ਅੰਤਰਰਾਸ਼ਟਰੀ

ਇਮਰਾਨ ਵੱਲੋਂ ਜੌਹਨਸਨ ਤੇ ਸਲਮਾਨ ਤਕ ਰਸਾਈ

ਇਸਲਾਮਾਬਾਦ, ਅਗਸਤ 2019- ਭਾਰਤ ਵੱਲੋਂ ਜੰਮੂ ਤੇ ਕਸ਼ਮੀਰ ’ਚ ਧਾਰਾ 370 ਮਨਸੂਖ਼ ਕਰਨ ਤੋਂ ਰੋਹ ਵਿੱਚ ਆਏ ਪਾਕਿਸਤਾਨ ਨੇ ਸਫ਼ਾਰਤੀ ਹਮਾਇਤ ਜੁਟਾਉਣ ਲਈ ਵੱਖ ਵੱਖ ਮੁਲਕਾਂ ਤਕ ਰਸਾਈ ਸ਼ੁਰੂ ਕਰ ਦਿੱਤੀ ਹੈ। ਪਾਕਿਸਤਾਨ ਦੇ ਵਜ਼ੀਰੇ ਆਜ਼ਮ ਇਮਰਾਨ ਖ਼ਾਨ ਨੇ ਭਾਰਤ ਦੀ ਇਸ ਪੇਸ਼ਕਦਮੀ ਦੇ ਟਾਕਰੇ ਲਈ ਬ੍ਰਿਟੇਨ ਤੇ ਸਾਊਦੀ ਅਰਬ ਤਕ ਰਾਬਤਾ ਕੀਤਾ ਹੈ, ਉਥੇ ਮੁਲਕ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਪੇਈਚਿੰਗ ਜਾਣ ਦੀ ਤਿਆਰੀ ਖਿੱਚ ਲਈ ਹੈ। ਖ਼ਾਨ ਨੇ ਸੋਮਵਾਰ ਨੂੰ ਆਪਣੇ ਮਲੇਸ਼ਿਆਈ ਤੇ ਤੁਰਕ ਹਮਰੁਤਬਾਵਾਂ ਕ੍ਰਮਵਾਰ ਮਹਾਥਿਰ ਮੁਹੰਮਦ ਤੇ ਰੈਸੇਪ ਤਈਅਪ ਅਰਦੋਜਾਂ ਨੂੰ ਫੋਨ ਕਰਕੇ ਭਾਰਤੀ ਪੇਸ਼ਕਦਮੀ ਦਾ ਵਿਰੋਧ ਕੀਤਾ ਸੀ ਜਦੋਂਕਿ ਵਜ਼ੀਰੇ ਆਜ਼ਮ ਨੇ ਅੱਜ ਬਰਤਾਨਵੀ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਤੇ ਸਾਊਦੀ ਸ਼ਹਿਜ਼ਾਦੇ ਮੁਹੰਮਦ ਬਿਨ ਸਲਮਾਨ ਨਾਲ ਫੋਨ ’ਤੇ ਗੱਲ ਕੀਤੀ। ਜਾਣਕਾਰੀ ਅਨੁਸਾਰ ਦੋਵੇਂ ਆਗੂ (ਜੌਹਨਸਨ ਤੇ ਸਲਮਾਨ) ਕਸ਼ਮੀਰ ਮੁੱਦੇ ਦਾ ਗੱਲਬਾਤ ਨਾਲ ਹੱਲ ਕੱਢੇ ਜਾਣ ਦੇ ਹਾਮੀ ਹਨ।

ਪਾਕਿ ਵੱਲੋਂ ਭਾਰਤੀ ਰਾਜਦੂਤ ਨੂੰ ਮੁਲਕ ਛੱਡਣ ਦੇ ਹੁਕਮ

ਇਸਲਾਮਾਬਾਦ, ਅਗਸਤ 2019-
ਜੰਮੂ ਤੇ ਕਸ਼ਮੀਰ ਨੂੰ ਧਾਰਾ 370 ਤਹਿਤ ਮਿਲਿਆ ਵਿਸ਼ੇਸ਼ ਦਰਜਾ ਰੱਦ ਕਰਨ ਦੇ ਫ਼ੈਸਲੇ ਤੋਂ ਰੋਹ ਵਿੱਚ ਆਏ ਪਾਕਿਸਤਾਨ ਨੇ ਨਵੀਂ ਦਿੱਲੀ ਦੀ ਇਸ ਪੇਸ਼ਕਦਮੀ ਨੂੰ ‘ਇਕਤਰਫ਼ਾ ਤੇ ਗ਼ੈਰਕਾਨੂੰਨੀ’ ਦੱਸਦਿਆਂ ਅੱਜ ਭਾਰਤ ਨਾਲ ਸਫ਼ਾਰਤੀ ਸਬੰਧਾਂ ਦਾ ਦਰਜਾ ਘਟਾਉਣ ਤੇ ਦੁਵੱਲੇ ਵਪਾਰ ਨੂੰ ਮੁਲਤਵੀ ਕਰਨ ਦਾ ਐਲਾਨ ਕਰ ਦਿੱਤਾ। ਇਸ ਐਲਾਨ ਤੋਂ ਫੌਰੀ ਮਗਰੋਂ ਪਾਕਿਸਤਾਨ ਨੇ ਭਾਰਤ ਦੇ ਹਾਈ ਕਮਿਸ਼ਨਰ ਅਜੈ ਬਿਸਾੜੀਆ ਨੂੰ ਮੁਲਕ ਛੱਡਣ ਲਈ ਆਖ ਦਿੱਤਾ। ਪਾਕਿ ਨੇ ਕਿਹਾ ਕਿ ਉਹ ਭਾਰਤ ਦੇ ਆਜ਼ਾਦੀ ਦਿਹਾੜੇ ਨੂੰ ‘ਕਾਲੇ ਦਿਨ’ ਵਜੋਂ ਮਨਾਏਗਾ। ਪਾਕਿਸਤਾਨ ਦੇ ਵਜ਼ੀਰੇ ਆਜ਼ਮ ਇਮਰਾਨ ਖ਼ਾਨ ਦੀ ਅਗਵਾਈ ਵਿੱਚ ਅੱਜ ਕੌਮੀ ਸੁਰੱਖਿਆ ਕਮੇਟੀ (ਐੱਨਐੱਸਸੀ) ਦੀ ਹੋਈ ਮੀਟਿੰਗ ਵਿੱਚ ਇਹ ਫੈਸਲੇ ਲਏ ਗਏ। ਮੀਟਿੰਗ ਵਿੱਚ ਸਿਵਲ ਤੇ ਫ਼ੌਜ ਦੇ ਕਈ ਉੱਚ ਅਧਿਕਾਰੀ ਮੌਜੂਦ ਸਨ। ਐੱਨਐੱਸਸੀ ਨੇ ਧਾਰਾ 370 ਮਨਸੂਖ਼ ਕੀਤੇ ਜਾਣ ਦਾ ਮੁੱਦਾ ਸੁਰੱਖਿਆ ਕੌਂਸਲ ਸਮੇਤ ਸੰਯੁਕਤ ਰਾਸ਼ਟਰ ਵਿੱਚ ਰੱਖਣ ਸਬੰਧੀ ਮਤਾ ਵੀ ਪਾਸ ਕੀਤਾ। ਭਾਰਤ ਸਰਕਾਰ ਨੇ ਲੰਘੇ ਸੋਮਵਾਰ ਨੂੰ ਜੰਮੂ ਤੇ ਕਸ਼ਮੀਰ ਵਿੱਚ ਧਾਰਾ 370 ਨੂੰ ਮਨਸੂਖ਼ ਕਰਨ ਦੇ ਨਾਲ ਹੀ ਸੂਬੇ ਨੂੰ ਦੋ ਕੇਂਦਰ ਸ਼ਾਸਿਤ ਪ੍ਰਦੇਸ਼ਾਂ- ਜੰਮੂ ਤੇ ਕਸ਼ਮੀਰ ਅਤੇ ਲੱਦਾਖ ਵਿੱਚ ਵੰਡ ਦਿੱਤਾ ਸੀ।

 

ਐੱਨਐੱਸਸੀ ਦੀ ਮੀਟਿੰਗ ਉਪਰੰਤ ਜਾਰੀ ਬਿਆਨ ਵਿੱਚ ਕਿਹਾ ਗਿਆ ਕਿ ਕਮੇਟੀ ਨੇ ਮੀਟਿੰਗ ਦੌਰਾਨ ਭਾਰਤ ਸਰਕਾਰ ਵੱਲੋਂ ਲਏ ‘ਇਕਤਰਫ਼ਾ ਤੇ ਗੈਰਕਾਨੂੰਨੀ ਫੈਸਲੇ’ ਮਗਰੋਂ ਉਪਜੇ ਹਾਲਾਤ ਅਤੇ ਜੰਮੂ ਤੇ ਕਸ਼ਮੀਰ ਅਤੇ ਕੰਟਰੋਲ ਰੇਖਾ ਦੇ ਨਾਲ ਹਾਲਾਤ ’ਤੇ ਵਿਚਾਰ ਚਰਚਾ ਕੀਤੀ। ਬਿਆਨ ਵਿੱਚ ਅੱਗੇ ਕਿਹਾ ਗਿਆ ਕਿ ਕਮੇਟੀ ਨੇ ‘ਭਾਰਤ ਨਾਲ ਸਫ਼ਾਰਤੀ ਸਬੰਧਾਂ ਦਾ ਦਰਜਾ ਘਟਾਉਣ’ ਅਤੇ ‘ਭਾਰਤ ਨਾਲ ਦੁਵੱਲੇ ਵਪਾਰ ਨੂੰ ਮੁਅੱਤਲ’ ਕਰਨ ਦਾ ਫ਼ੈਸਲਾ ਲਿਆ ਹੈ। ਕਮੇਟੀ ਨੇ ਭਾਰਤ ਨਾਲ ‘ਦੁਵੱਲੇ ਸਬੰਧਾਂ’ ਉੱਤੇ ਨਜ਼ਰਸਾਨੀ ਦਾ ਵੀ ਫੈਸਲਾ ਕੀਤਾ। ਬਿਆਨ ਮੁਤਾਬਕ ਐੱਨਐੱਸਸੀ ਨੇ ਇਸ ਮੁੱਦੇ (ਭਾਰਤ ਵੱਲੋਂ ਧਾਰਾ 370 ਨੂੰ ਮਨਸੂਖ਼ ਕੀਤੇ ਜਾਣ) ਨੂੰ ਸੁਰੱਖਿਆ ਕੌਂਸਲ ਸਮੇਤ ਸੰਯੁਕਤ ਰਾਸ਼ਟਰ ਵਿੱਚ ਰੱਖਣ ਸਬੰਧੀ ਮਤਾ ਵੀ ਪਾਸ ਕੀਤਾ। ਬਿਆਨ ਵਿੱਚ ਪਾਕਿਸਤਾਨ ਨੇ ਸਾਫ਼ ਕਰ ਦਿੱਤਾ ਕਿ ਉਹ 14 ਅਗਸਤ ਨੂੰ ਮੁਲਕ ਦੇ ਆਜ਼ਾਦੀ ਦਿਹਾੜੇ ਨੂੰ ਕਸ਼ਮੀਰੀਆਂ ਨਾਲ ਇਕਜੁਟਤਾ ਦੇ ਰੂਪ ਵਿੱਚ ਮਨਾਏਗਾ ਜਦੋਂਕਿ ‘15 ਅਗਸਤ ਦਾ ਦਿਨ ਕਾਲੇ ਦਿਨ ਵਜੋਂ ਮਨਾਇਆ ਜਾਵੇਗਾ।’
ਮੀਟਿੰਗ ਦੌਰਾਨ ਵਜ਼ੀਰੇ ਆਜ਼ਮ ਖ਼ਾਨ ਨੇ ਹਦਾਇਤ ਕੀਤੀ ਕਿ ਸਾਰੇ ਸਫ਼ਾਰਤੀ ਸਾਧਨਾਂ ਨੂੰ ਸਰਗਰਮ ਕਰਦਿਆਂ ਵਾਦੀ (ਕਸ਼ਮੀਰ) ਵਿੱਚ ਕਥਿਤ ਮਨੁੱਖੀ ਹੱਕਾਂ ਦੇ ਹੋ ਰਹੇ ਘਾਣ ਦੇ ਮੁੱਦੇ ਨੂੰ ਪ੍ਰਮੁੱਖਤਾ ਨਾਲ ਉਭਾਰਿਆ ਜਾਵੇ। ਬਿਆਨ ਮੁਤਾਬਕ ਖ਼ਾਨ ਨੇ ਫ਼ੌਜ ਨੂੰ ਚੌਕਸ ਰਹਿਣ ਦੀ ਵੀ ਹਦਾਇਤ ਕੀਤੀ। ਮੀਟਿੰਗ ਤੋਂ ਫ਼ੌਰੀ ਮਗਰੋਂ ਪਾਕਿਸਤਾਨ ਨੇ ਇਸਲਾਮਾਬਾਦ ਸਥਿਤ ਭਾਰਤੀ ਹਾਈ ਕਮਿਸ਼ਨਰ ਅਜੈ ਬਿਸਾੜੀਆ ਨੂੰ ਫੌਰੀ ਮੁਲਕ ਛੱਡਣ ਲਈ ਆਖ ਦਿੱਤਾ। ਸ੍ਰੀ ਬਿਸਾੜੀਆ ਹਾਲ ਦੀ ਘੜੀ ਇਸਲਾਮਾਬਾਦ ਵਿੱਚ ਮੌਜੂਦ ਹਨ, ਜਦੋਂਕਿ ਉਨ੍ਹਾਂ ਦੇ ਪਾਕਿਸਤਾਨੀ ਹਮਰੁਤਬਾ ਮੋਇਨ ਉਲ ਹੱਕ ਨੇ ਅਜੇ ਤਕ ਨਵੀਂ ਦਿੱਲੀ ਵਿੱਚ ਆਪਣਾ ਅਹੁਦਾ ਨਹੀਂ ਸੰਭਾਲਿਆ। ਪਾਕਿਸਤਾਨ ਨੇ ਕਿਹਾ ਕਿ ਉਹ ਆਪਣੇ ਰਾਜਦੂਤ ਨੂੰ ਭਾਰਤ ਨਹੀਂ ਭੇਜੇਗਾ। ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਕਿਹਾ, ‘ਭਾਰਤੀ ਰਾਜਦੂਤ ਨੂੰ ਵਾਪਸ ਉਨ੍ਹਾਂ ਦੇ ਮੁਲਕ ਭੇਜ ਦਿੱਤਾ ਜਾਵੇਗਾ।’ ਮੀਟਿੰਗ ਵਿੱਚ ਵਿਦੇਸ਼ ਮੰਤਰੀ, ਰੱਖਿਆ ਮੰਤਰੀ, ਗ੍ਰਹਿ ਮੰਤਰੀ, ਵਿੱਤ ਸਲਾਹਕਾਰ, ਕਸ਼ਮੀਰ ਮਾਮਲਿਆਂ ਬਾਰੇ ਮੰਤਰੀ ਸਮੇਤ ਜਾਇੰਟ ਚੀਫ਼ ਆਫ਼ ਸਟਾਫ਼ ਕਮੇਟੀ ਦੇ ਚੇਅਰਮੈਨ, ਤਿੰਨਾਂ ਸੈਨਾਵਾਂ ਦੇ ਮੁਖੀ, ਆਈਐੱਸਆਈ ਮੁਖੀ ਤੇ ਹੋਰ ਸਿਖਰਲੇ ਅਧਿਕਾਰੀ ਮੌਜੂਦ ਸਨ। ਐੱਨਐੱਸਸੀ ਦੀ ਇਸ ਹਫ਼ਤੇ ਦੌਰਾਨ ਇਹ ਦੂਜੀ ਮੀਟਿੰਗ ਸੀ। ਇਸ ਤੋਂ ਪਹਿਲਾਂ ਲੰਘੇ ਦਿਨ ਫ਼ੌਜ ਦੇ ਸਿਖਰਲੇ ਜਰਨੈਲਾਂ ਦੀ ਮੀਟਿੰਗ ਮਗਰੋਂ ਕਸ਼ਮੀਰ ਮੁੱਦੇ ਬਾਰੇ ਸੰਸਦ ਦਾ ਸਾਂਝਾ ਇਜਲਾਸ ਵੀ ਸੱਦਿਆ ਗਿਆ ਸੀ। ਪਾਕਿਸਤਾਨ ਨੇ ਧਾਰਾ 370 ਮਨਸੂਖ਼ ਕਰਨ ਨੂੰ ਲੈ ਕੇ ਭਾਰਤ ਦੀ ਪੇਸ਼ਕਦਮੀ ਨੂੰ ‘ਇਕਤਰਫ਼ਾ ਤੇ ਗੈਰਕਾਨੂੰਨੀ’ ਦਸਦਿਆਂ ਹਰ ਸੰਭਵ ਵਿਕਲਪਾਂ ਨੂੰ ਅਮਲ ਵਿੱਚ ਲਿਆਉਣ ਦਾ ਫ਼ੈਸਲਾ ਕੀਤਾ ਸੀ। ਖ਼ਾਨ ਨੇ ਐਤਵਾਰ ਨੂੰ ਐੱਨਐੱਸਸੀ ਮੀਟਿੰਗ ਦੀ ਅਗਵਾਈ ਕਰਦਿਆਂ ਖਿੱਤੇ ਵਿੱਚ ਨਵੀਆਂ ਪੇਸ਼ਬੰਦੀਆਂ ਦੇ ਚਲਦਿਆਂ ਕੌਮੀ ਸੁਰੱਖਿਆ ਨਾਲ ਜੁੜੇ ਮਸਲਿਆਂ ’ਤੇ ਚਰਚਾ ਕੀਤੀ ਸੀ।
ਜਨਵਰੀ 2016 ਵਿੱਚ ਪਠਾਨਕੋਟ ਵਿੱਚ ਏਅਰਫੋਰਸ ਦੇ ਅੱਡੇ ’ਤੇ ਪਾਕਿ ਅਧਾਰਿਤ ਦਹਿਸ਼ਤਗਰਦਾਂ ਦੇ ਹਮਲੇ ਮਗਰੋਂ ਦੋਵਾਂ ਮੁਲਕਾਂ ਦਰਮਿਆਨ ਸੰਵਾਦ ਬੰਦ ਹੈ।

ਪਾਕਿਸਤਾਨ ਨੇ ਭਾਰਤ ਤੋਂ 1 ਅਰਬ 37 ਕਰੋੜ ਦੀਆਂ ਦਵਾਈਆਂ ਮੰਗਵਾਈਆਂ

ਪਾਕਿਸਤਾਨ,  ਜੁਲਾਈ (ਏਜੰਸੀ)  ਪਾਕਿਸਤਾਨ ਨੇ ਬੀਤੇ ਸਾਲ ਭਾਰਤ ਤੋਂ 1 ਅਰਬ 37 ਕਰੋੜ 99 ਲੱਖ ਤੇ 87 ਹਜ਼ਾਰ ਰੁਪਏ ਦੀ ਦਵਾਈ ਅਤੇ ਵੈਕਸੀਨ ਆਯਾਤ ਕੀਤੀ | ਇਹ ਜਾਣਕਾਰੀ ਪਾਕਿਸਤਾਨ ਦੇ ਸਿਹਤ ਮੰਤਰਾਲੇ ਨੇ ਦਿੱਤੀ ਹੈ | ਐਕਸਪ੍ਰੈੱਸ ਨਿਊਜ਼ ਦੀ ਰਿਪੋਰਟ ਅਨੁਸਾਰ ਆਯਾਤ ਕੀਤੀਆਂ ਗਈਆਂ ਦਵਾਈਆਂ ਦੇ ਨਾਲ-ਨਾਲ ਵੱਖ-ਵੱਖ ਰੋਗਾਂ ਦੇ ਇਲਾਜ 'ਚ ਆਉਣ ਵਾਲੀ ਟੈਬਲੇਟ, ਸੀਰਪ ਅਤੇ ਟੀਕੇ ਵੱਡੀ ਮਾਤਰਾ 'ਚ ਸ਼ਾਮਿਲ ਹਨ | ਰਿਪੋਰਟ 'ਚ ਦੱਸਿਆ ਗਿਆ ਹੈ ਕਿ ਬੀਤੇ ਸਾਲ ਜਨਵਰੀ 'ਚ ਭਾਰਤ ਤੋਂ 15 ਕਰੋੜ 43 ਲੱਖ ਤੇ 17 ਹਜ਼ਾਰ ਪਾਕਿਤਾਨੀ ਰੁਪਏ ਦੀ ਦਵਾਈ ਅਤੇ ਵੈਕਸੀਨ ਮੰਗਵਾਈ ਗਈ | ਫਰਵਰੀ 'ਚ 22 ਕਰੋੜ 32 ਲੱਖ ਤੇ 47 ਹਜ਼ਾਰ ਅਤੇ ਮਾਰਚ 'ਚ 19 ਕਰੋੜ 37 ਲੱਖ ਤੇ 37 ਹਜ਼ਾਰ ਦੀ ਭਾਰਤੀ ਦਵਾਈ ਤੇ ਵੈਕਸੀਨ ਆਯਾਤ ਕੀਤੀ ਗਈ | ਅਪ੍ਰੈਲ 'ਚ 11 ਕਰੋੜ 42 ਹਜ਼ਾਰ, ਮਈ 18 ਕਰੋੜ 96 ਲੱਖ ਤੇ 47 ਹਜ਼ਾਰ ਅਤੇ ਜੂਨ 'ਚ 4 ਕਰੋੜ 89 ਲੱਖ ਅਤੇ 12 ਹਜ਼ਾਰ ਰੁਪਏ ਦੀ ਭਾਰਤੀ ਦਵਾਈ ਤੇ ਵੈਕਸੀਨ ਆਯਾਤ ਕੀਤੀ ਗਈ |

ਹਾਈਕੋਰਟ ਅਤੇ ਪੰਜਾਬ ਸਰਕਾਰ ਦਾ ਪੰਜਾਬੀ ਨਾਲ ਵਿਤਕਰਾ

ਚੰਡੀਗੜ੍ਹ, ਜੁਲਾਈ 2019-(ਅਮਨਜੀਤ ਸਿੰਘ ਖਹਿਰਾ)- ਕੋਰਟਾਂ ਵਿਚ ਗਵਾਹੀਆਂ ਪੰਜਾਬੀ ਦੀ ਥਾਂ ਅੰਗਰੇਜੀ ਵਿਚ ਲਿਖਣ ਦਾ ਨੋਟੀਫੀਕੇਸਨ ਜਾਰੀ   ਅੱਜ ਤੋਂ ਲਾਗੂ ਹੋ ਜਾਵੇਗਾ 

 

ਕਤਲ ਦੇ ਦੋਸ਼ੀ ਬਰਤਾਨਵੀ ਜੋੜੇ ਨੂੰ ਭਾਰਤ ਹਵਾਲੇ ਕਰਨ ਤੋਂ ਨਾਂਹ

ਵੈਸਟਮਿੰਸਟਰ/ਲੰਡਨ, ਜੁਲਾਈ 2019 -(ਗਿਆਨੀ ਰਵਿੰਦਰਪਾਲ ਸਿੰਘ)-
ਯੂਕੇ ਹਾਈ ਕੋਰਟ ਨੇ ਮਨੀ ਲਾਂਡਰਿੰਗ ਤੇ ਸਰਕਾਰੀ ਬੈਂਕਾਂ ਨਾਲ 9 ਹਜ਼ਾਰ ਕਰੋੜ ਦੀ ਧੋਖਾਧੜੀ ਦੇ ਦੋਸ਼ ’ਚ ਲੋੜੀਂਦੇ ਵਿਜੈ ਮਾਲਿਆ ਦੀ ਭਾਰਤ ਨੂੰ ਹਵਾਲਗੀ ਕੇਸ ਵਿੱਚ ਜਿੱਥੇ ਭਗੌੜੇ ਸ਼ਰਾਬ ਕਾਰੋਬਾਰੀ ਨੂੰ ਅਪੀਲ ਦਾ ਇਕ ਹੋਰ ਮੌਕਾ ਦੇਣ ਦਾ ਫੈਸਲਾ ਕੀਤਾ ਸੀ, ਉਥੇ ਇਸੇ ਕੋਰਟ ਨੇ ਕਤਲ ਕੇਸ ਵਿੱਚ ਲੋੜੀਂਦੇ ਭਾਰਤੀ ਮੂਲ ਦੇ ਬ੍ਰਿਟਿਸ਼ ਜੋੜੇ ਨੂੰ ਭਾਰਤ ਹਵਾਲੇ ਕਰਨ ਦੀ ਅਪੀਲ ਰੱਦ ਕਰ ਦਿੱਤੀ ਹੈ। ਬਰਤਾਨਵੀ ਨਾਗਰਿਕ ਆਰਤੀ ਧੀਰ ਤੇ ਉਹਦਾ ਪਤੀ ਕਵਲ ਰਾਏਜਾਦਾ ਭਾਰਤ ਵਿੱਚ ਆਪਣੇ 11 ਸਾਲਾ ਦੇ ਗੋਦ ਲਏ ਪੁੱਤ ਤੇ ਨੇੜਲੇ ਰਿਸ਼ਤੇਦਾਰ ਦੇ ਕਤਲ ਲਈ ਲੋੜੀਂਦੇ ਹਨ। ਵੈਸਟਮਿੰਸਟਰ ਮੈਜਿਸਟਰੇਟੀ ਅਦਾਲਤ ਦੀ ਮੁੱਖ ਜੱਜ ਐਮਾ ਆਰਬੱਟਨੋਟ ਨੇ ਫੈਸਲੇ ’ਚ ਕਿਹਾ, ‘ਆਪਣੀਆਂ ਲੱਭਤਾਂ ’ਤੇ ਗੌਰ ਕਰਦਿਆਂ ਮੈਨੂੰ ਲਗਦਾ ਹੈ ਕਿ ਜੇਕਰ ਧੀਰ ਤੇ ਰਾਏਜਾਦਾ ਨੂੰ ਭਾਰਤ ਹਵਾਲੇ ਕੀਤਾ ਜਾਂਦਾ ਹੈ, ਉਨ੍ਹਾਂ ਨੂੰ ਭਾਰਤੀ ਕਾਨੂੰਨਾਂ ਮੁਤਾਬਕ ਉਹੀ ਸਜ਼ਾ (ਉਮਰ ਕੈਦ) ਮਿਲੇਗੀ, ਜੋ ਇਥੇ ਦਿੱਤੀ ਗਈ ਹੈ।’ ਭਾਰਤ ਸਰਕਾਰ ਨੇ ਹਾਲਾਂਕਿ ਹਵਾਲਗੀ ਸਬੰਧੀ ਅਪੀਲ ’ਚ ਭਰੋਸਾ ਦਿੱਤਾ ਸੀ ਕਿ ਇਸ ਕੇਸ ਵਿੱਚ ਮੌਤ ਦੀ ਸਜ਼ਾ ਨਹੀਂ ਲਾਗੂ ਹੋਵੇਗੀ।
ਧੀਰ ਤੇ ਰਾਏਜਾਦਾ ਨੂੰ ਜੂਨ 2017 ਵਿੱਚ ਪ੍ਰੋਵੀਜ਼ਨਲ ਵਾਰੰਟ ਦੇ ਅਧਾਰ ’ਤੇ ਗ੍ਰਿਫ਼ਤਾਰ ਕੀਤਾ ਗਿਆ ਸੀ। ਇਸ ਜੋੜੇ ਨੇ ਗੋਪਾਲ ਨਾਂ ਦੇ ਬੱਚੇ ਨੂੰ ਗੁਜਰਾਤ ਦੇ ਯਤੀਮਖਾਨੇ ’ਚੋਂ ਗੋਦ ਲੈਣ ਮਗਰੋਂ ਪਹਿਲਾਂ ਉਹਦਾ ਬੀਮਾ ਕਰਵਾਇਆ। ਮਗਰੋਂ ਬੀਮੇ ਦੀ ਰਾਸ਼ੀ ਲਈ ਉਨ੍ਹਾਂ ਗੋਪਾਲ ਤੇ ਆਪਣੇ ਇਕ ਰਿਸ਼ਤੇਵਾਰ ਹਰਸੁਖਭਾਈ ਕਰਦਾਨੀ ਦਾ ਫਰਵਰੀ 2017 ਵਿੱਚ ਭਾਰਤ ਵਿੱਚ ਹੀ ਕਤਲ ਕਰਵਾ ਦਿੱਤਾ।

ਭਾਰਤੀ ਮਹਿਲਾ ਫਿਲਮਸਾਜ਼ ਨੇ ਬਰਮਿੰਘਮ ਭਾਰਤੀ ਫ਼ਿਲਮ ਮੇਲੇ ’ਚ ਜਿੱਤਿਆ ਐਵਾਰਡ

ਬਰਮਿੰਘਮ, ਜੁਲਾਈ 2019-(ਗਿਆਨੀ ਅਮਰੀਕ ਸਿੰਘ ਰਾਠੌਰ)- ਭਾਰਤੀ ਫ਼ਿਲਮਸਾਜ਼ ਰੋਹਿਨਾ ਗੇਰਾ ਨੇ ਯੂਕੇ ਵਿੱਚ ਹੋਏ ਬਰਮਿੰਘਮ ਭਾਰਤੀ ਫ਼ਿਲਮ ਮੇਲੇ ਵਿੱਚ ਆਪਣੀ ਪਲੇਠੀ ਫ਼ੀਚਰ ਫ਼ਿਲਮ ‘ਸਰ’ ਲਈ ਆਡੀਐਂਸ ਐਵਾਰਡ ਜਿੱਤਿਆ ਹੈ। ਦਰਸ਼ਕਾਂ ਤੇ ਆਲੋਚਕਾਂ ਨੇ ਇਸ ਫ਼ਿਲਮ ਦੀ ਕਾਫ਼ੀ ਸ਼ਲਾਘਾ ਕੀਤੀ ਸੀ। ਫ਼ਿਲਮ ਵਿੱਚ ਟੀਲੋਟਾਮਾ ਸ਼ੋਮ ਤੇ ਵਿਵੇਕ ਗੋਂਬਰ ਨੇ ਮੁੱਖ ਭੂਮਿਕਾ ਨਿਭਾਈ ਸੀ। ਗੇਰਾ ਨੇ ਕਿਹਾ, ‘ਮੇਰੇ ਲਈ ਇਹ ਮਾਇਨੇ ਰੱਖਦਾ ਹੈ ਕਿ ਫ਼ਿਲਮ ਯੂਕੇ ਦੇ ਦਰਸ਼ਕਾਂ ਦੇ ਕਾਫ਼ੀ ਕਰੀਬ ਰਹੀ। ਮੈਂ ਦਰਸ਼ਕਾਂ ਦੀ ਪਸੰਦ ਬਣ ਕੇ ਮਾਣ ਮਹਿਸੂਸ ਕਰ ਰਹੀ ਹਾਂ।’ ਪੰਜਵੇਂ ਬਰਮਿੰਘਮ ਭਾਰਤੀ ਫ਼ਿਲਮ ਮੇਲੇ ਦਾ ਆਗਾਜ਼ ਫ਼ਿਲਮਸਾਜ਼ ਅਨੁਭਵ ਸਿਨਹਾ ਦੀ ਸਮਾਜਿਕ ਥ੍ਰਿਲਰ ‘ਆਰਟੀਕਲ 15’ ਨਾਲ ਹੋਇਆ ਸੀ ਜਦੋਂਕਿ ਅੰਤ ਰਿਤੇਸ਼ ਬੱਤਰਾ ਦੀ ਫ਼ਿਲਮ ‘ਫੋਟੋਗ੍ਰਾਫ਼’ ਨਾਲ ਹੋਇਆ। ਬਰਮਿੰਘਮ ਸਿਟੀ ਯੂਨੀਵਰਸਿਟੀ ਵਿੱਚ ਸਿਨੇਮਾ ਦੇ ਹੈੱਡ ਧਰਮੇਸ਼ ਰਾਜਪੂਤ ਨੇ ਕਿਹਾ, ‘ਮੈਨੂੰ ਮਾਣ ਹੈ ਕਿ ਫ਼ਿਲਮ ਮੇਲੇ ਨੇ ਦੱਖਣੀ ਏਸ਼ਿਆਈ ਫ਼ਿਲਮਾਂ, ਜਿਨ੍ਹਾਂ ਨੂੰ ਆਮ ਕਰਕੇ ਯੂਕੇ ’ਚ ਨਹੀਂ ਵੇਖਿਆ ਜਾਂਦਾ, ਨੂੰ ਇਕ ਮੰਚ ਮੁਹੱਈਆ ਕਰਵਾਇਆ ਹੈ।

ਜ਼ਬਰਦਸਤ ਭੂਚਾਲ ਨਾਲ ਹਿੱਲਿਆ ਕੈਲੀਫੋਰਨੀਆ - ਝੂਲਣ ਲੱਗੀਆਂ ਇਮਾਰ

ਕੈਲੀਫੋਰਨੀਆ, ਜੁਲਾਈ 2019- (ਜਨ ਸ਼ਕਤੀ ਨਿਉਜ)- ਦੱਖਣੀ ਕੈਲੀਫੋਰਨੀਆ 'ਚ ਸ਼ੁੱਕਰਵਾਰ ਦੀ ਰਾਤ ਪਿਛਲੇ ਦੋ ਦਹਾਕਿਆਂ ਦੌਰਾਨ ਬਹੁਤ ਹੀ ਜ਼ਬਰਦਸਤ ਭੂਚਾਲ ਆਇਆ, ਜਿਸ ਨਾਲ ਵੱਡੀਆਂ ਇਮਾਰਤਾਂ ਝੂਲ ਗਈਆਂ। ਇਸ ਭੂਚਾਲ ਦੀ ਤੀਬਰਤਾ 7.1 ਰਿਕਾਰਡ ਕੀਤੀ ਗਈ ਹੈ। ਲਾਸ ਏਂਜਲਸ 'ਚ ਝਟਕੇ ਇੰਨੇ ਜ਼ਬਰਦਸਤ ਸਨ ਕਿ ਬਿਜਲੀ ਗੁੱਲ ਹੋ ਗਈ, ਪਰ ਕਿਸੇ ਵੀ ਜਾਨੀ ਨੁਕਸਾਨ ਹੋਣ ਤੋਂ ਬਚਾਅ ਰਿਹਾ।

ਭੂਚਾਲ ਸ਼ੁੱਕਰਵਾਰ ਰਾਤ ਕਰੀਬ 8.30 ਵਜੇ ਆਇਆ। ਇਹ ਭੂਚਾਲ ਕੈਲੀਫੋਰਨੀਆ 'ਚ ਪਿਛਲੇ ਕੁਝ ਦਿਨਾਂ 'ਚ ਦੂਸਰਾ ਭੂਚਾਲ ਹੈ। ਦੱਸਿਆ ਜਾ ਰਿਹਾ ਹੈ ਕਿ ਹੁਣ ਵਾਲਾ ਭੂਚਾਲ ਪਹਿਲੇ ਨਾਲੋਂ 11 ਗੁਣਾ ਖਤਰਨਾਕ ਸੀ। ਦੱਸਣਯੋਗ ਹੈ ਕਿ ਲਾਸ ਏਂਜਲਸ ਟਾਈਮਜ਼ ਮੁਤਾਬਕ ਇਸ ਤੋਂ ਪਹਿਲਾਂ ਇੰਨਾ ਜ਼ਬਰਦਸਤ ਭੂਚਾਲ ਕੈਲੀਫੋਰਨੀਆ 'ਚ ਸਾਲ 1999 'ਚ ਦਰਜ ਕੀਤਾ ਗਿਆ ਸੀ। 

ਕੈਨੇਡਾ ਦੇ ਗੁਰਦੁਆਰੇ 'ਚ ਹੋਏ ਵਿਆਹ ਦੇ ਤਰੀਕੇ ਦੀ ਹੋਈ ਨਿੰਦਾ ਗੁਰਦਵਾਰਾ ਕਮੇਟੀ ਨੇ ਮੰਗੀ ਮਾਫ਼ੀ

ਟੋਰਾਂਟੋ , ਜੁਲਾਈ 

2019 : ਕੈਨੇਡਾ ਦੇ ਓਨਟਾਰੀਓ ਸੂਬੇ ਦੇ ਹਾਲਟਨ , ਓਕਵਿਲੇ  ਗੁਰਦੁਆਰੇ ਵਿਚ 4  ਜੁਲਾਈ ਨੂੰ  ਹੋਏ ਇੱਕ ਵਿਆਹ ਦੇ ਤਰੀਕੇ ਦੀ  ਹੋਈ ਨੁਕਤਾਚੀਨੀ ਅਤੇ ਨਿੰਦਾ ਤੋਂ ਤੋਂ ਬਾਅਦ ਗੁਰਦਵਾਰਾ ਮੈਨੇਜਮੈਂਟ ਨੇ ਸਿੱਖ ਜਗਤ ਤੋਂ ਮਾਫ਼ੀ ਮੰਗੀ ਹੈ . ਹਾਲਟਨ ਸਿੱਖ ਕਲਚਰਲ ਐਸੋਸੀਏਸ਼ਨ ਦੇ ਪ੍ਰਧਾਨ ਬਲਬੀਰ ਸਿੰਘ ਚੌਹਾਨ ਅਤੇ ਜਨਰਲ ਸਕੱਤਰ ਅਮਰੀਕ ਸਿੰਘ ਦਿਓਲ ਨੇ ਜਾਰੀ ਇੱਕ ਬਿਆਨ ਵਿਚ ਸਮੁੱਚੀ ਨਾਨਕ ਨਾਮ ਲੇਵਾ ਸੰਗਤ ਤੋਂ ਇਸ ਉਕਾਈ ਲਈ ਮਾਫ਼ੀ ਮੰਗੀ ਹੈ ਇਸ ਵਿਆਹ ਮੌਕੇ ਸਿੱਖ ਮਰਿਆਦਾ ਦੀ ਉਲੰਘਣਾ ਕੀਤੀ ਗਈ .ਅੱਗੇ ਨੂੰ ਵਧੇਰੇ ਚੌਕਸ ਰਹਿਣ ਅਤੇ ਸਿੱਖੀ ਰਵਾਇਤਾਂ ਤੇ ਪੂਰਾ ਪਹਿਰਾ ਦੇਣ ਦਾ ਭਰੋਸਾ ਵੀ ਦਿੱਤਾ ਗਿਆ ਹੈ . 
ਇੱਕ ਸਿੱਖ ਪਰਿਵਾਰ ਦੀ ਧੀ ਵੱਲੋਂ ਇੱਕ ਗੋਰੇ ਨਾਗਰਿਕ ਨਾਲ ਕਰਾਇਆ ਗਿਆ ਇਹ ਵਿਆਹ ਭਾਵੇਂ ਸਿੱਖੀ ਰਵਾਇਤਾਂ ਅਨੁਸਾਰ ਹੋਇਆ ਪਰ ਲਾਵਾਂ ਵੇਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਉਨ੍ਹਾਂ ਨੇ ਆਪਣੇ ਬੈਠਣ ਲਈ ਦੋ ਨਿੱਕੀਆਂ -ਨਿੱਕੀਆਂ ਕੁਰਸੀਆਂ ਰੱਖ ਰੱਖ ਲਈਆਂ . ਇਸ ਵੀ ਵੀਡੀਓ ਵਾਇਰਲ ਹੋਣ ਤੇ ਸਿੱਖਾਂ ਦੇ ਵੱਖ ਵੱਖ ਹਲਕਿਆਂ ਵੱਲੋਂ ਇਸ ਤੇ ਤਿੱਖਾ ਰੋਸ ਜ਼ਾਹਿਰ ਕੀਤਾ ਗਿਆ . 
ਗੁਰਦੁਆਰਾ ਕਮੇਟੀ ਵੱਲੋਂ ਇਹ ਸਪਸ਼ਟੀਕਰਨ ਦਿੱਤਾ ਗਿਆ ਕਿ ਅਜਿਹੀ ਕਾਰਵਾਈ ਵਿਆਹ ਵਾਲੇ ਜੋੜੇ ਨੇ ਆਪਣੀ ਮਰਜ਼ੀ ਨਾਲ ਕੀਤੀ ਅਤੇ ਮੈਨੇਜਮੈਂਟ ਦਾ ਇਸ ਵਿਚ ਕੋਈ ਰੋਲ ਨਹੀਂ ਪਰ ਨਾਲ ਹੀ ਆਪਣੀ ਗ਼ਲਤੀ ਵੀ ਮੰਨੀ . ਇਹ ਵੀ ਕਿਹਾ ਗਿਆ ਕਿ ਇਸ ਮਾਮਲੇ ਦੀ ਹਰ ਪੱਖੋਂ ਪੂਰੀ ਜਾਂਚ ਕੀਤੀ ਜਾਵੇਗੀ . 

 

ਪੰਜਾਬੀ ਲੇਖਕ ਸਭਾ ਕਾਵੈਂਟਰੀ ਵਲੋਂ 19ਵਾਂ ਸਲਾਨਾ ਸਮਾਗਮ ਕਰਵਾਇਆ

ਕਾਵੈਂਟਰੀ, ਜੁਲਾਈ 2019-(ਗਿਆਨੀ ਰਾਵਿਦਰਪਾਲ ਸਿੰਘ)-  ਪੰਜਾਬੀ ਲੇਖਕ ਸਭਾ ਕਾਵੈਂਟਰੀ ਵਲੋਂ 19ਵਾਂ ਸਲਾਨਾ ਸਮਾਗਮ 'ਰਵਿਦਾਸ ਕਮਿਊਨਿਟੀ ਸੈਂਟਰ' ਵਿਖੇ ਕਰਵਾਇਆ ਗਿਆ, ਜਿਸ 'ਚ ਯੂ. ਕੇ. ਭਰ ਅਤੇ ਪੰਜਾਬ ਤੋਂ ਆਏ 50 ਸਾਹਿਤਕਾਰਾਂ/ਕਵੀਆਂ ਨੇ ਹਿੱਸਾ ਲਿਆ | ਸਮਾਗਮ ਦੇ ਪਹਿਲੇ ਭਾਗ 'ਚ ਸਭਾ ਦੇ ਸੈਕਟਰੀ ਸੁਰਿੰਦਰਪਾਲ ਦੇ ਪਲੇਠੇ ਕਾਵਿ ਸੰਗ੍ਰਹਿ 'ਰੂਹ ਦਾ ਸੇਕ' 'ਤੇ ਡਾ. ਦਵਿੰਦਰ ਕੌਰ ਵਲੋਂ ਆਪਣਾ ਲਿਖਿਆ ਪਰਚਾ ਪੜਿ੍ਹਆ ਗਿਆ, ਜਿਸ 'ਤੇ ਹਾਜ਼ਰ ਸਾਹਿਤਕਾਰਾਂ ਵਲੋਂ ਖੂਬ ਵਿਚਾਰ-ਵਟਾਂਦਰੇ ਕੀਤੇ ਗਏ | ਜਿਨ੍ਹਾਂ 'ਚ ਦਰਸ਼ਨ ਬਲੰਦਵੀ, ਡਾ. ਮਹਿੰਦਰ ਗਿੱਲ, ਸੰਤੋਖ ਧਾਲ਼ੀਵਾਲ਼, ਖਰਲਵੀਰ, ਕੁਲਵੰਤ ਢਿੱਲੋਂ, ਦਰਸ਼ਨ ਧੀਰ, ਡਾ. ਕਰਨੈਲ, ਪ੍ਰੋ. ਨਵਰੂਪ ਦੇ ਨਾਂਅ ਵਰਨਣਯੋਗ ਹਨ | ਪ੍ਰਧਾਨਗੀ ਮੰਡਲ 'ਚ ਡਾ. ਜਸਵਿੰਦਰ, ਪ੍ਰੋ. ਨਵਰੂਪ, ਦਰਸ਼ਨ ਧੀਰ ਅਤੇ ਡਾ. ਕਰਨੈਲ ਹਾਜ਼ਰ ਹੋਏ | ਸਮਾਗਮ ਦੇ ਦੂਸਰੇ ਭਾਗ 'ਚ ਸੁਰਿੰਦਰਪਾਲ ਦਾ 'ਰੂਹ ਦਾ ਸੇਕ' ਸੰਤੋਖ ਸਿੰਘ ਹੇਅਰ ਦਾ 'ਸੋਚਾਂ ਦੇ ਵਣ' ਕੁਲਵੰਤ ਸਿੰਘ ਢੇਸੀ ਦਾ 'ਨੂਰੋ ਨੂਰ' ਕਾਵਿ ਸੰਗ੍ਰਹਿ, ਮੋਹਣ ਸਿੰਘ ਕੁੱਕੜਪਿੰਡੀਆ ਦਾ ਨਾਵਲ ''ਕਾਮਰੇਡਣੀ' ਅਤੇ ਹੋਰ ਪੁਸਤਕਾਂ ਰਿਲੀਜ਼ ਕੀਤੀਆਂ ਗਈਆਂ | ਵਿਸ਼ਾਲ ਕਵੀ ਦਰਬਾਰ 'ਚ ਕਵੀਆਂ-ਕਵਿਤਰੀਆਂ ਵਲੋਂ ਆਪਣੀਆਂ ਰਚਨਾਵਾਂ ਨਾਲ਼ ਸਰੋਤਿਆਂ ਦਾ ਖੂਬ ਮਨੋਰੰਜਨ ਕੀਤਾ ਗਿਆ | ਇਸ ਭਾਗ ਦੇ ਪ੍ਰਧਾਨਗੀ ਮੰਡਲ 'ਚ ਸੰਤੋਖ ਧਾਲ਼ੀਵਾਲ, ਦਵਿੰਦਰ ਨੌਰਾ, ਕੁਲਵੰਤ ਢਿੱਲੋਂ, ਡਾ. ਦਵਿੰਦਰ ਕੋਰ ਅਤੇ ਸੁਰਿੰਦਰ ਸੀਹਰਾ ਨੇ ਹਿੱਸਾ ਲਿਆ | ਸਟੇਜ ਦੀ ਕਾਰਵਾਈ ਕੁਲਦੀਪ ਬਾਂਸਲ ਅਤੇ ਸੰਤੋਖ ਸਿੰਘ ਹੇਅਰ ਨੇ ਬਾਖੂਬ ਨਿਭਾਈ |

ਅਮਰੀਕਾ ਤੋਂ ਆਏ ਜੀਜੇ ਨੇ ਸਾਲੇ ਨੂੰ ਮਾਰਨ ਦੀ ਦਿੱਤੀ ਸੁਪਾਰੀ, ਸਾਲੇ 'ਤੇ ਹਮਲਾ ਹੋਣ ਤੋਂ ਪਹਿਲਾਂ ਹੀ ਜਗਰਾਓਂ ਪੁਲਿਸ ਨੇ ਦੋ ਸ਼ੂਟਰਾਂ ਨੂੰ 12 ਬੋਰ ਦੀ ਪਿਸਤੌਲ ਅਤੇ ਕਾਰਤੂਸ ਸਮੇਤ ਕੀਤਾ ਕਾਬੂ

ਜਗਰਾਓਂ, 29 ਮਈ (ਮਨਜੀਤ ਗਿੱਲ ਸਿੱਧਵਾਂ/ਗੁਰਦੇਵ ਗਾਲਿਬ)। ਅਮਰੀਕਾ ਤੋਂ ਆਏ ਜੀਜੇ ਵੱਲੋਂ ਆਪਣੇ ਹੀ ਸਾਲੇ ਦਾ ਕਤਲ ਕਰਵਾਉਣ ਲਈ ਸ਼ੂਟਰਾਂ ਨੂੰ ਸੁਪਾਰੀ ਦੇ ਕੇ ਬੁਲਾਇਆ ਗਿਆ ਸੀ, ਸਾਲੇ 'ਤੇ ਹਮਲਾ ਹੋਣ ਤੋਂ ਪਹਿਲਾਂ ਹੀ ਜਗਰਾਓਂ ਪੁਲਿਸ ਨੇ ਦੋ ਸ਼ੂਟਰਾਂ ਨੂੰ 12 ਬੋਰ ਦੀ ਪਿਸਤੋਲ ਅਤੇ ਕਾਰਤੂਸ ਸਮੇਤ ਕਾਬੂ ਕਰ ਲਿਆ। 
ਸਥਾਨਕ ਦਫਤਰ ਵਿਖੇ ਰੱਖੀ ਕਾਨਫਰੰਸ ਦੋਰਾਨ ਐਸਪੀਡੀ ਰੁਪਿੰਦਰ ਕੁਮਾਰ ਭਾਰਦਵਾਜ ਸਮੇਤ ਹੋਰ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਜਤਿੰਦਰ ਸਿੰਘ ਉਰਫ ਰਿੰਕੂ ਪੁੱਤਰ ਅਵਤਾਰ ਸਿੰਘ ਵਾਸੀ ਪਿੰਡ ਛੱਜਾਵਾਲ ਨੇ ਬਿਆਨ ਕੀਤਾ ਕਿ ਉਹ ਪਿੰਡ ਰੂੰਮੀ ਵਿਖੇ ਜੀ.ਐਨ ਸੈਨਟਰੀ ਸਟੋਰ ਨਾਂਅ ਦੀ ਦੁਕਾਨ ਕਰਦਾ ਹੈ। ਉਸ ਦੀ ਇੱਕ ਭੈਣ ਪਰਵਿੰਦਰ ਕੌਰ ਅਮਰੀਕਾ 'ਚ ਰਹਿੰਦੇ ਰੁਪਿੰਦਰ ਸਿੰਘ ਵਾਸੀ ਪਿੰਡ ਤਾਰੇਵਾਲਾ ਜ਼ਿਲ੍ਹਾ ਮੋਗਾ ਨਾਲ ਵਿਆਹੀ ਹੋਈ ਸੀ। ਇਨ੍ਹਾਂ ਦੀ ਆਪਸ 'ਚ ਅਣਬਣ ਹੋਣ ਕਰਕੇ ਕਰੀਬ 5 ਸਾਲ ਪਹਿਲਾਂ ਉਹਨਾਂ ਦਾ ਅਮਰੀਕਾ ਵਿੱਚ ਤਲਾਕ ਹੋ ਗਿਆ ਸੀ। ਉਹਨਾਂ ਦੇ ਤਿੰਨੇ ਬੱਚੇ ਉਸਦੀ ਭੈਣ ਪਰਵਿੰਦਰ ਕੌਰ ਪਾਸ ਅਮਰੀਕਾ ਵਿੱਚ ਹੀ ਰਹਿੰਦੇ ਸਨ। ਰੁਪਿੰਦਰ ਸਿੰਘ ਜਦੋ ਵੀ ਇੰਡੀਆਂ ਆਉਂਦਾ ਸੀ ਤਾਂ ਮੁੱਦਈ ਨੂੰ ਜਾਨ ਤੋਂ ਮਾਰਨ ਦੀਆਂ ਧਮਕੀਆਂ ਦਿੰਦਾ ਸੀ ਅਤੇ ਉਸ ਨੇ ਗੁਰਜਿੰਦਰ ਕੌਰ ਪਤਨੀ ਸੁਖਵਿੰਦਰ ਸਿੰਘ ਉਰਫ ਫੌਜੀ ਵਾਸੀ ਰਾਮਗੜ੍ਹ ਭੁੱਲਰ ਨਾਂਅ ਦੀ ਇੱਕ ਔਰਤ ਨਾ ਮਿਲ ਕੇ ਉਸ ਨੂੰ ਮਰਵਾਉਣ ਲਈ 5 ਲੱਖ ਰੁਪਏ ਦੀ ਸੁਪਾਰੀ ਤਹਿਤ ਅਰਸ਼ਦੀਪ ਸਿੰਘ ਉਰਫ ਅਮਨਾ ਪੁੱਤਰ ਗੁਰਸਵੇਕ ਸਿੰਘ ਵਾਸੀ ਫਰੀਦਕੋਟ ਜੋ ਕਿ ਗੁਰਜਿੰਦਰ ਕੌਰ ਦਾ ਰਿਸ਼ਤੇਦਾਰ ਹੈ ਅਤੇ ਸੰਦੀਪ ਸਿੰਘ ਉਰਫ ਕਾਲਾ ਪੁੱਤਰ ਮੱਖਣ ਸਿੰਘ ਵਾਸੀ ਹਨੂੰਮਾਨਗੜ੍ਹ ਅਤੇ ਭਿੰਦਾ ਵਾਸੀ ਡੱਬਵਾਲੀ ਨੂੰ ਹਾਇਰ ਕੀਤਾ ਹੈ। ਰੁਪਿੰਦਰ ਸਿੰਘ ਨੇ ਗੁਰਜਿੰਦਰ ਕੌਰ ਅਤੇ ਅਰਸ਼ਦੀਪ ਸਿੰਘ ਨੂੰ ਪਹਿਲਾਂ 01 ਲੱਖ ਰੁਪਏ ਨਕਦ ਪੇਸ਼ਗੀ ਦਿੱਤੀ। ਇਹਨਾਂ ਸਾਰਿਆਂ ਨੇ ਰਲਕੇ ਜਤਿੰਦਰ ਸਿੰਘ ਉਰਫ ਰਿੰਕੂ ਨੂੰ ਮਾਰਨ ਦੀ ਸਕੀਮ ਤਹਿਤ ਉਸ ਦੀ ਦੁਕਾਨ, ਘਰ ਆਉਣ ਹਰ ਆਣ-ਜਾਣ ਵਾਲੇ ਰਸਤੇ ਅਤੇ ਸਮੇਂ ਦੀ ਚੰਗੀ ਤਰ੍ਹਾਂ ਰੈਕੀ ਕੀਤੀ ਅਤੇ ਬੀਤੇ ਦਿਨੀਂ ਸਵੇਰੇ 08:00 ਵਜੇ ਅਰਸ਼ਦੀਪ ਸਿੰਘ ਉਰਫ ਅਮਨਾ ਅਤੇ ਸੰਦੀਪ ਸਿੰਘ ਉਰਫ ਕਾਲਾ ਦੋਨੋਂ ਜਣੇ ਮੋਟਰਸਾਈਕਲ ਪਰ ਉਸ (ਮੁੱਦਈ) ਨੂੰ ਮਾਰਨ ਦੀ ਨੀਅਤ ਨਾਲ ਖੜ੍ਹੇ ਸਨ, ਜਿਨ੍ਹਾਂ ਨੂੰ ਜਗਰਾਓਂ ਪੁਲਿਸ ਦੇ ਉੱਚ ਅਧਿਕਾਰੀਆਂ ਦੀ ਦੇਖ ਰੇਖ ਹੇਠ ਸੀ.ਆਈ.ਏ ਸਟਾਫ ਦੇ ਏ.ਐਸ.ਆਈ ਜਨਕ ਰਾਜ ਵੱਲੋਂ ਸਮੇਤ ਪੁਲਿਸ ਪਾਰਟੀ ਨੇ ਉੱਕਤ ਦੋਵਾਂ ਦੋਸ਼ੀਆਂ ਨੂੰ ਇੱਕ ਮੋਟਰਸਾਈਕਲ, ਇੱਕ ਪਿਸਤੌਲ 12 ਬੋਰ ਅਤੇ 2 ਕਾਰਤੂਸਾਂ ਸਮੇਤ ਗ੍ਰਿਫਤਾਰ ਕਰਕੇ ਧਾਰਾ 307/115/120-ਬੀ ਅਸਲਾ ਐਕਟ ਤਹਿਤ ਥਾਣਾ ਸਦਰ ਜਗਰਾਓਂ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਨੇ ਦੱਸਿਆ ਕਿ ਗ੍ਰਿਫਤਾਰ ਦੋਸ਼ੀਆਂ ਦਾ ਪੁਲਿਸ ਰਿਮਾਂਡ ਹਾਸਿਲ ਕਰਕੇ ਹੋਰ ਪੁੱਛਗਿੱਛ ਕੀਤੀ ਜਾਵੇਗੀ ਅਤੇ ਬਾਕੀ ਦੋਸ਼ੀਆਂ ਨੂੰ ਵੀ ਜਲਦੀ ਗ੍ਰਿਫਤਾਰ ਕਰ ਲਿਆ ਜਾਵੇਗਾ।

ਲੰਡਨ-ਅੰਮਿ੍ਤਸਰ ਸਿੱਧੀ ਉਡਾਣ ਲਈ ਢੇਸੀ ਵਲੋਂ ਬਰਤਾਨਵੀ ਹਵਾਬਾਜ਼ੀ ਮੰਤਰੀ ਨਾਲ ਮੁਲਾਕਾਤ

ਲੰਡਨ, ਜੂਨ 2019 ( ਗਿਆਨੀ ਅਮਰੀਕ ਸਿੰਘ ਰਾਠੌਰ )- - ਯੂ. ਕੇ. ਦੇ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਨੇ ਲੰਡਨ ਵਿਖੇ ਬਰਤਾਨਵੀ ਸੰਸਦ 'ਚ ਹਵਾਬਾਜ਼ੀ ਤੇ ਕੌਮਾਂਤਰੀ ਟਰਾਂਸਪੋਰਟ ਮੰਤਰੀ ਬੈਰੋਨੈਸ ਵੇਅਰ ਨਾਲ ਮੁਲਾਕਾਤ ਕਰਦਿਆਂ ਲੰਡਨ-ਅੰਮਿ੍ਤਸਰ ਦੀ ਸਿੱਧੀ ਉਡਾਣ ਦੀ ਮੰਗ ਕੀਤੀ | ਉਨ੍ਹਾਂ ਕਿਹਾ ਕਿ ਇਸ ਨਾਲ ਬਰਤਾਨੀਆ ਨੂੰ ਸੈਰ-ਸਪਾਟੇ, ਸੱਭਿਆਚਾਰਕ ਗਤੀਵਿਧੀਆਂ ਅਤੇ ਵਪਾਰਕ ਤੌਰ 'ਤੇ ਕਾਫ਼ੀ ਲਾਭ ਹੋਵੇਗਾ | ਉਨ੍ਹਾਂ ਨੇ ਮੰਤਰੀ ਨੂੰ ਦੱਸਿਆ ਕਿ ਮਈ, 2019 'ਚ ਭਾਰਤ ਦੇ ਸੈਂਟਰ ਫਾਰ ਏਸ਼ੀਆ ਪੈਸੀਫਿਕ ਏਵੀਏਸ਼ਨ (ਸੀ. ਏ. ਪੀ. ਏ.) ਨੇ ਐਲਾਨ ਕੀਤਾ ਸੀ ਕਿ ਭਾਰਤ ਅਤੇ ਯੂਰਪ ਵਿਚਕਾਰ ਸਿੱਧੀ ਹਵਾਈ ਸੇਵਾ ਲਈ ਇੰਟਰਨੈਟ ' ਤੇ ਸਭ ਤੋਂ ਵੱਧ ਅੰਮਿ੍ਤਸਰ-ਹੀਥਰੋ ਰੂਟ ਲਈ ਭਾਲ ਕੀਤੀ ਗਈ | ਢੇਸੀ ਨੇ ਕਿਹਾ ਕਿ 2018 ਤੋਂ ਬਰਤਾਨੀਆ 'ਚ ਲੰਡਨ-ਅੰਮਿ੍ਤਸਰ ਸਿੱਧੀ ਹਵਾਈ ਉਡਾਣ ਲਈ ਮੁਹਿੰਮ ਸ਼ੁਰੂ ਕੀਤੇ ਜਾਣ ਤੋਂ ਬਾਅਦ ਹੋਰਨਾਂ ਤੋਂ ਇਲਾਵਾ ਯੂ. ਕੇ ਦੇ ਸੰਸਦ ਮੈਂਬਰਾਂ ਤੋਂ ਵੀ ਹਮਾਇਤ ਹਾਸਲ ਹੋਈ ਹੈ | ਮੀਟਿੰਗ ਦੌਰਾਨ ਬਰਤਾਨਵੀ ਸੰਸਦ ਮੈਂਬਰ ਨੇ ਮੰਤਰੀ ਨੂੰ ਦੱਸਿਆ ਕਿ ਸੰਸਾਰ ਭਰ 'ਚੋਂ ਰੋਜ਼ਾਨਾ ਇੱਕ ਲੱਖ ਤੋਂ ਵੱਧ ਯਾਤਰੀ ਸ੍ਰੀ ਹਰਿਮੰਦਰ ਸਾਹਿਬ, ਅੰਮਿ੍ਤਸਰ ਦੇ ਦਰਸ਼ਨਾਂ ਲਈ ਆਉਂਦੇ ਹਨ | ਅੰਮਿ੍ਤਸਰ ਹਵਾਈ ਅੱਡਾ ਭਾਰਤ ਦਾ ਸਾਲ 2018 'ਚ ਸਭ ਤੋਂ ਵੱਧ ਯਾਤਰੀਆਂ ਦੀ ਆਮਦ ਵਾਲਾ ਹਵਾਈ ਅੱਡਾ ਬਣ ਗਿਆ ਹੈ, ਜੋ ਇੱਥੇ ਆਉਣ ਵਾਲੇ ਵਧ ਰਹੇ ਮੁਸਾਫ਼ਿਰਾਂ ਦੀ ਗਿਣਤੀ ਤੋਂ ਪਤਾ ਲਗਦਾ ਹੈ | ਢੇਸੀ ਨੇ ਲੰਮੇਂ ਚਿਰ ਤੋਂ ਇਹ ਮੁਹਿੰਮ ਵਿੱਢੀ ਹੋਈ  ਹੈ |

ਥੰਮਣਗੜ੍ਹ ਦੇ ਨੌਜਵਾਨ ਦੀ ਕੈਨੇਡਾ ’ਚ ਗੋਲੀਆਂ ਮਾਰ ਕੇ ਹੱਤਿਆ

ਬਰੈਂਪਟਨ / ਕੈਨੇਡਾ/ਮੌੜ , ਜੂਨ 2019- ਹਲਕਾ ਮੌੜ ਦੇ ਪਿੰਡ ਥੰਮਣਗੜ੍ਹ ਦੇ ਗੁਰਜੋਤ ਸਿੰਘ (22) ਪੁੱਤਰ ਜਗਜੀਤ ਸਿੰਘ ਦੀ ਕੈਨੇਡਾ ਦੇ ਬਰੈਂਪਟਨ ’ਚ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਜਾਣਕਾਰੀ ਅਨੁਸਾਰ ਗੁਰਜੋਤ ਸਿੰਘ ਕਰੀਬ ਡੇਢ ਕੁ ਸਾਲ ਪਹਿਲਾਂ ਸਟੱਡੀ ਵੀਜ਼ੇ ’ਤੇ ਕੈਨੇਡਾ ਆਈਆ ਸੀ। ਉਸ ਦੇ ਚਾਚੇ ਅਵਤਾਰ ਸਿੰਘ ਨੇ ਉਸ ਦਾ ਪਾਲਣ ਪੋਸ਼ਣ ਕੀਤਾ ਸੀ ਕਿਉਂਕਿ ਗੁਰਜੋਤ ਦੇ ਮਾਪਿਆਂ ਨੇ ਖੁਦਕੁਸ਼ੀ ਕਰ ਲਈ ਸੀ। ਪਰਿਵਾਰਕ ਮੈਂਬਰਾਂ ਅਨੁਸਾਰ ਗੁਰਜੋਤ ਨੂੰ 18 ਜੂਨ ਨੂੰ ਰਾਤ ਦਸ ਵਜੇ ਦੇ ਕਰੀਬ ਇੱਕ ਸ਼ਾਪਿੰਗ ਮਾਲ ਵਿੱਚ ਪਿੱਛੋਂ ਦੀ ਗੋਲੀਆਂ ਮਾਰੀਆਂ ਗਈਆਂ। ਗੁਰਜੋਤ ਨੇ ਅਗਲੇ ਦਿਨ ਹੀ ਭਾਰਤ ਆਉਣਾ ਸੀ। ਪਿੰਡ ਵਾਸੀਆਂ ਅਤੇ ਪਰਿਵਾਰ ਨੇ ਐਨਆਰਆਈ ਭਰਾਵਾਂ ਦੇ ਨਾਲ ਨਾਲ ਬਠਿੰਡਾ ਤੋਂ ਸੰਸਦ ਮੈਂਬਰ ਅਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੂੰ ਬੇਨਤੀ ਕੀਤੀ ਹੈ ਕਿ ਉਹ ਗੁਰਜੋਤ ਦੀ ਦੇਹ ਪੰਜਾਬ ਲਿਆਉਣ ਦੇ ਪ੍ਰਬੰਧ ਕਰਨ।

ਭਾਰਤੀ ਮੂਲ ਦੇ ਇਮਾਮ ਦੀਆਂ ਟਿੱਪਣੀਆਂ ਨਾਲ ਯੂਕੇ ’ਚ ਵਿਵਾਦ

ਗਲੂਸੈਸਟਰ/ਲੰਡਨ, ਜੂਨ 2019 -( ਗਿਆਨੀ ਰਵਿਦਰਪਾਲ ਸਿੰਘ )-  ਭਾਰਤੀ ਮੂਲ ਦੇ ਇਮਾਮ ਅਬਦੁੱਲਾ ਪਟੇਲ ਵੱਲੋਂ ਬੀਬੀਸੀ ਦੇ ਸਿੱਧੇ ਪ੍ਰਸਾਰਣ ਦੌਰਾਨ ਕੀਤੇ ਗਏ ਸੁਆਲਾਂ ਨਾਲ ਵਿਵਾਦ ਪੈਦਾ ਹੋ ਗਿਆ ਹੈ। ਇਮਾਮ ਨੂੰ ਇੰਗਲੈਂਡ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਦਾਅਵੇਦਾਰਾਂ ਨਾਲ ਸੁਆਲ-ਜੁਆਬ ਕਰਨ ਲਈ ਉਚੇਚੇ ਤੌਰ ’ਤੇ ਚੁਣਿਆ ਗਿਆ ਸੀ। ਉਸ ਨੇ ਪ੍ਰਧਾਨ ਮੰਤਰੀ ਅਹੁਦੇ ਦੀ ਦੌੜ ’ਚ ਸਭ ਤੋਂ ਮੂਹਰੇ ਚਲ ਰਹੇ ਬੋਰਿਸ ਜੌਹਨਸਨ ਅਤੇ ਕੰਜ਼ਰਵੇਟਿਵ ਪਾਰਟੀ ਦੇ ਚਾਰ ਹੋਰ ਬਾਕੀ ਉਮੀਦਵਾਰਾਂ ਨੂੰ ਬ੍ਰਿਟੇਨ ’ਚ ਇਸਲਾਮ ਦੇ ਵਧਦੇ ਖ਼ੌਫ਼ ਨਾਲ ਨਜਿੱਠਣ ਲਈ ਉਠਾਏ ਜਾਣ ਵਾਲੇ ਕਦਮਾਂ ਬਾਰੇ ਜਾਨਣਾ ਚਾਹਿਆ ਸੀ। ਜੌਹਨਸਨ ਨੇ ਕਿਹਾ ਕਿ ਉਨ੍ਹਾਂ ਬੁਰਕੇ ਵਾਲੀ ਮੁਸਲਮਾਨ ਮਹਿਲਾ ਦੇ ‘ਲੈਟਰ ਬਾਕਸ’ ਅਤੇ ‘ਬੈਂਕ ਡਕੈਤਾਂ’ ਵਾਂਗ ਲੱਗਣ ਬਾਰੇ ਦਿੱਤੇ ਬਿਆਨਾਂ ਲਈ ਮੁਆਫ਼ੀ ਮੰਗ ਲਈ ਸੀ ਜਦਕਿ ਪਾਕਿਸਤਾਨੀ ਮੂਲ ਦੇ ਮੰਤਰੀ ਸਾਜਿਦ ਜਾਵੇਦ ਨੇ ਸਾਰੇ ਸਾਥੀ ਉਮੀਦਵਾਰਾਂ ਨੂੰ ਕਿਹਾ ਕਿ ਉਹ ਟੋਰੀ ਪਾਰਟੀ ’ਚ ਇਸਲਾਮ ਦੇ ਵਧਦੇ ਖ਼ੌਫ਼ ਦੇ ਮੁੱਦੇ ’ਤੇ ਆਪਣੇ ਅੰਦਰ ਝਾਤੀ ਮਾਰਨ। ਬੁੱਧਵਾਰ ਨੂੰ ਬਹਿਸ ਦਾ ਵਿਸ਼ਾ ਹੀ ਬਦਲ ਗਿਆ ਅਤੇ ਇਹ ਇਮਾਮ ਵਿਰੋਧੀ ਹੋ ਗਿਆ। ਟਵਿੱਟਰ ’ਤੇ ਉਸ ਵੱਲੋਂ ਬੀਤੇ ’ਚ ਪਾਏ ਗਏ ਮੈਸੇਜ ਵਿਵਾਦ ਦਾ ਕਾਰਨ ਬਣ ਗਏ। ਉਸ ਨੇ ਯਹੂਦੀ ਭਾਈਚਾਰੇ ਵਿਰੋਧੀ ਬਿਆਨ ਦਿੱਤੇ ਸਨ। ਇਕ ਟਵੀਟ ’ਚ ਉਸ ਨੇ ਅਮਰੀਕਾ ਦਾ ਨਕਸ਼ਾ ਦਿਖਾ ਕੇ ਸੁਝਾਅ ਦਿੱਤਾ ਸੀ ਕਿ ਇਜ਼ਰਾਈਲ ਨੂੰ ਮੱਧ ਪੂਰਬ ’ਚੋਂ ਉੱਤਰੀ ਅਮਰੀਕਾ ’ਚ ਤਬਦੀਲ ਕਰ ਦੇਣਾ ਚਾਹੀਦਾ ਹੈ ਤਾਂ ਜੋ ਇਜ਼ਰਾਈਲ-ਫਲਸਤੀਨ ਸੰਘਰਸ਼ ਦਾ ਅੰਤ ਹੋ ਸਕੇ। ਵਿਵਾਦ ਦੌਰਾਨ ਪਟੇਲ ਨੂੰ ਗਲੂਸੈਸਟਰ ਦੇ ਲੜਕੀਆਂ ਦੇ ਸਕੂਲ ’ਚੋਂ ਡਿਪਟੀ ਹੈੱਡ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ।
ਉਂਜ ਪਟੇਲ ਨੇ ਕਿਹਾ ਹੈ ਕਿ ਟਵਿੱਟਰ ’ਤੇ ਬਿਆਨ ਯਹੂਦੀਆਂ ਖ਼ਿਲਾਫ਼ ਨਹੀਂ ਸਨ ਸਗੋਂ ਇਜ਼ਰਾਈਲ ਦੀ ਨੀਤੀ ਵਲ ਸੇਧਤ ਸਨ।

ਵਿਰੋਧੀ ਧਿਰ ਦੀ ਗ਼ੈਰਹਾਜ਼ਰੀ ’ਚ ਕਮੇਟੀ ਬਣਾਉਣ ਦਾ ਫ਼ੈਸਲਾ

ਨਵੀਂ ਦਿੱਲੀ, ਜੂਨ 2019- ‘ਇਕ ਰਾਸ਼ਟਰ ਇਕ ਚੋਣ’ ਮੁੱਦੇ ਬਾਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਇਕ ਕਮੇਟੀ ਗਠਿਤ ਕੀਤੀ ਜਾਵੇਗੀ, ਜੋ ‘ਮਿੱਥੇ ਸਮੇਂ’ ਵਿੱਚ ਆਪਣੇ ਸੁਝਾਅ ਦੇਵੇਗੀ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਹੋਈ ਸਰਬ ਪਾਰਟੀ ਮੀਟਿੰਗ ਮਗਰੋਂ ਦੱਸਿਆ ਕਿ ਜ਼ਿਆਦਾਤਰ ਪਾਰਟੀਆਂ ਨੇ ਲੋਕ ਸਭਾ ਤੇ ਵਿਧਾਨ ਸਭਾ ਚੋਣਾਂ ਇਕੱਠੀਆਂ ਕਰਵਾਉਣ ਦੇ ਵਿਚਾਰ ਨਾਲ ਸਹਿਮਤੀ ਜਤਾਈ ਹੈ। ਉਨ੍ਹਾਂ ਕਿਹਾ ਕਿ ਸੀਪੀਆਈ ਤੇ ਸੀਪੀਐਮ ਦੀ ਹਾਲਾਂਕਿ ‘ਵੱਖ ਰਾਏ’ ਸੀ, ਪਰ ਉਹ ਇਸ ਵਿਚਾਰ ਦੇ ਖ਼ਿਲਾਫ਼ ਨਹੀਂ ਸਨ। ਰਾਜਨਾਥ ਨੇ ਕਿਹਾ ਕਿ ਤਜਵੀਜ਼ਸ਼ੁਦਾ ਕਮੇਟੀ ਦੀ ਬਣਤਰ ਬਾਰੇ ਫ਼ੈਸਲਾ ਪ੍ਰਧਾਨ ਮੰਤਰੀ ਲੈਣਗੇ। ਮੀਟਿੰਗ ਲਈ 40 ਪਾਰਟੀਆਂ ਦੇ ਮੁਖੀਆਂ ਨੂੰ ਸੱਦਾ ਭੇਜਿਆ ਗਿਆ ਸੀ, ਪਰ ਇਸ ਵਿੱਚ 21 ਸਿਆਸੀ ਪਾਰਟੀਆਂ ਸ਼ਾਮਲ ਹੋਈਆਂ ਤੇ ਤਿੰਨ ਪਾਰਟੀਆਂ ਨੇ ਲਿਖਤ ’ਚ ਆਪਣਾ ਪੱਖ ਰੱਖਿਆ। ਕਾਂਗਰਸ, ਤ੍ਰਿਣਮੂਲ ਕਾਂਗਰਸ, ਸਪਾ, ਬਸਪਾ ਤੇ ਟੀਡੀਪੀ ਸਮੇਤ 16 ਪਾਰਟੀਆਂ ਮੀਟਿੰਗ ’ਚੋੋਂ ਗੈਰਹਾਜ਼ਰ ਰਹੀਆਂ। ਐਨਡੀਏ ਭਾਈਵਾਲ ਸ਼ਿਵ ਸੈਨਾ ਦੇ ਮੁਖੀ ਊਧਵ ਠਾਕਰੇ ਪਾਰਟੀ ਦੇ ਸਥਾਪਨਾ ਦਿਹਾੜੇ ਕਰ ਕੇ ਮੀਟਿੰਗ ’ਚ ਹਾਜ਼ਰੀ ਨਹੀਂ ਭਰ ਸਕੇ।
ਲੋਕ ਸਭਾ ਤੇ ਵਿਧਾਨ ਸਭਾ ਚੋਣਾਂ ਇਕੱਠੀਆਂ ਕਰਵਾਉਣ ਦੇ ਮੁੱਦੇ ’ਤੇ ਅੱਜ ਪ੍ਰਧਾਨ ਮੰਤਰੀ ਮੋਦੀ ਨੇ ਉਨ੍ਹਾਂ ਸਾਰੀਆਂ ਸਿਆਸੀ ਧਿਰਾਂ ਦੇ ਮੁਖੀਆਂ ਨੂੰ ਗੱਲਬਾਤ ਲਈ ਸੱਦਾ ਭੇਜਿਆ ਸੀ ਜਿਨ੍ਹਾਂ ਦੀ ਪਾਰਟੀ ਦਾ ਘੱਟੋ ਘੱਟੋ ਇਕ ਮੈਂਬਰ ਲੋਕ ਸਭਾ ਜਾਂ ਰਾਜ ਸਭਾ ਵਿਚ ਹੈ। ਇਸ ਮੌਕੇ ਹੋਰ ਵੀ ਕਈ ਮੁੱਦਿਆਂ ’ਤੇ ਗੱਲਬਾਤ ਕੀਤੀ ਗਈ ਜਿਨ੍ਹਾਂ ਵਿਚ 2022 ਵਿਚ ਭਾਰਤ ਦੀ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਮਨਾਉਣਾ ਤੇ ਇਸੇ ਵਰ੍ਹੇ ਮਹਾਤਮਾ ਗਾਂਧੀ ਦੀ 150ਵੀਂ ਜਨਮ ਵਰ੍ਹੇਗੰਢ ਮਨਾਉਣਾ ਅਹਿਮ ਸਨ। ਸੰਸਦ ਦੀ ਲਾਇਬਰੇਰੀ ਇਮਾਰਤ ਵਿਚ ਰੱਖੀ ਇਸ ਮੀਟਿੰਗ ਵਿਚ ਐਨਸੀਪੀ ਆਗੂ ਸ਼ਰਦ ਪਵਾਰ, ਸੀਪੀਐੱਮ ਦੇ ਸੀਤਾਰਾਮ ਯੇਚੁਰੀ, ਸੀਪੀਆਈ ਦੇ ਡੀ. ਰਾਜਾ, ਬਿਹਾਰ ਦੇ ਮੁੱਖ ਮੰਤਰੀ ਤੇ ਜੇਡੀ (ਯੂ) ਆਗੂ ਨਿਤੀਸ਼ ਕੁਮਾਰ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਉੜੀਸਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ, ਐਨਪੀਪੀ ਦੇ ਕੌਨਰਾਡ ਸੰਗਮਾ, ਪੀਡੀਪੀ ਆਗੂ ਮਹਿਬੂਬਾ ਮੁਫ਼ਤੀ ਤੇ ਨੈਸ਼ਨਲ ਕਾਨਫ਼ਰੰਸ ਦੇ ਸਰਪ੍ਰਸਤ ਫਾਰੂਕ ਅਬਦੁੱਲਾ ਹਾਜ਼ਰ ਸਨ।

ਭਾਰਤੀ ਮੂਲ ਅੰਗਹੀਣ ਔਰਤ ਦੀ ਮਦਦ ਤੋਂ ਇਨਕਾਰ ਕਰਨ ਵਾਲਾ ਡਰਾਈਵਰ ਮੁਅੱਤਲ

ਲੀਸੈਸਟਰ /ਯੂ ਕੇ, ਜੂਨ 2019 ( ਗਿਆਨੀ ਅਮਰੀਕ ਸਿੰਘ ਰਾਠੌਰ   )- ਬਰਤਾਨੀਆ ਦੇ ਲੀਸੈਸਟਰ ਸ਼ਹਿਰ ਵਿਚ ਭਾਰਤੀ ਮੂਲ ਦੀ ਇਕ ਅੰਗਹੀਣ ਔਰਤ ਨੂੰ ਮੰਦਰ ਦੇ ਰੈਂਪ ਤੋਂ ਹੇਠਾਂ ਉਤਰਨ ਅਤੇ ਕਾਰ ਵਿਚ ਚੜ੍ਹਨ 'ਚ ਮਦਦ ਤੋਂ ਇਨਕਾਰ ਕਰਨ ਵਾਲੇ ਟੈਕਸੀ ਡਰਾਈਵਰ ਨੂੰ 'ਅਣਮਿੱਥੇ ਸਮੇਂ ਲਈ' ਮੁਅੱਤਲ ਕਰ ਦਿੱਤਾ ਗਿਆ ਹੈ | ਡਰਾਈਵਰ ਦੇ ਇਸ ਵਿਵਹਾਰ ਨਾਲ ਵੀਲ੍ਹਚੇਅਰ 'ਤੇ ਬੈਠੀ ਔਰਤ ਨੇ ਆਪਣੇ ਆਪ ਨੂੰ ਬੇਇੱਜ਼ਤ ਮਹਿਸੂਸ ਕੀਤਾ | ਤਿੰਨ ਸਾਲ ਪਹਿਲਾਂ ਸਰੋਜ ਸੇਠ ਦਾ ਇਕ ਪੈਰ ਕੱਟ ਗਿਆ ਸੀ | ਈਸਟਰ ਮਿਡਲੈਂਡਸ ਸ਼ਹਿਰ ਦੇ ਕਲੇਰੇਂਡਾਨ ਪਾਰਕ ਰੋਡ ਸਥਿਤ ਸ੍ਰੀ ਗੀਤਾ ਭਵਨ ਮੰਦਰ ਵਿਚ ਦਰਸ਼ਨ ਤੋਂ ਬਾਅਦ ਉਨ੍ਹਾਂ ਨੇ ਡਰਾਈਵਰ ਨੂੰ ਵਾਹਨ ਵਿਚ ਚੜ੍ਹਨ ਵਿਚ ਮਦਦ ਕਰਨ ਲਈ ਕਿਹਾ ਸੀ ਪਰ ਉਸ ਨੇ ਕੋਈ ਇਨਸਾਨੀਅਤ ਨਹੀਂ ਦਿਖਾਈ | 78 ਸਾਲਾ ਸਾਬਕਾ ਮੈਜਿਸਟ੍ਰੇਟ ਨੇ ਕਿਹਾ ਕਿ ਡਰਾਈਵਰ ਨੇ ਉਸ ਦੀ ਮਦਦ ਤੋਂ ਇਨਕਾਰ ਕਰ ਦਿੱਤਾ ਅਤੇ ਕਾਰ ਅੱਗੇ ਕਰ ਲਈ | ਇਸ ਨਾਲ ਉਨ੍ਹਾਂ ਨੇ ਆਪਣੇ ਆਪ ਨੂੰ ਬੇਇੱਜ਼ਤ ਮਹਿਸੂਸ ਕੀਤਾ | ਸੇਠ ਨੂੰ ਸਾਲ 2011 ਵਿਚ ਲੀਸੇਸਟਰ ਵਿਚ ਭਾਈਚਾਰਕ ਖੇਤਰ ਵਿਚ ਸੇਵਾ ਲਈ ਮਹਾਰਾਣੀ ਐਲਿਜ਼ਾਬੈਂਥ ਤੋਂ 'ਮੋਸਟ ਐਕਸੀਲੈਂਟ ਆਰਡਰ ਆਫ ਦੀ ਬਿ੍ਟਿਸ਼ ਇੰਪਾਇਰ' ਦਾ ਸਨਮਾਨ ਮਿਲਿਆ ਸੀ | ਇਸ ਘਟਨਾ ਦੀ ਗਵਾਹ ਨਿਸ਼ਾ ਸਹਿਦੇਵ ਨੇ ਟਵਿਟਰ 'ਤੇ ਡਰਾਈਵਰ ਦੀ ਵਿਵਹਾਰ ਦੀ ਸ਼ਿਕਾਇਤ ਕੀਤੀ | ਨਿਸ਼ਾ ਨੇ ਲਿਖਿਆ ਕਿ ਮੰਦਰ ਦੇ ਰੈਂਪ ਤੋਂ ਉਤਰਨ ਅਤੇ ਕਾਰ ਵਿਚ ਚੜ੍ਹਨ ਵਿਚ ਮਦਦ ਕਰਨ ਤੋਂ ਇਨਕਾਰ ਕਰਨ ਤੋਂ ਬਾਅਦ ਉਹ ਉੱਥੋਂ ਚਲਾ ਗਿਆ ਅਤੇ ਬਜ਼ੁਰਗ ਔਰਤ ਮੰਦਰ ਦੇ ਬਾਹਰ ਮੀਂਹ ਵਿਚ ਹੀ ਵੀਲ੍ਹਚੇਅਰ 'ਤੇ ਬੈਠੀ ਰਹੀ | ਏ.ਡੀ.ਟੀ. ਟੈਕਸੀਜ਼ ਨੇ ਕਿਹਾ ਕਿ ਡਰਾਈਵਰ ਨੂੰ ਅਣਮਿੱਥੇ ਸਮੇਂ ਲਈ ਮੁਅੱਤਲ ਕਰ ਦਿੱਤਾ ਗਿਆ ਹੈ ਅਤੇ ਕੰਪਨੀ ਜਾਂਚ ਕਰ ਰਹੀ ਹੈ | ਸੇਠ ਇਸੇ ਕਾਰ ਕੰਪਨੀ ਦੀ ਸੇਵਾ ਆਮ ਤੌਰ 'ਤੇ ਲੈਂਦੀ ਹੈ |

ਸਿੱਖ ਬੱਚੀ ਦੀ ਮੌਤ ਟੁੱਟਦੀ ਪਰਵਾਸ ਪ੍ਰਣਾਲੀ ਦਾ ‘ਦੁਖਦ ਅੰਤ’

ਵਾਸ਼ਿੰਗਟਨ,ਜੂਨ 2019- ਸਿੱਖ ਐਡਵੋਕੇਸੀ ਗਰੁੱਪ ਅਨੁਸਾਰ ਅਮਰੀਕਾ-ਮੈਕਸਿਕੋ ਸਰਹੱਦ ਨੇੜਿਓਂ ਮਨੁੱਖੀ ਤਸਕਰੀ ਦੀ ਪੀੜਤ ਛੇ ਸਾਲ ਦੀ ਗੁਰਪ੍ਰੀਤ ਕੌਰ ਦੀ ਲੂ ਲੱਗਣ ਕਾਰਨ ਹੋਈ ਮੌਤ ਅਮਰੀਕਾ ਦੀ ਟੁੱਟਦੀ ਪਰਵਾਸ ਪ੍ਰਣਾਲੀ ਦੇ ‘ਦੁਖਦ ਅੰਤ’ ਨੂੰ ਦਰਸਾਉਂਦੀ ਹੈ। ਇਹ ਲੜਕੀ ਬੁੱਧਵਾਰ ਨੂੰ ਐਰੀਜ਼ੋਨਾ ਦੇ ਲੁਕੇਵਿਲਾ ਤੋਂ 27 ਕਿਲੋਮੀਟਰ ਪੱਛਮ ਵਿੱਚ ਅਮਰੀਕੀ ਸਰਹੱਦ ਦੇ ਗਸ਼ਤੀ ਦਲ ਨੂੰ ਉਸ ਵੇਲੇ ਮਿਲੀ ਸੀ ਜਦੋਂ ਤਾਪਮਾਨ 42 ਡਿਗਰੀ ਸੈਲਸੀਅਸ ਸੀ। ਇਸ ਲੜਕੀ ਨੇ ਅਗਲੇ ਮਹੀਨੇ ਸੱਤ ਵਰ੍ਹਿਆਂ ਦੀ ਹੋਣਾ ਸੀ। ਗੁਰਪ੍ਰੀਤ ਦੀ ਮਾਂ ਉਸ ਨੂੰ ਇੱਕ ਹੋਰ ਮਹਿਲਾ ਅਤੇ ਉਸ ਦੇ ਬੱਚੇ ਕੋਲ ਛੱਡ ਕੇ ਪਾਣੀ ਦੀ ਤਲਾਸ਼ ਵਿੱਚ ਗਈ ਸੀ। ਇਹ ਲੜਕੀ ਚਾਰ ਹੋਰ ਲੋਕਾਂ ਨਾਲ ਸਫ਼ਰ ਕਰ ਰਹੀ ਸੀ, ਜਿਨ੍ਹਾਂ ਵਿੱਚ ਉਸ ਦੀ ਮਾਂ ਵੀ ਸ਼ਾਮਲ ਸੀ। ਇਨ੍ਹਾਂ ਨੂੰ ਮਨੁੱਖੀ ਤਸਕਰਾਂ ਨੇ ਸਰਹੱਦ ਨੇੜੇ ਛੱਡ ਦਿੱਤਾ ਸੀ ਅਤੇ ਅਗਲਾ ਖ਼ਤਰਨਾਕ ਖੇਤਰ ਪਾਰ ਕਰਨ ਦਾ ਆਦੇਸ਼ ਦਿੱਤਾ ਸੀ।
ਸਿੱਖ ਅਮਰੀਕਨ ਲੀਗਲ ਡਿਫੈਂਸ ਐਂਡ ਐਜੂਕੇਸ਼ਨ ਫੰਡ ਦੀ ਕਾਰਜਕਾਰੀ ਨਿਰਦੇਸ਼ਕ ਕਿਰਨ ਕੌਰ ਗਿੱਲ ਨੇ ਕਿਹਾ, ‘‘ਇਹ ਕਹਾਣੀ ਟੁੱਟਦੀ ਪਰਵਾਸੀ ਪ੍ਰਣਾਲੀ, ਪਰਵਾਸੀ ਨੀਤੀਆਂ ਦੀ ਤਰਾਸਦੀ ਦਾ ਦੁਖਦ ਅੰਤ ਦਰਸਾਉਂਦੀ ਹੈ, ਜੋ ਲੋਕਾਂ ਨੂੰ ਮੌਲਿਕ ਮਨੁੱਖੀ ਮਾਣ-ਸਨਮਾਨ ਅਤੇ ਮਨੁੱਖੀ ਅਧਿਕਾਰਾਂ ਤੋਂ ਵਾਂਝਾ ਕਰਦੀ ਹੈ, ਖਾਸ ਤੌਰ ’ਤੇ ਸ਼ਰਨ ਮੰਗਣ ਵਾਲੇ ਲੋਕਾਂ ਨੂੰ।’’ ਗੁਰਪ੍ਰੀਤ ਕੌਰ ਦੀ ਮੌਤ ਇਸ ਸਾਲ ਐਰੀਜ਼ੋਨਾ ਦੇ ਮਾਰੂਥਲ ਵਿੱਚ ਕਿਸੇ ਪਰਵਾਸੀ ਬੱਚੇ ਦੀ ਦੂਜੀ ਮੌਤ ਹੈ, ਜੋ ਅਮਰੀਕਾ ਵਿੱਚ ਵਸਣ ਦੇ ਚਾਹਵਾਨਾਂ ਵਲੋਂ ਵੱਡੇ ਖ਼ਰਚੇ ਕਰਕੇ ਮੁੱਲ ਲਏ ਖ਼ਤਰਿਆਂ ਨੂੰ ਦਰਸਾਉਂਦੀ ਹੈ। ਉਨ੍ਹਾਂ ਕਿਹਾ ਕਿ ਉਹ ਸ਼ਰਨ ਲੈਣ ਦੇ ਚਾਹਵਾਨਾਂ ਨਾਲ ਕੀਤੇ ਜਾਂਦੇ ਮਾੜੇ ਵਿਹਾਰ ਅਤੇ ਉਨ੍ਹਾਂ ਨੂੰ ਖ਼ਤਰਾ ਸਮਝੇ ਜਾਣ ਦਾ ਸਖ਼ਤ ਵਿਰੋਧ ਕਰਦੇ ਹਨ।

ਗ਼ੈਰਕਾਨੂੰਨੀ ਪਰਵਾਸੀਆਂ ਨੂੰ ਕੱਢਣ ਦਾ ਅਮਲ ਅਗਲੇ ਹਫ਼ਤੇ ਤੋਂ- ਟਰੰਪ

ਵਾਸ਼ਿੰਗਟਨ, ਜੂਨ 2019- ਰਾਸ਼ਟਰਪਤੀ ਡੋਨਲਡ ਟਰੰਪ ਨੇ ਅੱਜ ਕਿਹਾ ਕਿ ਅਮਰੀਕਾ ਅਗਲੇ ਹਫ਼ਤੇ ਤੋਂ ‘ਲੱਖਾਂ’ ਗੈਰਕਾਨੂੰਨੀ ਪਰਵਾਸੀਆਂ ਨੂੰ ਮੁਲਕ ’ਚੋਂ ਕੱਢਣ ਦਾ ਅਮਲ ਸ਼ੁਰੂ ਕਰ ਦੇਵੇਗਾ। ਅਮਰੀਕੀ ਸਦਰ ਨੇ ਕਿਹਾ ਕਿ ਗੁਆਟੇਮਾਲਾ ਸੁਰੱਖਿਅਤ-ਤੀਜਾ ਕਰਾਰ ਕਰਨ ਲਈ ਤਿਆਰ ਹੈ। ਇਸ ਕਰਾਰ ਤਹਿਤ ਗੁਆਟੇਮਾਲਾ ਖੇਤਰ ਵਿੱਚ ਦਾਖ਼ਲ ਹੋਣ ਵਾਲੇ ਪਰਵਾਸੀਆਂ ਨੂੰ ਸ਼ਰਨਾਰਥੀ ਦਰਜਾ ਲੈਣ ਲਈ ਪਹਿਲਾਂ ਅਪਲਾਈ ਕਰਨਾ ਹੋਵੇਗਾ।

ਵੈਨਕੂਵਰ ਕੈਨੇਡਾ ਦੀ ਡੈਲਟਾ ਪੋਟ ਤੇ ਟਰੱਕਿੰਗ ਕੰਪਣੀਆਂ ਓਲੰਪੀਆ, ਲਾਲੀ ਬਰੋ ਤੇ ਇੰਡੀਅਨ ਰਿਵਰ ਦਾ ਹੋਇਆ ਐਕਸੀਡੈਂਟ

ਵੈਨਕੂਵਰ ਕੈਨੇਡਾ , ਜੂਨ 2019- ਵੈਨਕੂਵਰ ਕੈਨੇਡਾ ਦੀ ਡੈਲਟਾ ਪੋਟ ਤੇ ਟਰੱਕਿੰਗ ਕੰਪਣੀਆਂ ਓਲੰਪੀਆ, ਲਾਲੀ ਬਰੋ ਤੇ ਇੰਡੀਅਨ ਰਿਵਰ ਦਾ ਹੋਇਆ ਐਕਸੀਡੈਂਟ ਜਿਸ ‘ਚ ਦੋ ਪੰਜਾਬੀ ਵੀਰਾਂ ਦੀ ਮੌਤ ਹੋਣ ਦੀ ਖ਼ਬਰ ਆ ਰਹੀ ਹੈ। ਅੱਗ ਲੱਗਣ ਨਾਲ 37 ਸਾਲ ਨੌਜੁਆਨ ਜਿਸ ਦੀ ਮੌਕੇ ਤੇ ਹੀ ਮੌਤ ਹੋ ਗਈ। ਡੈਲਟਾ ਪੋਰਟ ‘ਤੇ ਵਾਪਰੇ ਇੱਕ ਹਾਦਸੇ ਕਾਰਨ ਇੱਕ ਟਰੱਕ ਨੂੰ ਅੱਗ ਲੱਗ ਗਈ ਅਤੇ ਟਰੱਕ ਚਾਲਕ ਟਰੱਕ ਵਿੱਚੋਂ ਨਿਕਲ ਨਹੀਂ ਸਕਿਆ। ਮਿਲੀ ਜਾਣਕਾਰੀ ਮੁਤਾਬਿਕ ਪਿੱਛਿਓਂ ਰਾਜਸਥਾਨ ਨਾਲ ਸਬੰਧਤ 37 ਸਾਲਾ ਰਾਜਵਿੰਦਰ ਸਿੰਘ ਸਿੱਧੂ 2017 ਤੋਂ ਹੀ ਓਨਰ ਅਪਰੇਟਰ ਵਜੋਂ ਟਰੱਕ ਚਲਾਉਣ ਲੱਗਾ ਸੀ, ਪਹਿਲਾਂ ਉਹ ਡਰਾਇਵਰ ਵਜੋਂ ਕੰਮ ਕਰਦਾ ਸੀ। ਸੂਤਰਾਂ ਮੁਤਾਬਿਕ ਉਹ ਆਪਣੀ ਲੇਨ 'ਚ ਸਹੀ ਜਾ ਰਿਹਾ ਸੀ ਕਿ ਅੱਗਿਓਂ ਆ ਰਿਹਾ ਇੱਕ ਟਰੱਕ ਉਸ ਵਿੱਚ ਸਿੱਧਾ ਆਣ ਵੱਜਾ। ਟੱਕਰ ਤੋਂ ਬਾਅਦ ਉਹ ਟਰੱਕ ਵਿੱਚ ਹੀ ਫਸ ਗਿਆ ਅਤੇ ਬਾਹਰ ਨਿਕਲ ਨਹੀਂ ਹੋਇਆ। ਟਰੱਕਾਂ ਵਾਲੇ ਦੋਸਤ ਟਰੱਕ ਨੂੰ ਤੁਰੰਤ ਅੱਗ ਲੱਗਣ ਲਈ ਯੂਰੀਆ, (ਡਿਫ ਰੀਜਿਨ) ਨੂੰ ਦੋਸ਼ੀ ਦੱਸ ਰਹੇ ਹਨ। ਬਹੁਤ ਬੁਰੀ ਤਰਾਂ ਅਸਰ ਕਰਦਿਆਂ ਹਨ ਇਸ ਤਰਾਂ ਦੀਆਂ ਘਟਨਾਵਾਂ ਸਾਡੇ ਸਮਾਜ ਤੇ। ਇਹ ਬੇਹੱਦ ਮੰਦਭਾਗੀ ਘਟਨਾ ਹੈ ਅਤੇ ਪਰਿਵਾਰ ਲਈ ਕਦੇ ਵੀ ਪੂਰਾ ਨਾ ਹੋਣ ਵਾਲਾ ਘਾਟਾ। ਸਵੇਰੇ ਘਰੋਂ ਨਿਕਲਦੇ ਕਾਮੇ ਨੂੰ ਇਹ ਪਤਾ ਨਹੀਂ ਹੁੰਦਾ ਕਿ ਉਸਨੇ ਵਾਪਸ ਜਾ ਕੇ ਟੱਬਰ 'ਚ ਬਹਿਣਾ ਜਾਂ ਨਹੀਂ।

ਯੁਵਰਾਜ ਨੇ ਕੌਮਾਂਤਰੀ ਕ੍ਰਿਕਟ ਤੋਂ ਲਿਆ ਸੰਨਿਆਸ

ਮੁੰਬਈ,  ਜੂਨ 2019  ਕੈਂਸਰ ’ਤੇ ਜਿੱਤ ਹਾਸਲ ਕਰਨ ਤੋਂ ਅੱਠ ਸਾਲ ਮਗਰੋਂ ਕ੍ਰਿਕਟਰ ਯੁਵਰਾਜ ਸਿੰਘ ਨੇ ਅੱਜ ਭਾਵੁਕ ਹੁੰਦਿਆਂ ਉਤਰਾਅ-ਚੜ੍ਹਾਅ ਭਰੇ ਆਪਣੇ ਕਰੀਅਰ ਨੂੰ ਅਲਵਿਦਾ ਕਹਿਣ ਦਾ ਐਲਾਨ ਕੀਤਾ। ਉਹ ਹੁਣ ਆਈਪੀਐਲ ਵੀ ਨਹੀਂ ਖੇਡੇਗਾ। ਇਸ ਦੌਰਾਨ ਉਸ ਦੀ ਸਭ ਤੋਂ ਵੱਡੀ ਉਪਲਬਧੀ ਭਾਰਤ ਦੇ 2011 ਵਿਸ਼ਵ ਕੱਪ ਜਿੱਤਣ ਵਿੱਚ ਅਹਿਮ ਯੋਗਦਾਨ ਰਿਹਾ। ਪ੍ਰਤਿਭਾ ਦੇ ਧਨੀ ਇਸ ਕਰਿਸ਼ਮਈ ਖਿਡਾਰੀ ਨੂੰ ਸੀਮਤ ਓਵਰਾਂ ਦੀ ਕ੍ਰਿਕਟ ਦਾ ਮਾਹਿਰ ਮੰਨਿਆ ਜਾਂਦਾ ਰਿਹਾ ਹੈ, ਪਰ ਉਸ ਨੇ ਇਸ ਚੀਸ ਨਾਲ ਸੰਨਿਆਸ ਲਿਆ ਕਿ ਉਹ ਟੈਸਟ ਮੈਚਾਂ ਵਿੱਚ ਉਮੀਦ ਅਨੁਸਾਰ ਪ੍ਰਦਰਸ਼ਨ ਨਹੀਂ ਕਰ ਸਕਿਆ।
ਖੱਬੇ ਹੱਥ ਦੇ ਇਸ ਬੱਲੇਬਾਜ਼ ਨੇ ਹਾਲਾਂਕਿ ਸੰਨਿਆਸ ਲੈਣ ਤੋਂ ਪਹਿਲਾਂ ਕਈ ਵਾਰ ਹਾਲਾਤਾਂ ਨੂੰ ਆਪਣੇ ਪੱਖ ਵਿੱਚ ਮੋੜਨ ਦੇ ਯਤਨ ਕੀਤੇ। 37 ਸਾਲ ਦੇ ਇਸ ਕ੍ਰਿਕਟ ਨੇ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ, ‘‘ਮੈਂ 25 ਸਾਲ 22 ਗਜ ਦੀ ਪਿੱਚ ’ਤੇ ਬਿਤਾਉਣ ਅਤੇ ਲਗਪਗ 17 ਸਾਲ ਕੌਮਾਂਤਰੀ ਕ੍ਰਿਕਟ ਖੇਡਣ ਮਗਰੋਂ ਅੱਗੇ ਵਧਣ ਦਾ ਫ਼ੈਸਲਾ ਕੀਤਾ ਹੈ। ਕ੍ਰਿਕਟ ਨੇ ਮੈਨੂੰ ਸਭ ਕੁੱਝ ਦਿੱਤਾ ਅਤੇ ਇਹੀ ਕਾਰਨ ਹੈ ਕਿ ਮੈਂ ਅੱਜ ਇੱਥੇ ਹਾਂ।’’
ਉਸ ਨੇ ਕਿਹਾ, ‘‘ਮੈਂ ਬਹੁਤ ਖ਼ੁਸ਼ਕਿਸਮਤ ਰਿਹਾ ਕਿ ਮੈਂ ਭਾਰਤ ਵੱਲੋਂ 400 ਮੈਚ ਖੇਡੇ। ਜਦੋਂ ਮੈਂ ਖੇਡਣਾ ਸ਼ੁਰੂ ਕੀਤਾ, ਤਾਂ ਮੈਂ ਇਸ ਬਾਰੇ ਸੋਚ ਵੀ ਨਹੀਂ ਸਕਦਾ ਸੀ।’’ ਇਸ ਹਮਲਾਵਰ ਬੱਲੇਬਾਜ਼ ਨੇ ਕਿਹਾ ਕਿ ਉਹ ਹੁਣ ‘ਜ਼ਿੰਦਗੀ ਦਾ ਲੁਤਫ਼’ ਉਠਾਉਣਾ ਚਾਹੁੰਦਾ ਹੈ ਅਤੇ ਬੀਸੀਸੀਆਈ ਤੋਂ ਮਨਜ਼ੂਰੀ ਮਿਲਣ ’ਤੇ ਕੌਮਾਂਤਰੀ ਪੱਧਰ ’ਤੇ ਵੱਖ-ਵੱਖ ਟੀ-20 ਲੀਗ ਵਿੱਚ ਫਰੀਲਾਂਸ ਖਿਡਾਰੀ ਵਜੋਂ ਖੇਡਣਾ ਚਾਹੁੰਦਾ ਹੈ, ਪਰ ਹੁਣ ਉਹ ਇੰਡੀਅਨ ਪ੍ਰੀਮੀਅਰ ਲੀਗ ਵਿੱਚ ਨਹੀਂ ਖੇਡੇਗਾ। ਯੁਵਰਾਜ ਨੇ ਭਾਰਤ ਵੱਲੋਂ 40 ਟੈਸਟ, 304 ਇੱਕ ਰੋਜ਼ਾ ਅਤੇ 58 ਟੀ-20 ਕੌਮਾਂਤਰੀ ਮੈਚ ਖੇਡੇ ਹਨ। ਉਸ ਨੇ ਟੈਸਟ ਮੈਚਾਂ ਵਿੱਚ 1900 ਅਤੇ ਇੱਕ ਰੋਜ਼ਾ ਵਿੱਚ 8701 ਦੌੜਾਂ ਬਣਾਈਆਂ। ਉਸ ਨੂੰ ਇੱਕ ਰੋਜ਼ਾ ਵਿੱਚ ਸਭ ਤੋਂ ਵੱਧ ਸਫਲਤਾ ਮਿਲੀ। ਟੀ-20 ਕੌਮਾਂਤਰੀ ਵਿੱਚ ਉਸ ਦੇ ਨਾਮ 1177 ਦੌੜਾਂ ਦਰਜ ਹਨ।
ਖੱਬੇ ਹੱਥ ਦੇ ਇਸ ਬੱਲੇਬਾਜ਼ ਨੇ ਆਪਣੇ ਕਰੀਅਰ ਦੇ ਤਿੰਨ ਮਹੱਤਵਪੂਰਨ ਪਲਾਂ ਵਿੱਚ ਵਿਸ਼ਵ ਕੱਪ 2011 ਦੀ ਜਿੱਤ ਅਤੇ ‘ਮੈਨ ਆਫ ਦਿ ਸੀਰੀਜ਼’ ਬਣਨਾ, ਟੀ-20 ਵਿਸ਼ਵ ਕੱਪ 2007 ਵਿੱਚ ਇੰਗਲੈਂਡ ਖ਼ਿਲਾਫ਼ ਇੱਕ ਓਵਰ ਵਿੱਚ ਛੇ ਛੱਕੇ ਮਾਰਨਾ ਅਤੇ ਪਾਕਿਸਤਾਨ ਖ਼ਿਲਾਫ਼ ਲਾਹੌਰ ਵਿੱਚ 2004 ਦੌਰਾਨ ਪਹਿਲੇ ਟੈਸਟ ਸੈਂਕੜੇ ਨੂੰ ਸ਼ਾਮਲ ਕੀਤਾ।

ਅਮਰੀਕੀ ਹਵਾਈ ਸੈਨਾ ’ਚ ਸਾਬਤ ਸੂਰਤ ਸਿੱਖ ਦੀ ਭਰਤੀ ਦੀ ਸ਼ਲਾਘਾ

ਵਾਸ਼ਿੰਗਟਨ,  ਜੂਨ 2019- ਅਮਰੀਕੀ ਹਵਾਈ ਸੈਨਾ ਵੱਲੋਂ ਏਅਰਮੈਨ ਹਰਪ੍ਰੀਤਇੰਦਰ ਸਿੰਘ ਬਾਜਵਾ ਨੂੰ ਦਸਤਾਰ, ਦਾਹੜੀ ਅਤੇ ਲੰਬੇ ਕੇਸ ਰੱਖਣ ਦੀ ਇਜਾਜ਼ਤ ਦਿੱਤੇ ਜਾਣ ਦੇ ਫ਼ੈਸਲੇ ਦਾ ਅਮਰੀਕੀ ਕਾਨੂੰਨਸਾਜ਼ ਸਮੇਤ ਭਾਰਤੀ-ਅਮਰੀਕੀਆਂ ਨੇ ਸਵਾਗਤ ਕੀਤਾ ਹੈ। ਭਾਰਤ-ਅਮਰੀਕੀ ਕਾਂਗਰਸਮੈਨ ਅਮੀ ਬੇਰਾ ਨੇ ਫ਼ੈਸਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਿੱਖ ਮੁਲਕ ਦੀ ਰਾਖੀ ’ਚ ਲੰਬੇ ਸਮੇਂ ਤੋਂ ਅਹਿਮ ਭੂਮਿਕਾ ਨਿਭਾ ਰਹੇ ਹਨ। ਬੇਰਾ ਨੇ ਕਿਹਾ ਕਿ ਅਜਿਹੇ ਦੇਸ਼ ਭਗਤਾਂ ਨੂੰ ਧਾਰਮਿਕ ਆਜ਼ਾਦੀ ਦੇ ਕੇ ਸੇਵਾ ਕਰਨ ਦਾ ਮੌਕਾ ਦੇਣਾ ਵਧੀਆ ਕਦਮ ਹੈ। ਉਨ੍ਹਾਂ ਰੱਖਿਆ ਵਿਭਾਗ ਨੂੰ ਬੇਨਤੀ ਕੀਤੀ ਕਿ ਉਹ ਹੋਰ ਧਰਮਾਂ ਨੂੰ ਵੀ ਅਜਿਹੀ ਛੋਟ ਦੇਣ। 2017 ’ਚ ਥਲ ਸੈਨਾ ਨੇ ਵੀ ਸਾਬਤ ਸੂਰਤ ਸਿੱਖ ਨੂੰ ਭਰਤੀ ਕਰਨ ਦੀ ਮਨਜ਼ੂਰੀ ਦਿੱਤੀ ਸੀ। ਬਾਜਵਾ ਦੀ ਸਹਾਇਤਾ ਸਿੱਖ ਅਮਰੀਕਨ ਲੀਗਲ ਡਿਫੈਂਸ ਅਤੇ ਐਜੂਕੇਸ਼ਨ ਫੰਡ ਤੇ ਸਿੱਖ ਅਮਰੀਕਨ ਵੈਟਰਨਸ ਅਲਾਇੰਸ ਜਿਹੀਆਂ ਜਥੇਬੰਦੀਆਂ ਨੇ ਕੀਤੀ। ਅਲਾਇੰਸ ਦੇ ਪ੍ਰਧਾਨ ਲੈਫ਼ਟੀਨੈਂਟ ਕਰਨਲ ਕਮਲ ਕਲਸੀ ਸਿੰਘ ਨੇ ਕਿਹਾ ਕਿ ਹਰਪ੍ਰੀਤਇੰਦਰ ਸਿੰਘ ਬਾਜਵਾ ਨੂੰ ਕੰਮ ਦੌਰਾਨ ਆਪਣੇ ਧਰਮ ਦੇ ਪਾਲਣ ਦੀ ਖੁੱਲ੍ਹ ਮਿਲਣ ਨਾਲ ਉਨ੍ਹਾਂ ਨੂੰ ਖੁਸ਼ੀ ਹੋਈ ਹੈ। ਉਨ੍ਹਾਂ ਆਸ ਜਤਾਈ ਕਿ ਬਾਜਵਾ ਪੂਰੇ ਸਨਮਾਨ ਨਾਲ ਰਵਾਇਤ ਨੂੰ ਅੱਗੇ ਵਧਾਏਗਾ। ਅਮਰੀਕਨ ਲੀਗਲ ਡਿਫੈਂਸ ਅਤੇ ਐਜੂਕੇਸ਼ਨ ਫੰਡ ਦੀ ਕਾਰਜਕਾਰੀ ਨਿਰਦੇਸ਼ਕ ਕਿਰਨ ਕੌਰ ਗਿੱਲ ਨੇ ਕਿਹਾ ਕਿ ਉਨ੍ਹਾਂ ਦੀ ਜਥੇਬੰਦੀ ਨੂੰ ਇਹ ਜਾਣ ਕੇ ਖੁਸ਼ੀ ਹੋਈ ਹੈ ਕਿ ਹਰਪ੍ਰੀਤਇੰਦਰ ਸਿੰਘ ਬਾਜਵਾ ਨੂੰ ਹਵਾਈ ਸੈਨਾ ਤੋਂ ਦਸਤਾਰ ਬੰਨ੍ਹਣ ਅਤੇ ਕੇਸ ਲੰਬੇ ਰੱਖਣ ਦੀ ਇਜਾਜ਼ਤ ਮਿਲ ਗਈ ਹੈ। ਏਸੀਐਲਯੂ ਦੇ ਸੀਨੀਅਰ ਸਟਾਫ਼ ਅਟਾਰਨੀ ਨੇ ਏਅਰ ਫੋਰਸ ਦੇ ਫ਼ੈਸਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਉਨ੍ਹਾਂ ਦੇ ਮੁਵੱਕਿਲ ਨੂੰ ਸਿੱਖ ਧਰਮ ਦਾ ਪਾਲਣ ਕਰਨ ਦੀ ਮਨਜ਼ੂਰੀ ਮਿਲ ਗਈ ਹੈ।