ਪੰਜਾਬੀ ਯੂਨੀਵਰਸਿਟੀ ਗੁਰੂ ਕਾਸ਼ੀ ਕੈਂਪਸ ਦਮਦਮਾ ਸਾਹਿਬ ਵਿਖੇ ਪੁਸਤਕ ਮੇਲੇ ਦਾ ਆਗਾਜ਼

ਤਲਵੰਡੀ ਸਾਬੋ, 6 ਮਾਰਚ (ਗੁਰਜੰਟ ਸਿੰਘ ਨਥੇਹਾ)-ਪੰਜਾਬੀ ਯੂਨੀਵਰਸਿਟੀ ਗੁਰੂ ਕਾਸ਼ੀ ਕੈਂਪਸ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਗੁਰੂ ਕਾਸ਼ੀ ਸ਼ੋਸ਼ਲ ਸਾਇੰਸਜ਼ ਅਤੇ ਭਾਸ਼ਾਵਾਂ ਵਿਭਾਗ ਵੱਲੋਂ 3 ਰੋਜ਼ਾ ਦੂਜਾ ਦਮਦਮਾ ਸਾਹਿਬ ਸਾਹਿਤਕ ਮੇਲੇ ਦਾ ਆਗਾਜ਼ ਹੋਇਆ। ਮੇਲੇ ਦੇ ਉਦਘਾਟਨੀ ਸਮਾਰੋਹ ਵਿੱਚ ਕੈਂਪਸ ਡਾਇਰੈਕਟਰ ਪ੍ਰੋ. ਕਮਲਜੀਤ ਸਿੰਘ ਨੇ ਆਪਣੀ ਰਸਮੀ ਭਾਸ਼ਣ ਵਿੱਚ ਅਜੋਕੇ ਦੌਰ ਵਿੱਚ ਸਿੱਖਿਆ ਦੇ ਹੋ ਰਹੇ ਵਪਾਰੀਕਰਨ ਉੱਪਰ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਇਸ ਸਮੇਂ ਸਾਹਿਤਕ ਮੇਲਿਆਂ ਦੀ ਬਹੁਤ ਲੋੜ ਹੈ ਜੋ ਬੱਚਿਆਂ ਦਾ ਸਰਵਪੱਖੀ ਵਿਕਾਸ ਕਰਦੇ ਹਨ।
ਇਸ ਦੌਰਾਨ ਡਾ. ਅਮਨਦੀਪ ਸੇਖੋਂ ਨੇ ਮੁੱਖ ਮਹਿਮਾਨ ਅਤੇ ਬਾਹਰੋਂ ਆਏ ਮਹਿਮਾਨਾਂ ਨੂੰ ਜੀ ਆਇਆਂ ਆਖਿਆ। ਭਾਸ਼ਾਵਾਂ ਵਿਭਾਗ ਦੇ ਸੀਨੀਅਰ ਅਧਿਆਪਕ ਡਾ. ਸੰਦੀਪ ਰਾਣਾ ਨੇ ਸਾਹਿਤਕ ਕਲਾਵਾਂ ਨੂੰ ਨਿਖਾਰਨ ਲਈ ਸਾਹਿਤਕ ਸਮਾਰੋਹਾਂ ਦਾ ਆਯੋਜਨ ਸਾਰਥਿਕ ਦੱਸਿਆ। ਇਸ ਉਪਰੰਤ ਗੁਰੂ ਕਾਸ਼ੀ ਸੋਸ਼ਲ ਸਾਇੰਸਜ਼ ਵਿਭਾਗ ਦੇ ਮੁਖੀ ਡਾ. ਬਲਦੇਵ ਸਿੰਘ ਸ਼ੇਰਗਿੱਲ ਨੇ ਉਦਘਾਟਨੀ ਸਮਾਰੋਹ ਦੇ ਅਖੀਰ ਵਿੱਚ ਇਸ ਸਾਹਿਤਕ ਮੇਲੇ ਨੂੰ ਕਰਵਾਉਣ ਵਿੱਚ ਦਿੱਤੇ ਸਹਿਯੋਗ ਲਈ ਪੰਜਾਬੀ ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋ. ਅਰਵਿੰਦ ਅਤੇ ਕੈਂਪਸ ਡਾਇਰੈਕਟਰ ਦਾ ਵਿਸ਼ੇਸ਼ ਧੰਨਵਾਦ ਕੀਤਾ ਅਤੇ ਆਨਲਾਈਨ ਕਿਤਾਬ ਘਰ ਦਾ ਇਸ ਸਾਹਿਤਕ ਮੇਲੇ ਨੂੰ ਵੱਡੇ ਪੱਧਰ 'ਤੇ ਸਹਿਯੋਗ ਦੇਣ ਲਈ ਧੰਨਵਾਦ ਕੀਤਾ। ਮੇਲੇ ਦੀ ਦੂਜੀ ਬੈਠਕ ਦੇ ਮੁੱਖ ਬੁਲਾਰੇ ਗੁਰਪ੍ਰੀਤ ਆਰਟਿਸਟ, ਭੁਪਿੰਦਰ ਮਾਨ ਅਤੇ ਖੁਸ਼ਵੰਤ ਬਰਗਾੜੀ ਨੇ 'ਸਾਹਿਤਕ ਮੇਲਿਆਂ ਦੀ ਸਾਰਥਿਕਤਾ ਦਾ ਸੁਆਲ' ਵਿਸ਼ੇ 'ਤੇ ਗੱਲ ਕੀਤੀ। ਇਸ ਸੈਸ਼ਨ ਦੌਰਾਨ ਖੁਸ਼ਵੰਤ ਬਰਗਾੜੀ ਨੇ ਨੌਜਵਾਨਾਂ ਵਿੱਚ ਸੋਸ਼ਲ ਮੀਡੀਆ ਦੇ ਵਧ ਰਹੇ ਰੁਝਾਨ ਨੂੰ ਰੋਕਣ ਲਈ ਇਹਨਾਂ ਮੇਲਿਆਂ ਦੀ ਸ਼ਲਾਘਾ ਕੀਤੀ। ਇਸ ਸਮੇਂ ਗੁਰਪ੍ਰੀਤ ਆਰਟਿਸਟ ਅਤੇ ਭੁਪਿੰਦਰ ਮਾਨ ਨੇ ਕਿਤਾਬਾਂ ਨਾਲ ਜੁੜਨ ਦੀ ਗੱਲ ਕੀਤੀ। ਤੀਜੀ ਬੈਠਕ ਦੌਰਾਨ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੇ ਮੀਤ ਪ੍ਰਧਾਨ ਜਸਪਾਲ ਮਾਨਖੇੜਾ ਜੀ ਦਾ ਰੂਬਰੂ ਕਰਵਾਇਆ ਗਿਆ। ਪਹਿਲੇ ਦਿਨ ਦੇ ਅਖ਼ੀਰਲੇ ਸੈਸ਼ਨ ਵਿੱਚ ਕਹਾਣੀਕਾਰ ਅਤਰਜੀਤ ਨੇ 'ਕਹਾਣੀ' ਦੇ ਵਿਸ਼ੇ ਉੱਪਰ ਵਿਸ਼ੇਸ਼ ਗੱਲ ਕੀਤੀ। ਇਸ ਮੇਲੇ ਦੇ ਕੋਆਰਡੀਨੇਟਰ ਡਾ. ਵੀਰਪਾਲ ਕੌਰ ਅਤੇ ਸ੍ਰੀ ਸਤਨਾਮ ਸਿੰਘ ਵਾਹਿਦ ਰਹੇ। ਵੱਖ-ਵੱਖ ਬੈਠਕਾਂ ਦੇ ਦੌਰਾਨ ਮੰਚ ਸੰਚਾਲਨ ਦ ਕਾਰਜ ਡਾ. ਅਮਨਦੀਪ ਸੇਖੋਂ, ਡਾ. ਮਨਮਿੰਦਰ ਕੌਰ, ਡਾ. ਵੀਰਪਾਲ ਕੌਰ, ਕਰਮਜੀਤ ਸਿੰਘ ਨੇ ਕੀਤਾ। ਇਸ ਮੇਲੇ ਨੇ ਕੋਆਰਡੀਨੇਟਰ ਵਾਹਿਦ ਅਤੇ ਡਾ. ਵੀਰਪਾਲ ਕੌਰ ਹਨ।