ਬਰਨਾਲਾ, 6 ਮਾਰਚ ( ਗੁਰਸੇਵਕ ਸੋਹੀ )
ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਅੱਜ ਇੱਥੇ ਦੱਸਿਆ ਕਿ ਹੰਢਿਆਇਆ ਦੇ ਸ੍ਰੀ ਗੁਰੂ ਤੇਗ਼ ਬਹਾਦਰ ਸਟੇਡੀਅਮ ਦੇ ਨਵੀਨੀਕਰਨ ਲਈ 32.50 ਲੱਖ ਰੁਪਏ ਜਾਰੀ ਕੀਤੇ ਗਏ ਹਨ। ਸਟੇਡੀਅਮ ਦੇ ਨਵੀਨੀਕਰਨ ਦੇ ਕੰਮ ਦੀ ਖੇਡ ਵਿਭਾਗ ਨੇ ਸਿਧਾਂਤਕ ਪ੍ਰਵਾਨਗੀ ਦਿੰਦਿਆਂ ਨਗਰ ਪੰਚਾਇਤ ਹੰਢਿਆਇਆ ਨੂੰ ਫੰਡ ਜਾਰੀ ਕਰਨ ਦੀ ਮਨਜ਼ੂਰੀ ਦਿੱਤੀ ਗਈ ਹੈ।
ਮੀਤ ਹੇਅਰ ਨੇ ਦੱਸਿਆ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਵੱਲੋਂ ਖੇਡ ਵਿਭਾਗ ਨੂੰ ਸੂਬੇ ਵਿੱਚ ਖੇਡ ਸੱਭਿਆਚਾਰ ਪੈਦਾ ਕਰਨ ਲਈ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਤਹਿਤ ਖੇਡਾਂ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ ਅਤੇ ਨਵੀਆਂ ਖੇਡ ਨਰਸਰੀਆਂ ਤੇ ਖੇਡ ਸਟੇਡੀਅਮ ਵੀ ਬਣਾਏ ਜਾ ਰਹੇ ਹਨ।
ਖੇਡ ਮੰਤਰੀ ਮੀਤ ਹੇਅਰ ਨੇ ਦੱਸਿਆ ਕਿ ਹੰਢਿਆਇਆ ਕਸਬੇ ਨੇ ਵੱਡੇ ਖਿਡਾਰੀ ਪੈਦਾ ਕੀਤੇ ਹਨ ਖਾਸ ਕਰਕੇ ਬਾਸਕਿਟਬਾਲ ਤੇ ਨੈੱਟਬਾਲ ਖੇਡ ਵਿੱਚ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਤੇਗ਼ ਬਹਾਦਰ ਸਟੇਡੀਅਮ ਦੇ ਨਵੀਨੀਕਰਨ ਨਾਲ ਇੱਥੋਂ ਦੇ ਖਿਡਾਰੀਆਂ ਨੂੰ ਹੋਰ ਵੀ ਸਹੂਲਤਾਂ ਮਿਲਣਗੀਆਂ।