ਭਾਕਿਯੂ ਉਗਰਾਹਾਂ ਨੇ ਤਲਵੰਡੀ ਸਾਬੋ ਤਹਿਸੀਲ ਕੰਪਲੈਕਸ 'ਚ ਧਰਨਾ ਲਗਾ ਕੇ ਕਿਸਾਨ ਦੀ ਕੁਰਕੀ ਰੁਕਵਾਈ।

ਤਲਵੰਡੀ ਸਾਬੋ, 06 ਮਾਰਚ ਗੁਰਜੰਟ ਨਥੇਹਾ)- ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਤਲਵੰਡੀ ਸਾਬੋ ਵੱਲੋਂ ਬਲਾਕ ਪ੍ਰਧਾਨ ਬਹੱਤਰ ਸਿੰਘ ਨੰਗਲਾ ਦੀ ਅਗਵਾਈ ਹੇਠ ਤਹਿਸੀਲ ਕੰਪਲੈਕਸ ਤਲਵੰਡੀ ਸਾਬੋ ਦੇ ਸਾਹਮਣੇ ਧਰਨਾ ਲਗਾ ਕੇ ਚੱਠੇਵਾਲਾ ਦੇ ਕਿਸਾਨ ਬਲਦੇਵ ਸਿੰਘ ਪੁੱਤਰ ਜੀਤ ਸਿੰਘ ਦੀ ਜਮੀਨ ਦੀ ਕੁਰਕੀ ਰੁਕਵਾਈ ਜੋ ਰਾਮਾਂ ਮੰਡੀ ਦੇ ਆੜਤੀਏ ਸੋਕੀ-ਭੋਲੀ  ਵੱਲੋਂ ਲਗਾਤਾਰ ਲਿਆਂਦੀ ਜਾ ਰਹੀ ਹੈ। ਜਥੇਬੰਦੀ ਦੇ ਆਗੂਆਂ ਨੇ ਦੱਸਿਆ ਕਿ ਕਿਸਾਨ ਬਲਦੇਵ ਸਿੰਘ ਪਿਛਲੇ ਦਿਨੀ ਮਾਨਯੋਗ ਅਦਾਲਤ ਵੱਲੋਂ 92 ਦਿਨਾਂ ਦੀ ਦਿੱਤੀ ਸਜ਼ਾ ਅਜੇ ਕੱਟ ਕੇ ਆਇਆ ਹੈ ਹੁਣ ਫ਼ੇਰ ਕੁਰਕੀ ਲਿਆਦੀ ਜਾ ਰਹੀ ਹੈ। ਇਸ ਸਮੇਂ ਜਿਲਾ ਜਰਨਲ ਸਕੱਤਰ ਹਰਜਿੰਦਰ ਸਿੰਘ ਬੱਗੀ ਤੇ ਜਿਲਾ ਆਗੂ ਜਗਦੇਵ ਸਿੰਘ ਜੋਗੇਵਾਲਾ ਨੇ ਦੱਸਿਆ ਕਿ ਸੋਕੀ-ਭੋਲੀ ਉਹੀ ਆੜਤੀਏ ਹਨ ਜੋ 2004 ਵਿਚ ਚੱਠੇਵਾਲਾ ਵਿਖੇ ਕੁਰਕੀ ਲੈਕੇ ਆਏ ਸਨ ਤੇ ਲਗਾਤਾਰ ਕਿਸਾਨਾਂ ਦੀਆਂ ਕੁਰਕੀਆਂ ਲੈਕੇ ਆ ਰਹੇ ਹਨ ਪਰ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾ ਵੱਲੋਂ ਲਗਾਤਾਰ ਵਿਰੋਧ ਦੇ ਬਾਵਜੂਦ ਵਾਪਸ ਮੋੜੀ ਜਾਂਦੀ ਰਹੀ ਹੈ, ਕਾਂਗਰਸ, ਅਕਾਲੀ ਦਲ ਤੇ ਹੁਣ ਆਮ ਆਦਮੀ ਪਾਰਟੀ ਲਗਾਤਾਰ ਲੋਟੂ ਟੋਲਿਆਂ ਦੀ ਮਦਦ ਕਰ ਰਹੀਆਂ ਹਨ ਪਰ ਗਰੀਬ ਕਿਸਾਨ ਮਜਦੂਰਾਂ ਦੇ ਵਿਰੁੱਧ ਭੁਗਤਦੀਆਂ ਆ ਰਹੀਆਂ ਹਨ ਪਰ ਜਥੇਬੰਦੀ ਕਿਸੇ ਵੀ ਹਾਲਤ ਵਿੱਚ ਜਮੀਨ ਦੀ ਕੁਰਕੀ ਨਹੀਂ ਹੋਣਾ ਦੇਵੇਗੀ। ਇਸ ਸਮੇਂ ਜਿਲਾ ਸਕੱਤਰ ਦਰਸ਼ਨ ਸਿੰਘ ਮਾਈਸਰਖਾਨਾ, ਕਾਲਾ ਸਿੰਘ ਚੱਠੇਵਾਲਾ, ਲੱਖਾ ਜੋਗੇਵਾਲਾ, ਗੁਰਦੀਪ ਮਾਈਸਰਖਾਨਾ ਤੇ ਗੁਰਜੀਤ ਬੰਗੇਹਰ ਵੀ ਹਾਜਰ ਸਨ।