ਆਓ ਜਾਣੀਏ ਕੀ ਹੁੰਦਾ ਹੈ ਆਪਣਿਆ ਦੇ ਵਿਛੋੜੇ ਦਾ ਦਰਦ ✍️. ਗਗਨਦੀਪ ਧਾਲੀਵਾਲ ਝਲੂਰ (ਬਰਨਾਲਾ)

ਦੋਸਤੋਂ ਕਿਸੇ ਆਪਣੇ ਦੇ ਵਿਛੜਨ ਜਾਣ ਦਾ ਦਰਦ ਸਿਰਫ ਓਹੀ ਸਮਝ ਸਕਦੇ ਹਨ ਜਿਨ੍ਹਾਂ ਨਾਲ ਖ਼ੁਦ ਬੀਤੀ ਹੋਵੇ।ਦੋਸਤੋ ਵਿਛੋੜੇ ਦਾ ਦਰਦ ਅਜਿਹਾ ਦਰਦ ਹੈ ਜਿਸਦਾ ਕੋਈ ਇਲਾਜ ਨਹੀਂ ਹੈ ਜੋ ਦਵਾਈ ਲੈਣ ਤੇ ਹਟ ਜਾਵੇ ।ਇਹ ਤਾਂ ਦੂਜਿਆ ਲਈ ਬੱਸ ਇੱਕ ਚਾਰ ਕੁ ਦਿਨਾਂ ਦਾ ਮੇਲਾ ਹੀ ਹੁੰਦਾ ਹੈ ਵਿਛੋੜਾ ਤਾਂ ਇਕੱਲਿਆ ਨੂੰ ਹੀ ਜਰਨਾ ਪੈਂਦਾ ਹੈ ।ਵਿਛੋੜੇ ਦੇ ਦਰਦ ਦਾ ਅਹਿਸਾਸ ਕਈ ਲੋਕਾਂ ਨੂੰ ਇਸ ਕਰੋਨਾ ਕਾਲ ਵਿੱਚ ਹੋਈਆਂ ਅਨੇਕਾਂ ਮੌਤਾਂ ਦੇ ਕਾਰਨ ਹੀ ਮਹਿਸੂਸ ਹੋਇਆ ਹੋਵੇਗਾ ।ਕਿਉਕਿ ਦੋਸਤੋਂ ਇਹ ਅਜਿਹਾ ਦੌਰ ਚੱਲ ਰਿਹਾ ਹੈ ਕਿ ਕਿਸੇ ਦੀ ਮੌਤ ਹੋ ਜਾਣ ‘ਤੇ ਵੀ ਕੋਈ ਸੱਜਣ ਬੇਲੀ ਰਿਸ਼ਤੇਦਾਰ ਵੀ ਨਹੀਂ ਆਉਂਦਾ ।ਇਸ ਕਰੋਨਾ ਕਾਲ ਕਾਰਨ ਰਿਸ਼ਤਿਆਂ ‘ਚ ਦੂਰੀ ਬਹੁਤ ਵੱਧ ਗਈ ਹੈ ।ਖ਼ੂਨ ਸਫ਼ੈਦ ਹੋ ਗਏ ਹਨ ਆਪਣਿਆ ਦੇ ਦੂਰ ਜਾਣ ਦਾ ਅਹਿਸਾਸ ਤੱਕ ਨਹੀਂ ਰਿਹਾ।ਲਾਸ਼ ਨੂੰ ਹੱਥ ਤੱਕ ਨਹੀਂ ਲਾਇਆ ਜਾਂਦਾ ।ਬੇਗਾਨਿਆਂ ਦੀ ਤਰ੍ਹਾਂ ਸ਼ਮਸ਼ਾਨ -ਘਾਟ ਵਿੱਚ ਜਲਣ ਲਈ ਸੁੱਟ ਆਉਂਦੇ ਹਨ ।ਹੁਣ ਤਾਂ ਤੀਜੇ ਦਿਨ ਹੀ ਪਾਠ ਦਾ ਭੋਗ ਪਾ ਦਿੱਤਾ ਜਾਂਦਾ ਹੈ।ਪਰ ਦੋਸਤੋ ਕਈ ਪਰਿਵਾਰ ਅਜਿਹੇ ਹਨ ਜੋ ਅੱਜ ਵੀ ਆਪਣੇ ਕਿਸੇ ਦੀ ਮੌਤ ਦਾ ਦੁੱਖ ਸਹਿ ਰਹੇ ਹਨ। ਆਪਣੇ ਆਪ ਨੂੰ ਇਕੱਲਾ ਮਹਿਸੂਸ ਕਰ ਰਹੇ ਹਨ ।ਦੋਸਤੋ ਆਪਣੇ ਕਿਸੇ ਕਰੀਬੀ ਦੀ ਮੌਤ ਤੋਂ ਵੱਡਾ ਕੋਈ ਗ਼ਮ ਨਹੀਂ ।ਪਰਿਵਾਰ ਵਿੱਚ ਵਾਪਰੀਆਂ ਘਟਨਾਵਾਂ ਕਈ ਵਾਰ ਇਨਸਾਨ ਨੂੰ ਤੋੜ ਦਿੰਦੀਆਂ ਹਨ।ਜਦੋਂ ਕੋਈ ਆਪਣਾ ਦੂਰ ਹੋ ਜਾਂਦਾ ਹੈ ਤਾਂ ਅਸੀਂ ਮਹਿਸੂਸ ਕਰਦੇ ਹਾਂ ਕਿ ਸਾਡਾ ਸਾਰਾ ਕੁੱਝ ਲੁੱਟਿਆ ਗਿਆ ਹੈ ਹਾਸੇ - ਚਾਅ ਆਦਿ ।ਅਸੀਂ ਹਮੇਸ਼ਾ ਲਈ ਗਵਾ ਲਿਆ ਹੈ ਜੋ ਕਦੇ ਮੁੜ ਕੇ ਵਾਪਿਸ ਨਹੀਂ ਆਵੇਗਾ। ਕਈ ਵਾਰ ਪਰਿਵਾਰ ਵਿੱਚ ਮੰਦਭਾਗੀ ਘਟਨਾ ਘਟ ਜਾਂਦੀ ਹੈ ਜਵਾਨ ਧੀ -ਪੁੱਤ ਮਾਪਿਆਂ ਤੋਂ ਪਹਿਲਾ ਹੀ ਦੁਨੀਆਂ ਤੋਂ ਤੁਰ ਜਾਂਦੇ ਹਨ ਸੋਚੋ ਜਿਸ ਇਨਸਾਨ ’ਤੇ ਦੁੱਖਾਂ ਦਾ ਇੰਨਾ ਵੱਡਾ ਪਹਾੜ ਟੁੱਟ ਪਿਆ ਹੋਵੇ,ਤੇ ਸਾਇਦ ਉਹ ਹਮੇਸ਼ਾ ਲਈ ਹਾਸਾ ਭੁੱਲ ਗਏ ਹੋਣ।ਉਹ ਕਦੇ ਦੁਬਾਰਾ ਖ਼ੁਸ਼ ਨਾ ਹੋ ਪਾਉਣ।ਅਜਿਹਾ ਸੋਗ ਉਹਨਾਂ ਦੀ ਜ਼ਿੰਦਗੀ ਨੂੰ ਘੁਣ ਵਾਂਗ ਖਾ ਜਾਂਦਾ ਹੈ।ਥੋੜ੍ਹਾ ਸਮਾਂ ਹੀ ਰਿਸ਼ਤੇਦਾਰ ਮਿੱਤਰ ਸੋਗ ਵਿੱਚ ਸ਼ਾਮਿਲ ਹੁੰਦੇ ਹਨ ਤੇ ਫਿਰ ਦੋਸਤ ਆਪਣੇ ਕੰਮਾਂ-ਕਾਰਾਂ ਵਿਚ ਰੁੱਝ ਜਾਂਦੇ ਹਨ। ਕਈ ਲੋਕ ਤਾਂ ਇਹ ਕਹਿ ਦਿੰਦੇ ਹਨ ਕਿ ਸਾਡਾ ਔਖਾ ਸਮਾਂ ਕਿਸੇ ਨੇ ਨਹੀਂ ਲੰਘਾਇਆ ਪਰ ਬਹੁਤ ਸਾਰੇ ਲੋਕ ਇਸ ਗੱਲ ਦੀ ਕਦਰ ਕਰਦੇ ਹਨ ਰਿਸਤੇਦਾਰਾਂ ਦੋਸਤਾਂ ਨੇ ਉਨ੍ਹਾਂ ਦਾ ਮਨ ਹਲਕਾ ਕਰਨ ਵਿਚ ਮਦਦ ਕੀਤੀ ਹੈ । ਦੋਸਤੋਂ ਕਿਹਾ ਜਾਂਦਾ ਹੈ ਕਿ ਦੁੱਖ ਸਾਂਝਾ ਕਰਨ ਨਾਲ ਦਰਦ ਘਟ ਜਾਂਦਾ ਹੈ, ਤੇ ਖੁਸ਼ੀ ਸਾਂਝੀ ਕਰਨ ਨਾਲ ਵਧ ਜਾਂਦੀ ਹੈ।ਦੋਸਤੋ ਤੁਰ ਜਾਣ ਵਾਲਿਆ ਦੀ ਥਾਂ ਤਾਂ ਕੋਈ ਲੈ ਨਹੀਂ ਸਕਦਾ ਨਾ ਹੀ ਉਹ ਜ਼ਖ਼ਮ ਭਰ ਸਕਦਾ ਹੈ ਪਰ ਪਿਆਰ ਭਰੀਆਂ ਗੱਲਾਂ ਨਾਲ ਅਸੀਂ ਦਿਲਾਸਾ ਦੇ ਸਕਦੇ ਹਾਂ ਅਤੇ ਮਦਦ ਕਰ ਸਕਦੇ ਹਾਂ।
ਅੰਗਰੇਜ਼ੀ ਵਿਦਵਾਨ ਜਾਰਜ ਇਲੀਅਟ ਨੇ ਲਿਖਿਆ ਹੈ ਕਿ ਵਿਛੋੜੇ ਦੇ ਦਰਦ ਦੀ ਗਹਿਰਾਈ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਵਿਛੜੀ ਰੂਹ ਨਾਲ ਤੁਹਾਡਾ ਕੀ ਸਬੰਧ ਸੀ, ਕਿੰਨਾ ਕੁ ਪਿਆਰ ਸੀ, ਕਿੰਨੀ ਕੁ ਹਮ-ਖਿਆਲ ਸੀ ਅਤੇ ਕਿੰਨਾ ਕੁ ਲੰਮਾ ਵਾਹ-ਵਾਸਤਾ ਸੀ।ਦੋਸਤੋਂ ਆਪਣਿਆ ਦੇ ਵਿੱਛੜ ਜਾਣ ‘ਤੇ ਇੰਝ ਮਹਿਸੂਸ ਹੁੰਦਾ ਕਿ ਚੀਕਾਂ ਮਾਰ-ਮਾਰ ਆਪਣਾ ਆਪ ਗਵਾ ਲਈਏ ।ਪਰ ਸਮਾਂ ਬਹੁਤ ਬਲਵਾਨ ਹੁੰਦਾ ਹੈ ਉਸਦੇ ਅੱਗੇ ਕਿਸੇ ਦੀ ਪੇਸ਼ ਨਹੀ ਚੱਲਦੀ ।ਬੱਸ ਕੁਦਰਤ ਦਾ ਭਾਣਾ ਮੰਨ ਕੇ ਹੀ ਆਪਣੇ ਆਪ ਨੂੰ ਪਰਿਵਾਰ ਲਈ ਬੱਚਿਆ ਲਈ ਜਿਊਣਾ ਪੈਂਦਾ ਹੈ।