ਗੋਇੰਦਵਾਲ ਦੀ ਕੇਂਦਰੀ ਜੇਲ੍ਹ ਦੇ 7 ਮੁਲਾਜ਼ਮ ਮੁਅੱਤਲ, 5 ਗ੍ਰਿਫਤਾਰ
ਚੰਡੀਗੜ੍ਹ, 05 ਮਾਰਚ (ਰਣਜੀਤ ਸਿੱਧਵਾਂ) ਗੋਇੰਦਵਾਲ ਦੀ ਕੇਂਦਰੀ ਜੇਲ੍ਹ ਵਿੱਚ ਗੈਂਗਵਾਰ ਦੌਰਾਨ ਹੋਏ ਦੋ ਕਤਲਾਂ ਦੇ ਮਾਮਲੇ ਵਿੱਚ ਪੰਜਾਬ ਸਰਕਾਰ ਵੱਲੋਂ ਵੱਡਾ ਐਕਸ਼ਨ ਲਿਆ ਹੈ। ਗੋਇੰਦਵਾਲ ਜੇਲ੍ਹ ਚੋਂ ਮੂਸੇਵਾਲਾ ਦੇ ਕਾਤਲਾਂ ਦੇ ਵਿਚਾਲੇ ਹੋਈ ਗੈਂਗਵਾਰ ਤੋਂ ਬਾਅਦ ਦੋ ਵੀਡੀਓ ਸਾਹਮਣੇ ਆਈਆਂ ਹਨ। ਸੋਸ਼ਲ ਮੀਡੀਆ ’ਤੇ ਇਹ ਵੀਡੀਓ ਕਾਫੀ ਵਾਇਰਲ ਹੋ ਰਹੀਆਂ ਹਨ। ਇਸ ਸਬੰਧੀ ਆਈ ਜੀ ਸੁਖਚੈਨ ਸਿੰਘ ਗਿੱਲ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ। ਪ੍ਰੈਸ ਕਾਨਫਰੰਸ ਦੌਰਾਨ ਉਨ੍ਹਾਂ ਦੱਸਿਆ ਕਿ ਜੇਲ੍ਹ ਸੁਪਰਡੈਂਟ ਸਮੇਤ 7 ਜੇਲ੍ਹ ਮੁਲਾਜ਼ਮਾਂ ਨੂੰ ਤੁਰੰਤ ਮੁਅੱਤਲ ਕੀਤਾ ਗਿਆ ਤੇ ਜੇਲ੍ਹ ਸੁਪਰਡੈਂਟ ਸਮੇਤ 5 ਮੁਲਾਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਸ ਸਬੰਧੀ ਜੇਲ੍ਹ ਅਫਸਰਾਂ ਵਿਰੁੱਧ ਵੀ ਐਫਆਈਆਰ ਦਰਜ ਕੀਤੀ ਗਈ ਹੈ। ਉਨ੍ਹਾਂ ਇਹ ਵੀ ਕਿਹਾ ਕਿ ਜੇਲ੍ਹ ਵਿੱਚ ਬੰਦ ਗੈਂਗਸਟਰਾਂ ਨੂੰ ਵੱਖ ਵੱਖ ਜੇਲ੍ਹਾਂ ਵਿੱਚ ਤਬਦੀਲ ਕੀਤਾ ਹੈ। ਜ਼ਿਕਰਯੋਗ ਹੈ ਕਿ ਵਾਇਰਲ ਵੀਡੀਓ ’ਚ ਲਾਰੈਂਸ ਗੈਂਗ ਦੇ ਸਚਿਨ ਭਿਵਾਨੀ ਵੱਲੋਂ ਬਣਾਈ ਗਈ ਹੈ। ਜਿਸ ਚ ਅੰਕਿਤ ਸੇਰਸਾ ਤੋਂ ਇਲਾਵਾ ਕਈ ਹੋਰ ਗੈਂਗਸਟਰ ਵੀ ਨਜ਼ਰ ਆ ਰਹੇ ਹਨ। ਇਸ ਦੌਰਾਨ ਗੈਂਗਸਟਰ ਜਸ਼ਨ ਮਨਾਉਂਦੇ ਹੋਏ ਨਜ਼ਰ ਆ ਰਹੇ ਹਨ। ਵਾਇਰਲ ਹੋ ਰਹੀ ਪਹਿਲੀਂ ਵੀਡੀਓ ’ਚ ਦੇਖਿਆ ਜਾ ਸਕਦਾ ਹੈ ਕਿ ਸਚਿਨ ਭਿਵਾਨੀ ਜੇਲ੍ਹ ਦੇ ਅੰਦਰ ਮਾਰ ਕੇ ਸੁੱਟੇ ਮਨਦੀਪ ਤੂਫਾਨ ਅਤੇ ਮਨਮੋਹਨ ਮੋਹਨਾ ਦੀਆਂ ਲਾਸ਼ਾਂ ਦਿਖਾ ਰਿਹਾ ਹੈ। ਪਰ ਸਚਿਨ ਭਿਵਾਨੀ ਅਤੇ ਉਸ ਦੇ ਸਾਥੀ ਗੈਂਗਸਟਰ ਖੁੱਲ੍ਹੇਆਮ ਦੋਵਾਂ ਦੀਆਂ ਲਾਸ਼ਾਂ ਦਿਖਾ ਕੇ ਆਪਣੀ ਪਿੱਠ ਥਪਥਪਾਉਂਦੇ ਹਨ।