ਪੰਜਾਬ

ਭਾਕਿਯੂ (ਏਕਤਾ-ਉਗਰਾਹਾਂ) ਦੇ ਸੱਦੇ 'ਤੇ ਔਰਤ ਦਿਵਸ ਮੌਕੇ ਬਰਨਾਲਾ ਵਿਖੇ ਜੁੜੀਆਂ ਹਜ਼ਾਰਾਂ ਔਰਤਾਂ, ਕਿਸਾਨ ਲਹਿਰ ਨੂੰ ਬੁਲੰਦੀਆਂ 'ਤੇ ਪਹੁੰਚਾਉਣ ਲਈ 14 ਮਾਰਚ ਨੂੰ ਦਿੱਲੀ ਚੱਲੋ ਪ੍ਰੋਗਰਾਮ ਵਿੱਚ ਵਧ ਚੜ੍ਹ ਕੇ ਜਾਣ ਦਾ ਕੀਤਾ ਐਲਾਨ

ਬਰਨਾਲਾ 8 ਮਾਰਚ ( ਬਿਊਰੋ  ) ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਦੇ ਸੱਦੇ 'ਤੇ ਅੱਜ ਇੱਥੇ ਦਾਣਾ ਮੰਡੀ ਵਿੱਚ ਮਨਾਏ ਗਏ ਔਰਤ ਦਿਵਸ ਮੌਕੇ ਹਜ਼ਾਰਾਂ ਦੀ ਤਾਦਾਦ ਵਿੱਚ ਔਰਤਾਂ ਸ਼ਾਮਲ ਹੋਈਆਂ। ਗੀਤਕਾਰ ਔਰਤਾਂ ਵੱਲੋਂ ਅਗਾਂਹ ਵਧੂ ਗੀਤਾਂ ਤੋਂ ਬਾਅਦ ਸ਼ੁਭਕਰਨ ਸਿੰਘ ਬੱਲ੍ਹੋ ਅਤੇ ਲਖੀਮਪੁਰ ਖੀਰੀ ਸਮੇਤ ਦਿੱਲੀ ਘੋਲ਼ ਦੇ ਸਮੂਹ ਸ਼ਹੀਦਾਂ ਨੂੰ ਦੋ ਮਿੰਟ ਦਾ ਮੌਨ ਧਾਰ ਕੇ ਸੰਗਰਾਮੀ ਸ਼ਰਧਾਂਜਲੀ ਭੇਂਟ ਕਰਨ ਰਾਹੀਂ ਸਟੇਜ ਦੀ ਬਾਕਾਇਦਾ ਕਾਰਵਾਈ ਸ਼ੁਰੂ ਕੀਤੀ ਗਈ।
ਬੁਲਾਰਿਆਂ ਵੱਲੋਂ ਦੁਨੀਆਂ ਪੱਧਰ 'ਤੇ ਮਨਾਏ ਜਾਂਦੇ ਤਿਓਹਾਰ ਨੁਮਾ ਔਰਤ ਦਿਵਸ ਦੇ ਇਤਿਹਾਸਕ ਪਿਛੋਕੜ ਉੱਤੇ ਚਾਨਣ ਪਾਉਂਦਿਆਂ ਇਸਨੂੰ ਸਾਮਰਾਜੀ ਲੁੱਟ ਵਿਰੁੱਧ ਜਾਨਹੂਲਵੇਂ ਘੋਲ਼ਾਂ ਦੌਰਾਨ ਔਰਤਾਂ ਵੱਲੋਂ ਪਾਏ ਆਪਾਵਾਰੂ ਯੋਗਦਾਨ ਦੀ ਪੈਦਾਇਸ਼ ਕਰਾਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਸਾਡੇ ਦੇਸ਼ ਵਿੱਚ ਸੱਤਾ ਉੱਤੇ ਕਾਬਜ਼ ਮੋਦੀ ਭਾਜਪਾ ਸਰਕਾਰ ਵੱਲੋਂ ਕਿਸਾਨੀ ਕਿੱਤੇ ਸਣੇ ਸਾਰੇ ਕਿਰਤੀ ਲੋਕਾਂ ਦੀ ਅੰਨ੍ਹੀ ਲੁੱਟ ਲਈ ਅਡਾਨੀ ਅੰਬਾਨੀ ਮਾਰਕਾ ਦੇਸੀ ਬਦੇਸ਼ੀ ਸਾਮਰਾਜੀ ਤਾਕਤਾਂ ਨੂੰ ਸੰਸਾਰ ਵਪਾਰ ਸੰਸਥਾ ਦੀਆਂ ਨਵੀਂਆਂ ਆਰਥਿਕ ਨੀਤੀਆਂ ਤਹਿਤ ਖੁਲ੍ਹੀਆਂ ਛੋਟਾਂ ਦੇ ਰੱਖੀਆਂ ਹਨ।ਇਸ ਅੰਨ੍ਹੀ ਲੁੱਟ ਵਿਰੁੱਧ ਜਨਤਕ ਜਥੇਬੰਦ ਸੰਘਰਸ਼ਸ਼ੀਲ ਲੋਕਾਂ ਉੱਤੇ ਅੰਨ੍ਹਾ ਜਬਰ ਢਾਇਆ ਜਾ ਰਿਹਾ ਹੈ। ਮੌਜੂਦਾ ਕਿਸਾਨ ਘੋਲ਼ ਨੂੰ ਵੀ ਇਸ ਅੰਨ੍ਹੇ ਜਬਰ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ। ਉਨ੍ਹਾਂ ਜ਼ੋਰ ਦਿੱਤਾ ਕਿ ਕਿਸਾਨਾਂ ਦੀਆਂ ਭਖਦੀਆਂ ਮੰਗਾਂ ਵਿੱਚ ਸਭ ਫਸਲਾਂ ਦੀ ਐੱਮ ਐੱਸ ਪੀ ਦੀ ਕਾਨੂੰਨੀ ਗਰੰਟੀ, ਕਿਸਾਨਾਂ ਮਜ਼ਦੂਰਾਂ ਦੀ ਮੁਕੰਮਲ ਕਰਜ਼ਾ ਮੁਕਤੀ ਤੇ ਬੁਢਾਪਾ ਪੈਨਸ਼ਨ, ਸਰਵਜਨਿਕ ਜਨਤਕ ਵੰਡ ਪ੍ਰਣਾਲੀ ਲਾਗੂ ਕਰਨ ਅਤੇ ਲਖੀਮਪੁਰ ਖੀਰੀ ਦੇ ਸ਼ਹੀਦਾਂ ਦੇ ਵਾਰਸਾਂ ਨੂੰ ਪੂਰਾ ਇਨਸਾਫ ਦੇਣ ਵਰਗੀਆਂ ਸਮੂਹ ਮੰਗਾਂ ਸ਼ਾਮਲ ਹਨ। ਇਸਤੋਂ ਇਲਾਵਾ ਭਾਰਤ ਨੂੰ ਡਬਲਯੂ ਟੀ ਓ ਤੋਂ ਬਾਹਰ ਲਿਆਉਣ, ਸ਼ੁਭਕਰਨ ਸਿੰਘ ਦੇ ਕਤਲ ਅਤੇ ਪ੍ਰੀਤਪਾਲ ਸਿੰਘ ਦੀਆਂ ਲੱਤਾਂ/ਜਬਾੜ੍ਹੇ ਤੋੜਨ ਲਈ ਜ਼ਿੰਮੇਵਾਰ ਕੇਂਦਰ ਤੇ ਹਰਿਆਣਾ ਦੇ ਗ੍ਰਹਿ ਮੰਤਰੀਆਂ ਸਮੇਤ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਵਿਰੁੱਧ ਕਤਲ ਕੇਸ ਦਰਜ ਕਰ ਕੇ ਬਰਖਾਸਤ ਕਰਨ, ਦਿੱਲੀ ਘੋਲ਼ ਅਤੇ ਮੌਜੂਦਾ ਦੋਨਾਂ ਬਾਡਰਾਂ ਦੇ ਸ਼ਹੀਦਾਂ ਦੇ ਵਾਰਸਾਂ ਨੂੰ ਪੂਰਾ ਇਨਸਾਫ ਦੇਣ ਅਤੇ ਰਾਜਧਾਨੀ ਦਿੱਲੀ ਵਿਚ ਕਿਸਾਨਾਂ ਦਾ ਜਨਤਕ ਸੰਘਰਸ਼ ਕਰਨ ਦਾ ਜਮਹੂਰੀ ਹੱਕ ਬਹਾਲ ਕਰਨ ਵਰਗੀਆਂ ਭਖਦੀਆਂ ਮੰਗਾਂ ਸ਼ਾਮਲ ਹਨ। ਕਿਸਾਨ ਆਗੂਆਂ ਵੱਲੋਂ ਦੱਸਿਆ ਗਿਆ ਕਿ ਇਨ੍ਹਾਂ ਮੰਗਾਂ ਦੀ ਪੂਰਤੀ ਦਾ ਟੀਚਾ ਹਾਸਲ ਕਰਨ ਲਈ ਜੇਤੂ ਦਿੱਲੀ ਘੋਲ਼ ਤੋਂ ਪਹਿਲਾਂ ਵਾਂਗ ਸਮੂਹ ਸੰਘਰਸ਼ਸ਼ੀਲ ਕਿਸਾਨ ਜਥੇਬੰਦੀਆਂ ਦੀ ਘੱਟੋ ਘੱਟ ਪ੍ਰੋਗਰਾਮ 'ਤੇ ਇੱਕਜੁਟਤਾ ਅਤੇ ਵਿਸ਼ਾਲ ਲਾਮਬੰਦੀਆਂ ਵਾਲ਼ਾ ਮਹੌਲ ਸਿਰਜਣ ਲਈ ਲਗਾਤਾਰ ਯਤਨ ਜੁਟਾਏ ਜਾ ਰਹੇ ਹਨ। 14 ਮਾਰਚ ਨੂੰ ਰਾਮਲੀਲਾ ਮੈਦਾਨ ਦਿੱਲੀ ਵਿਖੇ ਸੰਯੁਕਤ ਕਿਸਾਨ ਮੋਰਚੇ ਵਿੱਚ ਸ਼ਾਮਲ ਸਮੂਹ ਜਥੇਬੰਦੀਆਂ ਵੱਲੋਂ ਕੀਤੀ ਜਾਣ ਵਾਲੀ ਮੁਲਕ ਪੱਧਰੀ ਕਿਸਾਨ-ਮਜ਼ਦੂਰ ਮਹਾਂਪੰਚਾਇਤ ਦੀਆਂ ਜ਼ੋਰਦਾਰ ਤਿਆਰੀਆਂ ਲਈ ਵੀ ਪਿੰਡ ਪਿੰਡ ਮੀਟਿੰਗਾਂ ਰੈਲੀਆਂ ਝੰਡਾ ਮਾਰਚਾਂ ਅਤੇ ਨੁੱਕੜ ਨਾਟਕਾਂ ਦਾ ਤਾਂਤਾ ਬੰਨ੍ਹਿਆ ਜਾ ਰਿਹਾ ਹੈ ਅਤੇ ਇਸ ਵਿੱਚ ਔਰਤਾਂ ਵਧ ਚੜ੍ਹ ਕੇ ਸ਼ਾਮਲ ਹੋਣਗੀਆਂ। 10 ਮਾਰਚ ਨੂੰ ਸਰਕਾਰੀ ਜਬਰ ਵਿਰੁੱਧ ਅਤੇ ਮੰਗਾਂ ਦੇ ਹੱਕ ਵਿੱਚ ਕੀਤੇ ਜਾ ਰਹੇ ਰੇਲ ਰੋਕੋ ਅੰਦੋਲਨ ਦੇ ਤਾਲਮੇਲ ਵਜੋਂ 4 ਜਥੇਬੰਦੀਆਂ ਵੱਲੋਂ 12 ਤੋਂ 4 ਵਜੇ ਤੱਕ ਪੰਜਾਬ ਭਰ ਵਿੱਚ ਰੇਲਾਂ ਰੋਕਣ ਦੀਆਂ ਤਿਆਰੀਆਂ ਵੀ ਜਚ ਕੇ ਕੀਤੀਆਂ ਜਾਣਗੀਆਂ। ਰੈਲੀ ਦੀ ਸਮਾਪਤੀ ਮੌਕੇ ਸੰਘਰਸ਼ ਨੂੰ ਹੋਰ ਵੀ ਬੁਲੰਦੀਆਂ 'ਤੇ ਲਿਜਾਣ ਲਈ ਸਟੇਜ ਤੋਂ ਕੀਤੇ ਗਏ ਅਹਿਦ ਨੂੰ ਔਰਤਾਂ ਵੱਲੋਂ ਤਣੇ ਮੁੱਕਿਆਂ ਨਾਲ਼ ਆਕਾਸ਼ ਗੁੰਜਾਊ ਨਾਹਰਿਆਂ ਰਾਹੀਂ ਹੁੰਗਾਰਾ ਭਰਿਆ ਗਿਆ। ਸੰਬੋਧਨਕਰਤਾ ਮੁੱਖ ਆਗੂਆਂ ਵਿੱਚ ਕੁਲਦੀਪ ਕੌਰ ਕੁੱਸਾ, ਪਰਮਜੀਤ ਕੌਰ ਪਿੱਥੋ, ਕਮਲਜੀਤ ਕੌਰ ਬਰਨਾਲਾ, ਹਰਿੰਦਰ ਕੌਰ ਬਿੰਦੂ ਅਤੇ ਜੋਗਿੰਦਰ ਸਿੰਘ ਉਗਰਾਹਾਂ ਸ਼ਾਮਲ ਸਨ। ਸਾਰੇ ਬੁਲਾਰਿਆਂ ਵਲੋਂ ਸਮੂਹ ਕਿਸਾਨਾਂ ਮਜ਼ਦੂਰਾਂ ਔਰਤਾਂ ਅਤੇ ਨੌਜਵਾਨਾਂ ਨੂੰ ਆ ਰਹੇ ਦੋਨਾਂ ਸੰਘਰਸ਼ ਪ੍ਰੋਗਰਾਮਾਂ ਵਿੱਚ ਪਰਵਾਰਾਂ ਸਮੇਤ ਵਹੀਰਾਂ ਘੱਤ ਕੇ ਪੁੱਜਣ ਦਾ ਸੱਦਾ ਦਿੱਤਾ ਗਿਆ।

ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵਿਧਾਇਕ ਕੋਟਲੀ ਨੂੰ ਵਰਤੀ ਗਈ ਭੱਦੀ ਸ਼ਬਦਾਵਲੀ ਬਰਦਾਸ਼ਤ ਨਹੀਂ ਹੋਵੇਗੀ-ਕਾਲਾ ਢਿੱਲੋ

ਬਰਨਾਲਾ/ਮਹਿਲ ਕਲਾਂ 08ਮਾਰਚ ਗੁਰਸੇਵਕ ਸਿੰਘ ਸਹੋਤਾ)-ਦਲਿਤ ਭਾਈਚਾਰੇ ਦੇ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਵਿਰੁੱਧ ਵਰਤੀ ਗਈ ਭੱਦੀ ਸ਼ਬਦਾਵਲੀ ਦੀ ਨਿਖੇਧੀ ਕਰਦਿਆਂ ਪੰਜਾਬ ਪ੍ਰਦੇਸ਼ ਕਾਂਗਰਸ ਜਿਲਾ ਬਰਨਾਲਾ ਦੇ ਪ੍ਰਧਾਨ ਕੁਲਦੀਪ ਸਿੰਘ ਕਾਲਾ ਢਿੱਲੋ ਨੇ ਕਿਹਾ ਕਿ ਕਾਂਗਰਸ ਦਲਿਤਾਂ ਦੇ ਅਪਮਾਨ ਨੂੰ ਬਿਲਕੁਲ ਬਰਦਾਸ਼ਤ ਨਹੀਂ ਕਰੇਗੀ। ਉਨਾਂ ਕਿਹਾ ਕਿ ਮੁੱਖ ਮੰਤਰੀ ਨੂੰ ਆਪਣੀ ਗਲਤੀ ਲਈ ਵਿਧਾਇਕ ਕੋਟਲੀ ਅਤੇ ਦਲਿਤ ਸਮਾਜ ਤੋਂ ਤੁਰੰਤ ਮੁਆਫੀ ਮੰਗਣੀ ਚਾਹੀਦੀ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਵਿਚ ਸਰਕਾਰ ਬਣਨ ਤੋਂ ਪਹਿਲਾਂ ਇਹੀ ਆਮ ਆਦਮੀ ਪਾਰਟੀ ਦਲਿਤ ਭਾਈਚਾਰੇ ਨੂੰ ਕਹਿੰਦੀ ਸੀ ਕਿ ਸਰਕਾਰ ਬਣਨ ਤੋਂ ਬਾਅਦ ਦਲਿਤ ਉਪਮੁੱਖ ਮੰਤਰੀ ਬਣਾਇਆ ਜਾਵੇਗਾ ਪਰ ਅੱਜ ਸਰਕਾਰ ਬਣਨ ਤੋਂ ਬਾਅਦ ਇਸ ਆਵਾਜ਼ ਨੂੰ ਉਠਾਉਣ ਵਾਲੇ ਦਲਿਤ ਆਗੂ ਨਾਲ ਬਦਸਲੁਕੀ ਕੀਤੀ ਜਾਂਦੀ ਹੈ, ਜੋ ਕਿ ਬਹੁਤ ਮੰਦਭਾਗੀ ਗੱਲ ਹੈ।ਉਨ੍ਹਾਂ ਕਿਹਾ ਕਿ ਇਸ ਮੰਦਭਾਗੀ ਘਟਨਾ ਦਾ ਬਦਲਾ ਪੰਜਾਬ ਦੇ ਲੋਕ ਅਗਾਮੀ ਲੋਕ ਸਭਾ ਚੋਣਾਂ ਹਰਾ ਕੇ ਲੈਣਗੇ।

ਮਹਿਲ ਖੁਰਦ ਦੇ ਨੌਜਵਾਨ ਦੀ ਇਟਲੀ ਚ ਦਿਲ ਦਾ ਦੌਰਾ ਪੈਣ ਕਾਰਨ ਮੌਤ

ਬਰਨਾਲਾ/ਮਹਿਲ ਕਲਾਂ08(ਗੁਰਸੇਵਕ ਸਿੰਘ ਸੋਹੀ)-ਜਿਲ੍ਹਾ ਬਰਨਾਲਾ ਅਧੀਨ ਪੈਂਦੇ ਪਿੰਡ ਮਹਿਲ ਖੁਰਦ ਇੱਕ ਨੌਜਵਾਨ ਦੀ ਇਟਲੀ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦੀ ਪਛਾਣ  ਸਵਰਨ ਸਿੰਘ (37) ਸਾਲ ਪਿੰਡ ਮਹਿਲ ਖੁਰਦ  ਵਜੋਂ ਹੋਈ ਹੈ। ਮ੍ਰਿਤਕ ਨੌਜਵਾਨ 7 ਸਾਲ ਪਹਿਲਾਂ ਰੋਜ਼ੀ-ਰੋਟੀ ਕਮਾਉਣ ਲਈ ਵਿਦੇਸ਼ ਗਿਆ ਸੀ।ਮ੍ਰਿਤਕ ਮਜ਼ਦੂਰ ਪਰਿਵਾਰ ਨਾਲ ਸਬੰਧਤ ਸੀ, ਸਵਰਨ ਸਿੰਘ ਦੀ ਮੌਤ ਦੀ ਖਬਰ ਨਾਲ ਪਰਿਵਾਰ ਵਿੱਚ ਸੋਗ ਦੀ ਲਹਿਰ ਦੌੜ ਗਈ। ਪਰਿਵਾਰਕ ਮੈਂਬਰਾਂ ਦਾ ਰੋ-ਰੋ ਬੁਰਾ ਹਾਲ ਹੋਇਆ। ਪਿੰਡ ਵਾਸੀਆਂ ਨੇ ਲਾਸ਼ ਨੂੰ ਭਾਰਤ ਲਿਆਉਣ ਲਈ ਭਾਰਤ ਅਤੇ ਪੰਜਾਬ ਸਰਕਾਰ ਤੋਂ ਮਦਦ ਦੀ ਮੰਗ ਕੀਤੀ ਹੈ।  ਜਾਣਕਾਰੀ ਦਿੰਦੇ ਹੋਏ ਪਿੰਡ ਵਾਸੀਆਂ ਨੇ ਦੱਸਿਆ ਕਿ ਸਵਰਨ ਸਿੰਘ 7 ਸਾਲ ਪਹਿਲਾਂ ਇਟਲੀ ਗਿਆ ਸੀ, ਜਿੱਥੇ ਉਸ ਦੀ ਸਿਹਤ ਕਾਫੀ ਠੀਕ ਸੀ। ਬੀਤੀ ਰਾਤ ਸਵਰਨ ਸਿੰਘ ਆਪਣੇ ਘਰ ਰੋਟੀਆਂ ਬਣਾਉਣ ਲਈ ਆਟਾ ਗੁੰਨ ਰਿਹਾ ਸੀ। ਇਸ ਦੌਰਾਨ ਉਸ ਨੂੰ ਦਿਲ ਦਾ ਦੌਰਾ ਪਿਆ ਅਤੇ ਹਸਪਤਾਲ ਲਿਜਾਂਦੇ ਸਮੇਂ ਰਸਤੇ 'ਚ ਉਸ ਦੀ ਮੌਤ ਹੋ ਗਈ।ਸਵਰਨ ਸਿੰਘ  ਦੇ ਨਾਲ ਰਹਿੰਦੇ ਦੋਸਤਾਂ ਨੇ ਪਰਿਵਾਰ ਨੂੰ ਫੋਨ 'ਤੇ ਸੂਚਨਾ ਦਿੱਤੀ। ਉਨ੍ਹਾਂ ਦੱਸਿਆ ਕਿ ਸਵਰਨ ਸਿੰਘ ਚੰਗੇ ਭਵਿੱਖ ਅਤੇ ਰੋਜ਼ੀ-ਰੋਟੀ ਲਈ ਕਾਫੀ ਸਮੇਂ ਤੋਂ ਇਟਲੀ ਗਿਆ ਹੋਇਆ ਸੀ। ਵਿਦੇਸ਼ ਜਾਣ ਤੋਂ

ਬਾਅਦ ਸਵਰਨ ਇੱਕ ਵਾਰ ਵੀ ਘਰ ਵਾਪਸ ਨਹੀਂ ਪਰਤਿਆ ਸੀ ਅਤੇ ਹੁਣ ਉਸਦੇ ਜਲਦੀ ਹੀ ਪਿੰਡ ਆਉਣ ਦੀਆਂ ਗੱਲਾਂ ਕਰ ਰਿਹਾ ਸੀ।ਉਨ੍ਹਾਂ ਨੇ ਦੱਸਿਆ ਕਿ ਸਵਰਨ ਸਿੰਘ ਦੇ ਪਰਿਵਾਰ ਵਿੱਚ ਦੋ ਹੋਰ ਭਰਾ ਹਨ। ਹੁਣ ਸਵਰਨ ਸਿੰਘ ਨੇ ਵਿਆਹ ਲਈ ਪਿੰਡ ਆਉਣਾ ਸੀ ਪਰ ਉਸ ਤੋਂ ਪਹਿਲਾਂ ਹੀ ਇਹ ਮੰਦਭਾਗੀ ਘਟਨਾ ਵਾਪਰ ਗਈ।

ਪੰਜਾਬੀ ਲੇਖਕਾਂ ਦੇ ਵਿਸ਼ਾਲ ਵਫ਼ਦ ਵੱਲੋਂ ਨਨਕਾਣਾ ਸਾਹਿਬ ਵਿਖੇ ਮੱਥਾ ਟੇਕਣ ਉਪਰੰਤ ਸ਼ਹੀਦੀ ਜੰਡ ਹੇਠ ਇਸਤਰੀ ਦਿਵਸ ਨੂੰ ਸਮਰਪਿਤ ਕਵੀ ਦਰਬਾਰ ਕੀਤਾ।

ਨਨਕਾਣਾ ਸਾਹਿਬ,8 ਮਾਰਚ (ਜਨ ਸ਼ਕਤੀ ਨਿਊਜ਼ ਬਿਊਰੋ)

ਵਰਲਡ ਪੰਜਾਬੀ ਕਾਂਗਰਸ ਵੱਲੋਂ ਸਹਿਜਪ੍ਰੀਤ ਸਿੰਘ ਮਾਂਗਟ ਦੀ ਅਗਵਾਈ ਹੇਠ ਲਾਹੌਰ (ਪਾਕਿਸਤਾਨ) ਗਏ ਪੰਜਾਬੀ ਲੇਖਕਾਂ ਦੇ ਵਿਸ਼ਾਲ ਵਫ਼ਦ ਵੱਲੋਂ ਅੱਜ ਨਨਕਾਣਾ ਸਾਹਿਬ ਵਿਖੇ ਮੱਥਾ ਟੇਕਣ ਉਪਰੰਤ  ਸ਼ਹੀਦੀ ਜੰਡ ਹੇਠ ਇਸਤਰੀ ਦਿਵਸ ਨੂੰ ਸਮਰਪਿਤ ਕਵੀ ਦਰਬਾਰ ਕੀਤਾ ਗਿਆ। 
ਜ਼ਿਲ੍ਹਾ ਨਨਕਾਣਾ ਸਾਹਿਬ ਪ੍ਰਸ਼ਾਸਨ ਤੇ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮੁੱਖ ਦਰਵਾਜ਼ੇ ਤੇ ਕੀਤੇ ਸੁਆਗਤ ਉਪਰੰਤ ਸਭ ਨੇ ਮੱਥਾ ਟੇਕਿਆ, ਸਰੋਵਰ ਵਿੱਚ ਇਸ਼ਨਾਨ ਕੀਤਾ। ਨਨਕਾਣਾ ਸਾਹਿਬ ਦੇ ਹੈੱਡ ਗਰੰਥੀ ਭਾਈ ਦਯਾ ਸਿੰਘ ਜੀ ਨੇ ਵਫ਼ਦ ਵੱਲੋਂ ਸਰਬੱਤ ਦੇ ਭਲੇ ਲਈ ਕਰਵਾਈ ਅਰਦਾਸ ਕੀਤੀ। 
ਇਸ ਮੌਕੇ ਸੰਗਤਾ ਨੂੰ ਸੰਬੋਧਨ ਕਰਦਿਆਂ ਵਰਲਡ ਪੰਜਾਬੀ ਕਾਂਗਰਸ ਦੇ ਮੀਤ ਪ੍ਰਧਾਨ(ਭਾਰਤੀ ਇਕਾਈ) ਪ੍ਰੋਃ ਗੁਰਭਜਨ ਸਿੰਘ ਗਿੱਲ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਨਨਕਾਣਾ ਸਾਹਿਬ ਵਿੱਚ ਪੈਦਾ ਹੋਏ ਗੁਰੂ ਨਾਨਕ ਦੇਵ ਜੀ ਦਾ ਉਪਦੇਸ਼ ਇਹੀ ਹੈ ਕਿ ਸਰਬੱਤ ਦਾ ਭਲਾ ਮੰਗਿਆ ਜਾਵੇ। ਇਸ ਵਿੱਚ ਸਿਰਫ਼ ਮਨੁੱਖ ਮਾਤਰ ਹੀ ਨਹੀਂ ਸਗੋਂ ਜਲਚਰ, ਨਭਚਰ ਤੇ ਵਣ ਤ੍ਰਿਣ ਵੀ ਸ਼ਾਮਿਲ ਹੈ। ਕੁੱਲ ਪ੍ਰਕਿਰਤੀ ਦੀ ਸਲਾਮਤੀ ਗੁਰੂ ਨਾਨਕ ਦੇਵ ਜੀ ਦਾ  ਸੰਦੇਸ਼ ਹੈ। ਇਸ ਮੌਕੇ ਸ਼ਹੀਦੀ ਜੰਡ ਨੂੰ ਵੀ ਪ੍ਰੋਃ ਗਿੱਲ ਨੇ ਚੇਤੇ ਕਰਦਿਆ ਸ਼ਹੀਦ ਭਾਈ ਲਛਮਣ ਸਿੰਘ ਧਾਰੋਵਾਲੀ ਤੇ ਭਾਈ ਦਲੀਪ ਸਿੰਘ ਸਾਹੋਵਾਲਾ ਚੀਮਾ(ਸਿਆਲਕੋਟ)ਤੇ ਸਾਥੀਆਂ ਦੀ ਸ਼ਹਾਦਤ ਨੂੰ ਚਿਤਵਦਿਆ ਸਿਰ ਝੁਕਾਇਆ। 
ਵਫਦ ਦੇ ਸਮੂਹ ਮੈਂਬਰ ਸਾਹਿਬਾਨ ਨੇ ਸ਼ਹੀਦੀ ਜੰਡ ਹੇਠ ਬੈਠ ਕੇ ਗੁਰੂ ਨਾਨਕ ਦੇਵ ਜੀ ਦੇ ਸੰਦੇਸ਼ “ਸੋ ਕਿਉਂ ਮੰਦਾ ਆਖੀਏ, ਜਿਤ ਜੰਮਹਿ ਰਾਜਾਨ”ਨੂੰ ਸਮਰਪਿਤ ਕਵੀ ਦਰਬਾਰ ਕੀਤਾ ਗਿਆ ਜਿਸ ਦਾ ਆਰੰਭ ਪ੍ਰਸਿੱਧ ਲੋਕ ਗਾਇਕ ਰਵਿੰਦਰ ਗਰੇਵਾਲ ਨੇ ਕੀਤਾ। ਗੁਰਭਜਨ ਗਿੱਲ, ਜੰਗ ਬਹਾਦਰ ਗੋਇਲ,ਸਹਿਜਪ੍ਰੀਤ ਸਿੰਘ ਮਾਂਗਟ, ਹਰਵਿੰਦਰ ਚੰਡੀਗੜ੍ਹ, ਡਾ. ਸੁਗਰਾ ਸੱਦਫ,ਡਾ. ਗੁਰਚਰਨ ਕੌਰ ਕੋਚਰ, ਡਾ, ਨਵਰੂਪ ਕੌਰ, ਕਮਲ ਦੋਸਾਂਝ ਸੁਸ਼ੀਲ ਦੋਸਾਂਝ ਤੇ ਹੋਰਨਾਂ ਨੇ ਆਪੋ ਆਪਣੇ ਬੋਲਾਂ ਨਾਲ ਸ਼ਰਧਾ ਦੇ ਫੁੱਲ  ਭੇਂਟ ਕੀਤੇ। 
ਇਸ ਉਪਰੰਤ ਦਯਾਲ ਸਿੰਘ ਆਰਟ ਐਡ ਕਲਚਰ ਸੰਸਥਾ ਦੇ ਡਾਇਰੈਕਟਰ ਡਾ. ਰਜ਼ਾਕ ਸ਼ਾਹਿਦ, ਸੁਗਰਾ ਸੱਦਫ ਤੇ ਸਹਿਜਪ੍ਰੀਤ ਸਿੰਘ ਮਾਂਗਟ ਨੇ ਸੰਬੋਧਨ ਕੀਤਾ। ਨਨਕਾਣਾ ਸਾਹਿਬ ਦੇ ਦਰਸ਼ਨ ਕਰਨ ਵਾਲਿਆਂ ਵਿੱਚ ਉੱਘੇ ਲੇਖਕ ਤੇ ਸਾਬਕਾ ਆਈ ਏ ਐੱਸ ਅਧਿਕਾਰੀ ਜੰਗ ਬਹਾਦਰ ਗੋਇਲ,ਡਾ਼ ਗੁਰਇਕਬਾਲ ਸਿੰਘ ਜਨਰਲ ਸਕੱਤਰ, ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ, ਫਿਲਮ ਅਦਾਕਾਰਾ ਡਾ. ਸੁਨੀਤਾ ਧੀਰ, ਅਨੀਤਾ ਸ਼ਬਦੀਸ਼, ਮਾਧਵੀ ਕਟਾਰੀਆ ਰੀਟਾਇਰਡ ਆਈ ਏ ਐੱਸ,ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ, ਗੁਰਤੇਜ ਕੋਹਾਰਵਾਲਾ ,ਸਵੈਰਾਜ ਸਿੰਘ ਸੰਧੂ , ਪ੍ਰੋਫੈਸਰ ਨਵਰੂਪ ਕੌਰ, ਸ਼ਬਦੀਸ਼,ਤਰਸਪਾਲ ਕੌਰ, ਬੀ ਬੀ ਸੀ ਦੇ ਪੇਸ਼ਕਾਰ ਸੁਨੀਲ ਕਟਾਰੀਆ, ਪੱਤਰਕਾਰ ਸ਼ਿਵ ਇੰਦਰ  ਸਿੰਘ , ਡਾ, ਸਵੈਰਾਜ ਸੰਧੂ , ਗੁਰਤੇਜ ਕੋਹਾਰਵਾਲਾ , ਦਲਜੀਤ ਸਿੰਘ ਸ਼ਾਹੀ, ਖਾਲਿਦ ਐਜਾਜ ਮੁਫਤੀ, ਮਨਜੀਤ ਕੌਰ ਪੱਡਾ, ਅਜ਼ੀਮ ਸ਼ੇਖਰ,ਬਲਕਾਰ ਸਿੰਘ ਸਿੱਧੂ, ਡਾ. ਰਤਨ ਸਿੰਘ ਢਿੱਲੋਂ, ਸੁਖਵਿੰਦਰ ਸਿੰਘ ਮਾਨ, ਸੁਖਦੇਵ ਸਿੰਘ ਗਰੇਵਾਲ ਯੂ ਐੱਸ ਏ, ਸ਼ੇਖ ਅੱਯਾਜ਼,ਸਰਬਜੀਤ ਕੌਰ, ਗੁਰਚਰਨ ਕੌਰ ਕੋਛੜ, ਡਾ, ਭਾਰਤਬੀਰ ਕੌਰ ਸੰਧੂ,ਸਿਮਰਨ ਅਕਸ, ਬਲਵਿੰਦਰ ਸਿੰਘ ਸੰਧੂ,ਦਰਸ਼ਨ ਬੁੱਟਰ, ਭੁਪਿੰਦਰ ਕੌਰ ਪ੍ਰੀਤ, ਰਵਿੰਦਰ ਰਵੀ, ਜਸਦੇਵ ਸਿੰਘ ਸੇਖੋਂ, ਡਾ. ਮੁਹੰਮਦ ਖਾਲਿਦ, ਡਾ. ਗੁਰਦੀਪ ਕੌਰ ਦਿੱਲੀ, ਸੁਖਵਿੰਦਰ ਅੰਮ੍ਰਿਤ, ਸਰਬਜੀਤ ਕੌਰ ਜੱਸ,ਡਾ. ਨੀਲਮ ਗੋਇਲ, ਜਗਦੀਪ ਸਿੱਧੂ, ਜੈਨਿੰਦਰ  ਚੌਹਾਨ, ਰਾਜਵੰਤ ਕੌਰ ਬਾਜਵਾ,ਡਾ, ਜਸਵਿੰਦਰ ਕੌਰ ਮਾਂਗਟ, ਜਸਵਿੰਦਰ ਕੌਰ ਗਿੱਲ, ਆਦਿ ਸ਼ਾਮਿਲ ਸਨ ।ਇਹ ਵਫ਼ਦ ਕੱਲ੍ਹ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਵੀ ਦਰਸ਼ਨਾਂ ਲਈ ਜਾਵੇਗਾ।

ਹੰਢਿਆਇਆ ਦੇ ਸਟੇਡੀਅਮ ਦੇ ਨਵੀਨੀਕਰਨ ਲਈ 32.50 ਲੱਖ ਰੁਪਏ ਜਾਰੀ: ਮੀਤ ਹੇਅਰ

ਬਰਨਾਲਾ, 6 ਮਾਰਚ ( ਗੁਰਸੇਵਕ ਸੋਹੀ )
ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਅੱਜ ਇੱਥੇ ਦੱਸਿਆ ਕਿ ਹੰਢਿਆਇਆ ਦੇ ਸ੍ਰੀ ਗੁਰੂ ਤੇਗ਼ ਬਹਾਦਰ ਸਟੇਡੀਅਮ ਦੇ ਨਵੀਨੀਕਰਨ ਲਈ 32.50 ਲੱਖ ਰੁਪਏ ਜਾਰੀ ਕੀਤੇ ਗਏ ਹਨ। ਸਟੇਡੀਅਮ ਦੇ ਨਵੀਨੀਕਰਨ ਦੇ ਕੰਮ ਦੀ ਖੇਡ ਵਿਭਾਗ ਨੇ ਸਿਧਾਂਤਕ ਪ੍ਰਵਾਨਗੀ ਦਿੰਦਿਆਂ ਨਗਰ ਪੰਚਾਇਤ ਹੰਢਿਆਇਆ ਨੂੰ ਫੰਡ ਜਾਰੀ ਕਰਨ ਦੀ ਮਨਜ਼ੂਰੀ ਦਿੱਤੀ ਗਈ ਹੈ।
ਮੀਤ ਹੇਅਰ ਨੇ ਦੱਸਿਆ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਵੱਲੋਂ ਖੇਡ ਵਿਭਾਗ ਨੂੰ ਸੂਬੇ ਵਿੱਚ ਖੇਡ ਸੱਭਿਆਚਾਰ ਪੈਦਾ ਕਰਨ ਲਈ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਤਹਿਤ ਖੇਡਾਂ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ ਅਤੇ ਨਵੀਆਂ ਖੇਡ ਨਰਸਰੀਆਂ ਤੇ ਖੇਡ ਸਟੇਡੀਅਮ ਵੀ ਬਣਾਏ ਜਾ ਰਹੇ ਹਨ।
ਖੇਡ ਮੰਤਰੀ ਮੀਤ ਹੇਅਰ ਨੇ ਦੱਸਿਆ ਕਿ ਹੰਢਿਆਇਆ ਕਸਬੇ ਨੇ ਵੱਡੇ ਖਿਡਾਰੀ ਪੈਦਾ ਕੀਤੇ ਹਨ ਖਾਸ ਕਰਕੇ ਬਾਸਕਿਟਬਾਲ ਤੇ ਨੈੱਟਬਾਲ ਖੇਡ ਵਿੱਚ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਤੇਗ਼ ਬਹਾਦਰ ਸਟੇਡੀਅਮ ਦੇ ਨਵੀਨੀਕਰਨ ਨਾਲ ਇੱਥੋਂ ਦੇ ਖਿਡਾਰੀਆਂ ਨੂੰ ਹੋਰ ਵੀ ਸਹੂਲਤਾਂ ਮਿਲਣਗੀਆਂ।

ਸੰਯੁਕਤ ਮੋਰਚੇ ਦੀ ਕਾਲ ਤੇ ਦਿੱਲੀ 13 ਮਾਰਚ ਨੂੰ ਬੀਕੇਯੂ ਰਾਜੇਵਾਲ ਦਾ ਵੱਡਾ ਜੱਥਾ ਹੋਵੇਗਾ ਰਵਾਨਾ।

ਬਰਨਾਲਾ/ ਮਹਿਲ ਕਲਾਂ 6 ਮਾਰਚ ( ਗੁਰਸੇਵਕ ਸੋਹੀ ) ਅੱਜ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੀ ਮੀਟਿਗ ਗੁਰਦੁਆਰਾ ਮੰਜੀ ਸਾਹਿਬ ਵਿਖੇ ਬਲਵੀਰ ਸਿੰਘ ਰਾਜੇਵਾਲ ਦੀ ਅਗਵਾਈ ਹੇਠ ਹੋਈ ਉਹਨਾਂ ਕਿਹਾ ਕਿ ਸੰਯੁਕਤ ਮੋਰਚੇ ਦੀ ਕਾਲ ਤੇ 13 ਮਾਰਚ ਸੁਬਹਾ 6 ਵਜੇ ਕਿਸਾਨਾਂ ਦਾ ਵੱਡਾ ਕਾਫਲਾ ਰੇਲ ਗੱਡੀ ਰਾਹੀਂ ਦਿੱਲੀ ਰਾਮ ਲੀਲਾ ਗਰਾਊਂਡ ਲਈ ਰਵਾਨਾ ਹੋਵੇਗਾ 14 ਮਾਰਚ ਨੂੰ ਪਹੁੰਚੇਗਾ। ਇਸ ਮੌਕੇ ਜ਼ਿਲ੍ਾ ਪ੍ਰਧਾਨ ਨਿਰਭੈ ਸਿੰਘ ਗਿਆਨੀ ਅਤੇ ਜਨਰਲ ਸਕੱਤਰ ਨਗਿੰਦਰ ਸਿੰਘ ਬਬਲਾ ਰਾਏਸਰ ਨੇ ਕਿਹਾ ਹੈ ਬੀਕੇਯੂ ਰਾਜੇਵਾਲ ਦੀ ਜਥੇਬੰਦੀ ਹਮੇਸ਼ਾ ਕਿਸਾਨਾਂ ਦੀ ਲੜਾਈ ਲੜਦੀ ਆ ਰਹੀ ਹੈ ਅਤੇ ਰਹਿੰਦੀ ਦੁਨੀਆਂ ਤੱਕ ਲੜਦੀ ਰਹੇਗੀ,ਇਸ ਮੌਕੇ ਮੀਟਿੰਗ ਵਿੱਚ ਰਜਿੰਦਰ ਸਿੰਘ ਕੋਟ ਪਨੈਚ ਜਨਰਲ ਸਕੱਤਰ ਪੰਜਾਬ ਅਤੇ ਪ੍ਰਗਟ ਸਿੰਘ ਜਨਰਲ ਸਕੱਤਰ ਲੁਧਿਆਣਾ ਹਾਜ਼ਰ ਸਨ।

ਦਸਤਾਰ ਮੁਕਾਬਲੇ 31 ਮਾਰਚ ਨੂੰ ਝੰਡਾ ਗਰਾਊਂਡ ਰਾਜਪੁਰੇ ਵਿਖੇ- ਸਿਮਰਨਜੋਤ ਸਿੰਘ ਖਾਲਸਾ

ਬਠਿੰਡਾ/ਤਲਵੰਡੀ ਸਾਬੋ, 06 ਮਾਰਚ (ਗੁਰਜੰਟ ਸਿੰਘ ਨਥੇਹਾ)- ਦਸਤਾਰ-ਏ-ਖਾਲਸਾ ਰਾਜਪੁਰਾ ਕੈਲੇਫੋਰਨੀਆ ਵੱਲੋਂ ਬਹੁਤ ਹੀ ਵੱਡੇ ਪੱਧਰ 'ਤੇ ਦਸਤਾਰ, ਦੁਮਾਲਾ, ਲੰਮੇ ਕੇਸ ਅਤੇ ਲੰਮੇ ਦਾਹੜੇ ਦੇ ਮੁਕਾਬਲੇ ਕਰਵਾਏ ਜਾ ਰਹੇ ਹਨ। ਅੱਜ ਇਹਨਾਂ ਮੁਕਾਬਲਿਆਂ ਦੇ ਸਬੰਧ ਵਿੱਚ ਬਠਿੰਡਾ ਵਿਖੇ ਪ੍ਰੈਸ ਕਾਨਫਰੰਸ ਕੀਤੀ ਗਈ ਸੁਸਾਇਟੀ ਦੇ ਪ੍ਰਧਾਨ ਭਾਈ ਸਿਮਰਨਜੋਤ ਸਿੰਘ ਖਾਲਸਾ ਅਤੇ ਦਸਤਾਰ ਸਭਾ ਦੇ ਮੁੱਖ ਸੇਵਾਦਾਰ ਭਾਈ ਅਨਮੋਲਦੀਪ ਸਿੰਘ ਜਲਾਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ ਵਿੱਚ ਸ਼ਹੀਦ ਭਾਈ ਤਾਰੂ ਸਿੰਘ ਦਸਤਾਰ ਸਿਖਲਾਈ ਸੇਵਾ ਸੁਸਾਇਟੀ, ਦਸਤਾਰ ਸਭਾ ਅਤੇ ਰੋਇਲ ਦਸਤਾਰ ਅਕੈਡਮੀ ਵੱਲੋਂ ਪੂਰਨ ਰੂਪ ਵਿੱਚ ਸ਼ਮੂਲੀਅਤ ਤੇ ਸਹਿਯੋਗ ਰਹੇਗਾ। ਇਹਨਾਂ ਮੁਕਾਬਲਿਆਂ ਵਿੱਚ ਪਹਿਲਾ ਇਨਾਮ ਸੀਨੀਅਰ ਗਰੁੱਪ 31000 ਅਤੇ ਹੋਰ ਅਨੇਕਾਂ ਹਜ਼ਾਰਾਂ ਦੇ ਨੱਕਦ ਇਨਾਮ ਦਿੱਤੇ ਜਾਣਗੇ। ਅਸੀਂ ਆਪਣੀਆਂ ਸੰਸਥਾਵਾਂ ਵੱਲੋਂ ਸਮੁੱਚੇ ਪੰਜਾਬ ਵਿੱਚ ਵਸਦੇ ਰੋਜ਼ਾਨਾ ਸੋਹਣੀ ਦਸਤਾਰ ਸਜਾਉਣ ਵਾਲ਼ੇ ਬੱਚਿਆਂ ਤੇ ਨੌਜਵਾਨਾਂ ਨੂੰ ਬੇਨਤੀ ਕਰਦੇ ਹਾਂ ਕਿ ਇਹਨਾਂ ਮੁਕਾਬਲਿਆਂ ਵਿੱਚ ਵੱਧ ਤੋਂ ਵੱਧ ਹਾਜਰੀਆਂ ਲਵਾਓ ਸਾਰਿਆਂ ਹੀ ਬੱਚਿਆਂ ਨੂੰ ਹੌਂਸਲਾ ਆਫਜਾਈ ਲਈ ਸਨਮਾਨਿਤ ਕੀਤਾ ਜਾਊਗਾ ਇਹ ਮੁਕਾਬਲੇ ਵੀਰ ਲਖਵਿੰਦਰ ਸਿੰਘ ਯੂ.ਐਸ.ਏ ਦਸਤਾਰ-ਏ-ਖਾਲਸਾ ਰਾਜਪੁਰਾ ਕੈਲੇਫੋਰਨਿਆ ਦੇ ਮੁੱਖ ਆਗੂ ਹਨ ਜੋ ਯੂ.ਐੱਸ.ਏ ਵਿੱਚ ਬਹੁਤ ਹੀ ਵੱਡੇ ਪੱਧਰ 'ਤੇ ਸੇਵਾ ਕਰਦੇ ਹਨ ਵੀਰ ਲਖਵਿੰਦਰ ਸਿੰਘ ਦੀ ਅਗਵਾਈ ਵਿੱਚ ਕਰਵਾਏ ਜਾ ਰਹੇ ਹਨ ਵਿਸ਼ੇਸ਼ ਸਹਿਯੋਗ ਸਰਦਾਰ-ਏ-ਪਟਿਆਲਾ ਸ਼ਾਹੀ ਗੁਰਿੰਦਰ ਸਿੰਘ ਕਿੰਗ ਜੋ ਕਿ ਪੂਰੇ ਪੰਜਾਬ ਵਿੱਚ ਦਸਤਾਰ ਮੁਕਾਬਲਿਆਂ ਦਾ ਪ੍ਰਚਾਰ ਕਰ ਰਹੇ ਹਨ। ਉਸ ਸਮੇਂ ਬਾਜ ਸਿੰਘ ਖਾਲਸਾ ਫਰੀਦਕੋਟ, ਗੁਰਦਿੱਤ ਸਿੰਘ ਭਾਈ ਰੂਪਾ ਰੋਇਲ ਦਸਤਾਰ ਅਕੈਡਮੀ, ਗੁਰਸੇਵਕ ਸਿੰਘ, ਰਾਜਵਿੰਦਰ ਸਿੰਘ ਮਨਜੀਤ ਸਿੰਘ, ਅਮਨਦੀਪ ਸਿੰਘ, ਗੁਰਦਿੱਤ ਸਿੰਘ, ਇਕਬਾਲ ਸਿੰਘ, ਸ਼ੈਲਪ੍ਰੀਤ ਸਿੰਘ, ਬਲਵਿੰਦਰ ਸਿੰਘ, ਹਰਪ੍ਰੀਤ ਸਿੰਘ, ਰਾਜਵਿੰਦਰ ਸਿੰਘ ਅਤੇ ਨਿਰਮਲ ਸਿੰਘ ਹਾਜ਼ਰ ਸਨ।

ਭਾਕਿਯੂ ਉਗਰਾਹਾਂ ਨੇ ਤਲਵੰਡੀ ਸਾਬੋ ਤਹਿਸੀਲ ਕੰਪਲੈਕਸ 'ਚ ਧਰਨਾ ਲਗਾ ਕੇ ਕਿਸਾਨ ਦੀ ਕੁਰਕੀ ਰੁਕਵਾਈ।

ਤਲਵੰਡੀ ਸਾਬੋ, 06 ਮਾਰਚ ਗੁਰਜੰਟ ਨਥੇਹਾ)- ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਤਲਵੰਡੀ ਸਾਬੋ ਵੱਲੋਂ ਬਲਾਕ ਪ੍ਰਧਾਨ ਬਹੱਤਰ ਸਿੰਘ ਨੰਗਲਾ ਦੀ ਅਗਵਾਈ ਹੇਠ ਤਹਿਸੀਲ ਕੰਪਲੈਕਸ ਤਲਵੰਡੀ ਸਾਬੋ ਦੇ ਸਾਹਮਣੇ ਧਰਨਾ ਲਗਾ ਕੇ ਚੱਠੇਵਾਲਾ ਦੇ ਕਿਸਾਨ ਬਲਦੇਵ ਸਿੰਘ ਪੁੱਤਰ ਜੀਤ ਸਿੰਘ ਦੀ ਜਮੀਨ ਦੀ ਕੁਰਕੀ ਰੁਕਵਾਈ ਜੋ ਰਾਮਾਂ ਮੰਡੀ ਦੇ ਆੜਤੀਏ ਸੋਕੀ-ਭੋਲੀ  ਵੱਲੋਂ ਲਗਾਤਾਰ ਲਿਆਂਦੀ ਜਾ ਰਹੀ ਹੈ। ਜਥੇਬੰਦੀ ਦੇ ਆਗੂਆਂ ਨੇ ਦੱਸਿਆ ਕਿ ਕਿਸਾਨ ਬਲਦੇਵ ਸਿੰਘ ਪਿਛਲੇ ਦਿਨੀ ਮਾਨਯੋਗ ਅਦਾਲਤ ਵੱਲੋਂ 92 ਦਿਨਾਂ ਦੀ ਦਿੱਤੀ ਸਜ਼ਾ ਅਜੇ ਕੱਟ ਕੇ ਆਇਆ ਹੈ ਹੁਣ ਫ਼ੇਰ ਕੁਰਕੀ ਲਿਆਦੀ ਜਾ ਰਹੀ ਹੈ। ਇਸ ਸਮੇਂ ਜਿਲਾ ਜਰਨਲ ਸਕੱਤਰ ਹਰਜਿੰਦਰ ਸਿੰਘ ਬੱਗੀ ਤੇ ਜਿਲਾ ਆਗੂ ਜਗਦੇਵ ਸਿੰਘ ਜੋਗੇਵਾਲਾ ਨੇ ਦੱਸਿਆ ਕਿ ਸੋਕੀ-ਭੋਲੀ ਉਹੀ ਆੜਤੀਏ ਹਨ ਜੋ 2004 ਵਿਚ ਚੱਠੇਵਾਲਾ ਵਿਖੇ ਕੁਰਕੀ ਲੈਕੇ ਆਏ ਸਨ ਤੇ ਲਗਾਤਾਰ ਕਿਸਾਨਾਂ ਦੀਆਂ ਕੁਰਕੀਆਂ ਲੈਕੇ ਆ ਰਹੇ ਹਨ ਪਰ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾ ਵੱਲੋਂ ਲਗਾਤਾਰ ਵਿਰੋਧ ਦੇ ਬਾਵਜੂਦ ਵਾਪਸ ਮੋੜੀ ਜਾਂਦੀ ਰਹੀ ਹੈ, ਕਾਂਗਰਸ, ਅਕਾਲੀ ਦਲ ਤੇ ਹੁਣ ਆਮ ਆਦਮੀ ਪਾਰਟੀ ਲਗਾਤਾਰ ਲੋਟੂ ਟੋਲਿਆਂ ਦੀ ਮਦਦ ਕਰ ਰਹੀਆਂ ਹਨ ਪਰ ਗਰੀਬ ਕਿਸਾਨ ਮਜਦੂਰਾਂ ਦੇ ਵਿਰੁੱਧ ਭੁਗਤਦੀਆਂ ਆ ਰਹੀਆਂ ਹਨ ਪਰ ਜਥੇਬੰਦੀ ਕਿਸੇ ਵੀ ਹਾਲਤ ਵਿੱਚ ਜਮੀਨ ਦੀ ਕੁਰਕੀ ਨਹੀਂ ਹੋਣਾ ਦੇਵੇਗੀ। ਇਸ ਸਮੇਂ ਜਿਲਾ ਸਕੱਤਰ ਦਰਸ਼ਨ ਸਿੰਘ ਮਾਈਸਰਖਾਨਾ, ਕਾਲਾ ਸਿੰਘ ਚੱਠੇਵਾਲਾ, ਲੱਖਾ ਜੋਗੇਵਾਲਾ, ਗੁਰਦੀਪ ਮਾਈਸਰਖਾਨਾ ਤੇ ਗੁਰਜੀਤ ਬੰਗੇਹਰ ਵੀ ਹਾਜਰ ਸਨ।

ਭਾਕਿਯੂ ਉਗਰਾਹਾਂ ਨੇ ਤਲਵੰਡੀ ਸਾਬੋ ਤਹਿਸੀਲ ਕੰਪਲੈਕਸ 'ਚ ਧਰਨਾ ਲਗਾ ਕੇ ਕਿਸਾਨ ਦੀ ਕੁਰਕੀ ਰੁਕਵਾਈ।

ਤਲਵੰਡੀ ਸਾਬੋ, 06 ਮਾਰਚ ਗੁਰਜੰਟ ਨਥੇਹਾ)- ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਤਲਵੰਡੀ ਸਾਬੋ ਵੱਲੋਂ ਬਲਾਕ ਪ੍ਰਧਾਨ ਬਹੱਤਰ ਸਿੰਘ ਨੰਗਲਾ ਦੀ ਅਗਵਾਈ ਹੇਠ ਤਹਿਸੀਲ ਕੰਪਲੈਕਸ ਤਲਵੰਡੀ ਸਾਬੋ ਦੇ ਸਾਹਮਣੇ ਧਰਨਾ ਲਗਾ ਕੇ ਚੱਠੇਵਾਲਾ ਦੇ ਕਿਸਾਨ ਬਲਦੇਵ ਸਿੰਘ ਪੁੱਤਰ ਜੀਤ ਸਿੰਘ ਦੀ ਜਮੀਨ ਦੀ ਕੁਰਕੀ ਰੁਕਵਾਈ ਜੋ ਰਾਮਾਂ ਮੰਡੀ ਦੇ ਆੜਤੀਏ ਸੋਕੀ-ਭੋਲੀ  ਵੱਲੋਂ ਲਗਾਤਾਰ ਲਿਆਂਦੀ ਜਾ ਰਹੀ ਹੈ। ਜਥੇਬੰਦੀ ਦੇ ਆਗੂਆਂ ਨੇ ਦੱਸਿਆ ਕਿ ਕਿਸਾਨ ਬਲਦੇਵ ਸਿੰਘ ਪਿਛਲੇ ਦਿਨੀ ਮਾਨਯੋਗ ਅਦਾਲਤ ਵੱਲੋਂ 92 ਦਿਨਾਂ ਦੀ ਦਿੱਤੀ ਸਜ਼ਾ ਅਜੇ ਕੱਟ ਕੇ ਆਇਆ ਹੈ ਹੁਣ ਫ਼ੇਰ ਕੁਰਕੀ ਲਿਆਦੀ ਜਾ ਰਹੀ ਹੈ। ਇਸ ਸਮੇਂ ਜਿਲਾ ਜਰਨਲ ਸਕੱਤਰ ਹਰਜਿੰਦਰ ਸਿੰਘ ਬੱਗੀ ਤੇ ਜਿਲਾ ਆਗੂ ਜਗਦੇਵ ਸਿੰਘ ਜੋਗੇਵਾਲਾ ਨੇ ਦੱਸਿਆ ਕਿ ਸੋਕੀ-ਭੋਲੀ ਉਹੀ ਆੜਤੀਏ ਹਨ ਜੋ 2004 ਵਿਚ ਚੱਠੇਵਾਲਾ ਵਿਖੇ ਕੁਰਕੀ ਲੈਕੇ ਆਏ ਸਨ ਤੇ ਲਗਾਤਾਰ ਕਿਸਾਨਾਂ ਦੀਆਂ ਕੁਰਕੀਆਂ ਲੈਕੇ ਆ ਰਹੇ ਹਨ ਪਰ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾ ਵੱਲੋਂ ਲਗਾਤਾਰ ਵਿਰੋਧ ਦੇ ਬਾਵਜੂਦ ਵਾਪਸ ਮੋੜੀ ਜਾਂਦੀ ਰਹੀ ਹੈ, ਕਾਂਗਰਸ, ਅਕਾਲੀ ਦਲ ਤੇ ਹੁਣ ਆਮ ਆਦਮੀ ਪਾਰਟੀ ਲਗਾਤਾਰ ਲੋਟੂ ਟੋਲਿਆਂ ਦੀ ਮਦਦ ਕਰ ਰਹੀਆਂ ਹਨ ਪਰ ਗਰੀਬ ਕਿਸਾਨ ਮਜਦੂਰਾਂ ਦੇ ਵਿਰੁੱਧ ਭੁਗਤਦੀਆਂ ਆ ਰਹੀਆਂ ਹਨ ਪਰ ਜਥੇਬੰਦੀ ਕਿਸੇ ਵੀ ਹਾਲਤ ਵਿੱਚ ਜਮੀਨ ਦੀ ਕੁਰਕੀ ਨਹੀਂ ਹੋਣਾ ਦੇਵੇਗੀ। ਇਸ ਸਮੇਂ ਜਿਲਾ ਸਕੱਤਰ ਦਰਸ਼ਨ ਸਿੰਘ ਮਾਈਸਰਖਾਨਾ, ਕਾਲਾ ਸਿੰਘ ਚੱਠੇਵਾਲਾ, ਲੱਖਾ ਜੋਗੇਵਾਲਾ, ਗੁਰਦੀਪ ਮਾਈਸਰਖਾਨਾ ਤੇ ਗੁਰਜੀਤ ਬੰਗੇਹਰ ਵੀ ਹਾਜਰ ਸਨ।

ਮੈਡੀਕਲ ਪ੍ਰੈਕਟੀਸ਼ਨ ਐਸੋਸੀਏਸ਼ਨ (ਰਜਿ.) ਦੀ ਹੋਈ ਮਹੀਨਾਵਾਰ ਮੀਟਿੰਗ।

ਤਲਵੰਡੀ ਸਾਬੋ, 06 ਮਾਰਚ (ਗੁਰਜੰਟ ਸਿੰਘ ਨਥੇਹਾ)- ਮੈਡੀਕਲ ਪ੍ਰੈਕਟੀਸ਼ਨਰ ਐਸੋਸ਼ੀਏਸ਼ਨ ਤਲਵੰਡੀ ਸਾਬੋ ਦੀ ਮਹੀਨਾਵਾਰ ਮੀਟਿੰਗ ਬਲਾਕ ਪ੍ਰਧਾਨ ਗੁਰਮੇਲ ਸਿੰਘ ਘਈ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਜ਼ਿਲ੍ਹਾ ਪ੍ਰਧਾਨ ਜਗਤਾਰ ਸਿੰਘ ਫੂਲ ਨੇ ਵਿਸੇਸ ਤੌਰ 'ਤੇ ਸ਼ਮੂਲੀਅਤ ਕੀਤੀ ਜਿਸ ਵਿਚ ਬਲਾਕ ਵੱਲੋਂ ਵੱਡੀ ਪੱਧਰ ਤੇ ਮੈਂਬਰਾਂ ਨੇ ਹਾਜ਼ਰੀ ਭਰੀ। ਮੀਟਿੰਗ ਨੂੰ ਸੰਬੋਧਨ ਕਰਦਿਆਂ ਬਲਾਰਿਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਚੋਣਾਂ ਮੌਕੇ ਕੀਤੇ ਵਾਅਦੇ ਚਲ ਰਹੇ ‌ਬਜਟ ਇਜਲਾਸ ਵਿੱਚ ਪੂਰੇ ਕੀਤੇ ਜਾਣ ਕਿਉਂਕਿ ਐਸੋਸੀਏਸ਼ਨ ਦੀਆਂ ‌ਹੱਕੀ ਮੰਗਾਂ ਜਲਦੀ ਹੀ ਲਾਗੂ ਕਰਨ ਲਈ ਸਰਕਾਰ ਨੂੰ ਆਰਡੀਨੈਂਸ ਜਾਰੀ ਕਰਨਾ ਚਾਹੀਦਾ ਹੈ ਜਦੋਂਕਿ ਸਰਕਾਰ ਦੇ ਐਮਐਲਏ, ਇਜਲਾਸ ਵਿੱਚ ਐਸੋਸ਼ੀਏਸ਼ਨ ਦੇ ਹੱਕ ਵਿੱਚ ਭਾਸ਼ਣ ਦੇ ਚੁੱਕੇ ਹਨ। ਮੀਟਿੰਗ ਵਿੱਚ ‌ਹੋਰਨਾ ਤੋਂ ਇਲਾਵਾ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਨਛੱਤਰ ਸਿੰਘ ਨਥੇਹਾ, ਲਛਮਣ ਸਿੰਘ ਜਗਾ ਮੀਤ ਪ੍ਰਧਾਨ, ਡਾ. ਗਗੜ ਸਿੰਘ ਗਹਿਲੇਵਾਲਾ, ਸੈਕਟਰੀ ਰੇਸ਼ਮ ਸਿੰਘ ਭਾਗੀਵਾਂਦਰ, ਕੈਸ਼ੀਅਰ ਬਿੱਕਰ ਸਿੰਘ ਧਿੰਗੜ, ਰਾਮਾ ਦਿਹਾਤੀ ਪ੍ਰਧਾਨ ਜਸਵੀਰ ਸਿੰਘ ਕੋਟਬਖਤੂ, ਮੀਤ ਪ੍ਰਧਾਨ ਮੋਦਨ ਸਿੰਘ ਸੁਖਲੱਧੀ, ਸੀਂਗੋ ਸਰਕਲ ਪ੍ਰਧਾਨ ਭਰਪੂਰ ਸਿੰਘ ਸੀਂਗੋ, ਦਰਸ਼ਨ ਸਿੰਘ ਸੁਖਲੱਧੀ, ਕੇਵਲ ਸਿੰਘ, ਨਾਜਰ ਸਿੰਘ, ਗੁਲਾਬ ਸਿੰਘ ਫੁਲੋਖਾਰੀ, ਬਲਵੰਤ ਸਿੰਘ ਕਣਕਵਾਲ, ਗੁਰਨਾਮ ਸਿੰਘ ਖੋਖਰ, ਵੈਦ ਰਾਜਾ ਸਿੰਘ, ਬਲਵੰਤ ਸਿੰਘ, ਅੰਮ੍ਰਿਤ ਪਾਲ ਸਿੰਘ, ਗੁਰਪ੍ਰੀਤ ਸਿੰਘ ਤਲਵੰਡੀ ਸਾਬੋ, ਜਰਨੈਲ ਸਿੰਘ ਕੌਰੇਆਣਾ, ਅਮਨਦੀਪ ਸਿੰਘ, ਜਸਵੀਰ ਸਿੰਘ, ਨਰੇਸ਼ ਸਿੰਘ ਜੀਵਨ ਸਿੰਘ ਵਾਲਾ, ਜਸ਼ਨਪ੍ਰੀਤ ਸਿੰਘ ਸ਼ੇਰਗੜ, ਗੁਰਲਾਲ ਸਿੰਘ ਬਹਿਮਣ, ਜਸਵੰਤ ਸਿੰਘ, ਸੀਂਗੋ, ਸੁਖਪਾਲ ਸਿੰਘ, ਬਾਬੂ ਸਿੰਘ, ਜਨਕ ਰਾਜ ਬਹਿਮਣ, ਜਗਦੀਸ਼ ਸਿੰਘ ਭੱਟੀ, ਜਗਸੀਰ ਸਿੰਘ, ਹਰਭਗਵਾਨ ਸਿੰਘ ਸ਼ੇਖਪੁਰਾ, ਕੁਲਵਿੰਦਰ ਸਿੰਘ ਕੋਟਬਖਤੂ, ਅੰਤਰ ਸਿੰਘ ਮਾਨਵਾਲਾ, ਰਾਜ਼ੇਸ਼ ਕੁਮਾਰ ਰਾਮਾ, ਨੇਕ ਸਿੰਘ ਨੰਗਲਾ, ਜਸਪ੍ਰੀਤ ਸਿੰਘ ਲਾਲੇਆਣਾ, ਬਲੌਰ ਸਿੰਘ ਭਾਗੀਵਾਂਦਰ, ਬਲਵੀਰ ਸਿੰਘ ਮੈਨੂੰਆਣਾ, ਇਕਬਾਲ ਸਿੰਘ ਰਾਈਆ, ਪਰਮਜੀਤ ਸਿੰਘ, ਸੁਖਚਰਨ ਸਿੰਘ, ਹਰਦੀਪ ਸਿੰਘ ਲੇਲੇਵਾਲਾ, ਬਸੰਤ ਸਿੰਘ ਲੇਲੇਵਾਲਾ, ਸੁਖਦੇਵ ਸਿੰਘ ਮਿਰਜੇਆਣਾ, ਮੇਜਰ ਸਿੰਘ ਰਾਮਸਰਾ, ਜਗਸੀਰ ਸਿੰਘ ਰਾਮਸਰਾ, ਪਰਗਟ ਸਿੰਘ ਕੋਟਭਾਰਾ, ਪ੍ਰਗਟ ਸਿੰਘ, ਕੋਟਭਾਰਾ, ਜਸਵੀਰ ਸਿੰਘ ਕੋਟਫੱਤਾ, ਤਰਸੇਮ ਸਿੰਘ ਸ਼ੇਖਪੁਰਾ, ਬੂਟਾ ਸਿੰਘ ਬੰਗੀ ਦੀਪਾ, ਵਿਜੇ ਕੁਮਾਰ ਬਾਘਾ, ਅਮਰੀਕ ਸਿੰਘ ਨਵਾਂ ਪਿੰਡ, ਗੁਰਦੀਪ ਸਿੰਘ ਹਾਜ਼ਰ ਸਨ।

ਪੰਜਾਬੀ ਯੂਨੀਵਰਸਿਟੀ ਗੁਰੂ ਕਾਸ਼ੀ ਕੈਂਪਸ ਦਮਦਮਾ ਸਾਹਿਬ ਵਿਖੇ ਪੁਸਤਕ ਮੇਲੇ ਦਾ ਆਗਾਜ਼

ਤਲਵੰਡੀ ਸਾਬੋ, 6 ਮਾਰਚ (ਗੁਰਜੰਟ ਸਿੰਘ ਨਥੇਹਾ)-ਪੰਜਾਬੀ ਯੂਨੀਵਰਸਿਟੀ ਗੁਰੂ ਕਾਸ਼ੀ ਕੈਂਪਸ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਗੁਰੂ ਕਾਸ਼ੀ ਸ਼ੋਸ਼ਲ ਸਾਇੰਸਜ਼ ਅਤੇ ਭਾਸ਼ਾਵਾਂ ਵਿਭਾਗ ਵੱਲੋਂ 3 ਰੋਜ਼ਾ ਦੂਜਾ ਦਮਦਮਾ ਸਾਹਿਬ ਸਾਹਿਤਕ ਮੇਲੇ ਦਾ ਆਗਾਜ਼ ਹੋਇਆ। ਮੇਲੇ ਦੇ ਉਦਘਾਟਨੀ ਸਮਾਰੋਹ ਵਿੱਚ ਕੈਂਪਸ ਡਾਇਰੈਕਟਰ ਪ੍ਰੋ. ਕਮਲਜੀਤ ਸਿੰਘ ਨੇ ਆਪਣੀ ਰਸਮੀ ਭਾਸ਼ਣ ਵਿੱਚ ਅਜੋਕੇ ਦੌਰ ਵਿੱਚ ਸਿੱਖਿਆ ਦੇ ਹੋ ਰਹੇ ਵਪਾਰੀਕਰਨ ਉੱਪਰ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਇਸ ਸਮੇਂ ਸਾਹਿਤਕ ਮੇਲਿਆਂ ਦੀ ਬਹੁਤ ਲੋੜ ਹੈ ਜੋ ਬੱਚਿਆਂ ਦਾ ਸਰਵਪੱਖੀ ਵਿਕਾਸ ਕਰਦੇ ਹਨ।
ਇਸ ਦੌਰਾਨ ਡਾ. ਅਮਨਦੀਪ ਸੇਖੋਂ ਨੇ ਮੁੱਖ ਮਹਿਮਾਨ ਅਤੇ ਬਾਹਰੋਂ ਆਏ ਮਹਿਮਾਨਾਂ ਨੂੰ ਜੀ ਆਇਆਂ ਆਖਿਆ। ਭਾਸ਼ਾਵਾਂ ਵਿਭਾਗ ਦੇ ਸੀਨੀਅਰ ਅਧਿਆਪਕ ਡਾ. ਸੰਦੀਪ ਰਾਣਾ ਨੇ ਸਾਹਿਤਕ ਕਲਾਵਾਂ ਨੂੰ ਨਿਖਾਰਨ ਲਈ ਸਾਹਿਤਕ ਸਮਾਰੋਹਾਂ ਦਾ ਆਯੋਜਨ ਸਾਰਥਿਕ ਦੱਸਿਆ। ਇਸ ਉਪਰੰਤ ਗੁਰੂ ਕਾਸ਼ੀ ਸੋਸ਼ਲ ਸਾਇੰਸਜ਼ ਵਿਭਾਗ ਦੇ ਮੁਖੀ ਡਾ. ਬਲਦੇਵ ਸਿੰਘ ਸ਼ੇਰਗਿੱਲ ਨੇ ਉਦਘਾਟਨੀ ਸਮਾਰੋਹ ਦੇ ਅਖੀਰ ਵਿੱਚ ਇਸ ਸਾਹਿਤਕ ਮੇਲੇ ਨੂੰ ਕਰਵਾਉਣ ਵਿੱਚ ਦਿੱਤੇ ਸਹਿਯੋਗ ਲਈ ਪੰਜਾਬੀ ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋ. ਅਰਵਿੰਦ ਅਤੇ ਕੈਂਪਸ ਡਾਇਰੈਕਟਰ ਦਾ ਵਿਸ਼ੇਸ਼ ਧੰਨਵਾਦ ਕੀਤਾ ਅਤੇ ਆਨਲਾਈਨ ਕਿਤਾਬ ਘਰ ਦਾ ਇਸ ਸਾਹਿਤਕ ਮੇਲੇ ਨੂੰ ਵੱਡੇ ਪੱਧਰ 'ਤੇ ਸਹਿਯੋਗ ਦੇਣ ਲਈ ਧੰਨਵਾਦ ਕੀਤਾ। ਮੇਲੇ ਦੀ ਦੂਜੀ ਬੈਠਕ ਦੇ ਮੁੱਖ ਬੁਲਾਰੇ ਗੁਰਪ੍ਰੀਤ ਆਰਟਿਸਟ, ਭੁਪਿੰਦਰ ਮਾਨ ਅਤੇ ਖੁਸ਼ਵੰਤ ਬਰਗਾੜੀ ਨੇ 'ਸਾਹਿਤਕ ਮੇਲਿਆਂ ਦੀ ਸਾਰਥਿਕਤਾ ਦਾ ਸੁਆਲ' ਵਿਸ਼ੇ 'ਤੇ ਗੱਲ ਕੀਤੀ। ਇਸ ਸੈਸ਼ਨ ਦੌਰਾਨ ਖੁਸ਼ਵੰਤ ਬਰਗਾੜੀ ਨੇ ਨੌਜਵਾਨਾਂ ਵਿੱਚ ਸੋਸ਼ਲ ਮੀਡੀਆ ਦੇ ਵਧ ਰਹੇ ਰੁਝਾਨ ਨੂੰ ਰੋਕਣ ਲਈ ਇਹਨਾਂ ਮੇਲਿਆਂ ਦੀ ਸ਼ਲਾਘਾ ਕੀਤੀ। ਇਸ ਸਮੇਂ ਗੁਰਪ੍ਰੀਤ ਆਰਟਿਸਟ ਅਤੇ ਭੁਪਿੰਦਰ ਮਾਨ ਨੇ ਕਿਤਾਬਾਂ ਨਾਲ ਜੁੜਨ ਦੀ ਗੱਲ ਕੀਤੀ। ਤੀਜੀ ਬੈਠਕ ਦੌਰਾਨ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੇ ਮੀਤ ਪ੍ਰਧਾਨ ਜਸਪਾਲ ਮਾਨਖੇੜਾ ਜੀ ਦਾ ਰੂਬਰੂ ਕਰਵਾਇਆ ਗਿਆ। ਪਹਿਲੇ ਦਿਨ ਦੇ ਅਖ਼ੀਰਲੇ ਸੈਸ਼ਨ ਵਿੱਚ ਕਹਾਣੀਕਾਰ ਅਤਰਜੀਤ ਨੇ 'ਕਹਾਣੀ' ਦੇ ਵਿਸ਼ੇ ਉੱਪਰ ਵਿਸ਼ੇਸ਼ ਗੱਲ ਕੀਤੀ। ਇਸ ਮੇਲੇ ਦੇ ਕੋਆਰਡੀਨੇਟਰ ਡਾ. ਵੀਰਪਾਲ ਕੌਰ ਅਤੇ ਸ੍ਰੀ ਸਤਨਾਮ ਸਿੰਘ ਵਾਹਿਦ ਰਹੇ। ਵੱਖ-ਵੱਖ ਬੈਠਕਾਂ ਦੇ ਦੌਰਾਨ ਮੰਚ ਸੰਚਾਲਨ ਦ ਕਾਰਜ ਡਾ. ਅਮਨਦੀਪ ਸੇਖੋਂ, ਡਾ. ਮਨਮਿੰਦਰ ਕੌਰ, ਡਾ. ਵੀਰਪਾਲ ਕੌਰ, ਕਰਮਜੀਤ ਸਿੰਘ ਨੇ ਕੀਤਾ। ਇਸ ਮੇਲੇ ਨੇ ਕੋਆਰਡੀਨੇਟਰ ਵਾਹਿਦ ਅਤੇ ਡਾ. ਵੀਰਪਾਲ ਕੌਰ ਹਨ।

ਮੁੱਖ ਮੰਤਰੀ ਨੇ ਆਪਣੇ ਬੁਰੇ ਵਿਹਾਰ ਨਾਲ ਵਿਧਾਨ ਸਭਾ ਦਾ ਮਾਣ ਸਤਿਕਾਰ ਹੀ ਨਹੀਂ ਘਟਾਇਆ ਬਲਕਿ ਔਰਤਾਂ ਜਾਂ ਪੁਰਾਣੀ ਪੈਨਸ਼ਨ ਸਕੀਮ ਲਈ ਸੂਬੇ ਦੇ ਬਜਟ ਵਿਚ ਫੰਡ ਨਾ ਰੱਖ ਕੇ ਪੰਜਾਬੀਆਂ ਨਾਲ ਵੱਡਾ ਧਰੋਹ ਕਮਾਇਆ- ਹਰਸਿਮਰਤ ਕੌਰ ਬਾਦਲ

ਤਲਵੰਡੀ ਸਾਬੋ, 6 ਮਾਰਚ (ਗੁਰਜੰਟ ਸਿੰਘ ਨਥੇਹਾ)- ਸਾਬਕਾ ਕੇਂਦਰੀ ਮੰਤਰੀ ਤੇ ਬਠਿੰਡਾ ਦੇ ਐਮਪੀ ਬੀਬਾ ਹਰਸਿਮਰਤ ਕੌਰ ਬਾਦਲ ਨੇ ਅੱਜ ਕਿਹਾ ਕਿ ਇਹ ਬਹੁਤ ਹੀ ਸ਼ਰਮ ਵਾਲੀ ਗੱਲ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਬੁਰੇ ਵਿਹਾਰ ਨਾਲ ਨਾ ਸਿਰਫ ਵਿਧਾਨ ਸਭਾ ਦਾ ਮਾਣ ਸਤਿਕਾਰ ਘਟਾਇਆ ਬਲਕਿ ਸੂਬੇ ਦੇ ਬਜਟ ਵਿਚ ਔਰਤਾਂ ਨਾਲ ਕੀਤੇ ਵਾਅਦੇ ਤੇ ਪੁਰਾਣੀ ਪੈਨਸ਼ਨ ਸਕੀਮ ਨੂੰ ਲਾਗੂ ਕਰਨ ਲਈ ਕੋਈ ਫੰਡ ਅਲਾਟ ਨਾ ਕਰ ਕੇ ਪੰਜਾਬੀਆਂ ਨਾਲ ਵੱਡਾ ਧਰੋਹ ਕਮਾਇਆ ਹੈ। ਇਸ ਹਲਕੇ ਦੇ ਪਿੰਡ ਚੱਠੇਵਾਲਾ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਰਦਾਰਨੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਮੁੱਖ ਮੰਤਰੀ ਨੇ ਵਿਧਾਨ ਸਭਾ ਵਿਚ ਬਹਿਸ ਦਾ ਪੱਧਰ ਬਹੁਤ ਨੀਵਾਂ ਕਰ ਦਿੱਤਾ ਹੈ ਤੇ ਉਹ ਸਿਆਸੀ ਵਿਰੋਧੀਆਂ ਦੇ ਨਾਂ ਲੈ ਕੇ ਉਹਨਾਂ ਖਿਲਾਫ ਬਦਜ਼ੁਬਾਨੀ ਕਰਦੇ ਰਹੇ ਤੇ ਉਹਨਾਂ ਨੇ ਵਿਰੋਧੀਆਂ ਨੂੰ ਧਮਕੀਆਂ ਵੀ ਦਿੱਤੀਆਂ ਤੇ ਬੁਰਾ ਵਿਹਾਰ ਵੀ ਕੀਤਾ। ਉਹਨਾਂ ਕਿਹਾ ਕਿ ਇਸ ਤਰੀਕੇ ਤਾਂ ਗਲੀ ਦੇ ਗੁੰਡੇ ਵੀ ਨਹੀਂ ਲੜਦੇ। ਉਹਨਾਂ ਕਿਹਾ ਕਿ ਸਾਰਾ ਸੂਬਾ ਸ਼ਰਮਸ਼ਾਰ ਮਹਿਸੂਸ ਕਰ ਰਿਹਾ ਹੈ ਕਿ ਅਜਿਹੇ ਵਿਅਕਤੀ ਦੇ ਹੱਥ ਸੱਤਾ ਦੀ ਵਾਗਡੋਰ ਦੇ ਦਿੱਤੀ ਹੈ। ਬਠਿੰਡਾ ਦੇ ਐਮ ਪੀ ਨੇ ਕਿਹਾ ਕਿ ਇਹ ਬਹੁਤ ਹੀ ਹੈਰਾਨੀ ਵਾਲੀ ਗੱਲ ਹੈ ਕਿ ਆਮ ਆਦਮੀ ਪਾਰਟੀ (ਆਪ) ਸਰਕਾਰ ਨੇ 2024-25 ਦੇ ਬਜਟ, ਜੋ ਕੱਲ੍ਹ ਵਿਧਾਨ ਸਭਾ ਵਿਚ ਪੇਸ਼ ਕੀਤਾ ਗਿਆ, ਵਿਚ ਸਮਾਜ ਦੇ ਹਰ ਵਰਗ ਨੂੰ ਅਣਡਿੱਠ ਕੀਤਾ ਹੈ। ਉਹਨਾਂ ਕਿਹਾ ਕਿ ਮੁੱਖ ਮੰਤਰੀ ਨੇ ਦੋ ਸਾਲ ਪਹਿਲਾਂ ਸੂਬੇ ਵਿਚ ਸਾਰੀਆਂ ਔਰਤਾਂ ਨੂੰ ਇਕ-ਇਕ ਹਜ਼ਾਰ ਰੁਪਏ ਪ੍ਰਤੀ ਮਹੀਨਾ ਦੇਣ ਦਾ ਵਾਅਦਾ ਕੀਤਾ ਸੀ। ਉਹਨਾਂ ਕਿਹਾ ਕਿ ਹੁਣ ਇਹ ਸਰਕਾਰ ਦੋ ਸਾਲਾਂ ਤੋਂ ਸਕੀਮ ਲਾਗੂ ਕਰਨ ਵਿਚ ਨਾਕਾਮ ਰਹੀ ਹੈ ਤੇ ਹਰ ਔਰਤ ਦਾ 24-24 ਹਜ਼ਾਰ ਰੁਪਿਆ ਬਕਾਇਆ ਹੋ ਗਿਆ ਹੈ। ਉਹਨਾਂ ਕਿਹਾ ਕਿ ਇਹ ਬਹੁਤ ਹੀ ਨਿੰਦਣਯੋਗ ਗੱਲ ਹੈ ਕਿ ਸਕੀਮ ਲਈ ਹੁਣ ਵੀ ਪੈਸਾ ਅਲਾਟ ਨਹੀਂ ਕੀਤਾ ਗਿਆ। ਬੀਬਾ ਬਾਦਲ ਨੇ ਕਿਹਾ ਕਿ ਮੁੱਖ ਮੰਤਰੀ ਨੇ ਸੇਵਾ ਮੁਕਤ ਮੁਲਾਜ਼ਮਾਂ ਨੂੰ ਝੂਠ ਬੋਲਿਆ ਤੇ ਇਸ ਸਰਕਾਰ ਨੇ 2022 ਵਿਚ ਪੁਰਾਣੀ ਪੈਨਸ਼ਨ ਸਕੀਮ ਬਹਾਲੀ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਤੇ ਗੁਜਰਾਤ ਤੇ ਹਿਮਾਚਲ ਪ੍ਰਦੇਸ਼ ਚੋਣਾਂ ਵਿਚ ਇਹ ਸਕੀਮ ਪੰਜਾਬ ਵਿਚ ਲਾਗੂ ਕਰਨ ਦੇ ਦਾਅਵੇ ਕਰਕੇ ਇਸਦਾ ਖੂਬ ਪ੍ਰਚਾਰ ਕੀਤਾ ਜਦੋਂ ਕਿ ਸਰਕਾਰ ਅੱਜ ਤੱਕ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ ਵਿਚ ਨਾਕਾਮ ਰਹੀ ਹੈ ਤੇ ਇਸਨੇ 2024-25 ਦੇ ਬਜਟ ਵਿਚ ਇਸ ਸਕੀਮ ਵਾਸਤੇ ਕੋਈ ਫੰਡ ਨਹੀਂ ਰੱਖੇ ਜਿਸ ਤੋਂ ਸਪਸ਼ਟ ਹੈ ਕਿ ਇਹ ਸਕੀਮ ਨੇੜਲੇ ਭਵਿੱਖ ਵਿਚ ਬਹਾਲ ਨਹੀਂ ਹੋਵੇਗੀ। ਬੀਬਾ ਬਾਦਲ ਨੇ ਜ਼ੋਰ ਦੇ ਕੇ ਕਿਹਾ ਕਿ ਕਿਸਾਨਾਂ, ਨੌਜਵਾਨ ਤੇ ਸਮਾਜ ਦੇ ਕਮਜ਼ੋਰ ਵਰਗਾਂ ਵਾਸਤੇ ਕੱਖ ਵੀ ਨਹੀਂ ਕੀਤਾ ਗਿਆ। ਉਹਨਾਂ ਕਿਹਾ ਕਿ ਕਿਸਾਨ ਪਿਛਲੇ ਦੋ ਸਾਲਾਂ ਤੋਂ ਹੜ੍ਹਾਂ ਤੇ ਗੜ੍ਹੇਮਾਰੀ ਕਾਰਨ ਹੋਏ ਫਸਲੀ ਨੁਕਸਾਨ ਦਾ ਹੁਣ ਤੱਕ ਮੁਆਵਜ਼ਾ ਉਡੀਕ ਰਹੇ ਹਨ। ਉਹਨਾਂ ਕਿਹਾ ਕਿ ਨਰਮੇ ’ਤੇ ਗੁਲਾਬੀ ਸੁੰਡੀ ਦਾ ਹਮਲਾ ਹੋਣ ਦੇ ਬਾਵਜੂਦ ਨਰਮਾ ਕਿਸਾਨਾਂ ਨੂੰ ਕੋਈ ਮੁਆਵਜ਼ਾ ਨਹੀਂ ਦਿੱਤਾ ਗਿਆ। ਉਹਨਾਂ ਕਿਹਾ ਕਿ ਹੁਣ ਵੀ ਕੁਝ ਦਿਨ ਪਹਿਲਾਂ ਜਿਹਨਾਂ ਕਿਸਾਨਾਂ ਦੀ ਕਣਕ ਦੀ ਫਸਲ ਗੜ੍ਹੇਮਾਰੀ ਕਾਰਨ ਨੁਕਸਾਨੀ ਗਈ ਹੈ, ਉਹ ਸਰਕਾਰ ਤੋਂ ਰਾਹਤ ਦੀ ਉਡੀਕ ਕਰ ਰਹੇ ਹਨ। ਉਹਨਾਂ ਕਿਹਾ ਕਿ ਇਹ ਬਹੁਤ ਹੀ ਨਿੰਦਣਯੋਗ ਗੱਲ ਹੈ ਕਿ ਜ਼ਿਲ੍ਹੇ ਤੋਂ ਹੋਣ ਦੇ ਬਾਵਜੂਦ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਕੋਲ ਮੁਸੀਬਤ ਮਾਰੇ ਕਿਸਾਨਾਂ ਦੀ ਸਾਰ ਲੈਣ ਦਾ ਸਮਾਂ ਨਹੀਂ ਹੈ। ਬਠਿੰਡਾ ਦੇ ਐਮ ਪੀ, ਜਿਹਨਾਂ ਨੇ ਪਿੰਡ ਸ਼ੇਖਪੁਰਾ, ਨੰਗਲਾ, ਨਥੇਹਾ ਤੇ ਗੋਲੇਵਾਲਾ ਦਾ ਦੌਰਾ ਕੀਤਾ, ਨੇ ਕਿਹਾ ਕਿ ਹਰ ਪਾਸੇ ਲੋਕ ਸ਼ਿਕਾਇਤਾਂ ਕਰ ਰਹੇ ਹਨ ਕਿ ਸੜਕਾਂ, ਸਟਰੀਟ ਲਾਈਟਾਂ ਤੇ ਪਾਣੀ ਦੀਆਂ ਟੈਂਕੀਆ ਬਣਾਉਣ ਵਰਗੇ ਬੁਨਿਆਦੀ ਵਿਕਾਸ ਕਾਰਜ ਵੀ ਠੱਪ ਹੋਏ ਪਏ ਹਨ। ਉਹਨਾਂ ਕਿਹਾ ਕਿ ਬਜਟ ਨੇ ਸਾਬਤ ਕਰ ਦਿੱਤਾ ਹੈ ਕਿ ਕੀ ਹੋ ਰਿਹਾ ਹੈ। ਵਿੱਤ ਮੰਤਰੀ ਨੇ ਸਪਸ਼ਟ ਕਿਹਾ ਹੈ ਕਿ ਸੂਬੇ ਦੀ ਆਮਦਨ 2 ਲੱਖ ਕਰੋੜ ਰੁਪਏ ਹੈ ਤੇ ਖਰਚਾ 4 ਲੱਖ ਕਰੋੜ ਰੁਪਏ ਹੈ। ਉਹਨਾਂ ਕਿਹਾ ਕਿ 2 ਲੱਖ ਕਰੋੜ ਰੁਪਏ ਦੇ ਬਜਟ ਵਿਚ 7500 ਕਰੋੜ ਰੁਪਏ ਪੂੰਜੀਗਤ ਖਰਚੇ ਲਈ ਰੱਖੇ ਹਨ ਜਿਸ ਕਾਰਨ ਬੁਨਿਆਦੀ ਢਾਂਚੇ ਦੀ ਸਿਰਜਣਾ ਬੰਦ ਹੋ ਗਈ ਹੈ।

ਇਸਤਰੀ ਅਕਾਲੀ ਦਲ ਨੇ ਪਿੰਡ ਸੰਗਤ ਖੁਰਦ ਵਿਖੇ ਕੀਤੀ ਮੀਟਿੰਗ

ਤਲਵੰਡੀ ਸਾਬੋ , 6 ਮਾਰਚ (ਗੁਰਜੰਟ ਸਿੰਘ ਨਥੇਹਾ)- ਸ਼੍ਰੋਮਣੀ ਅਕਾਲੀ ਦਲ ਦੇ ਇਸਤਰੀ ਵਿੰਗ ਵੱਲੋਂ ਅੱਜ ਇਥੋਂ ਨੇੜਲੇ ਪਿੰਡ ਸੰਗਤ ਖੁਰਦ ਵਿਖੇ ਵਿਖੇ ਮੀਟਿੰਗ ਕੀਤੀ ਗਈ। ਜਿਸ ਦੌਰਾਨ ਇਸਤਰੀ ਅਕਾਲੀ ਦਲ ਦੇ ਕੌਮੀ ਪ੍ਰਧਾਨ ਹਰਗੋਬਿੰਦ ਕੌਰ ਵਿਸ਼ੇਸ਼ ਤੌਰ 'ਤੇ ਪਹੁੰਚੇ। ਇਸ ਮੌਕੇ ਸਰਬਸੰਮਤੀ ਨਾਲ ਪਿੰਡ ਇਕਾਈ ਦੇ ਅਹੁਦੇਦਾਰਾਂ ਦੀ ਚੋਣ ਕਰਵਾਈ ਗਈ ਤੇ ਸੁਖਪਾਲ ਕੌਰ ਨੂੰ ਇਕਾਈ ਪ੍ਰਧਾਨ ਬਣਾਇਆ ਗਿਆ। ਮੀਟਿੰਗ ਦੌਰਾਨ ਬੋਲਦਿਆਂ ਹਰਗੋਬਿੰਦ ਕੌਰ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਦੇ ਝੂਠੇ ਲਾਰਿਆਂ ਤੋਂ ਅੱਕ ਕੇ ਇਸਤਰੀ ਅਕਾਲੀ ਦਲ ਵੱਲੋਂ ਕੌਮਾਂਤਰੀ ਇਸਤਰੀ ਦਿਵਸ ਮੌਕੇ 8 ਮਾਰਚ ਨੂੰ ਬਠਿੰਡਾ ਵਿਖੇ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਜਿਸ ਦੌਰਾਨ ਵੱਡੀ ਗਿਣਤੀ ਵਿੱਚ ਔਰਤਾਂ ਪੁੱਜਣਗੀਆਂ। ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਖੇਤਰੀ ਪਾਰਟੀ ਹੈ ਤੇ ਵੱਧ ਤੋਂ ਵੱਧ ਬੀਬੀਆਂ ਇਸ ਨਾਲ ਜੁੜਨ। ਇਸ ਸਮੇਂ  ਸੀਨੀਅਰ ਆਗੂ ਇਸਤਰੀ ਅਕਾਲੀ ਦਲ ਸਰਬਜੀਤ ਕੌਰ, ਕਿਰਨ ਕੌਰ, ਰਣਜੀਤ ਕੌਰ, ਮਨਜੀਤ ਕੌਰ, ਸੁਖਜੀਤ ਕੌਰ ਅਤੇ ਰਾਮ ਕੌਰ ਤੋਂ ਇਲਾਵਾ ਮਨਦੀਪ ਸਿੰਘ ਗਾਟਵਾਲੀ ਅਤੇ ਬੰਤ ਸਿੰਘ ਆਦਿ ਮੌਜੂਦ ਸਨ।

ਭਾਰਤ ਸਰਕਾਰ ਦੁਆਰਾ ਦੋਰਾਹਾ ਰੇਲਵੇ ਕ੍ਰਾਸਿੰਗ ਤੇ 70 ਕਰੋੜ ਦੀ ਲਾਗਤ ਨਾਲ ਬਣਨ ਵਾਲੇ ਰੇਲਵੇ ਓਵਰ ਬ੍ਰਿਜ ਪ੍ਰੋਜੈਕਟ ਨੂੰ ਮਨਜ਼ੂਰੀ - ਡਾ ਅਮਰ ਸਿੰਘ

 ਰਾਏਕੋਟ, 06 ਮਾਰਚ (ਕੌਸਲ ਮੱਲਾ )ਡਾ: ਅਮਰ ਸਿੰਘ ਸਾਂਸਦ ਸ੍ਰੀ ਫਤਹਿਗੜ੍ਹ ਸਾਹਿਬ ਨੇ ਦੱਸਿਆ ਕਿ 2022 ਤੋਂ ਉਨ੍ਹਾਂ ਦੇ ਲਗਾਤਾਰ ਯਤਨਾਂ ਸਦਕਾ ਭਾਰਤ ਸਰਕਾਰ ਨੇ ਦੋਰਾਹਾ ਵਿਖੇ 4 ਮਾਰਗੀ ਰੇਲ ਓਵਰ ਬ੍ਰਿਜ ਨੂੰ ਮਨਜ਼ੂਰੀ ਦਿੱਤੀ ਸੀ। ਇਹ ਪ੍ਰੋਜੈਕਟ 100% ਭਾਰਤ ਸਰਕਾਰ ਦੁਆਰਾ ਫੰਡ ਕੀਤਾ ਜਾ ਰਿਹਾ ਹੈ ਅਤੇ ਇਸਦੀ ਲਾਗਤ 70 ਕਰੋੜ ਰੁਪਏ ਤੋਂ ਵੱਧ ਹੋਵੇਗੀ।
ਡਾ ਅਮਰ ਸਿੰਘ ਨੇ ਕਿਹਾ ਕਿ ਉਹ 2022 ਤੋਂ ਰੇਲਵੇ ਮੰਤਰੀ ਅਸ਼ਵਨੀ ਵੈਸ਼ਨਵ ਕੋਲ ਇਸ ਮਾਮਲੇ ਦੀ ਲਗਾਤਾਰ ਪੈਰਵੀ ਕਰ ਰਹੇ ਸਨ । ਉਨ੍ਹਾਂ ਕਿਹਾ ਕਿ ਆਮ ਲੋਕਾਂ ਨੂੰ ਹੋ ਰਹੀ ਭਾਰੀ ਅਸੁਵਿਧਾ ਨੂੰ ਦੇਖਦੇ ਹੋਏ ਡਾ: ਅਮਰ ਸਿੰਘ ਨੇ ਰੇਲ ਮੰਤਰੀ ਨੂੰ ਪ੍ਰੋਜੈਕਟ ਦੀ ਲਾਗਤ ਦਾ 100% ਫੰਡ ਮੁਹੱਈਆ ਕਰਵਾਉਣ ਨੂੰ ਦੀ ਮੰਗ ਕੀਤੀ ਸੀ। ਉਹ ਬਤੌਰ ਸੰਸਦ ਮੈਂਬਰ 2022 ਤੋਂ ਲੋਕ ਸਭਾ ਵਿੱਚ ਵੀ ਕਈ ਵਾਰ ਮੁੱਦਾ ਉਠਾ ਚੁੱਕੇ ਹਨ। ਇਸ ਕਾਰਨ ਰੇਲਵੇ ਬੋਰਡ ਨੇ 29 ਫਰਵਰੀ ਨੂੰ 100% ਕੇਂਦਰੀ ਫੰਡ ਨਾਲ 4 ਲੇਨ ਰੇਲਵੇ ਓਵਰ ਬ੍ਰਿਜ ਨੂੰ ਮਨਜ਼ੂਰੀ ਦੇ ਦਿੱਤੀ ਹੈ।
ਡਾ: ਅਮਰ ਸਿੰਘ ਨੇ ਪ੍ਰਾਜੈਕਟ ਨੂੰ ਮਨਜ਼ੂਰੀ ਦੇਣ ਲਈ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਦਾ ਧੰਨਵਾਦ ਕੀਤਾ।

ਸਿਹਤ ਵਿਭਾਗ ਵਲੋ ਕੁਲ 100047 ਬੱਚਿਆ ਨੂੰ ਪੋਲੀਓ ਬੂੰਦਾ ਪਿਲਾਈਆ।

ਸਿਵਿਲ ਸਰਜਨ ਡਾਕਟਰ ਰਾਜੇਸ਼ ਅੱਤਰੀ ਨੇ ਪੋਲੀਓ ਮੁਹਿਮ ਨੂੰ ਕਾਮਯਾਬ ਕਰਨ ਲਈ ਸਿਹਤ ਕਾਮੇ ਅਤੇ ਵਲਾਟੀਅਰਾ ਦੇ ਕੰਮ ਦੀ ਕੀਤੀ ਸ਼ਲਾਘਾ।

ਮੋਗਾਜਸਵਿੰਦਰ ਸਿੰਘ ਰੱਖਰਾ 
 ਸਿਵਿਲ ਸਰਜਨ ਮੋਗਾ ਡਾਕਟਰ ਰਾਜੇਸ਼ ਅੱਤਰੀ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ     3 ਮਾਰਚ ਤੋਂ 5 ਮਾਰਚ, 2024 ਤੱਕ ਨੈਸ਼ਨਲ  ਪਲਸ ਪੋਲੀਓ ਮੁਹਿੰਮ ਦੌਰਾਨ 0 ਤੋਂ 5 ਸਾਲ ਤੱਕ ਦੇ ਜ਼ਿਲ੍ਹਾ ਮੋਗਾ ਦੇ ਵਿਚ ਕੁੱਲ 100047 ਬੱਚਿਆਂ ਨੂੰ  ਪੋਲੀਓ ਰੋਕੂ ਬੂੰਦਾਂ ਪਿਲਾਈਆਂ 
            ਇਸ ਮੌਕੇ ਡਾਕਟਰ ਅਸ਼ੋਕ ਸਿੰਗਲਾ ਨੋਡਲ ਅਫ਼ਸਰ  ਨੇ ਦੱਸਿਆ ਕਿ ਜ਼ਿਲ੍ਹੇ ਅੰਦਰ ਮਿਤੀ 3 ਮਾਰਚ ਨੂੰ 535 ਬੂਥਾਂ 'ਤੇ ਪੋਲੀਓ ਰੋਕੂ ਬੂੰਦਾਂ ਪਿਲਾਈਆਂ ਜਾ ਰਹੀਆਂ ਹਨ।ਇਸ ਮੌਕੇ  4-5 ਮਾਰਚ ਨੂੰ ਸਿਹਤ ਵਿਭਾਗ ਦੀਆਂ 681 ਟੀਮਾਂ ਵੱਲੋਂ ਘਰ-ਘਰ ਜਾ ਕੇ ਪੋਲੀਓ ਬੂੰਦਾਂ ਪਿਲਾਈਆਂ ਜਾਣਗੀਆਂ, ਤਾਂ ਜੋ 0 ਤੋਂ 5 ਸਾਲ ਦੀ ਉਮਰ ਦਾ ਕੋਈ ਵੀ ਬੱਚਾ ਪੋਲੀਓ ਬੂੰਦਾਂ ਤੋਂ ਵਾਂਝਾ ਨਾ ਰਹੇ। ਇਸ ਕੰਮ ਨੂੰ ਸਫ਼ਲਤਾਪੂਰਵਕ ਨੇਪਰੇ ਚਾੜ੍ਹਨ ਲਈ 168 ਏ.ਐਨ.ਐਮ., 807 ਆਸ਼ਾ ਵਰਕਰਾਂ, 464 ਆਂਗਣਵਾੜੀ ਵਰਕਰ ਅਤੇ 594 ਹੋਰ ਵਲੰਟੀਅਰ ਸਿਹਤ ਵਿਭਾਗ ਦਾ ਸਹਿਯੋਗ ਕਰ ਰਹੇ ਹਨ।
         ਇਸ ਮੌਕੇ ਹੋਰ ਜਾਣਾਕਰੀ ਦਿੰਦੇ ਹੋਏ ਡਾਕਟਰ ਅਸ਼ੋਕ ਸਿੰਗਲਾ  ਜਿਲਾ ਟੀਕਾਕਰਣ ਅਫ਼ਸਰ ਨੇ ਦੱਸਿਆ ਕਿ ਇਸ ਪੋਲੀਓ ਖਾਤਮਾ ਮੁਹਿੰਮ ਦੌਰਾਨ ਜ਼ਿਲ੍ਹੇ ਅੰਦਰ  ਵੱਖ-ਵੱਖ ਬਲਾਕਾਂ ਅਤੇ ਸ਼ਹਿਰੀ ਖੇਤਰ ਵਿੱਚ ਟੀਮਾਂ ਨੂੰ ਲਾਮਬੰਦ ਕੀਤਾ ਗਿਆ ਹੈ, ਤਾਂ ਜੋ ਹਰ ਬੱਚੇ ਤੱਕ ਪੋਲੀਓ ਰਹਿਤ ਬੂੰਦਾਂ ਪਹੁੰਚ ਸਕਣ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਵੱਲੋਂ ਬੱਸ ਸਟੈਂਡ, ਰੇਲਵੇ ਸਟੇਸ਼ਨ ਅਤੇ ਹੋਰ ਜਨਤਕ ਥਾਵਾਂ 'ਤੇ 21 ਟਰਾਂਜ਼ਿਟ ਟੀਮਾਂ ਵੱਲੋਂ ਪੋਲੀਓ ਬੂੰਦਾਂ ਪਿਲਾਈਆਂ ਜਾਣਗੀਆਂ ਅਤੇ ਦੂਰ-ਦੁਰਾਡੇ ਦੇ ਇਲਾਕਿਆਂ ਵਿੱਚ ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾਉਣ ਲਈ ਲੋੜੀਦੀਆਂ ਮੋਬਾਇਲ ਟੀਮਾਂ ਲਗਾਈਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਇਸ ਮਕਸਦ ਲਈ 88 ਸੁਪਰਵਾਈਜ਼ਰ ਲਗਾਏ ਗਏ ਹਨ। 
        ਉਨ੍ਹਾਂ ਆਮ ਲੋਕਾਂ ਅਤੇ ਸਮਾਜ ਸੇਵੀ ਸੰਸਥਾਂਵਾਂ ਨੂੰ ਇਸ ਮੁਹਿੰਮ ਦੌਰਾਨ ਆਪਣੀ ਨੈਤਿਕ ਜ਼ਿੰਮੇਵਾਰੀ ਸਮਝਦੇ ਹੋਏ ਸਹਿਯੋਗ ਦੇਣ ਦੀ ਅਪੀਲ ਵੀ ਕੀਤੀ।

ਪੱਤਰਕਾਰ ਕਰਨੈਲ ਸਿੰਘ ਐਮ ਏ ਦਾ ਹੋਇਆ ਮਾਨ ਸਨਮਾਨ

ਗਿਆਨੀ ਕੌਰ ਸਿੰਘ ਜੀ ਕੋਠਾ ਗੁਰੂ, ਲੇਖਕ ਤੇ ਪੱਤਰਕਾਰ ਕਰਨੈਲ ਸਿੰਘ ਐੱਮ.ਏ. ਨੂੰ ਉਹਨਾਂ ਦੇ ਗ੍ਰਹਿ ਕੋਟਕਪੂਰਾ ਵਿਖੇ ਸਿਰੋਪਾਉ, ਲੋਈ, ਪੁਸਤਕਾਂ ਦਾ ਸੈੱਟ ਤੇ ਨਕਦ ਮਾਇਆ ਦੇ ਕੇ ਸਨਮਾਨਿਤ ਕਰਦੇ ਹੋਏ । ਉਹਨਾਂ ਦੇ ਨਾਲ ਭਾਈ ਕੁਲਦੀਪ ਸਿੰਘ ਜੀ ਧੀਮਾਨ ਤੇ ਕਰਨੈਲ ਸਿੰਘ ਐੱਮ.ਏ. ਦਾ ਪੁੱਤਰ ਕਾਕਾ ਹਰਨੂਰ ਸਿੰਘ ਵੀ ਨਜ਼ਰ ਆ ਰਹੇ ਹਨ
     (ਫੋਟੋ ਤੇ ਵੇਰਵਾ : ਕਰਨੈਲ ਸਿੰਘ ਐੱਮ.ਏ. ਲੁਧਿਆਣਾ)

ਗੜੇਮਾਰੀ ਨੇ ਪੰਜਾਬ ਵਿੱਚ ਕਈ ਥਾਂ ਹਲੋ ਬੇਹਾਲ ਕੀਤੇ

ਕੋਟਕਪੂਰਾ ਤੇ ਗੋਨਿਆਣਾ ਮੰਡੀ ਦੇ ਨੇੜਲੇ ਪਿੰਡ ਜੰਡਾਂਵਾਲਾ ਵਿਖੇ  ਮੀਂਹ ਪਿਆ। ਇਸ ਮੌਕੇ ਤੇ ਸਾਡੇ ਪੱਤਰਕਾਰ ਕਰਨੈਲ ਸਿੰਘ ਐੱਮ.ਏ. ਨੇ ਗੜੇਮਾਰੀ ਦੀ ਤਸਵੀਰ  ਕੈਮਰੇ ਵਿੱਚ ਕੈਦ ਕੀਤੀ।

ਪੰਜਾਬ ਦਾ ਸਭ ਤੋਂ ਵੱਡਾ ਖੂਨਦਾਨ ਕੈਂਪ ਅੱਜ ਲੱਗੇਗਾ

ਇਸ ਵਾਰ 2 ਹਜਾਰ ਯੂਨਿਟ ਇਕੱਠੇ ਕਰਨ ਦਾ ਟਿੱਚਾ – ਡਾ. ਹਿੰਦ   

ਅਹਿਮਦਗੜ੍ਹ, 03 ਮਾਰਚ (ਸਤਵਿੰਦਰ ਸਿੰਘ ਗਿੱਲ)-ਸਟੇਟ ਐਵਾਰਡੀ ਸੰਸਥਾ ਸੋਸ਼ਲ ਵੈਲਫੇਅਰ ਆਰਗੇਨਾਈਜੇਸ਼ਨ ਵਲੋਂ ਕੱਲ 3 ਮਾਰਚ ਨੂੰ ਲਗਾਏ ਜਾ ਰਹੇ 17ਵੇਂ ਮੈਗਾ ਖੂਨਦਾਨ ਕੈਂਪ ਦਾ ਉਦਘਾਟਨ ਲੁਧਿਆਣਾ ਦੇ ਪ੍ਰਸਿੱਧ ਡਾਕਟਰ ਬਲਦੀਪ ਸਿੰਘ (ਡਾਇਰੈਕਟਰ ਦੀਪ ਹਸਪਤਾਲ) ਕਰਨਗੇ। ਸੰਸਥਾ ਦੇ ਪ੍ਰਧਾਨ ਡਾ. ਸੁਨੀਤ ਹਿੰਦ ਅਤੇ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਰਵਿੰਦਰ ਪੁਰੀ ਵਲੋਂ ਡਾਕਟਰ ਬਲਦੀਪ ਸਿੰਘ ਨੂੰ ਸੱਦਾ ਪੱਤਰ ਦਿੱਤਾ ਗਿਆ। ਇਸ ਮੌਕੇ ਸੰਸਥਾ ਦੇ ਚੇਅਰਮੈਨ ਡਾ. ਰਾਜਿੰਦਰ ਮਿੱਤਲ,  ਡਾ. ਸੁਨੀਤ ਹਿੰਦ ਦੱਸਿਆ ਕਿ ਪੰਜਾਬ ਦੇ ਸਭ ਤੋਂ ਵੱਡੇ ਖੂਨਦਾਨ ਕੈਂਪ ਵਜੋਂ ਪਹਿਚਾਣ ਵਜੋਂ ਇਸ ਕੈਂਪ ਵਿੱਚ ਇਸ ਵਾਰ ਪੰਜਾਬ ਦੇ ਪ੍ਰਸਿੱਧ ਡਾਕਟਰਾਂ ਦੀ ਟੀਮ ਜਿਨ੍ਹਾਂ ਵਿੱਚ ਡਾਕਟਰ ਸੁਨੀਲ ਕਤਿਆਲ ਪ੍ਰਧਾਨ ਆਈ.ਐੱਮ.ਏ. ਪੰਜਾਬ, ਡਾਕਟਰ ਮਨੋਜ ਸੋਬਤੀ ਅਤੇ ਡਾਕਟਰ ਕਰਮਵੀਰ ਗੋਇਲ ਮੈਂਬਰ ਪੰਜਾਬ ਮੈਡੀਕਲ ਕੌਂਸਲ, ਡਾਕਟਰ ਪ੍ਰਿਤਪਾਲ ਸਿੰਘ ਪ੍ਰਧਾਨ ਆਈ.ਐੱਮ.ਏ. ਲੁਧਿਆਣਾ, ਸਾਬਕਾ ਪ੍ਰਧਾਨ ਡਾ. ਗੌਰਵ ਸੱਚਦੇਵਾ ਲੁਧਿਆਣਾ, ਡਾ. ਅਨਿਲ ਅਗਰਵਾਲ ਸੀ.ਈ.ਓ. ਸ਼੍ਰੀਰਾਮ ਜਨਰਲ ਇੰਸ਼ੋਰਸ਼ ਕੰਪਨੀ, ਡਾ. ਮਨਪ੍ਰੀਤ ਕੌਰ ਦੀਪ ਲੁਧਿਆਣਾ, ਡਾ. ਦੀਪ ਆਨੰਦ ਮਾਛੀਵਾੜਾ, ਡਾ. ਗਗਨਜੀਤ ਖੁਰਾਣਾ, ਡਾ. ਗੁਰਸਿਮਰਨ ਕੌਰ ਖੁਰਾਣਾ ਲੁਧਿਆਣਾ, ਡਾ. ਸਮਰਪ੍ਰਣ ਸਿੰਘ ਦੀਪ ਹਸਪਤਾਲ ਲੁਧਿਆਣਾ, ਡਾ. ਹਿਮਾਸ਼ੂ ਗੋਇਲ ਆਦਿ ਵਿਸ਼ੇਸ਼ ਕਰਕੇ ਹਾਜਿਰ ਹੋਣਗੇ। ਇਸ ਮੌਕੇ ਤੇ ਡਾ. ਬਲਦੀਪ ਸਿੰਘ ਨੇ ਖੂਨਦਾਨੀ ਸੰਸਥਾ ਦੀ ਭਰਭੂਰ ਸ਼ਲਾਘਾ ਕਰਦਿਆਂ ਇਲਾਕੇ ਦੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਸੰਖਿਆ ਵਿੱਚ ਖੂਨਦਾਨ ਕਰਨ ਲਈ ਆਉਣ।

ਗ਼ਦਰੀ ਬਾਬਾ ਭਾਨ ਸਿੰਘ ਸੁਨੇਤ ਦੇ ਸ਼ਹੀਦੀ ਦਿਨ ਤੇ ਮਸ਼ਾਲਾਂ ਬਾਲਕੇ ਰੱਖਣ ਦਾ ਹੋਕਾ

ਗ਼ਦਰੀ ਬਾਬਾ ਭਾਨ ਸਿੰਘ ਸੁਨੇਤ ਦੇ ਸ਼ਹੀਦੀ ਦਿਨ ਤੇ ਮਸ਼ਾਲਾਂ ਬਾਲਕੇ ਰੱਖਣ ਦਾ ਹੋਕਾ ਦਿੱਤਾ ਅਤੇ 10 ਮਾਰਚ ਨੂੰ ਇਹਨਾਂ ਦੀ ਕੁਰਬਾਨੀ ਨੂੰ ਦਰਸਾਉਂਦੀ ਕਿਤਾਬ ‘ਦਾਸਤਾਨ ਕਾਲੇ ਪਾਣੀਆਂ ਦੇ ਸ਼ਹੀਦ’ ਦੀ ਹੋਵੇਗੀ ਲੋਕ ਅਰਪਣ
ਲੁਧਿਆਣਾ, 3 ਮਾਰਚ (ਜਨ ਸ਼ਕਤੀ ਨਿਊਜ਼ ਬਿਊਰੋ )
 ਗ਼ਦਰ ਪਾਰਟੀ ਦੇ ਯੋਧੇ ਕਾਲ਼ੇ ਪਾਣੀਆਂ ਦੇ ਸ਼ਹੀਦ ਗ਼ਦਰੀ ਬਾਬਾ ਭਾਨ ਸਿੰਘ ਸੁਨੇਤ ਦੇ ਸ਼ਹੀਦੀ ਦਿਹਾੜੇ 2 ਮਾਰਚ ਨੂੰ ਸਥਾਨਕ ‘ਗ਼ਦਰੀ ਸ਼ਹੀਦ ਬਾਬਾ ਭਾਨ ਸਿੰਘ ਨੌਜਵਾਨ ਸਭਾ’ ਵੱਲੋਂ ਮਸ਼ਾਲਾਂ ਬਾਲ ਕੇ ਆਕਾਸ਼ ਗੁੰਜਾਉ ਨਾਅਰਿਆਂ ਨਾਲ ਸ਼ਹੀਦ ਬਾਬਾ ਭਾਨ ਸਿੰਘ ਨੂੰ ਸ਼ਰਧਾਂਜਲੀ ਦਿੱਤੀ ਗਈ। ਇਸ ਦੌਰਾਨ ਵੱਡੀ ਗਿਣਤੀ ਵਿੱਚ ਨੌਜਵਾਨਾਂ ਨੇ ਹਿੱਸਾ ਲਿਆ।
ਇਸ ਦੌਰਾਨ ਇਕੱਠ ਨੂੰ ਸਭਾ ਦੇ ਪ੍ਰਧਾਨ ਐਡਵੋਕੇਟ ਹਰਪ੍ਰੀਤ ਜ਼ੀਰਖ ਅਤੇ ਜਨਰਲ ਸਕੱਤਰ ਰਾਕੇਸ਼ ਆਜ਼ਾਦ ਨੇ ਸੰਬੋਧਨ ਕਰਦਿਆਂ ਸ਼ਹੀਦ ਬਾਬਾ ਭਾਨ ਸਿੰਘ ਦੀ ਦੇਸ਼ ਦੀ ਆਜ਼ਾਦੀ ਦੀ ਲੜਾਈ ਵਿੱਚ ਪਾਏ ਯੋਗਦਾਨ ਅਤੇ ਕੁਰਬਾਨੀ ਬਾਰੇ ਨੌਜਵਾਨਾਂ ਨੂੰ ਦੱਸਦਿਆਂ ਉਹਨਾਂ ਦੇ ਜੀਵਨ ਤੋਂ ਪ੍ਰੇਰਣਾ ਲੈ ਕੇ ਸਮਾਜ ਵਿੱਚ ਉਸਾਰੂ ਕਾਰਜਾਂ ਵਿੱਚ ਹਿੱਸਾ ਲੈਣ ਲਈ ਪ੍ਰੇਰਿਆ। ਉਨ੍ਹਾਂ ਕਿਹਾ ਮੌਜੂਦਾ ਸਮੇਂ ਵਿੱਚ ਕੇਂਦਰ ਦੀ ਆਰ ਐਸ ਐਸ/ ਭਾਜਪਾ ਸਰਕਾਰ ਦੇਸ਼ ਵਿੱਚ ਫਿਰਕੂ ਤਾਕਤਾਂ ਨੂੰ ਸ਼ਹਿ ਦੇ ਕੇ ਮੁਸਲਮਾਨਾਂ , ਦਲਿਤਾਂ ਅਤੇ ਘੱਟ-ਗਿਣਤੀਆਂ ਨੂੰ ਲਗਾਤਾਰ ਨਿਸ਼ਾਨਾ ਬਣਾ ਰਹੀ ਹੈ। ਮੌਜੂਦਾ ਸਰਕਾਰ ਧਰਮ ਦੇ ਨਾਮ ਤੇ ਲੋਕਾਂ ਨੂੰ ਆਪਸ ਚ ਵੰਡ ਕੇ ਲੋਕਾਂ ਤੇ ਲਗਾਤਾਰ ਆਰਥਿਕ ਹਮਲੇ ਤੇਜ਼ ਕਰ ਰਹੀ ਹੈ ਤੇ ਸਰਕਾਰੀ ਅਦਾਰਿਆਂ ਅਤੇ ਜਲ ਜੰਗਲ ਜ਼ਮੀਨ ਨੂੰ ਅਡਾਨੀ/ਅੰਬਾਨੀ ਵਰਗੇ ਪੂੰਜੀਪਤੀ ਘਰਾਣਿਆਂ ਨੂੰ ਕੌਡੀਆਂ ਦੇ ਭਾਅ ਵੇਚ ਰਹੀ ਹੈ। ਦੇਸ਼ ਵਿੱਚ ਨੌਜਵਾਨ ਬੇਰੁਜ਼ਗਾਰੀ ਦੀ ਦਲਦਲ ਵਿੱਚ ਲਗਾਤਾਰ ਧਸਦਾ ਜਾ ਰਿਹਾ ਹੈ। ਉਚੇਰੀ ਤੇ ਮਿਆਰੀ ਸਿੱਖਿਆ ਲਗਾਤਾਰ ਮਹਿੰਗੀ ਹੋ ਰਹੀ ਹੈ ਤੇ ਗ਼ਰੀਬ/ਮੱਧਵਰਗੀ ਵਿਦਿਆਰਥੀਆਂ ਤੋਂ ਦੂਰ ਹੁੰਦੀ ਜਾ ਰਹੀ ਹੈ। ਨੌਜਵਾਨ ਘੋਰ ਨਿਰਾਸ਼ਾ ਚੋਂ ਗੁਜ਼ਰ ਰਿਹਾ ਹੈ ਜਿਸ ਕਾਰਣ ਉਹ ਨਸ਼ਿਆਂ ਵੱਲ, ਗੈਂਗਵਾਰ ਵੱਲ ਧੱਕਿਆ ਜਾ ਰਿਹਾ ਹੈ ਜਾਂ ਵਿਦੇਸ਼ਾਂ ਵਿੱਚ ਧੱਕੇ ਖਾਣ ਲਈ ਮਜਬੂਰ ਹੋ ਰਿਹਾ ਹੈ। ਦੇਸ਼ ਦਾ ਮਜ਼ਦੂਰ ਤੇ ਕਿਸਾਨ ਗੰਭੀਰ ਸੰਕਟ ਦਾ ਸ਼ਿਕਾਰ ਹੋ ਕੇ ਖੁਦਕੁਸ਼ੀਆਂ ਦੇ ਰਾਹ ਪਿਆ ਹੋਇਆ ਹੈ ਬੁਲਾਰਿਆਂ ਨੇ ਕਿਹਾ ਅਜਿਹੇ ਸਮੇਂ ਵਿੱਚ ਸਭਾ ਇਹ ਸਮਝ ਰੱਖਦੀ ਹੈ ਕਿ ਨੌਜਵਾਨਾਂ ਨੂੰ ਅਤੇ ਤਮਾਮ ਸਤਾਏ ਹੋਏ ਵਰਗਾਂ ਨੂੰ ਇਨ੍ਹਾਂ ਸ਼ਹੀਦਾਂ ਗਦਰੀ ਬਾਬਿਆਂ ਦੇ ਸੰਘਰਸ਼ਾਂ ਤੋਂ ਸਿੱਖਦੇ ਹੋਏ ਚੰਗੇ ਅਤੇ ਲੁੱਟ ਰਹਿਤ ਸਮਾਜ ਦੀ ਸਿਰਜਣਾ ਲਈ ਗਦਰੀਆਂ ਦੇ ਸੁਫਨੇ ਪੂਰੇ ਕਰਨ ਲਈ ਲਗਾਤਾਰ ਸੰਘਰਸ਼ ਕਰਦੇ ਰਹਿਣਾ ਚਾਹੀਦਾ ਹੈ। ਇਸ ਦੌਰਾਨ ਇਕੱਠ ਨੇ ਬੀਤੇ ਦਿਨੀ ਦਿੱਲੀ ਵਿਖੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿਖੇ ਜਮਹੂਰੀ ਵਿਦਿਆਰਥੀ ਜੱਥੇਬੰਦੀਆਂ ਉੱਤੇ ਏਬੀਵੀਪੀ ਵੱਲੋਂ ਗੁੰਡਾ ਅੰਸਰਾਂ ਨਾਲ ਮਿਲ ਕੇ ਹਮਲੇ ਦੀ ਜ਼ੋਰਦਾਰ ਨਿਖੇਦੀ ਕੀਤੀ।
ਸ਼ਹੀਦ ਬਾਬਾ ਭਾਨ ਸਿੰਘ ਵੱਲੋਂ ਕਾਲੇ ਪਾਣੀ (ਅੰਡੇਮਾਨ) ਦੀ ਸੈਲੂਲਰ ਜੇਲ੍ਹ ਵਿੱਚ ਕੈਦ ਕੱਟਦਿਆਂ ਦਿੱਤੀ ਸ਼ਹੀਦੀ ਨੂੰ ਦਰਸਾਉਂਦੀ ਕਿਤਾਬ  ‘ਦਾਸਤਾਨ ਕਾਲੇ ਪਾਣੀ ਜੇਲ੍ਹ ਦੇ ਸ਼ਹੀਦ ਗ਼ਦਰੀ ਭਾਨ ਸਿੰਘ ਸੁਨੇਤ’ 10 ਮਾਰਚ ਨੂੰ ਕੀਤੇ ਜਾ ਰਹੇ ਵਿਸ਼ੇਸ਼ ਸਮਾਗਮ ਦੌਰਾਨ ਲੋਕ ਅਰਪਣ ਕੀਤੀ ਜਾਵੇਗੀ। ਇਸ ਕਿਤਾਬ ਵਿੱਚ ਦਰਜ ਸਮੱਗਰੀ ਜਿਸ ਵਿੱਚ ਵੱਖ ਵੱਖ ਖੋਜਕਾਰਾਂ ਵੱਲੋਂ ਉਸ ਮੌਕੇ ਮੌਜੂਦ ਦ੍ਰਸ਼ਕ ਗ਼ਦਰੀਆਂ ਦੇ ਹਵਾਲਿਆਂ ਨੂੰ ਉੱਘੇ ਚਿੰਤਕ ਬਲਬੀਰ ਲੌਂਗੋਵਾਲ ਜੀ ਵੱਲੋਂ ਸੰਪਾਦਿਤ ਕੀਤਾ ਗਿਆ ਹੈ।
ਉਪਰੋਕਤ ਸ਼ਰਧਾਂਲੀ ਸਮਾਗਮ ਵਿੱਚ ਹੋਰਨਾਂ ਤੋਂ ਇਲਾਵਾ ਸਭਾ ਦੇ ਜਗਜੀਤ ਗੁੜ੍ਹੇ ਕੁਲਵਿੰਦਰ ਸਿੰਘ, ਪ੍ਰਤਾਪ ਸਿੰਘ, ਅੰਮ੍ਰਿਤਪਾਲ ਸਿੰਘ, ਰਜੀਵ ਕੁਮਾਰ, ਜੈ ਪਾਲ ਸਿੰਘ, ਸ਼ਿਵਮ, ਅਰੁਣ ਕੁਮਾਰ ਆਦਿ ਹਾਜ਼ਰ ਸਨ ।

ਸਮਾਜ ਸੇਵੀ ਮਾਸਟਰ ਨਰੇਸ਼ ਸ਼ਰਮਾ ਨੇ ਪਿੰਡ ਘੜਾਮਾਂ ਦੀ ਸੱਥ ਨੂੰ ਤੋਹਫ਼ੇ ਵਜੋਂ ਪਾਰਕ ਬੈਂਚ ਭੇਟ ਕੀਤੇ

ਬਨੂੰੜ, 28 ਫਰਵਰੀ (ਗੁਰਬਿੰਦਰ ਸਿੰਘ ਰੋਮੀ): ਸਮਾਜ ਸੇਵੀ ਮਾਸਟਰ ਨਰੇਸ਼ ਸ਼ਰਮਾ ਵਾਸੀ ਰੋਪੜ ਵੱਲੋਂ ਪਿੰਡ ਘੜਾਮਾਂ ਕਲਾਂ ਅਤੇ ਖੁਰਦ ਦੀ ਸਾਂਝੀ ਸੱਥ ਨੂੰ ਤੋਹਫ਼ੇ ਵਜੋਂ ਚਾਰ ਪਾਰਕ-ਬੈਂਚ ਭੇਟ ਕੀਤੇ ਗਏ। ਜਿਸ ਬਾਰੇ ਅੰਗਰੇਜ ਸਿੰਘ ਗੱਜੂ (ਆਪਰੇਟਰ ਵਾਟਰ ਵਰਕਸ) ਨੇ ਉਨ੍ਹਾਂ ਦਾ ਉਚੇਚੇ ਤੌਰ 'ਤੇ ਸ਼ੁਕਰਾਨਾ ਕਰਦਿਆਂ ਦੱਸਿਆ ਕਿ ਸਾਡੀ ਇਸ ਸੱਥ ਵਿੱਚ ਪਿੰਡ ਵਾਸੀਆਂ ਦੀ ਰੌਣਕ ਤਾਂ ਲੱਗੀ ਹੀ ਰਹਿੰਦੀ ਹੈ। ਇਸਦੇ ਨਾਲ਼ ਹੀ ਇਸਦੇ ਬਨੂੰੜ-ਸ਼ੰਭੂ ਲਿੰਕ ਸੜਕ ਉੱਤੇ ਸਥਿਤ ਹੋਣ ਕਾਰਨ ਆਉਂਦੇ ਜਾਂਦੇ ਰਾਹਗੀਰ ਵੀ ਇੱਥੇ ਰੋਜ਼ਾਨਾ ਘੜੀ-ਪਲ ਆਰਾਮ ਕਰਨ ਲਈ ਆਮ ਹੀ ਰੁਕ ਜਾਂਦੇ ਹਨ। ਇਸ ਮੌਕੇ ਹਰਬੰਸ ਸਿੰਘ ਸੰਧੂ, ਬਲਜਿੰਦਰ ਸਿੰਘ ਖੰਨਾ, ਰਾਜਿੰਦਰ ਸਿੰਘ (ਕਾਕਾ ਚਿਕਨ ਕਾਰਨਰ), ਅਰਜਣ ਸਿੰਘ ਛੋਟਾ, ਗੁਰਮੁਖ ਸਿੰਘ ਵਿਰਕ, ਸੁਰਿੰਦਰ ਸਿੰਘ ਛਿੰਦਾ, ਗੁਰਸੇਵਕ ਸਿੰਘ ਬਾਬਾ ਅਤੇ ਮਿਸਤਰੀ ਸੰਤ ਰਾਮ ਹਾਜ਼ਰ ਸਨ।