ਰਾਜਸੀ ਇਸ਼ਤਿਹਾਰਾਂ ਦੀ ਅਗਾਂਊ ਸਰਟੀਫਿਕੇਸ਼ਨ ਜ਼ਰੂਰੀ-ਜ਼ਿਲਾ ਚੋਣ ਅਫ਼ਸਰ

ਮੀਡੀਆ ਸਰਟੀਫਿਕੇਸ਼ਨ ਐਂਡ ਮੋਨੀਟਰਿੰਗ ਕਮੇਟੀ ਵੱਲੋਂ ਕੀਤੀ ਜਾਂਦੀ ਹੈ ਸਰਟੀਫਿਕੇਸ਼ਨ

ਲੁਧਿਆਣਾ, ਸਤੰਬਰ 2019-(ਮਨਜਿੰਦਰ ਗਿੱਲ)-

ਆਗਾਮੀ ਵਿਧਾਨ ਸਭਾ ਹਲਕਾ ਦਾਖਾ ਦੀ ਜ਼ਿਮਨੀ ਚੋਣ ਦੇ ਸੰਬੰਧ ਵਿੱਚ ਭਾਰਤੀ ਚੋਣ ਕਮਿਸ਼ਨ ਨੇ ਹਦਾਇਤ ਜਾਰੀ ਕੀਤੀ ਹੈ ਕਿ ਰਾਜਸੀ ਪਾਰਟੀਆਂ/ਉਮੀਦਵਾਰਾਂ/ਸੰਸਥਾਵਾਂ/ਵਿਅਕਤੀ ਵਿਸ਼ੇਸ਼ ਵੱਲੋਂ ਜੇਕਰ ਵੋਟਾਂ ਵਾਲੇ ਦਿਨ ਜਾਂ ਇੱਕ ਦਿਨ ਪਹਿਲਾਂ ਪ੍ਰਿੰਟ ਮੀਡੀਆ ਰਾਹੀਂ ਰਾਜਸੀ ਇਸ਼ਤਿਹਾਰਬਾਜ਼ੀ ਕਰਵਾਈ ਜਾਣੀ ਹੈ ਤਾਂ ਉਸ ਦੀ ਜ਼ਿਲਾ ਪੱਧਰੀ ਮੀਡੀਆ ਸਰਟੀਫਿਕੇਸ਼ਨ ਐਂਡ ਮੋਨੀਟਰਿੰਗ ਕਮੇਟੀ ਵੱਲੋਂ ਅਗਾਂਊ ਸਰਟੀਫਿਕੇਸ਼ਨ ਕਰਵਾਉਣੀ ਲਾਜ਼ਮੀ ਹੈ। ਇਸ ਸੰਬੰਧੀ ਅੱਜ ਡਿਪਟੀ ਕਮਿਸ਼ਨਰ-ਕਮ-ਜ਼ਿਲਾ ਚੋਣ ਅਫ਼ਸਰ ਪ੍ਰਦੀਪ ਕੁਮਾਰ ਅਗਰਵਾਲ ਨੇ ਮੀਡੀਆ ਕਰਮੀਆਂ, ਨਿਊਜ਼ ਪੇਪਰ ਏਜੰਸੀਆਂ ਅਤੇ ਇਸ਼ਤਿਹਾਰ ਏਜੰਸੀਆਂ ਦੇ ਨੁਮਾਇੰਦਿਆਂ ਨਾਲ ਵਿਸ਼ੇਸ਼ ਮੀਟਿੰਗ ਕੀਤੀ। ਉਨਾਂ ਦੱਸਿਆ ਕਿ ਭਾਰਤੀ ਚੋਣ ਕਮਿਸ਼ਨ ਵੱਲੋਂ ਅਜਿਹੇ ਇਸ਼ਤਿਹਾਰਾਂ, ਜਿਨਾਂ ਨਾਲ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਹੁੰਦੀ ਹੋਵੇ ਅਤੇ ਵੋਟਰਾਂ ਤੱਕ ਗੁੰਮਰਾਹਕੁੰਨ ਸੁਨੇਹਾ ਜਾਣ ਦਾ ਖ਼ਤਰਾ ਹੋਵੇ, ਨੂੰ ਰੋਕਣ ਲਈ ਸੰਵਿਧਾਨ ਦੀ ਧਾਰਾ 324 ਤਹਿਤ ਇਹ ਹਦਾਇਤ ਕੀਤੀ ਹੈ ਕਿ ਕੋਈ ਵੀ ਰਾਜਸੀ ਪਾਰਟੀ/ਉਮੀਦਵਾਰਾਂ/ਸੰਸਥਾਵਾਂ/ਵਿਅਕਤੀ ਵਿਸ਼ੇਸ਼ ਵੱਲੋਂ ਜੇਕਰ ਵੋਟਾਂ ਵਾਲੇ ਦਿਨ ਜਾਂ ਇੱਕ ਦਿਨ ਪਹਿਲਾਂ ਪ੍ਰਿੰਟ ਮੀਡੀਆ ਰਾਹੀਂ ਰਾਜਸੀ ਇਸ਼ਤਿਹਾਰਬਾਜ਼ੀ ਕਰਵਾਈ ਜਾਣੀ ਹੈ ਤਾਂ ਉਸ ਦੀ ਜ਼ਿਲਾ ਪੱਧਰੀ ਮੀਡੀਆ ਸਰਟੀਫਿਕੇਸ਼ਨ ਐਂਡ ਮੋਨੀਟਰਿੰਗ ਕਮੇਟੀ ਵੱਲੋਂ ਅਗਾਂਊ ਸਰਟੀਫਿਕੇਸ਼ਨ ਕਰਵਾਉਣੀ ਲਾਜ਼ਮੀ ਹੈ। ਅਗਰਵਾਲ ਨੇ ਮੀਡੀਆ ਕਰਮੀਆਂ ਨੂੰ ਅਪੀਲ ਕੀਤੀ ਕਿ ਉਹ ਪੇਡ ਨਿਊਜ਼ ਦੇ ਰੁਝਾਨ ਨੂੰ ਵੀ ਠੱਲਣ ਵਿੱਚ ਚੋਣ ਕਮਿਸ਼ਨ ਦਾ ਸਹਿਯੋਗ ਕਰਨ। ਜੇਕਰ ਇਲੈਕਟਰੋਨਿਕਸ ਮੀਡੀਆ ਰਾਹੀਂ ਕੋਈ ਚੋਣ ਪ੍ਰਚਾਰ ਕੀਤਾ ਜਾਣਾ ਹੈ ਤਾਂ ਉਸ ਲਈ ਜ਼ਿਲਾ ਪੱਧਰੀ ਮੀਡੀਆ ਸਰਟੀਫਿਕੇਸ਼ਨ ਅਤੇ ਮੋਨੀਟਰਿੰਗ ਕਮੇਟੀ ਤੋਂ ਸਰਟੀਫਿਕੇਸ਼ਨ ਕਰਾਉਣੀ ਲਾਜ਼ਮੀ ਹੈ। ਇਸ ਮੌਕੇ ਉਨਾਂ ਪ੍ਰਿੰਟਿੰਗ ਪ੍ਰੈੱਸਾਂ ਦੇ ਮਾਲਕਾਂ ਨੂੰ ਵੀ ਹਦਾਇਤ ਕੀਤੀ ਕਿ ਉਹ ਜੇਕਰ ਕਿਸੇ ਉਮੀਦਵਾਰ ਜਾਂ ਪਾਰਟੀ ਦੀ ਚੋਣ ਸਮੱਗਰੀ ਛਾਪਦੇ ਹਨ ਤਾਂ ਇਹ ਯਕੀਨੀ ਬਣਾਉਣ ਕਿ ਸਮੱਗਰੀ ਉੱਪਰ ਚੋਣ ਪ੍ਰਚਾਰ ਦੀ ਕਿਸਮ, ਗਿਣਤੀ, ਪ੍ਰਿੰਟਰ, ਪਬਲਿਸ਼ਰ ਦਾ ਨਾਮ ਅਤੇ ਪਤਾ ਆਦਿ ਛਾਪਣਾ ਯਕੀਨੀ ਬਣਾਉਣ ਦੇ ਨਾਲ-ਨਾਲ ਇਸ ਸੰਬੰਧੀ ਸੂਚਨਾ ਜ਼ਿਲਾ ਪੱਧਰੀ ਮੀਡੀਆ ਸਰਟੀਫਿਕੇਸ਼ਨ ਐਂਡ ਮੋਨੀਟਰਿੰਗ ਕਮੇਟੀ ਨੂੰ ਜ਼ਰੂਰ ਭੇਜਣ। ਇਸੇ ਤਰਾਂ ਸ਼ਰਾਬ ਦੇ ਠੇਕੇਦਾਰਾਂ ਨੂੰ ਹਦਾਇਤ ਕੀਤੀ ਗਈ ਕਿ ਉਹ ਆਦਰਸ਼ ਚੋਣ ਜ਼ਾਬਤੇ ਦੀ ਪਾਲਣਾ ਕਰਦਿਆਂ ਸ਼ਰਾਬ ਦੀ ਹਰ ਤਰਾ ਦੀ ਗੈਰਕਾਨੂੰਨੀ ਗਤੀਵਿਧੀ ਨੂੰ ਰੋਕ ਦੇਣ। ਉਨਾਂ ਕਿਹਾ ਕਿ ਅਜਿਹੀਆਂ ਹਰ ਤਰਾਂ ਦੀਆਂ ਗੈਰਕਾਨੂੰਨੀ ਗਤੀਵਿਧੀਆਂ ਨੂੰ ਰੋਕਣ ਲਈ ਜ਼ਿਲਾ ਚੋਣ ਦਫ਼ਤਰ ਵੱਲੋਂ ਬਕਾਇਦਾ ਨਜ਼ਰਸਾਨੀ ਕੀਤੀ ਜਾ ਰਹੀ ਹੈ। ਵੱਖ-ਵੱਖ ਨਿਗਰਾਨ ਟੀਮਾਂ ਦਾ ਗਠਨ ਕੀਤਾ ਹੋਇਆ ਹੈ, ਜੋ ਕਿ ਸਥਿਤੀ 'ਤੇ ਨਜ਼ਰ ਰੱਖ ਰਹੀਆਂ ਹਨ। ਇਸ ਮੌਕੇ ਅਗਰਵਾਲ ਨੇ ਸਮੂਹ ਧਿਰਾਂ ਨੂੰ ਚੋਣ ਕਮਿਸ਼ਨ ਦੀਆਂ ਸਾਰੀਆਂ ਹਦਾਇਤਾਂ ਪੜ ਕੇ ਸੁਣਾਈਆਂ ਅਤੇ ਇਨਾਂ 'ਤੇ ਅਮਲ ਕਰਨ ਬਾਰੇ ਕਿਹਾ। ਉਨਾਂ ਕਿਹਾ ਕਿ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਕਰਨ ਵਾਲੇ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਇਕਬਾਲ ਸਿੰਘ ਸੰਧੂ, ਸਹਾਇਕ ਕਰ ਅਤੇ ਆਬਕਾਰੀ ਕਮਿਸ਼ਨਰ ਦੀਪਕ ਰੁਹੇਲਾ, ਜ਼ਿਲਾ ਲੋਕ ਸੰਪਰਕ ਅਫ਼ਸਰ ਪ੍ਰਭਦੀਪ ਸਿੰਘ ਨੱਥੋਵਾਲ, ਤਹਿਸੀਲਦਾਰ (ਚੋਣ) ਸ੍ਰੀਮਤੀ ਅੰਜੂ ਬਾਲਾ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।