You are here

ਅਮਰੀਕਾ ਤੋਂ ਆਏ ਜੀਜੇ ਨੇ ਸਾਲੇ ਨੂੰ ਮਾਰਨ ਦੀ ਦਿੱਤੀ ਸੁਪਾਰੀ, ਸਾਲੇ 'ਤੇ ਹਮਲਾ ਹੋਣ ਤੋਂ ਪਹਿਲਾਂ ਹੀ ਜਗਰਾਓਂ ਪੁਲਿਸ ਨੇ ਦੋ ਸ਼ੂਟਰਾਂ ਨੂੰ 12 ਬੋਰ ਦੀ ਪਿਸਤੌਲ ਅਤੇ ਕਾਰਤੂਸ ਸਮੇਤ ਕੀਤਾ ਕਾਬੂ

ਜਗਰਾਓਂ, 29 ਮਈ (ਮਨਜੀਤ ਗਿੱਲ ਸਿੱਧਵਾਂ/ਗੁਰਦੇਵ ਗਾਲਿਬ)। ਅਮਰੀਕਾ ਤੋਂ ਆਏ ਜੀਜੇ ਵੱਲੋਂ ਆਪਣੇ ਹੀ ਸਾਲੇ ਦਾ ਕਤਲ ਕਰਵਾਉਣ ਲਈ ਸ਼ੂਟਰਾਂ ਨੂੰ ਸੁਪਾਰੀ ਦੇ ਕੇ ਬੁਲਾਇਆ ਗਿਆ ਸੀ, ਸਾਲੇ 'ਤੇ ਹਮਲਾ ਹੋਣ ਤੋਂ ਪਹਿਲਾਂ ਹੀ ਜਗਰਾਓਂ ਪੁਲਿਸ ਨੇ ਦੋ ਸ਼ੂਟਰਾਂ ਨੂੰ 12 ਬੋਰ ਦੀ ਪਿਸਤੋਲ ਅਤੇ ਕਾਰਤੂਸ ਸਮੇਤ ਕਾਬੂ ਕਰ ਲਿਆ। 
ਸਥਾਨਕ ਦਫਤਰ ਵਿਖੇ ਰੱਖੀ ਕਾਨਫਰੰਸ ਦੋਰਾਨ ਐਸਪੀਡੀ ਰੁਪਿੰਦਰ ਕੁਮਾਰ ਭਾਰਦਵਾਜ ਸਮੇਤ ਹੋਰ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਜਤਿੰਦਰ ਸਿੰਘ ਉਰਫ ਰਿੰਕੂ ਪੁੱਤਰ ਅਵਤਾਰ ਸਿੰਘ ਵਾਸੀ ਪਿੰਡ ਛੱਜਾਵਾਲ ਨੇ ਬਿਆਨ ਕੀਤਾ ਕਿ ਉਹ ਪਿੰਡ ਰੂੰਮੀ ਵਿਖੇ ਜੀ.ਐਨ ਸੈਨਟਰੀ ਸਟੋਰ ਨਾਂਅ ਦੀ ਦੁਕਾਨ ਕਰਦਾ ਹੈ। ਉਸ ਦੀ ਇੱਕ ਭੈਣ ਪਰਵਿੰਦਰ ਕੌਰ ਅਮਰੀਕਾ 'ਚ ਰਹਿੰਦੇ ਰੁਪਿੰਦਰ ਸਿੰਘ ਵਾਸੀ ਪਿੰਡ ਤਾਰੇਵਾਲਾ ਜ਼ਿਲ੍ਹਾ ਮੋਗਾ ਨਾਲ ਵਿਆਹੀ ਹੋਈ ਸੀ। ਇਨ੍ਹਾਂ ਦੀ ਆਪਸ 'ਚ ਅਣਬਣ ਹੋਣ ਕਰਕੇ ਕਰੀਬ 5 ਸਾਲ ਪਹਿਲਾਂ ਉਹਨਾਂ ਦਾ ਅਮਰੀਕਾ ਵਿੱਚ ਤਲਾਕ ਹੋ ਗਿਆ ਸੀ। ਉਹਨਾਂ ਦੇ ਤਿੰਨੇ ਬੱਚੇ ਉਸਦੀ ਭੈਣ ਪਰਵਿੰਦਰ ਕੌਰ ਪਾਸ ਅਮਰੀਕਾ ਵਿੱਚ ਹੀ ਰਹਿੰਦੇ ਸਨ। ਰੁਪਿੰਦਰ ਸਿੰਘ ਜਦੋ ਵੀ ਇੰਡੀਆਂ ਆਉਂਦਾ ਸੀ ਤਾਂ ਮੁੱਦਈ ਨੂੰ ਜਾਨ ਤੋਂ ਮਾਰਨ ਦੀਆਂ ਧਮਕੀਆਂ ਦਿੰਦਾ ਸੀ ਅਤੇ ਉਸ ਨੇ ਗੁਰਜਿੰਦਰ ਕੌਰ ਪਤਨੀ ਸੁਖਵਿੰਦਰ ਸਿੰਘ ਉਰਫ ਫੌਜੀ ਵਾਸੀ ਰਾਮਗੜ੍ਹ ਭੁੱਲਰ ਨਾਂਅ ਦੀ ਇੱਕ ਔਰਤ ਨਾ ਮਿਲ ਕੇ ਉਸ ਨੂੰ ਮਰਵਾਉਣ ਲਈ 5 ਲੱਖ ਰੁਪਏ ਦੀ ਸੁਪਾਰੀ ਤਹਿਤ ਅਰਸ਼ਦੀਪ ਸਿੰਘ ਉਰਫ ਅਮਨਾ ਪੁੱਤਰ ਗੁਰਸਵੇਕ ਸਿੰਘ ਵਾਸੀ ਫਰੀਦਕੋਟ ਜੋ ਕਿ ਗੁਰਜਿੰਦਰ ਕੌਰ ਦਾ ਰਿਸ਼ਤੇਦਾਰ ਹੈ ਅਤੇ ਸੰਦੀਪ ਸਿੰਘ ਉਰਫ ਕਾਲਾ ਪੁੱਤਰ ਮੱਖਣ ਸਿੰਘ ਵਾਸੀ ਹਨੂੰਮਾਨਗੜ੍ਹ ਅਤੇ ਭਿੰਦਾ ਵਾਸੀ ਡੱਬਵਾਲੀ ਨੂੰ ਹਾਇਰ ਕੀਤਾ ਹੈ। ਰੁਪਿੰਦਰ ਸਿੰਘ ਨੇ ਗੁਰਜਿੰਦਰ ਕੌਰ ਅਤੇ ਅਰਸ਼ਦੀਪ ਸਿੰਘ ਨੂੰ ਪਹਿਲਾਂ 01 ਲੱਖ ਰੁਪਏ ਨਕਦ ਪੇਸ਼ਗੀ ਦਿੱਤੀ। ਇਹਨਾਂ ਸਾਰਿਆਂ ਨੇ ਰਲਕੇ ਜਤਿੰਦਰ ਸਿੰਘ ਉਰਫ ਰਿੰਕੂ ਨੂੰ ਮਾਰਨ ਦੀ ਸਕੀਮ ਤਹਿਤ ਉਸ ਦੀ ਦੁਕਾਨ, ਘਰ ਆਉਣ ਹਰ ਆਣ-ਜਾਣ ਵਾਲੇ ਰਸਤੇ ਅਤੇ ਸਮੇਂ ਦੀ ਚੰਗੀ ਤਰ੍ਹਾਂ ਰੈਕੀ ਕੀਤੀ ਅਤੇ ਬੀਤੇ ਦਿਨੀਂ ਸਵੇਰੇ 08:00 ਵਜੇ ਅਰਸ਼ਦੀਪ ਸਿੰਘ ਉਰਫ ਅਮਨਾ ਅਤੇ ਸੰਦੀਪ ਸਿੰਘ ਉਰਫ ਕਾਲਾ ਦੋਨੋਂ ਜਣੇ ਮੋਟਰਸਾਈਕਲ ਪਰ ਉਸ (ਮੁੱਦਈ) ਨੂੰ ਮਾਰਨ ਦੀ ਨੀਅਤ ਨਾਲ ਖੜ੍ਹੇ ਸਨ, ਜਿਨ੍ਹਾਂ ਨੂੰ ਜਗਰਾਓਂ ਪੁਲਿਸ ਦੇ ਉੱਚ ਅਧਿਕਾਰੀਆਂ ਦੀ ਦੇਖ ਰੇਖ ਹੇਠ ਸੀ.ਆਈ.ਏ ਸਟਾਫ ਦੇ ਏ.ਐਸ.ਆਈ ਜਨਕ ਰਾਜ ਵੱਲੋਂ ਸਮੇਤ ਪੁਲਿਸ ਪਾਰਟੀ ਨੇ ਉੱਕਤ ਦੋਵਾਂ ਦੋਸ਼ੀਆਂ ਨੂੰ ਇੱਕ ਮੋਟਰਸਾਈਕਲ, ਇੱਕ ਪਿਸਤੌਲ 12 ਬੋਰ ਅਤੇ 2 ਕਾਰਤੂਸਾਂ ਸਮੇਤ ਗ੍ਰਿਫਤਾਰ ਕਰਕੇ ਧਾਰਾ 307/115/120-ਬੀ ਅਸਲਾ ਐਕਟ ਤਹਿਤ ਥਾਣਾ ਸਦਰ ਜਗਰਾਓਂ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਨੇ ਦੱਸਿਆ ਕਿ ਗ੍ਰਿਫਤਾਰ ਦੋਸ਼ੀਆਂ ਦਾ ਪੁਲਿਸ ਰਿਮਾਂਡ ਹਾਸਿਲ ਕਰਕੇ ਹੋਰ ਪੁੱਛਗਿੱਛ ਕੀਤੀ ਜਾਵੇਗੀ ਅਤੇ ਬਾਕੀ ਦੋਸ਼ੀਆਂ ਨੂੰ ਵੀ ਜਲਦੀ ਗ੍ਰਿਫਤਾਰ ਕਰ ਲਿਆ ਜਾਵੇਗਾ।