ਕਾਵੈਂਟਰੀ, ਜੁਲਾਈ 2019-(ਗਿਆਨੀ ਰਾਵਿਦਰਪਾਲ ਸਿੰਘ)- ਪੰਜਾਬੀ ਲੇਖਕ ਸਭਾ ਕਾਵੈਂਟਰੀ ਵਲੋਂ 19ਵਾਂ ਸਲਾਨਾ ਸਮਾਗਮ 'ਰਵਿਦਾਸ ਕਮਿਊਨਿਟੀ ਸੈਂਟਰ' ਵਿਖੇ ਕਰਵਾਇਆ ਗਿਆ, ਜਿਸ 'ਚ ਯੂ. ਕੇ. ਭਰ ਅਤੇ ਪੰਜਾਬ ਤੋਂ ਆਏ 50 ਸਾਹਿਤਕਾਰਾਂ/ਕਵੀਆਂ ਨੇ ਹਿੱਸਾ ਲਿਆ | ਸਮਾਗਮ ਦੇ ਪਹਿਲੇ ਭਾਗ 'ਚ ਸਭਾ ਦੇ ਸੈਕਟਰੀ ਸੁਰਿੰਦਰਪਾਲ ਦੇ ਪਲੇਠੇ ਕਾਵਿ ਸੰਗ੍ਰਹਿ 'ਰੂਹ ਦਾ ਸੇਕ' 'ਤੇ ਡਾ. ਦਵਿੰਦਰ ਕੌਰ ਵਲੋਂ ਆਪਣਾ ਲਿਖਿਆ ਪਰਚਾ ਪੜਿ੍ਹਆ ਗਿਆ, ਜਿਸ 'ਤੇ ਹਾਜ਼ਰ ਸਾਹਿਤਕਾਰਾਂ ਵਲੋਂ ਖੂਬ ਵਿਚਾਰ-ਵਟਾਂਦਰੇ ਕੀਤੇ ਗਏ | ਜਿਨ੍ਹਾਂ 'ਚ ਦਰਸ਼ਨ ਬਲੰਦਵੀ, ਡਾ. ਮਹਿੰਦਰ ਗਿੱਲ, ਸੰਤੋਖ ਧਾਲ਼ੀਵਾਲ਼, ਖਰਲਵੀਰ, ਕੁਲਵੰਤ ਢਿੱਲੋਂ, ਦਰਸ਼ਨ ਧੀਰ, ਡਾ. ਕਰਨੈਲ, ਪ੍ਰੋ. ਨਵਰੂਪ ਦੇ ਨਾਂਅ ਵਰਨਣਯੋਗ ਹਨ | ਪ੍ਰਧਾਨਗੀ ਮੰਡਲ 'ਚ ਡਾ. ਜਸਵਿੰਦਰ, ਪ੍ਰੋ. ਨਵਰੂਪ, ਦਰਸ਼ਨ ਧੀਰ ਅਤੇ ਡਾ. ਕਰਨੈਲ ਹਾਜ਼ਰ ਹੋਏ | ਸਮਾਗਮ ਦੇ ਦੂਸਰੇ ਭਾਗ 'ਚ ਸੁਰਿੰਦਰਪਾਲ ਦਾ 'ਰੂਹ ਦਾ ਸੇਕ' ਸੰਤੋਖ ਸਿੰਘ ਹੇਅਰ ਦਾ 'ਸੋਚਾਂ ਦੇ ਵਣ' ਕੁਲਵੰਤ ਸਿੰਘ ਢੇਸੀ ਦਾ 'ਨੂਰੋ ਨੂਰ' ਕਾਵਿ ਸੰਗ੍ਰਹਿ, ਮੋਹਣ ਸਿੰਘ ਕੁੱਕੜਪਿੰਡੀਆ ਦਾ ਨਾਵਲ ''ਕਾਮਰੇਡਣੀ' ਅਤੇ ਹੋਰ ਪੁਸਤਕਾਂ ਰਿਲੀਜ਼ ਕੀਤੀਆਂ ਗਈਆਂ | ਵਿਸ਼ਾਲ ਕਵੀ ਦਰਬਾਰ 'ਚ ਕਵੀਆਂ-ਕਵਿਤਰੀਆਂ ਵਲੋਂ ਆਪਣੀਆਂ ਰਚਨਾਵਾਂ ਨਾਲ਼ ਸਰੋਤਿਆਂ ਦਾ ਖੂਬ ਮਨੋਰੰਜਨ ਕੀਤਾ ਗਿਆ | ਇਸ ਭਾਗ ਦੇ ਪ੍ਰਧਾਨਗੀ ਮੰਡਲ 'ਚ ਸੰਤੋਖ ਧਾਲ਼ੀਵਾਲ, ਦਵਿੰਦਰ ਨੌਰਾ, ਕੁਲਵੰਤ ਢਿੱਲੋਂ, ਡਾ. ਦਵਿੰਦਰ ਕੋਰ ਅਤੇ ਸੁਰਿੰਦਰ ਸੀਹਰਾ ਨੇ ਹਿੱਸਾ ਲਿਆ | ਸਟੇਜ ਦੀ ਕਾਰਵਾਈ ਕੁਲਦੀਪ ਬਾਂਸਲ ਅਤੇ ਸੰਤੋਖ ਸਿੰਘ ਹੇਅਰ ਨੇ ਬਾਖੂਬ ਨਿਭਾਈ |