੀ ਅਪੀਲ 'ਤੇ ਉਸ ਦੇ 180 ਨਾਗਰਿਕਾਂ ਨੂੰ ਵੀ ਜ਼ਮੀਨ ਦੇ ਰਸਤੇ ਵਾਪਸ ਭੇਜਣ ਦੀ ਵਿਵਸਥਾ ਕੀਤੀ ਜਾ ਰਹੀ ਹੈ।