You are here

ਇਮਰਾਨ ਵੱਲੋਂ ਜੌਹਨਸਨ ਤੇ ਸਲਮਾਨ ਤਕ ਰਸਾਈ

ਇਸਲਾਮਾਬਾਦ, ਅਗਸਤ 2019- ਭਾਰਤ ਵੱਲੋਂ ਜੰਮੂ ਤੇ ਕਸ਼ਮੀਰ ’ਚ ਧਾਰਾ 370 ਮਨਸੂਖ਼ ਕਰਨ ਤੋਂ ਰੋਹ ਵਿੱਚ ਆਏ ਪਾਕਿਸਤਾਨ ਨੇ ਸਫ਼ਾਰਤੀ ਹਮਾਇਤ ਜੁਟਾਉਣ ਲਈ ਵੱਖ ਵੱਖ ਮੁਲਕਾਂ ਤਕ ਰਸਾਈ ਸ਼ੁਰੂ ਕਰ ਦਿੱਤੀ ਹੈ। ਪਾਕਿਸਤਾਨ ਦੇ ਵਜ਼ੀਰੇ ਆਜ਼ਮ ਇਮਰਾਨ ਖ਼ਾਨ ਨੇ ਭਾਰਤ ਦੀ ਇਸ ਪੇਸ਼ਕਦਮੀ ਦੇ ਟਾਕਰੇ ਲਈ ਬ੍ਰਿਟੇਨ ਤੇ ਸਾਊਦੀ ਅਰਬ ਤਕ ਰਾਬਤਾ ਕੀਤਾ ਹੈ, ਉਥੇ ਮੁਲਕ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਪੇਈਚਿੰਗ ਜਾਣ ਦੀ ਤਿਆਰੀ ਖਿੱਚ ਲਈ ਹੈ। ਖ਼ਾਨ ਨੇ ਸੋਮਵਾਰ ਨੂੰ ਆਪਣੇ ਮਲੇਸ਼ਿਆਈ ਤੇ ਤੁਰਕ ਹਮਰੁਤਬਾਵਾਂ ਕ੍ਰਮਵਾਰ ਮਹਾਥਿਰ ਮੁਹੰਮਦ ਤੇ ਰੈਸੇਪ ਤਈਅਪ ਅਰਦੋਜਾਂ ਨੂੰ ਫੋਨ ਕਰਕੇ ਭਾਰਤੀ ਪੇਸ਼ਕਦਮੀ ਦਾ ਵਿਰੋਧ ਕੀਤਾ ਸੀ ਜਦੋਂਕਿ ਵਜ਼ੀਰੇ ਆਜ਼ਮ ਨੇ ਅੱਜ ਬਰਤਾਨਵੀ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਤੇ ਸਾਊਦੀ ਸ਼ਹਿਜ਼ਾਦੇ ਮੁਹੰਮਦ ਬਿਨ ਸਲਮਾਨ ਨਾਲ ਫੋਨ ’ਤੇ ਗੱਲ ਕੀਤੀ। ਜਾਣਕਾਰੀ ਅਨੁਸਾਰ ਦੋਵੇਂ ਆਗੂ (ਜੌਹਨਸਨ ਤੇ ਸਲਮਾਨ) ਕਸ਼ਮੀਰ ਮੁੱਦੇ ਦਾ ਗੱਲਬਾਤ ਨਾਲ ਹੱਲ ਕੱਢੇ ਜਾਣ ਦੇ ਹਾਮੀ ਹਨ।