ਸਿੱਖ ਬੱਚੀ ਦੀ ਮੌਤ ਟੁੱਟਦੀ ਪਰਵਾਸ ਪ੍ਰਣਾਲੀ ਦਾ ‘ਦੁਖਦ ਅੰਤ’

ਵਾਸ਼ਿੰਗਟਨ,ਜੂਨ 2019- ਸਿੱਖ ਐਡਵੋਕੇਸੀ ਗਰੁੱਪ ਅਨੁਸਾਰ ਅਮਰੀਕਾ-ਮੈਕਸਿਕੋ ਸਰਹੱਦ ਨੇੜਿਓਂ ਮਨੁੱਖੀ ਤਸਕਰੀ ਦੀ ਪੀੜਤ ਛੇ ਸਾਲ ਦੀ ਗੁਰਪ੍ਰੀਤ ਕੌਰ ਦੀ ਲੂ ਲੱਗਣ ਕਾਰਨ ਹੋਈ ਮੌਤ ਅਮਰੀਕਾ ਦੀ ਟੁੱਟਦੀ ਪਰਵਾਸ ਪ੍ਰਣਾਲੀ ਦੇ ‘ਦੁਖਦ ਅੰਤ’ ਨੂੰ ਦਰਸਾਉਂਦੀ ਹੈ। ਇਹ ਲੜਕੀ ਬੁੱਧਵਾਰ ਨੂੰ ਐਰੀਜ਼ੋਨਾ ਦੇ ਲੁਕੇਵਿਲਾ ਤੋਂ 27 ਕਿਲੋਮੀਟਰ ਪੱਛਮ ਵਿੱਚ ਅਮਰੀਕੀ ਸਰਹੱਦ ਦੇ ਗਸ਼ਤੀ ਦਲ ਨੂੰ ਉਸ ਵੇਲੇ ਮਿਲੀ ਸੀ ਜਦੋਂ ਤਾਪਮਾਨ 42 ਡਿਗਰੀ ਸੈਲਸੀਅਸ ਸੀ। ਇਸ ਲੜਕੀ ਨੇ ਅਗਲੇ ਮਹੀਨੇ ਸੱਤ ਵਰ੍ਹਿਆਂ ਦੀ ਹੋਣਾ ਸੀ। ਗੁਰਪ੍ਰੀਤ ਦੀ ਮਾਂ ਉਸ ਨੂੰ ਇੱਕ ਹੋਰ ਮਹਿਲਾ ਅਤੇ ਉਸ ਦੇ ਬੱਚੇ ਕੋਲ ਛੱਡ ਕੇ ਪਾਣੀ ਦੀ ਤਲਾਸ਼ ਵਿੱਚ ਗਈ ਸੀ। ਇਹ ਲੜਕੀ ਚਾਰ ਹੋਰ ਲੋਕਾਂ ਨਾਲ ਸਫ਼ਰ ਕਰ ਰਹੀ ਸੀ, ਜਿਨ੍ਹਾਂ ਵਿੱਚ ਉਸ ਦੀ ਮਾਂ ਵੀ ਸ਼ਾਮਲ ਸੀ। ਇਨ੍ਹਾਂ ਨੂੰ ਮਨੁੱਖੀ ਤਸਕਰਾਂ ਨੇ ਸਰਹੱਦ ਨੇੜੇ ਛੱਡ ਦਿੱਤਾ ਸੀ ਅਤੇ ਅਗਲਾ ਖ਼ਤਰਨਾਕ ਖੇਤਰ ਪਾਰ ਕਰਨ ਦਾ ਆਦੇਸ਼ ਦਿੱਤਾ ਸੀ।
ਸਿੱਖ ਅਮਰੀਕਨ ਲੀਗਲ ਡਿਫੈਂਸ ਐਂਡ ਐਜੂਕੇਸ਼ਨ ਫੰਡ ਦੀ ਕਾਰਜਕਾਰੀ ਨਿਰਦੇਸ਼ਕ ਕਿਰਨ ਕੌਰ ਗਿੱਲ ਨੇ ਕਿਹਾ, ‘‘ਇਹ ਕਹਾਣੀ ਟੁੱਟਦੀ ਪਰਵਾਸੀ ਪ੍ਰਣਾਲੀ, ਪਰਵਾਸੀ ਨੀਤੀਆਂ ਦੀ ਤਰਾਸਦੀ ਦਾ ਦੁਖਦ ਅੰਤ ਦਰਸਾਉਂਦੀ ਹੈ, ਜੋ ਲੋਕਾਂ ਨੂੰ ਮੌਲਿਕ ਮਨੁੱਖੀ ਮਾਣ-ਸਨਮਾਨ ਅਤੇ ਮਨੁੱਖੀ ਅਧਿਕਾਰਾਂ ਤੋਂ ਵਾਂਝਾ ਕਰਦੀ ਹੈ, ਖਾਸ ਤੌਰ ’ਤੇ ਸ਼ਰਨ ਮੰਗਣ ਵਾਲੇ ਲੋਕਾਂ ਨੂੰ।’’ ਗੁਰਪ੍ਰੀਤ ਕੌਰ ਦੀ ਮੌਤ ਇਸ ਸਾਲ ਐਰੀਜ਼ੋਨਾ ਦੇ ਮਾਰੂਥਲ ਵਿੱਚ ਕਿਸੇ ਪਰਵਾਸੀ ਬੱਚੇ ਦੀ ਦੂਜੀ ਮੌਤ ਹੈ, ਜੋ ਅਮਰੀਕਾ ਵਿੱਚ ਵਸਣ ਦੇ ਚਾਹਵਾਨਾਂ ਵਲੋਂ ਵੱਡੇ ਖ਼ਰਚੇ ਕਰਕੇ ਮੁੱਲ ਲਏ ਖ਼ਤਰਿਆਂ ਨੂੰ ਦਰਸਾਉਂਦੀ ਹੈ। ਉਨ੍ਹਾਂ ਕਿਹਾ ਕਿ ਉਹ ਸ਼ਰਨ ਲੈਣ ਦੇ ਚਾਹਵਾਨਾਂ ਨਾਲ ਕੀਤੇ ਜਾਂਦੇ ਮਾੜੇ ਵਿਹਾਰ ਅਤੇ ਉਨ੍ਹਾਂ ਨੂੰ ਖ਼ਤਰਾ ਸਮਝੇ ਜਾਣ ਦਾ ਸਖ਼ਤ ਵਿਰੋਧ ਕਰਦੇ ਹਨ।