ਯੁਵਰਾਜ ਨੇ ਕੌਮਾਂਤਰੀ ਕ੍ਰਿਕਟ ਤੋਂ ਲਿਆ ਸੰਨਿਆਸ

ਮੁੰਬਈ,  ਜੂਨ 2019  ਕੈਂਸਰ ’ਤੇ ਜਿੱਤ ਹਾਸਲ ਕਰਨ ਤੋਂ ਅੱਠ ਸਾਲ ਮਗਰੋਂ ਕ੍ਰਿਕਟਰ ਯੁਵਰਾਜ ਸਿੰਘ ਨੇ ਅੱਜ ਭਾਵੁਕ ਹੁੰਦਿਆਂ ਉਤਰਾਅ-ਚੜ੍ਹਾਅ ਭਰੇ ਆਪਣੇ ਕਰੀਅਰ ਨੂੰ ਅਲਵਿਦਾ ਕਹਿਣ ਦਾ ਐਲਾਨ ਕੀਤਾ। ਉਹ ਹੁਣ ਆਈਪੀਐਲ ਵੀ ਨਹੀਂ ਖੇਡੇਗਾ। ਇਸ ਦੌਰਾਨ ਉਸ ਦੀ ਸਭ ਤੋਂ ਵੱਡੀ ਉਪਲਬਧੀ ਭਾਰਤ ਦੇ 2011 ਵਿਸ਼ਵ ਕੱਪ ਜਿੱਤਣ ਵਿੱਚ ਅਹਿਮ ਯੋਗਦਾਨ ਰਿਹਾ। ਪ੍ਰਤਿਭਾ ਦੇ ਧਨੀ ਇਸ ਕਰਿਸ਼ਮਈ ਖਿਡਾਰੀ ਨੂੰ ਸੀਮਤ ਓਵਰਾਂ ਦੀ ਕ੍ਰਿਕਟ ਦਾ ਮਾਹਿਰ ਮੰਨਿਆ ਜਾਂਦਾ ਰਿਹਾ ਹੈ, ਪਰ ਉਸ ਨੇ ਇਸ ਚੀਸ ਨਾਲ ਸੰਨਿਆਸ ਲਿਆ ਕਿ ਉਹ ਟੈਸਟ ਮੈਚਾਂ ਵਿੱਚ ਉਮੀਦ ਅਨੁਸਾਰ ਪ੍ਰਦਰਸ਼ਨ ਨਹੀਂ ਕਰ ਸਕਿਆ।
ਖੱਬੇ ਹੱਥ ਦੇ ਇਸ ਬੱਲੇਬਾਜ਼ ਨੇ ਹਾਲਾਂਕਿ ਸੰਨਿਆਸ ਲੈਣ ਤੋਂ ਪਹਿਲਾਂ ਕਈ ਵਾਰ ਹਾਲਾਤਾਂ ਨੂੰ ਆਪਣੇ ਪੱਖ ਵਿੱਚ ਮੋੜਨ ਦੇ ਯਤਨ ਕੀਤੇ। 37 ਸਾਲ ਦੇ ਇਸ ਕ੍ਰਿਕਟ ਨੇ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ, ‘‘ਮੈਂ 25 ਸਾਲ 22 ਗਜ ਦੀ ਪਿੱਚ ’ਤੇ ਬਿਤਾਉਣ ਅਤੇ ਲਗਪਗ 17 ਸਾਲ ਕੌਮਾਂਤਰੀ ਕ੍ਰਿਕਟ ਖੇਡਣ ਮਗਰੋਂ ਅੱਗੇ ਵਧਣ ਦਾ ਫ਼ੈਸਲਾ ਕੀਤਾ ਹੈ। ਕ੍ਰਿਕਟ ਨੇ ਮੈਨੂੰ ਸਭ ਕੁੱਝ ਦਿੱਤਾ ਅਤੇ ਇਹੀ ਕਾਰਨ ਹੈ ਕਿ ਮੈਂ ਅੱਜ ਇੱਥੇ ਹਾਂ।’’
ਉਸ ਨੇ ਕਿਹਾ, ‘‘ਮੈਂ ਬਹੁਤ ਖ਼ੁਸ਼ਕਿਸਮਤ ਰਿਹਾ ਕਿ ਮੈਂ ਭਾਰਤ ਵੱਲੋਂ 400 ਮੈਚ ਖੇਡੇ। ਜਦੋਂ ਮੈਂ ਖੇਡਣਾ ਸ਼ੁਰੂ ਕੀਤਾ, ਤਾਂ ਮੈਂ ਇਸ ਬਾਰੇ ਸੋਚ ਵੀ ਨਹੀਂ ਸਕਦਾ ਸੀ।’’ ਇਸ ਹਮਲਾਵਰ ਬੱਲੇਬਾਜ਼ ਨੇ ਕਿਹਾ ਕਿ ਉਹ ਹੁਣ ‘ਜ਼ਿੰਦਗੀ ਦਾ ਲੁਤਫ਼’ ਉਠਾਉਣਾ ਚਾਹੁੰਦਾ ਹੈ ਅਤੇ ਬੀਸੀਸੀਆਈ ਤੋਂ ਮਨਜ਼ੂਰੀ ਮਿਲਣ ’ਤੇ ਕੌਮਾਂਤਰੀ ਪੱਧਰ ’ਤੇ ਵੱਖ-ਵੱਖ ਟੀ-20 ਲੀਗ ਵਿੱਚ ਫਰੀਲਾਂਸ ਖਿਡਾਰੀ ਵਜੋਂ ਖੇਡਣਾ ਚਾਹੁੰਦਾ ਹੈ, ਪਰ ਹੁਣ ਉਹ ਇੰਡੀਅਨ ਪ੍ਰੀਮੀਅਰ ਲੀਗ ਵਿੱਚ ਨਹੀਂ ਖੇਡੇਗਾ। ਯੁਵਰਾਜ ਨੇ ਭਾਰਤ ਵੱਲੋਂ 40 ਟੈਸਟ, 304 ਇੱਕ ਰੋਜ਼ਾ ਅਤੇ 58 ਟੀ-20 ਕੌਮਾਂਤਰੀ ਮੈਚ ਖੇਡੇ ਹਨ। ਉਸ ਨੇ ਟੈਸਟ ਮੈਚਾਂ ਵਿੱਚ 1900 ਅਤੇ ਇੱਕ ਰੋਜ਼ਾ ਵਿੱਚ 8701 ਦੌੜਾਂ ਬਣਾਈਆਂ। ਉਸ ਨੂੰ ਇੱਕ ਰੋਜ਼ਾ ਵਿੱਚ ਸਭ ਤੋਂ ਵੱਧ ਸਫਲਤਾ ਮਿਲੀ। ਟੀ-20 ਕੌਮਾਂਤਰੀ ਵਿੱਚ ਉਸ ਦੇ ਨਾਮ 1177 ਦੌੜਾਂ ਦਰਜ ਹਨ।
ਖੱਬੇ ਹੱਥ ਦੇ ਇਸ ਬੱਲੇਬਾਜ਼ ਨੇ ਆਪਣੇ ਕਰੀਅਰ ਦੇ ਤਿੰਨ ਮਹੱਤਵਪੂਰਨ ਪਲਾਂ ਵਿੱਚ ਵਿਸ਼ਵ ਕੱਪ 2011 ਦੀ ਜਿੱਤ ਅਤੇ ‘ਮੈਨ ਆਫ ਦਿ ਸੀਰੀਜ਼’ ਬਣਨਾ, ਟੀ-20 ਵਿਸ਼ਵ ਕੱਪ 2007 ਵਿੱਚ ਇੰਗਲੈਂਡ ਖ਼ਿਲਾਫ਼ ਇੱਕ ਓਵਰ ਵਿੱਚ ਛੇ ਛੱਕੇ ਮਾਰਨਾ ਅਤੇ ਪਾਕਿਸਤਾਨ ਖ਼ਿਲਾਫ਼ ਲਾਹੌਰ ਵਿੱਚ 2004 ਦੌਰਾਨ ਪਹਿਲੇ ਟੈਸਟ ਸੈਂਕੜੇ ਨੂੰ ਸ਼ਾਮਲ ਕੀਤਾ।