ਹਰਿਮੰਦਰ ਸਾਹਿਬ ਨੇੜੇ ਗੁਰੂਆਂ ਦੀਆਂ ਮੂਰਤੀਆਂ ਵੇਚਣ ਦੇ ਰੁਝਾਨ ਨੂੰ ਠੱਲ੍ਹ ਪਈ

ਅੰਮ੍ਰਿਤਸਰ, ਜੂਨ 2019-
ਗੁਜਰਾਤ ਦੇ ਭਾਵ ਨਗਰ ਇਲਾਕੇ ਦੇ ਇਕ ਚੌਕ ਵਿਚ ਗੁਰੂ ਨਾਨਕ ਦੇਵ ਦੀ ਮੂਰਤੀ ਸਥਾਪਿਤ ਕਰਨ ਦੇ ਹੋਏ ਵਿਰੋਧ ਤੋਂ ਬਾਅਦ ਇੱਥੇ ਸ੍ਰੀ ਹਰਿਮੰਦਰ ਸਾਹਿਬ ਦੇ ਆਲੇ-ਦੁਆਲੇ ਦੁਕਾਨਾਂ ’ਤੇ ਗੁਰੂਆਂ ਦੀਆਂ ਮੂਰਤੀਆਂ ਵੇਚਣ ਦੇ ਰੁਝਾਨ ਨੂੰ ਭਾਵੇਂ ਕੁਝ ਠੱਲ੍ਹ ਪਈ ਹੈ ਪਰ ਆਨਲਾਈਨ ਵਸਤਾਂ ਵੇਚਣ ਵਾਲੀਆਂ ਕੰਪਨੀਆਂ ਵੱਲੋਂ ਅਜੇ ਵੀ ਗੁਰੂਆਂ ਦੀਆਂ ਮੂਰਤੀਆਂ ਧੜੱਲੇ ਨਾਲ ਵੇਚੀਆਂ ਜਾ ਰਹੀਆਂ ਹਨ।
ਸਿੱਖ ਧਰਮ ਵਿਚ ਮੂਰਤੀ ਪੂਜਾ ਅਤੇ ਤਸਵੀਰ ਪੂਜਾ ਦੀ ਮਨਾਹੀ ਹੈ। ਸਿੱਖ ਧਰਮ ਵਿਚ ਸਿਰਫ਼ ਸ਼ਬਦ ਗੁਰੂ ਜਾਂ ਅਕਾਲ ਪੁਰਖ ਦੀ ਉਸਤਤ ਕੀਤੀ ਜਾਂਦੀ ਹੈ ਪਰ ਸ੍ਰੀ ਹਰਿਮੰਦਰ ਸਾਹਿਬ ਦੇ ਆਲੇ-ਦੁਆਲੇ ਪਹਿਲਾਂ ਗੁਰੂਆਂ, ਸਿੱਖ ਯੋਧਿਆਂ ਅਤੇ ਨਿਹੰਗ ਸਿੰਘਾਂ ਦੀਆਂ ਮੂਰਤੀਆਂ ਆਮ ਵਿਕਦੀਆਂ ਸਨ। ਪੱਥਰ ਤੇ ਪਾਊਡਰ ਦੀਆਂ ਬਣੀਆਂ ਇਹ ਮੂਰਤੀਆਂ ਚੀਨ ਤੋਂ ਆਉਂਦੀਆਂ ਹਨ ਜਦੋਂਕਿ ਧਾਤਾਂ ਦੀਆਂ ਬਣੀਆਂ ਮੂਰਤੀਆਂ ਮੁਰਾਦਾਬਾਦ ਤੋਂ ਅਤੇ ਪੱਥਰ ਦੀਆਂ ਬਣੀਆਂ ਮੂਰਤੀਆਂ ਰਾਜਸਥਾਨ, ਆਗਰਾ ਤੇ ਮੁੰਬਈ ਤੋਂ ਬਣ ਕੇ ਆਉਂਦੀਆਂ ਹਨ। ਇਨ੍ਹਾਂ ਵਿਚ ਵਧੇਰੇ ਗੁਰੂ ਨਾਨਕ ਦੇਵ, ਗੁਰੂ ਗੋਬਿੰਦ ਸਿੰਘ ਦੀਆਂ ਮੂਰਤੀਆਂ ਸ਼ਾਮਲ ਹਨ। ਇਨ੍ਹਾਂ ਤੋਂ ਇਲਾਵਾ ਬਾਬਾ ਦੀਪ ਸਿੰਘ ਅਤੇ ਨਿਹੰਗ ਸਿੰਘਾਂ ਦੀਆਂ ਮੂਰਤੀਆਂ ਵੀ ਵਿਕਦੀਆਂ ਹਨ। ਇਹ ਮੂਰਤੀਆਂ ਸੌ ਤੋਂ ਲੈ ਕੇ 1500 ਰੁਪਏ ਮੁੱਲ ਤਕ ਵਿਕਦੀਆਂ ਹਨ।
ਹਾਲ ਹੀ ਵਿਚ ਗੁਜਰਾਤ ਦੇ ਭਾਵ ਨਗਰ ਇਲਾਕੇ ਦੇ ਇਕ ਚੌਕ ਵਿਚ ਸਿੰਧੀ ਭਾਈਚਾਰੇ ਵੱਲੋਂ ਗੁਰੂ ਨਾਨਕ ਦੇਵ ਦਾ ਬੁੱਤ ਸਥਾਪਿਤ ਕੀਤਾ ਗਿਆ ਸੀ, ਜਿਸ ਦਾ ਸਿੱਖ ਜਗਤ ਵੱਲੋਂ ਵਿਰੋਧ ਪ੍ਰਗਟਾਇਆ ਗਿਆ। ਸ੍ਰੀ ਅਕਾਲ ਤਖ਼ਤ ਨੇ ਇਸ ਮਾਮਲੇ ਵਿਚ ਸ਼੍ਰੋਮਣੀ ਕਮੇਟੀ ਨੂੰ ਜਾਂਚ ਦੇ ਆਦੇਸ਼ ਦਿੱਤੇ ਸਨ। ਸ਼੍ਰੋਮਣੀ ਕਮੇਟੀ ਵੱਲੋਂ ਇਸ ਸਬੰਧੀ ਜਾਂਚ ਟੀਮ ਭੇਜੀ ਜਾਣੀ ਸੀ ਕਿ ਇਸ ਤੋਂ ਪਹਿਲਾਂ ਹੀ ਸਿੰਧੀ ਭਾਈਚਾਰੇ ਵੱਲੋਂ ਇਹ ਬੁੱਤ ਹਟਾ ਦਿੱਤਾ ਗਿਆ। ਹੁਣ ਇਸ ਬੁੱਤ ਦੀ ਥਾਂ ਖੰਡਾ ਸਥਾਪਿਤ ਕੀਤਾ ਗਿਆ ਹੈ, ਜਿਸ ਨੂੰ ਸ਼੍ਰੋਮਣੀ ਕਮੇਟੀ ਨੇ ਵੀ ਮਨਜ਼ੂਰੀ ਦੇ ਦਿੱਤੀ ਹੈ। ਇਸ ਘਟਨਾ ਦੌਰਾਨ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਹਰਿਮੰਦਰ ਸਾਹਿਬ ਦੇ ਆਲੇ ਦੁਆਲੇ ਗੁਰੂਆਂ ਦੀਆਂ ਵਿਕਦੀਆਂ ਮੂਰਤੀਆਂ ਦਾ ਵਿਰੋਧ ਕੀਤਾ ਸੀ। ਇਸ ਤੋਂ ਬਾਅਦ ਹਰਿਮੰਦਰ ਸਾਹਿਬ ਨੇੜਲੀਆਂ ਦੁਕਾਨਾਂ ਵਿਚ ਵਿਕਦੀਆਂ ਮੂਰਤੀਆਂ ਦੇ ਰੁਝਾਨ ਨੂੰ ਕੁਝ ਠੱਲ੍ਹ ਪਈ ਹੈ।
ਦੁਕਾਨਦਾਰਾਂ ਨੇ ਦਾਅਵਾ ਕੀਤਾ ਕਿ ਗੁਰੂਆਂ ਦੀਆਂ ਮੂਰਤੀਆਂ ਖਰੀਦਣ ਅਤੇ ਵੇਚਣ ਦਾ ਕੰਮ ਬੰਦ ਕਰ ਦਿੱਤਾ ਗਿਆ ਹੈ। ਹੁਣ ਇਨ੍ਹਾਂ ਦੁਕਾਨਾਂ ’ਤੇ ਗੁਰੂਆਂ ਦੀਆਂ ਮੂਰਤੀਆਂ ਦੀ ਥਾਂ ਗੁਰੂਆਂ ਦੀਆਂ ਤਸਵੀਰਾਂ ਵਿਕ ਰਹੀਆਂ ਹਨ। ਭਾਵੇਂ ਸਿੱਖ ਧਰਮ ਵਿਚ ਗੁਰੂਆਂ ਦੀ ਤਸਵੀਰ ਨੂੰ ਵੀ ਕੋਈ ਮਾਨਤਾ ਨਹੀਂ ਹੈ ਪਰ ਕੈਲੰਡਰਾਂ ਆਦਿ ‘ਤੇ ਗੁਰੂਆਂ ਦੀਆਂ ਤਸਵੀਰਾਂ ਛਾਪਣ ਦਾ ਰੁਝਾਨ ਲੰਮੇ ਸਮੇਂ ਤੋਂ ਜਾਰੀ ਹੈ।
ਦੁਕਾਨਾਂ ’ਤੇ ਗੁਰੂਆਂ ਦੀਆਂ ਮੂਰਤੀਆਂ ਵੇਚਣ ਦੇ ਰੁਝਾਨ ਵਿਚ ਭਾਵੇਂ ਕਮੀ ਆਈ ਹੈ ਪਰ ਆਨਲਾਈਨ ਵਸਤਾਂ ਵੇਚਣ ਵਾਲੀਆਂ ਕੰਪਨੀਆਂ ਅਜੇ ਵੀ ਧੜੱਲੇ ਨਾਲ ਇਹ ਮੂਰਤੀਆਂ ਵੇਚ ਰਹੀਆਂ ਹਨ। ਆਨਲਾਈਨ ਕੰਪਨੀਆਂ ਫਲਿੱਪਕਾਰਟ, ਐਮੇਜ਼ਨ, ਸਨੈਪਡੀਲ ਆਦਿ ’ਤੇ ਜਾ ਕੇ ਇਹ ਮੂਰਤੀਆਂ ਅਤੇ ਇਨ੍ਹਾਂ ਦੀ ਕੀਮਤ ਦੇਖੀ ਜਾ ਸਕਦੀ ਹੈ। ਮੂਰਤੀਆਂ ਮੰਗਵਾਉਣ ਲਈ ਆਰਡਰ ਵੀ ਕੀਤਾ ਜਾ ਸਕਦਾ ਹੈ।
ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਪਹਿਲਾਂ ਹੀ ਆਖ ਚੁੱਕੇ ਹਨ ਕਿ ਸਿੱਖ ਧਰਮ ਵਿਚ ਮੂਰਤੀ ਜਾਂ ਤਸਵੀਰ ਪੂਜਾ ਦੀ ਕੋਈ ਥਾਂ ਨਹੀਂ ਹੈ। ਹਰ ਸਿੱਖ ਸਿਰਫ ਸ਼ਬਦ ਗੁਰੂ ਜਾਂ ਅਕਾਲ ਪੁਰਖ ਦੀ ਹੀ ਉਸਤਤ ਕਰਦਾ ਹੈ। ਉਨ੍ਹਾਂ ਨੇ ਸਿੱਖ ਸੰਗਤ ਨੂੰ ਅਪੀਲ ਕੀਤੀ ਹੈ ਕਿ ਉਹ ਅਜਿਹੀਆਂ ਗੁਰੂਆਂ ਦੀਆਂ ਮੂਰਤੀਆਂ ਨਾ ਖਰੀਦਣ। ਇਸ ਨਾਲ ਮੂਰਤੀਆਂ ਬਣਾਉਣ ਅਤੇ ਵੇਚਣ ਦੇ ਰੁਝਾਨ ਨੂੰ ਆਪੇ ਠੱਲ੍ਹ ਪੈ ਜਾਵੇਗੀ।