You are here

ਸੰਪਾਦਕੀ

ਇਹ ਤੁਸੀਂ ਜ਼ਰੂਰ ਜਾਣਨਾ ਚਾਹੋਗੇ ਅੰਮ੍ਰਿਤਸਰ ਹਲਕੇ ਤੋਂ ਬਿਕਰਮ ਸਿੰਘ ਮਜੀਠੀਆ ਤੇ ਨਵਜੋਤ ਸਿੰਘ ਸਿੱਧੂ ਨੂੰ ਹਰਾਉਣ ਵਾਲੀ ਆਮ ਆਦਮੀ ਪਾਰਟੀ ਵਿਧਾਇਕ ਜੀਵਨਜੋਤ ਕੌਰ ਦੇ ਬਾਰੇ  

ਅੰਮ੍ਰਿਤਸਰ ਹਲਕੇ ਤੋਂ ਅਕਾਲੀ ਦਲ ਦੇ ਬਿਕਰਮ ਸਿੰਘ ਮਜੀਠੀਆ ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਹਰਾਉਣ ਵਾਲੀ ਆਮ ਆਦਮੀ ਪਾਰਟੀ ਦੀ ਉਮੀਦਵਾਰ ਜੀਵਨ ਜੋਤ ਕੌਰ ਸਮਾਜ ਸੇਵੀ ਹੈ। ਉਹ ਸ਼੍ਰੀ ਹੇਮਕੁੰਟ ਐਜੂਕੇਸ਼ਨ ਸੋਸਾਇਟੀ ਦੀ ਸੰਸਥਾਪਕ ਹੈ ਤੇ ਇਸ ਸੰਸਥਾ ਅਧੀਨ ਲੋੜਵੰਦ ਬੱਚਿਆਂ ਨੂੰ ਸਿੱਖਿਆ ਪ੍ਰਦਾਨ ਕਰ ਰਹੀ ਹੈ। ਇੰਨਾ ਹੀ ਨਹੀਂ ਉਸ ਨੂੰ ਪੰਜਾਬ ਦੀ 'ਪੈਡ ਵੂਮੈਨ' ਵਜੋਂ ਵੀ ਜਾਣਿਆ ਜਾਂਦਾ ਹੈ। ਉਸ ਦਾ ਉਦੇਸ਼ ਪਲਾਸਟਿਕ ਸੈਨੇਟਰੀ ਪੈਡਾਂ ਦੀ ਵਰਤੋਂ ਦੇ ਮਾੜੇ ਪ੍ਰਭਾਵਾਂ ਬਾਰੇ ਔਰਤਾਂ ਨੂੰ ਜਾਗਰੂਕ ਕਰਨਾ ਹੈ। ਜੀਵਨ ਜੋਤ ਕੌਰ ਨੇ ਸਵਿਸ ਕੰਪਨੀ ਨਾਲ ਵੀ ਸਮਝੌਤਾ ਕੀਤਾ ਹੋਇਆ ਹੈ। ਇਸ ਕੰਪਨੀ ਦੀ ਮਦਦ ਨਾਲ ਉਹ ਪੇਂਡੂ ਔਰਤਾਂ ਨੂੰ ਮੁਫ਼ਤ ਸੈਨੇਟਰੀ ਪੈਡ ਦਿੰਦੀ ਹੈ। ਉਹ ਐਜੂਕੇਸ਼ਨ ਸੁਸਾਇਟੀ ਅਧੀਨ ਲੋੜਵੰਦ ਬੱਚਿਆਂ ਦੀ ਭਲਾਈ ਲਈ ਵੀ ਕੰਮ ਕਰ ਰਹੀ ਹੈ। ਸੰਸਥਾ ਦਾ ਮੁੱਖ ਟੀਚਾ ਸਾਖਰਤਾ ਅਤੇ ਸਿੱਖਿਆ, ਸਿਹਤ, ਝੁੱਗੀ-ਝੌਂਪੜੀ-ਮੁੜ-ਵਸੇਬੇ, ਵੋਕੇਸ਼ਨਲ ਸਿੱਖਿਆ, ਮਹਿਲਾ ਸਸ਼ਕਤੀਕਰਨ ਅਤੇ ਹੋਰ ਬਹੁਤ ਸਾਰੇ ਸਮਾਜਿਕ ਕਾਰਨਾਂ ਦੇ ਖੇਤਰ ਵਿੱਚ ਵਿਆਪਕ ਤੌਰ 'ਤੇ ਕੰਮ ਕਰਨਾ ਹੈ।ਜੀਵਨ ਜੋਤ ਕੌਰ ਸ਼ੁਰੂ ਤੋਂ ਹੀ ਆਮ ਆਦਮੀ ਪਾਰਟੀ ਨਾਲ ਕੰਮ ਕਰ ਰਹੀ ਸੀ। 'ਆਪ' ਦੀ ਤਰਫੋਂ ਉਨ੍ਹਾਂ ਨੂੰ ਪੰਜਾਬ ਦਾ ਬੁਲਾਰਾ ਵੀ ਨਿਯੁਕਤ ਕੀਤਾ ਗਿਆ ਸੀ। ਇਸ ਤੋਂ ਇਲਾਵਾ ਉਹ ‘ਆਪ’ ਦੇ ਮਹਿਲਾ ਵਿੰਗ ਦੀ ਮੁਖੀ ਵੀ ਹੈ। ਉਸ ਨੇ ਚੌਧਰੀ ਚਰਨ ਸਿੰਘ ਯੂਨੀਵਰਸਿਟੀ ਤੋਂ ਐਲਐਲਬੀ ਕੀਤੀ ਹੈ।

ਅਮਨਜੀਤ ਸਿੰਘ ਖਹਿਰਾ  

ਆਪ ਦੀ ਜਿੱਤ ਦੇ ਪੰਜ ਵੱਡੇ ਫੈਕਟਰ ✍️ ਅਮਨਜੀਤ ਸਿੰਘ ਖਹਿਰਾ

ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਦੇ ਨਤੀਜੇ ਕਾਂਗਰਸ, ਸ਼੍ਰੋਮਣੀ ਅਕਾਲੀ ਦਲ, ਬਸਪਾ, ਬੀਜੇਪੀ ਅਤੇ ਹੋਰ ਪਾਰਟੀਆਂ ਲਈ ਸੁਨਾਮੀ ਸਾਬਤ ਹੋਏ। ਸਿਰਫ਼ ਅੱਠ ਸਾਲ ਪੁਰਾਣੀ ਆਮ ਆਦਮੀ ਪਾਰਟੀ (ਆਪ) ਨੇ ਅਜਿਹੇ ਦਿੱਗਜਾਂ ਨੂੰ ਢੇਰ ਕਰ ਦਿੱਤਾ, ਜਿਨ੍ਹਾਂ ਬਾਰੇ ਕਿਹਾ ਜਾਂਦਾ ਸੀ ਕਿ ਉਹ ਅਜੇਤੂ ਹਨ। ਤਿੰਨ ਸਾਬਕਾ ਮੁੱਖ ਮੰਤਰੀ, ਇਕ ਮੌਜੂਦਾ ਮੁੱਖ ਮੰਤਰੀ, ਨੌਂ ਮੰਤਰੀ ਤੇ ਸਪੀਕਰ ਸਮੇਤ ਕਈ ਦਿੱਗਜਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਪਾਰਟੀ ਨੇ ਧਮਾਕੇਦਾਰ ਜਿੱਤ ਦਰਜ ਕਰਦੇ ਹੋਏ ਕੁੱਲ 117 ਵਿਧਾਨ ਸਭਾ ਸੀਟਾਂ ’ਚੋਂ 92 ਸੀਟਾਂ ਜਿੱਤ ਕੇ ਸਾਫ਼ ਕਰ ਦਿੱਤਾ ਕਿ ਪੰਜਾਬ ਦੀ ਸਿਆਸਤ ’ਚ ਇਸ ਵਾਰੀ ਦਲਿਤ, ਹਿੰਦੂ, ਡੇਰਾ ਤੇ ਕਿਸਾਨ ਅੰਦੋਲਨ ਫੈਕਟਰ ਕੰਮ ਨਹੀਂ ਕੀਤਾ। ਲੋਕਾਂ ਨੇ ਸਪੱਸ਼ਟ ਬਹੁਮਤ ਲਈ ਵੋਟਿੰਗ ਕੀਤੀ ਤੇ ਮੁੱਖ ਮੰਤਰੀ ਲਈ ਭਗਵੰਤ ਮਾਨ ਦੇ ਨਾਂ ’ਤੇ ਮੋਹਰ ਲਗਾਈ। ਕੀ ਹਨ ਉਹ ਪੰਜ ਇਸ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਮੈ ਸਮਝਦਾ ਹਾਂ ਕਿ ਉਨ੍ਹਾਂ ਨੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਵੱਲ ਲੋਕਾਂ ਨੂੰ ਆਪ ਮੁਹਾਰੇ ਤੌਰ ।

ਇਹ ਹਨ ਆਪ ਦੀ ਜਿੱਤ ਦੇ ਪੰਜ ਵੱਡੇ ਫੈਕਟਰ

1. ਮੁੱਖ ਮੰਤਰੀ ਦਾ ਚਿਹਰਾ ; ਪਿਛਲੀ ਵਾਰੀ ਵਾਲੀ ਗਲਤੀ ਨਹੀਂ ਦੁਹਰਾਈ। ਸਮੇਂ ’ਤੇ ਭਗਵੰਤ ਮਾਨ ਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨਿਆ ।

2. ਸਾਫ਼ ਸੁਥਰਾ ਅਕਸ ; ਭਗਵੰਤ ਮਾਨ ਦੇ ਸਾਫ਼ ਤੇ ਇਮਾਨਦਾਰ ਅਕਸ ਦਾ ਅਸਰ ਨਿੱਜੀ ਦੋਸ਼ਾਂ ਦਾ ਵੀ ਉਨ੍ਹਾਂ ਨੂੰ ਫਾਇਦਾ ਮਿਲਿਆ।

3. ਬਿਹਤਰੀਨ ਪਲਾਨਿੰਗ ; ਜਦੋਂ ਸਾਰੀਆਂ ਪਾਰਟੀਆਂ ਖਿੱਚੋਤਾਣ ’ਚ ਲੱਗੀਆਂ ਸਨ, ‘ਆਪ’ ਗਰਾਊਂਡ ’ਤੇ ਸ਼ਾਂਤ ਤਰੀਕੇ ਨਾਲ ਕੰਮ ਕਰ ਰਹੀ ਸੀ। ਜਿਸ ਵਿੱਚੋਂ ਬਦਲਾਅ ਪੈਦਾ ਹੋਇਆ ਘਰ ਘਰ ਵਿਚ ਬਦਲਾਅ ਚਾਹੀਦਾ ਬਾਰੇ ਗੱਲ ਹੋਣ ਲੱਗੀ  ।

4. ਮੁੱਦਿਆਂ ਦੀ ਗੱਲ; ‘ਆਪ’ ਨੇ ਬਿਜਲੀ, ਸਿੱਖਿਆ, ਸਿਹਤ ਤੇ ਮਾਈਨਿੰਗ ਨੂੰ ਵੱਡਾ ਮੁੱਦਾ ਬਣਾਇਆ, ਜਿਸਨੇ ਪੂਰੀ ਹਵਾ ਬਦਲ ਦਿੱਤੀ।

5. ਸਮੇਂ ਸਿਰ ਹੋਏ ਮੁਫ਼ਤ ਐਲਾਨ ; 300 ਯੂਨਿਟ ਮੁਫ਼ਤ ਬਿਜਲੀ, ਔਰਤਾਂ ਨੂੰ ਹਰ ਮਹੀਨੇ ਇਕ ਹਜ਼ਾਰ ਰੁਪਏ ਵਰਗੇ ਐਲਾਨਾਂ ਦਾ ਅਸਰ।

ਮੈਂ ਸੋਚਦਾ ਹਾਂ ਕਿ ਇਹ ਸਭ ਤੋਂ ਵੱਡੇ ਪੰਜ ਓ ਫੈਕਟਰ ਹਨ ਜਿਨ੍ਹਾਂ ਨੇ ਪੰਜਾਬ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਵੱਡੇ ਮੁਹੱਬਤ ਨਾਲ ਖਡ਼੍ਹਾ ਕੀਤਾ । 

ਅਮਨਜੀਤ ਸਿੰਘ ਖਹਿਰਾ  

 

ਗੁਰਮੀਤ ਸਿੰਘ ਖੁੱਡੀਆਂ ਦੇ ਲੰਬੀ ਹਲਕੇ ਤੋਂ ਚੋਣ ਜਿੱਤ ਤੋਂ ਬਾਅਦ ਜਥੇਦਾਰ ਜਗਦੇਵ ਸਿੰਘ ਖੁੱਡੀਆਂ ਵੱਲੋਂ ਦਿੱਤੀਆਂ ਪੰਥ ਨੂੰ ਸੇਵਾਵਾਂ ਨੂੰ ਲੋਕ ਕਰਨ ਲੱਗੇ ਯਾਦ ਕਰਨ ਲੱਗੇ 

ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਹਰਾਉਣ ਵਾਲੇ ਗੁਰਮੀਤ ਸਿੰਘ ਖੁੱਡੀਆਂ ਦੇ ਪਿਤਾ ਬਾਰੇ ਕੁਝ ਗੱਲਾਂ 

ਕਿੱਥੋਂ ਲੱਭਣੇ ਆਂ, ਹੁਣ ਮੱਲ ਅਖਾੜਿਆਂ ਦੇ !

ਕਿਸੇ ਟਾਈਮ ਪੰਜਾਬ ਰਾਜ ਮੰਡੀ ਬੋਰਡ ਦਾ ਚੇਅਰਮੈਨ ਹੁੰਦਿਆਂ ,ਜਥੇਦਾਰ ਜਗਦੇਵ ਸਿੰਘ ਖੁਡੀਆਂ,ਸਰਕਾਰੂ ਕਾਰ ਦੀ ਥਾਂ ,ਆਂਮ ਹੀ ਰੋਡਵੇਜ ਦੀ ਬਸ ਤੇ ਸਫਰ ਕਰਦਾ ਹੁੰਦਾ ਸੀ ਤੇ ਓਹ ਵੀ ਬਿਨ ਦਿਖਾਵੇ ਦੇ । ਮਿਲੀ ਜਾਣਕਾਰੀ ਅਨੁਸਾਰ ਪਤਾ ਲੱਗਾ ਹੈ  ਕੇ ਕੇਰਾਂ ਚੇਅਰਮੈਨ ਹੁੰਦਿਆਂ ,ਮੁਕਤਸਰ ਮੰਡੀਬੋਰਡ ਦੇ ਦਫ਼ਤਰ ਪੁੱਜਿਆ ਤੇ ਕੁਲਦੀਪ ਸਿੰਘ ਜੋ ਓਸ ਵਕਤ ਮੰਡੀਬੋਰਡ ਚ SDO ਸਨ ਨੁੰ ਕਹਿੰਦਾ ,” ਹੁਣ ਆਥਣ ਵੇਲਾ ਹੋ ਗਿਆ ਸ਼ੇਰਾ ਤੇ ਪਿੰਡਾਂ ਨੂੰ ਜਾਂਦੀਆਂ ਬੱਸਾਂ ਚੋ ਹੁਣ ਕੋਈ ਹੋਰ ਬੱਸ ਲਗਦਾ ਜਾਣੀ ਨਹੀਂ ਤੇ ਬੂੜੇਗੁਜਰ ਸਾਡੀ ਰਿਸ਼ਤੇਦਾਰੀ ਆ ਜੇ ਕੋਈ ਉੱਥੇ ਮੈਨੁੰ ਪੁੱਚ੍ਹਾ ਸਕਦਾ ਹੋਵੇ ਤਾਂ ਮਿਹਰਬਾਨੀ ਹੋਵੇਗੀ “ ਐਸਡੀਓ ਕੁਲਦੀਪ ਸਿੰਘ ਕਹਿੰਦਾ ਕਾਫ਼ੀ ਦੇਰ ਬਾਅਦ ਜਦੋਂ ਅਸੀਂ ਟੈਕਸੀ ਦਾ ਇੰਤਜ਼ਾਮ ਕੀਤਾ ਤਾਂ ਜਥੇਦਾਰ ਜਗਦੇਵ ਸਿੰਘ ਖੁੱਡੀਆਂ ਹੱਥ ਜੋੜ ਕੇ ਕਹਿਣ ਲੱਗੇ ,” ਮੈ ਤਾਂ ਸਵਾਲ ਪਾਇਆ ਸੀ ਕਿ ਐਥੋਂ ਕੋਈ ਮੁਲਾਜ਼ਮ ਸਕੂਟਰ ਤੇ ਲਾਹ ਆਵੇ ,ਆਹ ਕਾਰ ਵਾਲੀ ਤਕਲੀਫ਼ ਤਾਂ ਰਹਿਣ ਦਿਓ” ਫਿਰ ਇਕ ਜਣਾ ਉਨਾਂ ਨੁੰ ਸਕੂਟਰ ਤੇ ਬੂੜੇ ਗੁਜ਼ਰ ਲਾ ਕੇ ਆਇਆ”ਐਨਾ ਸਾਦਾ ਬੰਦਾ ਸੀ ਓਹ ਅੰਮ੍ਰਿਤਸਰ ਤੋਂ ਖ਼ਾਲਸਾ ਕਾਲਜੋਂ ਪੜਿਆ ਸੀ ਜਗਦੇਵ ਸਿੰਘ ਖੁੱਡੀਆਂ,ਐਨਾ ਰੌਸ਼ਨ ਦਿਮਾਗ ਸੀ ਕਿ ਤਹਿਸੀਲਦਾਰ ਲੱਗਣ ਦੀ ਸਰਕਾਰ ਵੱਲੋਂ ਆਫਰ ਮਿਲੀ ਠੁਕਰਾ ਕੇ ਲੋਕ ਸੇਵਾ ਨੁ ਸਮਰਪਿਤ ਹੋ ਗਿਆ ਇਹ ਨੌਜਵਾਨ ।ਜਦੋਂ ਹਰਚੰਦ ਸਿੰਘ ਲੌਗੋਵਾਲ ਨੇ ਰਾਜੀਵ ਗਾਂਧੀ ਨਾਲ ਸਮਝੋਤਾ ਕੀਤਾ ਤਾਂ ਇਕਲੌਤੇ ਖੁੱਡੀਆਂ ਨੇ ਜੁਰਅਤ ਨਾਲ ਮੂੰਹ ਕੇ ਕਿਹਾ ਕਿ ,” ਸੰਤ ਜੀ ਤੁਸੀ ਬਹੁਤ ਮਾੜਾ ਕੰਮ ਕੀਤਾ “ ਇਹ ਗੱਲ ਹਰਚੰਦ ਸਿੰਘ ਲੌਗੋਵਾਲ ਦੇ ਮੂੰਹ ਤੇ ਕਹੀ ਸੀ ..ਕਿਉਂਕਿ ਲੌਗੋਵਾਲ ਨੇ ਇਹ ਗੱਲ ਬਾਅਦ ਚ ਹਾਈ ਕੋਰਟ ਦੇ ਵਕੀਲ ਗੁਰਨਾਮ ਸਿੰਘ ਤੀਰ (ਚਾਚਾ ਚੰਡੀਗੜੀਆ) ਨੁ ਦੱਸੀ ਸੀ । 

ਜਦੋਂ 1989 ਚ ਟਿਕਟ ਦੀ ਗੱਲ ਚੱਲੀ ਤਾਂ ਚੂਹੜਚੱਕ ਤੋਂ ਕੰਦੂਖੇੜਾ ਤੱਕ ਏਨਾ ਵੱਡਾ ਇਲਾਕਾ , ਕਹਿੰਦੇ ਆਹ ਜੱਥੇਦਾਰ ਨੂੰ ਟਿਕਟ ਦੇ ਦੇਓ । ਖੁੱਡੀਆਂ ਸਾਬ ਨੇ ਹੱਥ ਜੋੜ ਕੇ ਫਤਹਿ ਬੁਲਾਈ । ਦੂਜੇ ਉਮੀਦਵਾਰਾਂ ਨੇ ਭਰਵੇਂ ਇਕੱਠ ਕਰਕੇ ਆਪਣੇ ਕਾਗਜ਼ ਭਰੇ । ਜੱਥੇਦਾਰ ਸਾਬ੍ਹ 3-4 ਜਣਿਆਂ ਨੂੰ ਨਾਲ ਲੈਕੇ ਪਿਛਲੇ ਦਰਵਾਜ਼ਿਓਂ ਜਾਕੇ ਕਾਗਜ਼ ਭਰ ਆਏ ਤੇ ਪਿੰਡ ਨੂੰ ਬੱਸ ਚੜ ਗਏ । 5 ਕ ਦਿਨਾਂ ਵਿੱਚ ਇਹੋ ਜੀ ਹਨੇਰੀ ਵਗੀ ਜੱਥੇਦਾਰ ਸਾਬ ਆਰਾਮ ਨਾਲ ਚੋਣ ਜਿੱਤ ਕੇ MP ਬਣ ਗਏ ।1989 ਚ ਲੋਕਾਂ ਸਭ ਦੀਆਂ ਚੋਣਾਂ ‘ਚ ਫਰੀਦਕੋਟੋ ਹਰਚਰਨ ਬਰਾੜ ਤੇ ਬਾਦਲ ਦੇ ਸੱਜੇ ਹੱਥ ਖਾਸਮ ਖਾਸ ਭਾਈ ਸ਼ਮਿਦਰ ਦੀਆਂ ਗੋਡੀਆਂ ਲਵਾ ਤੀਂਆਂ ਸੀ ਖੁੱਡੀਆਂ ਨੇ । ਪਰ ਜਿਵੇਂ ਮੈ ਸੋਚਦਾ ਹਾਂ ਕਿ ਇੱਕ ਸਾਧਾਰਨ ਬੰਦੇ ਦੀ ਏਡੀ ਵੱਡੀ ਪ੍ਰਾਪਤੀ ਨੂੰ ਸਾਡੇ ਪੰਜਾਬੀ ਲੋਕ ਚੰਗੇ ਪਾਸੇ ਵੱਲ ਨੂੰ ਘੱਟ ਤੇ ਮਾੜੇ ਪਾਸੇ ਵੱਲ ਨੂੰ ਵੱਧ ਦੇਖਦੇ ਹਨ ਨਾਲੇ ਬਰਾਬਰ ਦੇ ਰਾਜਨੀਤਕ ਲੋਕਾਂ ਤੋਂ ਇਹ ਕਿੱਥੇ ਜਰਿਆ ਜਾਂਦਾ ਕਿ ਆਮ ਤੇ ਈਮਾਨਦਾਰ ਬੰਦਾ ਅੱਗੇ ਆਵੇ ਤੇ ਉਹ ਵੀ ਸੱਚਾ ਪੱਕਾ ਅੰਮ੍ਰਿਤਧਾਰੀ ਸਾਬਤ ਸਿੱਖ  ।ਜਗਦੇਵ ਸਿੰਘ ਖੁੱਡੀਆਂ ਲੋਕ ਸਭਾ ਦੀ ਸੋਂਹ ਚੁੱਕ ਕੇ ਦਿੱਲੀਓਂ ਪਿੰਡ ਆਉਂਦਾ ਹੈ ਤੇ ਅਗਲੇ ਦਿਨ ਮੂੰਹ ਹਨੇਰੇ ਹੀ ਗਾਇਬ ਹੋ ਜਾਂਦਾ ,ਪੂਰੇ ਪੰਜਾਬ ਚ ਰੌਲਾ ਪੈ ਜਾਂਦਾ, ਹੈਲੀਕਾਪਟਰਾਂ ਤੇ ਕਈ ਦਿਨਾਂ ਬਾਅਦ ਗ਼ੋਤੇਖ਼ੋਰਾਂ ਰਾਹੀਂ ਲਾਸ਼ ਨਹਿਰ ਤੋਂ ਲੱਭਦੀ ਆ ।ਅਜੋਕੇ ਬੇਅਦਬੀ ਕਾਂਡ ਵਾਂਗ ,ਉਦੋਂ ਵੀ ਬੜੀਆਂ ਇਨਕੁਆਰੀਆਂ ਹੋਈਆਂ ,ਜੱਜਾਂ ਰਾਹੀ,ਕਮਿਸ਼ਨਾਂ ਰਾਹੀ ,CBI ਰਾਹੀ ,ਜਾਂਚ ਕਿਸੇ ਵੀ ਬਿਲੇ ਨੀ ਲੱਗੀ ਪੜਤਲ ,ਅੱਧ ਵਿਚਕਾਰੋਂ ਹੀ ਰੁਕ ਗਈਆਂ ਜਾਂ ਕਿਸੇ ਨੇ ਰੁਕਵਾ ਦਿੱਤੀਆਂ ,ਇਹ ਅਕਾਲ ਪੁਰਖ ਜਾਣਦਾ ਬਿਨਾ ਸਿੱਟਾ ਕੱਢੇ।ਓਹ ਇਕ ਦਲੇਰ ਬੰਦਾ ਸੀ ,ਪਾਤਸ਼ਾਹ ਦਾ ਭਾਣਾ ਮੰਨਣ ਵਾਲਾ ਸੀ ,ਓਹ ਖ਼ੁਦਕੁਸ਼ੀ ਨਹੀਂ ਕਰ ਸਕਦਾ ਸੀ ।ਦੰਦ ਕਥਾਵਾਂ ਤਾਂ ਇਹ ਵੀ ਚਲ਼ੀਆਂ ਸੀ ਕਿ ਇਕ ਬਹੁਤ ਵੱਡੇ  ਵੱਡੇ ਸਿਆਸੀ ਬਾਬੇ ਬੋਹੜ ਬੰਦੇ ਤੇ ਇਹ ਸਾਰੇ ਦੋਸ਼  ਲੱਗੇ ,ਕਿ ਉਸ ਨੇ ਹੀ ਇਸ ਪਾਰਸ ਵਰਗੇ ਈਮਾਨਦਾਰ ਦਾ ਕੰਡਾ ਕੱਢਵਾ ਦਿੱਤਾ ।ਮੁੱਕਦੀ ਗੱਲ ਅਜ ਤੱਕ ਸੱਚ ਪਰਦੇ ਥੱਲੇ ਲੁਕਿਆ ਪਿਆ ਹੈ ।ਓਹ ਸਚਮੁਚ ਪਾਰਸ ਸੀ।ਓਹਦੇ ਭੋਗ ਤੇ ਬੋਲਦਿਆਂ ਇਕ ਨੌਜਵਾਨ ਓਵਰਸੀਅਰ ਨੇ ਦੱਸਿਆ ਕਿ ਜਦ ਓਨਾਂ ਦੀ ਭਰਤੀ ਦੀ ਇਟਰਵਿਊ ਸੀ ਤਾਂ ਓਹ ਬੱਸ ਚ ਬੈਠੇ ਗੱਲਾਂ ਕਰਦੇ ਸੀ ਆਪਸ ਚ ਕਿ ,” ਇਹ ਜਥੇਦਾਰ ਨਾਂ ਕਿਸੇ ਤੋਂ ਪੈਸੇ ਲੈੰਦਾ ਨਾਂ ਕਿਸੇ ਦੀ ਸਿਫ਼ਾਰਸ਼ ਮੰਨਦਾ,ਬੜਾ ਅੜਬ ਤੇ ਖਰਾਬ ਬੰਦਾ ..” ਬਸ ਦੀ ਅਗਲੀ ਸੀਟ ਤੇ  ਲੋਈ ਦਾ ਮੜਾਸਾ ਮਾਰੀ ਬੈਠਾ ਜਗਦੇਵ ਸਿੰਘ ਖੁਡੀਆਂ ਨਾਲੇ ਸੁਣੀ ਜਾਵੇ ਨਾਲੇ ਮੁਸਕੜੀਏ ਹੱਸੀ ਜਾਵੇ ।ਬੱਸ ਤੋਂ ਉਤਰਣ ਲੱਗਿਆ ਕਹਿੰਦਾ ,” ਜਵਾਨੋ ਐਨਾ ਵੀ ਮਾੜਾ ਨਹੀਂ ,ਆਜੋ ਲੈ ਲੋ ਨਿਯੁਕਤੀ “ਪਿੰਡ ਫਿਰਨੀ ਤੇ ਬੱਸੋਂ ਉਤਰਦਾ ਓਹ ਮਿੱਠੀਆਂ ਗੋਲੀਆਂ ਤੇ ਟਾਫ਼ੀਆਂ ਵੰਡਦਾ ਬੱਚਿਆਂ ਨੁੰ,ਕਿਤਾਬਾਂ ਪੜਨ ਦਾ ਸ਼ੋਕੀਨ,ਸਿਰੇ ਦਾ ਇਮਾਨਦਾਰ ਸਰਦਾਰ ਜਗਦੇਵ ਸਿੰਘ ਖੁਡੀਆਂ,ਖਬਰੇ ਕਿਧਰੇ ਖੁਰ ਪੁਰ ਗਿਆ ਪਤਾ ਹੀ ਨਹੀਂ ਚੱਲਿਆ ।

2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਚ ਜਗਦੇਵ ਸਿੰਘ ਖੁਡੀਆਂ ਦਾ ਖੂਨ ਜਥੇਦਾਰ ਗੁਰਮੀਤ ਸਿੰਘ ਖੁੰਡੀਆਂ , ਸਰਦਾਰ ਪਰਕਾਸ਼ ਸਿੰਘ ਬਾਦਲ 12 ਵਾਰ ਵਿਧਾਨ ਸਭਾ ਦੀ ਚੋਣ ਜਿੱਤਣ ਵਾਲੇ ਦੇ ਖ਼ਿਲਾਫ਼ ਲੰਮੀ ਹਲਕੇ ਤੋਂ ਆਪ ਵੱਲੋਂ ਚੋਣ ਲੜ ਕੇ ਜਿੱਤ ਦਾ ਇਤਿਹਾਸ ਬਣਾ ਚੁੱਕਾ ਹੈ। ਪਿਓ ਵਾਂਗ ਪੁੱਤ ਦੇ ਕਿਰਦਾਰ ਦੀਆਂ ਵੀ ਲੋਕ ਸੌਹਾਂ ਖਾਂਦੇ ਹਨ ।ਵਾਹਿਗੁਰੂ ਨੇ ਮੇਹਰ ਕਰ ਦਿੱਤੀ ਹੈ। ਪੂਰੇ ਪੰਜਾਬ ਦੀ ਤਰ੍ਹਾਂ ਜੋ ਆਪ ਦੇ ਹੱਕ ਵਿੱਚ ਹਨੇਰੀ ਵਗੀ ਹੈ ਲੰਬੀ ਹਲਕੇ ਵਿੱਚ ਵੀ ਅੱਜ ਖੁੱਡਿਆਂ ਵਰਗੇ ਜਥੇਦਾਰ ਦੇ ਇਮਾਨਦਾਰ ਪਰਿਵਾਰ ਦਾ ਸਪੂਤ ਵਿਧਾਨ ਸਭਾ ਦੀਆਂ ਪੌੜੀਆਂ ਚੜ੍ਹ ਗਿਆ। 

ਜਨ ਸ਼ਕਤੀ ਨਿਊਜ਼ ਬਿਉਰੋ   

ਬੱਚਿਓ ਆਓ ਜਾਣੀਏ ਪੇਪਰਾਂ ਵੇਲੇ ਆਪਣੇ ਆਪ ਨੂੰ ਕਿਵੇਂ ਕਰੀਏ ਤਿਆਰ ✍️ ਗਗਨਦੀਪ ਕੌਰ ਧਾਲੀਵਾਲ ਝਲੂਰ

ਬੱਚਿਓ ਜਿਵੇਂ ਹੀ ਫ਼ਰਵਰੀ ਮਹੀਨੇ ਦਾ ਅੰਤ ਹੁੰਦਾ ਤਾਂ ਮਾਰਚ ਦਾ ਮਹੀਨਾ ਸ਼ੁਰੂ ਹੁੰਦਿਆਂ ਹੀ ਸਲਾਨਾ ਪ੍ਰੀਖਿਆਵਾਂ ਸ਼ੁਰੂ ਹੋਣ ਲੱਗਦੀਆਂ ਹਨ।ਇਹ ਪ੍ਰੀਖਿਆਵਾਂ ਸਕੂਲ ਪੱਧਰ ਤੋਂ ਲੈ ਕੇ ਲਗਪਗ ਉੱਚ ਪੱਧਰ ਦੇ ਕੋਰਸ ਤੱਕ ਹੁੰਦੀਆਂ ਹਨ ਭਾਵ ਮਾਰਚ ਤੋਂ ਲੈ ਕੇ ਇਹ ਪ੍ਰੀਖਿਆਵਾਂ ਮਈ ਤੱਕ ਚਲਦੀਆਂ ਹਨ।ਇਹ ਪ੍ਰੀਖਿਆਵਾਂ ਬੱਚਿਆਂ ਦੀ ਪੂਰੇ ਸਾਲ ਦੀ ਮਿਹਨਤ ਦੇ ਫਲ ਦਾ ਨਤੀਜਾ ਹੁੰਦੀਆਂ ਹਨ।ਪੇਪਰਾਂ ਦਾ ਨਾਮ ਸੁਣ ਕੇ ਹੀ ਬਹੁਤ ਸਾਰੇ ਵਿਦਿਆਰਥੀਆਂ ਨੂੰ ਡਰ ਲੱਗਣ ਲੱਗ ਜਾਂਦਾ ਹੈ।ਤਨਾਅ ਵਿੱਚ ਆ ਜਾਦੇ ਹਨ ਜਿਵੇਂ ਕੋਈ ਆਫਤ ਆਉਣ ਵਾਲੀ ਹੋਵੇ। ਚਿੰਤਾ ਵਿੱਚ ਡੁੱਬ ਜਾਂਦੇ ਹਨ ।ਨਾਲ ਹੀ ਮਾਪਿਆ ਨੂੰ ਚਿੰਤਾ ਵਿੱਚ ਪਾ ਦਿੰਦੇ ਹਨ।ਪਰ ਜ਼ਿਆਦਾ ਚਿੰਤਾ ਨਾਲ ਜੋ ਆਉਂਦਾ ਹੁੰਦਾ ਹੈ ਉਹ ਵੀ ਭੁੱਲ ਜਾਂਦੇ ਹਨ।ਕਈ ਬੱਚੇ ਸਾਰਾ ਸਾਲ ਨਹੀਂ ਪੜ੍ਹਦੇ ਫਿਰ ਪੇਪਰ ਆਉਣ ‘ਤੇ ਟਿਊਸ਼ਨਾ ਸ਼ੁਰੂ ਕਰ ਦਿੰਦੇ ਹਨ ਜਿਸ ਤਰ੍ਹਾਂ ਉਹਨਾਂ ਦੇ ਦਿਮਾਗ ‘ਤੇ ਹੋਰ ਵੀ ਜਿਆਦਾ ਬੋਝ ਪੈ ਜਾਂਦਾ ਹੈ ਕਿਉਂਕਿ ਏਨਾ ਜਿਆਦਾ ਕੰਮ ਬਹੁਤ ਥੋੜ੍ਹੇ ਸਮੇਂ ਵਿੱਚ ਪੂਰਾ ਕਰਨਾ ਔਖਾ ਹੋ ਜਾਂਦਾ ਹੈ।ਅਜਿਹੇ ਵਿਦਿਆਰਥੀ ਫਿਰ ਪੇਪਰਾਂ ਸਮੇਂ ਨੀਂਦ ਨਾ ਆਉਣ ਵਾਲੇ ਕਈ ਤਰ੍ਹਾਂ ਦੇ ਸਾਧਨ ਵਰਤਦੇ ਹਨ।ਬੱਚਿਓ ਜੇਕਰ ਸਮੇਂ ਦੀ ਸਹੀ ਵਰਤੋਂ ਕਰਕੇ ਸਹੀ ਸਮਾਂ ਸਾਰਣੀ ਬਣਾਈ ਜਾਵੇ ਤਾਂ ਫਿਰ ਪੇਪਰਾਂ ਦੇ ਸਮੇਂ ਇਹੋ ਜਿਹੀਆਂ ਮੁਸਕਿਲਾ ਦਾ ਸਾਹਮਣਾ ਨਹੀਂ ਕਰਨਾ ਪੈਦਾ ।ਪੇਪਰਾਂ ਦੀ ਤਿਆਰੀ ਕਰਨ ਲਈ ਹੇਠ ਲਿਖੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ———-
ਸਭ ਤੋਂ ਪਹਿਲਾ ਬੱਚਿਓ ਸਿਲੇਬਸ ਨੂੰ ਚੰਗੀ ਤਰ੍ਹਾਂ ਪੜ੍ਹਨਾ ਚਾਹੀਦਾ ਹੈ ਸਾਰੇ ਪਾਠ ਚੰਗੀ ਤਰ੍ਹਾਂ ਦੇਖਣੇ ਚਾਹੀਦੇ ਹਨ ਤਾਂ ਜੋ ਪੇਪਰਾਂ ਦੇ ਸਮੇਂ ਤੁਹਾਨੂੰ ਕੁੱਝ ਵੀ ਲੱਭਣ ਵਿੱਚ ਪਰੇਸ਼ਾਨੀ ਨਾ ਆਵੇ।

1,ਵਿਸ਼ਿਆਂ ਅਨੁਸਾਰ ਸਮਾਂ-ਸਾਰਣੀ ਤਿਆਰ ਕਰਨੀ ਚਾਹੀਦੀ ਹੈ ਸਾਰੇ ਵਿਸ਼ਿਆਂ ਨੂੰ ਇੱਕ ਸਮਾਨ ਸਮਾਂ ਦੇ ਦੇ ਕੇ ਵਿਸ਼ਿਆ ਦੀ ਵੰਡ ਕਰਨੀ ਚਾਹੀਦੀ ਹੈ।ਜੋ ਵਿਸ਼ਾ ਔਖਾ ਲੱਗਦਾ ਹੈ ਉਸਨੂੰ ਥੌੜਾ ਜਾ ਜਿਆਦਾ ਸਮਾਂ ਦਿੱਤਾ ਜਾਣਾ ਚਾਹੀਦਾ ਹੈ।ਜਾ ਫਿਰ ਔਖੇ ਵਿਸ਼ੇ ਨੂੰ ਸਵੇਰ ਦੇ ਸਮੇਂ ਪੜ੍ਹਿਆ ਜਾਵੇ।ਸਵੇਰ ਸਮੇਂ ਦਿਮਾਗ ਚੁਸਤ ਤੇ ਤਾਜ਼ਾ ਹੁੰਦਾ ਹੈ।

2,ਜੇਕਰ ਤੁਹਾਨੂੰ ਕੋਈ ਵਿਸ਼ਾ ਔਖਾ ਲੱਗਦਾ ਹੈ ਜਾਂ ਕੋਈ ਪ੍ਰਸ਼ਨ ਯਾਦ ਨਹੀਂ ਹੁੰਦਾ ਤਾਂ ਤੁਸੀਂ ਉਸ ਵਿਸ਼ੇ ਨੂੰ ਆਪਣਾ ਮਨ-ਪਸੰਦ ਵਿਸ਼ਾ ਚੁਣ ਲਵੋ ।ਹਰ ਰੋਜ਼ ਥੋੜ੍ਹਾ-ਥੋੜ੍ਹਾ ਕਰਕੇ ਪੜਨਾ ਸ਼ੁਰੂ ਕਰੋ ਅਗਰ ਕਈ ਔਖੇ ਸ਼ਬਦ ਯਾਦ ਨਹੀਂ ਹੁੰਦੇ ਤਾਂ ਉਹਨਾਂ ਨੂੰ ਕਿਸੇ ਸਕੈਚ ਜਾਂ ਰੰਗ ਵਾਲੀ ਪੈਨਸਿਲ ਨਾਲ ਰੰਗਦਾਰ ਕਰੋ ਜਾਂ ਉਸਦੇ ਹੇਠਾਂ ਲਕੀਰਾਂ ਲਾ ਦੇਵੋ ਜਦੋਂ ਵੀ ਤੁਸੀਂ ਕਿਤਾਬ ਖੋਲੋਗੇ ਉਹ ਤੁਹਾਡੀਆਂ ਅੱਖਾਂ ਸਾਹਮਣੇ ਆਉਣਗੇ।ਤੁਸੀ ਥੋੜ੍ਹੇ ਸਮੇਂ ਬਾਅਦ ਹੀ ਦੇਖੋਗੇ ਕਿ ਜੋ ਸ਼ਬਦ ਤੁਹਾਡੇ ਯਾਦ ਨਹੀਂ ਹੁੰਦੇ ਸਨ ਉਹ ਤੁਹਾਡੀਆਂ ਉਂਗਲਾਂ ‘ਤੇ ਹੋਣਗੇ।

3,ਔਖੇ ਵਿਸ਼ਿਆਂ ਦੀ ਤਿਆਰੀ ਬੱਚਿਆਂ ਨੂੰ ਲਿਖ ਕੇ ਕਰਨੀ ਚਾਹੀਦੀ ਹੈ ਕਈ ਵਾਰ ਬੱਚਿਆਂ ਨੂੰ ਵਾਰ-ਵਾਰ ਪੜ੍ਹਨ ਨਾਲ ਵੀ ਕੁੱਝ ਯਾਦ ਨਹੀਂ ਹੁੰਦਾ ਤਾਂ ਅਜਿਹੇ ਬੱਚਿਆ ਨੂੰ ਲਿਖ ਕੇ ਯਾਦ ਕਰਨਾ ਚਾਹੀਦਾ ਹੈ ਤਾਂ ਜੋ ਜਲਦੀ ਯਾਦ ਹੋ ਸਕੇ ।

4, ਪੇਪਰਾਂ ਵੇਲੇ ਪੜ੍ਹਾਈ ਕਰਨ ਤੋਂ ਪਹਿਲਾ ਆਪਣੇ ਆਪ ਨੂੰ ਤਿਆਰ ਕਰੋ ਭਾਵ ਇੱਕ ਚੰਗਾ ਨਾਸ਼ਤਾ ਖਾਓ,ਕੁੱਝ ਨੀਂਦ ਲਵੋ, ਤੁਹਾਡੇ ਕੋਲ ਪਹਿਲਾਂ ਤੋਂ ਲੋੜੀਂਦੀਆਂ ਚੀਜ਼ਾਂ ਦੀ ਲੋੜ ਹੈ। ਆਪਣੇ ਆਪ ਨੂੰ ਤਣਾਅ ਮੁਕਤ ਕਰੋ ।

5,ਕਿਤਾਬਾਂ ਨੂੰ ਅੱਖਾਂ ਤੋਂ ਕੁੱਝ ਦੂਰੀ ‘ਤੇ ਰੱਖ ਕੇ ਪੜੋ।ਤਾਂ ਜੋ ਅੱਖਾਂ ਨੂੰ ਕੋਈ ਪ੍ਰੇਸ਼ਾਨੀ ਨਾ ਹੋਵੇ।ਪੇਪਰਾਂ ਵਿੱਚ ਅੱਖਾਂ ਦਰਦ ਨਾ ਕਰਨ।

6, ਪੇਪਰਾਂ ਦੇ ਸਮੇਂ ਤੁਹਾਡਾ ਧਿਆਨ ਅਤੇ ਮਨ ਸਿਰਫ਼ ਪੜ੍ਹਾਈ ਵੱਲ ਹੋਣਾ ਚਾਹੀਦਾ ਹੈ। ਘਰ ਵਿੱਚ ਕੀ ਹੋ ਰਿਹਾ, ਕੌਣ ਕਿੱਥੇ ਜਾ ਰਿਹਾ ਹੈ, ਟੀ.ਵੀ ਵਿੱਚ ਕੀ ਚੱਲ ਰਿਹਾ ਹੈ ਇਸ ਵਿੱਚ ਤੁਹਾਡਾ ਧਿਆਨ ਨਹੀਂ ਹੋਣਾ ਚਾਹੀਦਾ।

7,ਬੱਚਿਆਂ ਦੀ ਪੜ੍ਹਾਈ ਪ੍ਰਤਿ ਮਾਪਿਆ ਦਾ ਧਿਆਨ ਵੀ ਹੋਣਾ ਚਾਹੀਦਾ ਹੈ।ਉਹ ਬੱਚਿਆਂ ‘ਤੇ ਜਿਆਦਾ ਬੋਝ ਨਾ ਪਾਉਣ।ਜਿੱਥੇ ਬੱਚਾ ਪੜ੍ਹ ਰਿਹਾ ਉਸ ਜਗ੍ਹਾ ਤੇ ਬੱਚੇ ਦੇ ਖਾਣ -ਪੀਣ ਦਾ ਧਿਆਨ ਰੱਖਿਆਂ ਜਾਵੇ।

 8,ਪੇਪਰ ਤੋਂ ਕੁੱਝ ਦਿਨ ਪਹਿਲਾ ਤੁਹਾਨੂੰ ਆਪਣੇ ਅਧਿਆਪਕਾਂ ਨਾਲ ਰਾਬਤਾ ਕਾਇਮ ਕਰਨਾ ਚਾਹੀਦਾ ਹੈ।ਉਹ ਸੰਕਲਪਾਂ ਨੂੰ ਸਮਝਣ ਵਿੱਚ ਤੁਹਾਡੀ ਮਦਦ ਕਰ ਸਕਦੇ ਹਨ।

9,ਅਧਿਆਪਕ ਨੂੰ ਵੀ ਚਾਹੀਦਾ ਹੈ ਕਿ ਬੱਚਿਆ ਦੀ ਪੜ੍ਹਾਈ ਦਾ ਮੁਲਾਂਕਣ ਚੰਗੀ ਤਰ੍ਹਾਂ ਕੀਤਾ ਜਾਵੇ।ਉਹਨਾਂ ਨੂੰ ਚੰਗੇ ਨੰਬਰ ਲੈਣ ਲਈ ਪ੍ਰੇਰਿਤ ਕੀਤਾ ਜਾਵੇ।

10,ਲੋੜ ਤੋਂ ਜ਼ਿਆਦਾ ਸਮਾਂ ਵੀ ਪੜ੍ਹਨ ਲਈ ਨਹੀਂ ਬੈਠਣਾ ਚਾਹੀਦਾ ।ਭਾਵ ਹਰ ਸਮੇਂ ਕਿਤਾਬੀ ਕੀੜਾ ਨਹੀਂ ਬਣਨਾ ਚਾਹੀਦਾ ।ਇਸ ਦੇ ਨਾਲ ਮਨ ਦੀ ਇਕਾਗਰਤਾ ਭੰਗ ਹੁੰਦੀ ਹੈ ਅਤੇ ਸਰੀਰ ਵੀ ਥਕਾਵਟ ਮਹਿਸੂਸ ਕਰਦਾ ਹੈ। ਇਸ ਲਈ ਥੋੜੇ ਸਮੇਂ ਲਈ ਇੱਧਰ -ਉਧਰ ਘੁੰਮਣਾ ਚਾਹੀਦਾ ਹੈ ।

 11,ਬੈੱਡ ਜਾਂ ਮੰਜੇ ‘ਤੇ ਬੈਠ ਕੇ ਜਾ ਲੇਟ ਕੇ ਨਹੀਂ ਪੜਨਾ ਚਾਹੀਦਾ।ਸਗੋਂ ਮੇਜ਼ ਜਾਂ ਕੁਰਸੀ 'ਤੇ ਸਹੀ ਤਰੀਕੇ ਨਾਲ ਬੈਠ ਕੇ ਪੜ੍ਹਨਾ ਚਾਹੀਦਾ ਹੈ ।

12,ਪੜਾਈ ਦੇ ਨਾਲ- ਨਾਲ ਕੁੱਝ ਸਮਾਂ ਵਿਚਕਾਰ ਦੀ ਖੇਡਣਾ ਵੀ ਚਾਹੀਦਾ ਹੈ ਇਸ ਨਾਲ ਬੱਚੇ ਦਾ ਮਨ ਤਾਜ਼ਾ ਹੋ ਜਾਂਦਾ ਹੈ।ਤੇ ਸਰੀਰ ਦੇ ਸਾਰੇ ਪੱਖਾਂ ਦਾ ਵਿਕਾਸ ਵੀ ਹੁੰਦਾ ਹੈ।

13, ਬੱਚਿਓ ਸਿਲੇਬਸ ਪੇਪਰ ਤੋ ਪਹਿਲਾ ਪੂਰਾ ਕਰਨਾ ਚਾਹੀਦਾ ਹੈ ਤਾ ਜੋ ਜਿਸ ਸਮੇਂ ਪੇਪਰ ਹੋਣ ਉਸ ਦਿਨ ਜੋ ਸਿਲੇਬਸ ਪਹਿਲਾ ਪੜ੍ਹਿਆ ਹੋਵੇ ਉਸਦੀ ਹੀ ਦੁਹਰਾਈ ਕੀਤੀ ਜਾ ਸਕੇ। ਕਈ ਵਾਰ ਦੇਖਣ ਵਿੱਚ ਆਇਆ ਹੈ ਕਿ ਕੁੱਝ ਬੱਚੇ ਪੇਪਰ ਤੋਂ ਕੁਝ ਮਿੰਟ ਪਹਿਲਾਂ ਵੀ ਪੜ੍ਹਦੇ ਰਹਿੰਦੇ ਹਨ ਅਜਿਹਾ ਕਰਨ ਨਾਲ ਜੋ ਪਹਿਲਾਂ ਯਾਦ ਕੀਤਾ ਹੁੰਦਾ ਹੈ ਉਹ ਵੀ ਭੁੱਲ ਸਕਦੇ ਹਨ।

14,ਬੱਚਿਓ ਕਦੇ ਵੀ ਕਿਸੇ ਪ੍ਰਸ਼ਨ ਨੂੰ ਰੱਟਾ ਨਾ ਲਾਵੋ।ਅਕਸਰ ਪਹਿਲਾਂ ਪੜਿਆ ਹੋਇਆ ,ਕੀਤੀ ਹੋਈ ਦੁਹਰਾਈ ਹੀ ਕੰਮ ਆਉਂਦੀ ਹੈ ।ਦੇਖਣ ਵਿੱਚ ਆਇਆ ਹੈ ਕਿ ਜੋ ਬੱਚੇ ਰੱਟਾ ਲਾਉਂਦੇ ਹਨ ਫਿਰ ਜਲਦੀ ਹੀ ਭੁੱਲ ਜਾਂਦੇ ਹਨ।

15,ਪੇਪਰਾਂ ਸਮੇਂ ਮੋਬਾਇਲ ,ਟੀ.ਵੀ ਨੂੰ ਬੱਚਿਓ ਤੋਂ ਦੂਰ ਰੱਖੋ। ਕਿਉਕਿ ਇਸ ਨਾਲ ਬੱਚੇ ਦਾ ਪੜ੍ਹਾਈ ਤੋਂ ਧਿਆਨ ਭਟਕ ਜਾਂਦਾ ਹੈ।

 16,ਪੇਪਰ ਦੇਣ ਜਾਂਦੇ ਸਮੇਂ ਕਿਤਾਬਾਂ ਕਦੇ ਵੀ ਨਾਲ ਨਾ ਚੁੱਕੋ ,ਸਗੋਂ ਘਰ ਹੀ ਰੱਖ ਕੇ ਜਾਓ।

17,ਸਮੇਂ ਸਿਰ ਪ੍ਰੀਖਿਆ ਕੇਂਦਰ ਵਿੱਚ ਜਾਓ ਤਾਂ ਜੋ ਪੇਪਰ ਤੋ ਪਹਿਲਾ ਅਰਾਮ ਨਾਲ ਆਪਣਾ ਰੋਲ ਨੰਬਰ ਚੈੱਕ ਕਰ ਸਕੋ ਅਤੇ ਬਿਲਕੁਲ ਸ਼ਾਂਤ ਮਨ ਨਾਲ ਬੈਠ ਕੇ ਆਪਣੇ ਆਪ ਨੂੰ ਚੰਗਾ ਮਹਿਸੂਸ ਕਰ ਸਕੋ।

18,ਹਮੇਸ਼ਾ ਪੇਪਰ ਦੇਣ ਜਾਣ ਤੋਂ ਪਹਿਲਾ ਸਵੇਰ ਦਾ ਖਾਣਾ ਖਾ ਕੇ ਜਾਵੋ ਅਤੇ ਹਮੇਸ਼ਾ ਪੂਰੇ ਆਤਮ ਵਿਸ਼ਵਾਸ ਨਾਲ ਭਰਪੂਰ ਹੋ ਕੇ ਜਾਓ।
19,ਜਰੂਰਤਮੰਦ ਵਸਤਾਂ ਹਮੇਸ਼ਾ ਪਹਿਲਾ ਹੀ ਤਿਆਰ ਕਰਕੇ ਰੱਖੋ ਤਾਂ ਜੋ ਪੇਪਰ ਸਮੇਂ ਚੁੱਕਣ ਵਿੱਚ ਅਸਾਨੀ ਹੋਵੇ।ਜਿਵੇਂ ਰੋਲ ਨੰਬਰ,ਪੇਪਰ ਬੋਰਡ ,ਪੈੱਨ,ਪਾਣੀ ਆਦਿ।

20,ਪੇਪਰ ਤੋਂ ਪਹਿਲਾ ਤੁਹਾਨੂੰ ਕੀ ਨਹੀਂ ਆਉਂਦਾ ,ਪੇਪਰ ਕਿਹੋ ਜਿਹੋ ਹੋਵੇਗਾ।ਇਹ ਨਾ ਸੋਚੋ ਸਗੋਂ ਇਹ ਯਾਦ ਰੱਖੋ ਕਿ ਤੁਹਾਨੂੰ ਕੀ ਆਉਂਦਾ ਹੈ। ਪੇਪਰ ਕਰਨ ਤੋਂ ਬਾਅਦ ਅਗਲੇ ਪੇਪਰ ਵੱਲ ਧਿਆਨ ਕੇਂਦਰਤ ਕਰੋ।
ਇਸ ਤਰ੍ਹਾਂ ਬੱਚਿਓ ਉੱਪਰ ਦਿੱਤੀਆਂ ਗੱਲਾਂ ਨੂੰ ਧਿਆਨ ਵਿੱਚ ਰੱਖ ਕੇ ਤੁਸੀਂ ਚੰਗੀ ਤਰ੍ਹਾਂ ਆਪਣੇ ਪੇਪਰਾਂ ਦੀ ਤਿਆਰੀ ਕਰ ਸਕਦੇ ਹੋ।ਤੇ ਵਧੀਆਂ ਨੰਬਰ ਲੈ ਕੇ ਪਾਸ ਹੋ ਸਕਦੇ ਹੋ।

ਗਗਨਦੀਪ ਕੌਰ ਧਾਲੀਵਾਲ ਝਲੂਰ ਬਰਨਾਲਾ

ਕੌਮਾਂਤਰੀ ਔਰਤ ਦਿਵਸ 'ਤੇ ਵਿਸ਼ੇਸ਼ ✍️ ਸਲੇਮਪੁਰੀ ਦੀ ਚੂੰਢੀ

 ਮੇਰੀ ਪੱਗ!
 ਔਰਤ ਦਿਵਸ ਮੌਕੇ ਮੈਨੂੰ ਆਪਣੀ ਮਾਂ ਬਹੁਤ ਯਾਦ ਆਉਂਦੀ ਹੈ, ਪਰ ਉਂਝ ਵੀ ਮੈਨੂੰ ਉਹ ਕਦੇ ਭੁੱਲਦੀ ਨਹੀਂ।ਆਪਣੇ ਕਿੱਤੇ ਪ੍ਰਤੀ ਅਧੂਰੀ ਜਾਣਕਾਰੀ ਰੱਖਦੇ ਹੋਏ ਡਾਕਟਰਾਂ ਦੀ ਵਜ੍ਹਾ ਕਾਰਨ ਉਹ ਆਪਣੀ ਉਮਰ ਤੋਂ ਬਹੁਤ ਪਹਿਲਾਂ ਸਾਨੂੰ ਰੋਂਦਿਆਂ ਕੁਰਲਾਉਂਦਿਆਂ, ਵਿਲਕਦਿਆਂ ਛੱਡ ਕੇ ਤੁਰ ਗਈ ਸੀ। ਉਹ ਸਾਨੂੰ ਪੰਜ ਭਰਾਵਾਂ ਅਤੇ ਇੱਕ ਭੈਣ ਨੂੰ ਪਾਲਣ ਲਈ ਸਾਡੇ ਬਾਪੂ ਜੀ ਨਾਲ ਮੋਢਾ ਨਾਲ ਮੋਢਾ ਲਾ ਕੇ ਕੰਮ ਕਰਦੀ ਸੀ। ਪਿੰਡ ਵਿਚ ਲੋਕਾਂ ਦੇ ਘਰਾਂ ਵਿਚ ਉਹ ਸਫਾਈ ਦਾ ਕੰਮ ਕਰਦੀ ਜਦੋਂ ਦੇਰ ਸ਼ਾਮ ਨੂੰ ਆਉਂਦੀ ਤਾਂ ਉਸ ਦਾ ਸਰੀਰ ਫੋੜੇ ਵਾਗੂੰ ਦਰਦ ਕਰਦਾ ਹੁੰਦਾ ਸੀ, ਫਿਰ ਉਸ ਨੇ ਮੈਨੂੰ ਤੇ ਮੇਰੇ ਛੋਟੇ ਭਰਾ ਨੂੰ ਆਪਣੀਆਂ ਲੱਤਾਂ ਘੁੱਟਣ ਲਈ ਕਹਿਣਾ, ਅਸੀਂ ਘੁੱਟਣੀ ਤਾਂ ਉਸ ਨੂੰ ਦਰਦ ਤੋਂ ਰਾਹਤ ਮਿਲਣੀ। ਕੰਮ ਕਰਦਿਆਂ ਕਰਦਿਆਂ ਉਸ ਦੇ ਸਰੀਰ ਵਿਚ ਖੱਲੀਆਂ ਪੈ ਜਾਂਦੀਆਂ ਸਨ। ਲੋਕਾਂ ਦੇ ਘਰਾਂ ਵਿਚ ਕੀਤੇ ਕੰਮ ਬਦਲੇ ਉਹ ਸ਼ਾਮ ਵੇਲੇ ਆਪਣੀ ਚੁੰਨੀ ਵਿਚ ਤਰ੍ਹਾਂ ਤਰ੍ਹਾਂ ਦੀਆਂ ਰੋਟੀਆਂ ਲਪੇਟ ਕੇ ਅਤੇ ਸਿਲਵਰ ਦੇ ਡੋਲੂ ਵਿਚ ਦਾਲ /ਸਬਜੀ ਇਕੱਠੀ ਕਰਕੇ ਲਿਆਉਂਦੀ, ਉਹ ਅਸੀਂ ਇਕੱਠੇ ਬਹਿ ਕੇ ਖਾਂਦੇ। ਕਈ ਵਾਰ ਤਾਂ ਕਈ ਘਰਾਂ ਵਾਲੇ ਬੇਹੀਆਂ-ਤਬੇਹੀਆਂ ਰੋਟੀਆਂ ਅਤੇ ਦਾਲਾਂ ਸਬਜੀਆਂ ਦਿੰਦੇ ਸਨ ਪਰ ਅਸੀਂ ਉਹ ਵੀ ਬਿਸਕੁਟ ਸਮਝ ਕੇ ਖਾ ਲੈਂਦੇ। ਉਹ ਕਦੀ ਵੀ ਸਾਨੂੰ ਭੁੱਖਾ ਨਹੀਂ ਸੀ ਰੱਖਦੀ। ਸਾਡੀ ਇੱਕ ਵੱਡੀ ਭੈਣ ਸੀ ਕਰਮਜੀਤ ਕੌਰ, ਜਿਸ ਨੂੰ 'ਕਰਮੀ' ਕਹਿ ਕੇ ਬੁਲਾਉਂਦੇ ਸਾਂ, ਉਸ ਦਾ ਨਾਂ ਕਰਮੀ ਸੀ, ਪਰ ਕਰਮ ਮਾੜੇ ਸੀ। ਸ਼ਾਇਦ ਉਹ ਅਜੇ ਪ੍ਰਾਇਮਰੀ ਸਕੂਲ ਵਿਚ ਹੀ ਪੜ੍ਹਦੀ ਸੀ ਕਿ ਉਸ ਦੀਆਂ ਲੱਤਾਂ ਵਿਚ ਚੀਸਾਂ/ ਦਰਦਾਂ ਸ਼ੁਰੂ ਹੋ ਗਈਆਂ, ਸਾਡੀ ਮਾਂ ਅਤੇ ਪਿਓ ਨੇ ਉਸ ਦਾ ਬਹੁਤ ਇਲਾਜ ਕਰਵਾਇਆ ਪਰ ਉਹ ਠੀਕ ਨਾ ਹੋਈ, ਆਖਰ ਮੰਜੇ ਉਪਰ ਡਿੱਗ ਪਈ, ਪਰ ਸਾਡੀ ਭੈਣ ਨੇ ਹੌਸਲਾ ਬੁਲੰਦ ਰੱਖਿਆ। ਉਹ ਮੰਜੇ ਉਪਰ ਬੈਠੀ ਘਰ ਦੇ ਕੰਮ ਕਰਦੀ ਰਹਿੰਦੀ, ਉਹ ਸਵੈਟਰ ਕੋਟੀਆਂ ਬਣਦੀ, ਸਬਜੀਆਂ ਚੀਰਦੀ, ਸਾਡੇ ਘਰ ਦਾ ਸਾਰਾ ਹਿਸਾਬ ਕਿਤਾਬ ਰੱਖਦੀ, ਸਾਨੂੰ ਪੜ੍ਹਾਉਂਦੀ, ਪਹਾੜੇ ਸਿਖਾਉਂਦੀ ਅਤੇ ਅਨੇਕਾਂ ਕੰਮ ਕਰਦੀ। ਡੰਡੇ ਦੇ ਸਹਾਰੇ ਉਹ ਉਹ ਗੁਸਲਖਾਨੇ ਤੱਕ ਚਲੀ ਜਾਂਦੀ ਸੀ। ਅਸੀਂ ਸਾਰਾ ਪਰਿਵਾਰ ਉਸ ਨੂੰ ਕਦੀ ਵੀ ਤੱਤੀ ਵਾ ਨਾ ਲੱਗਣ ਦਿੰਦੇ ਅਤੇ ਉਹ ਵੀ ਸਾਡਾ ਬਹੁਤ ਧਿਆਨ ਰੱਖਦੀ। ਮਾਂ ਦੀ ਮੌਤ ਤੋਂ ਬਾਅਦ ਉਸ ਨੇ ਸਾਡੇ ਬਾਪ ਨਾਲ ਮਿਲ ਕੇ ਆਪਣੇ ਹੱਥੀਂ ਸਾਡੇ ਵਿਆਹ ਕੀਤੇ। ਸਾਡੇ ਵਿੱਚੋਂ ਜੇ ਕੋਈ ਢਿੱਲਾ ਮੱਠਾ ਹੋ ਜਾਂਦਾ ਤਾਂ ਉਹ ਅੱਧੀ ਅੱਧੀ ਰਾਤ ਤੱਕ ਉਸ ਦਾ ਹੱਥਾਂ ਨਾਲ ਸਿਰ ਘੁੱਟਦੀ ਰਹਿੰਦੀ। ਸਾਡੇ ਵਿਚੋਂ ਜੇ ਕਿਸੇ ਨੇ ਘਰ ਤੋਂ ਬਾਹਰ ਜਾਣਾ ਹੁੰਦਾ ਤਾਂ ਉਸ ਨੂੰ ਪੁੱਛ ਕੇ ਜਾਂਦਾ, ਸ਼ਾਮ ਵੇਲੇ ਜੇ ਕਿਤੇ ਦੇਰ-ਸਵੇਰ ਹੋ ਜਾਣੀ ਤਾਂ ਉਸ ਨੇ ਟੈਲੀਫੋਨ ਖੜਕਾਉੰਦੇ ਰਹਿਣਾ। ਰਾਤ ਵੇਲੇ ਜਦੋਂ ਅਸੀਂ ਪੜ੍ਹਦੇ ਹੋਣਾ ਤਾਂ ਉਹ ਨਾਲ ਜਾਗਦੀ ਸੀ। ਸਾਡੇ ਸਾਰੇ ਰਿਸ਼ਤੇਦਾਰਾਂ ਸਮੇਤ ਪਿੰਡ ਦੇ ਸਾਰੇ ਲੋਕ ਅਤੇ ਸਾਡੇ ਮਿੱਤਰ-ਦੋਸਤ ਅਤੇ ਅੱਗਿਓਂ ਉਨ੍ਹਾਂ ਦੇ ਪਰਿਵਾਰਕ ਮੈਂਬਰ ਸੱਭ ਜਣੇ ਉਸ ਦਾ ਬਹੁਤ ਸਤਿਕਾਰ ਕਰਦੇ ਸਨ, ਕਿਉਂਕਿ ਉਹ ਮੰਜੇ ਉਪਰ ਹੋਣ ਦੇ ਬਾਵਜੂਦ ਵੀ ਬਹੁਤ ਹੀ ਨੇਕ ਸੁਭਾਅ ਦੀ ਮਾਲਕਣ ਸੀ। ਘਰ ਆਏ ਮਹਿਮਾਨਾਂ ਦਾ ਬਹੁਤ ਆਓ-ਭਗਤ ਕਰਦੀ ਸੀ। ਇਹੀ ਕਾਰਨ ਸੀ ਕਿ ਉਸ ਦੀ ਜਦੋਂ ਮੌਤ ਹੋਈ ਤਾਂ ਉਸ ਦੀ ਅਰਥੀ ਪਿਛੇ ਘਰ ਤੋਂ ਲੈ ਕੇ ਸਿਵਿਆਂ ਤੱਕ ਇੱਕ ਕਿਲੋਮੀਟਰ ਤੱਕ ਹਮਦਰਦਾਂ ਦੀ ਲੰਬੀ ਕਤਾਰ ਲੱਗੀ ਹੋਈ ਸੀ ਅਤੇ ਫਿਰ ਜਦੋਂ ਉਸ ਦਾ ਭੋਗ ਪਾਇਆ ਤਾਂ ਖੇਤ ਵਿਚ ਪੰਡਾਲ ਲਾਉਣਾ ਪਿਆ। ਉਸ ਦੀ ਮੌਤ ਦਾ ਕਾਰਨ ਛਾਤੀ ਦਾ ਕੈਂਸਰ ਸੀ। ਅਸੀਂ ਉਸ ਦਾ ਬਹੁਤ ਇਲਾਜ ਕਰਵਾਇਆ, ਇਲਾਜ ਪਿਛੋਂ ਕਈ ਸਾਲ ਜਿਉਂਦੀ ਰਹੀ, ਅਖੀਰ ਅਚਾਨਕ ਦਿਲ ਦਾ ਦੌਰਾ ਪਿਆ ਜੋ ਜਾਨ - ਲੇਵਾ ਹੋ ਨਿਬੜਿਆ। ਅੱਜ ਔਰਤ ਦਿਵਸ ਮੌਕੇ ਮੈਂ ਆਪਣੀ ਮਾਂ ਅਤੇ ਭੈਣ ਨੂੰ ਸ਼ਰਧਾਂਜਲੀ ਭੇਟ ਕਰਦਾ ਹਾਂ ਕਿ ਉਨ੍ਹਾਂ ਦੀ ਬਦੌਲਤ ਸਾਡੇ ਪਰਿਵਾਰ ਸਮਾਜ ਵਿਚ ਅੱਜ ਵਿਲੱਖਣ ਥਾਂ ਬਣਾ ਕੇ ਬੈਠਾ ਹੈ। ਮੇਰੀ ਜੀਵਨ ਸਾਥਣ ਪਰਮਜੀਤ ਕੌਰ ਜੋ ਕੇਂਦਰ ਸਰਕਾਰ ਦੇ ਬਹੁਤ ਹੀ ਮਹੱਤਵਪੂਰਨ ਇੱਕ ਵਿਭਾਗ ਵਿਚ ਐਡਮਿਨ ਅਫਸਰ ਹੈ ਨੂੰ ਮੇਰੀ ਭੈਣ ਨੇ ਹੀ ਚੁਣਿਆ ਸੀ। ਮੇਰੀ ਜੀਵਨ ਸਾਥਣ ਇੱਕ ਉਹ ਇਨਸਾਨ ਹੈ, ਜਿਸ ਵਿਚ ਉਹ ਸਾਰੇ ਗੁਣ ਹਨ, ਜੋ ਇਕ ਨੇਕ ਇਨਸਾਨ ਵਿੱਚ ਹੋਣੇ ਚਾਹੀਦੇ ਹਨ। ਉਹ ਹਰ ਕੰਮ ਵਿਚ ਇਕ ਨਿਪੁੰਨ ਔਰਤ ਹੈ। ਜਿਥੇ ਉਹ ਇਕ ਸਿਆਣੀ ਪਤਨੀ ਅਤੇ ਬੱਚਿਆਂ ਦੀ ਮਾਂ ਹੈ, ਉਥੇ ਉਹ ਆਪਣੇ ਦਫਤਰ ਦੀ ਇਕ ਨਿਪੁੰਨ ਪ੍ਰਬੰਧਕਾ ਵੀ ਹੈ। ਦਫਤਰੀ ਕੰਮਾਂ ਪ੍ਰਤੀ ਪੂਰੀ ਸੂਝਬੂਝ ਰੱਖਦੀ ਹੈ। ਉਸ ਦੇ ਦਫਤਰ ਵਿਚ ਜਿਨ੍ਹੇ ਵੀ ਅਧਿਕਾਰੀ ਅਤੇ ਕਰਮਚਾਰੀ ਕੰਮ ਕਰਦੇ ਹਨ, ਸਾਰਿਆਂ ਦਾ ਦਿਲੋਂ ਸਤਿਕਾਰ ਕਰਦੀ ਹੈ,, ਇਹ ਹੀ ਕਾਰਨ ਹੈ ਕਿ ਪਿਛਲੇ ਦਿਨੀਂ ਜਦੋਂ ਉਸ ਦੀ ਦੂਜੇ ਦਫਤਰ ਵਿਚ ਜੋ ਬਿਲਕੁਲ ਨਾਲ ਹੀ ਹੈ, ਵਿਚ ਬਦਲੀ ਹੋਈ ਤਾਂ ਮੁਲਾਜ਼ਮਾਂ ਦੀਆਂ ਅੱਖਾਂ ਵਿਚ ਹੰਝੂ ਸਨ। ਦਫਤਰ ਦੇ ਮੁਲਾਜ਼ਮਾਂ ਨੇ ਉਸ ਨੂੰ ਢੇਰ ਸਾਰੇ ਤੋਹਫੇ ਦੇ ਕੇ ਸਨਮਾਨਿਤ ਕੀਤਾ। ਉਹ ਦੁੱਖ ਸੁੱਖ ਵਿੱਚ ਜਿਥੇ ਰਿਸ਼ਤੇਦਾਰਾਂ ਲਈ ਸਹਾਰਾ ਬਣਦੀ ਹੈ,, ਉਹ ਪਿੰਡ ਦੇ ਲੋੜਵੰਦਾਂ ਅਤੇ ਭੈਣਾਂ-ਭਰਾਵਾਂ ਵਰਗੇ ਮਿੱਤਰਾਂ ਦੋਸਤਾਂ ਨੂੰ ਔਖੇ ਸਮੇਂ ਵਿਚ ਸਹਿਯੋਗ ਦੇਣ ਲਈ ਹਮੇਸ਼ਾ ਤੱਤਪਰ ਰਹਿੰਦੀ ਹੈ। ਬਿਨਾਂ ਕਿਸੇ ਲੋਭ ਲਾਲਚ ਤੋਂ ਦੂਜਿਆਂ ਦਾ ਸਤਿਕਾਰ ਕਰਨਾ ਅਤੇ ਸੱਭ ਨੂੰ ਪਿਆਰ ਕਰਨਾ ਉਸ ਦੀ ਜਿੰਦਗੀ ਦਾ ਨਿਯਮ ਹੈ। ਉਹ ਅੰਦਰੋਂ-ਬਾਹਰੋਂ ਇੱਕ ਹੈ। ਉਹ ਦੂਜੇ ਨੂੰ ਨੀਵਾਂ ਦਿਖਾ ਕੇ ਖੁਦ ਉੱਚਾ ਬਣਨ ਦੀ ਕਦੀ ਵੀ ਕੋਸ਼ਿਸ਼ ਨਹੀਂ ਕਰਦੀ। ਉਹ ਵਿਗਿਆਨਿਕ ਸੋਚ ਦੀ ਧਾਰਨੀ ਹੋਣ ਕਰਕੇ ਪਾਖੰਡਵਾਦ ਅਤੇ ਵਹਿਮਾਂ ਭਰਮਾਂ ਤੋਂ ਨਿਰਲੇਪ ਹੈ। ਉਹ ਇੱਕ ਸੰਪੂਰਨ ਔਰਤ ਹੈ, ਜਿਹੜੀ ਪਰਿਵਾਰ ਦੀਆਂ ਜਿੰਮੇਵਾਰੀਆਂ ਨਿਭਾਉਣ ਦੇ ਨਾਲ ਨਾਲ ਆਪਣੇ ਦਫਤਰ ਪ੍ਰਤੀ ਇਮਾਨਦਾਰੀ ਅਤੇ ਤਨਦੇਹੀ ਨਾਲ ਫਰਜ ਅਦਾ ਕਰਦੀ ਹੈ। ਉਹ ਕੇਵਲ ਇਕ ਪ੍ਰਬੰਧ ਅਫਸਰ ਹੀ ਨਹੀਂ ਬਲਕਿ ਰਸੋਈ ਵਿਚ ਵੱਖ ਵੱਖ ਪਕਵਾਨ ਬਣਾਉਣ ਵਿਚ ਮੁਹਾਰਤ ਰੱਖਦੀ ਹੈ, ਕੋਟੀਆਂ, ਸਵੈਟਰ ਬਣਦੀ ਹੈ, ਘਰ ਦੇ ਵਿਸ਼ਾਲ ਵਿਹੜੇ ਵਿਚ ਬਣਾਈ ਕਿਚਨ ਗਾਰਡਨ, ਫੁੱਲਾਂ ਅਤੇ ਫਲਾਂ ਦੇ ਬੂਟਿਆਂ ਦੀ ਕਾਂਟੀ-ਛਾਂਟੀ ਖੁਦ ਕਰਕੇ ਉਸ ਨੂੰ ਸੰਤੁਸ਼ਟੀ ਮਿਲਦੀ ਹੈ। ਦਫਤਰ ਦੇ ਚਪੜਾਸੀ ਜਾਂ  ਆਪਣੇ ਅਧੀਨ ਕੰਮ ਕਰਦੇ ਕਿਸੇ ਮੁਲਾਜ਼ਮ ਤੋਂ ਆਪਣੇ ਘਰ ਦਾ ਕੰਮ ਕਰਵਾਉਣ ਤੋਂ ਉਹ ਬਿਲਕੁਲ ਨਿਰਲੇਪ ਹੈ। ਦੂਜਿਆਂ ਦੇ ਦਰਦ ਉਪਰ ਗਰਮ ਪਾਣੀ ਦੀ ਟਕੋਰ ਕਰਨਾ ਉਸ ਦਾ ਸੁਭਾਅ ਹੈ। ਕਿਸੇ ਨੂੰ  ਪ੍ਰੇਸ਼ਾਨ ਜਾਂ ਜਲੀਲ ਨਾ ਕਰਨਾ ਉਸ ਦੇ ਦਿਲ ਦੀ ਕਿਤਾਬ ਦੇ ਕਿਸੇ ਪੰਨੇ ਉਪਰ ਉੱਕਰਿਆ ਨਹੀਂ ਹੈ।
ਸੱਚ ਮੁੱਚ ਮੇਰੀ ਮਾਂ,ਮੇਰੀ ਭੈਣ ਅਤੇ ਜੀਵਨ ਸਾਥਣ ਮੇਰੀ ਪੱਗ ਹਨ ,
ਮੇਰੀ ਸ਼ਾਨ ਹਨ। ਮੈਂ ਸੋਚਦਾ ਹਾਂ ਕਿ ਹਰ ਪਰਿਵਾਰ ਵਿਚ ਮੇਰੇ ਮਾਂ, ਮੇਰੀ ਭੈਣ ਅਤੇ ਮੇਰੀ ਘਰਵਾਲੀ ਵਰਗੀਆਂ ਔਰਤਾਂ ਹੋਣੀਆਂ ਚਾਹੀਦੀਆਂ ਹਨ। ਮੇਰੀ ਘਰਵਾਲੀ ਦੀ ਕੁੱਖੋਂ ਕੋਈ ਬੇਟੀ ਪੈਦਾ ਨਹੀਂ ਹੋਈ, ਪਰ ਉਹ ਸਮਾਜ ਦੀ ਹਰ ਬੇਟੀ ਨੂੰ ਆਪਣੇ ਦੋਵੇਂ ਬੇਟਿਆਂ ਵਾਗੂੰ ਪਿਆਰ ਲੁਡਾਉੰਦੀ ਨਹੀਂ ਥੱਕਦੀ!
ਕੁਦਰਤ ਅੱਗੇ ਕਾਮਨਾ ਕਰਦਾ ਹਾਂ ਕਿ ਉਹ ਹਮੇਸ਼ਾ ਤੰਦਰੁਸਤ ਰਹੇ!
-ਸੁਖਦੇਵ ਸਲੇਮਪੁਰੀ
09780620233
8 ਮਾਰਚ, 2022

ਅੰਤਰਰਾਸ਼ਟਰੀ ਔਰਤ ਦਿਵਸ ✍️ ਜਸਵੰਤ ਕੌਰ ਬੈਂਸ ਲੈਸਟਰ ਯੂ ਕੇ

ਔਰਤਾਂ ਦਾ ਹਮੇਸ਼ਾ ਤੋਂ ਹੀ ਦੁਨੀਆਂ ਦੇ ਹਰ ਸਮਾਜ ਵਿੱਚ ਬਹੁਤ ਸਾਰੇ ਕੰਮਾਂ ਵਿੱਚ ਯੋਗਦਾਨ ਰਿਹਾ ਹੈ। ਜਿਸ ਨੂੰ ਕੋਈ ਵੀ ਕੌਮ ਅੱਖੋਂ ਉਹਲੇ ਨਹੀਂ ਕਰ ਸਕਦੀ। ਔਰਤ ਦੀ ਹੋਂਦ ਤੋਂ ਬਿਨਾ ਦੁਨੀਆ ਵਿੱਚ ਸਮਾਜ ਦਾ ਵਿਕਾਸ ਜਾਂ ਸਮਾਜ ਦਾ ਹੋਣਾ ਹੀ ਨਾਮੁਮਕਿੰਨ ਹੈ। ਦੁਨੀਆਂ ਵਿੱਚ ਅੱਜ ਦੇ ਸਮੇਂ ਵਿੱਚ ਔਰਤ ਦਿਵਸ ਅੰਤਰਰਾਸ਼ਟਰੀ ਪੱਧਰ ਤੇ ਦੁਨੀਆਂ ਭਰ ਵਿੱਚ ਮਨਾਇਆ ਜਾਂਦਾ ਹੈ। ਸ਼ਾਇਦ ਔਰਤਾਂ ਨੂੰ ਬਹੁਤ ਹੀ ਵਧੀਆ ਮਹਿਸੂਸ ਹੁੰਦਾ ਹੋਵੇ ਕਿ ਦੁਨੀਆਂ ਔਰਤ ਦਿਵਸ ਨੂੰ ਮਨਾਉਣ ਲਈ ਮਾਨਤਾ ਦਿੰਦੀ ਹੈ ਅਤੇ ਐਨੀ ਉੱਚੀ ਪੱਧਰ ਤੇ ਮਨਾਇਆ ਜਾਂਦਾ ਹੈ। ਔਰਤਾਂ ਵੀ ਹਰ ਕੰਮ ਵਿੱਚ ਅੱਗੇ ਹੋ ਕੇ ਕੰਮ ਕਰਦੀਆਂ ਹਨ। ਔਰਤਾਂ ਵੱਡੇ ਵੱਡੇ ਅਹੁਦਿਆਂ ਤੇ ਕੰਮ ਕਰਦੀਆਂ ਹਨ। ਪੜਾਈ, ਲਿਖਾਈ, ਘਰ ਦੇ ਕੰਮ, ਬਾਹਰ ਦੇ ਕੰਮ ਔਰਤਾਂ ਕਰਦੀਆਂ ਹਨ। ਪ੍ਰੀਵਾਰਾਂ ਦੀ ਦੇਖ ਭਾਲ, ਬੱਚਿਆਂ ਦੀ ਦੇਖ ਭਾਲ, ਜੌਬ ਹਰ ਕੰਮ ਦੌੜ ਭੱਜ ਕੇ ਖੁਸ਼ ਹੋ ਕੇ ਕਰਦੀਆਂ ਹਨ। ਔਰਤ ਦਿਵਸ ਦੇ ਇਤਿਹਾਸ ਅਨੁਸਾਰ ਇਸ ਦਿਨ ਨੂੰ ਇਸ ਲਈ ਮਨਾਉਣਾ ਸ਼ੁਰੂ ਕੀਤਾ ਸੀ ।ਕਿਉਂਕਿ ਔਰਤਾਂ ਨੇ ਵੀ  ਉਸ ਸਮੇਂ ਵਿੱਚ ਆਰਥਿਕ, ਰਾਜਨੀਤਕ, ਸਮਾਜਿਕ ਖੇਤਰ ਵਿੱਚ ਆਪਣਾ ਬਹੁਤ ਯੋਗਦਾਨ ਪਾਇਆ ।ਔਰਤਾਂ ਦਾ ਯੋਗਦਾਨ ਵਿਰਸੇ ਅਤੇ ਸਭਿਆਚਾਰ ਦੀ ਪ੍ਰਫੁਲਤਾ ਲਈ, ਸੁਸਾਇਟੀ ਵਿੱਚ ਵਧੀਆ ਯੋਗਦਾਨ ਪਾਉਣ ਲਈ ਔਰਤਾਂ ਲਈ ਸਾਲ ਵਿੱਚ ਇਹ ਇੱਕ ਦਿਨ ਚੁਣਿਆ ਗਿਆ ਅਤੇ ਜਿਸਨੂੰ  ਔਰਤ ਦਿਵਸ ਕਹਿ ਕੇ ਮਾਨਤਾ ਦਿੱਤੀ ਗਈ।
  ਔਰਤ ਦਿਵਸ history. com ਅਨੁਸਾਰ ਔਰਤਾਂ ਵੱਲੋਂ ਸਮਾਜਿਕ ਖੇਤਰ, ਆਰਥਿਕ ਖੇਤਰ, ਕਲਚਰ ਵਿੱਚ ਅਤੇ ਸੁਸਾਇਟੀ ਦੇ ਲਈ ਪਾਏ ਯੋਗਦਾਨ ਕਰਕੇ ਸਭ ਤੋਂ ਪਹਿਲੀ ਵਾਰ 8 ਮਾਰਚ ਸੰਨ 1911 ਵਿੱਚ ਪਹਿਲੀ ਵਾਰ ਕਈ ਦੇਸ਼ਾਂ ਵੱਲੋਂ ਛੁੱਟੀ ਕਰਕੇ ਉੱਚੀ ਪੱਧਰ ਨਾਲ ਮਨਾਇਆ ਗਿਆ। ਔਰਤਾਂ ਨੂੰ ਤੋਹਫ਼ੇ ਅਤੇ ਫੁੱਲ ਵੀ ਮਾਣ ਦੇ ਤੌਰ ਤੇ ਭੇਂਟ ਕੀਤੇ ਗਏ। ਯੂਨਾਈਟਡ ਨੇਸ਼ਨ ( United Nation) ਸੰਨ 1975 ਤੋਂ ਲੈ ਕੇ ਹੁਣ ਤੱਕ ਅੰਤਰਰਾਸ਼ਟਰੀ ਔਰਤ ਦਿਵਸ ਨੂੰ ਸਪੌਂਸਰ ਕਰ ਰਿਹਾ ਹੈ। ਜਦੋਂ ਇਸ ਦਿਨ ਨੂੰ ਮਾਨਤਾ ਦੇ ਨਾਲ ਮਨਾਇਆ ਜਾਣ ਲੱਗਾ। ਫੇਰ ਯੂਨਾਈਡ ਨੇਸ਼ਨਜ਼ ਜਨਰਲ ਅਸੈਂਬਲੀ ਇਸ ਦਿਵਸ ਨੂੰ ਮਨਾਉਣ ਦਾ ਇਹ ਵੀ ਕਾਰਨ ਕਹਿ ਰਹੀ ਹੈ ਕਿ ……..
ਸਮਾਜਿਕ ਸ਼ਾਂਤੀ ਕਾਇਮ ਕਰਨਾ, ਸਮਾਜਿਕ ਤਰੱਕੀ ਕਰਨਾ, ਮਨੁੱਖਤਾ ਦੇ ਅਧਿਕਾਰਾਂ ਦਾ ਅਤੇ ਪੂਰਣ ਅਜ਼ਾਦੀ ਦਾ ਪ੍ਰਯੋਗ ਕਰਨਾ, ਖੁਸ਼ੀ ਮਾਨਣਾ, ਔਰਤਾਂ ਵਿੱਚ ਏਕਤਾ ਦਾ ਵਿਕਾਸ ਕਰਨਾ ਆਦਿ। ਔਰਤਾਂ ਦੀ ਏਕਤਾ, ਤਾਕਤ, ਸੁਰੱਖਿਆ ਅਤੇ ਸ਼ਾਂਤੀ ਕਾਇਮ ਰੱਖਣ ਨੂੰ ਮਾਨਤਾ ਦਿੱਤੀ ਗਈ ਹੈ।
ਦਾ ਨੈਸ਼ਨਲ ਵੋਮਨਜ਼ ਹਿਸਟਰੀ ਅਲਾਂਇੰਸ( The National women’s History Alliance) ਨੇ ਵੋਮੈਨ ਹਿਸਟਰੀ ਮੰਥ( Women History Month) ਮਨਾਉਣੇ ਲਈ ਥੀਮ ਕਰਨ ਦਾ ਅਹੁਦਾ ਸੌਂਪਿਆ ਹੈ ਜਿਸ ਵਿੱਚ ਸਾਲ 2022 ਦਾ ਥੀਮ ਤੇ ਕੰਮ ਕਰਨ ਲਈ ਕਿਹਾ ਹੈ ਜੋ ਥੀਮ ਹਨ “ਔਰਤਾਂ ਇਲਾਜ ਪ੍ਰਦਾਨ ਕਰਦੀਆਂ ਹਨ”  ਅਤੇ “ਉਮੀਦ ਨੂੰ ਉਤਸ਼ਾਹਿਤ ਕਰਨਾ” ਹੈ, ਜੋ ਅੰਗਰੇਜ਼ੀ ਵਿੱਚ “Women Providing Healing” and “ Promoting Hope”  ਹਨ। ਇਹ ਥੀਮ
ਕੇਅਰ ਵਰਕਰ ਅਤੇ ਫਰੰਟ ਲਾਈਨ ਵਰਕਰਾਂ ਨੂੰ ਉਤਸ਼ਾਹਿਤ ਕਰ ਕੇ ਉੱਨਾਂ ਨੂੰ ਸਮਾਜ ਵਿੱਚ ਪਹਿਚਾਣ ਦੇਣਾ ਹੈ (history .com)।
ਕੋਵਿਡ-19 ਦਾ ਦੌਰ ਭਿਆਨਕ ਮਹਾਂਮਾਰੀ ਦਾ ਦੌਰ ਰਿਹਾ। ਜਿਸ ਨੂੰ ਸਾਰੀ ਦੁਨੀਆ ਨੇ ਦੇਖਿਆ ਅਤੇ ਪਿੰਡੇ ਤੇ ਹੰਢਾਇਆ। ਇਹ ਸਮਾਂ ਸਾਰੀ ਦੁਨੀਆਂ ਤੇ ਭਾਰੀ ਸਮਾਂ ਸੀ। ਇਸ ਸਮੇਂ ਵਿੱਚ ਵੀ ਕੇਅਰ ਵਰਕਰਾਂ ਅਤੇ ਫਰੰਟ ਲਾਈਨ ਵਰਕਰਾਂ ਨੇ ਆਪਣੀ ਜਾਨ ਤੇ ਖੇਲ ਕੇ, ਆਪਣੇ ਪ੍ਰੀਵਾਰਾਂ ਨੂੰ ਰੋਲ ਕੇ , ਸਾਰੀ ਦੁਨੀਆਂ ਵਿੱਚ ਕੋਵਿਡ-19 ਮਹਾਂਮਾਰੀ ਦੇ ਸ਼ਿਕਾਰ ਮਰੀਜ਼ਾਂ ਨੂੰ ਬਚਾਇਆ ਅਤੇ ਬਹੁਤ ਸਾਰੇ ਮਰੀਜ਼ਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਰਹੇ। ਲੰਬੀਆਂ ਸ਼ਿਫਟਾਂ ਤੇ ਬਿਨਾਂ ਅਰਾਮ ਕੀਤਿਆਂ ਲਗਾਤਾਰ ਹਸਪਤਾਲਾਂ ਵਿੱਚ ਮਰੀਜ਼ਾਂ ਦੀਆਂ ਸੇਵਾਵਾਂ ਨਿਭਾਈਆਂ। ਔਰਤਾਂ ਨੇ ਅੱਗੇ ਹੋ ਕੇ ਸੇਵਾਵਾਂ ਨਿਭਾ ਕੇ ਸਾਬਤ ਕਰ ਕੇ ਦਿਖਾ ਦਿੱਤਾ ਕਿ ਔਰਤਾਂ ਇਲਾਜ ਪ੍ਰਦਾਨ ਕਰਦੀਆਂ ਹਨ। ਉਮੀਦ ਨੂੰ ਉਤਸ਼ਾਹਿਤ ਕਰਦੀਆਂ ਹਨ। ਸਾਡਾ ਸਭ ਦਾ ਫਰਜ਼ ਬਣਦਾ ਹੈ ਕਿ ਅਸੀਂ ਉਨਾਂ ਦੀ ਉਮੀਦ ਨੂੰ ਉਤਸ਼ਾਹਿਤ ਕਰੀਏ। ਜਿਨਾਂ ਨੇ ਕੋਵਿਡ 19 ਦੇ ਭਿਆਨਕ ਦੌਰ ਵਿੱਚ ਦੁਨੀਆਂ ਦੀ ਜਾਨ ਬਚਾਈ ਹੈ। ਸਭ ਦਾ ਵੀ ਫਰਜ਼ ਬਣਦਾ ਹੈ ਕਿ 2022 ਦੇ ਔਰਤ ਦਿਵਸ ਨੂੰ ਕੇਅਰ ਵਰਕਰਾਂ ਅਤੇ ਫਰੰਟ ਲਾਈਨ ਵਰਕਰਾਂ ਦਾ ਦਿਲੋਂ ਧੰਨਵਾਦ ਕਰੀਏ।
ਇਸੇ ਤਰਾਂ ਪੰਜਾਬ ਵਿੱਚ ਇਸ ਮਹਾਮਾਰੀ ਦੇ ਸਮੇਂ ਵਿੱਚ ਪਿੰਡੇ ਤੇ ਲੂੰ ਕੰਡੇ ਖੜੇ ਕਰਨ ਵਾਲਾ ਕਿਸਾਨੀ ਸਘੰਰਸ਼ ਸ਼ੁਰੂ ਹੋਇਆ। ਜਿਸ ਵਿੱਚ ਵੀ ਔਰਤਾਂ ਦਿੱਲੀ ਦੇ ਵਾਡਰਾਂ ਤੇ ਪੂਰੇ ਸਾਲ ਤੋਂ ਵੀ ਵੱਧ ਸਮਾਂ ਸੜਕਾਂ ਤੇ ਧਰਨੇ ਦੇ ਕੇ ਕਿਸਾਨਾਂ ਨਾਲ ਬੈਠੀਆਂ ਰਹੀਆਂ ਸਨ। ਅਖੀਰ ਤੱਕ ਪੂਰਾ ਸਾਥ ਦੇ ਕੇ ਕਿਸਾਨਾਂ ਨਾਲ ਜਿੱਤ ਪਾ ਕੇ ਵਾਪਸ ਮੁੜੀਆਂ। ਉਨਾਂ ਦੇ ਹੌਸਲੇ ਪੂਰਾ ਸਾਲ ਬੁਲੰਦ ਰਹੇ। ਉਨ੍ਹਾਂ ਦੇ ਜੈਕਾਰੇ ਵੀ ਉੱਚੀ ਉੱਚੀ ਹਵਾਵਾਂ ਵਿੱਚ ਗੂੰਜਦੇ ਰਹੇ।ਦੁੱਖ ਦੀਆਂ ਕਾਲੀਆਂ ਰਾਤਾਂ ਔਰਤਾਂ ਨੇ ਵੀ ਕਿਸਾਨਾਂ ਨਾਲ ਮਿਲ ਕੇ ਆਪਣੇ ਪਿੰਡੇ ਤੇ ਹੰਢਾਈਆਂ। ਸਾਡਾ ਵੀ ਫਰਜ਼ ਬਣਦਾ ਹੈ ਜੋ ਔਰਤਾਂ ਕਿਸਾਨੀ ਸਘੰਰਸ਼ ਦਾ ਹਿੱਸਾ ਬਣ ਕੇ ਜੂਝੀਆਂ ਉਨ੍ਹਾਂ ਨੂੰ ਸਤਿਕਾਰ ਅਤੇ ਦੁਆਵਾਂ ਦਈਏ। ਜਿਨਾਂ ਦੇ ਪੁੱਤਰ, ਪਤੀ, ਪਿਤਾ ਸਘੰਰਸ਼ ਵਿੱਚ ਸ਼ਹੀਦੀਆਂ ਪਾ ਗਏ। ਉਨਾਂ ਲਈ ਦੁਆ ਕਰੀਏ।

ਪੈਰੀਂ ਕੰਡੇ, ਰੋੜ ਤੇ ਪੱਥਰ,
ਬੇਸ਼ੱਕ ਸਿਰ ਤੇ ਬਿਜਲੀਆਂ ਗੜ੍ਹਕਦੀਆਂ।
ਰਾਤਾਂ ਦੀਆਂ ਹਨ੍ਹੇਰੀਆਂ ਤੇ ਤੁਫ਼ਾਨ ਦੇਖੇ,
ਪਿੰਡੇ ਤੇ ਝੱਲੀਆਂ ਧੁੱਪਾਂ ਵੀ ਕੱੜਕਦੀਆਂ।

ਔਰਤ ਨੂੰ ਹਰ ਸਮਾਜ ਵਿੱਚ ਬਣਦਾ ਸਤਿਕਾਰ ਮਿਲਣਾ ਚਾਹੀਦਾ ਹੈ।ਅੱਜ ਦੀ ਔਰਤ ਚੰਦ ਤੇ ਪਹੁੰਚ ਚੁੱਕੀ ਹੈ। ਔਰਤਾਂ ਨੇ ਹਰ ਖੇਤਰ ਵਿੱਚ ਮੱਲਾਂ ਮਾਰੀਆਂ ਹਨ। ਔਰਤ ਨੂੰ ਔਰਤ ਦਾ ਪਿਆਰ, ਸਤਿਕਾਰ ਕਰਨਾ ਬੜਾ ਜਰੂਰੀ ਹੈ। ਆਪਸੀ ਪਿਆਰ ਮਿਲਵਰਤਣ ਦਾ ਜਜ਼ਬਾ ਅੰਦਰ ਹੋਣਾ ਚਾਹੀਦਾ ਹੈ। ਦੁਨੀਆਂ ਦੀ ਹਰ ਔਰਤ ਸੁਰੱਖਿਅਤ ਹੋਣੀ ਚਾਹੀਦੀ ਹੈ। ਹਰ ਔਰਤ ਨੂੰ ਉਸਦੇ ਬਣਦੇ ਅਧਿਕਾਰ ਮਿਲਣੇ ਚਾਹੀਦੇ ਹਨ। ਤਾਂ ਜੋ ਉਹ ਆਪਣਾ ਜੀਵਨ ਖੁਸ਼ੀਆਂ ਭਰਿਆ ਬਸ਼ਰ ਕਰ ਸਕੇ।
…….ਅੰਤਰਰਾਸ਼ਟਰੀ ਔਰਤ ਦਿਵਸ ਦੀ ਵਧਾਈ ਹੋਵੇ………
-- ਜਸਵੰਤ ਕੌਰ ਬੈਂਸ ਲੈਸਟਰ ਯੂ ਕੇ

ਰਿਸ਼ਤੇ ✍️ ਗਗਨਦੀਪ ਕੌਰ ਧਾਲੀਵਾਲ

ਅਕਸਰ ਹੀ ਉਹ ਪਰਿਵਾਰ ਸਵਰਗ ਬਣ ਜਾਂਦਾ ਹੈ ਜਿੱਥੇ ਨੂੰਹ ਨੂੰ ਧੀ ਦਾ ਦਰਜਾ ਤੇ ਸਹੁਰੇ ਨੂੰ ਪਿਤਾ ਵਾਲਾ ਦਰਜਾ ਪ੍ਰਾਪਤ ਹੁੰਦਾ 

ਦੋਸਤੋਂ ਸਮਾਜ ਅੰਦਰ ਰਿਸ਼ਤਿਆਂ ਦੇ ਤਾਣੇ-ਬਾਣੇ ਦਾ ਜਾਲ ਵਿਛਿਆ ਹੋਇਆ ਹੈ । ਜਿਵੇਂ ਕਿ ਖ਼ੂਨ ਦੇ ਰਿਸ਼ਤੇ , ਜਨਮ ਸਬੰਧੀ ਰਿਸ਼ਤੇ, ਪਰਿਵਾਰਕ ਰਿਸ਼ਤੇ , ਵਿਆਹ ਰਾਂਹੀ ਬਣਦੇ ਰਿਸ਼ਤੇ, ਭਾਵਨਾਤਮਕ ਰਿਸ਼ਤੇ ਆਦਿ ।ਵਿਆਹ ਰਾਹੀਂ ਅਨੇਕਾਂ ਰਿਸ਼ਤੇ ਬਣਦੇ ਹਨ। ਜਿਵੇਂ ਸੱਸ-ਨੂੰਹ, ਸੁਹਰਾ-ਨੂੰਹ, ਸੁਹਰਾ-ਜਵਾਈ, ਸੱਸ-ਜਵਾਈ, ਨਣਦ-ਭਰਜਾਈ, ਸਾਲੀ-ਸਾਢੂ, ਦਿਉਰ-ਭਰਜਾਈ, ਜੇਠ-ਜਠਾਣੀ ਇਹਨਾਂ ਦੇ ਨਾਲ ਸੰਬੰਧਿਤ ਅਨੇਕਾਂ ਹੀ ਹੋਰ ਰਿਸ਼ਤੇ।ਅਕਸਰ ਹੀ ਦੇਖਿਆਂ ਜਾਂਦਾ ਹੈ ਕਿ ਅਖਬਾਰ ਰਸਾਲੇ ਹਮੇਸ਼ਾ ਨੂੰਹ ਸੱਸ ਦੇ ਰਿਸ਼ਤੇ ਨਾਲ ਭਰੇ ਮਿਲਦੇ ਹਨ।ਹਮੇਸ਼ਾ ਹੀ ਨੂੰਹ-ਸਹੁਰੇ ਦੇ ਰਿਸ਼ਤੇ ਨੂੰ ਅੱਖੋਂ ਓਹਲੇ ਕੀਤਾ ਗਿਆ ਹੁੰਦਾ ਹੈ ।ਸੋ ਅੱਜ ਆਪਾ ਗੱਲ ਕਰਾਂਗੇ ਅਜਿਹੇ ਰਿਸ਼ਤੇ ਦੀ ਜੋ ਵਿਆਹ ਰਾਂਹੀ ਬਣਦਾ ਹੈ ਉਹ ਰਿਸ਼ਤਾ ਹੈ ਨੂੰਹ ਤੇ ਸਹੁਰੇ ਦਾ ਰਿਸ਼ਤਾ ।ਅਜਿਹੇ ਰਿਸ਼ਤੇ ਵਿੱਚ ਅੱਜ ਦੇ ਸਮੇਂ ਮੈ ਵਿਚਰ ਰਹੀ ਹਾਂ।ਇਹ ਸਭ ਮਹਿਸੂਸ ਕਰ ਰਹੀ ਹਾਂ।ਮੈਨੂੰ ਮੇਰੇ ਸਹੁਰੇ ਪਰਿਵਾਰ ਵਿੱਚ ਇੱਕ ਧੀ ਵਾਲਾ ਪਿਆਰ ਮਿਲ ਰਿਹਾ ਹੈ।ਇਹ ਸਭ ਤਾਂ ਹੀ ਸੰਭਵ ਹੈ ਜੇਕਰ ਮੈਂ ਨੂੰਹ -ਸਹੁਰੇ ਦੇ ਰਿਸ਼ਤੇ ਨੂੰ ਪਿਆਰ ਤੇ ਸਤਿਕਾਰ ਦੇ ਰਹੀ ਹਾਂ ।ਉਹਨਾਂ ਨੂੰ ਪਿਤਾ ਵਾਲਾ ਰੁਤਬਾ ਦੇ ਰਹੀ ਹਾਂ ।ਮੈਨੂੰ ਬਿਲਕੁਲ ਵੀ ਓਪਰਾ ਮਹਿਸੂਸ ਨਹੀਂ ਹੋ ਰਿਹਾ ਕਿਉਂਕਿ ਮੈ ਆਪਣੇ ਪਿਤਾ ਵਾਲਾ ਰੁਤਬਾ ਦਿੱਤਾ ਹੈ ਤੇ ਉਹਨਾਂ ਨੇ ਧੀ ਵਾਲਾ ।ਸਹੁਰੇ ਪਰਿਵਾਰ ਵਿੱਚ ਜਦੋਂ ਕੁੜੀ ਪ੍ਰਵੇਸ਼ ਕਰਦੀ ਹੈ ਉਸ ਲਈ ਸਭ ਕੁੱਝ ਨਵਾਂ ਹੁੰਦਾ ਹੈ ।ਪਤੀ ਤੋਂ ਇਲਾਵਾ ਮਾਂ ਵਰਗੀ ਸੱਸ ਤੇ ਪਿਤਾ ਵਰਗਾ ਸਹੁਰਾ ਹੁੰਦਾ ਹੈ ਜਿਨ੍ਹਾਂ ਨਾਲ ਉਸ ਨੇ ਸਾਰੀ ਜ਼ਿੰਦਗੀ ਬਤੀਤ ਕਰਨੀ ਹੁੰਦੀ ਹੈ ।ਪੁਰਾਣੇ ਸਮੇਂ ਤੋ ਹੀ ਨੂੰਹ ਸੱਸ ਦੇ ਰਿਸ਼ਤੇ ਨੂੰ ਜ਼ਿਆਦਾ ਉਘਾੜਿਆ ਜਾਂਦਾ ਹੈ ਪਰ ਇਸਦੇ ਨਾਲ-ਨਾਲ ਨੂੰਹ ਤੇ ਸਹੁਰੇ ਦਾ ਰਿਸ਼ਤਾ ਵੀ ਵਿਲੱਖਣ ਥਾਂ ਰੱਖਦਾ ਹੈ।
ਸਿਆਣਿਆਂ ਦਾ ਕਥਨ ਹੈ ਕਿ ਘਰ ਓਹੀ ਤਰੱਕੀ ਕਰਦਾ ਹੈ ਜਿਸ ਵਿੱਚ ਵਿਚਾਰਾਂ ਦੀ ਏਕਤਾ ਹੋਵੇ, ਨੂੰਹ-ਸੱਸ, ਸੱਸ -ਸਹੁਰਾ ,ਪਤੀ-ਪਤਨੀ, ਮਾਂ-ਪੁੱਤ ਆਦਿ ਰਿਸ਼ਤਿਆਂ ਵਿੱਚ ਮਿਠਾਸ ਤੇ ਇਕਸਾਰਤਾ ਹੋਵੇ।ਜੇਕਰ ਇੱਕ ਕੁੜੀ ਆਪਣੇ ਸਹੁਰੇ ਨੂੰ ਆਪਣੇ ਪਿਤਾ ਵਾਂਗ ਪਿਆਰ ਕਰੇ ਸਤਿਕਾਰ ਦੇਵੇ ਤਾਂ ਉਹ ਇੱਕ ਧੀ ਦਾ ਦਰਜਾ ਹਾਸਿਲ ਕਰ ਲੈਂਦੀ ਹੈ ਸਹੁਰਾ ਘਰ ਉਸਨੂੰ ਬੇਗਾਨਾ ਨਹੀਂ ਲੱਗਦਾ ।ਇਸੇ ਤਰਾਂ ਹੀ ਸਹੁਰੇ ਦਾ ਵੀ ਫਰਜ ਬਣਦਾ ਹੈ ਕਿ ਉਹ ਨੂੰਹ ਨੂੰ ਧੀ ਦਾ ਦਰਜਾ ਦੇਵੇ ਉਸਨੂੰ ਪਰਾਇਆ ਧਨ ਨਾ ਸਮਝਿਆਂ ਜਾਵੇ ।ਅਜਿਹਾ ਕਰਨ ਤੇ ਇਹ ਰਿਸ਼ਤਾ ਲੰਮੇ ਸਮੇਂ ਤੱਕ ਚੰਗਾ ਹੋ ਨਿਬੜਦਾ ਹੈ।ਇੱਕ ਪਿਓ-ਧੀ ਦਾ ਰਿਸ਼ਤਾ ਤਾਹੀ ਬਣ ਸਕਦਾ ਹੈ ਜੇਕਰ ਦਿਲ ਵਿੱਚ ਸਤਿਕਾਰ ਹੋਵੇ ।ਕਦੇ ਵੀ ਸੱਸ -ਸਹੁਰੇ ਨੂੰ ਬੇਗਾਨਾ ਨਾ ਸਮਝਿਆਂ ਜਾਵੇ ।ਬਿਲਕੁਲ ਓਸੇ ਤਰ੍ਹਾਂ ਪਿਆਰ ਸਤਿਕਾਰ ਦਿੱਤਾ ਜਾਵੇ ਜਿਸ ਤਰ੍ਹਾਂ ਇੱਕ ਕੁੜੀ ਪੇਕੇ ਘਰ ਆਪਣੇ ਮਾਂ-ਬਾਪ ਨੂੰ ਦਿੰਦੀ ਹੈ।ਸਮੇਂ ਸਿਰ ਉਹਨਾਂ ਦਾ ਖਿਆਲ ਰੱਖਿਆ ਜਾਵੇ ।ਨਿੱਕੀਆਂ-ਨਿੱਕੀਆਂ ਜ਼ਰੂਰਤਾਂ ਦਾ ਧਿਆਨ ਰੱਖਿਆ ਜਾਵੇ ਸਿਆਣੇ ਕਹਿੰਦੇ ਹਨ ਕਿ ਸੇਵਾ ਵਿੱਚ ਹੀ ਮੇਵਾ ਮਿਲਦਾ ਹੈ।ਬਜ਼ੁਰਗਾਂ ਤਾਂ ਬੋਹੜ ਦੀ ਠੰਢੀ ਛਾਂ ਹੁੰਦੇ ਹਨ ।ਅਕਸਰ ਕਈ ਘਰਾਂ ਵਿੱਚ ਦੇਖਿਆਂ ਜਾਂਦਾ ਹੈ ਕਿ ਸੱਸ -ਸਹੁਰੇ ਨੂੰ ਬੁੜਾ -ਬੁੜੀ ਕਹਿ ਕੇ ਬੁਲਾਇਆ ਜਾਂਦਾ ਹੈ ਇਹ ਸ਼ਬਦ ਉਹਨਾਂ ਦੇ ਮਾਣ ਨੂੰ ਡੂੰਘੀ ਸੱਟ ਮਾਰਦਾ ਹੈ।ਕਈ ਵਾਰ ਤਾਂ ਸੱਸ -ਸਹੁਰੇ ਨੂੰ ਅੱਡ ਕਰ ਦਿੱਤਾ ਜਾਂਦਾ ਹੈ।ਕਦੇ ਸੋਚਿਆ ਹੈ ਕਿਸੇ ਨੇ ਕਿ ਉਹਨਾਂ ਦੇ ਵੀ ਸੁਪਨੇ ਹਨ ਕਿ ਉਹ ਆਪਣੇ ਨੂੰਹ -ਪੁੱਤ ਨਾਲ ਖੁਸ਼ ਰਹਿਣ।ਅਸਲ ਵਿੱਚ ਚੰਗੀ ਨੂੰਹ-ਧੀ ਦੀ ਪਹਿਚਾਣ ਉੱਥੇ ਹੀ ਹੁੰਦੀ ਹੈ ਜਿੱਥੇ ਉਹ ਸਹੁਰੇ ਪਰਿਵਾਰ ਨੂੰ ਆਪਣਾ ਬਣਾ ਕੇ ਸੱਸ-ਸਹੁਰੇ ਨੂੰ ਮਾਂ-ਬਾਪ ਦਾ ਦਰਜਾ ਦੇਵੇ ।
ਕਿਸੇ ਨੇ ਸਹੀ ਹੀ ਕਿਹਾ ਹੈ —ਆਪਣੀਆਂ ਧੀਆਂ ਨੂੰ ਚੰਗੇ ਸੰਸਕਾਰ ਦੇਵੋ ਤਾਂ ਜੋ ਉਹ ਸੱਸ ਸਹੁਰੇ ਨੂੰਹ ਮਾਂ ਬਾਪ ਬਣਾ ਸਕਣ , ਖ਼ੁਦ ਵਿੱਚ ਚੰਗੇ ਗੁਣ ਪੈਦਾ ਕਰੋ ਤਾਂ ਜੋ ਨੂੰਹ ਨੂੰ ਧੀ ਦੇ ਰੂਪ ਵਿੱਚ ਸਵੀਕਾਰ ਕਰ ਸਕੋ
ਅਕਸਰ ਕਿਹਾ ਜਾਂਦਾ ਹੈ ਕਿ ਬੜਾ ਚੰਗਾ ਹੁੰਦਾ ਹੈ ਉਹ ਪਰਿਵਾਰ ਜਿੱਥੇ ਨੂੰਹ ਨੂੰ ਧੀ ਦਾ ਦਰਜਾ ਦਿੱਤਾ ਜਾਂਦਾ ਹੈ ।ਕਿਹਾ ਜਾਂਦਾ ਹੈ ਕਿ ਜਿੰਨੀ ਇੱਜ਼ਤ ਸਹੁਰੇ ਘਰ ਜਵਾਈ ਨੂੰ ਦਿੱਤੀ ਜਾਂਦੀ ਹੈ ਜੇਕਰ ਓਨੀ ਹੀ ਇੱਜ਼ਤ ਸਹੁਰੇ ਘਰ ਨੂੰਹ ਨੂੰ ਦਿੱਤੀ ਜਾਵੇ ਤਾਂ ਘਰ-ਘਰ ਨਹੀਂ ਰਹਿੰਦਾ ਸਗੋਂ ਸਵਰਗ ਬਣ ਜਾਂਦਾ ਹੈ ।
ਪੁਰਾਣੇ ਸਮੇਂ ਤੋ ਹੀ ਨੂੰਹ - ਸੱਸ ਦੇ ਰਿਸ਼ਤੇ ਨੂੰ ਲੋਕ ਬੋਲੀਆਂ ਵਿੱਚ ਉਚਾਰਿਆ ਜਾਂਦਾ ਰਿਹਾ ਹੈ ਜੋ ਅੱਜ ਵੀ ਮੌਜੂਦ ਹਨ ।ਜਿਸ ਵਿੱਚ ਹਾਸ -ਰਾਸ ਦੇ ਵਿਅੰਗ ਸ਼ਾਮਿਲ ਹਨ-ਨੂੰਹ -ਸਹੁਰੇ ਨਾਲ ਸੰਬੰਧਿਤ ਕੁੱਝ ਬੋਲੀਆਂ ਇਸ ਤਰ੍ਹਾਂ ਹਨ-

ਸਹੁਰੇ ਮੇਰੇ ਦੇ ਨਿਕਲੀ ਮਾਤਾ,
ਨਿਕਲੀ ਮਾੜੀ ਮਾੜੀ,
ਜੋਤ ਜਗਾਉਦੇ ਨੇ,
ਦਾੜੀ ਫੂਕ ਲਈ ਸਾਰੀ,
ਜੋਤ ਜਗਾਉਦੇ ......।

ਸੱਸ ਵੀ ਨੀ ਘੂਰਦੀ,
ਸੌਹਰਾ ਵੀ ਨੀ ਘੂਰਦਾ,
ਛੜਾ ਜੇਠ ਭੈੜਾ ਕਿਓ ਬੋਲੇ ਨੀ,
ਸਾਡੇ ਬਿਨਾ ਪੁਛੇ ਕੁੰਡਾ ਕਿਓ ਖੋਲੇ ਨੀ,
ਸਾਡੇ ਬਿਨਾ .........।

ਸਹੁਰੇ ਮੇਰੇ ਨੇ ਕਰੇਲੇ ਲਿਆਂਦੇ,
ਸੱਸ ਮੇਰੀ ਨੇ ਤੜਕੇ,
ਨੀ ਮੇਰੇ ਬਾਰੀ ਇਉ ਪਤੀਲਾ ਖੜਕੇ,
ਨੀ ਮੇਰੇ ........।

ਇਸ ਤਰ੍ਹਾਂ ਲੋਕ ਬੋਲੀਆਂ ਵਿੱਚ ਨੂੰਹ -ਸਹੁਰੇ ਦੇ ਰਿਸ਼ਤੇ ਦਾ ਜ਼ਿਕਰ
ਕੀਤਾ ਗਿਆ ਹੈ । ਇਹ ਬੋਲੀਆਂ ਪੰਜਾਬੀ ਕੌਮ ਦਾ ਮੁਹਾਂਦਰਾ ਹਨ।ਇਹਨਾਂ ਵਿੱਚ ਪਿਆਰ ਦੇ ਬੋਲ , ਨਫ਼ਰਤ ਦੇ ਬੋਲ , ਮੇਲ - ਮਿਲਾਪ ਅਤੇ ਜੁਦਾਈ ਹੈ। ਬੋਲੀਆਂ ਵਿੱਚ ਲੜਾਈ ਹੈ ਸੁਲਹ ਵੀ ਹੈ। ਅੰਤ ਵਿੱਚ ਇਹੋ ਕਹਾਂਗੀ ਕਿ ਨੂੰਹ ਤੇ ਸਹੁਰੇ ਦਾ ਰਿਸ਼ਤਾ ਬਾਪ-ਧੀ ਵਾਲਾ ਹੁੰਦਾ ਹੈ ।ਇਹ ਹਮੇਸ਼ਾ ਹੀ ਬਣਿਆਂ ਰਹਿੰਦਾ ਹੈ ਜੇਕਰ ਦੋਨੋ ਪਾਸੇ ਪਿਆਰ ਤੇ ਸਤਿਕਾਰ ਜ਼ਿੰਦਾ ਹੈ ।ਇੱਕ ਧੀ ਨੂੰ ਹਮੇਸ਼ਾ ਸਹੁਰੇ ਪਰਿਵਾਰ ਵਿੱਚ ਸੱਸ-ਸਹੁਰੇ ਨੂੰ ਇੱਜ਼ਤ ਮਾਣ ਦੇਣਾ ਚਾਹੀਦਾ ਹੈ ਮਾਤਾ -ਪਿਤਾ ਵਾਂਗ ਸਮਝਣਾ ਚਾਹੀਦਾ ਹੈ ।ਕਿਉਂਕਿ ਮਾਤਾ -ਪਿਤਾ ਜ਼ਿੰਦਗੀ ਦਾ ਸ਼ਰਮਾਇਆ ਹੁੰਦੇ ਹਨ।

ਗਗਨਦੀਪ ਕੌਰ ਧਾਲੀਵਾਲ ।
9988933161

ਅੱਜ ਜਨਮ ਦਿਨ (2 ਮਾਰਚ) 'ਤੇ ਭਾਈ ਸਾਹਿਬ ਸਿਰਦਾਰ ਕਪੂਰ ਸਿੰਘ ਨੂੰ ਯਾਦ ਕਰਦਿਆਂ - ਸ. ਗੁਰਤੇਜ ਸਿੰਘ ਆਈ.ਏ.ਐਸ. (ਸਾਬਕਾ)

ਜਾਪਦਾ ਹੈ ਕਿ ਸਿਰਦਾਰ ਕਪੂਰ ਸਿੰਘ ਦੀ ਸ਼ਖ਼ਸੀਅਤ ਨੂੰ ਵਿਧਾਤਾ ਨੇ ਬੜੀ ਨੀਝ ਨਾਲ ਘੜ ਕੇ ਮਨੁੱਖੀ ਉੱਤਮਤਾਈ ਦੇ ਕਈ ਗੁਣਾਂ ਨਾਲ ਸ਼ਿੰਗਾਰਿਆ ਸੀ। ਇੱਕ ਦਰਮਿਆਨੇ ਕੱਦ ਦੇ ਮਨੁੱਖੀ ਸਰੀਰ ਵਿੱਚ ਵੱਡੇ ਬੌਧਿਕ ਗੁਣਾਂ ਨੂੰ ਸਮਾ ਕੇ, ਓਸ ਉੱਤੇ ਅਨਿੰਨ ਸ਼ਰਧਾ ਦਾ ਲੇਪ ਕਰ ਕੇ ਐਸਾ ਪੁਤਲਾ ਗੁਰੂ ਨੇ ਸਾਜਿਆ ਜੋ ਸਿੱਖੀ ਦਾ ਮਹਾਨ ਥੰਮ੍ਹ ਅਤੇ ਮਨੁੱਖਤਾ ਦਾ ਚਾਨਣ ਮੁਨਾਰਾ ਹੋ ਨਿੱਬੜਿਆ। ਓਸ ਨੇ ਇੱਕ ਹੱਥੀਂ ਵਾਹੀ ਕਰਦੇ ਮੱਧਵਰਗੀ ਪਰਿਵਾਰ ਵਿੱਚੋਂ ਸ਼ੁਰੂ ਕਰ ਕੇ ਆਈ. ਸੀ. ਐਸ. ਅਤੇ ਸੰਸਦ ਮੈਂਬਰ ਤੱਕ ਦਾ ਰੰਗੀਨ ਸਫ਼ਰ ਬੜੀ ਸਜ-ਧਜ ਨਾਲ, ਪੂਰਣ ਸੰਜੀਦਗੀ ਨਾਲ ਸੰਪੰਨ ਕੀਤਾ। ਹਿੱਸੇ ਆਈ ਗੁੰਮਨਾਮੀ ਅਤੇ ਇਕੱਲ ਨੂੰ ਵੀ ਬੜੇ ਸਹਿਜ ਨਾਲ, ਬੜੇ ਧੀਰਜ ਨਾਲ, ਪੂਰਨ ਸਿਦਕ ਨਾਲ ਹੰਢਾਇਆ। ਆਖ਼ਰ ਉਹ ਸਿੱਖ ਸੋਚਵਾਨਾਂ ਲਈ ਵੱਡਾ ਉਤਸ਼ਾਹ ਦਾ ਸੋਮਾ ਬਣ ਗਿਆ।

ਵਿਦਿਆਰਥੀ ਜੀਵਨ ਤੋਂ ਸ਼ੁਰੂ ਹੋ ਕੇ ਪੜਚੋਲ ਕਰਨ ਦੀ ਬਿਬੇਕ ਅਤੇ ਅਣਥੱਕ ਮਿਹਨਤ ਰਾਹੀਂ ਹਰ ਮਸਲੇ ਦੀ ਡੂੰਘਾਈ ਤੱਕ ਪੜਤਾਲ ਕਰਨ ਦਾ ਉਸ ਦਾ ਸੁਭਾਅ ਤੋੜ ਨਿਭਿਆ। ਕੋਈ ਨਾਜਾਇਜ਼ ਝੇਪ, ਕਿਸੇ ਦੁਨਿਆਵੀ ਸ਼ਕਤੀ ਦਾ ਭਉ ਓਸ ਨੂੰ ਗੁਰੂ ਦੇ ਰਾਹ ਉੱਤੋਂ ਵਿਚਲਿਤ ਨਾ ਕਰ ਸਕਿਆ। ਜ਼ਿੰਦਗੀ ਦੇ ਹਰ ਪੜਾਅ ਦੇ ਧਰਮ ਨੂੰ ਬਖ਼ੂਬੀ ਨਿਭਾਉਣਾਂ ਓਸ ਤੋਂ ਸਿੱਖਣਾ ਬਣਦਾ ਹੈ। ਇਨਸਾਨੀ ਜੀਵਨ ਦੀ ਬਿਹਤਰੀ ਦੀਆਂ ਸਿਖਰਾਂ ਨੂੰ ਛੁਹਣ ਦੇ ਓਸ ਕੋਲ ਕਈ ਗੁਰ ਸਨ। ਓਸ ਦੀ ਸ਼ਖ਼ਸੀਅਤ ਦੇ ਅਨੇਕਾਂ ਪਹਿਲੂ ਹਨ ਜਿਨ੍ਹਾਂ ਨੇ ਉਸ ਪ੍ਰਤੀ ਲੋਕ-ਮਨਾਂ ਵਿੱਚ ਅਸਾਧਾਰਣ ਸਨੇਹ ਅਤੇ ਸਤਿਕਾਰ ਪੈਦਾ ਕੀਤਾ।

ਏਹੋ ਸਨੇਹ ਉਹਨਾਂ ਦੇ ਤੁਰ ਜਾਣ ਤੋਂ ਢਾਈ ਦਹਾਕੇ ਬਾਅਦ ਵੀ ਲੋਕ-ਮਨਾਂ ਵਿੱਚ ਅਜੇ ਤੱਕ ਓਸੇ ਤੀਬਰਤਾ ਨਾਲ ਮੌਜੂਦ ਹੈ।

ਉਹ ਮਹਾਂ-ਤਿਆਗੀ ਤੱਤ-ਵੇਤਾ ਮੁੱਢਲੇ ਸੁਭਾਉ ਪੱਖੋਂ ਫ਼ਕੀਰੀ ਦੀ ਚਰਮ ਸੀਮਾ ਤੱਕ ਸੰਸਾਰਕ ਰਹਿਮਤਾਂ ਵੱਲੋਂ ਬੇ-ਨਿਆਜ਼ ਸੀ। ਸਾਰੀ ਉਮਰ ਉਹ ਮਹਾਂ-ਚੇਤੰਨ ਜਗਿਆਸੂ ਰਿਹਾ ਅਤੇ ਜੋ ਵੀ ਵਸਤੂ ਓਸ ਨੂੰ ਆਪੇ ਚੁਣੇ ਅਧਿਆਤਮਕ ਰਾਹ ਉੱਤੋਂ ਵਿਚਲਿਤ ਕਰਦੀ ਜਾਪੀ ਓਸ ਨੇ ਤੁਰੰਤ ਹੇਚ ਜਾਣ ਕੇ ਤਿਆਗ ਦਿੱਤੀ।

ਸਿਰਦਾਰ ਵਿੱਚ ਮਨੁੱਖੀ ਜੀਵਨ ਦੇ ਮਸਲਿਆਂ ਅਤੇ ਬੌਧਿਕ ਆਲਮ ਦੇ ਗੂੜ੍ਹ ਰਹੱਸ ਸਮਝਣ ਦੀ ਅਸਾਧਾਰਣ ਸਮਰੱਥਾ ਸੀ; ਉਹਨਾਂ ਦੀ ਖੁੱਲ੍ਹੀ ਵਿਆਖਿਆ ਕਰ ਸਕਣ ਦੀ ਅਮੁੱਕ ਦਲੇਰੀ ਸੀ। ਜਦੋਂ ਉਹ ਆਪਣੇ ਵਿਚਾਰਾਂ ਨੂੰ ਸਜੀਵ ਲਫ਼ਜ਼ਾਂ, ਸੰਕਲਪਾਂ, ਇਤਿਹਾਸਕ ਹਵਾਲਿਆਂ, ਸਾਹਿਤਕ ਬਿੰਬਾਵਲੀ, ਰੋਜ਼ਮੱਰਾ ਜੀਵਨ ਦੀਆਂ ਤਸ਼ਬੀਹਾਂ, ਮੁੱਢਲੇ ਫ਼ਲਸਫ਼ੇ ਅਤੇ ਸਮਕਾਲੀ ਮਨੁੱਖ ਦੇ ਸਰੋਕਾਰਾਂ ਨਾਲ ਸਜਾ, ਸੰਵਾਰ, ਸ਼ਿੰਗਾਰ ਕੇ ਪੇਸ਼ ਕਰਦਾ ਸੀ ਤਾਂ ਸੁਣਨ ਵਾਲਿਆਂ ਦੇ ਮਨ ਵਿੱਚ ਇੱਕ ਅਤਿਅੰਤ ਆਸ਼ਾਵਾਦੀ ਜਿਊਂਦਾ-ਜਾਗਦਾ ਸੰਸਾਰ ਸਿਰਜਿਆ ਜਾਂਦਾ ਸੀ। ਹਵਾਵਾਂ ਕੰਨ ਧਰ ਕੇ ਓਸ ਨੂੰ ਸੁਣਦੀਆਂ ਸਨ ਅਤੇ ਹਨੇਰੀਆਂ ਦਾਦ ਦੇਣ ਲਈ ਘੜੀ ਦੋ ਘੜੀ ਥੰਮ੍ਹ ਜਾਂਦੀਆਂ ਸਨ। ਹਰ ਸ੍ਰੋਤਾ ਸਿਰਦਾਰ ਦੇ ਹਾਣ ਦੀ ਸਮਝ ਨਾਲ ਚਰਚਿਤ ਮਸਲਿਆਂ ਨੂੰ ਵਿਚਾਰਣ ਦੇ ਕਾਬਲ ਹੋ ਜਾਂਦਾ ਸੀ। ਸਾਧਾਰਣ ਪੇਂਡੂ ਜਨਤਾ ਤੋਂ ਲੈ ਕੇ ਉੱਚਤਮ ਵਿੱਦਿਅਕ ਸੰਸਥਾਵਾਂ ਵਿੱਚ ਬੈਠੇ ਧੁਰੰਦਰ ਵਿਚਾਰਵਾਨ ਓਸ ਦੇ ਤਰਕ ਦੇ ਕਾਇਲ ਹੋ ਜਾਂਦੇ ਸਨ।

ਕੌਮੀ ਮਸਲਿਆਂ ਉੱਤੇ ਤਰਕ-ਸੰਗਤ, ਮੁੱਢੋਂ ਨਿਰੁੱਤਰ ਕਰਨ ਵਾਲੀ ਬਹਿਸ ਦਾ ਉਹ ਮਾਹਿਰ ਸੀ। ਏਸ ਵੱਡੇ ਪ੍ਰਤਿਭਾਸ਼ਾਲੀ ਗੁਣ ਦੀ ਓਸ ਨੇ ਵਿਧਾਨ ਸਭਾ, ਲੋਕ ਸਭਾ ਵਿੱਚ ਖ਼ੂਬ ਵਰਤੋਂ ਕੀਤੀ। ਰਣ-ਤੱਤੇ ਵਿੱਚ ਨੰਗੇ ਧੜ ਜੂਝਦੇ ਸੂਰਮਿਆਂ ਵਾਂਗ ਓਸ ਨੇ ਸੱਚਾਈ ਦਾ ਪੱਖ ਪੇਸ਼ ਕੀਤਾ। ਉਸ ਦੇ ਅਨੇਕਾਂ ਐਸੇ ਵਿਆਖਿਆਨ ਹਨ ਜਿਨ੍ਹਾਂ ਦੇ ਉੱਤਰ ਦੇਣ ਦੀ ਕਿਸੇ ਨੇ ਜੁਰਅਤ ਨਾ ਕੀਤੀ। 'ਸਿੱਖਾਂ ਨਾਲ ਵਿਸਾਹਘਾਤ' ਵਾਲਾ ਉਹਨਾਂ ਦਾ ਲੋਕ ਸਭਾ ਦਾ ਪ੍ਰਵਚਨ, ਜਿਸ ਵਿੱਚ ਭਾਰਤ ਦੀ 'ਹਜ਼ਾਰਾਂ ਸਾਲ ਪੁਰਾਣੀ' ਸ਼੍ਰੋਮਣੀ ਸਮਝੀ ਜਾਂਦੀ ਸੱਭਿਅਤਾ ਦੀ ਤਰਕਯੁਕਤ ਅਤੇ ਅਤਿਅੰਤ ਕਰੜੀ ਨਿਖੇਧੀ ਸੀ, ਨੂੰ ਵੀ ਵੱਡੇ ਨੀਤੀਵੇਤਾ ਸ਼ੀਰੇ ਮਾਦਰ ਸਮਝ ਕੇ ਡਕਾਰ ਗਏ; ਕਿਸੇ ਇੱਕ ਤਰਕ ਨੂੰ ਵੀ ਝੂਠਾ ਸਾਬਤ ਨਾ ਕਰ ਸਕੇ। ਨੀਵੀਂ ਪਾ ਕੇ ਘੋਰ ਨਮੋਸ਼ੀ ਦੇ ਸਮੁੰਦਰ ਵਿੱਚ ਗਰਕ ਹੋ ਕੇ ਸੁਣਦੇ ਰਹੇ। ਇੱਕ ਅੱਧ ਸੜਕਛਾਪ ਨੁਮਾ ਐਮ. ਪੀ. ਨੇ ਘਟੀਆ ਟਿੱਚਰ ਕਰਨ ਦੀ ਜੁਰਅਤ ਕਰ ਕੇ ਕੇਵਲ ਆਪਣੀ ਕੌਮ ਦੇ ਬੌਧਿਕ ਦਿਵਾਲੀਏਪਣ ਦਾ ਐਲਾਨ ਹੀ ਕੀਤਾ।

ਕਹਿਣ ਦੀ ਲੋੜ ਨਹੀਂ ਕਿ ਸਿੱਖੀ ਵਿੱਚ ਉਸ ਦਾ ਪ੍ਰਪੱਕ, ਅਹਿੱਲ ਯਕੀਨ ਸੀ। ਗੁਰੂ ਸਾਹਿਬਾਨ ਦੀ ਬਾਣੀ ਅਤੇ ਇਤਿਹਾਸ ਓਸ ਲਈ ਸਦਾ ਜੀਵਨ ਦੇ ਪ੍ਰੇਰਨਾ-ਸ੍ਰੋਤ ਬਣੇ ਰਹੇ। ਆਮ ਗੱਲਬਾਤ ਵਿੱਚ ਵੀ ਉਹ ਗੁਰੂ ਦਾ ਨਾਂਅ ਜ਼ੁਬਾਨ ਉੱਤੇ ਆਉਂਦਿਆਂ ਹੀ ਮੋਮ ਵਾਂਗ ਢਲ ਕੇ ਆਪਣੇ ਤਸੱਵਰ ਵਿੱਚ ਗੁਰੂ-ਚਰਨਾਂ ਨਾਲ ਲਿਪਟ ਜਾਂਦਾ ਸੀ। ਓਸ ਦੀ ਤੱਕਣੀ ਅਤੇ ਆਵਾਜ਼ ਵੀ ਬਦਲ ਜਾਂਦੀ, ਸੁਣਨ ਵਾਲੇ ਉੱਤੇ ਚੁੱਪੀ ਵਰਤ ਜਾਂਦੀ ਅਤੇ ਉਹ ਮਹਿਫ਼ਲ ਵਿੱਚ ਗੁਰੂ ਦੀ ਆਮਦ ਦੀ ਖੁਸ਼ਬੋ ਨੂੰ ਸੁੰਘਣ ਯੋਗ ਹੋ ਜਾਂਦਾ। ਕਈ ਵਾਰ ਵਜਦ ਵਿੱਚ ਆ ਕੇ ਭਾਈ ਸੰਤੋਖ ਸਿੰਘ ਦਾ, ''ਹਰਗੋਬਿੰਦ ਨੰਦਨ, ਨੰਦਨ ਕੋ ਅਭੀਬੰਦਨ ਕੈ ਪਦ ਜੇ ਅਰਬਿੰਦੂ। ਦੁੱਖ ਦੁੰਦ ਨਿਕੰਦਨ ਆਨੰਦ ਕੰਦ ਮੁਕੰਦ ..." ਨੂੰ ਗੁਣਗੁਣਾਉਣ ਲੱਗ ਪੈਂਦਾ।

ਬਾਅਦ ਵਿੱਚ ਮੈਂ ਇਹੋ ਖੂਬੀ ਅਤੇ ਏਸੇ ਕਿਸਮ ਦਾ ਵਤੀਰਾ ਅਤੇ ਹਾਵ-ਭਾਵ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਗੱਲਬਾਤ ਵਿੱਚ ਮਹਿਸੂਸ ਕੀਤੇ।

ਅਨੇਕਾਂ ਬੋਲੀਆਂ ਦਾ ਭਰਪੂਰ ਗਿਆਨ, ਧਰਮ ਦੀ ਸੋਝੀ, ਕਾਦਰ ਦੀ ਕੁਦਰਤ ਨਾਲ ਵਿਸ਼ਾਲ (ਸਭ ਕਾਸੇ ਨੁੰ ਗਲਵੱਕੜੀ ਵਿਚ ਲੈਣ ਵਾਲਾ) ਪਿਆਰ, ਫ਼ਲਸਫ਼ੇ ਦੀ ਪਿੱਠਭੂਮੀ, ਦੂਜੇ ਜਹਾਨ ਨਾਲ ਲਗਾਤਾਰ ਸਬੰਧ ਬਣਾਈ ਰੱਖਣ ਦੀ ਤਿੱਖੀ ਚਾਹ, ਗੁਰੂ-ਸੇਵਾ ਵਿੱਚ ਸਦਾ ਤਤਪਰ ਰਹਿਣ ਦੀ ਤੀਬਰ ਲਾਲਸਾ ਦਾ ਮੁੱਖ ਮੰਤਵ — ਜਦ ਇਹ ਸਭ ਮਿਲ ਕੇ ਸਿਆਹੀ ਸਿਰਜਦੇ ਸਨ ਤਾਂ ਸਿਰਦਾਰ ਦੇ ਵਾਕ ਅਤੇ ਲੇਖ ਬਣਦੇ ਸਨ। ਹਰ ਲਫ਼ਜ਼ ਵਿੱਚ ਸੱਚੀ ਟਕਸਾਲ ਦੇ ਅਹਿਰਣ ਉੱਤੇ ਘੜੇ ਹੋਏ ਸਿੱਕੇ ਦੀ ਟੁਣਕਾਰ ਹੁੰਦੀ ਸੀ। ਹਰ ਲੇਖ ਵਿੱਚ ਟਿਕਾਣੇ ਦੀ ਗੱਲ ਹੁੰਦੀ ਸੀ ਅਤੇ ਉਹ ਹਰ ਲੇਖ ਨੂੰ ਸਿਰੇ ਲਾਉਣ ਤੱਕ ਸਿਰਜਣ ਪ੍ਰਕਿਰਿਆ ਵਿੱਚ ਰੁੱਝਾ ਰਹਿੰਦਾ ਸੀ।

ਅਲਪ ਬੁੱਧੀ, ਖਰੜ ਗਿਆਨੀਆਂ, ਸਿਆਸੀ ਨੌਸਰਬਾਜ਼ਾਂ, ਵਿਹਲੜ ਘੁਣਤਰੀ ਵਿਤੰਡਾਵਾਦੀਆਂ, ਆਪਣੀ ਹਉਮੈ ਦੀ ਦਲਦਲ ਵਿੱਚ ਗਲ ਤੱਕ ਖੁਭੇ, ਆਪਣੀ ਆਵਾਜ਼ ਦੇ ਆਪੇ ਮੋਹੇ ਗਾਲੜੀਆਂ ਨੂੰ ਓਸ ਦਾ ਸੁਭਾਅ ਅੱਖੜ ਲੱਗਦਾ ਸੀ ਪ੍ਰੰਤੂ ਜਗਿਆਸੂਆਂ, ਸ਼ਰਧਾਵਾਨਾਂ ਦੀ ਝੋਲੀ ਓਸ ਦੇ ਦਰ ਤੋਂ ਜ਼ਰੂਰ ਬੇਸ਼ਕੀਮਤੀ ਮੋਤੀਆਂ ਦੀ ਖ਼ੈਰ ਪੈਂਦੀ ਸੀ।

ਮੈਂ ਕਦੇ ਗੁਰੂ ਬਿਨਾਂ ਕਿਸੇ ਮਨੁੱਖ ਨੂੰ ਆਪਣਾ ਪੀਰ ਨਹੀਂ ਜਾਣਿਆ ਪਰ ਜਦੋਂ ਡੌਕਟਰ ਗਰੇਵਾਲ ਨੇ ਇੱਕ ਸਭਾ ਵਿੱਚ ਮੈਨੂੰ ਸਿਰਦਾਰ ਦਾ 'ਚੇਲਾ' ਦੱਸਿਆ ਤਾਂ ਮੈਂ ਖਿੜੇ ਮੱਥੇ ਏਸ ਤਖੱਲਸ ਨੂੰ ਪੁੱਠੇ ਕੌਮਿਆਂ ਵਿੱਚ ਰੱਖ ਕੇ ਪ੍ਰਵਾਨ ਕਰ ਲਿਆ। 'ਚੇਲਾ' ਤਾਂ ਮੈਂ ਨਹੀਂ ਸਾਂ, ਨਾ ਹੀ ਅੱਜ ਹਾਂ (ਕਬੀਰ ਸਮੁੰਦੁ ਨ ਛੋਡੀਐ ਜਉ ਅਤਿ ਖਾਰੋ ਹੋਇ॥ ਪੋਖਰਿ ਪੋਖਰਿ ਢੂਢਤੇ ਭਲੋ ਨ ਕਹਿਹੈ ਕੋਇ॥) ਪਰ ਓਸ ਸਭਾ ਵਿੱਚ ਏਸ ਨੁਕਤੇ ਉੱਤੇ ਇਤਰਾਜ਼ ਜਤਾਉਣ ਨਾਲ ਸਿਰਦਾਰ ਦੀ ਹੇਠੀ ਹੁੰਦੀ ਸੀ ਜੋ ਨਾ-ਕਾਬਲੇ-ਬਰਦਾਸ਼ਤ ਸੀ। ਉਂਝ ਵੀ ਓਸ ਬੇਪਰਵਾਹ ਫ਼ਕੀਰ ਦਾ ਚੇਲਾ ਹੋਣਾ ਕਿਸੇ ਵਾਸਤੇ ਵੀ ਮਾਣ-ਵਰਧਕ ਸੰਕਲਪ ਹੈ।

ਇੱਕ ਦਿਨ ਸਿਰਦਾਰ ਆਉਣ ਵਾਲੇ ਸਮੇਂ ਦੇ ਇਸ਼ਾਰਿਆਂ ਦਾ ਵਿਸ਼ਲੇਸ਼ਣ ਕਰ ਰਿਹਾ ਸੀ। ਪਰਲ ਬੱਕ ਦੀ ਕਿਤਾਬ ਗੁੱਡਅਰਥ ਦਾ ਇੱਕ ਦ੍ਰਿਸ਼ਟਾਂਤ ਓਸ ਦੀ ਯਾਦਗਾਰ ਵਿੱਚ ਉੱਭਰਿਆ। 'ਚੀਨ ਦਾ ਮਾਤਮ' ਅਖਵਾਉਂਦਾ ਦਰਿਆ ਸਭ ਮਰਿਯਾਦਾਵਾਂ ਤੋੜ ਕੇ ਕਿਨਾਰਿਆਂ ਤੋਂ ਬਾਹਰ ਵਗਣ ਲੱਗ ਪਿਆ। ਨੇੜੇ-ਤੇੜੇ ਵੱਸਦੇ ਸਭ ਕਿਸਾਨ ਉੱਜੜ-ਪੁੱਜੜ ਗਏ। ਕੁਝ ਕੁ ਥੋੜ੍ਹਾ-ਬਹੁਤ ਜ਼ਰੂਰੀ ਸਮਾਨ ਬਚਾਉਣ ਵਿੱਚ ਕਾਮਯਾਬ ਹੋਏ। ਇੱਕ ਅਜਿਹੇ ਕਿਸਾਨ ਨੇ ਸਮਾਨ ਦੀ ਵਹਿੰਗੀ ਮੋਢਿਆਂ ਉੱਤੇ ਰੱਖ ਕੇ ਸੁੱਕੀ ਜ਼ਮੀਨ ਵੱਲ ਚਾਲੇ ਪਾ ਦਿੱਤੇ। ਸਾਰੇ ਸਮਾਨ ਤੋਂ ਉੱਤੇ, ਸਭ ਤੋਂ ਮਹਿਫ਼ੂਜ਼ ਕਰ ਕੇ ਓਸ ਨੇ ਮਿੱਟੀ ਦੀ ਇੱਕ ਕੁੱਜੀ ਰੱਖੀ। ਬੜੀ ਸਾਂਭ-ਸੰਭਾਲ ਨਾਲ ਉਹ ਓਸ ਦਾ ਖਿਆਲ ਰੱਖ ਰਿਹਾ ਸੀ। ਕਿਸੇ ਵੇਖਣ ਵਾਲੇ ਨੇ ਪੁੱਛਿਆ ਤਾਂ ਓਸ ਨੇ ਕਿਹਾ, 'ਏਸ ਵਿੱਚ ਬੀਅ ਹੈ। ਦਰਿਆ ਤਬਾਹੀ ਕਰ ਕੇ ਥੱਕ ਜਾਵੇਗਾ, ਆਪਣੀ ਮਰਿਯਾਦਾ ਨੂੰ ਯਾਦ ਕਰ ਕੇ ਆਪਹੁਦਰੀਆਂ ਬੰਦ ਕਰ ਦੇਵੇਗਾ ਅਤੇ ਮੁੜ ਕੇ ਕਿਨਾਰਿਆਂ ਤੋਂ ਹੇਠਾਂ ਹੋ ਕੇ ਵਗਣ ਲੱਗੇਗਾ। ਮੇਰੀ ਧਰਤੀ ਏਸ ਦੀ ਗਰਿਫ਼ਤ ਵਿੱਚੋਂ ਮੁਕਤ ਹੋ ਕੇ ਫੇਰ ਮੇਰਾ ਭੁੱਖਾ ਢਿੱਡ ਭਰਨਾ ਲੋਚੇਗੀ ਤਾਂ ਓਸ ਵੇਲੇ ਮੈਂ ਇਹ ਬੀਅ ਏਸ ਵਿੱਚ ਬੀਜਾਂਗਾ। ਭਰਪੂਰ ਫ਼ਸਲਾਂ ਹੋਣਗੀਆਂ। ਅਸੀਂ ਸਾਰਾ ਪਰਿਵਾਰ ਰਲ ਕੇ ਖਾਵਾਂਗੇ ਅਤੇ ਵਾਧੂ ਅਨਾਜ ਜਾਨਵਰਾਂ, ਦੂਜੇ ਭੁੱਖੇ ਲੋਕਾਂ ਦੇ ਕੰਮ ਆਵੇਗਾ।'

ਸਿਰਦਾਰ ਕਹਾਣੀ ਸੁਣਾ ਕੇ ਆਖਣ ਲੱਗਾ, ''ਆਉਣ ਵਾਲੇ ਸਮਿਆਂ ਵਿੱਚ ਸਿੱਖੀ ਉੱਤੇ ਅਨੇਕਾਂ ਮਾਰੂ ਹਮਲੇ ਹੋਣਗੇ। ਕਿਸੇ ਵੇਲੇ ਸਭ ਕੁਝ ਰੁੜ੍ਹ ਗਿਆ ਜਾਪੇਗਾ। ਅਸੁਰੀ ਸ਼ਕਤੀਆਂ ਸਭ ਕੁਝ ਨਿਗ਼ਲ ਜਾਣਗੀਆਂ। ਓਸ ਵੇਲੇ ਵਿਚਲਿਤ ਨਹੀਂ ਹੋਣਾ। ਗੁਰੂ ਭਰੋਸੇ ਚੰਗੇ ਦਿਨਾਂ ਦੀ ਆਮਦ ਦੀ ਆਸ ਟੁੱਟਣ ਨਹੀਂ ਦੇਣੀ। ਅਸਲ ਸਿੱਖੀ ਦੇ ਬੀਅ ਨੂੰ ਘੁੱਟ ਕੇ ਗਲ਼ ਨਾਲ ਲਾਈ ਰੱਖਣਾ। ਬੀਅ ਵਿੱਚ ਬੜੀ ਸ਼ਕਤੀ ਹੈ। ਮਿਸਰ ਦੀਆਂ ਪਿਰਾਮਿਡਾਂ ਵਿੱਚੋਂ ਬੀਅ ਮਿਲੇ ਹਨ ਜੋ ਬੀਜਦਿਆਂ ਸਾਰ ਹੀ ਪੌਦੇ-ਪੇੜ ਬਣ ਗਏ। ਦਰਿਆ ਦੇ ਕਹਿਰ ਤੋਂ ਬਾਅਦ ਧਰਤੀ ਹੋਰ ਉਪਜਾਊ ਹੋ ਜਾਵੇਗੀ। ਸੂਰਜ ਨਵਾਂ ਜੀਵਨ ਲੈ ਕੇ ਰੌਸ਼ਨੀ ਬਿਖੇਰੇਗਾ, ਓਸ ਬੀਅ ਨੂੰ ਦੁਬਾਰੇ ਬੀਜ ਦੇਣਾ। ਉਹ ਸਿੱਖੀ ਦੀ ਨਵੀਂ ਫ਼ਸਲ ਪੈਦਾ ਕਰੇਗਾ। ਛੋਟੇ-ਛੋਟੇ ਬੀਆਂ ਤੋਂ ਹੀਂ ਵੱਡੇ-ਵੱਡੇ ਦਰਖਤ ਬਣਦੇ ਹਨ, ਜੋ ਪਸ਼ੂ-ਪੰਖੀਆਂ ਦਾ ਆਸਰਾ ਅਤੇ ਮਨੁੱਖ ਨੂੰ ਛਾਂ ਪ੍ਰਦਾਨ ਕਰਨ ਦੇ ਕਾਬਲ ਹੁੰਦੇ ਹਨ। ਏਸ ਲਈ ਸੰਕਟ ਸਮੇਂ ਸਭ ਤੋਂ ਵੱਧ ਸਾਂਭਣ ਵਾਲੀ ਵਸਤੂ ਬੀਅ ਹੀ ਹੁੰਦਾ ਹੈ।''

ਪੇਸ਼ੇ ਵਜੋਂ ਇੱਕ ਕਿਸਾਨ ਹੋਣ ਦੇ ਨਾਤੇ ਮੈਂ ਕਾਮਨਾ ਕਰਦਾ ਹਾਂ ਕਿ ਗੁਰੂ ਕੇ ਲਾਲ ਸਿਰਦਾਰ ਦੇ ਕਹੇ ਮੁਤਾਬਕ ਸਿੱਖੀ ਦੇ ਬੀਜ ਨੂੰ ਸੰਭਾਲ ਕੇ ਰੱਖਣ ਤੇ ਢੁਕਵਾਂ ਸਮਾਂ ਆਉਣ 'ਤੇ ਏਸ ਵਿੱਚੋਂ ਭਰਪੂਰ ਫ਼ਸਲ ਹੋਵੇ; ਆਪ ਵੀ ਰੱਜ ਜਾਈਏ, ਇਹਨਾਂ ਖੇਤਾਂ ਉੱਤੇ ਨਿਰਭਰ ਪਸ਼ੂ-ਪੰਖੀ ਵੀ ਤ੍ਰਿਪਤ ਹੋਣ ਅਤੇ ਹਰ ਭੁੱਖੇ ਦੀ ਗੁਰ-ਸ਼ਬਦ ਨਾਲ ਭੁੱਖ ਦੂਰ ਹੋਵੇ, ਜਗਿਆਸੂ ਸਰਸ਼ਾਰ ਹੋਣ। ਗੁਰੂ-ਪ੍ਰਮੇਸ਼ਰ ਦੀ ਹਰ ਸੁਖ ਪ੍ਰਦਾਨ ਕਰਨ ਵਾਲੀ ਝਲਕ ਪਾਉਣ।

ਸਮਝ ✍️ ਸੰਦੀਪ ਦਿਉੜਾ

  ਗੁਰਪ੍ਰੀਤ ਸਿੰਘ ਨੇ ਅੱਠਵੀਂ ਜਮਾਤ ਆਪਣੇ ਪਿੰਡ ਵਾਲੇ ਮਿਡਲ ਸਕੂਲ ਵਿੱਚੋਂ ਪਾਸ ਕਰਕੇ ਨੌਵੀੰ ਜਮਾਤ ਵਿੱਚ ਮੇਰੇ ਸਕੂਲ ਵਿੱਚ ਦਾਖਲਾ ਲਿਆ ਸੀ। ਦੇਖਣ ਨੂੰ ਤਾਂ ਗੁਰਪ੍ਰੀਤ ਵਧੀਆ ਲੱਗਦਾ ਸੀ ਪਰ ਜਦੋਂ ਪੜ੍ਹਾਈ ਦੀ ਗੱਲ ਆਈ ਤਾਂ ਉਹ ਜਵਾਂ ਈ ਕੋਰਾ ਪੇਜ ਸੀ। ਮੇਰਾ ਮਤਲਬ ਉਸਨੂੰ ਕੁਝ ਵੀ ਨਹੀਂ ਆਉਂਦਾ ਸੀ। 

            "ਯਾਰ ਕਮਾਲ ਹੈ ਗੁਰਪ੍ਰੀਤ ਮੈਨੂੰ ਸਮਝ ਨਹੀਂ ਆਉਂਦੀ ਕਿ ਤੂੰ ਅੱਠ ਜਮਾਤਾਂ ਪਾਸ ਕਿਵੇਂ  ਕਰ ਲਈਆਂ।ਪਹਿਲਾਂ ਨਹੀਂ ਪੜਿਆ ਤਾਂ ਕੋਈ ਨਾ ਹੁਣ ਹੀ ਪੜ੍ਹ ਲਿਆ ਕਰ। ਕੱਲ੍ਹ ਨੂੰ ਕੀ ਕਰੇਗਾ। " ਜਦੋਂ ਵੀ ਕੋਈ ਅਧਿਆਪਕ ਕਲਾਸ ਵਿੱਚਆਉਂਦਾ ਉਸਨੂੰ ਇਹ ਹੀ ਸ਼ਬਦ ਬੋਲਦਾ ਹੁੰਦਾ ਸੀ ਪਰ ਧੰਨ ਦਾ ਉਹ ਮੁੰਡਾ ਸੀ ਜਿਸਦੇ ਕੰਨ ਉੱਤੇ ਕਦੇ ਵੀ ਜੂੰ ਨਹੀਂ ਸਰਕਦੀ ਸੀ। ਉਹ ਤਾਂ ਬਸ ਨੀਵੀਂ ਪਾ ਕੇ ਖੜ੍ਹਾ ਰਹਿੰਦਾ ਸੀ। ਕਈ ਵਾਰ ਤਾਂ ਗੁੱਸੇ ਵਿੱਚ ਕੋਈ ਨਾ ਕੋਈ ਅਧਿਆਪਕ ਉਸਦੇ ਥੱਪੜ ਵੀ ਮਾਰ ਦਿੰਦਾ ਸੀ। ਪਰ ਇੱਕ ਉਹ ਸੀ ਮਾਂ ਦਾ ਪੁੱਤ ਜਿਸਨੇ ਨਾ ਤਾਂ ਕਦੇ ਗੁੱਸਾ ਕੀਤਾ ਸੀ ਤੇ ਨਾ ਹੀ ਸਕੂਲ ਦਾ ਕੋਈ ਵੀ ਕੰਮ। ਉਸਦੀ ਕਿਸਮਤ ਸੀ ਕਿ ਸਾਲ ਦੇ ਅੰਤ ਵਿੱਚ ਮਹਾਂਮਾਰੀ ਆ ਗਈ ਤੇ ਉਹ ਵੀ ਬਾਕੀ ਵਿਦਿਆਰਥੀਆਂ ਦੇ ਵਾਂਗ ਨੋਵੀਂ ਜਮਾਤ ਪਾਸ ਕਰਕੇ ਦਸਵੀਂ ਵਿੱਚ ਆ ਗਿਆ ਤੇ ਅਗਲੇ ਸਾਲ ਤੱਕ ਇੰਝ ਹੀ ਚੱਲਦਾ ਰਿਹਾ ਤੇ ਬਿਨਾਂ ਪੜਿਆ ਹੀ ਉਹ ਦਸਵੀਂ ਜਮਾਤ ਵੀ ਪਹਿਲੇ ਦਰਜੇ ਵਿੱਚ ਪਾਸ ਕਰ ਗਿਆ। 

           ਇੱਧਰ ਗੁਰਪ੍ਰੀਤ ਨੇ ਦਸਵੀਂ ਪਾਸ ਕੀਤੀ ਹੀ ਸੀ ਕਿ ਡਾਕਖ਼ਾਨੇ ਵਿੱਚ ਨੋਕਰੀਆਂ ਨਿਕਲ ਆਈਆਂ। ਪਹਿਲੇ ਦਰਜੇ ਵਿੱਚ ਦਸਵੀਂ ਪਾਸ ਕੀਤੀ ਹੋਣ ਕਰਕੇ ਤੇ ਕੋਟੇ ਵਿੱਚ ਗੁਰਪ੍ਰੀਤ ਨੂੰ ਡਾਕਖਾਨੇ ਵਿੱਚ ਨੋਕਰੀ ਵੀ ਮਿਲ ਗਈ। ਨੋਕਰੀ ਮਿਲਦੇ ਹੀ ਉਹ ਅਗਲੇ ਦਿਨ ਸਕੂਲ ਵਿੱਚ ਮਠਿਆਈ ਦਾ ਡੱਬਾ ਲੈ ਕੇ ਆ ਗਿਆ। 

          "ਸਰ ਜੀ ਸਤਿ ਸ੍ਰੀ ਅਕਾਲ। "ਡੱਬਾ ਅੱਗੇ ਕਰਦੇ ਹੋਏ ਗੁਰਪ੍ਰੀਤ ਨੇ ਮੇਰੇ ਪੈਰੀਂ ਹੱਥ ਲਗਾ ਦਿੱਤੇ। 

                   "ਉਏ ਤੈਨੂੰ ਐਨੀ ਕਿਹੜੀ ਕਾਹਲੀ ਸੀ ਵਿਆਹ ਦੀ ਦਸਵੀਂ ਪਾਸ ਕਰਦੇ ਹੀ ਵਿਆਹ ਕਰਵਾ ਲਿਆ! "ਮੈਂ ਬੜੀ ਹੈਰਾਨੀ ਨਾਲ ਡੱਬਾ ਦੇਖਦੇ ਹੀ ਉਸਨੂੰ ਬਿਨਾਂ ਸੁਣੇ ਹੀ ਬੋਲ ਪਿਆ। 

      " ਸਰ ਜੀ ਵਿਆਹ ਨਹੀਂ ਜੀ ਮੈਨੂੰ ਡਾਕਖਾਨੇ ਵਿੱਚ ਸਰਕਾਰੀ ਨੌਕਰੀ ਮਿਲੀ ਹੈ ਜੀ।ਇਸ ਲਈ ਮੈਂ ਤੁਹਾਡਾ ਮੂੰਹ ਮਿੱਠਾ ਕਰਵਾਉਣ ਲਈਆਇਆਂ ਹਾਂ। "

              "ਡਾਕਖਾਨੇ ਵਿੱਚ ਨੋਕਰੀ ਮਿਲ ਗਈ ਹੈ। ਇਹ ਤਾਂ ਬਹੁਤ ਵਧੀਆ ਗੱਲ ਹੈ ਪਰ ਪੁੱਤਰ ਤੂੰ ਇੱਥੇ ਕਰੇਗਾ ਕੀ? ਤੈਨੂੰ ਲਿਖਣਾ ਪੜਨਾ ਤਾਂ ਆਉਂਦਾ ਨਹੀਂ। "

          "ਸਰ ਜੀ ਆਪੇ ਹੀ ਵੇਖੀ ਜਾਵੇਗੀ। "

       ਲਗਭਗ ਸੱਤ ਮਹੀਨਿਆਂ ਬਾਅਦ ਗੁਰਪ੍ਰੀਤ ਇੱਕ ਦਿਨ ਫ਼ੇਰ ਸਕੂਲ ਵਿੱਚ ਬਰਫ਼ੀ ਦਾ ਡੱਬਾ ਲੈ ਕੇ ਆਇਆਂ। 

      " ਸਰ ਜੀ ਸਤਿ ਸ੍ਰੀ ਅਕਾਲ। "

    "ਆਹ ਤਾਂ ਪੱਕਾ ਹੀ ਤੇਰੇ ਵਿਆਹ ਵਾਲਾ ਡੱਬਾ ਹੈ, ਕਿਉਂ ਕਿੱਥੇ ਕਰਵਾ ਲਿਆ ਵਿਆਹ ਫ਼ੇਰ? " 

                    "ਨਹੀਂ ਸਰ ਜੀ ਮੈਂ ਵਿਆਹ ਨਹੀਂ ਕਰਵਾਇਆ। "

         ""ਜੇ ਤੇਰਾ ਨਹੀਂ ਤਾਂ ਤੇਰੀ ਭੈਣ ਦਾ ਵਿਆਹ ਹੋ ਗਿਆ। "

            " ਨਹੀਂ ਸਰ ਜੀ। "

    "ਯਾਰ ਫ਼ੇਰ ਕੀ ਤੇਰੀ ਤਰੱਕੀ ਹੋ ਗਈ ਹੈ। "

      " ਤੁਸੀਂ ਇਹ ਹੀ ਸਮਝ ਲਵੋਂ ਸਰ ਜੀ। "

           "ਇਹ ਹੀ ਸਮਝ ਲਵਾਂ, ਇਸਦਾ ਮਤਲਬ ਤਰੱਕੀ ਵੀ ਨਹੀਂ ਹੋਈ। ਫ਼ੇਰ ਕਿਸ ਖੁਸ਼ੀ ਵਿੱਚ ਮੂੰਹ ਮਿੱਠਾ ਕਰਵਾ ਰਿਹਾ ਹੈ। "

           "ਸਰ ਜੀ ....... ਮੈਨੂੰ ਤੁਹਾਡੀ ਸਮਝਾਈ ਗੱਲ ਦੇਰੀ ਨਾਲ ਹੀ ਸਹੀ ਪਰ ਸਮਝ ਆ ਗਈ ਹੈ ਜੀ ਇਸ ਲਈ।"

           ""ਕਿਹੜੀ ਗੱਲ ਗੁਰਪ੍ਰੀਤ? "

       "ਇਹ ਹੀ ਜੀ ਕੀ ਪੜ੍ਹਾਈ ਬਹੁਤ ਜਰੂਰੀ ਹੈ।ਜਦੋਂ ਮੈਨੂੰ ਨੋਕਰੀ ਮਿਲੀ ਤਾਂ ਮੈਨੂੰ ਕੁਝ ਵੀ ਲਿਖਣਾ ਪੜਨਾ  ਨਹੀਂ ਆਉਂਦਾ ਸੀ ਤੇ ਪੂਰੇ ਦਫ਼ਤਰ ਵਿੱਚ ਮੇਰਾ ਮਜ਼ਾਕ ਬਣ ਜਾਂਦਾ ਸੀ। ਕੋਈ ਵੀ ਕੰਮ ਦੇਣ ਤੋਂ ਪਹਿਲਾਂ ਮੈਨੂੰ ਮਜ਼ਾਕ ਕਰਦਾ ਕਿ ਤੈਨੂੰ ਦਸਖਤ ਕਰਨ ਤੋਂ ਵੱਧ ਕੁਝ ਵੀ ਆਉਂਦਾ। ਤੈਨੂੰ ਕੰਮ ਕੀ ਦੇਣਾ ਹੈ। ਤੂੰ ਤਾਂ ਸਰਕਾਰੀ ਜਵਾਈ ਵਾਲੀ ਗੱਲ ਨੂੰ ਸੱਚ ਸਾਬਿਤ ਕਰ ਦਿੱਤਾ ਹੈ। ਉਹਨਾਂ ਦੀਆਂ ਗੱਲਾਂ ਸੁਣ- ਸੁਣ ਕੇ ਮੈਨੂੰ ਆਪਣੇ ਆਪ ਉੱਤੇ ਹੀ ਸ਼ਰਮ ਆਉਣ ਲੱਗ ਪਈ। ਮੈਂ ਇੱਕ ਦਿਨ ਸੋਚਿਆਂ ਕਿ ਕਿਉਂ ਨਾ ਮੈਂ  ਨੋਕਰੀ ਹੀ ਛੱਡ ਦੇਵਾਂ ਪਰ ਮੈਨੂੰ ਤੁਹਾਡੀ ਸਮਝਾਈ ਗੱਲ ਯਾਦ ਆਈ ਕਿ ਸਿੱਖਣ ਦੀ ਕੋਈ ਉਮਰ ਨਹੀਂ ਹੁੰਦੀ। ਬਸ ਫ਼ੇਰ ਕੀ ਸੀ ਮੈਂ ਪਹਿਲਾਂ ਪੜਨਾ ਤੇ ਫ਼ੇਰ ਹੌਲੀ- ਹੌਲੀ ਲਿਖਣਾ ਵੀ ਸਿੱਖ ਲਿਆ। ਮੈਂ ਅੱਜ ਆਪਣੇ ਸਾਰੇ ਦਫ਼ਤਰੀ ਕੰਮ ਆਪ ਕਰ ਰਿਹਾ ਹਾਂ। ਅਸਲ ਵਿੱਚ ਤਾਂ ਮੈਂ ਅੱਜ ਹੀ ਨੋਕਰੀ ਦੇ ਯੋਗ ਹੋਇਆਂ ਹਾਂ।ਇਸ ਲਈ ਤੁਹਾਡਾ ਮੂੰਹ ਮਿੱਠਾ ਕਰਵਾਉਣ ਲਈ ਆਇਆਂ ਹਾਂ। ਅੱਜ ਸਰ ਜੀ ਤੁਸੀਂ ਮੇਰੇ ਉੱਤੇ ਮਾਣ ਕਰ ਸਕਦੇ ਹੋ ਤੇ ਆਖ ਸਕਦੇ ਹੋ ਕਿ ਗੁਰਪ੍ਰੀਤ  ਸਾਡਾ ਵਿਦਿਆਰਥੀ ਹੈ।ਕਾਸ਼..! ਜੇਕਰ ਮੈਂ ਤੁਹਾਡੀਆਂ ਗੱਲਾ ਵੱਲ ਉਸ ਸਮੇਂ ਧਿਆਨ ਦਿੱਤਾ ਹੁੰਦਾ। "

               ਉਸ ਦੀਆਂ ਗੱਲਾ ਸੁਣ ਕੇ ਮੈਨੂੰ ਬਹੁਤ ਹੈਰਾਨੀ ਹੋ ਰਹੀ ਸੀ। 

        "ਗੁਰਪ੍ਰੀਤ ਮੇਰੀ ਇੱਕ ਗੱਲ ਹੋਰ ਮੰਨੇਗਾ। "

           " ਹੁਕਮ ਕਰੋ ਸਰ ਜੀ। "

     "ਤੂੰ ਆਪਣੇ ਸਕੂਲ ਦੇ ਬੱਚਿਆਂ ਨਾਲ ਆਪਣੇ ਇਹ ਵਿਚਾਰ ਜਰੂਰ ਸਾਂਝੇ ਕਰ ਤਾਂ ਜੋ ਉਹ ਵੀ ਤੇਰੇ ਵੱਲੋਂ ਕੀਤੀ ਮਿਹਨਤ ਤੋਂ ਸਿੱਖਿਆ ਲੈ ਸਕਣ। "

         "ਜਰੂਰ ਸਰ ਜੀ ਜਰੂਰ ਮੈਂ ਸਵੇਰੇ ਹੀ ਸਵੇਰ ਦੀ ਸਭਾ ਵਿੱਚ ਹਾਜ਼ਰ ਹੋ ਜਾਵਾਂਗਾ। "

                           ਸੰਦੀਪ ਦਿਉੜਾ

                        8437556667

ਆਪਣੀ ਸੋਚ ਮੁਤਾਬਕ ਕੌਮ ਨੂੰ ਅਧੂਰੀ ਜਾਣਕਾਰੀ ਦਾ ਪ੍ਰਚਾਰ ਕੌਮ ਲਈ ਘਾਤਕ ਹੋ ਸਕਦਾ ਹੈ ✍️ ਪਰਮਿੰਦਰ ਸਿੰਘ ਬੱਲ

ਕੌਮੀ ਤੌਰ ਤੇ ਕੌਮਾਂ ਦੇ ਚੰਗੇ ਗੁਣਾਂ ਤੋਂ ਪ੍ਰਭਾਵਾਂ ਨਾਲ ਹੀ ਉਹਨਾਂ ਦੇ ਵਿਰਸੇ ਦੀ ਚੰਗੀ ਜਾਂ ਅਨੁਭਵ ਪਛਾਣ ਦੇਖੀ ਜਾਂਦੀ ਹੈ । ਪਰ ਜੇ ਕੋਈ ਕੌਮ ਜਾਂ ਕਬੀਲਾ ਖੁਦ ਗੁਮਰਾਹ ਹੋਕੇ ਫਿਰ ਉਸੇ ਨੂੰ ਸਹੀ ਸਮਝ ਕੇ ਉਹੀ ਉਲਟਾ ਰਸਤਾ ਸਿੱਧਾ ਸਮਝ ਕੇ ਪ੍ਰਵਾਨ ਕਰਕੇ ਤੁਰੀ ਜਾਵੇ , ਤਾਂ “ਆਪ ਤਾਂ ਡੁੱਬੇ ਬਾਹਮਣਾਂ , ਜਜਮਾਨ ਵੀ ਨਾਲ਼ੇ “ ਵਾਲੀ ਗੱਲ  ਪੱਕੀ ਲੀਹ ਹੋ ਤੁਰਦੀ ਹੈ । ਯੂ ਕੇ ਵਿੱਚ ਸਿੱਖ ਸੰਸਥਾ ਫੈਡਰੇਸ਼ਨ ਨਾਲ਼ੋਂ ਟੁੱਟ ਕੇ ਦੋ ਆਗੂ ਇਸੇ ਤਰਾਂ ਦੀ ਪੱਟੀ ਤੇ ਤੁਰਦੇ ਕਈ ਉਲਾਂਗਾ ਪੁੱਟ ਚੁੱਕੇ ਹਨ , ਪਿੱਛੇ ਮੁੜ ਕੇ ਸੋਚਣ “ਚ ਅਸਮਰਥ ਹਨ , ਕਿਉਂ ਕਿ ਪੱਕੀ ਆਦਤ ਅਨੁਸਾਰ ਢਲਾਣ ਦਾ ਕਬੂਲਿਆ ਰਸਤਾ ਉਹਨਾਂ ਨੂੰ ਅਸਲੀਅਤ ਤੋਂ ਦੂਰ ਰੱਖ ਰਿਹਾ ਹੈ । ਅੱਜ ਕੱਲ ਚੇਅਰਮੈਨ ਸਾਹਿਬ ਤੇ ਹੋਮ ਆਫਿਸ ਕਲਰਕ ਸਾਹਿਬ ਵਲੋ , ਬਰਿਟਿਸ਼ ਹੋਮ ਸੈਕਟਰੀ, ਬੀਬੀ ਪ੍ਰੀਤੀ ਪਟੇਲ ਵਿਰੁੱਧ ,ਬੇਹੂਦਾ ਪ੍ਰਾਪੇਗੰਡਾ ਚਲਾ ਰੱਖਿਆ ਹੈ ਕਿ ਉਸ ਨੇ ਸਿੱਖਾਂ ਨੂੰ ਅੱਤਵਾਦੀ ਸਬੰਧਤ ਕਹਿਕੇ ਸੰਬੋਧਿਤ ਕੀਤਾ ਹੈ । ਇਹਨਾਂ ਨੇ ਕੁਝ ਮਹੀਨੇ ਪਹਿਲਾਂ , ਬਰਿਟਿਸ਼ ਪਰਾਈਮ ਮਨਿਸਟਰ ਵਿਰੁੱਧ ਇਸ ਕਰਕੇ ਉਲਾਂਭਾ ਦਿੱਤਾ ਸੀ ਕਿ ਜੌਨਸਨ ਨੇ ਸਿੱਖਾਂ ਨੂੰ ਗੁਰਪੁਰਬ ਦੀ ਵਧਾਈ ਨਹੀਂ ਦਿੱਤੀ । ਅਖੇ ਕੈਨਾਡਾ ਤੇ ਯੂ ਅੇਸ ਏ ਦੇ ਲੀਡਰਾਂ ਨੇ ਵਧਾਈ ਦਿੱਤੀ ਸੀ । ਕੀ ਇਹ ਭਿਖਾਰੀਪਨ ਹੈ ਜਾਂ ਲਾਗੀਆਂ ਦਾ ਲਾਗੀਪੁਣਾਂ ਕਿ ਵਧਾਈਆਂ ਲਈ ਇਸ ਤਰਾਂ ਲਾਗ ਮੰਗਦੇ ਫਿਰੋ ? ਕੀ ਇਹਨਾਂ ਨੇ ਕਿੰਨਿਆਂ ਕੁ ਨੇ ਕਦੇ ਬਰਿਟਿਸ਼ ਸਰਕਾਰ ਜਾਂ ਕਰਿਚੀਅਨ ਆਗੂਆਂ ਨੂੰ ਕ੍ਰਿਸਮਸ ,ਈਸਟਰ ਇਤਿਆਦਿਕ ਦਿਵਸਾਂ ਤੇ ਕਿਤਨੀਆਂ ਕੁ ਵਧਾਈਆਂ ਦਿੱਤੀਆਂ ਹਨ? ਐਵੇ ਖਾਸ ਮਖਾਹ ਫੋਕੀ ਪਬਲਿਸਿਟੀ ਖਾਤਰ ਕੌਮ ਦੇ ਲਾਗੀ ਬਣ ਰਹੇ ਹਨ ।ਇਸ ਨਾਲ ਹੀ ਸਿੱਖ ਕੌਸਲ ਦੇ ਆਗੂ ਨੇ ਵੀ ਅਜਿਹੀ ਹੀ ਕੰਪੇਨ ਤੇ ਗੁਮਰਾਹ ਕਰਨਾ ਸ਼ੁਰੂ ਕੀਤਾ ਤਾਂ ਇਹਨਾਂ ਤੱਤ-ਹੀਣਿਆਂ  ਨੂੰ ਲਿਖਣ ਦਾ ਮੇਰਾ ਇਰਾਦਾ ਬਣਿਆ ,ਕਿ ਇਹ ਲੋਕ ਕਿਤਨੇ ਅਣਜਾਣ ਹਨ? ਜੋ ਗੱਲ ਪ੍ਰੀਤੀ ਪਟੇਲ ਨੇ ਕਹੀ ਹੈ , ਉਸ ਨੇ ਅੱਤਵਾਦੀ ਜਥੇਬੰਦੀ “ਹਾਮਾਜ” ਤੇ ਬੰਦਸ਼ ਲਾਉਣ ਮਸਲੇ ਤੇ ਸ਼ਾਇਦ ਸਿੱਖਾਂ ਨੂੰ ਇਕ ਸਲਾਹ ਦਿੱਤੀ ਜਾਪਦੀ ਤਾਂ ਜੋ ਸਿੱਖ ਅਜਿਹੇ ਅੱਤਵਾਦੀ ਢਾਂਚੇ ਤੋਂ ਬਚ ਕੇ ਰਹਿਣ , ਗੁਮਰਾਹ ਨਾ ਹੋਣ ਤੇ ਨਾ ਕਿਸੇ ਨੂੰ ਅਜਿਹਾ ਅਸਰ ਹੀ ਦੇਣ । ਅਸੀਂ ਸਮਝਦੇ ਹਾਂ ਕਿ ਬਰਿਟਿਸ਼ ਹੋਮ ਮਨਿਸਟਰ ਦੀ ਸਿੱਖਾਂ ਨੂੰ ਦਿੱਤੀ ਸਲਾਹ ਕੋਈ ਗਲਤ ਰਾਏ ਨਹੀਂ ਹੈ । ਪਰ ਜੋ ਗਲਤ ਅਸਰ ਦੀ ਕੰਪੇਨ ਕੌਂਸਲ ਆਗੂ ,ਚੇਅਰਮੈਨ ਅਤੇ ਕਲਰਕ ਨੇ ਸਿਰਫ਼ ਪੱਖਪਾਤੀ ਤੌਰ ਵੱਜੋ ਸਿਰਫ਼ ਕੰਜਰਵੇਟਿਵ ਪਾਰਟੀ ਨੂੰ ਹੀ ਨਿਸ਼ਾਨਾ ਬਣਾਇਆ ਹੈ । ਇਹ ਬਿਲਕੁਲ ਪੱਖਪਾਤੀ ਅਤੇ ਮੂਰਖਤਾ ਹੈ । ਇਸ ਦਾ ਸਬੂਤ ਇਸ ਤੋਂ ਮਿਲਦਾ ਹੈ ਕਿ ਇਹ ਲੋਕ ਆਪਣੀ ਬਣੀ ਬਣਾਈ ਕਾਰਵਾਈ ਦੀ ਹਰ ਰਿਪੋਰਟ ਜ਼ਿਆਦਾ ਕਰਕੇ , ਸਿਰਫ਼ ਲੇਬਰ ਪਾਰਟੀ ਦੀ ਲੀਡਰਸ਼ਿਪ ਅਤੇ ਲੇਬਰ ਐਮ ਪੀਜ ਨੂੰ ਹੀ ਭੇਜਦੇ ਹਨ । ਇਨ੍ਹਾਂ ਦਾ ਲੇਬਰ ਪਾਰਟੀ ਨਾਲ ਇਤਨੀ ਹੇਜ ਕਿਉਂ , ਜਾਂ ਪਾਰਟੀ ਦੀ ਕੋਈ ਏਜੰਟੀ ਦਾ ਕਾਰਨ ਹੈ ? ਜਾਂ ਸਰਕਾਰੀ ਕਲਰਕ ਰਾਹੀ ,ਸਿੱਖਾਂ ਦੀ ਜੱਥੇਬੰਦਕ ਸੱਤਾ ਨੂੰ ਸਾਜ਼ਸ਼ੀ ਲਪੇਟ ਅਧੀਨ ਲਿਆਉਣ ਦੀ ਸਾਜ਼ਿਸ਼ ਹੈ। ਜਾਂ ਹਾਊਸ ਆਫ ਲਾਰਡ ਵਿਚਲੇ ਲਾਲਚ ਦੁਆਲੇ ਚੌਧਰ ਦੀ ਲਾਲਸਾ ਹੈ। ਜਾਂ ਫਿਰ ਜੇ ਲੇਬਰ ਪਾਰਟੀ ਦੀ ਲੀਡਰਸ਼ਿਪ ਨੇ ਹੀ ਇਨ੍ਹਾਂ ਨੂੰ ਇਸ ਆਸਰੇ ਲਾਇਆ ਹੋਇਆ ਹੈ । ਕੀ ਲੇਬਰ ਪਾਰਟੀ ਲਈ ਬਾਕੀ ਸਿੱਖ ਵੱਸੋਂ ਨੂੰ ਭੁਲਾ ਕੇ ਸਿਰਫ਼ ਇਹੀ ਜ਼ੋੜੀ ਕਾਰਗਰ ਲੱਭੀ ਹੈ , ਜਿਸਦੇ ਆਸਰੇ ਲੇਬਰ ਪਾਰਟੀ ਦਾ ਪੱਕਾ ਗੁਜ਼ਾਰਾ ਹੋ ਸਕੇਗਾ । ਸਾਡੀ ਖੋਜ ਵਿੱਚ ਤਾਂ ਇਹ ਵੀ ਨਜ਼ਰ ਪਿਆ ਕਿ ਕਮਾਈ ਦੇ ਲਾਲਚ ਵਿੱਚ ਆਪਣੇ ਕਿਰਾਏਦਾਰਾਂ ਨਾਲ ਮਨੁੱਖਤਾ ਵਾਲਾ ਸਲੂਕ ਨਾ ਕਰਨਾ , ਹਜ਼ਾਰਾਂ ਪੌਂਡਾਂ ਦੇ ਜੁਰਮਾਨੇ ਦੇਣੇ , ਕੀ ਲੇਬਰ ਪਾਰਟੀ ਨੂੰ ਅਜਿਹੇ ਸਮਰਥਕਾਂ ਦੀ ਵੀ ਲੋੜ ਹੋ ਸਕਦੀ ਹੈ? ਮੈਂ 35 ਸਾਲ ਲੇਬਰ ਸਮਰਥਕ ਤੇ ਮੈਂਬਰ ਰਿਹਾ ਹਾਂ, ਐਸਾ ਤਾਂ ਕਦੀ ਨਹੀਂ ਸੀ ਸੁਣਿਆ । ਵੈਸੇ ਜੋ ਗਿੱਲਾ ਪ੍ਰੀਤੀ ਪਟੇਲ ਤੇ ਖਾਹ ਮੁੱਖਾਹ ਦਾ ਹੈ ਉਹ ਤਾਂ ਮੇਰੀ ਖੋਜ ਮੁਤਾਬਕ ਲੇਬਰ ਦੇ ਸਮੇਂ ਤੋਂ ਹੈ । 2001 ਫ਼ਰਵਰੀ ਵਿਚ ਇੰਟਰਨੇਸ਼ਨਲ ਸਿੱਖ ਫੈਡਰੇਸ਼ਨ ਤੇ ਪਾਬੰਦੀ ਉਸ ਸਮੇਂ ਦੀ ਲੇਬਰ ਸਰਕਾਰ ਦੇ ਹੋਮ ਮਨਿਸਟਰ ਮਿ. ਜ਼ੈਕ ਸਟਰਾਅ ਨੇ ਲਗਾਈ ਸੀ । ਸਿੱਖਾਂ ਦੀ ਇਸ ਜਥੇਬੰਦੀ ਨੂੰ ਸਟਰਾਅ ਨੇ ਅੱਤਵਾਦੀ ਕਰਾਰ ਦਿੱਤਾ ਸੀ । ਕੈਨਾਡਾ ਨੇ ਇਸ ਜਥੇਬੰਦੀ ਤੇ 2003 ਵਿਚ ਬੈਨ ਲੱਗਾ ਦਿੱਤਾ ਅਤੇ ਅੱਜ ਤੱਕ ਬੈਨ ਜਾਰੀ ਹੈ । ਯੂ ਕੇ ਵਿਚ ਲੇਬਰ ਨੇ ਬੈਨ ਜਾਰੀ ਰੱਖਿਆ , ਜਦ ਕਿ ਕੰਜਰਵੇਟਿਵ ਸਰਕਾਰ ਸਮੇ , ਹੋਮ ਮਨਿਸਟਰ , ਬੀਬੀ ਥਰੀਸਾ ਮੇਅ ਨੇ ਮਾਰਚ 2016 ਵਿਚ ਜਥੇਬੰਦੀ ਤੋਂ ਬੈਨ ਹਟਾ ਦਿੱਤਾ ।ਲੇਬਰ ਦੀ ਇਸ ਪਾਬੰਦੀ ਅਤੇ ਜਥੇਬੰਦੀ ਤੇ ਕੈਨੇਡਾ ਵਿੱਚ ਪਾਬੰਦੀ ਹੁਣ ਤਕ ਵੀ ਚਲੀ ਆ ਰਹੀ ਹੈ । ਇਸ ਪਾਬੰਦੀ ਨਾਲ ਯੂ ਕੇ ਅਤੇ ਯੋਰਪ ਵਿੱਚ ਰਹਿ ਰਹੇ ਸਿਖ ਸਮਰਥਕਾਂ ਤੇ ਆਗੂਆਂ ਨੂੰ ਅੱਤਵਾਦੀ ਦੱਸ ਕੇ , ਕੈਨੇਡਾ ਜਾਣ ਤੇ 2012 ਤੋਂ ਟਰੂਡੋ ਸਰਕਾਰ ਨੇ ਪੱਕੀ ਪਾਬੰਦੀ ਲਾਈ ਹੋਈ ਹੈ । 2013 ਤੋਂ ਹੁਣ ਤੱਕ ਕੋਈ ਅੰਦਾਜ਼ਨ ਇਕ ਦਰਜਨ ਬਰਿਟਿਸ਼ ਤੇ ਯੂਰਪੀਨ ਸ਼ਹਿਹਰੀਅਤ ਵਾਲੇ ਸਿੱਖ  ਕੈਨੇਡਾ ਤੇ ਅਮਰੀਕਾ ਤੋਂ ਡੀਪੋਰਟ ਕੀਤੇ ਜਾ ਚੁਕੇ ਹਨ ।ਫੇਡਰੇਸ਼ਨ ਦਾ ਚੇਅਰਮੈਨ ਖੁਦ ਵੀ ਇਸ ਧੱਕੇ ਦਾ ਸ਼ਿਕਾਰ ਹੋ ਕੇ ਵੀ ਚੁੱਪ ਹੈ । ਦੁਨੀਆ ਦੇ ਕਿਸੇ ਦੇਸ਼ ਵਿਚੋ ਅਜਿਹੀ ਗਿਣਤੀ ਦੀ ਤਰਾਂ ਕਿਸੇ ਕੌਮ ਨੂੰ ਇਸ ਤਰਾਂ ਡਿਪੋਰਟ ਨਹੀਂ ਕੀਤਾ ਗਿਆ ।  ਕਈਆਂ ਨੂੰ ਤਾਂ ਪਹਿਲਾਂ ਜੇਹਲ ਭੇਜ ਕੇ ਬਾਅਦ ਵਿੱਚ ਡਿਪੋਰਟ ਕੀਤਾ ਜਾਂਦਾ ਰਿਹਾ ਹੈ।ਚੇਅਰਮੈਨ ਅਤੇ ਕਲਰਕ ਸਗੋਂ ਖੁਦ ਅਜਿਹੀ ਹੀ ਅੱਤਵਾਦੀ ਲਿਸਟ ਵਿੱਚ ਹੋਣ ਦੇ ਬਾਵਜੂਦ ਵੀ , ਇਹ ਕਹਿਣੋਂ ਚੁਪ ਹਨ ਕਿ ਇਹ ਸਭ ਕਾਸੇ ਦੀ ਦੇਣ  2001 ਦੀ ਯੂ ਕੇ ਦੀ ਲੇਬਰ ਸਰਕਾਰ ਅਤੇ ਜਸਟਿਨ ਟਰੂਡੋ ਦੀ ਕੈਨੇਡੀਅਨ ਸਰਕਾਰ ਹੈ । ਅੱਜ ਦੇ ਹਾਲਾਤ ਅਨੁਸਾਰ ਟਰੂਡੋ ਸਰਕਾਰ ਨੇ ਸਾਡੇ ਯੂ ਕੇ ਅਤੇ ਕੈਨੇਡਾ ਵਿਚਾਲੇ ਆਉਣ ਜਾਣ ਵਿਚਾਲੇ ਜੋ ਕੰਧ ਖੜੀ ਕੀਤੀ ਹੈ , ਸੈਂਕੜੇ ਪਰਵਾਰਾਂ ਤੇ ਅਸਰ ਪੈ ਰਿਹਾ ਹੈ । ਸਿੱਖਾਂ ਨੂੰ ਕੈਨੇਡਾ ਜਾਣੋ ਰੋਕ  ਕੇ ਆਵਾਜਾਈ ਦੇ ਅਸਰ ਨੇ ਅਜਿਹਾ ਹੀ ਮਹਿਸੂਸ ਕਰਾਇਆਹੈ , ਜਿਵੇਂ ਰਾਜੀਵ ਗਾਂਧੀ ਦੀ ਸਰਕਾਰ ਨੇ ਹਜ਼ਾਰਾਂ ਸਿੱਖਾਂ ਦੇ ਭਾਰਤ ਜਾਣ ਤੇ ਕਾਲੀ ਸੂਚੀ ਰਾਹੀ ਪਾਬੰਦੀ ਲਾਈ ਹੋਈ ਸੀ । ਕੈਨੇਡਾ ਅਤੇ ਯੂ ਕੇ ਦੀਆਂ ਕੁਝ ਸੰਸਥਾਵਾਂ ਅਤੇ ਇਹ ਕਲਰਕ ਆਗੂ ਕਿਉਂ ਸੱਚ ਨਹੀਂ ਬੋਲਦੇ ਅਤੇ ਲੋਕਾਂ ਨੂੰ  ਆਪਣੇ ਹੀ ਛੁਪੇ ਮੁਫ਼ਾਦਾਂ  ਲਈ ਗੁਮਰਾਹ ਕਰ ਰਹੇ ਹਨ । ਇਹਨਾਂ ਭਾਈਆਂ ਨੂੰ ਬੇਨਤੀ ਹੈ ਆਪਣੀ ਪੀੜੀ ਥੱਲੇ ਸੋਟਾ ਫੇਰੋ ।ਨਿਰਸੰਦੇਹ ਬੀਬੀ ਪਟੇਲ ਵਲੋ ਦਸੇ ਗਏ ਸਿਖ ਅੱਤਵਾਦੀਆਂ ਦੇ ਨਾਮ ਤੁਹਾਨੂੰ , ਲੇਬਰ ਦੇ ਸਾਬਕਾ ਹੋਮ ਮਨਿਸਟਰ ਜੈਕ ਸਟਰਾਅ ਅਤੇ ਮੌਜੂਦਾ ਕੈਨੇਡੀਅਨ ਪਰਾਈਮ ਮਨਿਸਟਰ ਟਰੂਡੋ ਵੱਲੋਂ ਸਿੱਖਾਂ ਵਿਰੁੱਧ ਪੈਦਾ ਕੀਤੇ ਹਾਲਾਤਾਂ ਵਿੱਚੋਂ ਹੀ ਮਿਲ ਜਾਣਗੇ। ਅੱਜ ਬੜੇ ਅਫ਼ਸੋਸ ਨਾਲ ਇਹਨਾਂ ਆਗੂਆਂ ਦੀ ਗੈਰਜੁਮੇਵਾਰੀ ਅਤੇ ਗੁਮਰਾਹਕੁੰਨ ਪ੍ਰਾਪੇਗੰਡੇ ਨੂੰ ਦੇਖ ਕੇ ਅਜਿਹਾ ਕਹਿਣਾ ਪੈ ਰਿਹਾ ਹੈ । ਯੁ ਕੇ ਵਿੱਚ 2016 ਵਿੱਚ ਕੰਜਰਵੇਟਿਵ ਸਰਕਾਰ ਨੇ ਇੰਟਰਨੇਸ਼ਨਲ ਸਿੱਖ ਯੂਥ ਫੈਡਰੇਸ਼ਨ ਤੋਂ ਪਾਬੰਦੀ ਹਟਾ ਕੇ ਸਿੱਖ ਹੱਕਾਂ ਦੀ ਭਲਾਈ ਲਈ ਸਹੀ ਕੰਮ ਕੀਤਾ ਸੀ , ਇੱਥੇ ਉਪਰੋਕਤ ਸਬੰਧਤ ਆਗੂਆਂ ਨੇ ਇਸ ਲਈ ਜੱਦੋ-ਜਹਿਦ ਵੀ ਕੀਤੀ ਹੈ , ਜਿਸ ਪੱਖੋਂ ਅਸੀਂ ਧੰਨਵਾਦ ਵੀ ਕਰਦੇ ਹਾਂ । ਪਰੰਤੂ ਕੈਨੇਡਾ ਵਿੱਚ ਸਬੰਧਤ ਆਗੂਆਂ ਨੇ ਇਸ ਪਾਬੰਦੀ ਵਿਰੁੱਧ ਕੋਈ ਕਾਨੂੰਨੀ ਚਾਰਾਜੋਈ ਨਾ ਕਰਕੇ ਬਹੁਤ ਗੈਰਜੁਮੇਵਾਰੀ ਦਾ ਅਹਿਸਾਸ ਦੁਆਇਆ ਹੈ । ਕੀ ਇਹ ਆਗੂ ਆਉਂਦੇ ਸਮੇਂ ਵਿੱਚ ਜਥੇਬੰਦੀ ਤੋਂ ਪਾਬੰਦੀ ਹਟਾਉਣ ਹਿਤ ਕੋਈ ਉਪਰਾਲਾ ਕਰਨਗੇ ।

 ਕੈਨੇਡਾ ਵਿੱਚ ਹਰ ਪਾਰਲੀਮੈਂਟ ਵਿੱਚ ਫਿਰ ਤੋਂ ਸਿੱਖ ਚੇਹਰੇ ਸਿਖਾਂ ਅਤੇ ਭਾਈਚਾਰੇ ਦੀ ਨੁਮਾਇਦਿਗੀ ਦਾ ਦਾਅਵਾ ਕਰਕੇ ਅਗੇ ਆਉਂਦੇ ਹਨ ,ਉਹ ਵੀ ਕਦੇ ਸੋਚ ਕੇ ਚੰਗਾ ਕਦਮ ਉਠਾ ਸਕਦੇ , ਅਜੇ ਵੀ ਦੇਖਣਾ ਬਾਕੀ ਹੈ । ਇਸ ਪੱਖੋਂ ਵੀ ਕੋਈ ਸ਼ਕ ਨਹੀਂ ਕਿ ਵਾਸ਼ਿੰਗਟਨ ,ਬੀ ਸੀ ਅਤੇ ਟ੍ਰਰੰਟੋ ਦੇ ਕਲੇਮ ਕਰਦੇ ਕੁਝ ਖਾਲਿਸਤਾਨੀ ਆਗੂ , ਸਿੱਖ ਸਮਾਜ ਵਿੱਚ ਸਮਰੱਥਾ ਬਣਾਉਣ ਨਾਲ਼ੋਂ ਆਪਣੀ ਸਾਖ ਗੁਆ ਚੁੱਕੇ ਹਨ। ਜੋ ਲੋਕ ਆਪਣੇ ਹੀ ਆਲੇ ਦੁਆਲੇ ਦੇ  ਚੁਗਿਰਦੇ  ਦੀ ਮੁਸ਼ਕਲ ਦਾ ਹੱਲ ਨਹੀਂ ਬਣ ਸਕਦੇ , ਉਹ ਕਿਹੜੀ ਕੌਮੀ ਸੇਵਾ ਦੇ ਕਾਬਲ ਹੋ ਸਕਦੇ ਹਨ । ਕੌਮੀ ਤੌਰ ਤੇ ਕੌਮਾਂ ਵਿੱਚ ਚੰਗੇ ਗੁਣਾਂ ਦਾ ਪ੍ਰਭਾਵ ਪੈਦਾ ਨਾ ਕਰਨਾ , ਕੌਮ ਵਿੱਚ ਅਧੂਰਾਪਨ ਲਿਆਉਂਦਾ ਹੈ । ਜਿਹੜੇ ਲੋਕ ਅਗਾਂਹ ਤੁਰਨ ਨਾਲ਼ੋਂ , ਅਧਵਾਟੇ ਸਿਰ ਸੁੱਟਣਾ ਆਦਤ ਪਾ ਲੈਣ , ਉਹ ਅਧੂਰੇਪਨ ਦਾ ਸ਼ਿਕਾਰ ਹੋ ਬਹਿੰਦੇ ਹਨ । ਇਸ ਨੂੰ ਕੀ ਕਹੀਏ , ਜਦ ਕਿ ਹਰ ਕੈਨੇਡੀਅਨ ਪਾਰਲੀਮੈਂਟ ਵਿੱਚ ਸਿੱਖ ਅਤੇ ਪੰਜਾਬੀ ਚਿਹਰੇ ਨੁਮਾਇੰਦੇ ਚੁਣ ਕੇ ਸਾਹਮਣੇ ਆਉਂਦੇ ਹਨ ।ਕੀ ਇਹ ਸਿੱਖ ਜਥੇਬੰਦੀ ਨੂੰ ਪਾਬੰਦੀ ਸ਼ੁਦਾ ਦੇਖ ਕੇ ਖੁਸ਼ ਹਨ , ਜਾਂ ਇਹਨਾਂ ਨੁਮਾਇੰਦੇ ਸੱਜਣਾਂ ਕੋਲ ਕੋਈ ਪਹੁੰਚ ਨਹੀਂ ਕਰ ਰਿਹਾ , ਕਿ ਇਹ ਪਾਬੰਦੀ ਯੋਰਪ, ਯੂ ਕੇ ਅਤੇ ਕੈਨੇਡਾ ਵਿਚਾਲੇ ਆਉਣ ਜਾਣ , ਸਮਾਜਿਕ ਅਤੇ ਰਿਸ਼ਤੇਦਾਰੀਆਂ ਵਿਚਾਲੇ ਰੋਕ ਹੈ । ਇਹ ਕੈਨੇਡਾ ਸਰਕਾਰ ਵੱਲੋਂ ਸਿੱਖਾਂ ਦੇ ਹੱਕਾਂ ਦੀ ਮਾਨਵਤਾ ਹੱਕਾਂ ਤੌਰ ਤੇ ਉਲ਼ੰਘਣਾ ਹੈ । ਸਿੱਖ ਜਥੇਬੰਦੀ ਤੋਂ ਪਾਬੰਦੀ ਹਟਾਉਣਾ ਜ਼ਰੂਰੀ ਹੈ । ਸਿੱਖਾਂ ਦਾ ਆਪਣੇ ਨੁਮਾਇੰਦੇ ਹੋਣ ਦੇ ਬਾਵਜੂਦ , ਅਜਿਹਾ ਬੇਅਸਰ ਹੋਣਾ ਬੜੀ ਸ਼ਰਮ ਵਾਲੀ ਗੱਲ ਹੈ । ਵਾਸ਼ਿਗਟਨ , ਬੀ ਸੀ ਅਤੇ ਟਰੰਟੋ ਦੇ ਕਹੇ ਜਾਂਦੇ ਖਾਲਿਸਤਾਨੀ ਆਗੂ ਬਿਲਕੁਲ ਹੀ ਬੇਅਸਰੇ ਸਾਬਤ ਹੋਏ ਹਨ । ਕੌਮੀ ਗੁਣਾਂ ਦੀ ਘਾਟ ਅਤੇ ਪ੍ਰਭਾਵਾਂ ਤੋਂ ਬਿਨਾ ਪਛਾਣ ਰੱਖਣ ਵਾਲੇ ਉਹ ਲੋਕ ਕੌਮ ਦਾ ਕੀ ਸੁਆਰ ਸਕਦੇ ਹਨ, ਜਿਨਾਂ ਨੂੰ ਆਪਣੇ ਚੁਗਿਰਦੇ ਬਾਰੇ ਕੋਈ ਚਿੰਤਾ ਹੀ ਨਾ ਹੋਵੇ ।   — ਪਰਮਿੰਦਰ ਸਿੰਘ ਬਲ , ਪ੍ਰਧਾਨ , ਸਿੱਖ ਫੈਡਰੇਸ਼ਨ ਯੂ ਕੇ । email: psbal46@gmail.com

ਪਿੰਡਾਂ ਵਿੱਚ ਹੌਲੀ ਹੌਲੀ ਹੋ ਰਹੀ ਹੈ ਪੁਰਾਤਨ ਰੀਤੀ ਰਿਵਾਜਾਂ ਦੀ ਸ਼ਰੂਆਤ ✍️ ਜਸਵੀਰ ਸ਼ਰਮਾਂ ਦੱਦਾਹੂਰ

ਬਹੁਤ ਹੀ ਸਤਿਕਾਰਤ ਦੋਸਤੋ ਜਿਵੇਂ ਕਿ ਆਪ ਸੱਭ ਚੰਗੀ ਤਰ੍ਹਾਂ ਜਾਣਦੇ ਹੋਂ ਕਿ ਮੈਂ ਅਕਸਰ ਹੀ ਪੁਰਾਤਨ ਵਿਰਸੇ ਪ੍ਰਤੀ ਲੇਖ ਕਵਿਤਾਵਾਂ ਆਦਿ ਲਿਖਦਾ ਰਹਿੰਦਾ ਹਾਂ, ਇਸੇ ਕੜੀ ਤਹਿਤ ਹੀ ਪਿਛੇ ਜਿਹੇ ਥੋੜੇ ਦਿਨ ਪਹਿਲਾਂ ਇੱਕ ਲੇਖ"ਪਿੰਡਾਂ ਵਾਲਾ ਮਾਹੌਲ ਕਿਥੇ ਸ਼ਹਿਰਾਂ ਚ"ਦਾਸ ਵੱਲੋਂ ਲਿਖਿਆ ਕਈ ਅਖਬਾਰਾਂ ਵਿੱਚ ਛਪਿਆ ਸੀ,ਓਸੇ ਦਾ ਇਹ ਦੂਸਰਾ ਭਾਗ ਕਹਿ ਸਕਦੇ ਹਾਂ।

ਓਥੋਂ ਹੀ ਗੱਲ ਸ਼ੁਰੂ ਕਰਦੇ ਹਾਂ ਕਿ ਦਾਰੇ ਵਾਲਾ ਪਿੰਡ (ਹਰਿਆਣਾ ਸਟੇਟ ਡਬਵਾਲੀ-ਐਲਨਾਬਾਦ ਰੋਡ) ਵਿੱਚ ਜਦੋਂ ਦਾਸ ਇੱਕ ਪੇਂਡੂ ਵਿਆਹ ਵਿੱਚ ਗਿਆ ਸੀ, ਤਾਂ ਓਥੇ ਪੁਰਾਤਨ ਰੀਤੀ ਰਿਵਾਜ਼ਾਂ ਮੁਤਾਬਕ ਘਰ ਘਰ ਤੋਂ ਮੰਜੇ ਬਿਸਤਰੇ ਇਕੱਠੇ ਕੀਤੇ ਗਏ ਸਨ। ਜਦੋਂ ਕਿ ਇਹ ਸਾਡੇ ਪੁਰਖਿਆਂ ਦੇ ਰਿਵਾਜ ਸਨ। ਹੁਣ ਅਡਵਾਂਸ ਕਹਿ ਲਈਏ ਜਾਂ ਫਿਰ ਅਗਾਂਹ ਵਧੂ ਜ਼ਮਾਨੇ ਵਿਚ ਕੀ ਪਿੰਡਾਂ ਤੇ ਕੀ ਸ਼ਹਿਰਾਂ ਵਿੱਚ ਟੈਂਟ ਹਾਊਸ ਤੋਂ ਵਿਆਹ ਸ਼ਾਦੀ ਵਿੱਚ ਗੱਦੇ ਚਾਦਰਾਂ, ਰਜਾਈਆਂ ਜਾਂ ਸਮੇਂ ਅਨੁਸਾਰ ਕੰਬਲ ਲਿਆਉਣ ਦਾ ਰਿਵਾਜ ਪ੍ਰਚਲਿਤ ਹੋ ਚੁੱਕਾ ਹੈ। ਸ਼ਹਿਰਾਂ ਵਿੱਚ ਤਾਂ ਵੈਸੇ ਹੀ ਘਰਾਂ ਦੀ ਜਗ੍ਹਾ ਬਹੁਤ ਘੱਟ ਹੁੰਦੀ ਹੈ,ਇਸ ਕਰਕੇ ਵੀ ਥੱਲੇ ਫਰਸ਼ ਤੇ ਗੱਦੇ ਸੁੱਟੋ ਚਾਦਰ ਵਿਛਾਓ ਰਜਾਈ ਕੰਬਲ ਲੳ ਤੇ ਸੌਂ ਜਾਓ। ਬਿਲਕੁਲ ਇਸੇ ਤਰ੍ਹਾਂ ਹੀ ਹੁਣ ਭਾਵ ਅਜੋਕੇ ਜ਼ਮਾਨੇ ਵਿਚ ਪਿੰਡਾਂ ਵਾਲੇ ਵੀ ਸ਼ਹਿਰਾਂ ਚੋਂ ਗੱਦੇ ਵਗੈਰਾ ਲੈ ਜਾਂਦੇ ਹਨ। ਕਿਉਂਕਿ ਮੰਜੇ ਬਿਸਤਰੇ ਇਕੱਠੇ ਕਰਨੇ ਅਜੋਕੀ ਨੌਜਵਾਨ ਪੀੜ੍ਹੀ ਨੂੰ ਬਹੁਤ ਔਖੇ ਲਗਦੇ ਹਨ।ਕਿਹੜਾ ਐਨਾ ਅਡੰਬਰ ਕਰੇ। ਬਹੁਤ ਜ਼ਿਆਦਾ ਪੈਸੇ ਵਾਲੀ ਹੋ ਚੁੱਕੀ ਹੈ ਅਜੋਕੀ ਦੁਨੀਆਂ, ਪੈਸੇ ਦਿਓ ਜਿਹੜੀ ਚੀਜ਼ ਮਰਜ਼ੀ ਘਰੇ ਮੰਗਵਾ ਲੳ। ਫਿਰ ਅੱਜਕਲ੍ਹ ਹੱਥੀਂ ਕੰਮ ਕਰਨ ਦਾ ਰਿਵਾਜ ਵੀ ਤਾਂ ਨਹੀਂ ਨਾ ਰਹਿ ਗਿਆ, ਹੁਕਮ ਚਲਾਉਣ ਦਾ ਸਮਾਂ ਆ ਚੁੱਕਾ ਹੈ। ਇਸੇ ਕਰਕੇ ਹੀ ਐਸੇ ਅਡੰਬਰਾਂ ਤੋਂ ਕੰਨੀ ਕਤਰਾਉਂਦੇ ਹਨ ਘਰਾਂ ਦੇ ਨੌਜਵਾਨ ਮੁੰਡੇ। ਪੈਲੇਸਾਂ ਵਿੱਚ ਵੀ ਵੇਟਰ ਹੁੰਦੇ ਹਨ ਤੇ ਘਰਾਂ ਵਿੱਚ ਵੀ ਜਿੰਨੇ ਮਰਜੀ  ਵੇਟਰ ਮੰਗਵਾ ਲੳ ਸਿਰਫ਼ ਪੈਸਾ ਚਾਹੀਦਾ ਹੈ।

ਪਰ ਅਜੋਕੇ ਸਮੇਂ ਤੋਂ ਹਟਕੇ ਜੋ ਦਾਰੇ ਵਾਲਾ ਪਿੰਡ ਵਿੱਚ ਦਾਸ ਨੇ ਵੇਖਿਆ ਓਥੇ ਵਾਕਿਆ ਹੀ ਓਹ ਪੁਰਾਤਨ ਸਮੇਂ ਯਾਦ ਆ ਗਏ ਜਦੋਂ ਪੁਰਾਣਿਆਂ ਸਮਿਆਂ ਵਿੱਚ ਹੁੰਦੇ ਸਨ,ਘਰ ਘਰ ਤੋਂ ਮੰਜੇ ਬਿਸਤਰੇ ਇਕੱਠੇ ਕੀਤੇ ਗਦੈਲਿਆਂ ਰਜਾਈਆਂ ਸਰਾਣਿਆਂ ਤੇ ਨੰਬਰ ਲਾਏ,ਆਏ ਗਏ ਲਈ ਭਾਵ ਮੇਲ ਲਈ,ਲਿਆਂਦੇ ਤੇ ਲਿਆ ਕੇ ਅੱਡੋ ਅੱਡ ਕਮਰਿਆਂ ਵਿੱਚ ਡਾਹ ਕੇ ਵਿਛਾ ਦਿੱਤੇ।ਜਾਗੋ ਤੋਂ ਬਾਅਦ ਕੋਈ ਰਾਤ ਦੇ ਗਿਆਰਾਂ ਸਾਢੇ ਗਿਆਰਾਂ ਵਜੇ ਸਾਰੇ ਸੌਂ ਗਏ ‌ਅਗਲੇ ਦਿਨ ਬਰਾਤ ਆਈ ਸਾਰਾ ਮੇਲ ਗੇਲ ਘਰਦੇ ਸਾਰਾ ਪਰਿਵਾਰ ਸੰਗਰੀਆ ਮੰਡੀ ਪੈਲੇਸ ਵਿੱਚ ਪਹੁੰਚ ਗਿਆ। ਸ਼ਾਮੀਂ ਕੁੜੀ ਨੂੰ ਤੋਰ ਕੇ ਫਿਰ ਸਾਰਾ ਮੇਲ ਗੇਲ ਤੇ ਪਰਿਵਾਰ ਘਰੇ ਵਾਪਸ ਆ ਗਏ।ਉਸ ਤੋਂ ਅਗਲੇ ਦਿਨ ਜਿਹੜੇ ਘਰਾਂ ਤੋਂ ਮੰਜੇ ਬਿਸਤਰੇ ਆਏ ਸਨ ਓਹ ਪਰਿਵਾਰ ਆਪੋ ਆਪਣੇ ਮੰਜੇ ਬਿਸਤਰੇ ਪਛਾਣ ਪਛਾਣ ਕੇ ਲੈ ਜਾ ਰਹੇ ਸਨ (ਇਹ ਫੋਟੋ ਓਸੇ ਸਮੇਂ ਦੀ ਹੈ ਜੋ ਇਸ ਲੇਖ ਵਿੱਚ ਲੱਗੀ ਹੈ)

ਸੋ ਦੋਸਤੋ ਅੰਤਾਂ ਦੀ ਮਹਿੰਗਾਈ ਵਾਲੇ ਜ਼ਮਾਨੇ ਵਿੱਚ ਹਰ ਇਨਸਾਨ ਨੂੰ ਫੂਕ ਫੂਕ ਕੇ ਪੈਰ ਰੱਖਣ ਦੀ ਅਤਿਅੰਤ ਲੋੜ ਹੈ। ਲੱਖਾਂ ਰੁਪਏ ਪੈਲੇਸਾਂ ਵਿੱਚ ਲਾਉਣਾ ਫਿਰ ਕਰਜ਼ਾਈ ਹੋ ਕੇ ਸਾਰੀ ਉਮਰ ਵਿਆਜੂ ਪੈਸੇ ਉਤਾਰੀ ਜਾਣਾ ਕਿਥੋਂ ਦੀ ਸਿਆਣਪ ਹੈ? ਅੱਡੀਆਂ ਚੁੱਕ ਚੁੱਕ ਕੇ ਫਾਹਾ ਲੈਣ ਨਾਲੋਂ ਆਪਣੇ ਪੁਰਖਿਆਂ ਦੇ ਪਾਏ ਪੂਰਨਿਆਂ ਭਾਵ ਓਹਨਾਂ ਪੁਰਾਣੇ ਰੀਤੀ ਰਿਵਾਜ ਅਪਣਾਉਣਾ ਬਹੁਤ ਵੱਡੀ ਸਿਆਣਪ ਹੋਵੇਗੀ। ਨਹੀਂ ਤਾਂ ਓਹ ਦਿਨ ਦੂਰ ਨਹੀਂ ਜਦੋਂ ਦੇਸ਼ ਦੇ ਅੰਨ ਦਾਤਾ ਨੂੰ ਬਹੁਤ ਮੁਸੀਬਤਾਂ ਦਾ ਸਾਹਮਣਾ ਕਰਨਾ ਪਵੇ। ਹਾਲੇ ਵੀ ਡੁੱਲ੍ਹਿਆ ਬੇਰਾਂ ਦਾ ਕੁੱਝ ਨਹੀਂ ਵਿਗੜਿਆ, ਜੇਕਰ ਚੁਗ ਕੇ ਝੋਲੀ ਪਾ ਲਈਏ।ਇਹ ਤਾਂ ਸਿਰਫ਼ ਇੱਕ ਹੀ ਉਦਾਹਰਣ ਹੈ ਵੈਸੇ ਵੀ ਸਾਰੇ ਰੀਤੀ ਰਿਵਾਜ ਓਹੋ ਹੀ ਅਪਣਾ ਲੈਣ ਨਾਲ ਕੋਈ ਫ਼ਰਕ ਨਹੀਂ ਪੈਂਦਾ।ਇਸ ਵਿਆਹ ਵਿੱਚ ਘਰ ਵਿੱਚ ਹੀ ਹਲਵਾਈ ਲੱਗਾ ਸੀ ਤੇ ਸ਼ਰੀਕੇ ਕਬੀਲੇ ਚੋਂ ਪਹਿਲਿਆਂ ਰਿਵਾਜਾਂ ਅਨੁਸਾਰ ਹੀ ਘਰ ਘਰ ਦਾ ਬੰਦਾ ਆ ਕੇ ਲੱਡੂ ਵੱਟ ਰਹੇ ਸਨ।ਇਹ ਸਾਰਾ ਮਹੌਲ ਵੇਖ ਕੇ ਮਨ ਬਹੁਤ ਖੁਸ਼ ਹੋ ਰਿਹਾ ਸੀ। ਕਾਸ਼! ਕਿਤੇ ਸਾਰਾ ਪੰਜਾਬ ਹੀ ਇਨ੍ਹਾਂ ਰੀਤੀ ਰਿਵਾਜ਼ਾਂ ਨੂੰ ਅਪਣਾ ਲਵੇ, ਤਾਂ ਮੁੜ ਪੰਜਾਬ ਦਾ ਮਾਹੌਲ ਚਹਿਲ ਪਹਿਲ ਵਾਲਾ ਹੋ ਸਕਦਾ ਹੈ।

ਜਸਵੀਰ ਸ਼ਰਮਾਂ ਦੱਦਾਹੂਰ

ਸ੍ਰੀ ਮੁਕਤਸਰ ਸਾਹਿਬ

95691-49556

ਇਸ ਵਾਰ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਵੋਟਰਾਂ ਦਾ ਝੁਕਾਅ-ਬਦਲਾਅ ਵੱਲ ✍️ ਜਸਵੀਰ ਸ਼ਰਮਾਂ ਦੱਦਾਹੂਰ

ਸਤਿਕਾਰਿਤ ਦੋਸਤੋ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਦਾ ਜਿਉਂ ਜਿਉਂ ਦਿਨ ਨੇੜੇ ਆ ਰਿਹਾ ਹੈ, ਤਿਉਂ ਤਿਉਂ ਹਰ ਰੋਜ਼ ਹੀ ਸਮੀਕਰਣ ਬਦਲ ਰਹੇ ਹਨ।ਇਸ ਵਿੱਚ ਕੋਈ ਦੋ ਰਾਇ ਨਹੀਂ ਕਿ ਇਸ ਵਾਰ ਪਚੰਨਵੇਂ ਪ੍ਰਤੀਸ਼ਤ ਲੋਕਾਂ ਦਾ ਰੁਝਾਨ ਰਵਾਇਤੀ ਪਾਰਟੀਆਂ ਤੋਂ ਤੰਗ ਆ ਕੇ ਬਦਲਾਅ ਵੱਲ ਹੈ।ਕੀ ਬਦਲਾਅ ਕਰਕੇ ਪੰਜਾਬ ਦੀ ਧਰਤੀ ਤੇ ਪਹਿਲੇ ਗੁਜ਼ਰੇ ਪਝੰਤਰ ਸਾਲਾਂ ਤੋਂ ਵੱਖਰਾ ਕੁੱਝ ਹੋਵੇਗਾ?ਇਹ ਸੱਭ ਹਾਲੇ ਸਮੇਂ ਦੇ ਗਰਭ ਵਿੱਚ ਹੈ।ਪਰ ਪਹਿਲਾਂ ਆਉਣ ਵਾਲੀਆਂ ਰਵਾਇਤੀ ਪਾਰਟੀਆਂ ਭਾਵ ਰਾਜ ਕਰਨ ਵਾਲਿਆਂ ਨੇ ਹੁਣ ਤੱਕ ਜਨਤਾ ਨੂੰ ਕੀ ਕੀ ਸਹੂਲਤਾਂ ਦਿੱਤੀਆਂ ਇਹ ਵੀ ਕੋਈ ਕਿਸੇ ਨੂੰ ਗੁੱਝ ਨਹੀਂ ਹੈ।

        ਕੁੱਲੀ ਗੁੱਲੀ ਜੁੱਲੀ, ਸਿਖਿਆ, ਸਿਹਤ ਸਹੂਲਤਾਂ, ਰੁਜ਼ਗਾਰ ਦੇ ਸਾਧਨ, ਅੰਤਾਂ ਦੀ ਭ੍ਰਿਸ਼ਟਾਚਾਰੀ, ਰਿਸ਼ਵਤ, ਨਸ਼ੇ ਦੇਸ਼ ਵਿੱਚ ਪੜੇ ਲਿਖੇ ਨੌਜਵਾਨਾਂ ਨੂੰ ਰੁਜ਼ਗਾਰ ਨਾ ਮਿਲਣਾ ਤੇ ਵਿਦੇਸ਼ਾਂ ਵਿੱਚ ਜਾਣ ਦਾ ਰੁਝਾਨ ਜਿਉਂ ਦਾ ਤਿਉਂ ਮੂੰਹ ਅੱਡੀ ਖੜ੍ਹਾ ਹੈ। ਪੰਜਾਬ ਦੇ ਪਾਣੀਆਂ ਦਾ ਮਸਲਾ, ਪੰਜਾਬੀ ਬੋਲਦੇ ਇਲਾਕਿਆਂ ਦਾ ਮਾਮਲਾ, ਚੰਡੀਗੜ੍ਹ ਪੰਜਾਬ ਨੂੰ ਮਿਲਣ ਦਾ ਮਸਲਾ ਪੰਜਾਬ ਦੇ ਲੋਕਾਂ ਦੀਆਂ ਚਿਰੋਕਣੀਆਂ ਮੰਗਾਂ ਨੂੰ ਪਿਛਲੇ ਪਝੱਤਰ ਸਾਲਾਂ ਤੋਂ ਬੂਰ ਨਹੀਂ ਪਿਆ।ਆਮ ਕਹਾਵਤ ਹੈ ਕਿ ਜੋ ਜਨ ਸ਼ਕਤੀ ਦੀ ਭਾਖਿਆ ਹੁੰਦੀ ਹੈ, ਜਾਂ ਜਿਧਰ ਵੀ ਲੁਕਾਈ ਦਾ ਮੁਹਾਣ ਹੋ ਜਾਵੇ ਓਹ ਮਸਲੇ ਕਦੇ ਮਸਲੇ ਨਹੀਂ ਰਹਿੰਦੇ ਸਗੋਂ ਹੱਲ ਹੋ ਜਾਇਆ ਕਰਦੇ ਹਨ। ਪ੍ਰਤੱਖ ਨੂੰ ਕਦੇ ਵੀ ਪ੍ਰਮਾਣ ਦੀ ਲੋੜ ਨਹੀਂ ਹੁੰਦੀ ਹੁਣੇ ਹੁਣੇ ਕਿਸਾਨੀ ਸੰਘਰਸ਼ ਦੀ ਮਿਸਾਲ ਜਿਉਂਦੀ ਜਾਗਦੀ ਮਿਸਾਲ ਆਪਣੇ ਸਾਹਮਣੇ ਹੈ।

           ਇਸ ਲੇਖ ਦੇ ਲੇਖਕ ਨੇ ਅੱਜ ਉਚੇਚੇ ਤੌਰ ਤੇ ਆਲ ਇੰਡੀਆ ਟਾਂਕ ਕਸ਼ੱਤਰੀਆ ਪ੍ਰਤੀਨਿਧ ਸਭਾ ਦੇ ਸਰਪ੍ਰਸਤ, ਇੰਟਰਨੈਸ਼ਨਲ ਅਲਾਇੰਸ ਕਲੱਬ ਜ਼ਿਲ੍ਹਾ ਇੱਕ ਸੌ ਗਿਆਰਾਂ ਦੇ ਗਵਰਨਰ, ਅਤੇ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਨਾਲ ਜੁੜੇ ਅਤੇ ਉੱਘੇ ਸਮਾਜ ਸੇਵੀ ਨਿਰੰਜਣ ਸਿੰਘ ਰੱਖਰਾ ਜੀ ਨਾਲ ਆ ਰਹੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਗੱਲ ਬਾਤ ਕੀਤੀ, ਤਾਂ ਉਨ੍ਹਾਂ ਨੇ ਦੱਸਿਆ ਕਿ ਸ੍ਰੀ ਮੁਕਤਸਰ ਸਾਹਿਬ ਦੇ ਕਾਫ਼ੀ ਸਾਰੇ ਪਿੰਡਾਂ ਵਿੱਚ ਜਾਣ ਤੇ ਇਹ ਬਿਲਕੁਲ ਤਹਿ ਅਤੇ ਲੋਕਾਂ ਦਾ ਆਖਰੀ ਫੈਸਲਾ ਹੀ ਲੱਗਦਾ ਹੈ ਕਿ ਇਸ ਵਾਰ ਲੋਕਾਂ ਦਾ ਰੁਝਾਨ ਰਵਾਇਤੀ ਪਾਰਟੀਆਂ ਤੋਂ ਤੰਗ ਆ ਕੇ ਬਦਲਾਅ ਵਾਲੇ ਪਾਸੇ ਹੈ। ਅੱਗੇ ਗੱਲ ਕਰਦਿਆਂ ਓਨਾਂ ਨੇ ਖਦਸ਼ਾ ਵੀ ਜ਼ਾਹਿਰ ਕੀਤਾ ਕਿ ਰਵਾਇਤੀ ਪਾਰਟੀਆਂ ਨੇ ਪੂਰਾ ਤਾਣ ਲਾਇਆ ਹੋਇਆ ਹੈ ਕਿ ਕਿਸੇ ਵੀ ਤੀਜੀ ਧਿਰ ਨੂੰ ਓਹ ਕਿਸੇ ਵੀ ਹਾਲਤ ਵਿੱਚ ਪੰਜਾਬ ਵਿੱਚ ਰਾਜਨੀਤੀ ਨਹੀਂ ਕਰਨ ਦੇਣਗੀਆਂ,ਪਰ ਤਹਿ ਲੋਕਾਂ ਨੇ ਕਰਨਾ ਹੁੰਦਾ ਹੈ।ਜੇਕਰ ਲੋਕਾਂ ਦੇ ਮਸਲਿਆਂ ਦੀ ਗੱਲ ਕਰੀਏ ਤਾਂ ਓਹਨਾਂ ਕਿਹਾ ਕਿ ਕੋਈ ਵੀ ਮਸਲਾ ਇਥੇ ਧਰਨਿਆਂ ਤੋਂ ਬਿਨਾਂ, ਰਿਸ਼ਵਤ ਲੈਣ ਤੋਂ ਬਿਨਾਂ, ਕਦੇ ਵੀ ਹੱਲ ਨਹੀਂ ਹੋਇਆ। ਟੈਂਕੀਆਂ ਤੇ ਚੜ੍ਹਨਾ, ਧਰਨੇ ਲਾਉਣੇ, ਨਾਅਰੇਬਾਜ਼ੀ, ਬੇਇਜ਼ਤੀ ਹੋਣੀ ਅਤੇ ਕਰਨੀ,ਇਹ ਖਾਸ ਕਰਕੇ ਪੰਜਾਬ ਸੂਬੇ ਵਿੱਚ ਰਿਵਾਜ ਜਿਹਾ ਹੀ ਹੋ ਗਿਆ ਹੈ, ਜੇਕਰ ਕਹਿ ਲਈਏ ਕਿ ਪੰਜਾਬ ਨੂੰ ਧਰਨਿਆਂ ਵਾਲਾ ਸੂਬਾ ਕਿਹਾ ਜਾਣ ਲੱਗਾ ਹੈ ਤਾਂ ਕੋਈ ਅਤਿਕਥਨੀ ਨਹੀਂ ਹੈ, ਓਨਾਂ ਗੱਲ ਕਰਦਿਆਂ ਦੱਸਿਆ ਕਿ ਪੰਜਾਬ ਦੇ ਸਿਰ ਤਿੰਨ ਲੱਖ ਕਰੋੜ ਦਾ ਕਰਜ਼ਾ ਹੈ,ਇਸ ਨੂੰ ਲਾਹੁਣ, ਕਿਸੇ ਕਿਸਮ ਦੇ ਵਿਕਾਸ ਦੀਆਂ ਗੱਲਾਂ, ਕੋਈ ਵੀ ਸਿਆਸੀ ਪਾਰਟੀ ਕਿਸੇ ਵੀ ਸਟੇਜ ਤੋਂ ਨਹੀਂ ਕਰਦੀਆਂ ਸਗੋਂ ਇੱਕ ਦੂਜੇ ਨੂੰ ਨਿੰਦਣਾ,ਪੁਰਾਣੇ ਤੋਂ ਪੁਰਾਣੇ ਕੇਸਾਂ ਨੂੰ ਆਪਣੇ ਭਾਸ਼ਣ ਦਾ ਹਿੱਸਾ ਬਣਾਉਣਾ, ਇੱਕ ਦੂਜੇ ਤੇ ਚਿੱਕੜ ਸੁੱਟਣਾ ਅਜੋਕੀ ਰਾਜਨੀਤੀ ਦਾ ਇੱਕ ਵੱਖਰਾ ਅਤੇ ਖਾਸ ਕਰਕੇ ਇਸ ਵੀਹ ਸੌ ਬਾਈ ਦੀਆਂ ਚੋਣਾਂ ਦਾ ਮੁੱਦਾ ਬਣ ਚੁੱਕਾ ਹੈ। ਕਿਸੇ ਵੀ ਪਾਰਟੀ ਦੇ ਲੀਡਰ ਦਾ ਕੋਈ ਦੀਨ ਈਮਾਨ ਨਹੀਂ ਰਿਹਾ, ਬਰਸਾਤੀ ਡੱਡੂਆਂ ਵਾਂਗ ਛਾਲਾਂ ਮਾਰ ਕੇ ਦੂਜੀ ਪਾਰਟੀ ਵਿੱਚ ਜਾਣਾ ਤੇ ਓਥੇ ਜਾ ਕੇ ਪਾਰਟੀ ਦੀ ਨਿੰਦਿਆ ਕਰਨੀ ਆਪਣਾ ਅਧਿਕਾਰ ਸਮਝਦੇ ਹਨ, ਅਜੋਕੇ ਦਲ ਬਦਲੂ ਨੇਤਾ। ਅਤੇ ਜ਼ਿਆਦਾਤਰ ਸਿਆਸੀ ਲੀਡਰਾਂ ਦੀ ਛਵੀ ਵੀ ਸਾਫ਼ ਨਹੀਂ ਹੈ, ਮਤਲਬ ਘਪਲਿਆਂ ਵਿੱਚ ਜਾਂ ਹੋਰ ਆਪਰਾਧਿਕ ਮਾਮਲਿਆਂ ਵਾਲਾ ਪਿਛੋਕੜ ਹੈ,ਪਰ ਫਿਰ ਵੀ ਚੋਣ ਅਖਾੜਿਆਂ ਵਿੱਚ ਨਿੱਤਰੇ ਹਨ।ਕੀ ਇਨ੍ਹਾਂ ਕੁਰੱਪਟ ਮਾੜੀ ਛਵੀ ਵਾਲੇ ਸਿਆਸੀਆਂ ਨੂੰ ਪੰਜਾਬ ਤੇ ਰਾਜ ਕਰਨ ਦਿ ਕੋਈ ਅਧਿਕਾਰ ਹੈ?ਇਹ ਵੀ ਕਾਨੂੰਨ ਦੇ ਘੇਰੇ ਵਿੱਚ ਆਉਣ ਵਾਲੀ ਗੱਲ ਹੈ,ਜਿਸ ਦਾ ਫੈਸਲਾ ਮਾਨਯੋਗ ਅਦਾਲਤ ਨੇ ਕਰਨਾ ਹੈ,ਪਰ ਇਹ ਚਰਚਾ ਦਾ ਵਿਸ਼ਾ ਜ਼ਰੂਰ ਹੈ।

              ਅਜੋਕੀਆਂ ਰਾਜਨੀਤਕ ਪਾਰਟੀਆਂ ਦਾ ਕਾਰਜ ਪਾੜੋ ਤੇ ਰਾਜ ਕਰੋ ਦੀ ਨੀਤੀ ਤੇ ਚੱਲ ਕੇ ਰਾਜ ਕਰਨਾ ਹੈ।ਜੋ ਇਸ ਵਾਰ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਮਹੌਲ ਬਣ ਚੁੱਕਾ ਹੈ ਓਹ ਪਿਛਲੇ ਪਝੱਤਰ ਸਾਲਾਂ ਦੇ ਇਤਿਹਾਸ ਵਿੱਚ ਨਹੀਂ ਹੋਇਆ, ਨਿਰੰਜਣ ਸਿੰਘ ਰੱਖਰਾ ਜੀ ਨੇ ਪਿੰਡ ਦੇ ਲੋਕਾਂ ਦਾ ਵਿਸ਼ਲੇਸ਼ਣ ਕਰਦਿਆਂ ਜੋ ਪਿੰਡ ਦੇ ਬਜ਼ੁਰਗਾਂ ਤੋਂ ਸੁਣਿਆ ਉਸ ਦੀਆਂ ਬਹੁਤ ਉਦਾਹਰਣਾਂ ਵੀ ਦਿੱਤੀਆਂ, ਅਤੇ ਦੱਸਿਆ ਕਿ ਇਸ ਵਾਰ ਬਦਲਾਅ ਲਿਆਉਣ ਦੀ ਸਭਨਾਂ ਨੇ ਪੱਕੀ ਧਾਰੀ ਹੋਈ ਹੈ।

              ਅੱਗੇ ਗੱਲ ਕਰਦਿਆਂ ਉਨ੍ਹਾਂ ਦੱਸਿਆ ਕਿ ਇਸ ਵਾਰ ਲੀਡਰਾਂ ਨੂੰ ਘੇਰ ਘੇਰ ਕੇ ਸਵਾਲ ਪੁੱਛਣ ਦਾ ਜਨੂੰਨ ਵੀ ਲੋਕਾਂ ਦੇ ਸਿਰ ਚੜ੍ਹ ਬੋਲਦਾ ਹੈ, ਬਿਲਕੁਲ ਸਹੀ ਗੱਲ ਹੈ ਜੇਕਰ ਅਸੀਂ ਪਹਿਲਾਂ ਤੋਂ ਇਹ ਅਖਤਿਆਰ ਕੀਤਾ ਹੁੰਦਾ ਤਾਂ ਪੰਜਾਬ ਨੂੰ ਇਹੋ ਜਿਹੇ ਹਾਲਾਤਾਂ ਵਿੱਚੋਂ ਨਹੀਂ ਸੀ ਗੁਜ਼ਰਨਾ ਪੈਣਾ। ਜਿੱਤਣ ਤੋਂ ਬਾਅਦ ਪੰਜ ਸਾਲਾਂ ਦੌਰਾਨ ਇੱਕ ਵਾਰ ਵੀ ਇਲਾਕੇ ਦੇ ਲੋਕਾਂ ਦੀ ਸਾਰ ਨਾ ਲੈਣੀ,ਇਸ ਵਾਰ ਦੀਆਂ ਚੋਣਾਂ ਦਾ ਅਹਿਮ ਮੁੱਦਾ ਬਣ ਚੁੱਕਾ ਹੈ, ਅਤੇ ਸਮੇਂ ਤੇ ਇਨ੍ਹਾਂ ਅਖੌਤੀ ਲੀਡਰਾਂ ਕੋਲ ਕੋਈ ਜਵਾਬ ਨਹੀਂ ਹੁੰਦਾ।ਇਸ ਲਈ ਰਵਾਇਤੀ ਪਾਰਟੀਆਂ ਨੂੰ ਇਸ ਵਾਰ ਹਰ ਗਲੀ ਮੁਹੱਲੇ ਪਿੰਡਾਂ ਸ਼ਹਿਰਾਂ ਵਿੱਚੋਂ ਮੂੰਹ ਦੀ ਖਾਣੀ ਪੈ ਰਹੀ ਹੈ। ਜੇਕਰ ਸਿਆਸੀ ਮਾਹਿਰਾਂ ਦੀ ਮੰਨੀਏ ਤਾਂ ਇਸ ਵਾਰ ਬਹੁਤ ਹੀ ਫਸਵੇਂ ਮੁਕਾਬਲੇ ਹੋਣ ਦੀ ਚਰਚਾ ਹੈ,ਹਰ ਇੱਕ ਪਾਰਟੀ ਆਪੋ-ਆਪਣੇ ਦਾਅ ਪੇਚ ਲਾਉਣ ਦੀ ਪੂਰੀ ਪੂਰੀ ਵਾਹ ਲਾ ਰਹੀਆਂ ਹਨ।

                 ਨਿਰੰਜਣ ਸਿੰਘ ਰੱਖਰਾ ਜੀ ਨੇ ਇਸ ਸਮੇਂ ਗੱਲ ਕਰਦਿਆਂ ਸਮਾਜ ਸੇਵੀ ਸੰਸਥਾਵਾਂ, ਭਰਾਤਰੀ ਭਾਈਚਾਰੇ, ਅਤੇ ਤਮਾਮ ਲੋਕ ਭਲਾਈ ਹਿਤ ਕੰਮ ਕਰ ਰਹੀਆਂ ਸਮੂਹ ਜਥੇਬੰਦੀਆਂ ਨੂੰ ਬੇਨਤੀ ਵੀ ਕੀਤੀ ਕਿ ਇਸ ਵਾਰ ਬਦਲਾਅ ਲਈ ਆਪਾਂ ਸਭਨਾਂ ਨੂੰ ਇੱਕ ਜੁੱਟ ਹੋ ਕੇ ਹੰਭਲਾ ਮਾਰਨ ਦੀ ਅਤਿਅੰਤ ਲੋੜ ਹੈ, ਜੇਕਰ ਪੰਜਾਬ ਨੂੰ ਖੁਸ਼ਹਾਲ ਅਤੇ ਪਹਿਲਾਂ ਜਿਹਾ ਵੇਖਣਾ ਚਾਹੁੰਦੇ ਹੋਂ ਤਾਂ ਆਓ ਬਦਲਾਅ ਕਾਰਜ ਲਈ ਪਹਿਰਾ ਦੇਈਏ, ਅਤੇ ਲੁੱਟ ਘਸੁੱਟ ਕਰਨ ਵਾਲੀਆਂ ਰਵਾਇਤੀ ਪਾਰਟੀਆਂ ਤੋਂ ਪੰਜਾਬ ਅਤੇ ਪੰਜਾਬ ਵਾਸੀਆਂ ਦਾ ਖਹਿੜਾ ਛੁਡਾਈਏ।ਇਸ ਵਿੱਚ ਹੀ ਪੰਜਾਬ ਪੰਜਾਬੀ ਅਤੇ ਪੰਜਾਬੀਅਤ ਦੀ ਭਲਾਈ ਹੈ, ਦੋਸਤੋ ਜੇਕਰ ਇਹ ਨਹੀਂ ਹੁੰਦਾ ਤਾਂ ਜੋ ਕੁੱਝ ਪਹਿਲਾਂ ਹੋ ਰਿਹਾ ਹੈ ਉਸ ਤੋਂ ਵੀ ਮਾੜੇ ਦਿਨਾਂ ਦੇ ਆਉਣ ਦੀ ਉਮੀਦ ਤੋਂ ਨਾਬਰ ਨਹੀਂ ਹੋਇਆ ਜਾ ਸਕਦਾ।

 

ਜਸਵੀਰ ਸ਼ਰਮਾਂ ਦੱਦਾਹੂਰ , ਸ੍ਰੀ ਮੁਕਤਸਰ ਸਾਹਿਬ

95691-49556

ਬਣਾਉਟੀ ਸੂਰਜ ਬਨਾਮ ਗੋਹੇ ਦੀਆਂ ਪਾਥੀਆਂ!✍️ ਸਲੇਮਪੁਰੀ ਦੀ ਚੂੰਢੀ

ਸੰਸਾਰ ਵਿਚ ਸਿੰਘਾਪੁਰ ਵਰਗੇ  ਛੋਟੇ ਛੋਟੇ ਬਹੁਤ ਦੇਸ਼ਾਂ ਹਨ, ਜਿਨ੍ਹਾਂ ਨੇ ਜਿਥੇ ਆਪਣੇ ਦੇਸ਼ ਦੇ ਲੋਕਾਂ ਨੂੰ ਸਵਰਗ ਵਰਗੀ ਜਿੰਦਗੀ ਪ੍ਰਦਾਨ ਕੀਤੀ ਹੈ, ਉਥੇ  ਹਰ ਖੇਤਰ ਵਿਚ  ਉੱਚੀਆਂ ਉੱਚੀਆਂ ਮੱਲਾਂ ਵੀ ਬਹੁਤ ਮਾਰੀਆਂ ਹਨ, ਪਰ ਜਦੋਂ ਅਸੀਂ ਬਰਤਾਨੀਆ ਅਤੇ ਚੀਨ ਵਰਗੇ ਦੇਸ਼ਾਂ ਵਲੋਂ ਕੀਤੀ ਤਰੱਕੀ ਵਲ ਝਾਤੀ ਮਾਰਦੇ ਹਾਂ ਤਾਂ ਹੈਰਾਨੀ ਦੀ ਕੋਈ ਹੱਦ ਨਹੀਂ ਰਹਿੰਦੀ, ਕਿਉਂਕਿ ਇਨ੍ਹਾਂ ਦੇਸ਼ਾਂ ਨੇ ਤਾਂ 'ਬਣਾਉਟੀ ਸੂਰਜ' ਬਣਾ ਕੇ ਰੱਖ ਦਿੱਤੇ ਹਨ ਜੋ ਬੇ-ਅਥਾਹ ਊਰਜਾ ਪੈਦਾ ਕਰਦੇ ਹਨ। ਜਾਣੀ ਕਿ ਇਨ੍ਹਾਂ ਦੇਸ਼ਾਂ ਨੇ ਤਾਂ ਊਰਜਾ ਪੈਦਾ ਕਰਨ ਲਈ ਬਣਾਉਟੀ ਸੂਰਜ ਬਣਾਉਣ ਵਿਚ ਵੱਡੀ ਸਫਲਤਾ ਹਾਸਲ ਕਰ ਲਈ ਹੈ। ਪਿਛਲੇ ਦਿਨੀਂ ਬਰਤਾਨਵੀ ਵਿਗਿਆਨੀਆਂ ਨੇ 'ਬਣਾਉਟੀ ਸੂਰਜ' ਬਣਾ ਕੇ ਊਰਜਾ ਪੈਦਾ ਕਰਨ ਦੀ ਦਿਸ਼ਾ 'ਚ ਜੋ ਨਵਾਂ ਕੀਰਤੀਮਾਨ ਪੈਦਾ ਕੀਤਾ ਹੈ, ਦਾ ਲਾਭ ਕੇਵਲ ਬਰਤਾਨੀਆ ਨੂੰ ਹੀ ਨਹੀਂ ਬਲਕਿ ਸਮੁੱਚੇ ਸੰਸਾਰ ਲਈ  ਲਾਹੇਵੰਦ ਸਾਬਤ ਹੋ ਨਿਬੜੇਗਾ। ਬਰਤਾਨਵੀ ਵਿਗਿਆਨੀਆਂ ਨੇ ਸੂਰਜ ਦੀ ਤਕਨੀਕ 'ਤੇ ਨਿਊਕਲੀਅਰ ਫਿਊਜ਼ਨ  ਕਰਨ ਵਾਲਾ ਜਿਹੜਾ ਰਿਐਕਟਰ ਬਣਾਉਣ ਵਿਚ ਸਫਲਤਾ ਹਾਸਲ ਕੀਤੀ ਹੈ ,  ਅਥਾਹ ਊਰਜਾ ਛੱਡਦਾ ਹੈ।ਇਸ ਸੰਬੰਧੀ ਬਰਤਾਨਵੀ ਵਿਗਿਆਨੀਆਂ ਵੱਲੋਂ ਆਕਸਫੋਰਡ ਯੂਨੀਵਰਸਿਟੀ ਨੇੜੇ ਕੀਤੇ ਗਏ ਪ੍ਰਯੋਗ ਦੌਰਾਨ ਇਸ ਰਿਐਕਟਰ ਤੋਂ 59 ਮੈਗਾਜੂਲ ਊਰਜਾ ਨਿਕਲੀ ਹੈ, ਜੋ  ਸੰਸਾਰ ਭਰ ਵਿਚ ਜਿਥੇ ਇਕ ਨਵੀਂ ਵਿਗਿਆਨਿਕ ਖੋਜ ਹੈ, ਉਥੇ ਆਪਣੇ ਆਪ 'ਚ ਇਕ ਰਿਕਾਰਡ ਵੀ ਹੈ। ਊਰਜਾ ਦੀ ਇਸ ਮਾਤਰਾ ਨੂੰ ਪੈਦਾ ਕਰਨ ਲਈ14 ਕਿਲੋ ਟੀ. ਐਨ. ਟੀ. ਦੀ ਵਰਤੋਂ ਕੀਤੀ ਗਈ ਹੈ। ਵਿਗਿਆਨੀਆਂ ਮੁਤਾਬਿਕ ਇਸ ਵਿਗਿਆਨਿਕ ਤਕਨੀਕ ਦੀ ਮਦਦ ਨਾਲ ਤਾਰਿਆਂ ਦੀ ਊਰਜਾ ਨੂੰ ਵਰਤੋਂ ਵਿਚ ਲਿਆਂਦਾ ਜਾਵੇਗਾ, ਜਿਸ ਨਾਲ ਧਰਤੀ 'ਤੇ ਸਸਤੀ ਅਤੇ ਸਾਫ਼ ਊਰਜਾ ਪ੍ਰਾਪਤ ਕਰਨ ਦੇ ਮੌਕੇ ਪ੍ਰਾਪਤ ਹੋਣਗੇ। ਬਰਤਾਨਵੀ ਵਿਗਿਆਨੀਆਂ ਨੇ ਆਪਣੇ ਦੁਆਰਾ ਤਿਆਰ ਕੀਤੀ ਗਈ ਪ੍ਰਯੋਗਸ਼ਾਲਾ ਵਿੱਚ 59 ਮੈਗਾਜੁਲ ਊਰਜਾ ਪੈਦਾ ਕਰਕੇ 1997 ਵਿੱਚ ਕਾਇਮ ਕੀਤੇ ਆਪਣੇ ਹੀ ਰਿਕਾਰਡ ਨੂੰ ਤੋੜਦਿਆਂ  ਪ੍ਰਮਾਣੂ ਊਰਜਾ ਦਾ ਸਫਲ ਪ੍ਰਯੋਗ  ਕੀਤਾ ਗਿਆ ਹੈ। ਵਿਗਿਆਨੀਆਂ ਵਲੋਂ ਉਮੀਦ ਜਤਾਈ ਜਾ ਰਹੀ ਹੈ ਕਿ  ਇਹ ਪ੍ਰਯੋਗ  ਪ੍ਰਮਾਣੂ ਫਿਊਜ਼ਨ ਦੀ ਤਕਨਾਲੋਜੀ ਦੇ ਆਧਾਰ 'ਤੇ ਊਰਜਾ ਦੀ ਸੁਰੱਖਿਅਤ ਅਤੇ ਟਿਕਾਊ ਸਪਲਾਈ ਦੀ ਸੰਭਾਵਨਾ ਸਾਬਤ ਹੋਵੇਗਾ।
ਅਸੀਂ ਹਰ ਰੋਜ ਉੱਚੀ ਉੱਚੀ ਟਾਹਰਾਂ ਮਾਰ ਮਾਰ ਕੇ ਆਖਦੇ ਹਾਂ ਕਿ ਭਾਰਤ ਨੇ ਹਰ ਖੇਤਰ ਵਿਚ ਤਰੱਕੀ ਦੀਆਂ ਬੁਲੰਦੀਆਂ ਨੂੰ ਛੂਹਿਆ ਹੈ ਜਦਕਿ ਇਸ ਦੇ ਨਾਲ ਨਾਲ ਨਵੀਆਂ ਲੀਹਾਂ ਪੈਦਾ ਕੀਤੀਆਂ ਜਾ ਰਹੀਆਂ ਹਨ , ਪਰ ਜਦੋਂ ਗਹੁ ਨਾਲ ਵੇਖਦੇ ਹਾਂ ਤਾਂ ਪਤਾ ਲੱਗਦਾ  ਹੈ ਕਿ ਅਸੀਂ ਹਰ ਖੇਤਰ ਵਿਚ ਪੱਛੜ ਕੇ ਰਹਿ ਗਏ ਹਾਂ। ਹਾਂ ਜੇ ਤਰੱਕੀ ਕੀਤੀ ਹੈ ਤਾਂ ਧਰਮ ਦੇ ਨਾਂ 'ਤੇ ਦੰਗੇ ਕਰਵਾਉਣ ਅਤੇ ਜਾਤੀ ਪਾੜਾ ਵਧਾਉਣ ਵਿੱਚ ਕੀਤੀ ਹੈ ਜਾਂ ਫਿਰ ਅਸੀਂ ਭ੍ਰਿਸ਼ਟਾਚਾਰ ਵਿਚ ਹੱਦਾਂ ਬੰਨੇ ਪਾਰ ਕੀਤੇ ਹਨ ਜਾਂ ਫਿਰ ਬੈਂਕਾਂ ਤੋਂ ਕਰੋੜਾਂ ਰੁਪਏ ਕਰਜਿਆਂ ਦੇ ਰੂਪ ਵਿਚ ਲੈ ਕੇ ਘਪਲੇ ਕੀਤੇ ਹਨ।
ਸਾਡੇ ਦੇਸ਼ ਵਿਚ ਤਾਂ ਅਜੀਬੋ-ਗਰੀਬ ਕਿਸਮ ਦੀਆਂ ਖੋਜਾਂ ਦਾ ਸਿਲਸਿਲਾ ਚੱਲਦਾ ਰਹਿੰਦਾ ਹੈ। ਨਜ਼ਰਾਂ ਉਤਾਰਨ ਲਈ ਗਿੱਟੇ ਨਾਲ ਕਾਲਾ ਧਾਗਾ ਜਾਂ ਟੁੱਟਿਆ ਛਿੱਤਰ ਬੰਨ੍ਹਣਾ, ਰੁੱਖਾਂ ਵਿਚ ਮੇਖਾਂ ਗੱਡਣਾ / ਧਾਗੇ ਲਪੇਟਣਾ ਵੀ ਸਾਡੇ ਦੇਸ਼ ਦੀਆਂ ਮਹੱਤਵਪੂਰਨ ਖੋਜਾਂ ਹਨ। ਪਿਛਲੇ ਦਿਨੀਂ ਬਨਾਰਸ ਹਿੰਦੂ ਯੂਨੀਵਰਸਿਟੀ ਦੇ ਇਕ ਸਿੱਖਿਆ ਸ਼ਾਸਤਰੀ ਨੇ ਤਾਂ ਆਪਣੇ ਵਿਦਿਆਰਥੀਆਂ ਨੂੰ ਗੋਹੇ ਦੀਆਂ ਪਾਥੀਆਂ ਪੱਥਣ ਲਈ ਸਿਖਲਾਈ ਦਿੰਦਿਆਂ ਗੋਹੇ ਦੇ ਦੁਰਲੱਭ ਲਾਭਾਂ ਬਾਰੇ ਕੀਤੀ ਗਈ ਖੋਜ ਤੋਂ ਜਾਣੂ ਕਰਵਾ ਕੇ ਨਵਾਂ ਕੀਰਤੀਮਾਨ ਪੈਦਾ ਕੀਤਾ ਹੈ, ਜਿਸ ਨੂੰ ਦੇਸ਼ ਦੀਆਂ ਮਹੱਤਵਪੂਰਨ ਖੋਜਾਂ ਦੇ ਸੁਨਹਿਰੀ ਪੰਨਿਆਂ ਉਪਰ ਅੰਕਿਤ ਕੀਤਾ ਜਾਵੇਗਾ। ਬਰਤਾਨੀਆ ਅਤੇ ਚੀਨ ਵਲੋਂ ਤਿਆਰ ਕੀਤੇ ਗਏ ਬਣਾਉਟੀ ਸੂਰਜਾਂ ਦੀ ਊਰਜਾ ਸਾਡੇ ਦੇਸ਼ ਵਿਚ ਗੋਹੇ ਤੋਂ ਤਿਆਰ ਕੀਤੀਆਂ ਗਈਆਂ ਪਾਥੀਆਂ ਦੀ ਊਰਜਾ ਦਾ ਮੁਕਾਬਲਾ ਨਹੀਂ ਕਰ ਸਕਦੀ! ਸਾਡੇ ਦੇਸ਼ ਵਿਚ ਤਾਂ ਗਟਰਾਂ ਦੀ ਗੰਦਗੀ ਸਾਫ ਕਰਨ ਲਈ ਅਜੇ ਵੀ ਮਨੁੱਖਾਂ ਨੂੰ ਗਟਰਾਂ ਵਿਚ ਉਤਾਰਿਆ ਜਾਂਦਾ ਹੈ।
ਆਹ ਨੇ ਸਾਡੀਆਂ ਖੋਜਾਂ!
-ਸੁਖਦੇਵ ਸਲੇਮਪੁਰੀ
09780620233
14 ਫਰਵਰੀ, 2022.

ਬੜੇ ਬੜੇ ਸ਼ਹਿਰੋਂ ਮੇਂ ਛੋਟੀ ਛੋਟੀ ਬਾਤੇੰ! ✍️ ਸਲੇਮਪੁਰੀ ਦੀ ਚੂੰਢੀ

ਅੱਜ ਜਿਉਂ ਹੀ ਸਵੇਰੇ ਮੈਂ ਅਖਬਾਰ ਪੜ੍ਹਨ ਲੱਗਿਆ ਤਾਂ ਮੇਰੀ ਨਿਗਾਹ ਵੱਖ ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਵਲੋਂ ਇਧਰੋਂ- ਉਧਰ ਤੇ ਉਧਰੋਂ-ਇਧਰ ਛਾਲਾਂ ਮਾਰਨ ਦੀਆਂ ਖਬਰਾਂ ਵੱਲ ਗਈ ਤਾਂ ਮੈਨੂੰ ਪਹਿਲਾਂ ਆਮ ਦੀ ਤਰ੍ਹਾਂ ਕਿਸੇ ਵੀ ਤਰ੍ਹਾਂ ਦੀ ਕੋਈ ਹੈਰਾਨੀ ਮਹਿਸੂਸ ਨਹੀਂ ਹੋਈ, ਕਿਉਂਕਿ ਇਧਰੋਂ- ਉਧਰ ਤੇ ਉਧਰੋਂ ਅੱਗੇ ਅੱਗੇ ਛਾਲਾਂ ਮਾਰਨਾ ਉਨ੍ਹਾਂ ਦਾ ਕਿਰਦਾਰ ਬਣ ਚੁੱਕਿਆ ਹੈ।ਦੇਸ਼ ਦੀਆਂ ਸਿਆਸੀ ਪਾਰਟੀਆਂ ਦੇ ਆਗੂ ਆਪਣੇ ਆਪ ਨੂੰ ਸੱਚੇ ਸੁੱਚੇ ਦੇਸ਼ ਭਗਤ ਕਹਾਉਣ ਵਿਚ ਮਾਣ ਮਹਿਸੂਸ ਕਰਦੇ ਹਨ ਤੇ ਇਸੇ ਲਈ ਤਾਂ ਉਹ ਅਜਾਦੀ ਦਿਵਸ ਮੌਕੇ 15 ਅਗਸਤ ਨੂੰ ਅਤੇ ਫਿਰ ਗਣਤੰਤਰ ਦਿਵਸ ਮੌਕੇ 26 ਜਨਵਰੀ ਨੂੰ ਕੌਮੀ ਝੰਡੇ ਲਹਿਰਾਉਂਦੇ ਹਨ। ਪਰ ਇਸ ਦੇ ਨਾਲ ਹੀ ਮੇਰੀ ਨਜ਼ਰ ਅਖਬਾਰ ਦੀ ਇਕ ਹੋਰ ਮੋਟੀ ਖਬਰ 'ਤੇ ਪਈ, ਜਿਸ ਵਿਚ ਲਿਖਿਆ ਹੋਇਆ ਸੀ  'ਇੱਕ ਸ਼ਿਪਯਾਰਡ ਕੰਪਨੀ ਅਤੇ ਉਸ ਦੇ ਨਿਵੇਸ਼ਕਾਂ  ਵਲੋਂ ਬੈਂਕਾਂ ਨਾਲ 23 ਹਜਾਰ ਕਰੋੜ ਰੁਪਏ ਦਾ ਘਪਲਾ'! ਪਰ ਇਹ ਖਬਰ ਪੜ੍ਹ ਕੇ ਵੀ ਮੈਨੂੰ ਰਤਾ ਜਿੰਨ੍ਹੀ ਵੀ ਹੈਰਾਨਗੀ ਨਹੀਂ ਹੋਈ, ਕਿਉਂਕਿ ਇਹ ਵੀ ਕੋਈ ਖਾਸ ਖਬਰ ਨਹੀਂ ਸੀ, ਇਸ ਤੋਂ ਪਹਿਲਾਂ ਵੀ ਅਜਿਹੀਆਂ ਅਨੇਕਾਂ ਖਬਰਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ।  'ਬੜੇ-ਬੜੇ ਸ਼ਹਿਰੋਂ ਮੇਂ ਛੋਟੀ ਛੋਟੀ ਬਾਤੇੰ ਹੋਤੀ ਰਹਿਤੀ ਹੈੰ' ਕਿਉਂਕਿ ਭਾਰਤ ਇਕ ਵਿਸ਼ਾਲ ਦੇਸ਼ ਹੈ, ਇੰਨੀ ਕੁ ਰਕਮ ਨਾਲ ਸਰਕਾਰੀ ਖਜ਼ਾਨੇ ਨੂੰ ਕੁਝ ਵੀ ਫਰਕ ਨਹੀਂ ਪੈਣਾ, ਇਸ ਤੋਂ ਪਹਿਲਾਂ ਵੀ ਸੱਚੇ ਸੁੱਚੇ ਦੇਸ਼ ਭਗਤਾਂ ਦੇ ਅਰਬਾਂ-ਖਰਬਾਂ ਰੁਪਏ ਵਿਦੇਸ਼ੀ ਬੈਂਕਾਂ ਵਿਚ ਪਏ ਹਨ ਜਾਂ ਫਿਰ ਬੈਂਕਾਂ ਤੋਂ ਲੈ ਕੇ ਭਗੌੜੇ ਹੋ ਚੁੱਕੇ ਹਨ। ਦੇਸ਼ ਦੇ ਕਰੋੜਾਂ, ਅਰਬਾਂ ਤੇ ਖਰਬਾਂ ਰੁਪਏ ਲੈ ਕੇ ਭੱਜਣ ਵਾਲੇ ਦੇਸ਼ ਭਗਤ ਵੱਡੇ ਦਿਲ ਅਤੇ ਉੱਚੀ ਸੋਚ ਦੇ ਮਾਲਕ ਹੀ ਹੋ ਸਕਦੇ ਹਨ। ਦੇਸ਼ ਦੇ ਲੋਕਾਂ ਨੂੰ ਅਜਿਹੀਆਂ ਘਟਨਾਵਾਂ ਬਾਰੇ ਸੋਚ ਸੋਚ ਕੇ  ਚਿੰਤਤ ਹੋਣ ਦੀ ਜਰੂਰਤ ਨਹੀਂ ਹੈ। ਲੋਕਾਂ ਨੇ ਜੇ ਚਿੰਤਾ ਕਰਨੀ ਹੈ, ਤਾਂ ਉਨ੍ਹਾਂ ਨੂੰ ਆਪਣੇ ਲਏ ਕਰਜਿਆਂ ਬਾਰੇ ਚਿੰਤਾ ਕਰਨੀ ਚਾਹੀਦੀ ਹੈ ਕਿਉਂਕਿ ਜੇ ਉਨ੍ਹਾਂ ਨੇ ਆਪਣੇ ਕੰਮਾਂ ਲਈ ਕਿਸੇ ਬੈਂਕ /ਵਿੱਤ ਏਜੰਸੀ ਤੋਂ  ਲਏ 5000 ਰੁਪਏ, 10,000 ਰੁਪਏ, 50,000 ਰੁਪਏ ਜਾਂ 100000 ਰੁਪਏ ਮਜਬੂਰੀ ਵੱਸ ਸਮੇਂ ਸਿਰ ਵਾਪਸ ਨਾ ਕੀਤੇ ਜਾਂ ਵਿਚੋਂ ਕਿਸ਼ਤਾਂ ਟੁੱਟ ਗਈਆਂ ਤਾਂ ਜੇਲ੍ਹ ਦੀ ਹਵਾ ਖਾਣ ਲਈ ਤਿਆਰ ਰਹਿਣਾ ਚਾਹੀਦਾ ਹੈ। ਕਰਜੇ ਦੀ ਵਾਪਸੀ ਨੂੰ ਲੈ ਕੇ  ਤੁਹਾਡੇ ਘਰ/ ਜਮੀਨ ਦੀ ਕੁਰਕੀ ਵੀ ਹੋ ਸਕਦੀ ਹੈ।  ਤੁਸੀਂ ਦੇਸ਼ ਭਗਤ ਨਹੀਂ ਬਲਕਿ ਤੁਹਾਡਾ ਨਾਂ ਦੇਸ਼ ਧ੍ਰੋਹੀਆਂ ਦੀ ਸੂਚੀ ਵਿਚ ਸ਼ਾਮਲ ਹੋ ਸਕਦਾ, ਜਦਕਿ ਵੱਡੇ ਵੱਡੇ ਘਪਲੇ ਕਰਨ ਵਾਲੇ ਦੇਸ਼ ਭਗਤਾਂ ਨੂੰ ਤਾਂ ਕੌਮੀ ਪੱਧਰ ਦੇ ਪੁਰਸਕਾਰ ਦੇ ਕੇ ਸਨਮਾਨਿਤ ਵੀ ਕੀਤਾ ਜਾਵੇਗਾ, ਕਿਸੇ ਵਿਭਾਗ ਦਾ ਚੇਅਰਮੈਨ ਵੀ ਥਾਪਿਆ ਜਾ ਸਕਦਾ ਹੈ ਅਤੇ ਉਨ੍ਹਾਂ ਦਾ ਵਿਧਾਇਕ, ਮੈਂਬਰ ਲੋਕ ਸਭਾ /ਰਾਜ ਸਭਾ ਅਤੇ ਮੰਤਰੀ ਬਣਨ ਦਾ ਗੁਣੀਆ ਪੈ ਜਾਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।
ਅਸੀਂ ਹਰ ਰੋਜ ਕਿਤਾਬਾਂ ਵਿੱਚ ਪੜ੍ਹਦੇ ਹਾਂ ਕਿ 'ਭਾਰਤ ਇਕ ਵਿਸ਼ਾਲ ਦੇਸ਼ ਹੈ।' ਇਸ ਲਈ ਕਿਸੇ ਵੀ ਵਿਸ਼ਾਲ ਦੇਸ਼ ਵਿੱਚ ਬੈਂਕਾਂ ਨਾਲ ਵੱਡੇ ਵੱਡੇ ਘਪਲੇ ਹੋਣਾ ਕੋਈ ਅਚੰਭੇ ਵਾਲੀ ਘਟਨਾ ਨਹੀਂ ਹੈ, ਕਿਉਂਕਿ ਬੜੇ - ਬੜੇ ਸ਼ਹਿਰੋਂ ਮੇਂ ਛੋਟੀ-ਛੋਟੀ ਬਾਤੇੰ ਹੋਤੀ ਰਹਿਤੀ ਹੈ!
-ਸੁਖਦੇਵ ਸਲੇਮਪੁਰੀ
09780620233
13 ਫਰਵਰੀ, 2022.

ਭੁਚਾਲੀ ਝਟਕੇ ✍️ ਸਲੇਮਪੁਰੀ ਦੀ ਚੂੰਢੀ

ਧਰਤੀ 'ਤੇ ਥੋੜ੍ਹੇ - ਥੋੜ੍ਹੇ ਸਮੇਂ ਬਾਅਦ ਅਕਸਰ ਭੁਚਾਲ ਦੇ ਝਟਕੇ ਲੱਗਦੇ ਰਹਿੰਦੇ ਹਨ। ਕਈ ਵਾਰ ਬਹੁਤ ਹੀ ਘੱਟ ਤੀਬਰਤਾ ਨਾਲ ਭੂਚਾਲ ਆਉਂਦਾ ਹੈ, ਜਿਸ ਨੂੰ ਅਸੀਂ ਮਾਮੂਲੀ ਜਿਹਾ ਮਹਿਸੂਸ ਕਰਦੇ ਹਾਂ ਜਦਕਿ ਕਈ ਵਾਰ ਜਿਸ ਇਲਾਕੇ ਵਿਚ ਬਹੁਤ ਹੀ ਤੇਜ ਤੀਬਰਤਾ ਨਾਲ ਭੂਚਾਲ ਆਉਂਦਾ ਹੈ, ਤਾਂ ਉਥੇ ਘਰਾਂ ਦੀਆਂ ਬੂਹੇ-ਬਾਰੀਆਂ ਜੋਰ-ਜੋਰ ਦੀ ਖੜਕਦੀਆਂ ਹਨ, ਕੰਧਾਂ ਵਿਚ ਤਰੇੜਾਂ ਆ ਜਾਂਦੀਆਂ ਹਨ, ਕਈ ਵਾਰੀ ਤਾਂ ਘਰਾਂ ਦੀਆਂ ਨੀਹਾਂ ਹਿੱਲ ਜਾਂਦੀਆਂ ਹਨ। ਧਰਤੀ ਉੱਪਰ ਭੁਚਾਲ ਦੇ ਝਟਕੇ ਲੱਗਣਾ ਜਾਂ ਸਮੁੰਦਰ ਵਿਚ ਜਵਾਰ ਭਾਟੇ ਦਾ ਆਉਣਾ, ਕੁਦਰਤ ਦੀ ਇਕ ਪ੍ਰਕਿਰਿਆ ਹੈ, ਜੋ ਅਕਸਰ ਚੱਲਦੀ ਰਹਿੰਦੀ ਹੈ, ਪਰ ਸਾਡੇ ਦੇਸ਼ ਵਿਚ ਜਾਂ ਦੇਸ਼ ਦੇ ਵੱਖ ਵੱਖ ਸੂਬਿਆਂ ਵਿਚ, ਉਸ ਵੇਲੇ ਸਿਆਸੀ ਭੁਚਾਲ ਦੇ ਝਟਕੇ ਮਹਿਸੂਸ ਕੀਤੇ ਜਾਂਦੇ ਹਨ, ਜਦੋਂ ਲੋਕ ਸਭਾ ਜਾਂ ਵਿਧਾਨ ਸਭਾ ਦੀਆਂ ਚੋਣਾਂ ਹੁੰਦੀਆਂ ਹਨ। ਸਿਆਸਤ ਵਿਚ ਆਉਣ ਵਾਲੇ ਭੁਚਾਲ ਦੇ ਝਟਕਿਆਂ ਦਾ ਲੋਕਾਂ ਦੀ ਭਲਾਈ ਲਈ ਜਾਂ ਲੋਕਾਂ ਦੀਆਂ ਸਮੱਸਿਆਵਾਂ ਨਾਲ ਕੋਈ ਵੀ ਲੈਣ-ਦੇਣ ਨਹੀਂ ਹੁੰਦਾ।ਇਹ ਝਟਕੇ ਜਾਂ ਤਾਂ ਕੁਰਸੀ ਨਾਲ ਜੁੜੇ ਹੁੰਦੇ ਹਨ ਜਾਂ ਕਿਸੇ ਖਾਸ ਦਬਾਅ ਹੇਠ ਜਾਂ ਕਿਸੇ ਗੁਪਤ ਕਾਰਨ ਕਰਕੇ ਆਉਂਦੇ ਹਨ, ਪਰ ਇਹ ਗੱਲ 100 ਫੀਸਦੀ ਸੱਚ ਹੈ ਕਿ, ਇਨ੍ਹਾਂ ਸਿਆਸੀ ਭੁਚਾਲੀ ਝਟਕਿਆਂ ਦਾ ਲੋਕਾਂ ਨੂੰ, ਸਮਾਜ ਨੂੰ, ਸੂਬੇ ਨੂੰ ਜਾਂ ਦੇਸ਼ ਨੂੰ ਕਿਸੇ ਵੀ ਕਿਸਮ ਦਾ ਲਾਭ ਹੋਣ ਦੀ ਕੋਈ ਉਮੀਦ ਨਹੀਂ ਹੁੰਦੀ। ਪੰਜਾਬ ਵਿਚ ਸਿਆਸੀ ਭੁਚਾਲ ਦੇ ਝਟਕੇ ਆਉਣ ਵਾਲੀ 19 ਫਰਵਰੀ ਤੱਕ ਜਾਂ ਫਿਰ ਵੋਟਾਂ ਵਾਲੇ ਦਿਨ 20 ਫਰਵਰੀ ਤੱਕ ਵੱਜਦੇ ਰਹਿਣ ਦੀ ਸੰਭਾਵਨਾ ਹੈ।
ਲੋਕੋ! ਤੁਸੀਂ ਸਿਆਸੀ ਭੁਚਾਲਾਂ ਦੇ ਝਟਕਿਆਂ ਨੂੰ ਲੈ ਕੇ ਨਾ ਤਾਂ ਚਿੰਤਤ ਹੋਣਾ ਅਤੇ ਨਾ ਹੀ ਖੁਸ਼ ਹੋਣਾ, ਕਿਉਂਕਿ ਇਹ ਝਟਕੇ ਤੁਹਾਡੇ ਭਵਿੱਖ ਦੀ ਬਿਹਤਰੀ ਲਈ ਨਹੀਂ, ਸਿਰਫ ਨਿੱਜੀ ਹਨ! ਤੁਸੀਂ ਆਪਣੀ ਵੋਟ ਦੀ ਮਹੱਤਤਾ ਨੂੰ ਸਮਝਦੇ ਹੋਏ, ਬਿਨਾਂ ਕਿਸੇ ਡਰ ਅਤੇ ਛੋਟੇ - ਮੋਟੇ ਲਾਲਚਾਂ ਤੋਂ ਉਪਰ ਉਠ ਕੇ ਚੰਗੇ ਅਕਸ ਵਾਲੇ ਦੀ ਚੋਣ ਕਰਨ ਨੂੰ ਪਹਿਲ ਦੇਣਾ, ਕਿਉਂਕਿ ਤੁਸੀਂ ਜਾਗਦੀ ਜਮੀਰ ਦੇ ਮਾਲਕ ਹੋ!
ਲੋਕੋ! ਚੋਣ ਸਰਵੇਖਣਾਂ ਦੇ ਝਟਕਿਆਂ ਤੋਂ ਵੀ ਸੁਚੇਤ ਹੋ ਕੇ ਰਹਿਣਾ, ਇਨ੍ਹਾਂ ਵਿਚੋਂ ਬਹੁਤੇ ਫਰਜੀ ਅਤੇ ਨਿੱਜੀ ਹੁੰਦੇ ਹਨ, ਕਿਤੇ ਇਨ੍ਹਾਂ ਦੀ ਘੁੰਮਣ-ਘੇਰੀ ਵਿਚ ਫਸ ਕੇ ਨਾ ਬਹਿ ਜਾਓ, ਆਪਣੀ ਜਮੀਰ ਨੂੰ ਜਿਉਂਦੇ ਰੱਖਦਿਆਂ ਚੰਗੇ - ਮਾੜੇ ਦੀ ਪਰਖ ਕਰਨਾ ਨਾ ਭੁੱਲਿਓ!
-ਸੁਖਦੇਵ ਸਲੇਮਪੁਰੀ
09780620233
11 ਫਰਵਰੀ, 2022.

11 ਜਨਵਰੀ ਤੇ ਵਿਸ਼ੇਸ਼ - ਲਾਲ ਬਹਾਦਰ ਸ਼ਾਸਤਰੀ ✍️ ਗੋਬਿੰਦਰ ਸਿੰਘ ਢੀਂਡਸਾ

ਲਾਲ ਬਹਾਦਰ ਸ਼ਾਸਤਰੀ  9 ਜੂਨ 1964 ਤੋਂ 11 ਜਨਵਰੀ 1966 ਤੱਕ ਲੱਗਭਗ 18 ਮਹੀਨੇ ਭਾਰਤ ਦੇ ਦੂਜੇ ਪ੍ਰਧਾਨ ਮੰਤਰੀ ਰਹੇ। ਲਾਲ ਬਹਾਦਰ ਸ਼ਾਸਤਰੀ ਦਾ ਜਨਮ ਮੁਗਲਸਰਾਏ (ਹੁਣ ਪੰਡਿਤ ਦੀਨ ਦਿਆਲ ਉਪਾਧਿਆਏ), ਉੱਤਰ ਪ੍ਰਦੇਸ਼ ਵਿਖੇ 2 ਅਕਤੂਬਰ 1904 ਨੂੰ ਪਿਤਾ ਮੁੰਸ਼ੀ ਸ਼ਾਰਦਾ ਪ੍ਰਸ਼ਾਦ ਸ਼੍ਰੀਵਾਸਤਵ ਦੇ ਘਰ ਮਾਤਾ ਰਾਮ ਦੁਲਾਰੀ ਦੀ ਕੁੱਖੋਂ ਹੋਇਆ। 11 ਜਨਵਰੀ 1966 ਨੂੰ 61 ਸਾਲ ਦੀ ਉਮਰ ਵਿੱਚ ਤਾਸ਼ਕੰਦ, ਸੋਵੀਅਤ ਸੰਘ ਰੂਸ ਵਿਖੇ ਮੌਤ ਹੋਈ। ਉਹਨਾਂ ਦੇ ਜਨਮ ਦਿਨ ਨੂੰ ਸ਼ਾਸਤਰੀ ਜਯੰਤੀ ਅਤੇ ਉਹਨਾਂ ਦੀ ਮੌਤ ਵਾਲੇ ਦਿਨ ਨੂੰ ਸ਼ਾਸਤਰੀ ਸਮ੍ਰਿਤੀ ਦਿਵਸ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ।

ਸ਼ਾਸਤਰੀ ਜੀ ਨੇ ਕਾਸ਼ੀ ਵਿੱਦਿਆਪੀਠ ਤੋਂ ਸ਼ਾਸਤਰੀ ਦੀ ਉਪਾਧੀ ਪ੍ਰਾਪਤ ਕੀਤੀ। ਕਾਸ਼ੀ ਵਿੱਦਿਆਪੀਠ ਤੋਂ ਸ਼ਾਸਤਰੀ ਦੀ ਉਪਾਧੀ ਮਿਲਣ ਤੋਂ ਬਾਦ ਉਹਨਾਂ ਨੇ ਜਨਮ ਤੋਂ ਆਪਣੇ ਨਾਂ ਨਾਲ ਚੱਲਿਆ ਆ ਰਿਹਾ ਜਾਤੀਸੂਚਕ ਸ਼ਬਦ ਸ਼੍ਰੀਵਾਸਤਵ ਹਮੇਸ਼ਾਂ ਲਈ ਆਪਣੇ ਨਾਂ ਤੋਂ ਹਟਾ ਲਿਆ ਅਤੇ ਆਪਣੇ ਨਾਂ ਨਾਲ ਸ਼ਾਸਤਰੀ ਸ਼ਾਮਿਲ ਕਰ ਲਿਆ। ਸ਼ਾਸਤਰੀ ਜੀ ਦਾ ਵਿਆਹ 1928 ਵਿੱਚ ਮਿਰਜ਼ਾਪੁਰ ਨਿਵਾਸੀ ਗਣੇਸ਼ਪ੍ਰਸਾਦ ਦੀ ਪੁੱਤਰੀ ਲਲਿਤਾ ਨਾਲ ਹੋਇਆ ਅਤੇ ਉਹਨਾਂ ਦੇ 6 ਬੱਚੇ ਹੋਏ। 

ਆਜ਼ਾਦੀ ਅੰਦੋਲਨ ਵਿੱਚ ਲਾਲ ਬਹਾਦਰ ਸ਼ਾਸਤਰੀ ਨੇ ਵੱਧ ਚੜ ਕੇ ਹਿੱਸਾ ਲਿਆ ਅਤੇ 1921 ਦੇ ਅਸਹਿਯੋਗ ਅੰਦੋਲਨ, 1930 ਦੇ ਦਾਂਡੀ ਮਾਰਚ ਅਤੇ 1942 ਦੇ ਭਾਰਤ ਛੱਡੋ ਅੰਦੋਲਨ ਵਿੱਚ ਮਹੱਤਵਪੂਰਨ ਭੂਮਿਕਾ ਰਹੀ। ਇਲਾਹਾਬਾਦ ਵਿੱਚ 9 ਅਗਸਤ 1942 ਨੂੰ ‘ਮਰੋ ਨਹੀਂ, ਮਾਰੋ‘ ਦਾ ਨਾਅਰਾ ਲਾਲ ਬਹਾਦਰ ਸ਼ਾਸਤਰੀ ਨੇ ਦਿੱਤਾ।

ਉਹਨਾਂ ਦੇ ਸ਼ਾਸਨਕਾਲ ਦੌਰਾਨ 1965 ਵਿੱਚ ਭਾਰਤ ਪਾਕਿਸਤਾਨ ਯੁੱਧ ਸ਼ੁਰੂ ਹੋ ਗਿਆ। ਇਸਤੋਂ ਤਿੰਨ ਸਾਲ ਪਹਿਲਾ ਚੀਨ ਤੋਂ ਭਾਰਤ ਯੁੱਧ ਹਾਰ ਚੁੱਕਿਆ ਸੀ। ਲਾਲ ਬਹਾਦਰ ਸ਼ਾਸਤਰੀ ਦੀ ਅਗਵਾਈ ਵਿੱਚ ਪਾਕਿਸਤਾਨ ਤੋਂ ਭਾਰਤ ਯੁੱਧ ਜਿੱਤਿਆ। ਤਾਸ਼ਕੰਦ ਵਿੱਚ ਪਾਕਿਸਤਾਨ ਦੇ ਪ੍ਰਧਾਨਮੰਤਰੀ ਅਯੂਬ ਖਾਨ ਦੇ ਨਾਲ ਯੁੱਧ ਸਮਾਪਤ ਕਰਨ ਦੇ ਸਮਯੋਤੇ ਤੇ ਦਸਤਖਤ ਕਰਨ ਦੇ ਬਾਅਦ 11 ਜਨਵਰੀ 1966 ਦੀ ਰਾਤ ‘ਚ ਹੀ ਰਹੱਸਮਈ ਸਥਿਤੀਆਂ ਵਿੱਚ ਉਹਨਾਂ ਦੀ ਮੌਤ ਹੋ ਗਈ ਅਤੇ ਮੌਤ ਦਾ ਕਾਰਨ ਹਾਰਟ ਅਟੈਕ ਦੱਸਿਆ ਗਿਆ। ਸ਼ਾਸਤਰੀ ਜੀ ਦੀ ਮੌਤ ਸੰਬੰਧੀ ਵੱਖੋ ਵੱਖਰੀ ਰਾਵਾਂ ਹਨ ਜਿਹਨਾਂ ਵਿੱਚ ਉਹਨਾਂ ਦੀ ਮੌਤ ਦਾ ਕਾਰਨ ਹਾਰਟ ਅਟੈਕ ਨਾ ਹੋ ਕੇ ਸਾਜਿਸ਼ ਤਹਿਤ ਜ਼ਹਿਰ ਦੇਣਾ ਵੀ ਮੰਨਿਆ ਜਾਂਦਾ ਹੈ।

ਉਹਨਾਂ ਦੀ ਸਾਦਗੀ, ਦੇਸ ਭਗਤੀ ਅਤੇ ਇਮਾਨਦਾਰੀ ਲਈ ਉਹਨਾਂ ਨੂੰ ਮਰਨ ਤੋਂ ਬਾਅਦ ‘ਭਾਰਤ ਰਤਨ’ ਨਾਲ ਸਨਮਾਨਿਤ ਕੀਤਾ ਗਿਆ।

ਗੋਬਿੰਦਰ ਸਿੰਘ ਢੀਂਡਸਾ

ਪਿੰਡ ਤੇ ਡਾਕ. ਬਰੜ੍ਹਵਾਲ (ਧੂਰੀ)

ਈਮੇਲ – feedback.gobinder@gmail.com

 ਜਨ ਸ਼ਕਤੀ

ਹਵਾ ਬਨਾਮ.... ਲਾਗ ✍️ ਸੰਦੀਪ ਦਿਉੜਾ

 ਬੇਲੀ ਰਾਮ ਨੇ ਆਪਣੇ ਦੋਹਾਂ ਮੁੰਡਿਆਂ ਨੂੰ ਬੜੀ ਮਿਹਨਤ ਕਰਕੇ ਪੜਾਇਆ। ਭਾਵੇਂ ਉਸਦੀ ਪਤਨੀ ਇਸ ਦੁਨੀਆਂ ਛੱਡ ਗਈ ਸੀ ਪਰ ਉਸਨੇ ਆਪਣੇ ਮੁੰਡਿਆਂ ਨੂੰ ਮਾਂ-ਬਾਪ ਦੋਹਾਂ ਦਾ ਹੀ ਪਿਆਰ ਦਿੱਤਾ ਸੀ।ਦੋਵੇਂ ਹੀ ਮੁੰਡੇ ਪੜ੍ਹ-ਲਿਖ ਕੇ ਚੰਗੀਆਂ ਨੋਕਰੀਆਂ ਉੱਤੇ ਵੀ ਲੱਗ ਗਏ। ਦੋਵੇਂ ਹੀ ਮੁੰਡੇ ਵਿਆਹ ਕਰਵਾਉਣ ਤੋਂ ਬਾਅਦ ਪਿੰਡ ਵਿੱਚ ਬੇਲੀ ਰਾਮ ਨੂੰ ਇਕੱਲਾ ਛੱਡ ਕੇ ਸ਼ਹਿਰ ਵਿੱਚ ਰਹਿਣ ਲੱਗ ਪਏ। ਹੁਣ ਬੇਲੀ ਰਾਮ ਪਿੰਡ ਵਾਲੇ ਘਰ ਵਿੱਚ ਇਕੱਲਾ ਹੀ ਰਹਿੰਦਾ ਸੀ। ਮੁੰਡੇ ਕਦੇ -ਕਦਾਈਂ ਮਿਲਣ ਆ ਜਾਂਦੇ ਸਨ ਪਰ ਉਹਨਾਂ ਨੇ ਬੇਲੀ ਰਾਮ ਨੂੰ ਕਦੇ ਵੀ ਆਪਣੇ ਨਾਲ ਸ਼ਹਿਰ ਵਿੱਚ ਲਿਜਾਣ ਦੀ ਗੱਲ ਨਹੀਂ ਕੀਤੀ ਸੀ। ਬੇਲੀ ਰਾਮ ਨੂੰ ਇਸ ਉਮਰੇ ਇਕੱਲਾਪਣ  ਬਹੁਤ ਸਤਾਉਂਦਾ ਸੀ ਪਰ ਉਹ ਕਰ ਕੁਝ ਵੀ ਨਹੀਂ ਸਕਦਾ ਸੀ। ਇੱਕ ਦਿਨ ਉਸਦਾ ਵੱਡਾ ਮੁੰਡਾ ਰਾਮ ਪ੍ਕਾਸ਼ ਉਸਨੂੰ ਮਿਲਣ ਲਈ ਆਇਆਂ ।
            " ਪਾਪਾ ਜੀ ਮੱਥਾ ਟੇਕਦਾ ਹਾਂ । "
         " ਪੁੱਤਰ ਪ੍ਰਮਾਤਮਾ ਤਰੱਕੀਆਂ ਬਖਸ਼ੇ। ਅੱਜ ਕਿਵੇਂ  ਗਰੀਬ ਪਿਉ ਦੀ ਯਾਦ ਆ ਗਈ । "
           " ਪਾਪਾ ਜੀ ਤੁਸੀਂ ਵੀ ਨਾ ਹਮੇਸ਼ਾ ਪੁੱਠੀਆਂ  ਗੱਲਾਂ ਹੀ ਕਿਉਂ ਕਰਦੇ ਹੋ ? "
   "ਚਲੋ ਕੋਈ ਨਾ ਤੁਸੀਂ ਦੱਸ ਦਿਉ ਕਿਵੇਂ ਆਉਣਾ ਹੋਇਆਂ ?"
         "ਬਸ ਮੈਂ ਤਾਂ ਕੰਪਨੀ ਦੇ ਕੰਮ ਨਾਲ ਦੇ ਪਿੰਡ ਆਇਆਂ ਸੀ।ਮੈਂ ਸੋਚਿਆਂ ਚਲੋ ਤੁਹਾਨੂੰ ਵਧਾਈਆਂ ਹੀ ਦਿੰਦਾ ਜਾਵਾਂ । "
                " ਵਧਾਈਆਂ......! ਵਧਾਈਆਂ  ਪਰ ਕਾਹਦੀਆ।"
            "ਤੁਹਾਡੇ ਪੋਤਾ ਜੋ ਹੋਇਆਂ ਹੈ। "
                " ਪੋਤਾ........!"  "ਹਾਂ ਜੀ ਪੋਤਾ ਸੁੱਖ ਨਾਲ ਅੱਜ ਸੱਤ ਮਹੀਨਿਆਂ ਦਾ ਹੋ ਗਿਆ ਹੈ। "
                       "ਤੁਹਾਨੂੰ ਵੀ ਵਧਾਈਆਂ ਬਈ। ਚਲੋ ਸੱਤ ਮਹੀਨਿਆਂ ਬਾਅਦ ਹੀ ਸਹੀ ,ਟਾਇਮ ਤਾਂ ਮਿਲਿਆ  ਮੈਨੂੰ ਦੱਸਣ ਦਾ ।"
               "ਪਾਪਾ ਜੀ ਤੁਸੀਂ ਵੀ ਨਾ ਬਸ। ਨਾਲੇ ਸੱਚ ਤੁਹਾਡੀ ਨੂੰਹ ਨੇ ਪੰਜ ਸੌ ਰੁਪਏ ਮਠਿਆਈ ਲਈ ਭੇਜੇ ਹਨ।ਆਹ ਲਵੋ ਪਾਸੇੇ ਤੇ ਮੂੰਹ ਮਿੱਠਾ ਕਰ ਲੈਣਾ । "
                  "ਪੁੱਤਰ ਮੂੰਹ ਮਿੱਠਾ ਤਾਂ ਮੈ ਕਰ ਹੀ ਲਵਾਂਗਾ। ਤੂੰ ਇਹ ਪੰਜ ਸੌ ਰੁਪਏ ਮੇਰੇ ਵੱਲੋਂ ਸ਼ਗਨ ਸਮਝ ਕੇ ਰੱਖ ਲੈ ।ਘਰ ਜਾ ਕੇ ਮੇਰੇ ਪੋਤੇ ਨੂੰ ਸ਼ਗਨ ਪਾ ਦੇਵੀਂ।ਨਾਲੇ ਹਾਂ ਯਾਦ ਨਾਲ ਮੇਰੀ ਨੂੰਹ ਨੂੰ ਵੀ ਦੱਸ ਦੇਵੀਂ। "
            ਰਾਮ ਪ੍ਕਾਸ਼ ਗੱਲ ਬਦਲਣ ਦੀ ਕੋਸ਼ਿਸ਼ ਕਰਦਾ ਹੈ।
    "ਪਾਪਾ ਜੀ ਤੁਹਾਡੀ ਮਾਨੋ ਬਿੱਲੀ ਕਿਤੇ ਦਿਖਾਈ ਨਹੀਂ ਦੇ ਰਹੀ। ਮਾਨੋ ਕਿੱਥੇ ਹੈ? "
   "ਮਾਨੋ..... ਉਹ ਤਾਂ ਘਰ ਛੱਡ ਕੇ ਚਲੀ ਗਈ।"
           "ਚਲੀ ਗਈ ਪਰ ਕਿਉਂ....? "
     "ਪੁੱਤਰ ਆਹ ਜਿਹੜੇ ਦੋ ਬਲੂੰਗੜੇ ਹਨ। ਇਹ ਮਾਨੋ ਦੇ ਹੀ ਬਲੂੰਗੜੇ ਹਨ।"
      "ਅੱਛਾ ਜੀ ਫ਼ੇਰ ਤਾਂ ਬੜੀ ਭੈੜੀ ਨਿਕਲੀ ਮਾਨੋ ਬੱਚੇ ਛੱਡ ਕੇ ਕਿਸੇ ਹੋਰ ਘਰੇ ਚਲੀ ਗਈ।ਇਹਨਾਂ ਨੂੰ ਦੁੱਧ ਕੌਣ ਪਿਆਉਣ । "                             
                   "ਨਹੀਂ ਪੁੱਤਰ ਤੂੰ ਗਲਤ ਸੋਚ ਰਿਹਾ ਹੈ। ਇਹਨਾਂ ਬੱਚਿਆਂ ਨੂੰ ਮਾਨੋ ਛੱਡ ਕੇ ਨਹੀਂ ਗਈ ਬਲਕਿ ਇਹਨਾਂ ਨੇ ਜਬਰਦਸਤੀ ਮਾਨੋ ਨੂੰ ਘਰੋਂ ਪੰਜੇ  ਮਾਰ-ਮਾਰ ਕੇ ਭਜਾ ਦਿੱਤਾ ਹੈ। ਇਹ ਦੋਵੇਂ ਨਾ ਤਾਂ ਉਸਨੂੰ ਕੁਝ ਖਾਣ ਦਿੰਦੇ ਸੀ ਤੇ ਨਾ ਹੀ ਦੁੱਧ ਪੀਣ ਦਿੰਦੇ ਸਨ । ਬੇਚਾਰੀ ਭੁੱਖੀ ਮਰਦੀ ਹੋਰ ਕੀ ਕਰਦੀ ,ਇਹਨਾਂ ਕੋਲੋਂ ਡਰਦੀ ਘਰ ਛੱਡ ਗਈ। ਮੈਂਨੂੰ ਲੱਗਦਾ ਹੈ ਇਹਨਾਂ ਬਲੂੰਗੜਿਆ ਨੂੰ ਵੀ ਇਸ ਘਰ ਦੀ ਹਵਾ ਲੱਗ ਗਈ ਹੈ ।"
         ਬੇਲੀ ਰਾਮ ਦੀ ਗੱਲ ਸੁਣ ਕੇ ਰਾਮ ਪ੍ਕਾਸ਼ ਲਾਜਵਾਬ ਹੋ ਗਿਆ ਹੈ।
     "ਅੱਛਾ ਪਾਪਾ ਜੀ ਮੈਂ ਚੱਲਦਾ ਹਾਂ ਤੁਸੀਂ ਆਪਣਾ ਧਿਆਨ ਰੱਖਣਾ। " ਆਖ ਜਲਦੀ ਨਾਲ ਬਾਹਰ ਵੱਲ ਚੱਲ ਪਿਆ।
                          ਸੰਦੀਪ ਦਿਉੜਾ 8437556667

ਆਹ! ਤਰੱਕੀ ਦਾ ਰਾਹ ✍️ ਸਲੇਮਪੁਰੀ ਦੀ ਚੂੰਢੀ

 ਪਿਛਲੇ ਕੁਝ ਦਿਨਾਂ ਤੋਂ ਬਨਾਰਸ ਹਿੰਦੂ ਯੂਨੀਵਰਸਿਟੀ ਦੇ ਇਕ ਸੀਨੀਅਰ ਪ੍ਰੋਫੈਸਰ ਦੀ ਇਕ ਵੀਡੀਓ ਬਹੁਤ ਵਾਇਰਲ ਹੋ ਰਹੀ ਹੈ, ਜਿਸ ਵਿਚ ਉਹ ਆਪਣੇ ਵਿਦਿਆਰਥੀਆਂ ਨੂੰ ਇੱਕ ਖਾਸ ਕਿਸਮ ਦੀ ਦੁਰਲੱਭ ਸਿਖਲਾਈ ਦੇ ਕੇ ਤਰੱਕੀ ਦੀਆਂ ਬੁਲੰਦੀਆਂ ਨੂੰ ਛੂਹ ਜਾਣ ਵਾਲੇ ਲਾਭ ਦੱਸ ਰਿਹਾ ਹੈ। ਪ੍ਰੋਫੈਸਰ ਕੌਸ਼ਲ ਕਿਸ਼ੋਰ ਮਿਸ਼ਰਾ ਜੋ ਉਕਤ ਯੂਨੀਵਰਸਿਟੀ ਵਿਚ ਸਮਾਜਿਕ ਵਿਗਿਆਨ ਵਿਭਾਗ ਦੇ ਡੀਨ ਹਨ, ਆਪਣੇ ਵਿਦਿਆਰਥੀਆਂ ਨੂੰ ਗੋਹੇ ਦੀਆਂ ਪਾਥੀਆਂ ਬਣਾ ਕੇ ਇਸ ਨਾਲ ਹੋਣ ਵਾਲੇ ਢੇਰ ਸਾਰੇ ਲਾਭ ਗਿਣਾ ਰਹੇ ਹਨ। ਇਸ ਮੌਕੇ ਉਨ੍ਹਾਂ ਦੇ ਨਾਲ ਵਿਦਿਆਰਥੀ ਗੋਹੇ ਦੀਆਂ ਪਾਥੀਆਂ ਬਣਾਉਣ ਦੀ ਸਿਖਲਾਈ ਲੈਂਦੇ ਸਮੇਂ ਬਹੁਤ ਹੀ ਗੰਭੀਰ ਅਵਸਥਾ ਵਿਚ ਦਿਖਾਈ ਦੇ ਰਹੇ ਹਨ, ਕਿਉਂਕਿ ਵਿਚਾਰੇ ਵਿਦਿਆਰਥੀ ਗੋਹੇ ਦੀਆਂ ਪਾਥੀਆਂ ਦੇ ਲਾਭਾਂ ਤੋਂ ਬਿਲਕੁਲ ਅਣਜਾਣ ਹਨ । ਇਸ ਮੌਕੇ ਵਿਦਿਆਰਥੀਆਂ ਨੂੰ ਸਿਖਲਾਈ ਦਿੰਦਿਆਂ ਪ੍ਰੋ ਮਿਸ਼ਰਾ ਨੇ ਦੱਸਿਆ ਕਿ ਗਾਂ ਦੇ ਗੋਹੇ ਦੀਆਂ ਪਾਥੀਆਂ  ਦੂਜੇ ਪਸ਼ੂਆਂ ਦੇ ਗੋਹੇ ਦੀਆਂ ਪਾਥੀਆਂ ਨਾਲੋਂ ਕਿਤੇ ਜਿਆਦਾ ਲਾਭਦਾਇਕ ਹਨ।
ਦੂਜੇ ਪਾਸੇ ਅਮਰੀਕਾ, ਚੀਨ, ਬਰਤਾਨੀਆ, ਕੈਨੇਡਾ ਵਰਗੇ ਦੇਸ਼ਾਂ ਦੇ ਵਿਗਿਆਨੀ ਐਵੇਂ ਚੰਦ ਅਤੇ ਹੋਰ ਗ੍ਰਹਿਆਂ ਉਪਰ ਅਤੇ ਧਰਤੀ ਤੇ ਸਮੁੰਦਰਾਂ ਥੱਲੇ ਜਾ ਕੇ ਵਿਗਿਆਨਿਕ ਖੋਜ ਕਾਰਜਾਂ ਲਈ ਸਮਾਂ ਅਤੇ ਪੈਸੇ ਬਰਬਾਦ ਕਰਨ ਵਿਚ ਜੁਟੇ ਹੋਏ ਹਨ।ਇਸ ਲਈ ਬਾਹਰਲੇ ਦੇਸ਼ਾਂ ਦੇ ਵਿਗਿਆਨੀਆਂ ਨੂੰ ਚਾਹੀਦਾ ਹੈ ਕਿ ਉਹ ਪ੍ਰੋ ਮਿਸ਼ਰਾ ਵਰਗਿਆਂ ਕੋਲੋਂ ਆ ਕੇ ਸਿਖਲਾਈ ਲੈਣੀ ਚਾਹੀਦੀ ਹੈ, ਜੇ ਉਹ ਤਰੱਕੀ ਦੀਆਂ ਬੁਲੰਦੀਆਂ ਨੂੰ ਛੂਹਣ ਵਿਚ ਦਿਲਚਸਪੀ ਰੱਖਦੇ ਹਨ!
ਇੱਕ ਗੱਲ ਹੋਰ ਕਹਿੰਦੇ ਹਨ ਕਿ ਜਦੋਂ ਅੰਗਰੇਜ਼ ਸਾਡੇ ਪਿੰਡਾਂ ਵਿਚ ਕੰਧਾਂ ਉਪਰ ਚਿਪਕਾਈਆਂ ਪਾਥੀਆਂ ਵੇਖਦੇ ਹਨ ਤਾਂ ਉਹ ਹੈਰਾਨ ਹੋ ਜਾਂਦੇ ਹਨ ਕਿ ਪਸ਼ੂ ਕਿਵੇਂ ਕੰਧਾਂ ਉਪਰ ਜਾ ਕੇ ਗੋਹਾ ਕਰਦੇ ਹਨ!
-ਸੁਖਦੇਵ ਸਲੇਮਪੁਰੀ
09780620233
8 ਫਰਵਰੀ, 2022.

ਕਿੱਥੋਂ ਤੇ ਕਿੱਥੇ ਆ ਪਹੁੰਚੇ ਸਿੱਖ ਕੌਮ ਦੇ ਕੁਝ ਅਖੌਤੀ ਦਾਅਵੇਦਾਰ ਆਗੂ ✍️ ਪਰਮਿੰਦਰ ਸਿੰਘ ਬਲ

 4 ਫ਼ਰਵਰੀ 2022 ਦਾ ਦਿਨ ਇਕ ਐਸੇ ਹੀ ਬੰਦੇ ਦੇ ਪਾਪ ਨੂੰ ਸਾਹਮਣੇ ਲੈ ਕੇ ਆਇਆ ਹੈ । ਇਸ ਦੇ ਨਾਲ ਹੀ ਯੂ ਕੇ ਵਿੱਚ ਕਈ ਅਖੌਤੀ ਸਿਖ ਆਗੂਆਂ ਦੇ ਮੂੰਹ ਤੇ ਪਿਆ ਮਖੌਟਾ ਲਾਹਿਆ ਗਿਆ ਹੈ । ਇਹਨਾਂ ਕੁਝ ਆਗੂਆਂ ਦਾ ਸਹਾਇਕ ਇਕ ਬਰਿਟਿਸ਼ ਪਾਕਿਸਤਾਨੀ ਲਾਰਡ ਨਜ਼ੀਰ ਜੋ ਬੱਚਿਆਂ ਨਾਲ ਖੇਹਖਰਾਬੀ ਦੇ ਕੇਸ ਵਿੱਚ ਚਾਰਜ ਹੋਇਆ ਸੀ । ਉਸ ਨੂੰ ਸਾਡੇ ਪੰਜ ਸਾਲ ਦੀ ਕੈਦ ਹੋਈ ਹੈ । ਇਹਨਾਂ ਕੁਝ ਸਿੱਖ ਆਗੂਆਂ ਦਾ ਮੋਹਰੀ ਸੀ ਅਤੇ ਰੈਫਰੰਡਮ 2020 ਦੀ ਅੱਗੇ ਹੋ ਹਮਾਇਤ ਕਰਦਾ ਸੀ । ਇਸ ਤਰਾਂ ਇਹਨਾਂ ਦੇ ਸਾਰੇ ਕਿਰਦਾਰ ਦੀ ਅਸਲੀ ਤਸਵੀਰ ਵੀ ਲੋਕਾਂ ਖਾਸ ਕਰ ਕੇ ਸਿਖਾਂ ਸਾਹਮਣੇ ਦਿਸ ਪਈ ਹੈ । ਬੀਤੇ ਕਈ ਸਾਲਾਂ ਤੋ ਸਿਖਾਂ ਦੇ ਨਾਮ ਥੱਲੇ ਜੋ ਲੰਡਨ ਜਾਂ ਯੂਕੇ ਭਰ ਵਿੱਚ ਜੋ ਮੁਜ਼ਾਹਰੇ ਦੇਖੇ ਜਾ ਰਹੇ ਸਨ , ਉਹਨਾਂ ਮੁਜ਼ਾਹਰਿਆਂ ਵਿੱਚ ਸਿੱਖ ਘੱਟ ਹੁੰਦੇ ਸਨ , ਪਰੰਤੂ ਲਾਰਡ ਦੇ ਸਾਥੀ ਅਤੇ ਪਾਕਿਸਤਾਨੀ ਜ਼ਿਆਦਾ ਹੁੰਦੇ ਸਨ । ਇਸ ਲਾਰਡ ਤੇ ਪਿਛਲੇ ਕਾਫ਼ੀ ਸਮੇਂ ਤੋਂ “ਚਾਈਲਡ ਸੈਕਸ ਓਫੈਂਸਨਜ” ਦਾ ਜਦੋਂ ਕੇਸ ਚੱਲ ਰਿਹਾ ਸੀ ਤਾਂ ਇਹ ਲੋਕ ਇਸ ਦੋਸ਼ ਗਰਿਸਤ ਦੋਸ਼ੀ ਨਾਲ ਰਹਿਨੁਮਾਈ ਸਾਂਝੀ ਕਰਦੇ ਰਹੇ । ਇਹਨਾਂ ਨੇ ਅਜਿਹੇ ਗਰੋਹ ਤੋਂ ਆਪਣੀ ਕੌਮੀ ਇੱਜ਼ਤ ਬਾਰੇ ਬਿਲਕੁਲ ਨਹੀਂ ਸੋਚਿਆ । ਆਮ ਸਿੱਖ ਜਾਣਦੇ ਸਨ ਕਿ ਇਸ ਬੰਦੇ ਤੇ 11 ਸਾਲ ਦੇ ਮੁੰਡੇ ਅਤੇ ਛੋਟੀ ਉਮਰ ਦੀ ਨਾਬਾਲਗ ਬੱਚੀ/ਲੜਕੀ ਨਾਲ ਜਬਰਜਨਾਹ ਦਾ ਕੇਸ ਦਰਜ ਸੀ । ਇਸ ਲਾਰਡ ਨੇ ਇਹ ਪਾਪ 1970 ਸਮੇਂ ਤੋਂ ਹੀ ਕੀਤੇ ਸਨ , ਇਹ ਕੇਸ ਇਸ ਦਾ ਪਿੱਛਾ ਕਰਦੇ ਰਹੇ । ਹੁਣ ਇਸ ਕੋਲ਼ੋਂ ਲਾਰਡਸ਼ਿਪ ਖੋਹੀ ਗਈ , ਇਸ ਨੂੰ  ਬਚਿਆਂ ਨਾਲ ਸੈਕਸ ਸੰਬੰਧਾਂ ਦੀ ਖੇਹ ਖ਼ਰਾਬੀ ਦੇ ਸੰਗੀਨ ਦੋਸ਼ ਅਧੀਨ ਸਾਢੇ ਪੰਜ ਸਾਲ ਦੀ ਕੈਦ ਹੋਈ ਹੈ। ਪਰ ਜੋ ਸਿੱਖ 2020 ਅਤੇ ਐਫ ਐਸ ਓ ਦੇ ਆਗੂ ਇਸ ਲਾਰਡ ਦੇ ਸਾਲਾਂ ਬੱਧੀ ਤੋਂ ਸਾਥੀ ਹਨ , ਉਹ ਕਿਹੜੇ ਵਕਾਰ ਨਾਲ ਆਪਣੇ ਅਹੁਦਿਆਂ ਤੇ ਕਾਇਮ ਹਨ ।ਇਹਨਾਂ ਬੀਬਿਆਂ ਚਿਹਰਿਆ ਦੇ ਪਿੱਛੇ ਕਿਸ ਤਰਾਂ ਕਦੇ ਅਪਰਾਧਿਕ ਮਾਮਲਿਆਂ ਦੀ ਖੇਡ ਖੇਡੀ ਜਾ ਰਹੀ ਸੀ ,ਲੋਕ ਖੁਦ ਅੰਦਾਜ਼ਾ ਲੱਗਾ ਸਕਦੇ ਹਨ ।ਜਿਹੜੇ ਆਗੂ ਸਮਾਜ ਦੇ ਬੱਚਿਆਂ ਦੇ ਭਵਿੱਖ ਨੂੰ ਰੋਲ ਕੇ ਉਨ੍ਹਾਂ ਦੀਆਂ ਨੰਨੀਆ ਜ਼ਿੰਦਗੀਆਂ ਨੂੰ ਤਬਾਹ ਕਰਨ ਦੇ ਭਾਗੀਦਾਰ ਹਨ , ਸਿੱਖ ਕੌਮ ਇਨ੍ਹਾਂ ਨੂੰ ਕਿਉਂ ਮੂੰਹ ਲਾ ਰਹੀ ਹੈ ।ਇਹਨਾਂ ਲਾਰਡ ਦੇ ਪਤਵੰਤੇ ਜੋੜੀਦਾਰਾਂ ਅਤੇ ਘਿਰਣਾਤਕ ਲੱਛਣਾਂ ਦੀ ਪੜਚੋਲ ਕਰਨੀ ਹਰ ਸਿੱਖ ਦਾ ਫ਼ਰਜ਼ ਹੈ । ਜਦੋਂ ਅਪਰਾਧੀ ਸਾਲਾਂ ਬੱਧੀ ਸਮੇਂ ਤੋਂ ਨਾਬਾਲਗ ਮੁੰਡੇ-ਬਾਜ਼ੀ ਅਤੇ ਛੋਟੀ ਨਾਬਾਲਗ ਸਮਾਜ ਦੀ ਬੱਚੀ ਨਾਲ ਜਬਰਜਿਨਾਹ ਬਲਾਤਕਾਰ ਦੇ ਪਾਪ ਨਾਲ ਗਰਸਤ ਸੀ ਤੇ ਜੋਟੀਦਾਰ ਸਿੱਖ ਚਿਹਰੇ ਕਿਹੜੇ ਕਿਰਦਾਰ ਦੇ ਮਾਲਕ ਸਨ ?ਉਸ ਨਾਲ ਇਕ ਜੁਟ ਹੋਏ ਫਿਰਦੇ ਅਤੇ ਖੁਦ ਦੀ ਜਥੇਬੰਦੀ ਦਾ ਅਪਰਾਧੀ ਨੂੰ ਮੁਖੀ ਦੱਸ ਰਹੇ ਸਨ ।ਕੀ ਇਹ ਖੁਦ ਦੱਸ ਸਕਦੇ ਹਨ ਕਿ ਲਾਰਡ ਦੀ ਦੋਸਤੀ ਦਾ ਨਿੱਘ  ਉਸ ਸਮੇਂ ਕਿਉਂ ਮਾਣਿਆ ਜਦ ਉਹ ਖੁਦ ਉਪਰੋਕਤ ਪਾਪ ਅਧੀਨ ਜੇਹਲ ਜਾ ਰਿਹਾ ਸੀ । ਕੀ ਲੋਕ ਇਹਨਾਂ ਤੇ ਵੀ ਅਜਿਹੀ ਨਿੱਗਾ ਰੱਖ ਕੇ ਪੜਚੋਲ ਕਰਨਗੇ ਕਿ ਕੋਈ ਐਸੀ ਕਿਸਮ ਦੀ ਕਮਜ਼ੋਰੀ ਤਾਂ ਨਹੀਂ ? ਸਾਡੀ ਕੌਮ ਦੇ ਬੱਚਿਆਂ ਦੇ ਭਵਿੱਖ ਨੂੰ ਬਚਾਉਣਾ ਸਾਡੀ ਕੌਮੀ ਜ਼ੁੰਮੇਵਾਰੀ ਹੈ । ਉਹ ਤਾਂ ਹੀ ਹੋ ਸਕਦਾ ਹੈ ਜੇਕਰ ਸਮਾਜ ਅਜਿਹੇ ਦਰਿੰਦਗੀ ਟੋਲੇ ਤੋਂ ਸਾਵਧਾਨ ਹੋਵੇ । ਜੋ ਲੋਕ ਜਾਂ ਆਗੂ ਕਿਰਦਾਰ ਤੋਂ ਹੀਣੇ ਪੱਖ ਦੇ ਅਪਰਾਧਾਂ ਦੇ ਕੁੱਛੜ ਸਵਾਰ ਹੋ ਕੇ ਗੁਮਰਾਹ ਕਰਦੇ ਹਨ , ਉਨ੍ਹਾਂ ਨਾਲ ਕੋਈ ਭੀ ਨੇੜਤਾ ਰੱਖਣੀ ਕੌਮ , ਸਮਾਜ ਲਈ ਹਮੇਸ਼ਾ ਬਹੁਤ ਘਾਤਕ ਹੁੰਦੀ ਹੈ । ਇਸ ਤੋਂ ਬਚੋ ਅਤੇ ਸਮਾਜ ਨੂੰ ਬਚਾਓ ।

ਪਰਮਿੰਦਰ ਸਿੰਘ ਬਲ, ਪ੍ਰਧਾਨ ਸਿੱਖ ਫੈਡਰੇਸ਼ਨ ਯੂ ਕੇ

ਚੋਣ ਸਰਵੇਖਣਾਂ ਤੋਂ ਸਾਵਧਾਨ! ✍️ ਸਲੇਮਪੁਰੀ ਦੀ ਚੂੰਢੀ

- ਦੋਸਤੋ!
 ਵੋਟਾਂ ਪੈਣ ਦੀਆਂ ਘੜੀਆਂ ਬਹੁਤ ਨੇੜੇ ਆ ਰਹੀਆਂ ਹਨ, ਜਿਸ ਕਰਕੇ ਸਾਰੀਆਂ ਹੀ ਸਿਆਸੀ ਜਥੇਬੰਦੀਆਂ ਦੇ ਉਮੀਦਵਾਰ /ਆਗੂ ਤੁਹਾਨੂੰ ਆ ਕੇ ਬਹੁਤ ਲਾਡ ਲੁਡਾਉਣਗੇ, ਤੁਹਾਡੇ ਬੱਚਿਆਂ ਦੀਆਂ ਨਲੀਆਂ ਪੂੰਝਣਗੇ, ਤੁਹਾਡੇ ਪਰਿਵਾਰਾਂ ਦੀਆਂ ਔਰਤਾਂ ਨੂੰ ਧੀ, ਭੈਣ, ਭੂਆ ਜੀ, ਬੇਬੇ ਜੀ, ਬੇਟੀ ਜੀ ਤੇ ਮਰਦਾਂ ਨੂੰ ਬਾਪੂ ਜੀ, ਚਾਚਾ ਜੀ, ਤਾਇਆ ਜੀ, ਫੁੱਫੜ ਜੀ, ਭਰਾ ਜੀ, ਵੀਰ ਜੀ ਤੇ ਬੇਟਾ ਜੀ ਕਹਿ ਕੇ ਭਰਮਾਉਣ ਦੀ ਕੋਸ਼ਿਸ਼ ਕਰਨਗੇ, ਵੋਟਾਂ ਦੇ ਦਿਨਾਂ ਵਿਚ ਤੁਹਾਡੇ ਨਾਲ ਉਮੀਦਵਾਰਾਂ ਦੀਆਂ ਗੂਹੜੀਆਂ ਰਿਸ਼ਤੇਦਾਰੀਆਂ ਵੀ ਸਾਹਮਣੇ ਆਉਣਗੀਆਂ, ਪਰ ਤੁਸੀਂ ਆਪਣੇ ਪਿੰਡੇ 'ਤੇ ਹੰਢਾਈਆਂ ਸੱਟਾਂ ਤੇ ਦਰਦ ਨੂੰ, ਆਪਣੇ ਪਰਿਵਾਰ ਅਤੇ ਆਪਣੇ ਬੱਚਿਆਂ ਸਮੇਤ ਸਮੁੱਚੇ ਸਮਾਜ ਦੇ ਭਵਿੱਖ ਨੂੰ ਅਣਗੌਲਿਆ ਨਾ ਕਰਨਾ।
ਦੋਸਤੋ!
ਆਪਣੇ ਅਤੇ ਆਪਣੇ ਪਰਿਵਾਰ ਸਮੇਤ ਸਮੁੱਚੇ ਸਮਾਜ ਦੇ ਉੱਜਲ ਭਵਿੱਖ ਲਈ ਚੋਣ ਸਰਵੇਖਣਾਂ ਉਪਰ ਭੁੱਲ ਕੇ ਵੀ ਵਿਸ਼ਵਾਸ ਨਾ ਕਰਿਓ, ਕਿਉਂਕਿ ਚੋਣ ਸਰਵੇਖਣ ਕਰਵਾਉਣ ਲਈ ਸਾਰੀਆਂ ਹੀ ਸਿਆਸੀ ਜਥੇਬੰਦੀਆਂ ਵਲੋਂ ਭਾੜੇ ਦੀਆਂ ਏਜੰਸੀਆਂ / ਪੱਤਰਕਾਰਾਂ ਨੂੰ ਆਪਣੀ ਮੁੱਠੀ ਵਿੱਚ  ਰੱਖਿਆ ਹੋਇਆ ਹੈ, ਇਸ ਲਈ ਤੁਸੀਂ ਆਪਣੇ ਦਿਮਾਗ ਨਾਲ ਸੋਚ ਸਮਝ ਕੇ ਉਸ ਉਮੀਦਵਾਰ ਨੂੰ ਵੋਟ ਦੇਣਾ, ਜਿਹੜਾ ਤੁਹਾਡੇ ਪਰਿਵਾਰ ਅਤੇ ਸਮਾਜ ਲਈ ਵਰਦਾਨ ਬਣ ਸਕੇ।
ਦੋਸਤੋ! ਇੱਕ ਗੱਲ ਹੋਰ ਧਿਆਨ ਵਿਚ ਰੱਖਿਓ!!
 ਉਮੀਦਵਾਰਾਂ ਵਲੋਂ  ਤੁਹਾਨੂੰ ਦਿੱਤੀ ਸ਼ਰਾਬ ਦੀ ਇਕ ਬੋਤਲ, 500 ਰੁਪਏ ਜਾਂ ਵੱਧ ਤੋਂ ਵੱਧ 1000 ਰੁਪਏ ਦਿੱਤੇ, ਤੁਹਾਡੀ ਔਕਾਤ ਬਣ ਕੇ ਰਹਿ ਜਾਵੇਗੀ, ਪੰਜ ਸਾਲ ਤੁਸੀਂ ਮਰ ਮਰ ਕੇ ਜੀਣ ਲਈ ਮਜਬੂਰ ਹੋਵੋਗੇ! ਤੁਹਾਨੂੰ ਰੱਜ ਕੇ ਭੰਡਿਆ ਜਾਵੇਗਾ! ਇਸ ਲਈ ਆਪਣੀ ਵੋਟ ਦੀ ਕੀਮਤ ਪਛਾਣਦਿਆਂ ਬਹੁਤ ਹੀ ਸਮਝਦਾਰੀ ਨਾਲ ਸਹੀ ਉਮੀਦਵਾਰ ਦੀ ਚੋਣ ਕਰਨੀ। ਸਿਆਸੀ ਲੀਡਰ ਤਾਂ ਕਈ ਕਈ ਕਰੋੜ ਰੁਪਈਆਂ ਵਿਚ ਵਿਕਦੇ ਨੇ! ਫਿਰ ਵੀ ਉਹ ਬਦਨਾਮ ਨਹੀਂ ਹੁੰਦੇ, ਉਨ੍ਹਾਂ ਦੇ ਗਲਾਂ ਵਿਚ ਫੁੱਲਾਂ ਦੇ ਹਾਰ ਪੈਂਦੇ ਨੇ! ਪਰ ਤੁਸੀਂ ਸ਼ਰਾਬ ਇੱਕ ਬੋਤਲ ਜਾਂ 500 ਰੁਪਏ ਲੈ ਕੇ ਬਦਨਾਮ ਹੋ ਜਾਂਦੇ ਹੋ।
ਦੋਸਤੋ! ਜਦੋਂ ਤੱਕ ਤੁਸੀਂ ਆਪਣੀਆਂ ਕੀਮਤੀ ਵੋਟਾਂ ਨਾਲ ਗਲਤ ਉਮੀਦਵਾਰਾਂ ਨੂੰ ਚੁਣ ਕੇ ਵਿਧਾਇਕ / ਮੈਂਬਰ ਲੋਕ ਸਭਾ ਬਣਾਉਂਦੇ ਰਹੋਗੇ, ਉਦੋਂ ਤਕ ਮਾਰਾਂ ਝੱਲ ਦੇ ਰਹੋਗੇ! ਇਸ ਲਈ ਦੋਸਤੋ! ਆਪਣੀ ਵੋਟ ਪਾਉਂਦੇ ਸਮੇਂ ਚੋਣ ਸਰਵੇਖਣਾਂ ਉਪਰ ਵਿਸ਼ਵਾਸ ਕਰਨ ਤੋਂ ਗੁਰੇਜ ਕਰਨਾ। ਸ਼ਰਾਬ ਦੀ ਬੋਤਲ ਵਿਚੋਂ ਆਪਣੇ ਉੱਜਲ ਭਵਿੱਖ ਦੀ ਆਸ ਨਾ ਰੱਖਿਓ!
ਦੋਸਤੋ! ਸ਼ਰਾਬ ਦੇ ਨਾਲ ਨਾਲ ਭੁੱਕੀ ਵੀ ਚੱਲੂ ਤੇ ਚਿੱਟਾ ਵੀ ਚੱਲੂ, ਪਰ ਤੁਸੀਂ ਪਾਸਾ ਵੱਟ ਕੇ ਲੰਘ ਜਾਓ! ਤੁਹਾਡੀ ਇੱਕ ਇੱਕ ਵੋਟ ਦੀ ਮਹੱਤਤਾ ਹੈ, ਇਸ ਲਈ ਤੁਸੀਂ ਆਪਣੀ ਵੋਟ ਦੀ ਕੀਮਤ ਨੂੰ ਪਛਾਣਦਿਆਂ ਚੰਗੇ ਉਮੀਦਵਾਰ ਨੂੰ ਜਿਤਾ ਕੇ ਵਿਧਾਨ ਸਭਾ ਵਿਚ ਭੇਜਣਾ।
-ਸੁਖਦੇਵ ਸਲੇਮਪੁਰੀ
09780620233
6 ਫਰਵਰੀ, 2022.