ਕੋਰੋਨਾ ਕਾਲ 'ਚ ਅਪਣਾਓ ਨਵਾਂ ਡਿਜੀਟਲ ਕੰਮ ਸੱਭਿਆਚਾਰ - ਮੋਦੀ

ਨਵੀਂ ਦਿੱਲੀ,ਅਪ੍ਰੈਲ 2020 -(ਏਜੰਸੀ)-

 ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਰੋਨਾ ਵਾਇਰਸ ਤੋਂ ਪੈਦਾ ਹੋਏ ਹਾਲਾਤ 'ਚ ਲੋਕਾਂ ਨੂੰ ਆਪਣੀ ਜੀਵਨ ਸ਼ੈਲੀ ਵਿਚ ਤਬਦੀਲੀ ਲਿਆਉਣ ਅਤੇ ਡਿਜੀਟਲ ਕੰਮ ਸੱਭਿਆਚਾਰ ਅਪਣਾਉਣ ਦਾ ਸੱਦਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਇਨਫੈਕਸ਼ਨ ਦੇ ਚੱਲਦਿਆਂ ਲਾਕਡਾਊਨ 'ਚ ਘਰ ਨੇ ਦਫ਼ਤਰ ਤੇ ਇੰਟਰਨੈੱਟ ਨੇ ਮੀਟਿੰਗ ਰੂਮ ਦਾ ਸਥਾਨ ਲੈ ਲਿਆ ਹੈ। ਦੁਨੀਆ ਨਵੇਂ ਬਿਜ਼ਨਸ ਮਾਡਲ ਦੀ ਤਲਾਸ਼ ਵਿਚ ਹੈ। ਅਜਿਹੇ ਵਿਚ ਹਮੇਸ਼ਾ ਕੁਝ ਨਵਾਂ ਕਰਨ ਦੇ ਚਾਹਵਾਨ ਨੌਜਵਾਨਾਂ ਨਾਲ ਖ਼ੁਸ਼ਹਾਲ ਭਾਰਤ ਦੁਨੀਆ ਨੂੰ ਨਵਾਂ ਕੰਮ ਸੱਭਿਆਚਾਰ ਦਾ ਰਾਹ ਦਿਖਾ ਸਕਦਾ ਹੈ।

ਪ੍ਰਧਾਨ ਮੰਤਰੀ ਮੋਦੀ ਨੇ ਐਤਵਾਰ ਨੂੰ ਸੋਸ਼ਲ ਮੀਡੀਆ ਸਾਈਟ ਲਿੰਕਡਇਨ 'ਤੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਸਦੀ ਦੇ ਤੀਜੇ ਦਹਾਕੇ ਦੀ ਸ਼ੁਰੂਆਤ ਬੜੀ ਉਥਲ-ਪੁਥਲ ਨਾਲ ਹੋਈ ਹੈ। ਕੋਵਿਡ-19 ਨੇ ਅਨੇਕਾਂ ਰੁਕਾਵਟਾਂ ਖੜ੍ਹੀਆਂ ਕਰ ਦਿੱਤੀਆਂ ਹਨ। ਅਜਿਹੀ ਸੂਰਤ 'ਚ ਸਮੇਂ ਦੀ ਮੰਗ ਹੈ ਕਿ ਬਿਜ਼ਨਸ ਤੇ ਜੀਵਨ ਸ਼ੈਲੀ ਦੇ ਅਜਿਹੇ ਮਾਡਲਾਂ 'ਤੇ ਵਿਚਾਰ ਕੀਤਾ ਜਾਵੇ ਜਿਨ੍ਹਾਂ ਨੂੰ ਅਪਣਾਉਣਾ ਸੌਖਾ ਤੇ ਸਹਿਜ ਹੋਵੇ।

ਕੋਰੋਨਾ ਵਾਇਰਸ ਨੇ ਪੇਸ਼ੇਵਰ ਜੀਵਨ ਵਿਚ ਮਹੱਤਵਪੂਰਨ ਤਬਦੀਲੀ ਲਿਆ ਦਿੱਤੀ ਹੈ। ਇਨ੍ਹੀਂ ਦਿਨੀਂ ਘਰ ਵਿਚ ਹੀ ਦਫ਼ਤਰ ਹੈ ਅਤੇ ਸਾਰਾ ਕੰਮ ਇੰਟਰਨੈੱਟ ਨਾਲ ਹੋ ਰਿਹਾ ਹੈ। ਪੀਐੱਮ ਨੇ ਕਿਹਾ ਕਿ ਖ਼ੁਦ ਮੈਂ ਵੀ ਇਨ੍ਹਾਂ ਤਬਦੀਲੀਆਂ ਨੂੰ ਅਪਣਾ ਰਿਹਾ ਹਾਂ। ਮੰਤਰੀਆਂ ਤੇ ਸਹਿਯੋਗੀਆਂ ਨਾਲ ਜ਼ਿਆਦਾਤਰ ਮੀਟਿੰਗਾਂ ਵੀਡੀਓ ਕਾਨਫਰੰਸਿੰਗ ਜ਼ਰੀਏ ਹੋ ਰਹੀਆਂ ਹਨ।

ਲੋਕ ਅਜਿਹੇ ਹਾਲਾਤ 'ਚ ਵੀ ਆਪਣਾ ਕੰਮ ਰਚਨਾਤਮਕ ਤਰੀਕੇ ਨਾਲ ਕਰ ਰਹੇ ਹਨ। ਕੰਮਕਾਜੀ ਖੇਤਰ ਵਿਚ ਡਿਜੀਟਲ ਤੌਰ-ਤਰੀਕੇ ਸਭ ਤੋਂ ਮਹੱਤਵਪੂਰਨ ਹੋ ਗਏ ਹਨ। ਤਕਨੀਕ ਵਿਚ ਤਬਦੀਲੀ ਦਾ ਅਸਰ ਗ਼ਰੀਬਾਂ ਦੀ ਜ਼ਿੰਦਗੀ 'ਤੇ ਪੈਂਦਾ ਹੈ ਤੇ ਇਸ ਨੇ ਨੌਕਰਸ਼ਾਹੀ ਦੀਆਂ ਪੌੜੀਆਂ ਤੇ ਵਿਚੋਲਿਆਂ ਦੀ ਭੂਮਿਕਾ ਨੂੰ ਤਹਿਸ-ਨਹਿਸ ਕਰ ਦਿੱਤਾ ਹੈ। ਇਸ ਨਾਲ ਕਲਿਆਣਕਾਰੀ ਸਰਗਰਮੀਆਂ ਨੂੰ ਰਫ਼ਤਾਰ ਮਿਲੀ ਹੈ। ਖਾਤਿਆਂ ਨੂੰ ਆਧਾਰ ਤੇ ਮੋਬਾਈਲ ਨਾਲ ਜੋੜਨ ਦਾ ਲਾਭ ਭਿ੍ਸ਼ਟਾਚਾਰ ਨੂੰ ਰੋਕਣ ਵਿਚ ਮਿਲਿਆ ਹੈ। ਇਕ ਕਲਿਕ ਨਾਲ ਹੀ ਲੋਕਾਂ ਦੇ ਖਾਤਿਆਂ ਵਿਚ ਰਕਮ ਪੁੱਜ ਜਾਂਦੀ ਹੈ। ਵੱਖ-ਵੱਖ ਮੇਜ਼ਾਂ 'ਤੇ ਫਾਈਲਾਂ ਦੀ ਦੌੜ ਬੇਮਾਅਨੀ ਹੋਣ ਨਾਲ ਹਫ਼ਤਿਆਂ ਦੀ ਦੇਰ ਬੰਦ ਹੋ ਗਈ ਹੈ। ਭਾਰਤ ਕੋਲ ਇਸ ਤਰ੍ਹਾਂ ਦਾ ਦੁਨੀਆ ਦਾ ਸਭ ਤੋਂ ਵੱਡਾ ਢਾਂਚਾਗਤ ਨੈੱਟਵਰਕ ਉਪਲਬਧ ਹੈ। ਇਸ ਨਾਲ ਅਸੀਂ ਕਰੋੜਾਂ ਗ਼ਰੀਬਾਂ ਦੀ ਮਦਦ ਕਰ ਪਾ ਰਹੇ ਹਾਂ। ਸਿੱਖਿਆ ਦੇ ਖੇਤਰ ਵਿਚ ਵੀ ਸਾਡੇ ਪੇਸ਼ਾਵਰ ਮਾਹਿਰ ਤਕਨੀਕ ਦੀ ਮਦਦ ਸਿਰਜਣਾਤਮਕ ਤਰੀਕਿਆਂ ਦੀ ਖੋਜ ਕਰ ਰਹੇ ਹਨ। ਸਰਕਾਰ ਨੇ ਵੀ ਵਿਦਿਆਰਥੀਆਂ ਤੇ ਅਧਿਆਪਕਾਂ ਦੀ ਮਦਦ ਲਈ ਦੀਕਸ਼ਾ ਪੋਰਟਲ, ਸਵੈਂ, ਈ-ਪਾਠਸ਼ਾਲਾ ਵਰਗੇ ਈ-ਲਰਨਿੰਗ ਪਲੇਟਫਾਰਮ ਸ਼ੁਰੂ ਕੀਤੇ ਹਨ।