ਮੁੱਖ ਮੰਤਰੀ ਨੇ ਆਪਣੇ ਬੁਰੇ ਵਿਹਾਰ ਨਾਲ ਵਿਧਾਨ ਸਭਾ ਦਾ ਮਾਣ ਸਤਿਕਾਰ ਹੀ ਨਹੀਂ ਘਟਾਇਆ ਬਲਕਿ ਔਰਤਾਂ ਜਾਂ ਪੁਰਾਣੀ ਪੈਨਸ਼ਨ ਸਕੀਮ ਲਈ ਸੂਬੇ ਦੇ ਬਜਟ ਵਿਚ ਫੰਡ ਨਾ ਰੱਖ ਕੇ ਪੰਜਾਬੀਆਂ ਨਾਲ ਵੱਡਾ ਧਰੋਹ ਕਮਾਇਆ- ਹਰਸਿਮਰਤ ਕੌਰ ਬਾਦਲ

ਤਲਵੰਡੀ ਸਾਬੋ, 6 ਮਾਰਚ (ਗੁਰਜੰਟ ਸਿੰਘ ਨਥੇਹਾ)- ਸਾਬਕਾ ਕੇਂਦਰੀ ਮੰਤਰੀ ਤੇ ਬਠਿੰਡਾ ਦੇ ਐਮਪੀ ਬੀਬਾ ਹਰਸਿਮਰਤ ਕੌਰ ਬਾਦਲ ਨੇ ਅੱਜ ਕਿਹਾ ਕਿ ਇਹ ਬਹੁਤ ਹੀ ਸ਼ਰਮ ਵਾਲੀ ਗੱਲ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਬੁਰੇ ਵਿਹਾਰ ਨਾਲ ਨਾ ਸਿਰਫ ਵਿਧਾਨ ਸਭਾ ਦਾ ਮਾਣ ਸਤਿਕਾਰ ਘਟਾਇਆ ਬਲਕਿ ਸੂਬੇ ਦੇ ਬਜਟ ਵਿਚ ਔਰਤਾਂ ਨਾਲ ਕੀਤੇ ਵਾਅਦੇ ਤੇ ਪੁਰਾਣੀ ਪੈਨਸ਼ਨ ਸਕੀਮ ਨੂੰ ਲਾਗੂ ਕਰਨ ਲਈ ਕੋਈ ਫੰਡ ਅਲਾਟ ਨਾ ਕਰ ਕੇ ਪੰਜਾਬੀਆਂ ਨਾਲ ਵੱਡਾ ਧਰੋਹ ਕਮਾਇਆ ਹੈ। ਇਸ ਹਲਕੇ ਦੇ ਪਿੰਡ ਚੱਠੇਵਾਲਾ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਰਦਾਰਨੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਮੁੱਖ ਮੰਤਰੀ ਨੇ ਵਿਧਾਨ ਸਭਾ ਵਿਚ ਬਹਿਸ ਦਾ ਪੱਧਰ ਬਹੁਤ ਨੀਵਾਂ ਕਰ ਦਿੱਤਾ ਹੈ ਤੇ ਉਹ ਸਿਆਸੀ ਵਿਰੋਧੀਆਂ ਦੇ ਨਾਂ ਲੈ ਕੇ ਉਹਨਾਂ ਖਿਲਾਫ ਬਦਜ਼ੁਬਾਨੀ ਕਰਦੇ ਰਹੇ ਤੇ ਉਹਨਾਂ ਨੇ ਵਿਰੋਧੀਆਂ ਨੂੰ ਧਮਕੀਆਂ ਵੀ ਦਿੱਤੀਆਂ ਤੇ ਬੁਰਾ ਵਿਹਾਰ ਵੀ ਕੀਤਾ। ਉਹਨਾਂ ਕਿਹਾ ਕਿ ਇਸ ਤਰੀਕੇ ਤਾਂ ਗਲੀ ਦੇ ਗੁੰਡੇ ਵੀ ਨਹੀਂ ਲੜਦੇ। ਉਹਨਾਂ ਕਿਹਾ ਕਿ ਸਾਰਾ ਸੂਬਾ ਸ਼ਰਮਸ਼ਾਰ ਮਹਿਸੂਸ ਕਰ ਰਿਹਾ ਹੈ ਕਿ ਅਜਿਹੇ ਵਿਅਕਤੀ ਦੇ ਹੱਥ ਸੱਤਾ ਦੀ ਵਾਗਡੋਰ ਦੇ ਦਿੱਤੀ ਹੈ। ਬਠਿੰਡਾ ਦੇ ਐਮ ਪੀ ਨੇ ਕਿਹਾ ਕਿ ਇਹ ਬਹੁਤ ਹੀ ਹੈਰਾਨੀ ਵਾਲੀ ਗੱਲ ਹੈ ਕਿ ਆਮ ਆਦਮੀ ਪਾਰਟੀ (ਆਪ) ਸਰਕਾਰ ਨੇ 2024-25 ਦੇ ਬਜਟ, ਜੋ ਕੱਲ੍ਹ ਵਿਧਾਨ ਸਭਾ ਵਿਚ ਪੇਸ਼ ਕੀਤਾ ਗਿਆ, ਵਿਚ ਸਮਾਜ ਦੇ ਹਰ ਵਰਗ ਨੂੰ ਅਣਡਿੱਠ ਕੀਤਾ ਹੈ। ਉਹਨਾਂ ਕਿਹਾ ਕਿ ਮੁੱਖ ਮੰਤਰੀ ਨੇ ਦੋ ਸਾਲ ਪਹਿਲਾਂ ਸੂਬੇ ਵਿਚ ਸਾਰੀਆਂ ਔਰਤਾਂ ਨੂੰ ਇਕ-ਇਕ ਹਜ਼ਾਰ ਰੁਪਏ ਪ੍ਰਤੀ ਮਹੀਨਾ ਦੇਣ ਦਾ ਵਾਅਦਾ ਕੀਤਾ ਸੀ। ਉਹਨਾਂ ਕਿਹਾ ਕਿ ਹੁਣ ਇਹ ਸਰਕਾਰ ਦੋ ਸਾਲਾਂ ਤੋਂ ਸਕੀਮ ਲਾਗੂ ਕਰਨ ਵਿਚ ਨਾਕਾਮ ਰਹੀ ਹੈ ਤੇ ਹਰ ਔਰਤ ਦਾ 24-24 ਹਜ਼ਾਰ ਰੁਪਿਆ ਬਕਾਇਆ ਹੋ ਗਿਆ ਹੈ। ਉਹਨਾਂ ਕਿਹਾ ਕਿ ਇਹ ਬਹੁਤ ਹੀ ਨਿੰਦਣਯੋਗ ਗੱਲ ਹੈ ਕਿ ਸਕੀਮ ਲਈ ਹੁਣ ਵੀ ਪੈਸਾ ਅਲਾਟ ਨਹੀਂ ਕੀਤਾ ਗਿਆ। ਬੀਬਾ ਬਾਦਲ ਨੇ ਕਿਹਾ ਕਿ ਮੁੱਖ ਮੰਤਰੀ ਨੇ ਸੇਵਾ ਮੁਕਤ ਮੁਲਾਜ਼ਮਾਂ ਨੂੰ ਝੂਠ ਬੋਲਿਆ ਤੇ ਇਸ ਸਰਕਾਰ ਨੇ 2022 ਵਿਚ ਪੁਰਾਣੀ ਪੈਨਸ਼ਨ ਸਕੀਮ ਬਹਾਲੀ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਤੇ ਗੁਜਰਾਤ ਤੇ ਹਿਮਾਚਲ ਪ੍ਰਦੇਸ਼ ਚੋਣਾਂ ਵਿਚ ਇਹ ਸਕੀਮ ਪੰਜਾਬ ਵਿਚ ਲਾਗੂ ਕਰਨ ਦੇ ਦਾਅਵੇ ਕਰਕੇ ਇਸਦਾ ਖੂਬ ਪ੍ਰਚਾਰ ਕੀਤਾ ਜਦੋਂ ਕਿ ਸਰਕਾਰ ਅੱਜ ਤੱਕ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ ਵਿਚ ਨਾਕਾਮ ਰਹੀ ਹੈ ਤੇ ਇਸਨੇ 2024-25 ਦੇ ਬਜਟ ਵਿਚ ਇਸ ਸਕੀਮ ਵਾਸਤੇ ਕੋਈ ਫੰਡ ਨਹੀਂ ਰੱਖੇ ਜਿਸ ਤੋਂ ਸਪਸ਼ਟ ਹੈ ਕਿ ਇਹ ਸਕੀਮ ਨੇੜਲੇ ਭਵਿੱਖ ਵਿਚ ਬਹਾਲ ਨਹੀਂ ਹੋਵੇਗੀ। ਬੀਬਾ ਬਾਦਲ ਨੇ ਜ਼ੋਰ ਦੇ ਕੇ ਕਿਹਾ ਕਿ ਕਿਸਾਨਾਂ, ਨੌਜਵਾਨ ਤੇ ਸਮਾਜ ਦੇ ਕਮਜ਼ੋਰ ਵਰਗਾਂ ਵਾਸਤੇ ਕੱਖ ਵੀ ਨਹੀਂ ਕੀਤਾ ਗਿਆ। ਉਹਨਾਂ ਕਿਹਾ ਕਿ ਕਿਸਾਨ ਪਿਛਲੇ ਦੋ ਸਾਲਾਂ ਤੋਂ ਹੜ੍ਹਾਂ ਤੇ ਗੜ੍ਹੇਮਾਰੀ ਕਾਰਨ ਹੋਏ ਫਸਲੀ ਨੁਕਸਾਨ ਦਾ ਹੁਣ ਤੱਕ ਮੁਆਵਜ਼ਾ ਉਡੀਕ ਰਹੇ ਹਨ। ਉਹਨਾਂ ਕਿਹਾ ਕਿ ਨਰਮੇ ’ਤੇ ਗੁਲਾਬੀ ਸੁੰਡੀ ਦਾ ਹਮਲਾ ਹੋਣ ਦੇ ਬਾਵਜੂਦ ਨਰਮਾ ਕਿਸਾਨਾਂ ਨੂੰ ਕੋਈ ਮੁਆਵਜ਼ਾ ਨਹੀਂ ਦਿੱਤਾ ਗਿਆ। ਉਹਨਾਂ ਕਿਹਾ ਕਿ ਹੁਣ ਵੀ ਕੁਝ ਦਿਨ ਪਹਿਲਾਂ ਜਿਹਨਾਂ ਕਿਸਾਨਾਂ ਦੀ ਕਣਕ ਦੀ ਫਸਲ ਗੜ੍ਹੇਮਾਰੀ ਕਾਰਨ ਨੁਕਸਾਨੀ ਗਈ ਹੈ, ਉਹ ਸਰਕਾਰ ਤੋਂ ਰਾਹਤ ਦੀ ਉਡੀਕ ਕਰ ਰਹੇ ਹਨ। ਉਹਨਾਂ ਕਿਹਾ ਕਿ ਇਹ ਬਹੁਤ ਹੀ ਨਿੰਦਣਯੋਗ ਗੱਲ ਹੈ ਕਿ ਜ਼ਿਲ੍ਹੇ ਤੋਂ ਹੋਣ ਦੇ ਬਾਵਜੂਦ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਕੋਲ ਮੁਸੀਬਤ ਮਾਰੇ ਕਿਸਾਨਾਂ ਦੀ ਸਾਰ ਲੈਣ ਦਾ ਸਮਾਂ ਨਹੀਂ ਹੈ। ਬਠਿੰਡਾ ਦੇ ਐਮ ਪੀ, ਜਿਹਨਾਂ ਨੇ ਪਿੰਡ ਸ਼ੇਖਪੁਰਾ, ਨੰਗਲਾ, ਨਥੇਹਾ ਤੇ ਗੋਲੇਵਾਲਾ ਦਾ ਦੌਰਾ ਕੀਤਾ, ਨੇ ਕਿਹਾ ਕਿ ਹਰ ਪਾਸੇ ਲੋਕ ਸ਼ਿਕਾਇਤਾਂ ਕਰ ਰਹੇ ਹਨ ਕਿ ਸੜਕਾਂ, ਸਟਰੀਟ ਲਾਈਟਾਂ ਤੇ ਪਾਣੀ ਦੀਆਂ ਟੈਂਕੀਆ ਬਣਾਉਣ ਵਰਗੇ ਬੁਨਿਆਦੀ ਵਿਕਾਸ ਕਾਰਜ ਵੀ ਠੱਪ ਹੋਏ ਪਏ ਹਨ। ਉਹਨਾਂ ਕਿਹਾ ਕਿ ਬਜਟ ਨੇ ਸਾਬਤ ਕਰ ਦਿੱਤਾ ਹੈ ਕਿ ਕੀ ਹੋ ਰਿਹਾ ਹੈ। ਵਿੱਤ ਮੰਤਰੀ ਨੇ ਸਪਸ਼ਟ ਕਿਹਾ ਹੈ ਕਿ ਸੂਬੇ ਦੀ ਆਮਦਨ 2 ਲੱਖ ਕਰੋੜ ਰੁਪਏ ਹੈ ਤੇ ਖਰਚਾ 4 ਲੱਖ ਕਰੋੜ ਰੁਪਏ ਹੈ। ਉਹਨਾਂ ਕਿਹਾ ਕਿ 2 ਲੱਖ ਕਰੋੜ ਰੁਪਏ ਦੇ ਬਜਟ ਵਿਚ 7500 ਕਰੋੜ ਰੁਪਏ ਪੂੰਜੀਗਤ ਖਰਚੇ ਲਈ ਰੱਖੇ ਹਨ ਜਿਸ ਕਾਰਨ ਬੁਨਿਆਦੀ ਢਾਂਚੇ ਦੀ ਸਿਰਜਣਾ ਬੰਦ ਹੋ ਗਈ ਹੈ।