You are here

ਲੁਧਿਆਣਾ

ਡੈਮੋਕ੍ਰੇਟਿਕ ਮਿਡ ਡੇ ਮੀਲ ਕੁੱਕ ਫਰੰਟ ਪੰਜਾਬ ਦੀ ਅਗਵਾਈ ਹੇਠ 29 ਸਤੰਬਰ ਨੂੰ ਮੁੱਖ ਮੰਤਰੀ ਦੇ ਸ਼ਹਿਰ ਪਟਿਆਲਾ ਵਿੱਚ ਸਰਕਾਰ ਖਿਲਾਫ ਪ੍ਰਦਰਸ਼ਨ ਕਰਨਗੀਆਂ ਮਿਡ ਡੇ ਮੀਲ ਕੁੱਕ ਬੀਬੀਆਂ

ਸਰਕਾਰ ਕੁੱਕ ਬੀਬੀਆਂ ਦੀ ਤਨਖਾਹ ਨੂੰ ਵਧਾਉਣ ਦੇ  ਵਾਅਦੇ ਤੋਂ ਭੱਜ ਰਹੀ ਹੈ : ਕੁੱਕ ਫਰੰਟ

ਖੰਨਾ/ਲੁਧਿਆਣਾ, ਸਤੰਬਰ 2019 -( ਮਨਜਿੰਦਰ ਗਿੱਲ)-ਡੈਮੋਕ੍ਰੇਟਿਕ ਮਿਡ ਡੇ ਮੀਲ ਕੁੱਕ ਫਰੰਟ ਪੰਜਾਬ ਦੀ ਸੂਬਾ ਪ੍ਰਧਾਨ ਹਰਜਿੰਦਰ ਕੌਰ ਲੋਪੇ, ਸੀਨੀਅਰ ਮੀਤ ਪ੍ਰਧਾਨ ਸੁਖਵਿੰਦਰ ਕੌਰ ਅੱਚਲ, ਅੰਜੂ ਖੰਨਾ, ਜਸਵੀਰ ਕੌਰ ਰਾਜੇਵਾਲ, ਲਖਵੀਰ ਕੌਰ, ਸੁਖਵੀਰ ਕੌਰ ਸੁੱਖੀ, ਰਾਜਵਿੰਦਰ ਕੌਰ ਸਲਾਣਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਦੇ ਸਕੂਲਾਂ ਵਿੱਚ ਪਹਿਲੀ ਤੋਂ ਅੱਠਵੀਂ ਤੱਕ ਪੜ੍ਹਦੇ ਬੱਚਿਆਂ ਲਈ ਦੁਪਹਿਰ ਦੇ ਖਾਣੇ ਦੀ ਸਕੀਮ ਤਹਿਤ ਕੰਮ ਕਰਦੀਆਂ ਚਾਲੀ ਹਜ਼ਾਰ ਦੇ ਕਰੀਬ ਮਿਡ ਡੇ ਮੀਲ ਕੁੱਕ ਗਰੀਬ ਔਰਤਾਂ ਨੂੰ ਮਹੀਨੇ ਦੇ  ਸਿਰਫ਼ 1700 ਰੁਪਏ ਦਿੱਤੇ ਜਾਂਦੇ ਹਨ, ਜਿਸ ਅਨੁਸਾਰ 55 ਰੁਪਏ ਦਿਹਾੜੀ ਬਣਦੀ ਹੈ, ਜਦੋਂ ਕਿ ਇਨ੍ਹਾਂ ਦਾ ਕੰਮ ਸਕੂਲ ਦਾ ਪੂਰਾ ਸਮਾਂ ਨਹੀਂ ਨਿਬੜਦਾ। ਅੱਗੇ ਇਸ ਤੋਂ ਵੀ ਹੋਰ ਵੱਡੀ ਇਨਸਾਫ਼ੀ ਸਾਲ ਵਿੱਚ ਦੋ ਮਹੀਨੇ ਦੀ ਸਰਕਾਰ ਵੱਲੋਂ ਇਨ੍ਹਾਂ ਨੂੰ ਕੋਈ ਤਨਖਾਹ ਨਹੀਂ ਦਿੱਤੀ ਜਾਂਦੀ। ਸਰਕਾਰ ਪੂਰਾ ਮਹੀਨਾ ਮੁਫ਼ਤ ਵਿੱਚ ਕੰਮ ਕਰਵਾਉਂਦੀ ਹੈ। ਇਨ੍ਹਾਂ ਔਰਤਾਂ ਵਿੱਚ ਵੱਡੀ ਗਿਣਤੀ ਵਿਧਵਾ ਔਰਤਾਂ ਦੀ ਹੈ, ਜਿਸ ਦੇ ਸਮੁੱਚੇ ਪ੍ਰੀਵਾਰ ਦੀ ਨਿਰਭਰਤਾ ਉਸ 'ਤੇ ਹੈ। ਸਰਕਾਰ 10 ਮਹੀਨੇ ਦੀ ਸਕੀਮ ਕਹਿ ਕੇ ਪੱਲਾ ਝਾੜ ਜਾਂਦੀ ਹੈ। ਆਗੂਆਂ ਨੇ ਅੱਗੇ ਦੱਸਿਆ ਕਿ ਸਰਕਾਰ ਨੇ ਉਨ੍ਹਾਂ ਨਾਲ  ਕੀਤੀਆਂ ਮੀਟਿੰਗਾਂ ਵਿੱਚ ਇਹ ਫੈਸਲਾ ਕੀਤਾ ਗਿਆ ਸੀ, ਕਿ ਕੁੱਕ ਬੀਬੀਆਂ ਦੀਆਂ ਤਨਖਾਹਾਂ ਵਿੱਚ ਜਲਦੀ ਵਾਧਾ ਕੀਤਾ ਜਾਵੇਗਾ। ਸਿੱਖਿਆ ਮੰਤਰੀ ਪੰਜਾਬ, ਓ ਪੀ ਸੋਨੀ, ਸਾਬਕਾ ਕੇਂਦਰੀ ਮੰਤਰੀ ਪੰਜਾਬ ਸ਼੍ਰੀਮਤੀ ਪ੍ਰਨੀਤ ਕੌਰ ਅਤੇ ਉੱਚ ਅਧਿਕਾਰੀਆਂ ਨੇ ਬਕਾਇਦਾ ਤੌਰ 'ਤੇ ਮੀਟਿੰਗਾਂ ਦੌਰਾਨ ਇਹ ਵਾਅਦਾ ਕੀਤਾ ਸੀ, ਪਰ ਸਰਕਾਰ ਦੇ ਵਾਅਦੇ ਨੂੰ ਅਜੇ ਤਾਂਈ ਬੂਰ ਨਹੀਂ ਪਿਆ। ਸਿੱਖਿਆ ਮੰਤਰੀ ਪੰਜਾਬ ਵਿਜੇ ਇੰਦਰ ਸਿੰਗਲਾ ਵੱਲੋਂ ਉਨ੍ਹਾਂ ਨਾਲ ਪੈਨਲ ਮੀਟਿੰਗ ਤੈਅ ਕੀਤੀ ਗਈ ਸੀ, ਜੋ ਅੱਜ ਤੱਕ ਨਹੀਂ ਹੋ ਪਾਈ। ਇਸ ਮੌਕੇ ਆਗੂਆਂ ਨੇ ਅੱਗੇ ਦੱਸਿਆ ਕਿ ਸਰਕਾਰੀ ਦੇ ਵਾਰ ਵਾਰ ਵਾਅਦਿਆਂ ਤੋਂ ਅੱਕੀਆਂ ਮਿਡ ਡੇ ਮੀਲ ਕੁੱਕ ਬੀਬੀਆਂ ਮੁੱਖ ਮੰਤਰੀ ਪੰਜਾਬ ਦੇ ਸ਼ਹਿਰ ਪਟਿਆਲਾ ਵਿੱਚ 29 ਸਤੰਬਰ, ਐਤਵਾਰ ਨੂੰ ਵੱਡੀ ਗਿਣਤੀ ਵਿੱਚ ਇਕੱਠੀਆਂ ਹੋ ਕੇ ਪਿੱਟ ਸਿਆਪਾ ਕਰਨਗੀਆਂ। ਕੁੱਕ ਬੀਬੀਆਂ ਇਸ ਦਿਨ ਗੁਰਦਵਾਰਾ ਸ੍ਰੀ ਦੁਖਨਿਵਾਰਨ ਸਾਹਿਬ ਦੇ ਨੇੜੇ ਪਟਿਆਲਾ -ਨਾਭਾ ਰੋਡ 'ਤੇ ਸਥਿਤ ਪਾਰਕ ਵਿੱਚ ਇਕੱਠੀਆਂ ਹੋਣਗੀਆਂ। ਉਸ ਤੋਂ ਮੁੱਖ ਮੰਤਰੀ ਨਿਵਾਸ ਵੱਲ ਨੂੰ ਰੋਸ਼ ਪ੍ਰਦਰਸ਼ਨ ਕਰਨਗੀਆਂ। ਆਗੂਆਂ ਨੇ ਮੰਗ ਕਰਦਿਆਂ ਕਿਹਾ ਕਿ ਮਿਡ ਡੇ ਮੀਲ ਕੁੱਕ ਦੀਆਂ ਸੇਵਾਵਾਂ ਨੂੰ ਘੱਟੋ ਘੱਟ ਉਜ਼ਰਤ ਕਾਨੂੰਨ ਅਧੀਨ ਲਿਆ ਕੇ ਤਨਖਾਹਾਂ ਵਿੱਚ ਵਾਧਾ ਕੀਤਾ ਜਾਵੇ । ਮਿਡ ਡੇ ਮੀਲ ਕੁੱਕ ਦੀ ਸਾਲ ਵਿੱਚ 2 ਮਹੀਨੇ ਛੁੱਟੀਆਂ ਦੀ ਤਨਖਾਹ ਕੱਟਣੀ ਬੰਦ ਕਰਕੇ, ਪੂਰੇ ਸਾਲ ਦੀ ਤਨਖਾਹ ਦਿੱਤੀ ਜਾਵੇ, ਅੱਗ ਅਤੇ ਗੈਸ ਦੇ ਨਾਲ ਜੋਖ਼ਮ ਭਰਿਆ ਕੰਮ ਕਰਨ ਦੇ ਕਾਰਨ ਹਰ ਕੁੱਕ ਦਾ ਬੀਮਾ ਵਿਭਾਗ ਕਰਵਾਏ। 25 ਬੱਚਿਆਂ 'ਤੇ ਇੱਕ ਕੁੱਕ ਰੱਖਣ, ਉਸ ਤੋਂ ਬਾਅਦ 100 ਬੱਚਿਆਂ ਤੱਕ ਦੂਸਰੀ ਕੁੱਕ ਰੱਖਣ ਅਤੇ ਅਗਲੇ ਹਰ 100 ਬੱਚਿਆਂ ਤੇ ਇੱਕ-ਇੱਕ ਕੁੱਕ ਰੱਖਣ ਦੇ ਬਣਾਏ ਨਿਯਮ ਵਿੱਚ ਤਬਦੀਲੀ ਕੀਤੀ ਜਾਵੇ, ਪ੍ਰੀ-ਪ੍ਰਾਇਮਰੀ ਕਲਾਸ ਦੇ ਬੱਚਿਆਂ ਦੀ ਗਿਣਤੀ ਨੂੰ ਵੀ ਸ਼ਾਮਲ ਕੀਤਾ ਜਾਵੇ ਅਤੇ ਬੱਚਿਆਂ ਦੀ ਗਿਣਤੀ ਘੱਟਣ ਦੇ ਆਧਾਰ ਤੇ ਪਿਛਲੇ 10-10 ਸਾਲਾਂ ਤੋਂ ਕੰਮ ਕਰਦੀ  ਕੁੱਕ ਨੂੰ ਸਕੂਲਾਂ ਵਿੱਚੋਂ ਕੱਢਣਾ ਬੰਦ ਕੀਤਾ ਜਾਵੇ, ਜੋ ਮਿਡ ਡੇ ਮੀਲ ਕੁੱਕ 12ਵੀਂ ਪਾਸ ਹਨ, ਉਨ੍ਹਾਂ ਨੂੰ ਬਲਾਕ ਦਫ਼ਤਰਾਂ ਵਿੱਚ ਸਹਾਇਕ ਮੈਨੇਜਰ ਵਜੋਂ ਤਰੱਕੀ ਦਿੱਤੀ ਜਾਵੇ, ਮਿਡ ਡੇ ਮੀਲ ਲਈ ਕੁਕਿੰਗ ਕਾਸ਼ਟ ਦੀ ਰਾਸ਼ੀ ਅਤੇ ਅਨਾਜ਼ ਸਕੂਲਾਂ ਨੂੰ ਸਮੇਂ ਸਿਰ ਦੇਣ ਦਾ ਪ੍ਰਬੰਧ ਕੀਤਾ ਜਾਵੇ, ਸਕੂਲਾਂ ਵਿੱਚ ਖਾਣਾ ਬਣਾਉਣ ਸਮੇਂ ਜਿੰਨਾ ਮਿਡ ਡੇ ਮੀਲ ਕੁੱਕ ਨਾਲ ਹਾਦਸੇ ਵਾਪਰ ਚੁੱਕੇ ਜਾਂ ਵਾਪਰ ਰਹੇ ਹਨ, ਸਰਕਾਰ ਉਨ੍ਹਾਂ ਦੀ ਮੱਦਦ ਕਰੇ।

ਪੰਜਾਬ ਵਿਧਾਨ ਸਭਾ ਜ਼ਿਮਨੀ ਚੋਣਾਂ ਮਨਪ੍ਰੀਤ ਇਯਾਲੀ ਨੇ ਭਰਿਆ ਨਾਮਜ਼ਦਗੀ ਪੱਤਰ

ਲੁਧਿਆਣਾ, ਸਤੰਬਰ 2019-(ਸਤਪਾਲ ਸਿੰਘ ਦੇਹੜਕਾਂ/ਮਨਜਿੰਦਰ ਗਿੱਲ)-

ਮੁੱਲਾਂਪੁਰ ਦਾਖਾ ਤੋਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਉਮੀਦਵਾਰ ਮਨਪ੍ਰੀਤ ਇਯਾਲੀ ਨੇ ਅੱਜ ਆਪਣਾ ਨਾਮਜ਼ਦਗੀ ਪੱਤਰ ਭਰਿਆ ਹੈ। ਇਸ ਮੌਕੇ ਉਨ੍ਹਾਂ ਨਾਲ ਪਾਰਟੀ ਆਗੂ ਬਿਕਰਮ ਸਿੰਘ ਮਜੀਠੀਆ, ਸ਼ਰਨਜੀਤ ਢਿੱਲੋਂ ਅਤੇ ਲੁਧਿਆਣਾ ਦੀ ਸੀਨੀਅਰ ਅਕਾਲੀ ਲੀਡਰਸ਼ਿਪ ਵੀ ਵੀ ਮੌਜੂਦ ਸੀ।

ਰਾਜਸੀ ਇਸ਼ਤਿਹਾਰਾਂ ਦੀ ਅਗਾਂਊ ਸਰਟੀਫਿਕੇਸ਼ਨ ਜ਼ਰੂਰੀ-ਜ਼ਿਲਾ ਚੋਣ ਅਫ਼ਸਰ

ਮੀਡੀਆ ਸਰਟੀਫਿਕੇਸ਼ਨ ਐਂਡ ਮੋਨੀਟਰਿੰਗ ਕਮੇਟੀ ਵੱਲੋਂ ਕੀਤੀ ਜਾਂਦੀ ਹੈ ਸਰਟੀਫਿਕੇਸ਼ਨ

ਲੁਧਿਆਣਾ, ਸਤੰਬਰ 2019-(ਮਨਜਿੰਦਰ ਗਿੱਲ)-

ਆਗਾਮੀ ਵਿਧਾਨ ਸਭਾ ਹਲਕਾ ਦਾਖਾ ਦੀ ਜ਼ਿਮਨੀ ਚੋਣ ਦੇ ਸੰਬੰਧ ਵਿੱਚ ਭਾਰਤੀ ਚੋਣ ਕਮਿਸ਼ਨ ਨੇ ਹਦਾਇਤ ਜਾਰੀ ਕੀਤੀ ਹੈ ਕਿ ਰਾਜਸੀ ਪਾਰਟੀਆਂ/ਉਮੀਦਵਾਰਾਂ/ਸੰਸਥਾਵਾਂ/ਵਿਅਕਤੀ ਵਿਸ਼ੇਸ਼ ਵੱਲੋਂ ਜੇਕਰ ਵੋਟਾਂ ਵਾਲੇ ਦਿਨ ਜਾਂ ਇੱਕ ਦਿਨ ਪਹਿਲਾਂ ਪ੍ਰਿੰਟ ਮੀਡੀਆ ਰਾਹੀਂ ਰਾਜਸੀ ਇਸ਼ਤਿਹਾਰਬਾਜ਼ੀ ਕਰਵਾਈ ਜਾਣੀ ਹੈ ਤਾਂ ਉਸ ਦੀ ਜ਼ਿਲਾ ਪੱਧਰੀ ਮੀਡੀਆ ਸਰਟੀਫਿਕੇਸ਼ਨ ਐਂਡ ਮੋਨੀਟਰਿੰਗ ਕਮੇਟੀ ਵੱਲੋਂ ਅਗਾਂਊ ਸਰਟੀਫਿਕੇਸ਼ਨ ਕਰਵਾਉਣੀ ਲਾਜ਼ਮੀ ਹੈ। ਇਸ ਸੰਬੰਧੀ ਅੱਜ ਡਿਪਟੀ ਕਮਿਸ਼ਨਰ-ਕਮ-ਜ਼ਿਲਾ ਚੋਣ ਅਫ਼ਸਰ ਪ੍ਰਦੀਪ ਕੁਮਾਰ ਅਗਰਵਾਲ ਨੇ ਮੀਡੀਆ ਕਰਮੀਆਂ, ਨਿਊਜ਼ ਪੇਪਰ ਏਜੰਸੀਆਂ ਅਤੇ ਇਸ਼ਤਿਹਾਰ ਏਜੰਸੀਆਂ ਦੇ ਨੁਮਾਇੰਦਿਆਂ ਨਾਲ ਵਿਸ਼ੇਸ਼ ਮੀਟਿੰਗ ਕੀਤੀ। ਉਨਾਂ ਦੱਸਿਆ ਕਿ ਭਾਰਤੀ ਚੋਣ ਕਮਿਸ਼ਨ ਵੱਲੋਂ ਅਜਿਹੇ ਇਸ਼ਤਿਹਾਰਾਂ, ਜਿਨਾਂ ਨਾਲ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਹੁੰਦੀ ਹੋਵੇ ਅਤੇ ਵੋਟਰਾਂ ਤੱਕ ਗੁੰਮਰਾਹਕੁੰਨ ਸੁਨੇਹਾ ਜਾਣ ਦਾ ਖ਼ਤਰਾ ਹੋਵੇ, ਨੂੰ ਰੋਕਣ ਲਈ ਸੰਵਿਧਾਨ ਦੀ ਧਾਰਾ 324 ਤਹਿਤ ਇਹ ਹਦਾਇਤ ਕੀਤੀ ਹੈ ਕਿ ਕੋਈ ਵੀ ਰਾਜਸੀ ਪਾਰਟੀ/ਉਮੀਦਵਾਰਾਂ/ਸੰਸਥਾਵਾਂ/ਵਿਅਕਤੀ ਵਿਸ਼ੇਸ਼ ਵੱਲੋਂ ਜੇਕਰ ਵੋਟਾਂ ਵਾਲੇ ਦਿਨ ਜਾਂ ਇੱਕ ਦਿਨ ਪਹਿਲਾਂ ਪ੍ਰਿੰਟ ਮੀਡੀਆ ਰਾਹੀਂ ਰਾਜਸੀ ਇਸ਼ਤਿਹਾਰਬਾਜ਼ੀ ਕਰਵਾਈ ਜਾਣੀ ਹੈ ਤਾਂ ਉਸ ਦੀ ਜ਼ਿਲਾ ਪੱਧਰੀ ਮੀਡੀਆ ਸਰਟੀਫਿਕੇਸ਼ਨ ਐਂਡ ਮੋਨੀਟਰਿੰਗ ਕਮੇਟੀ ਵੱਲੋਂ ਅਗਾਂਊ ਸਰਟੀਫਿਕੇਸ਼ਨ ਕਰਵਾਉਣੀ ਲਾਜ਼ਮੀ ਹੈ। ਅਗਰਵਾਲ ਨੇ ਮੀਡੀਆ ਕਰਮੀਆਂ ਨੂੰ ਅਪੀਲ ਕੀਤੀ ਕਿ ਉਹ ਪੇਡ ਨਿਊਜ਼ ਦੇ ਰੁਝਾਨ ਨੂੰ ਵੀ ਠੱਲਣ ਵਿੱਚ ਚੋਣ ਕਮਿਸ਼ਨ ਦਾ ਸਹਿਯੋਗ ਕਰਨ। ਜੇਕਰ ਇਲੈਕਟਰੋਨਿਕਸ ਮੀਡੀਆ ਰਾਹੀਂ ਕੋਈ ਚੋਣ ਪ੍ਰਚਾਰ ਕੀਤਾ ਜਾਣਾ ਹੈ ਤਾਂ ਉਸ ਲਈ ਜ਼ਿਲਾ ਪੱਧਰੀ ਮੀਡੀਆ ਸਰਟੀਫਿਕੇਸ਼ਨ ਅਤੇ ਮੋਨੀਟਰਿੰਗ ਕਮੇਟੀ ਤੋਂ ਸਰਟੀਫਿਕੇਸ਼ਨ ਕਰਾਉਣੀ ਲਾਜ਼ਮੀ ਹੈ। ਇਸ ਮੌਕੇ ਉਨਾਂ ਪ੍ਰਿੰਟਿੰਗ ਪ੍ਰੈੱਸਾਂ ਦੇ ਮਾਲਕਾਂ ਨੂੰ ਵੀ ਹਦਾਇਤ ਕੀਤੀ ਕਿ ਉਹ ਜੇਕਰ ਕਿਸੇ ਉਮੀਦਵਾਰ ਜਾਂ ਪਾਰਟੀ ਦੀ ਚੋਣ ਸਮੱਗਰੀ ਛਾਪਦੇ ਹਨ ਤਾਂ ਇਹ ਯਕੀਨੀ ਬਣਾਉਣ ਕਿ ਸਮੱਗਰੀ ਉੱਪਰ ਚੋਣ ਪ੍ਰਚਾਰ ਦੀ ਕਿਸਮ, ਗਿਣਤੀ, ਪ੍ਰਿੰਟਰ, ਪਬਲਿਸ਼ਰ ਦਾ ਨਾਮ ਅਤੇ ਪਤਾ ਆਦਿ ਛਾਪਣਾ ਯਕੀਨੀ ਬਣਾਉਣ ਦੇ ਨਾਲ-ਨਾਲ ਇਸ ਸੰਬੰਧੀ ਸੂਚਨਾ ਜ਼ਿਲਾ ਪੱਧਰੀ ਮੀਡੀਆ ਸਰਟੀਫਿਕੇਸ਼ਨ ਐਂਡ ਮੋਨੀਟਰਿੰਗ ਕਮੇਟੀ ਨੂੰ ਜ਼ਰੂਰ ਭੇਜਣ। ਇਸੇ ਤਰਾਂ ਸ਼ਰਾਬ ਦੇ ਠੇਕੇਦਾਰਾਂ ਨੂੰ ਹਦਾਇਤ ਕੀਤੀ ਗਈ ਕਿ ਉਹ ਆਦਰਸ਼ ਚੋਣ ਜ਼ਾਬਤੇ ਦੀ ਪਾਲਣਾ ਕਰਦਿਆਂ ਸ਼ਰਾਬ ਦੀ ਹਰ ਤਰਾ ਦੀ ਗੈਰਕਾਨੂੰਨੀ ਗਤੀਵਿਧੀ ਨੂੰ ਰੋਕ ਦੇਣ। ਉਨਾਂ ਕਿਹਾ ਕਿ ਅਜਿਹੀਆਂ ਹਰ ਤਰਾਂ ਦੀਆਂ ਗੈਰਕਾਨੂੰਨੀ ਗਤੀਵਿਧੀਆਂ ਨੂੰ ਰੋਕਣ ਲਈ ਜ਼ਿਲਾ ਚੋਣ ਦਫ਼ਤਰ ਵੱਲੋਂ ਬਕਾਇਦਾ ਨਜ਼ਰਸਾਨੀ ਕੀਤੀ ਜਾ ਰਹੀ ਹੈ। ਵੱਖ-ਵੱਖ ਨਿਗਰਾਨ ਟੀਮਾਂ ਦਾ ਗਠਨ ਕੀਤਾ ਹੋਇਆ ਹੈ, ਜੋ ਕਿ ਸਥਿਤੀ 'ਤੇ ਨਜ਼ਰ ਰੱਖ ਰਹੀਆਂ ਹਨ। ਇਸ ਮੌਕੇ ਅਗਰਵਾਲ ਨੇ ਸਮੂਹ ਧਿਰਾਂ ਨੂੰ ਚੋਣ ਕਮਿਸ਼ਨ ਦੀਆਂ ਸਾਰੀਆਂ ਹਦਾਇਤਾਂ ਪੜ ਕੇ ਸੁਣਾਈਆਂ ਅਤੇ ਇਨਾਂ 'ਤੇ ਅਮਲ ਕਰਨ ਬਾਰੇ ਕਿਹਾ। ਉਨਾਂ ਕਿਹਾ ਕਿ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਕਰਨ ਵਾਲੇ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਇਕਬਾਲ ਸਿੰਘ ਸੰਧੂ, ਸਹਾਇਕ ਕਰ ਅਤੇ ਆਬਕਾਰੀ ਕਮਿਸ਼ਨਰ ਦੀਪਕ ਰੁਹੇਲਾ, ਜ਼ਿਲਾ ਲੋਕ ਸੰਪਰਕ ਅਫ਼ਸਰ ਪ੍ਰਭਦੀਪ ਸਿੰਘ ਨੱਥੋਵਾਲ, ਤਹਿਸੀਲਦਾਰ (ਚੋਣ) ਸ੍ਰੀਮਤੀ ਅੰਜੂ ਬਾਲਾ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।

ਪਿੰਡ ਚੱਕਰ ਵਿੱਚ 'ਪੰਜਾਬ ਬੋਲਦਾ ਹੈ" ਰੈਲੀ 1 ਅਕਤੂਬਰ ਨੂੰ:ਵਿਧਾਇਕ ਮਾਣੂੰਕੇ

ਜਗਰਾਉਂ​/ਲੁਧਿਆਣਾ,ਸਤੰਬਰ 2019 -(ਜਸਮੇਲ ਗਾਲਿਬ)-

ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਤੇ ਐਮ ਪੀ ਭਗਵੰਤ ਮਾਨ 1 ਅਕਤੂਬਰ ਨੂੰ ਜਗਰਾਉਂ ਦੇ ਪਿੰਡ ਕਾਉਂਕੇਂ ਕਲਾਂ ਵਿਖੇ ਰੈਲੀ ਨੂੰ ਸੰਬੋਧਨ ਕਰਨਗੇ।'ਪੰਜਾਬ ਬੋਲਦਾ ਹੈ' ਮੁਹਿੰਮ ਤਹਿਤ 1 ਅਕਤੂਬਰ ਨੂੰ ਸ਼ਾਮ 4 ਵਜੇ ਹੋ ਰਹੀ ਰੈਲੀਆਂ ਦੀਆਂ ਜਗਰਾਉਂ 'ਆਪ'ਵੱਲੋਂ ਜ਼ੋਰਦਾਰ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ।ਜਗਰਾਉਂ ਦੇ ਵਿਧਾਇਕ ਬੀਬੀ ਸਰਬਜੀਤ ਕੌਰ ਮਾਣੂੰਕੇ ਨੇ ਦੱਸਿਆ ਕਿ ਇਸ ਰੈਲੀ ਰਾਹੀਂ ਜਨਤਾ ਨੂੰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੱਲੋਂ ਪੰਜਾਬ ਨੂੰ ਤਬਾਹੀ ਕੰਢੇ ਲੈ ਕੇ ਆਉਣ ਦੀ ਪੋਲ ਖੋਲੀ ਜਾਵੇਗੀ।ਉਨ੍ਹਾਂ ਦੱਸਿਆ ਕਿ ਪਾਰਟੀ ਪ੍ਰਧਾਨ ਸ੍ਰੀ ਮਾਨ ਰੈਲੀ ਵਿਚ ਪੰਜਾਬ ਦੀ ਜਨਤਾ ਨੂੰ ਪੰਜਾਬ ਬਚਾਉਣ ਲਈ ਅੱਗੇ ਆਉਣ ਦੀ ਅਪੀਲ ਕਰਨਗੇ।ਉਨ੍ਹਾਂ ਦੱਸਿਆ ਕਿ ਅੱਜ ਪੰਜਾਬ ਚਾਰਾਂ ਪਾਸਿਉਂ ਤੋਂ ਬੁਰਾਈਆਂ ਨਾਲ ਘਿਿਰਆ ਹੋਇਆ ਹੈ।

ਤੀਸਰੇ ਦਿਨ ਅਜ਼ਾਦ ਉਮੀਦਵਾਰ ਜੈ ਪ੍ਰਕਾਸ਼ ਜੈਨ ਵੱਲੋਂ ਨਾਮਜ਼ਦਗੀ ਦਾਖਲ ਕੀਤੀ ਗਈ

ਵੋਟਰ ਨਿਰਪੱਖ ਅਤੇ ਬਿਨਾ ਕਿਸੇ ਲਾਲਚ, ਡਰ ਅਤੇ ਦਬਾਅ ਤੋਂ ਵੋਟ ਦਾ ਇਸਤੇਮਾਲ ਕਰਨ-ਜ਼ਿਲ੍ਹਾ ਚੋਣ ਅਫ਼ਸਰ

ਲੁਧਿਆਣਾ, ਸਤੰਬਰ 2019-( ਮਨਜਿੰਦਰ ਗਿੱਲ)-

ਵਿਧਾਨ ਸਭਾ ਹਲਕਾ ਦਾਖਾ ਦੀ ਜ਼ਿਮਨੀ ਚੋਣ ਲਈ ਨਾਮਜ਼ਦਗੀਆਂ ਭਰਨ ਦੇ ਅੱਜ ਤੀਸਰੇ ਦਿਨ ਅਜ਼ਾਦ ਉਮੀਦਵਾਰ ਜੈ ਪ੍ਰਕਾਸ਼ ਜੈਨ ਵੱਲੋਂ ਨਾਮਜ਼ਦਗੀ ਦਾਖਲ ਕੀਤੀ ਗਈ। ਅਗਰਵਾਲ ਨੇ ਦੱਸਿਆ ਕਿ ਇਸ ਚੋਣ ਲਈ ਨਾਮਜ਼ਦਗੀਆਂ 30 ਸਤੰਬਰ, 2019 ਤੱਕ ਭਰੀਆਂ ਜਾਣਗੀਆਂ। ਨਾਮਜ਼ਦਗੀਆਂ ਭਰਨ ਦਾ ਸਮਾਂ ਸਵੇਰੇ 11 ਵਜੇ ਤੋਂ ਬਾਅਦ ਦੁਪਹਿਰ 3 ਵਜੇ ਤੱਕ ਹੋਵੇਗਾ। ਨਾਮਜ਼ਦਗੀ ਪੱਤਰਾਂ ਦੀ ਜਾਂਚ 1 ਅਕਤੂਬਰ ਨੂੰ ਹੋਵੇਗੀ, ਜਦਕਿ 3 ਅਕਤੂਬਰ, 2019 ਤੱਕ ਨਾਮਜ਼ਦਗੀਆਂ ਵਾਪਸ ਲਈਆਂ ਜਾ ਸਕਣਗੀਆਂ। ਵੋਟਾਂ 21 ਅਕਤੂਬਰ ਨੂੰ ਪੈਣਗੀਆਂ ਅਤੇ ਗਿਣਤੀ 24 ਅਕਤੂਬਰ, 2019 ਨੂੰ ਹੋਵੇਗੀ। ਅਗਰਵਾਲ ਨੇ ਦੱਸਿਆ ਕਿ ਵਿਧਾਨ ਸਭਾ ਚੋਣ ਹਲਕਾ 68 ਦਾਖਾ ਦੇ ਇਸ ਸਮੇਂ 220 ਪੋਲਿੰਗ ਸਟੇਸ਼ਨ ਹਨ, ਜਿਨ੍ਹਾਂ ਵਿੱਚ ਜਨਰਲ ਵੋਟਰ 1,84,306 ਅਤੇ 780 ਸਰਵਿਸ ਵੋਟਰ ਹਨ। ਇਸ ਸਬੰਧੀ ਉਨ੍ਹਾਂ ਸਮੂਹ ਵਿਭਾਗਾਂ ਦੇ ਮੁੱਖੀਆਂ ਨੂੰ ਹਦਾਇਤ ਕੀਤੀ ਕਿ ਪਬਲਿਕ ਪ੍ਰਾਪਰਟੀ ਉਤੇ ਕਿਸੇ ਕਿਸਮ ਦੀ ਰਾਜਨੀਤਿਕ ਸਰਗਰਮੀਆਂ ਨਾਲ ਸਬੰਧਤ ਨਾਅਰੇ, ਹੱਥ ਲਿਖਤਾਂ ਜਾਂ ਬੈਨਰ, ਇਸਤਿਹਾਰ ਆਦਿ ਹਟਾਏ ਜਾਣੇ ਯਕੀਨੀ ਬਣਾਏ ਜਾਣ (ਸਰਕਾਰੀ ਇਮਾਰਤਾਂ ਦੀ ਸੂਰਤ ਵਿੱਚ 24 ਘੰਟੇ ਵਿੱਚ, ਪਬਲਿਕ ਸਥਾਨਾਂ ਦੀ ਸੂਰਤ ਵਿੱਚ 48 ਘੰਟੇ ਅਤੇ ਪ੍ਰਾਈਵੇਟ ਪ੍ਰਪਾਰਟੀ ਦੀ ਸੂਰਤ ਵਿੱਚ 72 ਘੰਟੇ ਵਿੱਚ) ਇਹ ਵੀ ਯਕੀਨੀ ਬਣਾਇਆ ਜਾਵੇ ਕਿ ਕਿਸੇ ਵੀ ਉਮੀਦਵਾਰ/ਰਾਜਸੀ ਪਾਰਟੀ ਵੱਲੋਂ ਸਰਕਾਰੀ ਰੈਸਟ ਜਾਂ ਡਾਕ ਬੰਗਲੇ ਆਦਿ ਤੋਂ ਆਪਣਾ ਚੋਣ ਪ੍ਰਚਾਰ ਜਾਂ ਪ੍ਰੋਪੋਗੰਡਾ/ਪਬਲਿਕ ਮੀਟਿੰਗ ਕਰਨ ਦੀ ਪ੍ਰਵਾਨਗੀ ਨਾ ਦਿੱਤੀ ਜਾਵੇ ਅਤੇ ਨਾ ਹੀ ਕਿਸੇ ਕਿਸਮ ਦੀ ਧਾਰਮਿਕ ਸਥਾਨ ਵਿੱਚ ਚੋਣ ਪ੍ਰਚਾਰ ਕਰਨ ਦੀ ਆਗਿਆ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਇਸ ਉੱਪ ਚੋਣ ਵਿੱਚ ਕੋਈ ਵੀ ਉਮੀਦਵਾਰ 28 ਲੱਖ ਰੁਪਏ ਤੋਂ ਵੱਧ ਦੀ ਰਾਸ਼ੀ ਨਹੀਂ ਖਰਚ ਸਕਦਾ। ਚੋਣਾਂ ਦੇ ਪ੍ਰਬੰਧਾਂ ਲਈ ਜਿਲ੍ਹਾ ਪੱਧਰ ਅਤੇ ਹਲਕਾ ਪੱਧਰ 'ਤੇ ਵੱਖ-ਵੱਖ ਸੈੱਲ ਸਥਾਪਿਤ ਕਰ ਦਿੱਤੇ ਗਏ ਹਨ, ਜਿਵੇਂ ਕਿ ਫਲਾਇੰਗ ਸੁਕੈਡ, ਸਟੈਟਿਕ ਸਰਵੇਲੈਂਸ ਟੀਮ, ਐਕਸਪੈਂਡੀਚਰ ਮੋਨੀਟਰਿੰਗ ਸੈਲ, ਐਮ.ਸੀ.ਸੀ. ਅਤੇ ਸ਼ਿਕਾਇਤ ਸੈੱਲ ਆਦਿ। ਅਖਬਾਰਾਂ ਵਿੱਚ ਚੋਣ ਪ੍ਰਚਾਰ ਲਈ ਕਿਸੇ ਵੀ ਕਿਸਮ ਦੀ ਪੇਡ ਨਿਊਜ਼ ਨੂੰ ਰੋਕਣ ਲਈ ਐਮ.ਸੀ.ਐਮ.ਸੀ ਟੀਮ ਨਿਯੁਕਤ ਕੀਤੀ ਗਈ ਹੈ। ਅਗਰਵਾਲ ਨੇ ਪ੍ਰਿੰਟਿੰਗ ਪ੍ਰੈੱਸਾਂ ਨੂੰ ਖਾਸ ਤੌਰ 'ਤੇ ਹਦਾਇਤ ਕੀਤੀ ਹੈ ਕਿ ਚੋਣਾਂ ਦੇ ਸਮੇਂ ਕੋਈ ਵੀ ਸਮੱਗਰੀ ਛਾਪਦੇ ਸਮੇਂ ਛਾਪਕ ਅਤੇ ਛਪਾਉਣ ਵਾਲੇ ਵਿਅਕਤੀ ਦਾ ਨਾਮ ਅਤੇ ਕਿੰਨੀ ਕਿੰਨੀ ਮਾਤਰਾ ਵਿੱਚ ਸਮੱਗਰੀ ਛਪਾਈ ਗਈ ਹੈ ਦੀ ਸੂਚਨਾ ਸਮੱਗਰੀ 'ਤੇ ਜ਼ਰੂਰ ਦਿੱਤੀ ਜਾਵੇ ਅਤੇ ਹਦਾਇਤਾਂ ਦੀ ਪਾਲਣਾ ਨਾ ਕਰਨ ਦੀ ਸੂਰਤ ਵਿੱਚ ਆਰ.ਪੀ.ਐਕਟ 1951 ਦੀ ਧਾਰਾ 127ਏ(2) ਅਧੀਨ ਕਾਰਵਾਈ ਕੀਤੀ ਜਾ ਸਕਦੀ ਹੈ। ਅਗਰਵਾਲ ਨੇ ਆਮ ਲੋਕਾਂ ਨੂੰ ਵੀ ਇਹ ਬੇਨਤੀ ਕੀਤੀ ਹੈ ਕਿ ਉਹ ਉੱਪ ਚੋਣ ਦੌਰਾਨ ਨਿਰਪੱਖ ਅਤੇ ਬਿਨਾ ਕਿਸੇ ਲਾਲਚ, ਡਰ ਅਤੇ ਦਬਾਅ ਤੋਂ ਵੋਟ ਦਾ ਇਸਤੇਮਾਲ ਕਰਨ। ਉਨ੍ਹਾਂ ਸਮੂਹ ਰਾਜਸੀ ਪਾਰਟੀਆਂ ਅਤੇ ਸੰਭਾਵਿਤ ਉਮੀਦਵਾਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਚੋਣ ਪ੍ਰਚਾਰ ਲਈ ਪਲਾਸਟਿਕ ਦੀ ਸਮੱਗਰੀ ਦਾ ਇਸਤੇਮਾਲ ਬਿਲਕੁਲ ਨਾ ਕੀਤਾ ਜਾਵੇ। ਉਨ੍ਹਾਂ ਦਾਖਾ ਵਿਧਾਨ ਸਭਾ ਚੋਣ ਹਲਕੇ ਦੇ ਸਬੰਧਤ ਵੋਟਰਾਂ ਅਤੇ ਰਾਜਸੀ ਪਾਰਟੀਆਂ ਨੂੰ ਅਪੀਲ ਕੀਤੀ ਹੈ ਕਿ ਵਿਧਾਨ ਸਭਾ ਉੱਪ ਚੋਣ ਨੂੰ ਬਿਨ੍ਹਾ ਕਿਸੇ ਡਰ ਅਤੇ ਲਾਲਚ ਦੇ ਨਿਰਪੱਖ ਚੋਣ ਕਰਵਾਉਣ ਲਈ ਲੋੜੀਂਦਾ ਸਹਿਯੋਗ ਦਿੱਤਾ ਜਾਵੇ।

ਤਕਨੀਕੀ ਸੰਸਥਾ ਵਿੱਚ ਪੋਸ਼ਣ ਮਾਹ ਸਬੰਧੀ ਸਮਾਗਮ ਦਾ ਆਯੋਜਨ

ਲੁਧਿਆਣਾ, ਸਤੰਬਰ 2019- (  ਮਨਜਿੰਦਰ ਗਿੱਲ)-

ਰਿਸ਼ੀ ਨਗਰ ਸਥਿਤ ਐਸ.ਆਰ.ਐਸ.ਸਰਕਾਰੀ ਬਹੁਤਕਨੀਕੀ ਕਾਲਜ ਲੜਕੀਆਂ ਵਿਖੇ ਪੋਸ਼ਣ ਮਾਹ ਅਭਿਆਨ ਦੇ ਤਹਿਤ ਲੜਕੀਆਂ ਨੂੰ ਜਾਗਰੂਕ ਕਰਨ ਸਬੰਧੀ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਡਾ:ਇੰਦਰਜੀਤ ਕੌਰ, ਸਾਬਕਾ ਡਿਪਟੀ ਡਾਇਰੈਕਟਰ, ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਮੁੱਖ ਮਹਿਮਾਨ ਦੇ ਤੌਰ ਤੇ ਹਾਜਰ ਹੋਏ। ਇਸ ਸਮਾਗਮ ਵਿੱਚ ਇਸ ਕਾਲਜ ਦੀਆਂ ਲੜਕੀਆਂ ਤੋਂ ਇਲਾਵਾ ਬਾਹਰਲੇ ਸਕੂਲਾਂ ਦੀਆਂ ਵਿਦਿਆਰਥਣਾਂ ਵੀ ਹਾਜਰ ਸਨ। ਮੁੱਖ ਮਹਿਮਾਨ ਤੋਂ ਇਲਾਵਾ ਇਸ ਸਮਾਗਮ ਵਿੱਚ ਡਾ.ਰਮਨਪ੍ਰੀਤ ਕੌਰ, ਮੈਡੀਕਲ ਅਫਸਰ ,ਸਿਹਤ ਵਿਭਾਗ, ਲੁਧਿਆਣਾ ਨੇ ਲੜਕੀਆਂ ਨੂੰ ਪ਼ੋਸ਼਼ਟਿਕ ਅਤੇ ਵਧੀਆ ਖੁਰਾਕ ਖਾਣ ਲਈ ਪ੍ਰੇਰਿਤ ਕੀਤਾ ਤਾਂ ਕਿ ੳਹ ਅਨੀਮੀਆਂ ਜਿਹੀਆਂ ਖਤਰਨਾਕ ਬੀਮਾਰੀਆਂ ਤੋਂ ਬਚ ਸਕਣ। ਇਸ ਸਮਾਗਮ ਵਿੱਚ ਵਿਸ਼ੇਸ਼ ਤੌਰ 'ਤੇ ਪਹੁੰਚੇ ਡਾ:ਹਰਪ੍ਰੀਤ ਕੌਰ, ਪ੍ਰ਼ੋਫੈਸਰ ਨਿਊਟ੍ਰੀਸ਼ਨ ਵਿਭਾਗ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਨੇ ਵਿਦਿਆਰਥੀਆਂ ਨੂੰ ਚੰਗੀ ਅਤੇ ਪੋਸ਼ਟਿਕ ਖੁਰਾਕ ਖਾਣ ਦੇ ਫਾਇਦੇ ਸਬੰਧੀ ਬਹੁਤ ਹੀ ਵੱਡਮੁੱਲੀ ਜਾਣਕਾਰੀ ਦੇਕੇ ਪੋਸ਼ਣ ਸਬੰਧੀ ਵਿਸਥਾਰਪੂਰਵਕ ਚਾਨਣਾ ਪਾਇਆ। ਇਸ ਮੌਕੇ ਸੰਸਥਾ ਦੀ ਐਨ.ਐਸ.ਐਸ.ਯੁਨਿਟ ਵਲੋਂ ਵਿਦਿਆਰਥਣਾਂ ਦੀ ਸਿਹਤ ਸਬੰਧੀ ਡਾ: ਰਮਨਪ੍ਰੀਤ ਕੌਰ ਦੀ ਦੇਖ ਰੇਖ ਵਿੱਚ ਮੈਡੀਕਲ ਕੈਂਪ ਵੀ ਲਗਾਇਆ ਗਿਆ।ਇਸ ਸਮਾਗਮ ਵਿੱਚ ਮੈਡਮ ਅਭਿਨੀਤ ਕੌਰ ਸੀ.ਡੀ.ਪੀ.ਓ.ਸਮਾਜਿਕ ਸੁਰੱਖਿਆ ਇਸਤਰੀਆਂ ਤੇ ਬਾਲ ਵਿਕਾਸ ਵਿਭਾਗ, ਜਿਲ੍ਹਾ ਇੰਚਾਰਜ ਪੋਸ਼ਣ ਅਭਿਆਨ ਡਾ:ਕਿਰਨ ਆਹਲੁਵਾਲੀਆ ਅਤੇ ਲੋਕ ਸੰਪਰਕ ਵਿਭਾਗ ਦੇ ਨੁਮਾਇੰਦੇ ਉਚੇਚੇ ਤੌਰ ਤੇ ਹਾਜਰ ਸਨ। ਇਸ ਪ੍ਰ਼ੋ਼ਗਰਾਮ ਦੇ ਚਲਦਿਆਂ ਸਿਹਤ ਨਾਲ ਸਬੰਧਿਤ ਹੀ ਸਵੱਛਤਾ ਮੁਹਿੰਮ ਤਹਿਤ ਨਗਰ ਨਿਗਮ ਲੁਧਿਆਣਾ ਦੇ ਸ਼੍ਰੀ ਬੰਟੂ ਸਿੰਘ ਚੀਫ ਸੈਨੇਟਰੀ ਇੰਸਪੈਕਟਰ, ਸ਼੍ਰੀ ਹਰਵਿੰਦਰ ਸਿੰਘ ਸੈਨੇਟਰੀ ਇੰਸ: ਸ਼੍ਰੀ ਰਮਣੀਕ ਸਿੰਘ ਸੈਨੇਟਰੀ ਇੰਸ:ਸ਼੍ਰੀ ਬਿਮਲ ਕੁਮਾਰ ਭੱਟੀ, ਸ਼੍ਰੀਮਤੀ ਕੁਲਜੀਤ ਕੌਰ ਸੀ.ਐਫ ਅਤੇ ਉਨ੍ਹਾਂ ਦੀ ਸੈਨੇਟਰੀ ਟੀਮ ਵਲ਼ੋ਼ਂ ਪਲਾਸਟਿਕ ਲਿਫਾਫਿਆਂ ਦੀ ਵਰਤ਼ੋ਼ਂ ਬਿਲਕੁੱਲ ਰ਼਼ੋਕਣ ਅਤੇ ਗਿੱਲੇ-ਸੁੱਕੇ ਕੂੜੇ ਨੂੰ ਅਲੱਗ-ਅਲੱਗ ਡਸਟਬੀਨਾਂ ਵਿੱਚ ਪਾਉਣ ਹਿੱਤ ਜਾਗਰੂਕ ਕੀਤਾ। ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਇੰਜ: ਮਹਿੰਦਰਪਾਲ ਸਿੰਘ ਜੀ ਨੇ ਮੁੱਖ ਮਹਿਮਾਨ ਅਤੇ ਬਾਹਰੋਂ ਆਏ ਵਿਸ਼ੇਸ਼ ਮਹਿਮਾਨਾਂ ਦਾ ਇਸ ਸਮਾਗਮ ਵਿੱਚ ਪਹੁੰਚਣ ਤੇ ਧੰਨਵਾਦ ਕੀਤਾ।ਸਮਾਗਮ ਸਬੰਧੀ ਕਰਵਾਈਆਂ ਗਈਆਂ ਗਤੀ ਵਿਧੀਆਂ ਵਿੱਚ ਜੇਤੂ ਵਿਦਿਆਰਥਣਾਂ ਨੂੰ ਇਨਾਮ ਤਕਸੀਮ ਕਰਦਿਆਂ ਮੁੱਖ ਮਹਿਮਾਨ ਜੀ ਨੇ ਕਿਹਾ ਕਿ ਅਜਿਹੇ ਸਮਾਗਮ ਕਰਕੇ ਅਸੀਂ ਅਪਣੀਆਂ ਲੜਕੀਆਂ ਨੂੰ ਚੰਗੀ ਸਿਹਤ ਅਤੇ ਤੰਦਰੁਸਤ ਸਮਾਜ ਦੀ ਸਿਰਜਣਾ ਕਰ ਸਕਦੇ ਹਾਂ। ਇਸ ਸਮਾਗਮ ਦਾ ਮੰਚ ਸੰਚਾਲਨ ਅਤੇ ਕੋ-ਆਰਡੀਨੇਸ਼ਨ ਪ੍ਰ਼ੋ਼ਐਸ.ਪੀ.ਸਿੰਘ ਪ੍ਰ਼ੋ: ਜਸਵੀਰ ਸਿੰਘ ਮੈਡਮ ਰੁਪਿੰਦਰ ਕੌਰ ਨੇ ਕੀਤੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰ਼਼ੋ:ਐਸ.ਏ.ਖਾਨ,ਪ੍ਰ਼ੋ: ਮਨੋਜ ਕੁਮਾਰ  ਪ੍ਰ਼ੋ: ਜਸਪ੍ਰੀਤ ਕੌਰ, ਪ੍ਰ਼ੋ: ਸੁਮਨ ਲਤਾ, ਪ੍ਰ਼ੋ: ਲਖਬੀਰ ਸਿੰਘ ਸ਼੍ਰੀ ਮਦਨ ਲਾਲ ਵਿਸ਼ੇਸ਼ ਤੌਰ ਤੇ ਹਾਜਰ ਸਨ।

ਵਿਸ਼ਵ ਪ੍ਰਸਿੱਧ ਵਿਦਵਾਨ ਕਥਾਵਾਚਕ ਗਿਆਨੀ ਸਾਹਿਬ ਸਿੰਘ ਸ਼ਾਹਬਾਦ ਮਾਰਕੰਡਾ ਦਾ ਸਨਮਾਨ

ਲੁਧਿਆਣਾ, ਸਤੰਬਰ 2019-( ਮਨਜਿੰਦਰ ਗਿੱਲ)-

ਬੀਤੀ ਸ਼ਾਮ ਲੁਧਿਆਣਾ ਦੇ ਕੇਂਦਰੀ ਧਾਰਮਿਕ ਸਥਾਨ ਗੁਰਦਵਾਰਾ ਸ਼੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਐਕਸਟੈਨਸ਼ਨ ਵਿਖੇ ਪੰਥ ਪ੍ਰਸਿੱਧ ਵਿਦਵਾਨ ਕਥਾਵਾਚਕ ਗਿਆਨੀ ਸਾਹਿਬ ਸਿੰਘ ਸ਼ਾਹਬਾਦ ਮਾਰਕੰਡਾ ਵਾਲਿਆਂ ਨੂੰ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਦੇ ਸੰਥਿਆ ਪਾਠ ਅਕੇ ਕਥਾਕਾਰੀ ਦੇ ਖੇਤਰ ਚ ਪੌਣੀ ਸਦੀ ਲੰਮੀਆਂ ਸੇਵਾਵਾਂ ਲਈ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ ਤੇ ਸੰਗਤਾਂ ਨੇ ਸਨਮਾਨਿਤ ਕੀਤਾ। ਗਿਆਨੀ ਸਾਹਿਬ ਸਿੰਘ ਜੀ ਦੀਆਂ ਉਮਰ ਭਰ ਨਿਸ਼ਕਾਮ ਪੰਥਕ ਗਿਆਨ ਆਧਾਰਿਤ ਸੇਵਾਵਾਂ ਦਾ ਜ਼ਿਕਰ ਕਰਦਿਆਂ ਜਥੇਦਾਰ ਮੱਕੜ ਨੇ ਕਿਹਾ ਕਿ ਜਿਸ ਸਾਦਗੀ, ਸਮਰਪਣ ਤੇ ਸਬਰ ਸੰਤੋਖ ਨਾਲ ਆਪ ਨੇ ਗੁਰਬਾਣੀ ਅਧਿਐਨ, ਖੋਜ ਤੇ ਪਸਾਰ ਦਾ ਕੰਮ ਕੀਤਾ ਹੈ, ਉਹ ਸਦੀਆਂ ਤੀਕ ਚੇਤੇ ਰਹੇਗਾ। ਉਨ੍ਹਾਂ ਕਿਹਾ ਕਿ ਇਤਿਹਾਸਕਾਰੀ ਚ ਪਹਿਲਾਂ ਸ: ਕਰਮ ਸਿੰਘ ਹਿਸਟੋਰੀਅਨ, ਡਾ: ਗੰਡਾ ਸਿੰਘ, ਗੁਰਬਾਣੀ ਵਿਆਖਿਆ ਤੇ ਅਨੁਵਾਦ ਚ ਮਨਮੋਹਨ ਸਿੰਘ, ਡਾ: ਸਾਹਿਬ ਸਿੰਘ ਅਤੇ ਕਥਾਕਾਰੀ ਚ ਗਿਆਨੀ ਮਾਨ ਸਿੰਘ ਝਾਵਰ, ਗਿਆਨ ਮਾਰਤੰਡ ਗਿਆਨੀ ਸੰਤ ਸਿੰਘ ਮਸਕੀਨ ਤੇ ਵਰਤਮਾਨ ਸਮੇਂ ਗਿਆਨੀ ਸਾਹਿਬ ਸਿੰਘ ਸ਼ਾਹਬਾਦ ਕਰ ਰਹੇ ਹਨ ਉਹ ਕਿਸੇ ਸੰਸਥਾ ਤੋਂ ਘੱਟ ਨਹੀਂ। ਪੜਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਸਾਬਕਾ ਪ੍ਰਧਾਨ ਪ੍ਰੋ: ਗੁਰਭਜਨ ਸਿੰਘ ਗਿੱਲ ਨੇ ਗਿਆਨੀ ਸਾਹਿਬ ਸਿੰਘ ਜੀ ਦੀ ਉਸਤਤ ਚ ਕਿਹਾ ਕਿ ਉਨ੍ਹਾਂ ਦੇ ਮੂੰਹੋਂ ਸੁਣੀ ਗਿਆਨ ਤੇ ਵਿਹਾਰਕ ਜੀਵਨ ਮਿਸਾਲਾਂ ਵਾਲੀ ਕਥਾ ਮੈਨੂੰ ਹੀ ਨਹੀਂ ਸਗੋਂ ਪੂਰੇ ਗਲੋਬ ਤੇ ਫ਼ੈਲੇ ਪੰਜਾਬੀਆਂ ਨੂੰ ਗੁਰੂ ਸੰਦੇਸ਼ ਨਾਲ ਨੇੜਿਓਂ ਜੋੜਦੀ ਹੈ। ਇਸ ਮੌਕੇ ਸ: ਪਰਮਜੀਤ ਸਿੰਘ ਧਾਲੀਵਾਲ ਸਾਬਕਾ ਡਿਪਟੀ ਚੀਫ਼ ਇੰਜਨੀਅਰ ਬਿਜਲੀ ਵਿਭਾਗ, ਸ: ਇੰਦਰਜੀਤ ਸਿੰਘ ਮੱਕੜ,ਉੱਘੇ ਫੋਟੋ ਆਰਟਿਸਟ ਤੇ ਰਾਗ ਰਤਨ ਪੁਸਤਕ ਦੇ ਲੇਖਕ ਸ: ਤੇਜ ਪ੍ਰਤਾਪ ਸਿੰਘ ਸੰਧੂ, ਸ: ਚਰਨਜੀਤ ਸਿੰਘ ਸਿੰਧ ਬੈਂਕ,ਸ: ਗੁਰਮੇਲ ਸਿੰਘ ਸੰਗੋਵਾਲ ਸਾਬਕਾ ਮੈਂਬਰ ਸ਼੍ਰੋਮਣੀ ਕਮੇਟੀ,ਸ: ਕ੍ਰਿਪਾਲ ਸਿੰਘ ਚੌਹਾਨ ਮੈਨੇਜਰ ਗੁਰਦਵਾਰਾ ਸਾਹਿਬ, ਜਗਦੇਵ ਸਿੰਘ ਕਲਸੀ, ਬਲਜੀਤ ਸਿੰਘ ਬਾਵਾ ਤੇ ਪੁਨੀਤਪਾਲ ਸਿੰਘ ਗਿੱਲ ਵੀ ਹਾਜ਼ਰ ਸਨ। ਗਿਆਨੀ ਸਾਹਿਬ ਸਿੰਘ ਸ਼ਾਹਬਾਦ ਮਾਰਕੰਡਾ ਨੇ ਇਸ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਵਿੱਚ ਆਯੋਜਿਤ ਡਾ: ਖੇਮ ਸਿੰਘ ਗਿੱਲ ਦੀ ਯਾਦ ਚ ਭੋਗ ਤੇ ਅੰਤਿਮ ਅਰਦਾਸ ਚ ਕਥਾ ਕਰਕੇ ਸ਼ਮੂਲੀਅਤ ਕੀਤੀ।

ਮਨੇਰਗਾ ਕਰਮਚਾਰੀਆਂ ਨੇ ਸਾਬਕਾ ਮੰਤਰੀ ਦਾਖਾ ਨੂੰ ਮੰਗ ਪੱਤਰ ਦਿੱਤਾ

ਸਿੱਧਵਾਂ ਬੇਟ/ਲੁਧਿਆਣਾ, ਸਤੰਬਰ 2019-(ਜਸਮੇਲ ਗਾਲਿਬ)-

ਮਨਰੇਗਾ ਕਰਮਚਾਰੀਆ ਨੇ ਆਪਣੀਆਂ ਹੱਕੀ ਅਤੇ ਜਾਇਜ ਮੰਗਾਂ ਮਨਵਾਉਣ ਲਈ ਅਣਮਿੱਥੇ ਸਮੇ ਲਈ ਜਾਰੀ ਧਰਨਾ 10ਵੇ ਦਿਨ ਜਾਰੀ ਰਿਹਾ।ਸਮੂਹ ਕਰਮਚਾਰੀਆਂ ਨੇ ਸਰਕਾਰ ਪ੍ਰਤੀ ਆਪਣਾ ਰੋਸ ਪ੍ਰਗਾਟਾਉਂਦੇ ਕਿਹਾ ਸਾਡੇ ਨਾਲ ਵਾਅਦੇ ਅਨੁਸਾਰ ਸਰਕਾਰ ਸਾਡੀਆਂ ਹੱਕੀ ਅਥੇ ਜਾਇਜ਼ ਮੰਗਾਂ ਨੂੰ ਅਣਗੋਲਿਆ ਕਰਕੇ ਸਾਡੇ ਨਾਲ ਧੋਖਾ ਕਰਦੇ ਕਿਹਾ ਕਿ ਲਗਾਤਾਰ 10ਵੇ ਦਿਨ ਦੀ ਹੜਤਾਲ ਹੋਣ ਬਾਵਜੂਦ ਸਰਕਾਰ ਟੱਸ ਤੋ ਮੱਸ ਨਹੀ ਹੋ ਰਹੀ।ਇਸ ਮੌਕੇ ਸਮੂਹ ਮਨੇਰਗਾ ਕਰਮਚਾਰੀਆਂ ਨੇ ਜਗਰਾਉ ਵਿੱਚ ਸਾਬਕਾ ਮੰਤਰੀ ਪੰਜਾਬ ਮਲਕੀਤ ਸਿੰਘ ਦਾਖਾ ਨੂੰ ਆਪਣੀਆਂ ਮੰਗਾਂ ਸਬੰਧੀ ਜਾਣਕਾਰੀ ਦਿੰਦੇ ਹੋਏ ਮੰਗ ਪੱਤਰ ਦਿੱਤਾ ਗਿਆ।ਇਸ ਸਮੇ ਸਾਬਕਾ ਮੰਤਰੀ ਦਾਖਾ ਨੇ ਵਿਸਵਾਸ਼ ਦਿਵਾਇਆ ਕਿ ਉਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮਿਲ ਕੇ ਤੁਹਾਡੀਆਂ ਮੰਗ ਦਾ ਹੱਲ ਕੀਤਾ ਜਾਵੇਗਾ।ਇਸ ਮੌਕੇ ਕਾਂਗਰਸ ਦਿਹਾਤੀ ਪ੍ਰਧਾਨ ਸਰਪੰਚ ਜਗਜੀਤ ਸਿੰਘ ਕਾੳਂਕੇ,ਸਰਪੰਚ ਜਗਦੀਸ਼ ਚੰਦ ਗਾਲਿਬ ਰਣ ਸਿੰਘ,ਅਮਰਨਾਥ ਕਲਿਆਣ,ਤੇਜਿੰਦਰ ਸਿੰਘ ਨੰਨੀ,ਜਸਵੀਰ ਸਿੰਘ ਏ.ਪੀ.ੳ,ਪਰਮਾਤਮਾ ਸਿੰਘ ਜੇ.ਈ,ਕੁਲਵਿੰਦਰ ਸਿੰਘ,ਗੁਰਚਰਨ ਸਿੰਘ,ਪੁਨੀਤ ਸ਼ਰਮਾ, ਹਿੰਮਤ ਸ਼ਰਮਾ,ਮਨਦੀਪ ਸਿੰਘ,ਗੁਰਪ੍ਰੀਤ ਸਿੰਘ ਆਦਿ ਹਾਜ਼ਰ ਸਨ।

ਲੀਲਾਂ ਮੇਘ ਸਿੰਘ ਵਿਖੇ ਬਲਾਕ ਸਿੱਖਿਆ ਅਫਸਰ ਹਰਭਜਨ ਸਿੰਘ ਦੀ ਅਗਵਾਈ ਵਿੱਚ ਪ੍ਰਾਇਮਾਰੀ ਸਕੂਲਾਂ ਦੀਆਂ ਖੇਡਾਂ ਸੁਰੂ

ਸਿੱਧਵਾਂ ਬੇਟ/ਲੁਧਿਆਣਾ,ਸਤੰਬਰ 2019 -(ਜਸਮੇਲ ਗਾਲਿਬ)-

ਪ੍ਰਾਇਮਰੀ ਸਕੂਲਾਂ ਦੀਆਂ ਬਲਾਕ ਪੱਧਰੀ ਖੇਡਾਂ ਸਰਕਾਰੀ ਪ੍ਰਾਇਮਰੀ ਸਕੂਲ ਲੀਲ੍ਹਾਂ ਮੇਘ ਸਿੰਘ ਵਿਖੇ ਬਲਾਕ ਸਿੱਖਿਆ ਅਫਸਰ ਹਰਭਜਨ ਸਿੰਘ ਦੀ ਅਗਵਾਈ ਵਿਚ ਸ਼ੁਰੂ ਹੋਈਆਂ।ਖੇਡਾਂ ਦਾ ਉਦਘਾਟਨ ਜ਼ਿਲ੍ਹਾਂ ਸਿੱਖਿਆ ਅਫਸਰ ਮੈਂਡਮ ਰਾਜਿੰਦਰ ਕੌਰ ਤੇ ਸਰਪੰਚ ਵਰਕਪਾਲ ਸਿੰਘ ਨੇ ਸਾਝੇ ਤੌਰ 'ਤੇ ਕਰਦਿਆਂ ਬੱਚਿਆ ਨੂੰ ਖੇਡ ਭਾਵਨਾ ਨਾਲ ਖੇਡਣ ਲਈ ਉਤਸ਼ਾਹਿਤ ਕੀਤਾ।ਟੂਰਨਾਮੈਂਟ ਵਿਚ ਬਲਾਕ ਦੇ ਪੰਜ ਸੈਟਰ ਸ਼ੇਰਪੁਰ ਕਲਾਂ,ਤਿਹਾੜਾ, ਸਦਰਪੁਰਾ ,ਗਾਲਿਬ ਕਲਾਂ ਤੇ ਸਿੱਧਵਾਂ ਬੇਟ ਅਧੀਨ ਪ੍ਰਾਇਮਰੀ ਸਕੂਲ ਵਿੱਚ ਪੜ੍ਹਦੇ 350 ਬੱਚਿਆਂ ਨੇ ਭਾਗ ਲਿਆ।ਬੱਚਿਆਂ ਨੇ ਕਬੱਡੀ ,ਅਥਲੈਟਿਕਸ ,ਖੋ-ਖੋ,ਗੋਲਾ ਸੁੱਟਣਾ,ਲੰਬੀ ਛਾਲ,ਕੁਸ਼ਤੀਆਂ,ਰੱਸੀ ਪੱਟਣਾ ਆਦਿ ਮੁਕਾਬਲਿਆਂ ਵਿਚ ਭਾਗ ਲਿਆ।ਇਨ੍ਹਾਂ ਮੁਕਾਬਲਿਆਂ ਵਿਚ ਭਾਗ ਲਿਆ।ਇਨ੍ਹਾਂ ਮੁਕਾਬਲਿਆਂ ਦੌਰਾਨ ਵੱਡੀ ਗਿਣਤੀ ਦਰਸ਼ਕਾਂ ਤੇ ਅਧਿਆਪਕਾਂ ਨੇ ਖਿਡਾਰੀਆਂ ਦਾ ਤਾੜੀਆਂ ਨਾਲ ਬੱਚਿਆ ਦਾ ਮਨੋਬਲ ਵਧਇਆ।ਇਸ ਮੌਕੇ ਬਲਦੇਵ ਸਿੰਘ ਧਾਲੀਵਾਲ ,ਸਰਪੰਚ ਸਿਵਰਾਜ ਸਿੰਘ ਅਗਵਾੜ ਲੋਪੋ ਖੁਰਦ,ਪ੍ਰਿੰਸੀਪਲ ਮਨਜੀਤ ਕੌਰ ,ਦੀਪਕ ਸ਼ਰਮਾ ਰਾਜਨਿੰਦਰਪਾਲ ਸਿੰਘ ਆਦਿ ਹਾਜ਼ਰ ਸਨ।

ਮਨੇਰਗਾ ਮੁਲਜ਼ਮਾਂ ਦੀ ਹੜਤਾਲ 10ਵੇ ਦਿਨ 'ਚ ਸ਼ਾਮਲ

ਸਿੱਧਵਾਂ ਬੇਟ/ਲੁਧਿਆਣਾ,ਸਤੰਬਰ 2019 -(ਜਸਮੇਲ ਗਾਲਿਬ)-

ਆਪਣੀਆਂ ਸੇਵਾਵਾਂ ਰੈਗੂਲਰ ਕਰਵਾਉਣ ਲਈ ਮਨਰੇਗਾ ਮੁਲਾਜ਼ਮਾਂ ਦੀ ਕਲਮ ਛੋੜ ਦੀ ਹੜਤਾਲ 10 ਵੇ ਦਿਨ 'ਚ ਸਾਮਲ ਹੋ ਗਈ ਹੈ ਜਿਕਰਯੋਗ ਹੈ ਕਿ ਹੈ ਕਿ ਨਰੇਗਾ ਮੁਲਾਜ਼ਮ ਪਿਛਲੇ 10-12 ਸਾਲਾਂ ਤੋਂ ਪੇਡੂ ਵਿਕਾਸ ਤੇ ਪੰਚਾਇਤ ਵਿਭਾਗ 'ਚ ਨਰੇਗਾ ਅਧੀਨ ਨੌਕਰੀ ਕਰ ਰਹੇ ਹਨ।ਇਹਨਾਂ ਨਰੇਗਾ ਮੁਲਾਜ਼ਮਾਂ ਦੀ ਭਰਤੀ ਪੂਰੇ ਪਾਰਦਰਸੀ ਢੰਗ ਨਾਲ ਰੈਗੂਲਰ ਭਰਤੀ ਲਈ ਅਪਣਾਏ ਜਾਂਦੇ ਮਾਪਢੰਡਾਂ ਅਨਸਾਰ ਹੋਈ ਸੀ।ਇਸ ਸਮੇਂ ਬਲਾਕ ਸਿੱਧਵਾਂ ਬੇਟ ਦੇ ਮਨਰੇਗਾ ਕਰਮਚਾਰੀਆਂ ਨੇ ਦੱਸਿਆ ਕਿ ਸਾਨੂੰ ਸਰਕਾਰ ਰੈਗਲੂਰ ਕਰਨ ਲਈ ਅਨਾਕਾਰੀ ਕਰ ਰਹੀ ਹੈ।ਚੋਣਾ ਸਮੇਂ ਸਾਡੇ ਨਾਲ ਵਾਅਦਾ ਕੀਤਾ ਗਿਆਸੀ ਕਿ ਕੱਚੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇਗਾ।ਸਰਕਾਰ ਬਣਨ ਤੇ ਤਿੰਨ ਮੈਬਰੀ ਕਮੇਟੀ ਵੀ ਬਣਾਈ ਗਈ ਪਰ ਅਜੇ ਤੱਕ ਕੋਈ ਮੁਲਾਜ਼ਮ ਪੱਕਾ ਨਹੀਂ ਕੀਤਾ ਗਿਆ।ਜਿਸ ਤੋਂ ਨਿਰਾਸ ਹੋ ਕਿ ਅਸੀ ਸਾਰੇ ਪੰਜਾਬ ਦੇ 1539 ਮੁਲਾਜ਼ਮ ਨਰੇਗਾ ਅਧੀਨ ਹੋਣ ਵਾਲੇ ਹਰ ਵਿਕਾਸ ਕਾਰਜਾਂ ਦਾ ਬਾਈਕਾਟ ਕਰਕੇ ਧਰਨੇ ਤੇ ਬੈਠੇ ਹਾਂ।ਇਸ ਸਮੇਂ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਜੇ ਸਾਨੂੰ ਇਨਸਾਫ ਨਾ ਮਿਿਲਆ ਤਾਂ ਅਸੀਂ ਵਿਕਾਸ ਭਾਵਨਾ ਮੁਹਾਲੀ ਵਿਖੇ ਪੰਜਾਬ ਪੱਧਰ ਦਾ ਧਰਨਾ ਲਾਵਾਂਗੇ ।ਇਸੇ ਸਮੇਂ ਏ.ਪੀ.ੳ ਗੁਰਇਕਬਾਲ ਸਿੰਘ,ਜੇ ਈ ਸੁਖਵਿੰਦਰ ਸਿੰਘ ,ਸੀ.ਏ ਕੁਲਦੀਪ ਕੌਰ ,ਸੈਕਟਰੀ ਜਸਵੀਰ ਸਿੰਘ ,ਸੈਕਟਰੀ ਸਮਸ਼ੇਰ ਸਿੰਘ,ਸੈਕਟਰੀ ਹਰਜਿੰਦਰ ਸਿੰਘ,ਸੈਕਟਰੀ ਲਵਪ੍ਰੀਤ ਸਿੰਘ ਆਦਿ ਹਾਜ਼ਰ ਸਨ।