ਕਿਸਾਨਾਂ ਨੂੰ ਨਹਿਰੀ ਸਿੰਚਾਈ ਲਈ ਲੋੜੀਂਦੀ ਮਾਤਰਾ ’ਚ ਪਾਣੀ ਮੁਹੱਈਆ ਕਰਵਾਉਣ ਲਈ ਪੰਜਾਬ ਸਰਕਾਰ ਵਚਨਬੱਧ : ਬ੍ਰਮ ਸ਼ੰਕਰ ਜਿੰਪਾ

ਜਲ ਸਰੋਤ ਮੰਤਰੀ ਨੇ ਕੰਢੀ ਨਹਿਰ ਸਟੇਜ-1 ਦੀ ਕੰਕਰੀਟ ਲਾਈਨਿੰਗ ਦੇ ਰਿਹੈਬਲੀਟੇਸ਼ਨ ਪ੍ਰੋਜੈਕਟ ਕਾਰਜ ਦਾ ਕੀਤਾ ਉਦਘਾਟਨ
70 ਕਰੋੜ ਰੁਪਏ ਦੀ ਲਾਗਤ ਨਾਲ ਬਣੇ 30 ਕਿਲੋਮੀਟਰ ਵਾਲੇ ਇਸ ਪ੍ਰੋਜੈਕਟ ਨਾਲ 105 ਪਿੰਡਾਂ ਨੂੰ ਮਿਲੇਗਾ ਨਿਰਵਿਘਨ ਸਿੰਚਾਈ ਲਈ ਪਾਣੀ
ਤਲਵਾੜਾ (ਹੁਸ਼ਿਆਰਪੁਰ) 01 ਮਈ  (ਰਣਜੀਤ ਸਿੱਧਵਾਂ)   :  ਜਲ ਸਰੋਤ, ਜਲ ਸਪਲਾਈ ਤੇ ਸੈਨੀਟੇਸ਼ਨ, ਮਾਲ ਤੇ ਮੁੜ ਵਸੇਬਾ ਤੇ ਆਫ਼ਤ ਪ੍ਰਬੰਧਨ ਮੰਤਰੀ ਪੰਜਾਬ ਸ੍ਰੀ ਬ੍ਰਮ ਸ਼ੰਕਰ ਜਿੰਪਾ ਨੇ ਕਿਹਾ ਕਿ ਸੂਬੇ ਵਿੱਚ ਸੁਚਾਰੂ ਤਰੀਕੇ ਨਾਲ ਸਿੰਚਾਈ ਦੇ ਪ੍ਰੋਜੈਕਟ ਚਲਾਏ ਜਾ ਰਹੇ ਹਨ ਅਤੇ ਕਿਸਾਨਾਂ ਨੂੰ ਨਹਿਰੀ ਸਿੰਚਾਈ ਲਈ ਲੋੜੀਂਦੀ ਮਾਤਰਾ ਵਿੱਚ ਪਾਣੀ ਮੁਹੱਈਆ ਕਰਵਾਉਣ ਲਈ ਪੰਜਾਬ ਸਰਕਾਰ ਵਚਨਬੱਧ ਹੈ। ਉਹ ਅੱਜ ਕੰਢੀ ਕਨਾਲ ਸਟੇਜ-1 (ਕੰਕਰੀਟ ਲਾਈਨਿੰਗ) 0 ਤੋਂ 30 ਕਿਲੋਮੀਟਰ ਦਾ ਅੱਡਾ ਬੈਰੀਅਰ ਤਲਵਾੜਾ ਦੇ ਨਜ਼ਦੀਕ ਉਦਘਾਟਨ ਕਰਨ ਦੌਰਾਨ ਸੰਬੋਧਨ ਕਰ ਰਹੇ ਸਨ। ਇਸ ਮੌਕੇ ’ਤੇ ਉਨ੍ਹਾਂ ਨਾਲ ਵਿਧਾਇਕ ਦਸੂਹਾ ਐਡਵੋਕੇਟ ਕਰਮਵੀਰ ਘੁੰਮਣ ਵੀ ਮੌਜੂਦ ਸਨ।
ਜਲ ਸਰੋਤ ਮੰਤਰੀ ਨੇ ਇਸ ਦੌਰਾਨ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕੰਢੀ ਨਹਿਰ ਦੇ ਪਹਿਲੇ ਪੜਾਅ ਵਿੱਚ ਤਲਵਾੜਾ ਤੋਂ ਹੁਸ਼ਿਆਰਪੁਰ ਤੱਕ ਕਰੀਬ 60 ਕਿਲੋਮੀਟਰ ਲਈ 125 ਕਰੋੜ ਦੀ ਲਾਗਤ ਨਾਲ ਰਿਹੈਬਲੀਟੇਸ਼ਨ (ਕੰਕਰੀਟ ਲਾਈਨਿੰਗ) ਦਾ ਕੰਮ ਕਰਵਾਇਆ ਜਾਵੇਗਾ, ਜਿਸ ਵਿਚੋਂ ਅੱਜ 70 ਕਰੋੜ ਰੁਪਏ ਦੀ ਲਾਗਤ ਨਾਲ ਆਰ.ਡੀ. 0 ਤੋਂ 30 ਕਿਲੋਮੀਟਰ ਤੱਕ ਮਲਕੋਵਾਲ ਤੱਕ ਰਿਹੈਬਲੀਟੇਸ਼ਨ (ਕੰਕਰੀਟ ਲਾਈਨਿੰਗ) ਦਾ ਕੰਮ ਲਗਭਗ ਪੂਰਾ ਹੋ ਚੁੱਕਾ ਹੈ। ਉਨ੍ਹਾਂ ਦੱਸਿਆ ਕਿ 125 ਕਰੋੜ ਦੀ ਲਾਗਤ ਵਾਲੇ ਇਸ ਪ੍ਰੋਜੈਕਟ ਰਾਹੀਂ ਕਿਸਾਨਾਂ ਨੂੰ ਨਹਿਰੀ ਸਿੰਚਾਈ ਦੀ ਸੁਵਿਧਾ ਪ੍ਰਦਾਨ ਕਰਨ ਲਈ 44 ਦੇ ਕਰੀਬ ਥਾਵਾਂ ਤੋਂ ਪਾਈਪਾਂ ਰਾਹੀਂ 105 ਪਿੰਡਾਂ ਨੂੰ ਸਿੰਚਾਈ ਲਈ ਨਿਰਵਿਘਨ ਪਾਣੀ ਪਹੁੰਚਾਇਆ ਜਾਵੇਗਾ। ਇਸ ਪ੍ਰੋਜੈਕਟ ਤਹਿਤ ਵਿਧਾਨ ਸਭਾ ਦਸੂਹਾ ਤੇ ਮੁਕੇਰੀਆਂ ਦਾ 30 ਕਿਲੋਮੀਟਰ ਏਰੀਆ ਕਰ ਕੀਤਾ ਗਿਆ ਹੈ। ਸ੍ਰੀ ਬ੍ਰਮ ਸ਼ੰਕਰ ਜਿੰਪਾ ਨੇ ਕਿਹਾ ਕਿ ਨਹਿਰ ਦੀ ਇਸ ਪਹੁੰਚ ਵਿੱਚ ਘੋਗਰਾ ਡਿਸਟ੍ਰੀਬਿਊਟਰੀ, ਦਸੂਹਾ, ਰਜਵਾਹਾ, ਮੀਰਪੁਰ ਮਾਈਨਰ, ਪਨਵਾਂ ਡਿਸਟ੍ਰੀਬਿਊਟਰੀ, ਬਲੱਗਣ ਮਾਈਨਰ, ਜੁਝਾਰ ਰਜਵਾਹਾ ਤੇ ਡੱਫਰ ਰਜਵਾਹਾ ਆਉਂਦੀ ਹੈ ਅਤੇ ਇਨ੍ਹਾਂ ਡਿਸਟ੍ਰੀਬਿਊਟਰੀ ਤੇ ਮਾਈਨਰਾਂ ਦੀ ਮਨਰੇਗਾ ਸਕੀਮ ਤਹਿਤ ਸਫ਼ਾਈ ਦਾ ਕੰਮ ਕਰਵਾਇਆ ਗਿਆ ਹੈ, ਤਾਂ ਜੋ ਕਿਸਾਨਾਂ ਨੂੰ ਨਹਿਰ ਦੇ ਪਾਣੀ ਦੀ ਨਿਰਵਿਘਨ ਸਪਲਾਈ ਮਿਲਦੀ ਰਹੇ। ਉਨ੍ਹਾਂ ਦੱਸਿਆ ਕਿ ਕੰਢੀ ਨਹਿਰ ਦੀ ਬੁਰਜੀ 0 ਤੋਂ 30 ਕਿਲੋਮੀਟਰ ਤੱਕ ਦੇ ਕੰਕਰੀਟ ਲਾਈਨਿੰਗ ਦਾ ਕੰਮ ਮੁਕੰਮਲ ਹੋਣ ਨਾਲ ਜ਼ਿੰਮੀਦਾਰਾਂ ਨੂੰ ਹੋਰ ਵੀ ਬੇਹਤਰ ਢੰਗ ਨਾਲ ਸਿੰਚਾਈ ਸੁਵਿਧਾ ਉਪਲਬੱਧ ਹੋਵੇਗੀ, ਜਿਸ ਨਾਲ ਉਨ੍ਹਾਂ ਦੀ ਆਰਥਿਕ ਸਥਿਤੀ ਵਿੱਚ ਕਾਫ਼ੀ ਸੁਧਾਰ ਹੋਵੇਗਾ। ਇਸ ਪ੍ਰੋਜੈਕਟ ਤਹਿਤ ਦਸੂਹਾ ਤੇ ਮੁਕੇਰੀਆਂ ਦੀ 13309 ਏਕੜ ਜ਼ਮੀਨ ਦੀ ਸਿੰਚਾਈ ਹੋਵੇਗੀ, ਜਿਸ ਵਿਚੋਂ ਦਸੂਹਾ ਵਿਧਾਨ ਸਭਾ ਹਲਕੇ ਦੀ 2150 ਏਕੜ ਤੇ ਮੁਕੇਰੀਆਂ ਵਿਧਾਨ ਸਭਾ ਹਲਕੇ ਦਾ ਕਰੀਬ 11159 ਏਕੜ ਰਕਬਾ ਸਿੰਚਾਈ ਅਧੀਨ ਹੈ। ਇਸ ਦੌਰਾਨ ਪੱਤਰਕਾਰਾਂ ਦੇ ਇਕ ਸਵਾਲ ਦਾ ਜਵਾਬ ਦਿੰਦੇ ਹੋਏ ਕੈਬਨਿਟ ਮੰਤਰੀ ਨੇ ਕਿਹਾ ਕਿ ਸ਼ਾਹ ਨਹਿਰ ਬੈਰਾਜ ਤੋਂ ਲੈ ਕੇ ਟੇਰਕਿਆਣਾ ਟੇਲ ਤੱਕ ਖਰਾਬ ਹੋਈ ਨਹਿਰ ਦਾ ਦੁਬਾਰਾ ਨਿਰਮਾਣ ਵੀ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਕੰਢੀ ਨਹਿਰ ਦੇ ਕਿਨਾਰਿਆਂ ’ਤੇ ਹਾਦਸਿਆਂ ਨੂੰ ਰੋਕਣ ਲਈ ਰਿਟੇਨਿੰਗ ਵਾਲ ’ਤੇ ਲੋਕ ਨਿਰਮਾਣ ਵਿਭਾਗ ਕੰਮ ਕਰ ਰਿਹਾ ਹੈ ਅਤੇ ਜਲਦ ਹੀ ਇਸ ਨੂੰ ਪੂਰਾ ਕਰ ਲਿਆ ਜਾਵੇਗਾ। ਇਸ ਮੌਕੇ ਐਸ.ਈ. ਕੰਢੀ ਕੈਨਾਲ ਸ੍ਰੀ ਵਿਜੇ ਗਿੱਲ, ਐਸ.ਈ. ਢੋਲਬਾਹਾ ਡੈਮ ਸਰਕਲ ਸ੍ਰੀ ਗੁਰਪਿੰਦਰ ਸੰਧੂ, ਐਕਸੀਅਨ ਕੰਢੀ ਕੈਨਾਲ ਸਟੇਜ-1 ਸ੍ਰੀ ਮਨਜੀਤ ਸਿੰਘ, ਐਕਸੀਅਨ ਕੰਢੀ ਕਨਾਲ ਸਟੇਜ-2 ਸ੍ਰੀ ਹਰਪਿੰਦਰਜੀਤ ਸਿੰਘ, ਐਕਸੀਅਨ ਕੰਢੀ ਕਨਾਲ ਮਕੈਨੀਕਲ ਸ੍ਰੀ ਅਮਿਤ ਸਭਰਵਾਲ, ਐਕਸੀਅਨ ਸ਼ਾਹ ਨਹਿਰ ਸ੍ਰੀ ਵਿਨੇ ਕੁਮਾਰ, ਐਕਸੀਅਨ ਵਾਟਰ ਸਪਲਾਈ ਤੇ ਸੈਨੀਟੇਸ਼ਨ ਸ੍ਰੀ ਅਰਜੁਨ ਸ਼ਰਮਾ, ਐਸ.ਡੀ.ਓ. ਸ੍ਰੀ ਜਤਿੰਦਰ ਸੈਣੀ ਤੋਂ ਇਲਾਵਾ ਹੋਰ ਅਧਿਕਾਰੀ ਵੀ ਮੌਜੂਦ ਸਨ।