You are here

ਪਾਕਿ ਵੱਲੋਂ ਭਾਰਤੀ ਰਾਜਦੂਤ ਨੂੰ ਮੁਲਕ ਛੱਡਣ ਦੇ ਹੁਕਮ

ਇਸਲਾਮਾਬਾਦ, ਅਗਸਤ 2019-
ਜੰਮੂ ਤੇ ਕਸ਼ਮੀਰ ਨੂੰ ਧਾਰਾ 370 ਤਹਿਤ ਮਿਲਿਆ ਵਿਸ਼ੇਸ਼ ਦਰਜਾ ਰੱਦ ਕਰਨ ਦੇ ਫ਼ੈਸਲੇ ਤੋਂ ਰੋਹ ਵਿੱਚ ਆਏ ਪਾਕਿਸਤਾਨ ਨੇ ਨਵੀਂ ਦਿੱਲੀ ਦੀ ਇਸ ਪੇਸ਼ਕਦਮੀ ਨੂੰ ‘ਇਕਤਰਫ਼ਾ ਤੇ ਗ਼ੈਰਕਾਨੂੰਨੀ’ ਦੱਸਦਿਆਂ ਅੱਜ ਭਾਰਤ ਨਾਲ ਸਫ਼ਾਰਤੀ ਸਬੰਧਾਂ ਦਾ ਦਰਜਾ ਘਟਾਉਣ ਤੇ ਦੁਵੱਲੇ ਵਪਾਰ ਨੂੰ ਮੁਲਤਵੀ ਕਰਨ ਦਾ ਐਲਾਨ ਕਰ ਦਿੱਤਾ। ਇਸ ਐਲਾਨ ਤੋਂ ਫੌਰੀ ਮਗਰੋਂ ਪਾਕਿਸਤਾਨ ਨੇ ਭਾਰਤ ਦੇ ਹਾਈ ਕਮਿਸ਼ਨਰ ਅਜੈ ਬਿਸਾੜੀਆ ਨੂੰ ਮੁਲਕ ਛੱਡਣ ਲਈ ਆਖ ਦਿੱਤਾ। ਪਾਕਿ ਨੇ ਕਿਹਾ ਕਿ ਉਹ ਭਾਰਤ ਦੇ ਆਜ਼ਾਦੀ ਦਿਹਾੜੇ ਨੂੰ ‘ਕਾਲੇ ਦਿਨ’ ਵਜੋਂ ਮਨਾਏਗਾ। ਪਾਕਿਸਤਾਨ ਦੇ ਵਜ਼ੀਰੇ ਆਜ਼ਮ ਇਮਰਾਨ ਖ਼ਾਨ ਦੀ ਅਗਵਾਈ ਵਿੱਚ ਅੱਜ ਕੌਮੀ ਸੁਰੱਖਿਆ ਕਮੇਟੀ (ਐੱਨਐੱਸਸੀ) ਦੀ ਹੋਈ ਮੀਟਿੰਗ ਵਿੱਚ ਇਹ ਫੈਸਲੇ ਲਏ ਗਏ। ਮੀਟਿੰਗ ਵਿੱਚ ਸਿਵਲ ਤੇ ਫ਼ੌਜ ਦੇ ਕਈ ਉੱਚ ਅਧਿਕਾਰੀ ਮੌਜੂਦ ਸਨ। ਐੱਨਐੱਸਸੀ ਨੇ ਧਾਰਾ 370 ਮਨਸੂਖ਼ ਕੀਤੇ ਜਾਣ ਦਾ ਮੁੱਦਾ ਸੁਰੱਖਿਆ ਕੌਂਸਲ ਸਮੇਤ ਸੰਯੁਕਤ ਰਾਸ਼ਟਰ ਵਿੱਚ ਰੱਖਣ ਸਬੰਧੀ ਮਤਾ ਵੀ ਪਾਸ ਕੀਤਾ। ਭਾਰਤ ਸਰਕਾਰ ਨੇ ਲੰਘੇ ਸੋਮਵਾਰ ਨੂੰ ਜੰਮੂ ਤੇ ਕਸ਼ਮੀਰ ਵਿੱਚ ਧਾਰਾ 370 ਨੂੰ ਮਨਸੂਖ਼ ਕਰਨ ਦੇ ਨਾਲ ਹੀ ਸੂਬੇ ਨੂੰ ਦੋ ਕੇਂਦਰ ਸ਼ਾਸਿਤ ਪ੍ਰਦੇਸ਼ਾਂ- ਜੰਮੂ ਤੇ ਕਸ਼ਮੀਰ ਅਤੇ ਲੱਦਾਖ ਵਿੱਚ ਵੰਡ ਦਿੱਤਾ ਸੀ।

 

ਐੱਨਐੱਸਸੀ ਦੀ ਮੀਟਿੰਗ ਉਪਰੰਤ ਜਾਰੀ ਬਿਆਨ ਵਿੱਚ ਕਿਹਾ ਗਿਆ ਕਿ ਕਮੇਟੀ ਨੇ ਮੀਟਿੰਗ ਦੌਰਾਨ ਭਾਰਤ ਸਰਕਾਰ ਵੱਲੋਂ ਲਏ ‘ਇਕਤਰਫ਼ਾ ਤੇ ਗੈਰਕਾਨੂੰਨੀ ਫੈਸਲੇ’ ਮਗਰੋਂ ਉਪਜੇ ਹਾਲਾਤ ਅਤੇ ਜੰਮੂ ਤੇ ਕਸ਼ਮੀਰ ਅਤੇ ਕੰਟਰੋਲ ਰੇਖਾ ਦੇ ਨਾਲ ਹਾਲਾਤ ’ਤੇ ਵਿਚਾਰ ਚਰਚਾ ਕੀਤੀ। ਬਿਆਨ ਵਿੱਚ ਅੱਗੇ ਕਿਹਾ ਗਿਆ ਕਿ ਕਮੇਟੀ ਨੇ ‘ਭਾਰਤ ਨਾਲ ਸਫ਼ਾਰਤੀ ਸਬੰਧਾਂ ਦਾ ਦਰਜਾ ਘਟਾਉਣ’ ਅਤੇ ‘ਭਾਰਤ ਨਾਲ ਦੁਵੱਲੇ ਵਪਾਰ ਨੂੰ ਮੁਅੱਤਲ’ ਕਰਨ ਦਾ ਫ਼ੈਸਲਾ ਲਿਆ ਹੈ। ਕਮੇਟੀ ਨੇ ਭਾਰਤ ਨਾਲ ‘ਦੁਵੱਲੇ ਸਬੰਧਾਂ’ ਉੱਤੇ ਨਜ਼ਰਸਾਨੀ ਦਾ ਵੀ ਫੈਸਲਾ ਕੀਤਾ। ਬਿਆਨ ਮੁਤਾਬਕ ਐੱਨਐੱਸਸੀ ਨੇ ਇਸ ਮੁੱਦੇ (ਭਾਰਤ ਵੱਲੋਂ ਧਾਰਾ 370 ਨੂੰ ਮਨਸੂਖ਼ ਕੀਤੇ ਜਾਣ) ਨੂੰ ਸੁਰੱਖਿਆ ਕੌਂਸਲ ਸਮੇਤ ਸੰਯੁਕਤ ਰਾਸ਼ਟਰ ਵਿੱਚ ਰੱਖਣ ਸਬੰਧੀ ਮਤਾ ਵੀ ਪਾਸ ਕੀਤਾ। ਬਿਆਨ ਵਿੱਚ ਪਾਕਿਸਤਾਨ ਨੇ ਸਾਫ਼ ਕਰ ਦਿੱਤਾ ਕਿ ਉਹ 14 ਅਗਸਤ ਨੂੰ ਮੁਲਕ ਦੇ ਆਜ਼ਾਦੀ ਦਿਹਾੜੇ ਨੂੰ ਕਸ਼ਮੀਰੀਆਂ ਨਾਲ ਇਕਜੁਟਤਾ ਦੇ ਰੂਪ ਵਿੱਚ ਮਨਾਏਗਾ ਜਦੋਂਕਿ ‘15 ਅਗਸਤ ਦਾ ਦਿਨ ਕਾਲੇ ਦਿਨ ਵਜੋਂ ਮਨਾਇਆ ਜਾਵੇਗਾ।’
ਮੀਟਿੰਗ ਦੌਰਾਨ ਵਜ਼ੀਰੇ ਆਜ਼ਮ ਖ਼ਾਨ ਨੇ ਹਦਾਇਤ ਕੀਤੀ ਕਿ ਸਾਰੇ ਸਫ਼ਾਰਤੀ ਸਾਧਨਾਂ ਨੂੰ ਸਰਗਰਮ ਕਰਦਿਆਂ ਵਾਦੀ (ਕਸ਼ਮੀਰ) ਵਿੱਚ ਕਥਿਤ ਮਨੁੱਖੀ ਹੱਕਾਂ ਦੇ ਹੋ ਰਹੇ ਘਾਣ ਦੇ ਮੁੱਦੇ ਨੂੰ ਪ੍ਰਮੁੱਖਤਾ ਨਾਲ ਉਭਾਰਿਆ ਜਾਵੇ। ਬਿਆਨ ਮੁਤਾਬਕ ਖ਼ਾਨ ਨੇ ਫ਼ੌਜ ਨੂੰ ਚੌਕਸ ਰਹਿਣ ਦੀ ਵੀ ਹਦਾਇਤ ਕੀਤੀ। ਮੀਟਿੰਗ ਤੋਂ ਫ਼ੌਰੀ ਮਗਰੋਂ ਪਾਕਿਸਤਾਨ ਨੇ ਇਸਲਾਮਾਬਾਦ ਸਥਿਤ ਭਾਰਤੀ ਹਾਈ ਕਮਿਸ਼ਨਰ ਅਜੈ ਬਿਸਾੜੀਆ ਨੂੰ ਫੌਰੀ ਮੁਲਕ ਛੱਡਣ ਲਈ ਆਖ ਦਿੱਤਾ। ਸ੍ਰੀ ਬਿਸਾੜੀਆ ਹਾਲ ਦੀ ਘੜੀ ਇਸਲਾਮਾਬਾਦ ਵਿੱਚ ਮੌਜੂਦ ਹਨ, ਜਦੋਂਕਿ ਉਨ੍ਹਾਂ ਦੇ ਪਾਕਿਸਤਾਨੀ ਹਮਰੁਤਬਾ ਮੋਇਨ ਉਲ ਹੱਕ ਨੇ ਅਜੇ ਤਕ ਨਵੀਂ ਦਿੱਲੀ ਵਿੱਚ ਆਪਣਾ ਅਹੁਦਾ ਨਹੀਂ ਸੰਭਾਲਿਆ। ਪਾਕਿਸਤਾਨ ਨੇ ਕਿਹਾ ਕਿ ਉਹ ਆਪਣੇ ਰਾਜਦੂਤ ਨੂੰ ਭਾਰਤ ਨਹੀਂ ਭੇਜੇਗਾ। ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਕਿਹਾ, ‘ਭਾਰਤੀ ਰਾਜਦੂਤ ਨੂੰ ਵਾਪਸ ਉਨ੍ਹਾਂ ਦੇ ਮੁਲਕ ਭੇਜ ਦਿੱਤਾ ਜਾਵੇਗਾ।’ ਮੀਟਿੰਗ ਵਿੱਚ ਵਿਦੇਸ਼ ਮੰਤਰੀ, ਰੱਖਿਆ ਮੰਤਰੀ, ਗ੍ਰਹਿ ਮੰਤਰੀ, ਵਿੱਤ ਸਲਾਹਕਾਰ, ਕਸ਼ਮੀਰ ਮਾਮਲਿਆਂ ਬਾਰੇ ਮੰਤਰੀ ਸਮੇਤ ਜਾਇੰਟ ਚੀਫ਼ ਆਫ਼ ਸਟਾਫ਼ ਕਮੇਟੀ ਦੇ ਚੇਅਰਮੈਨ, ਤਿੰਨਾਂ ਸੈਨਾਵਾਂ ਦੇ ਮੁਖੀ, ਆਈਐੱਸਆਈ ਮੁਖੀ ਤੇ ਹੋਰ ਸਿਖਰਲੇ ਅਧਿਕਾਰੀ ਮੌਜੂਦ ਸਨ। ਐੱਨਐੱਸਸੀ ਦੀ ਇਸ ਹਫ਼ਤੇ ਦੌਰਾਨ ਇਹ ਦੂਜੀ ਮੀਟਿੰਗ ਸੀ। ਇਸ ਤੋਂ ਪਹਿਲਾਂ ਲੰਘੇ ਦਿਨ ਫ਼ੌਜ ਦੇ ਸਿਖਰਲੇ ਜਰਨੈਲਾਂ ਦੀ ਮੀਟਿੰਗ ਮਗਰੋਂ ਕਸ਼ਮੀਰ ਮੁੱਦੇ ਬਾਰੇ ਸੰਸਦ ਦਾ ਸਾਂਝਾ ਇਜਲਾਸ ਵੀ ਸੱਦਿਆ ਗਿਆ ਸੀ। ਪਾਕਿਸਤਾਨ ਨੇ ਧਾਰਾ 370 ਮਨਸੂਖ਼ ਕਰਨ ਨੂੰ ਲੈ ਕੇ ਭਾਰਤ ਦੀ ਪੇਸ਼ਕਦਮੀ ਨੂੰ ‘ਇਕਤਰਫ਼ਾ ਤੇ ਗੈਰਕਾਨੂੰਨੀ’ ਦਸਦਿਆਂ ਹਰ ਸੰਭਵ ਵਿਕਲਪਾਂ ਨੂੰ ਅਮਲ ਵਿੱਚ ਲਿਆਉਣ ਦਾ ਫ਼ੈਸਲਾ ਕੀਤਾ ਸੀ। ਖ਼ਾਨ ਨੇ ਐਤਵਾਰ ਨੂੰ ਐੱਨਐੱਸਸੀ ਮੀਟਿੰਗ ਦੀ ਅਗਵਾਈ ਕਰਦਿਆਂ ਖਿੱਤੇ ਵਿੱਚ ਨਵੀਆਂ ਪੇਸ਼ਬੰਦੀਆਂ ਦੇ ਚਲਦਿਆਂ ਕੌਮੀ ਸੁਰੱਖਿਆ ਨਾਲ ਜੁੜੇ ਮਸਲਿਆਂ ’ਤੇ ਚਰਚਾ ਕੀਤੀ ਸੀ।
ਜਨਵਰੀ 2016 ਵਿੱਚ ਪਠਾਨਕੋਟ ਵਿੱਚ ਏਅਰਫੋਰਸ ਦੇ ਅੱਡੇ ’ਤੇ ਪਾਕਿ ਅਧਾਰਿਤ ਦਹਿਸ਼ਤਗਰਦਾਂ ਦੇ ਹਮਲੇ ਮਗਰੋਂ ਦੋਵਾਂ ਮੁਲਕਾਂ ਦਰਮਿਆਨ ਸੰਵਾਦ ਬੰਦ ਹੈ।