ਗ੍ਰਿਫਤਾਰੀ ਲਈ ਥਾਣੇ ਮੂਹਰੇ ਧਰਨਾ ਲਗਾਤਾਰ ਜਾਰੀ!
ਜਗਰਾਉਂ 20 ਅਗਸਤ (ਗੁਰਕੀਰਤ ਜਗਰਾਉਂ /ਮਨਜਿੰਦਰ ਗਿੱਲ ) ਪੰਜਾਬ ਪੁਲਿਸ ਦੇ ਅੱਤਿਆਚਾਰ ਤੋਂ ਪੀੜ੍ਹਤ ਪਰਿਵਾਰ ਨੂੰ ਇਨਸਾਫ਼ ਨਾਂ ਮਿਲਣਾ ਪੰਜਾਬ ਦੀ "ਮਾਨ" ਸਰਕਾਰ ਦੇ ਮੱਥੇ 'ਤੇ ਕਲ਼ੰਕ ਹੈ। ਇਹ ਵਿਚਾਰ ਕੁਲਵੰਤ ਕੌਰ ਰਸੂਲਪੁਰ ਦੇ ਮਾਮਲੇ ਵਿਚ ਸਥਾਨਕ ਸਿਟੀ ਥਾਣੇ ਮੂਹਰੇ ਲੱਗੇ ਪੱਕਾ ਮੋਰਚਾ ਲਗਾਈ ਬੈਠੇ ਕਿਰਤੀ ਕਿਸਾਨ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਤਰਲੋਚਨ ਸਿੰਘ ਝੋਰੜਾਂ, ਪੇਂਡੂ ਮਜ਼ਦੂਰ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਅਵਤਾਰ ਸਿੰਘ ਰਸੂਲਪੁਰ ਤੇ ਕਿਸਾਨ ਸਭਾ ਦੇ ਆਗੂ ਨਿਰਮਲ ਸਿੰਘ ਧਾਲੀਵਾਲ ਨੇ ਕਹੇ। ਉਨ੍ਹਾਂ ਕਿਹਾ ਪੀੜ੍ਹਤ ਪਰਿਵਾਰ ਨੂੰ ਹੁਣ ਤੱਕ ਇਨਸਾਫ਼ ਨਾਂ ਮਿਲਣਾ ਬਦਲਾ ਦੇ ਨਾਮ ਸਤਾ 'ਚ ਆਈ "ਆਪ" ਸਰਕਾਰ ਦੇ ਮੱਥੇ 'ਤੇ ਕਲ਼ੰਕ ਹੈ। ਪ੍ਰੈਸ ਨੂੰ ਜਾਰੀ ਇੱਕ ਬਿਆਨ ਰਾਹੀਂ ਪੇਂਡੂ ਮਜ਼ਦੂਰ ਯੂਨੀਅਨ(ਮਸ਼ਾਲ਼ ) ਦੇ ਆਗੂ ਬਲਦੇਵ ਸਿੰਘ, ਏਟਕ ਆਗੂ ਜਗਦੀਸ਼ ਸਿੰਘ, ਜ਼ਬਰ ਜੁਲਮ ਵਿਰੋਧੀ ਫਰੰਟ ਦੇ ਜਿਲ੍ਹਾ ਪ੍ਰਧਾਨ ਕੁਲਦੀਪ ਸਿੰਘ ਨੇ ਪੰਜਾਬ ਸਰਕਾਰ ਤੋਂ ਪੁਰਜ਼ੋਰ ਮੰਗ ਕੀਤੀ ਕਿ ਕੁਲਵੰਤ ਕੌਰ ਦੇ ਕਾਤਲਾਂ ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ ਅਤੇ ਸੜਕ ਤੇ ਬੈਠੇ ਪੀੜ੍ਹਤ ਪਰਿਵਾਰ ਨੂੰ ਇਨਸਾਫ਼ ਦਿੱਤਾ ਜਾਵੇ। ਪੇਂਡੂ ਮਜ਼ਦੂਰ ਯੂਨੀਅਨ ਦੇ ਲੋਕਲ ਆਗੂ ਬਖਤੌਰ ਸਿੰਘ, ਭਾਰਤੀ ਕਿਸਾਨ ਯੂਨੀਅਨ ਏਕਤਾ(ਡਕੌਂਦਾ) ਦੇ ਬਲਾਕ ਕਮੇਟੀ ਮੈਂਬਰ ਜੱਗਾ ਸਿੰਘ ਢਿੱਲੋਂ ਤੇ ਰਾਮਤੀਰਥ ਸਿੰਘ ਵੀ ਨੇ ਗ੍ਰਹਿ ਮੰਤਰੀ ਪੰਜਾਬ ਤੋਂ ਗੈਰ-ਜਮਾਨਤੀ ਧਰਾਵਾਂ ਦੇ ਦੋਸ਼ੀਆਂ ਨੂੰ ਜੇਲ਼ ਦੀਆਂ ਸੀਖਾਂ ਪਿੱਛੇ ਬੰਦ ਕਰਨ ਦੀ ਮੰਗ ਕੀਤੀ। ਜਿਕਰਯੋਗ ਹੈ ਕਿ ਪਿਛਲੇ 5 ਮਹੀਨਿਆਂ ਤੋਂ ਧਰਨੇ 'ਤੇ ਬੈਠੇ ਗਰੀਬ ਪਰਿਵਾਰ ਨੇ ਆਪਣੇ ਖੂਨ ਨਾਲ ਖਤ ਲਿਖ ਕੇ ਹਲਕਾ ਵਿਧਾਇਕ ਸਰਬਜੀਤ ਕੌਰ ਮਾਣੂੰਕੇ ਰਾਹੀਂ ਵੀ ਭਗਵੰਤ ਮਾਨ ਨੂੰ ਭੇਜਿਆ ਸੀ ਪਰ ਪੀੜ੍ਹਤ ਪਰਿਵਾਰ ਨੂੰ ਕੋਈ ਇਨਸਾਫ਼ ਦੀ ਕਿਰਨ ਨਜ਼ਰ ਨਹੀਂ ਆ ਰਹੀ। ਜਿਸ ਕਾਰਨ ਪਰਿਵਾਰ ਅਤੇ ਧਰਨਾਕਾਰੀ ਲੋਕਾਂ ਦਾ ਕਾਨੂੰਨ ਤੋਂ ਵਿਸਵਾਸ਼ ਉਠਦਾ ਜਾ ਰਿਹਾ ਹੈ। ਮੁਦਈ ਮੁਕੱਦਮਾ ਇਕਬਾਲ ਸਿੰਘ ਰਸੂਲਪੁਰ ਨੇ ਕਿਹਾ ਕਿ ਉਹਨਾਂ ਦਾ ਪਰਿਵਾਰ 2005 ਤੋਂ ਹੀ ਇਨਸਾਫ਼ ਦੀ ਮੰਗ ਕਰਦਾ ਆ ਰਿਹਾ ਹੈ ਪਰ ਪੱਲੇ ਕੁੱਝ ਨਹੀਂ ਪਿਆ ਫਿਰ ਵੀ ਉਹ ਪੁਲਿਸ ਅੱਤਿਆਚਾਰ ਖਿਲਾਫ਼ ਲੜ੍ਹਾਈ ਲੜਦੇ ਰਹਿਣਗੇ ਤੇ ਨਿਆਂ ਦੀ ਪ੍ਰਾਪਤੀ ਤੱਕ ਲੜ੍ਹਣਗੇ। ਇਸ ਸਮੇਂ ਰੂਪ ਸਿੰਘ ਝੋਰੜਾਂ, ਮਨੋਹਰ ਸਿੰਘ ਝੋਰੜਾਂ, ਕੁੰਢਾ ਸਿੰਘ ਕਾਉਂਕੇ, ਝੰਡਾ ਸਿੰਘ ਲੀਲ੍ਹਾ ਨੇ ਵੀ ਦੋਸ਼ੀ ਡੀ.ਅੈਸ.ਪੀ. ਗੁਰਿੰਦਰ ਬੱਲ, ਅੈਸ.ਆਈ. ਰਾਜਵੀਰ ਤੇ ਹਰਜੀਤ ਸਰਪੰਚ ਨੂੰ ਤੁਰੰਤ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਹੈ। ਅੱਜ ਦੇ ਧਰਨੇ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੇ ਬਾਬਾ ਬੰਤਾ ਸਿੰਘ ਡੱਲਾ, ਪੇਂਡੂ ਮਜ਼ਦੂਰ ਯੂਨੀਅਨ ਦੇ ਆਗੂ ਕਰਨੈਲ ਸਿੰਘ, ਜੱਥੇਦਾਰ ਚੜ੍ਤ ਸਿੰਘ ਬਾਰਦੇਕੇ, ਨਛੱਤਰ ਸਿੰਘ, ਚਰਨ ਸਿੰਘ, ਬੱਬੀ ਜਗਰਾਉਂ, ਅਵਤਾਰ ਸਿੰਘ ਠੇਕੇਦਾਰ ਵੀ ਹਾਜ਼ਰ ਰਹੇ।