You are here

ਸੰਪਾਦਕੀ

ਮਸਲਾ ਅਵਾਰਾ ਕੁੱਤਿਆਂ ਦਾ- ਜਸਵੀਰ ਸ਼ਰਮਾ ਦੱਦਾਹੂਰ 

"ਆਓ ਅਵਾਰਾ ਕੁੱਤਿਆਂ ਦੀ ਦਾਸਤਾਨ ਜਾਣੀਏਂ ਕਿ ਓਹ ਆਦਮਖੋਰ ਕਿਉਂ ਬਣੇਂ?"

ਕਾਫੀ ਸਾਰੇ ਅਖਬਾਰਾਂ ਮੀਡੀਆ ਨੇ ਅਵਾਰਾ ਕੁੱਤਿਆਂ ਵੱਲੋਂ ਕੀਤੀ ਜਾਂਦੀ ਤਬਾਹੀ ਅਤੇ ਕੀਮਤੀ ਜਾਨਾਂ ਲੈਣ ਬਾਰੇ ਲਿਖਿਆ ਹੈ ਹੁਣ ਤਾਂ ਅਦਾਲਤਾਂ ਵੱਲੋਂ ਵੀ ਇਹ ਕਿਹਾ ਜਾਣ ਲੱਗਾ ਹੈ ਕਿ ਅਵਾਰਾ ਕੁੱਤਿਆਂ ਦੀ ਫੜੋ ਫੜਾਈ ਕਰੋ ਜੋ ਕਿ ਬਹੁਤ ਹੀ ਗੰਭੀਰ ਮਸਲਾ ਹੈ ਹਰ ਇੱਕ ਲੇਖਕ ਆਲੋਚਕ ਨੇ ਆਪੋ ਆਪਣੇ ਵਿਚਾਰ ਜਨਤਾ ਦੇ ਸਨਮੁਖ ਰੱਖੇ ਹਨ ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਇਹ ਮਾਮਲਾ ਅਤਿਅੰਤ ਗੰਭੀਰ ਹੈ। ਜਦੋਂ ਕੋਈ ਵੀਡੀਓ ਫੇਸਬੁੱਕ ਜਾਂ ਯੂ ਟਿਊਬ ਤੇ ਆਉਂਦੀ ਹੈ ਤਾਂ ਪਤਾ ਲੱਗਦਾ ਹੈ ਕਿ ਕਿੰਨਾ ਕਹਿਰ ਕਮਾਉਂਦੇ ਨੇ ਇਹ ਅਵਾਰਾ ਕੁੱਤੇ। ਉਂਝ ਵੇਖਿਆ ਜਾਵੇ ਤਾਂ ਪਾਲਤੂ ਵੀ ਕਈ ਪਿੱਟ ਬੂਲ ਵਰਗੀ ਨਸਲ ਵੀ ਘੱਟ ਨਹੀਂ ਕਰਦੀ। ਬਹੁਤ ਸਾਰੀ ਜਨਤਾ ਨੇ ਪੜ੍ਹ ਕੇ ਆਪੋ ਆਪਣੇ ਵਿਚਾਰ ਵੀ ਪ੍ਰੈਸ ਰਾਹੀਂ ਲੋਕਾਂ ਦੇ ਵਿਚਾਰਨ ਗੋਚਰ ਲਿਖੇ ਹਨ। ਇਹਨਾਂ ਅਵਾਰਾ ਕੁੱਤਿਆਂ ਦੇ ਖੌਫ ਨਾਲ ਹਨੇਰੇ ਸਵੇਰੇ ਲੋਕ ਘਰਾਂ ਤੋਂ ਬਾਹਰ ਵੀ ਘੱਟ ਨਿਕਲਦੇ ਹਨ। ਜੋ ਅਵਾਰਾ ਕੁੱਤੇ ਗਰੁੱਪਾਂ ਵਿੱਚ ਘੁੰਮਦੇ ਹਨ ਅਤੇ ਖੂੰਖਾਰ ਹੁੰਦੇ ਹਨ ਜਦੋਂ ਕੋਈ ਪਸ਼ੂ ਜਾਂ ਪ੍ਰਾਣੀ ਇਹਨਾਂ ਦੇ ਚੁੰਗਲ ਵਿੱਚ ਫਸ ਜਾਵੇ ਤਾਂ ਉਸਦਾ ਜੀਵਤ ਨਿਕਲਣਾ ਮੁਸ਼ਕਿਲ ਹੋ ਜਾਂਦਾ ਹੈ। ਇਹ ਕੁੱਤੇ ਅੱਜ ਕੱਲ ਇੰਨੇ ਖੂੰਖਾਰ ਕਿਉਂ ਹੋ ਗਏ ਹਨ ਇਹ ਵਿਚਾਰਨਯੋਗ ਵਿਸ਼ਾ ਹੈ ਪਰ ਇਸ ਸਬੰਧੀ ਕੁੱਤਿਆਂ ਦੇ ਵਿਚਾਰ ਜਾਨਣਾ ਵੀ ਜਰੂਰੀ ਸੀ ਸੋ ਮਨੁੱਖ ਅਤੇ ਕੁੱਤਿਆਂ ਦੇ ਪ੍ਰਸਪਰ ਸਬੰਧਾਂ ਬਾਰੇ ਕੁਝ ਇਤਿਹਾਸਿਕ ਹਵਾਲਿਆਂ ਨਾਲ ਇਹ ਲਿਖਣ ਦਾ ਉਪਰਾਲਾ ਕਰ ਰਹੇ ਹਾਂ
           ਸੋ ਇਹ ਕੁੱਤਿਆਂ ਦੇ ਜੁਬਾਨੀ ਹੈ ਜੀ - ਤੁਹਾਡੇ ਵੱਡ ਵਡੇਰਿਆਂ ਨੇ ਤਾਂ ਸਾਨੂੰ ਦਰਵੇਸ਼ ਦਾ ਰੁਤਬਾ ਦਿੱਤਾ ਸੀ। ਦਰਵੇਸ਼ ਜਾਨੀ ਕਿ ਦਰਾਂ ਤੇ ਵਾਸ ਕਰਨ ਵਾਲੇ। ਅਸੀਂ ਤੁਹਾਡੇ ਦਰਾਂ ਵਿੱਚ ਰਹਿ ਕੇ ਤੁਹਾਡੀ ਸੇਵਾ ਕਰਦੇ ਸਾਂ। ਪੁਰਾਣੇ ਸਮੇਂ ਦੇ ਵਿੱਚ ਸਾਡੇ ਵਿੱਚੋਂ ਚੰਗੀ ਡੀਲ ਡੋਲ ਵਾਲੇ ਅਤੇ ਦਲੇਰ ਕੁੱਤਿਆਂ ਨੂੰ ਤੁਹਾਡੇ ਵੱਡ ਵਡੇਰੇ ਪਾਲਤੂ ਰੱਖ ਲੈਂਦੇ ਸਨ ਉਹ ਘਰਾਂ ਲਈ ਰਾਖੀ ਅਤੇ ਮਾਲਕਾਂ ਲਈ ਸ਼ਿਕਾਰ ਵੀ ਕਰਕੇ ਲਿਆਉਂਦੇ ਸਨ। ਪੂਰੀ ਵਫਾਦਾਰੀ ਨਾਲ ਆਪਣੇ ਮਾਲਕ ਦੀ ਰਾਖੀ ਅਤੇ ਸੇਵਾ ਵੀ ਕਰਦੇ ਸਨ। ਘਰਾਂ ਦੀਆਂ ਗਾਵਾਂ ਮੱਜਾਂ ਭੇਡਾਂ ਬੱਕਰੀਆਂ ਇੱਥੋਂ ਤੱਕ ਕਿ ਮੁਰਗੀਆਂ ਕਬੂਤਰਾਂ ਤੇ ਹੋਰ ਪਾਲਤੂ ਜਾਨਵਰਾਂ ਦੀ ਰਾਖੀ ਕਰਨਾ ਸਾਡੀ ਹੀ ਜਿੰਮੇਵਾਰੀ ਹੁੰਦੀ ਸੀ। ਜੰਗਲਾਂ ਵਿੱਚ ਪਸ਼ੂ ਚਾਰਨ ਵਾਲੇ ਚਰਵਾਹੇ ਵੀ ਹਿਫਾਜ਼ਤ ਵਾਸਤੇ ਸਾਨੂੰ ਨਾਲ ਹੀ ਰੱਖਦੇ ਸਨ ਜੇਕਰ ਕੋਈ ਭੇਡ ਬੱਕਰੀ ਜੰਗਲ ਵਿੱਚ ਗੁਆਚ ਵੀ ਜਾਂਦੀ ਸੀ ਤਾਂ ਮਿੰਟਾਂ ਵਿੱਚ ਅਸੀਂ ਉਸਨੂੰ ਲੱਭ ਲੈਂਦੇ ਸਾਂ। ਸਾਰੇ ਹੀ ਪਾਲਤੂ ਜਾਨਵਰਾਂ ਨਾਲੋਂ ਸਾਡੀ ਵਫਾਦਾਰੀ ਵੱਧ ਮੰਨੀ ਜਾਂਦੀ ਸੀ ਜੋ ਅੱਜ ਵੀ ਜਿਉਂ ਦੀ ਤਿਉਂ ਹੈ। 
       ਪੁਰਾਣੇ ਸਮਿਆਂ ਦੇ ਵਿੱਚ ਜੋ ਕੁੱਤੇ ਪਾਲਤੂ ਨਹੀਂ ਵੀ ਹੁੰਦੇ ਸਨ ਅਵਾਰਾ ਗਲੀਆਂ ਵਿੱਚ ਘੁੰਮਦੇ ਰਹਿੰਦੇ ਸਨ ਉਹਨਾਂ ਨੂੰ ਦਰਵੇਸ਼ ਕਿਹਾ ਜਾਂਦਾ ਸੀ ਉਹ ਪਿੰਡ ਕਸਬੇ ਜਾਂ ਮੁਹੱਲੇ ਦੇ ਸਾਂਝੇ ਸੇਵਾਦਾਰ ਹੁੰਦੇ ਸਨ। ਉਹਨਾਂ ਦਾ ਪੇਟ ਪਾਲਣ ਕਿਸੇ ਇੱਕ ਘਰੋਂ ਨਹੀਂ ਸਗੋਂ ਸਾਰੇ ਮਹੱਲੇ ਵਿੱਚੋ ਹੁੰਦਾ ਸੀ। ਉਹਨਾਂ ਸਮਿਆਂ ਵਿੱਚ ਖੁੱਲੇ ਵੇਹੜੇ ਤੇ ਗੇਟਾਂ ਦਾ ਰਿਵਾਜ਼ ਕਾਫੀ ਘੱਟ ਸੀ ਸਗੋਂ ਕਈਆਂ ਘਰਾਂ ਦੇ ਤਾਂ ਗੇਟ ਹੁੰਦੇ ਈ ਨਹੀਂ ਸਨ। ਜੋ ਸੀ ਓਨਾਂ ਨੂੰ ਲੋਕ ਰਾਤ ਨੂੰ ਘੱਟ ਹੀ ਬੰਦ ਕਰਦੇ ਸਨ। ਲੋਕੀਂ ਖੁੱਲੇ ਵੇਹੜਿਆਂ ਵਿੱਚ ਮੰਜਿਆਂ ਤੇ ਬੈਠ ਕੇ ਰੋਟੀਆਂ ਖਾਂਦੇ ਸਨ ਵੇਹੜਿਆਂ ਵਿੱਚ ਬਿਨਾਂ ਛੱਤਾਂ ਤੋਂ ਚੌਂਕੇ ਚੁੱਲੇ ਹੁੰਦੇ ਸਨ। ਜਿੱਥੇ ਘਰਾਂ ਦੀਆਂ ਬੀਬੀਆਂ ਲੰਗਰ ਤਿਆਰ ਕਰਦੀਆਂ ਸਨ। ਅਸੀਂ ਬਿਨਾਂ ਝਿਜਕ ਤੋਂ ਕਿਸੇ ਵੀ ਘਰ ਵਿੱਚ ਵੜ ਕੇ ਮਾਲਕ ਤੋਂ ਥੋੜੀ  ਵਿੱਥ ਤੇ ਬੈਠ ਜਾਂਦੇ ਸਾਂ। ਘਰ ਦੇ ਜੀਅ ਰੋਟੀਆਂ ਖਾ ਰਹੇ ਹੁੰਦੇ ਤੇ ਅਸੀਂ ਚੁੱਪ ਕਰਕੇ ਬੈਠੇ ਹੁੰਦੇ ਸਾਂ ਉਹ ਰੋਟੀ ਖਾਣ ਤੋਂ ਬਾਅਦ ਇੱਕ ਇੱਕ ਬੁਰਕੀ ਸਾਨੂੰ ਪਾ ਦਿੰਦੇ ਅਸੀਂ ਆਰਾਮ ਨਾਲ ਖਾ ਲੈਂਦੇ ਤੇ ਦੂਸਰੇ ਘਰੇ ਚਲੇ ਜਾਂਦੇ ਸਾਂ । ਜੇਕਰ ਕਿਸੇ ਘਰਦੇ ਬੱਚੇ ਸੋਟੀ ਫੜ ਕੇ ਸਾਨੂੰ ਮਾਰਨ ਲਈ ਆਉਂਦੇ ਤਾਂ ਅਗੋਂ ਘਰ ਦੇ ਵਡੇਰੀ ਉਮਰ ਦੇ ਬਜ਼ੁਰਗ ਕਹਿੰਦੇ ਸਨ ਕਿ ਨਾ ਮਾਰੋ ਯਾਰ ਇਹ ਦਰਵੇਸ਼ ਨੇ ਇਹਨਾਂ ਦੇ ਕਿਹੜੇ ਹੱਲ ਵਗਦੇ ਨੇ ਬੁਰਕੀ ਪਾਉਗੇ ਤਾਂ ਚਲੇ ਜਾਣਗੇ। ਕਈ ਘਰਾਂ ਤੋਂ ਬੁਰਕੀ ਬੁਰਕੀ ਖਾ ਕੇ ਸਾਡਾ ਗੁਜ਼ਾਰਾ ਹੋ ਜਾਇਆ ਕਰਦਾ ਸੀ।  ਅਤੇ ਅਸੀਂ ਮਜੇ ਨਾਲ ਜਿੱਥੇ ਵੀ ਜੀ ਕਰਦਾ ਆਰਾਮ ਕਰ ਲੈਂਦੇ ਸੀ ਪਰ ਅੱਜ ਕੱਲ ਤਾਂ ਪਿੰਡਾਂ ਵਿੱਚ ਵੀ ਕੋਠੀਆਂ ਬਣ ਗਈਆਂ ਹਨ ਲੋਕ ਬੰਦ ਕਮਰਿਆਂ ਵਿੱਚ ਮੇਜ ਕੁਰਸੀਆਂ ਤੇ ਬੈਠ ਕੇ ਰੋਟੀਆਂ ਖਾਂਦੇ ਹਨ ਅਤੇ ਘਰਾਂ ਦੇ ਵੱਡੇ ਮੇਨ ਗੇਟ ਹਰ ਸਮੇਂ ਬੰਦ ਰੱਖਦੇ ਹਨ। ਸਾਨੂੰ ਟੁੱਕ ਪਾਉਣ ਦਾ ਕਿਸੇ ਨੂੰ ਚਿੱਤ ਚੇਤਾ ਵੀ ਨਹੀਂ ਹੈ। ਪੁਰਾਤਨ ਸਮੇਂ ਵਿੱਚ ਜਦੋਂ ਪਿੰਡਾਂ ਦੀਆਂ ਸਵਾਣੀਆਂ ਭੱਤਾ ਲੈ ਕੇ ਖੇਤਾਂ ਨੂੰ ਜਾਂਦੀਆਂ ਤਾਂ ਅਸੀਂ ਚੁੱਪ ਚਾਪ ਉਹਨਾਂ ਦੇ ਮਗਰ ਤੁਰੇ ਜਾਂਦੇ ਸਾਰੇ ਹੀ ਮਰਦ ਰੋਟੀ ਖਾਣ ਤੋਂ ਬਾਅਦ ਸਾਨੂੰ ਵੀ ਇੱਕ ਇੱਕ ਬੁਰਕੀ ਪਾ ਦਿੰਦੇ ਸਨ ਅਸੀਂ ਉਹ ਖਾ ਕੇ ਗੁਜ਼ਾਰਾ ਕਰ ਲੈਂਦੇ ਸਾਂ ਕਦੇ ਕਦੇ ਇੱਕ ਪੂਰੀ ਰੋਟੀ ਵੀ ਸਾਡੇ ਹਿੱਸੇ ਆ ਜਾਂਦੀ ਸੀ। 
       ਪਿੰਡਾਂ ਵਿੱਚ ਉਹਨਾਂ ਸਮਿਆਂ ਦੇ ਵਿੱਚ ਘਲਾੜੀਆਂ ਤੇ ਗੁੜ ਬਣਾਉਣ ਦਾ ਰਿਵਾਜ ਸੀ ਬਹੁਤ ਘੱਟ ਗੰਨਾ ਮਿੱਲਾਂ ਵਿੱਚ ਲੋਕ ਭੇਜਦੇ ਸਨ। ਜਿਆਦਾ ਲੋਕ ਗੁੜ ਬਣਾਉਣ ਨੂੰ ਹੀ ਤਰਜੀਹ ਦਿੰਦੇ ਸਨ ਉਬਲਦੇ ਰਸ ਵਿੱਚੋਂ ਜੋ ਮੈਲ ਉਹ ਬਾਹਰ ਸੁੱਟਦੇ ਸਨ ਕਦੇ ਕਦੇ ਉਹ ਖਾ ਕੇ ਵੀ ਅਸੀਂ ਗੁਜ਼ਾਰਾ ਕਰ ਲੈਂਦੇ ਸਾਂ। ਪਰ ਕਦੇ ਕਦੇ ਭੁੱਖੇ ਰਹਿ ਕੇ ਵੀ ਸਾਨੂੰ ਪਰਮਾਤਮਾ ਦਾ ਸ਼ੁਕਰ ਕਰਨਾ ਪੈਂਦਾ ਸੀ। ਪਰ ਐਸਾ ਸਮਾਂ ਬਹੁਤ ਘੱਟ ਹੀ ਆਉਂਦਾ ਹੁੰਦਾ ਸੀ। ਸਾਡੇ ਵਿੱਚੋਂ ਬਹੁਤ ਘੱਟ ਕੁੱਤੇ ਐਸੇ ਸਨ ਜੋ ਮਾਸਾਹਾਰੀ ਬਿਰਤੀ ਦੇ ਸਨ ਤੇ ਜੋ ਹੁੰਦੇ ਸਨ ਉਹ ਅਕਸਰ ਹੱਡਾ ਰੋੜੀ ਵਿੱਚ ਮਾਸ ਖਾਣ ਲਈ ਪਹੁੰਚ ਜਾਂਦੇ ਸਨ। ਆਮ ਤੌਰ ਤੇ ਮਰੇ ਹੋਏ ਕਿਸੇ ਵੀ ਪਸ਼ੂ ਦਾ ਮਾਸ ਗਿਰਜਾਂ ਦੁਆਰਾ ਹੀ ਖਾਧਾ ਜਾਂਦਾ ਸੀ। ਜੋ ਕਿ ਅੱਜ ਕੱਲ ਪੰਜਾਬ ਵਿੱਚੋਂ ਅਲੋਪ ਹੋ ਚੁੱਕੀਆਂ ਹਨ ਅੱਜਕੱਲ ਪਾਲਤੂ ਪਸ਼ੂਆਂ ਨੂੰ ਦੁੱਧ ਵਾਲੇ ਟੀਕੇ ਲਾ ਕੇ ਉਹਨਾਂ ਦਾ ਮਾਸ ਹੀ ਗਿਰਜਾ ਦੇ ਖਾਣ ਯੋਗ ਨਹੀਂ ਛੱਡਿਆ। ਸ਼ਾਇਦ ਇਸੇ ਕਰਕੇ ਹੀ ਗਿਰਝਾਂ ਪੰਜਾਬ ਵਿੱਚੋਂ ਅਲੋਪ ਹੋ ਗਈਆਂ ਹਨ ਉਹਨਾਂ ਦੇ ਜਾਣ ਤੋਂ ਬਾਅਦ ਅਤੇ ਸਾਡੀ ਦੁਰਦਸ਼ਾ ਹੁੰਦੀ ਵੇਖ ਸਾਡੇ ਹੋਰ ਸਾਥੀ ਵੀ ਹੱਡਾ ਰੋੜੀ ਨੂੰ ਹੋ ਤੁਰੇ ਕਿਉਂਕਿ ਤੁਸੀਂ ਸਾਨੂੰ ਬੁਰਕੀ ਪਾਉਣੀ ਤਾਂ ਛੱਡ ਹੀ ਦਿੱਤੀ ਹੈ। ਹੁਣ ਤੁਸੀਂ ਨਾ ਤਾਂ ਘਰਾਂ ਦੇ ਵਿਹੜਿਆਂ ਵਿੱਚ ਬੈਠ ਕੇ ਰੋਟੀ ਖਾਂਦੇ ਹੋ ਤੇ ਨਾ ਹੀ ਬੀਬੀਆਂ ਤੁਹਾਡੇ ਲਈ ਭੱਤਾ ਲੈ ਕੇ ਖੇਤਾਂ ਨੂੰ ਜਾਂਦੀਆਂ ਹਨ। ਅੱਜ ਕੱਲ ਤੁਸੀਂ ਸਾਨੂੰ ਦਰਵੇਸ਼ ਵੀ ਨਹੀਂ ਸਮਝਦੇ ਕੇਵਲ ਅਵਾਰਾ ਕੁੱਤੇ ਹੀ ਸਮਝਦੇ ਹੋ। ਸਾਡੇ ਭਾਈਚਾਰੇ ਵਿੱਚੋਂ ਵਿਦੇਸ਼ੀ ਨਸਲਾਂ ਦੇ ਕੁੱਤੇ ਜਿਹਨਾਂ ਨੂੰ ਤੁਸੀਂ ਪਾਲਤੂ ਰੱਖਦੇ ਹੋ ਉਹਨਾਂ ਨੂੰ ਤੁਸੀਂ ਵਧੀਆ ਖੁਰਾਕ ਦੁੱਧ ਬਿਸਕੁਟ ਅੰਡਾ ਮੀਟ ਮਾਸ ਮੁਰਗਾ ਮੱਛੀ ਅਤੇ ਹੋਰ ਕਈ ਤਰ੍ਹਾਂ ਦੇ ਸਪੈਸ਼ਲ ਖਾਣੇ ਪਰੋਸਦੇ ਹੋ। ਘਰਾਂ ਵਿੱਚ ਉਹਨਾਂ ਦੇ ਸੌਣ ਦਾ ਉਚੇਚਾ ਪ੍ਰਬੰਧ ਕਰਦੇ ਹੋ ਕਈ ਵਾਰ ਤਾਂ ਉਹ ਤੁਹਾਡੇ ਬਿਸਤਰੇ ਵਿੱਚ ਵੀ ਸੋ ਜਾਂਦੇ ਹਨ ਜਿਸ ਤੇ ਤੁਸੀਂ ਕਦੇ ਵੀ ਇਤਰਾਜ਼ ਨਹੀਂ ਕਰਦੇ। ਤੁਸੀਂ ਉਹਨਾਂ ਲਈ ਤਰ੍ਹਾਂ ਤਰ੍ਹਾਂ ਦੇ ਕੱਪੜੇ ਖਰੀਦਦੇ ਹੋ ਕਾਰਾਂ ਵਿੱਚ ਘੁਮਾਉਂਦੇ ਹੋ ਜਦੋਂ ਕਿ ਆਮ ਕੁੱਤਿਆਂ ਲਈ ਤੁਹਾਡੇ ਕੋਲ ਰੋਟੀ ਦੀ ਇੱਕ ਬੁਰਕੀ ਵੀ ਨਹੀਂ ਹੈ। ਤੁਸੀਂ ਆਪਣੇ ਤੇ ਆਪਣਿਆਂ ਦੇ ਵਿਆਹ ਸ਼ਾਦੀਆਂ ਤੇ ਕਿੰਨਾ ਅੰਨ ਬਰਬਾਦ ਕਰਦੇ ਹੋ ਗੁਦਾਮਾਂ ਵਿੱਚ ਕਿੰਨਾ ਅੰਨ ਸੰਭਾਲਣ ਖੁਣੋਂ ਬਰਬਾਦ ਹੋ ਜਾਂਦਾ ਹੈ ਪਰ ਦਰਵੇਸ਼ਾਂ ਨੂੰ ਦੇਣ ਲਈ ਤੁਹਾਡੇ ਕੋਲ ਕੁਝ ਵੀ ਨਹੀਂ ਹੈ। ਅਸਲ ਵਿੱਚ ਮਨੁੱਖ ਜਾਤੀ ਵਿਤਕਰਿਆਂ ਨਾਲ ਭਰੀ ਪਈ ਹੈ ਤੁਸੀਂ ਆਦਮੀ ਆਦਮੀ ਵਿੱਚ ਕਿੰਨਾ ਫਰਕ ਪਾਈ ਬੈਠੇ ਹੋ। ਬਹੁਤ ਲੋਕਾਂ ਨੇ ਦੌਲਤ ਨੂੰ ਆਪਣੇ ਕਬਜੇ ਵਿੱਚ ਕੀਤਾ ਹੋਇਆ ਹੈ ਅਤੇ ਆਮ ਇਨਸਾਨ ਭੁੱਖਾ ਮਰ ਰਿਹਾ ਤੁਹਾਡੇ ਕੋਲ ਅਨਾਜ ਦੀ ਕੋਈ ਕਮੀ ਨਹੀਂ ਹੈ ਪਰ ਤੁਸੀਂ ਆਮ ਮਨੁੱਖ ਨੂੰ ਪੇਟ ਭਰਨ ਲਈ ਅਨਾਜ ਨਹੀਂ ਦਿੰਦੇ ਸਗੋਂ ਉਸਨੂੰ ਬਰਬਾਦ ਕਰ ਰਹੇ ਹੋ। ਇਸ ਕਾਣੀ ਵੰਡ ਕਰਕੇ ਅਤੇ ਕੁਝ ਹੋਰ ਵਧੀਕੀਆਂ ਕਰਕੇ ਕਈ ਨੌਜਵਾਨ ਹਥਿਆਰ ਚੁੱਕ ਲੈਂਦੇ ਹਨ ਫਿਰ ਤੁਸੀਂ ਉਹਨਾਂ ਦੇ ਕੀਤੇ ਕਾਰਨਾਮਿਆਂ ਨੂੰ ਦਬਾਉਣ ਦੇ ਲਈ ਕਈ ਤਰ੍ਹਾਂ ਦੇ ਹੱਥਕੰਡੇ ਦੀ ਵਰਤਦੇ ਹੋ ਇਸ ਕਰਕੇ ਉਹਨਾਂ ਨੂੰ ਦੇਖੋ ਦੇਖਾ ਦੇਖੀ ਸਾਡੇ ਵੀ ਕਈ ਸਾਥੀ ਤੁਹਾਡੇ ਮਾਲ ਡੰਗਰ ਬੱਚਿਆਂ ਤੇ ਬਜ਼ੁਰਗਾਂ ਤੇ ਹਮਲਾ ਕਰ ਦਿੰਦੇ ਹਨ। ਅਸੀਂ ਸਾਰੀ ਜਾਤੀ ਇਸ ਦਾ ਸਮਰਥਨ ਤਾਂ ਨਹੀਂ ਕਰਦੇ ਪਰ ਮਨੁੱਖਤਾ ਨੂੰ ਇੱਕ ਬੇਨਤੀ ਜਰੂਰ ਕਰਦੇ ਹਾਂ ਕਿ ਤੁਹਾਡੇ ਬਜ਼ੁਰਗਾਂ ਨੇ ਜੋ ਸਾਨੂੰ ਦਰਵੇਸ਼ ਦਾ ਰੁਤਬਾ ਦਿੱਤਾ ਸੀ ਉਹ ਸੋਚ ਸਮਝ ਕੇ ਹੀ ਦਿੱਤਾ ਹੋਵੇਗਾ। ਅਸੀਂ ਅੱਜ ਵੀ ਤੁਹਾਡੇ ਉਨੇ ਹੀ ਵਫਾਦਾਰ ਹਾਂ ਜਿਨੇ ਪਹਿਲਾਂ ਹੋਇਆ ਕਰਦੇ ਸਾਂ। ਲੋੜ ਸਿਰਫ ਤੁਹਾਨੂੰ ਆਪਣੇ ਦ੍ਰਿਸ਼ਟੀਕੋਣ ਬਦਲਣ ਦੀ ਹੈ। ਤੁਸੀਂ ਆਪਣੇ ਪੁਰਖਿਆਂ ਵਾਂਗੂ ਅੱਜ ਵੀ ਸਾਨੂੰ ਜੇਕਰ ਇੱਕ ਇੱਕ ਬੁਰਕੀ ਰੋਟੀ ਦੀ ਪਾਵੋਂ ਤਾਂ ਅਸੀਂ ਤੁਹਾਡੀ ਮਨੁੱਖਤਾ ਜਾਤੀ ਨਾਲ ਵਾਅਦਾ ਕਰਦੇ ਹਾਂ ਕਿ ਅਸੀਂ ਤੁਹਾਡੀ ਤਨੋ ਮਨੋ ਰਾਖੀ ਹੀ ਨਹੀਂ ਕਰਾਂਗੇ ਬਲਕਿ ਪੂਛ ਹਿਲਾ ਕੇ ਤੁਹਾਡੇ ਪੈਰ ਚੁੰਮਾਂਗੇ ਅਤੇ ਤੁਹਾਡਾ ਧੰਨਵਾਦ ਕਰਾਂਗੇ। ਅਸੀਂ ਆਪਣੇ ਸਾਰੇ ਹੀ ਸਾਥੀਆਂ ਨੂੰ ਫਿਰ ਤੋਂ ਸਾਕਾਹਾਰੀ ਬਣਾ ਕੇ ਫਿਰ ਤੋਂ ਆਪਣੀ ਵਚਨਬੱਧਤਾ ਦੁਹਰਾਵਾਂਗੇ ਅਤੇ ਕਦੇ ਵੀ ਮਨੁੱਖਤਾ ਅਤੇ ਉਸ ਨਾਲ ਸੰਬੰਧਿਤ ਸੰਪਤੀ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਵਾਂਗੇ। 
        ਇਹ ਜੋ ਰੋਟੀ ਹੈ ਇਹ ਉਸ ਵਾਹਿਗੁਰੂ ਪਾਸੋਂ ਸਾਡੇ ਹਿੱਸੇ ਆਈ ਸੀ ਇਸਦਾ ਇਤਿਹਾਸ ਗਵਾਹ ਹੈ ਕਿ ਅਸੀਂ ਹੀ ਕਿਹਾ ਸੀ ਕਿ ਇਹ ਰੋਟੀ ਮਨੁੱਖ ਦੇ ਹਿੱਸੇ ਆਉਣੀ ਚਾਹੀਦੀ ਹੈ ਸਾਡਾ ਕੀ ਆ ਅਸੀਂ ਗਲੀ ਗਲੀ ਘੁੰਮ ਕੇ ਜਾਂ ਘਰ ਘਰ ਘੁੰਮ ਕੇ ਰੋਟੀ ਦੀ ਬੁਰਕੀ ਮੰਗ ਕੇ ਖਾ ਲਵਾਂਗੇ ਪਰ ਇਨਸਾਨ ਜਿਸਨੇ ਆਪਣੇ ਬਾਲ ਬੱਚੇ ਪਾਲਣੇ  ਆਂ ਜਿਸਨੇ ਦੁਨੀਆਦਾਰੀ ਦੇ ਵਿੱਚ ਵਿਚਰਨਾ ਇਸ ਨੂੰ ਅੰਨ ਤੋਂ ਬਿਨਾਂ ਨਹੀਂ ਸਰਨਾ ਇਸ ਕਰਕੇ ਇਹ ਅੰਨ ਤੁਹਾਨੂੰ ਵਾਹਿਗੁਰੂ ਪਾਸੋਂ ਜੋ ਮਿਲਿਆ ਸੀ ਇਹ ਸਾਡੀ ਹੀ ਦੇਣ ਹੈ ਇਹ ਸਾਡੇ ਹਿੱਸੇ ਹੀ ਆਇਆ ਸੀ। ਤੁਸੀਂ ਇਸ ਗੱਲ ਤੇ ਜਰੂਰ ਗੌਰ ਕਰੋ ਸਾਨੂੰ ਦਰਵੇਸ਼ ਸਮਝੋ ਔਰ ਸਾਨੂੰ ਆਪਣੇ ਵਫਾਦਾਰ ਸਮਝ ਕੇ ਸਾਨੂੰ ਰੋਟੀ ਦਿਓ ਅਸੀਂ ਬਿਲਕੁਲ ਵੀ ਕਿਸੇ ਬੱਚੇ ਨੂੰ ਕਿਸੇ ਜਾਨਵਰ ਨੂੰ ਕਦੇ ਵੀ ਨੁਕਸਾਨ ਨਹੀਂ ਪਚਾਂਵਾਂਗੇ। 
        ਸੋ ਸਤਿਕਾਰਤ ਦੋਸਤੋ ਅਗਰ ਆਪਾਂ ਉੱਪਰ ਲਿਖੀਆਂ ਗੱਲਾਂ ਤੇ ਗੌਰ ਕਰੀਏ ਤਾਂ ਇਨ੍ਹਾਂ ਖੂੰਖਾਰ ਅਵਾਰਾ ਕੁੱਤਿਆਂ ਦਾ ਖੌਫ ਜੇਕਰ ਖਤਮ ਨਹੀਂ ਹੋਵੇਗਾ ਤਾਂ ਘਟ ਜਰੂਰ ਜਾਵੇਗਾ। ਇਹ ਬਿਲਕੁਲ ਅਸਲੀਅਤ ਹੈ। ਸੋ ਆਓ ਆਪਾਂ ਇਨ੍ਹਾਂ ਦਰਵੇਸ਼ਾਂ ਲਈ ਸੋਚੀਏ ਤਾਂ ਇਹ ਵੀ ਆਪਣੀ ਆਦਤ ਜਰੂਰ ਬਦਲਣਗੇ। ਤੁਹਾਡੀ ਇਸ ਵਿਸ਼ੇ ਤੇ ਕੀ ਰਾਇ ਹੈ? ਓਨਾਂ ਵਿਚਾਰਾਂ ਦੀ ਉਡੀਕ ਰਹੇਗੀ। 

ਜਸਵੀਰ ਸ਼ਰਮਾ ਦੱਦਾਹੂਰ 
ਸ਼੍ਰੀ ਮੁਕਤਸਰ ਸਾਹਿਬ

ਵਕਤ ਦੀ ਚਪੇੜ - ਮਹਿੰਦਰ ਸਿੰਘ ਮਾਨ

ਵਕਤ ਦੀ ਚਪੇੜ
ਘਰ ਦੀ ਨਿੱਤ ਵਰਤੋਂ ਦਾ ਸਾਮਾਨ ਖਰੀਦਣ ਪਿੱਛੋਂ ਜਦ ਮੈਂ ਸ਼ਰਮਾ ਸਵੀਟ ਸ਼ਾਪ ਮਾਹਿਲਪੁਰ ਤੋਂ ਬੱਚਿਆਂ ਲਈ ਮਠਿਆਈ ਦਾ ਡੱਬਾ ਲੈ ਕੇ ਪਿੱਛੇ ਮੁੜਿਆ, ਤਾਂ ਮੈਂ ਵੇਖਿਆ, ਇੱਕ ਔਰਤ ਮਠਿਆਈ ਲੈਣ ਲਈ ਸ਼ਾਪ ਵਿੱਚ ਦਾਖਲ ਹੋ ਰਹੀ ਸੀ। ਉਹ ਔਰਤ ਮੈਡਮ ਕਰਮਜੀਤ ਸੀ, ਜੋ ਦਸ ਸਾਲ ਪਹਿਲਾਂ ਮੇਰੇ ਨਾਲ ਸਰਕਾਰੀ ਹਾਈ ਪੋਜੇਵਾਲ ਪੜ੍ਹਾਉਂਦੀ ਸੀ। ਕੁੱਝ ਸਮੇਂ ਬਾਅਦ ਮੈਂ ਬਦਲੀ ਕਰਵਾ ਕੇ ਆਪਣੇ ਪਿੰਡ ਦੇ ਸਰਕਾਰੀ ਹਾਈ ਸਕੂਲ ਆ ਗਿਆ ਸਾਂ। ਉੱਥੇ ਉਸ ਨੇ ਆਪਣੇ ਸਕੂਲ ਦੇ ਕਲਰਕ ਪਰਮਿੰਦਰ ਸਿੰਘ ਨਾਲ ਅੰਤਰ ਜਾਤੀ ਵਿਆਹ ਕਰਵਾ ਲਿਆ ਸੀ। ਭਾਵੇਂ ਕਲਰਕ ਪਰਮਿੰਦਰ ਸਿੰਘ ਦਾ ਰੰਗ ਗੋਰਾ ਸੀ, ਪਰ ਉਹ ਰੱਜ ਕੇ ਸ਼ਰਾਬ ਪੀਣ ਵਾਲਾ, ਹੇਰਾਫੇਰੀ ਕਰਨ ਵਾਲਾ ਤੇ ਵੱਧ, ਘੱਟ ਬੋਲਣ ਵਾਲਾ ਬੰਦਾ ਸੀ। ਮੈਨੂੰ ਵੇਖ ਕੇ ਮੈਡਮ ਕਰਮਜੀਤ ਨੇ ਆਪਣਾ ਸਿਰ ਸਤਿਕਾਰ ਵਜੋਂ ਝੁਕਾਇਆ। ਮੇਰੇ ਹਾਲ ਪੁੱਛਣ ਤੇ ਉਸ ਨੇ ਦੱਸਿਆ," ਵਿਆਹ ਤੋਂ ਛੇ ਸਾਲ ਬਾਅਦ ਮੇਰੇ ਪਤੀ ਦੀ ਜ਼ਿਆਦਾ ਸ਼ਰਾਬ ਪੀਣ ਨਾਲ ਮੌਤ ਹੋ ਗਈ ਸੀ। ਇੱਕ ਬੇਟੀ ਹੋਈ ਸੀ, ਉਹ ਵੀ ਰੱਬ ਨੇ ਖੋਹ ਲਈ। ਹੁਣ ਮੈਂ ਘਰ ਵਿੱਚ ਕੱਲੀ ਰਹਿੰਦੀ ਆਂ। ਵਿਆਹ ਕਰਵਾਣ ਦਾ ਸੁਆਦ ਨ੍ਹੀ ਆਇਆ। ਉਸ ਵੇਲੇ ਜਜ਼ਬਾਤੀ ਹੋ ਕੇ ਮੈਂ ਪਰਮਿੰਦਰ ਨਾਲ ਵਿਆਹ ਕਰਵਾਣ ਦਾ ਫੈਸਲਾ ਕਰ ਲਿਆ ਸੀ। ਹੁਣ ਪਤਾ ਲੱਗਦਾ, ਮੇਰਾ ਫੈਸਲਾ ਕਿੰਨਾ ਗਲਤ ਸੀ। ਮੈਂ ਤੁਹਾਡੀ ਵਿਆਹ ਦੀ ਪਰਪੋਜਲ ਨਾ ਮੰਨ ਕੇ ਮੈਂ ਆਪਣੇ ਪੈਰੀਂ ਆਪ ਕੁਹਾੜਾ ਮਾਰਿਆ ਸੀ। ਹੁਣ ਮੈਨੂੰ ਵਕਤ ਦੀ ਚਪੇੜ ਨੇ ਆਪਣੀ ਗਲਤੀ ਦਾ ਅਹਿਸਾਸ ਕਰਵਾ ਦਿੱਤਾ ਆ । ਜੇ ਹੋ ਸਕੇ, ਤਾਂ ਮੈਨੂੰ ਮਾਫ ਕਰ ਦਿਉ। ਮਈ ਦਿਵਸ ਦੀ ਛੁੱਟੀ ਹੋਣ ਕਾਰਨ ਇੱਥੇ ਮੈਂ ਆਪਣੀ ਭੈਣ ਨੂੰ ਮਿਲਣ ਆਈ ਆਂ। ਉਸ ਨਾਲ ਚਾਰ ਗੱਲਾਂ ਕਰਕੇ ਦਿਲ ਦਾ ਭਾਰ ਹੌਲਾ ਹੋ ਜਾਊਗਾ।" ਇਹ ਗੱਲਾਂ ਕਰਦੀ ਉਹ ਬੜੀ ਭਾਵੁਕ ਹੋ ਗਈ ਸੀ। ਫਿਰ ਉਹ ਆਪਣੇ ਆਪ ਨੂੰ ਸੰਭਾਲ ਕੇ , ਸ਼ਾਪ ਤੋਂ ਮਠਿਆਈ ਦਾ ਡੱਬਾ ਲੈ ਕੇ, ਮੈਨੂੰ ਬੁਲਾ ਕੇ ਆਪਣੀ ਭੈਣ ਦੇ ਘਰ ਜਾਣ ਲਈ ਸਕੂਟਰੀ ਸਟਾਰਟ ਕਰਕੇ ਤੁਰ ਪਈ। 
ਮਹਿੰਦਰ ਸਿੰਘ ਮਾਨ
ਸਾਮ੍ਹਣੇ ਅੰਗਦ ਸਿੰਘ ਐੱਮ ਐੱਲ ਏ ਹਾਊਸ
ਕੈਨਾਲ ਰੋਡ
ਨਵਾਂ ਸ਼ਹਿਰ - 144514

ਛੱਜ ਤਾਂ ਕੁੱਟਿਆ ਹੀ ਜਾਣਾ ਹੀ ਹੁੰਦਾ ਹੈ  ! (ਬੁੱਧ ਚਿੰਤਨ ) ਬੁੱਧ ਸਿੰਘ ਨੀਲੋਂ

ਛੱਜ ਤਾਂ ਕੁੱਟਿਆ ਹੀ ਜਾਣਾ ਹੀ ਹੁੰਦਾ ਹੈ  !
ਪੰਜਾਬ ਦੇ ਵਿੱਚ ਵਿਆਹ ਮੌਕੇ ਨਾਨਕਿਆਂ ਵੱਲੋਂ ਛੱਜ ਕੁੱਟਣ ਦੀ ਪ੍ਰਥਾ ਹੈ, ਇਸ ਦੇ ਸਮਾਜਿਕ, ਪਰਵਾਰਿਕ, ਮਨੋਵਿਗਿਆਨਕ ਤੇ ਸੱਭਿਆਚਾਰਕ ਸਰੋਕਾਰ ਹੁੰਦੇ ਹਨ। ਛੱਜ ਦਾ ਸਬੰਧ ਕਿਰਤ ਨਾਲ ਹੁੰਦਾ ਹੈ। ਜਿਹੜਾ ਜਿਉਂਦੇ ਵਸਦੇ ਘਰਾਂ ਦਾ ਪ੍ਰਤੀਕ ਹੈ। ਜਦੋਂ ਵਿਆਹ ਮੌਕੇ ਇਸਨੂੰ ਮਾਮੀਆਂ ਤੇ ਮਾਸੀਆਂ ਰਲਮਿਲ ਕੇ ਕੁੱਟਦੀਆਂ ਹਨ, ਅਸਲ ਵਿੱਚ ਉਹ ਆਪਣੇ ਅੰਦਰ ਛੁਪੀਆਂ ਹੋਈਆਂ ਦਰਦਨਾਕ ਇਜਾਜ਼ਤੀਆਂ ਦਾ ਬਦਲਾ ਲੈਂਦੀਆਂ ਹਨ। ਇਸੇ ਤਰ੍ਹਾਂ ਗਿੱਧੇ ਵਿੱਚ ਪਾਉਣ ਵਾਲੀਆਂ ਬੋਲੀਆਂ ਵਿੱਚ ਇਹ ਹੂਕਾਂ ਤੇ ਕੂਕਾਂ ਹੁੰਦੀਆਂ ਹਨ। ਹੁਣ ਛੱਜ ਕੁੱਟਣਾ ਮਹਿਜ਼ ਰਸਮ ਬਣ ਕੇ ਰਹਿ ਗਿਆ ਹੈ। ਹੁਣ ਨਾ ਤਾਂ ਛੱਜ ਰਹੇ ਨੇ ਤੇ ਨਾ ਹੀ ਛੱਜਘਾੜੇ । ਨਾ ਸਰੜਕਾ ਰਿਹਾ ਤੇ ਨਾ ਹੀ ਕਾਨੇ। ਨਾ ਹੀ ਫੱਟੀਆਂ ਰਹੀਆਂ ਤੇ ਨਾ ਹੀ ਦਵਾਤ ਵਿੱਚ ਡੋਬਾ ਲਾ ਕੇ ਲਿਖਣ ਵਾਲੀ ਕਾਨੀ। ਹੁਣ ਤਾਂ ਸਾਰਾ ਕੰਮ ਮਸ਼ੀਨਾਂ ਨੇ ਸੰਭਾਲ ਲਿਆ ਹੈ। ਕਾਨੀਆਂ ਦੀ ਥਾਂ ਪੈਨ, ਪੈਨਸਿਲ , ਕੰਪਿਊਟਰ ਆ ਗਿਆ। ਉੜਾ ਐੜਾ ਹੁਣ ਫੱਟੀ ਉੱਤੇ ਨੀਂ, ਕੰਪਿਊਟਰ ਉੱਤੇ ਕੀ ਬੋਰਡ ਨਾਲ ਲਿਖਿਆ ਜਾਂਦਾ ਹ, ਮੋਬਾਇਲ ਦੇ ਵਿਚ ਬੋਲ ਕਿ ਫੋਟੋ ਖਿਚ ਕੇ ਟਾਈਪ ਹੋਣ ਲੱਗ ਪਿਆ ਹੈ। ਉਧਰ ਹੁਣ ਪਿੰਡਾਂ ਵਿੱਚ ਛੱਜ ਵੇਚਣ ਵਾਲੇ ਨਹੀਂ ਆਉਂਦੇ ਤੇ ਨਾ ਹੀ ਉਨਾਂ ਦੀ ਇਹ ' ਛੱਜ ਲੈ ਲੋ ਛੱਜ.....।' ਵਰਗੀ ਆਵਾਜ਼ ਸੁਨਣ ਨੂੰ ਮਿਲਦੀ ਹੈ। ਹੁਣ ਤਾਂ ਪਿੰਡਾਂ ਵਿੱਚ ਕਬਾੜੀਏ ਤੇ ਸਮੈਕੀਏ ਜਾਂਦੇ ਨੇ ਜਿਹੜੇ ਬੋਰੀ, ਥੈਲਾ, ਖਾਲੀ ਬੋਤਲਾਂ, ਇੰਜਣ, ਮੋਟਰਾਂ, ਮਸ਼ੀਨਾਂ, ਥਰੈਸ਼ਰ, ਟਰੈਕਟਰ, ਟਰਾਲੀਆਂ, ਤੇ ਹੋਰ ਖੇਤੀਬਾੜੀ ਨਾਲ ਸਬੰਧਤ ਸਮਾਨ ਖਰੀਦਣ ਜਾਂਦੇ ਨੇ। ਮਾਲਵੇ ਦੇ ਕਈ ਪਿੰਡਾਂ ਨੇ ਪਿੰਡ ਵਿਕਾਊ ਹੈ ਦੇ ਬੈਨਰ ਵੀ ਲਾ ਦਿੱਤੇ ਸਨ। ਪਿੰਡਾਂ ਦੇ ਆਈਲੈਟਸ ਤੇ ਟਰੈਵਲਜ਼ ਏਜੰਟਾਂ ਦੇ ਆਲੀਸ਼ਾਨ ਦਫ਼ਤਰ ਖੁੱਲ੍ਹ  ਗਏ ਹਨ। ਬਦੇਸ਼ ਜਾਣ ਵਾਲਿਆਂ ਦਾ ਮੇਲਾ ਲ਼ੱਗਦਾ ਹੈ। ਕੌਣ ਕਿਸ ਨੂੰ ਠੱਗਦਾ ਪਤਾ ਨੀ ਲੱਗਦਾ । ਹੁਣ ਵੱਧ ਬੈਂਡ ਵਾਲੀਆਂ ਕੁੜੀਆਂ ਦਾ ਮੁੰਡਿਆਂ ਦੇ ਨਾਲ਼ ਤਬਾਦਲਾ ਹੁੰਦਾ ਹੈ. ਸ਼ਰਤ ਹੁੰਦੀ ਹੈ ਕਿ ਉਹ ਪੁੱਤਰ ਨੂੰ ਜਾ ਕੇ ਉਥੇ ਸੱਦੇ. ਮੋਟੀ ਰਕਮ ਲਈ ਜਾਂਦੀ ਹੈ। ਮੁੰਡੇ ਤੇ ਕੁੜੀਆਂ ਦੇ ਮਾਪੇ ਸੌਂਦੇ ਕਰਦੇ ਹਨ। ਜਿਹਨਾਂ ਦੇ ਕੋਲ ਜ਼ਮੀਨ ਹੈ, ਉਹ  ਲੋਕ ਆਪਣੀਆਂ ਜ਼ਮੀਨਾਂ ਵੇਚ-ਵੇਚ ਕੇ ਸ਼ਹਿਰਾਂ ਵੱਲ ਜਾਂ ਫਿਰ ਵਿਦੇਸ਼ਾਂ ਨੂੰ ਭੱਜ ਰਹੇ ਹਨ। ਸ਼ਹਿਰਾਂ ਦੇ ਅਮੀਰ ਸਨਅਤਕਾਰ, ਡਾਕਟਰ, ਵਕੀਲ, ਅਫਸਰ ਪਿੰਡਾਂ ਦੀਆਂ ਜ਼ਮੀਨਾਂ ਤੇ ਜਮੀਰਾਂ ਖਰੀਦ ਰਹੇ ਹਨ। ਆ ਜਦੋਂ ਦਾ ਸਾਰਾ ਸੰਸਾਰ ਪਿੰਡ ਬਣਿਆ, ਪਿੰਡ ਖਤਮ ਹੀ ਹੋ ਗਏ। ਪਿੰਡ ਕਸਬਿਆਂ ਤੇ ਸ਼ਹਿਰਾਂ ਵਿੱਚ ਬਦਲ ਗਏ ਹਨ। ਪਿੰਡਾਂ ਲੋਕ ਅਮੀਰਾਂ ਦੀ ਐਸ਼ੋ ਅਰਾਮ ਜ਼ਿੰਦਗੀ ਵੇਖ ਕੇ ਉਹ ਵੀ ਆਪਣੇ ਆਪ ਨੂੰ ਇਹਨਾਂ ਵਰਗੇ ਬਨਾਉਣ ਦੇ ਸੁਪਨੇ ਲੈ ਰਹੇ ਹਨ। ਪਰ ਉਹਨਾਂ ਦੇ ਸੁਪਨੇ ਤਾਂ ਅਮਰੀਕਨ ਸੁੰਡੀ ਤੇ ਚਿੱਟਾ ਚਰ ਗਿਆ ਹੈ। ਜਿਹੜੇ ਇਸ ਸੁੰਡੀ ਤੇ ਚਿੱਟੇ ਤੋਂ ਬਚ ਗਏ, ਉਹਨਾਂ ਨੂੰ ਕੈਂਸਰ, ਬਲੱਡ ਪ੍ਰੈਸ਼ਰ, ਸ਼ੂਗਰ, ਚਮੜੀ ਵਰਗੀਆਂ ਨਾ ਮੁਰਾਦ ਬੀਮਾਰੀਆਂ ਲੱਗ ਗਈਆਂ ਜਾਂ ਫਿਰ ਸਲਫਾਸ ਖਾ ਗਈ। ਆ ਰਹਿੰਦੀ ਕਸਰ ਹੁਣ ਨਸ਼ਿਆਂ ਦਾ ਦਰਿਆ ਕੱਢੀ ਜਾ ਰਿਹਾ ਹੈ। ਬੁੱਢੇ ਦਰਿਆ ਦਾ ਗੰਦਾ ਪਾਣੀ ਪੀਣ ਲਈ ਲੋਕ ਮਜਬੂਰ ਹਨ। ਹੁਣ ਪਿੰਡਾਂ ਵਿੱਚ ਮੋਰ ਨਹੀਂ ਕੂਕਦੇ, ਹੁਣ ਤਾਂ ਪਿੰਡਾਂ ਵਿੱਚ ਨਸ਼ਿਆਂ ਦੇ ਵਪਾਰੀ ਹੋਕਾ ਦਿੰਦੇ ਫਿਰਦੇ ਹਨ। ਜਿਹੜਾ ਘਰ ਬਚਿਆਂ ਇਹ ਤਾਂ ਉਹੀ ਜਾਣਦੇ ਹਨ, ਨਹੀਂ ਤਾਂ ਆ ਸਮੈਕ, ਚਰਸ, ਹੈਰੋਇਨ, ਚਿੱਟਾ ਤੇ ਗੋਲੀਆਂ ਖਾਣ ਵਾਲੇ ਸਾਰਾ ਸਾਰਾ ਦਿਨ ਹਰਲ-ਹਰਲ ਕਰਦੇ ਫਿਰਦੇ ਰਹਿੰਦੇ ਹਨ। ਆਪਾਂ ਤਾਂ ਗੱਲ ਛੱਜ ਤੇ ਛਾਨਣੀ ਦੀ ਕਰਦੇ ਸੀ, ਹੁਣ ਛੱਜ ਅਨਾਜ ਛੱਟਣ ਦੇ ਕੰਮ ਨਹੀਂ ਆਉਂਦੇ, ਇਨਾਂ ਦਾ ਕੰਮ ਹੁਣ ਸਾਡੇ ਸਿਆਸੀ ਲੀਡਰਾਂ ਨੇ ਸਾਂਭ ਲਿਆ ਹੈ। ਇਹ ਲੀਡਰ ਭਾਵੇੰ ਕਿਸੇ ਵੀ ਰਾਜਸੀ ਪਾਰਟੀਆਂ ਦੇ ਹੋਣ ਤੇ ਭਾਵੇੰ ਮੁਲਾਜ਼ਮ, ਮਜ਼ਦੂਰ ਤੇ ਕਿਸਾਨ ਜੱਥੇਬੰਦੀਆਂ ਦੇ ਹੋਣ। ਸਭ ਇਕ ਦੂਜੇ ਨੂੰ ਛੱਜ ਵਿੱਚ ਪਾ ਕੇ ਇਉਂ ਛੱਟਦੇ ਹਨ ਜਿਵੇਂ ਆਪ ਦੁੱਧ ਦੇ ਧੋਤੇ ਹੋਣ। ਹੁਣ ਨਾ ਤਾਂ ਦੁੱਧ ਹੀ ਰਿਹਾ ਤੇ ਨਾ ਦੁੱਧ ਦੇਣ ਵਾਲੀਆਂ ਲਵੇਰੀਆਂ। ਦੁੱਧ ਰਿੜਕਣ ਵਾਲੀ ਤਾਂ ਕਿੱਥੋਂ ਰਹਿਣੀ ਸੀ। ਉਹ ਵੀ ਬੁੱਢਿਆਂ ਨਾਲ ਲਾਵਾਂ ਫੇਰੇ ਲੈ ਕੇ ਕੇਨੈਡਾ ਦਾ ਜਹਾਜ਼ ਚੜ੍ਹ ਗਈਆਂ ਹਨ। ਕੇਨੈਡਾ ਜਾਣ ਦੀ ਲਲਕ ਨੇ ਪੰਜਾਬੀਆਂ ਨੂੰ ਕਿੱਥੇ ਤੱਕ ਨਿਘਾਰ ਵਿੱਚ ਲਿਆਂਦਾ ਏ, ਪੜ੍ਹਾਈ ਦੀ ਗੱਲ ਆ ਗਈ ਹੁਣ ਨਾ ਤਾਂ ਕੋਈ ਪੜ੍ਹ ਸਕਦੇ ਤੇ ਨਾ ਹੀ ਉਹ ਪੜ੍ਹ ਕੇ ਕਿਤੇ ਡੀ ਸੀ ਲੱਗ ਸਕਦੇ। ਪਿੰਡਾਂ ਦੇ ਵਿੱਚ ਕਿਸੇ ਕਿਸੇ ਘਰ ਪਸ਼ੂ ਰੱਖੇ ਹਨ, ਬਹੁਗਿਣਤੀ ਲੋਕ ਦੁਕਾਨਾਂ ਤੋਂ ਪੈਕਟ ਦਾ ਦੁੱਧ ਲਿਆਉਂਦੇ ਹਨ। ਅੱਜਕੱਲ੍ਹ ਪੜ੍ਹਾਈ ਦਾ ਠੇਕਾ ਆ ਨਿੱਜੀ ਠੇਕੇਦਾਰਾਂ ਨੇ ਲਿਆ ਹੈ,ਪੜ੍ਹਾਈ ਏਨੀ ਮਹਿੰਗੀ ਹੋ ਗਈ ਹੈ ਕਿ ਆਮ ਆਦਮੀ ਨਿੱਜੀ ਸਕੂਲ ਦੀ ਫੀਸ ਵੀ ਨੀ ਭਰ ਸਕਦਾ। ਬੇਰੁਜ਼ਗਾਰਾਂ ਨੂੰ ਆਪਣਾ ਗੁੱਸਾ ਪਹਿਲਾਂ ਸੜਕਾਂ ਤੇ ਆਵਾਜਾਈ ਬੰਦ ਕਰਕੇ ਕੱਢਣਾ ਪੈਦਾ ਸੀ। ਹੁਣ ਇਹਨਾਂ ਪਾਣੀ ਵਾਲੀ ਟੈਂਕੀਆਂ ਉੱਤੇ ਚੜ੍ਹ ਕੇ ਕੱਢਣਾ ਸ਼ੁਰੂ ਕਰ ਦਿੱਤਾ ਏ। ਜਿੱਥੇ ਕਿੱਧਰੇ ਟੈੰਕੀ ਨਹੀਂ ਮਿਲਦੀ ਕਿਸੇ ਉੱਚੀ ਇਮਾਰਤ ਉੱਤੇ ਚੜ੍ਹ ਜਾਂਦੇ ਹਨ। ਆ ਬੇਰੁਜ਼ਗਾਰ ਮੁੰਡਿਆਂ ਦੇ ਗੁੱਸੇ ਤੋਂ ਡਰਦਿਆਂ ਕਈ ਡਿਪਟੀ ਕਮਿਸ਼ਨਰਾਂ ਨੇ ਪਾਣੀ ਵਾਲੀ ਟੈਂਕੀਆਂ ਦੇ ਆਲੇ ਦੁਆਲੇ ਉੱਚੀਆਂ ਕੰਧਾਂ ਕਰਵਾ ਦਿੱਤੀਆਂ ਹਨ। ਟੈਂਕੀਆਂ ਦੇ ਨੇੜੇ ਪਹਿਰੇ ਲਾ ਦਿੱਤੇ ਹਨ । ਨੌਜਵਾਨਾਂ ਨੂੰ ਨੱਥ ਪਾਉਣ ਲਈ ਕਈ ਸਕੀਮਾਂ ਕੱਢ ਲਈਆਂ ਹਨ। ਕੌਮ ਦੇ ਨਿਰਮਾਤਾ ਨੂੰ ਸਰਕਾਰ ਨੇ ਸੜਕ 'ਤੇ ਬੈਠਣ ਲਈ ਮਜਬੂਰ ਕਰ ਦਿੱਤਾ ਹੈ।  'ਭੁੱਖਾ ਮਰਦਾ ਕੀ ਨਾ ਕਰਦਾ!' ਪੰਜਾਬੀ ਇਸ ਹਾਲਤ ਵਿੱਚ ਪੁੱਜ ਗਿਆ ਹੈ। ਬੇਰੁਜ਼ਗਾਰੀ ਦਾ ਸਤਾਇਆ ਨੌਜਵਾਨ ਵਰਗ ਮਰੋ ਜਾਂ ਕਰੋ ਦੀ ਹਾਲਤ ਤੀਕ ਪੁੱਜ ਗਿਆ ਹੈ। ਮਹਿੰਗੇ ਭਾਅ ਕੀਤੀਆਂ ਪੜ੍ਹਾਈਆਂ ਨੇ ਉਹਨਾਂ ਲਈ ਖੁਸ਼ੀਆਂ ਦੇ ਦਿਨ ਤਾਂ ਕੀ ਦਿਖਾਉਣੇ ਸਨ ਸਗੋਂ ਉਨ੍ਹਾਂ ਨੂੰ ਪੁਲਸ ਦੀ ਡਾਂਗਾ ਖਾਣੀਆਂ ਪੈਂਦੀਆਂ ਨੇ ਜੇ ਪੁਲਿਸ ਇਹ ਸੇਵਾ ਪਾਣੀ ਨਾ ਕਰੇ ਤਾਂ ਉਹਨਾਂ ਨੂੰ ਪਾਣੀ ਦੀਆਂ ਟੈਂਕੀਆਂ ਦੀ ਪੌੜੀਆਂ ਗਿਣਨੀਆਂ ਪੈਂਦੀਆਂ ਹਨ। ਪੈਟਰੋਲ–ਡੀਜਲ ਏਨਾ ਮਹਿੰਗਾ ਹੋ ਗਿਆ, ਅੱਗੇ ਉਹ ਕੈਂਨੀਆਂ ਭਰ ਕੇ ਲੈ ਜਾਂਦੇ ਸੀ। ਹੁਣ ਬੋਤਲਾਂ ਨਾਲ ਕੰਮ ਸਾਰਨਾ ਪੈਂਦਾ । ਬਾਕੀ ਖਾਣ ਪੀਣ ਦਾ ਸਮਾਨ ਬਹੁਤ ਮਹਿੰਗਾ ਹੋ ਗਿਆ ਤੇ ਜ਼ਮੀਰਾਂ ਸਸਤੀਆਂ ਹੋ ਗਈਆਂ, ਹੁਣ ਸਭ ਕੁੱਝ ਵਿਕਦਾ ਹੈ। ਕਿਸਾਨਾਂ ਨੂੰ ਆਪਣੀਆਂ ਜ਼ਮੀਨਾਂ ਬਚਾਉਣ ਲਈ ਸੰਘਰਸ਼ ਕਰਨਾ ਪੈ ਰਿਹਾ ਹੈ। ਕਿਸਾਨ ਜੱਥੇਬੰਦੀਆਂ ਲੜ ਰਹੀਆਂ ਨੇ ਤੇ ਕਿਸਾਨ ਮਰ ਰਹੇ ਹਨ। ਥਾਂ ਥਾਂ ਹੁੰਦੇ ਧਰਨੇ ਮੁਜ਼ਾਹਰੇ ਹੋ ਰਹੇ ਹਨ। ਜਿਹੜੇ ਕਦੇ ਹਰਾ ਇਨਕਲਾਬ, ਕਦੇ ਚਿੱਟਾ ਇਨਕਲਾਬ ਤੇ ਕਦੇ ਨੀਲਾ ਇਨਕਲਾਬ ਲਿਆਉਣ ਵਾਲੇ ਨੂੰ ਅੰਨਦਾਤਾ ਆਖ ਰਹੇ ਸਨ। ਅੱਜ ਉਹੀ ਉਹਨਾਂ ਦੀ ਸੰਘੀ ਘੁੱਟ ਰਹੇ ਹਨ। ਸਾਰੀ ਦੁਨੀਆਂ ਦਾ ਢਿੱਡ ਭਰਨ ਵਾਲਾ ਕਿਰਤੀ ਕਿਸਾਨ ਅੱਜ ਭੁੱਖਮਰੀ ਤੇ ਕਰਜ਼ਿਆਂ ਦੀ ਪੰਡ ਹੇਠ ਆ ਕੇ ਖੁਦਕਸ਼ੀਆਂ ਦੇ ਰਾਹ ਤੁਰ ਪਿਆ ਹੈ। ਦੇਸ ਦੇ ਆਗੂ ਅਮੀਰ ਹੋ ਰਹੇ ਲੋਕ ਗਰੀਬ ਹੋ ਰਹੇ ਹਨ. ਚਾਰੇ ਪਾਸੇ ਚਿੱਟੇ ਦੀ ਮਾਰ ਹੈ ਤੇ ਸਰਕਾਰ ਬੀਮਾਰ ਹੈ.ਭਾਸ਼ਨਬਾਜ਼ੀ ਜਾਰੀ ਹੈ. ਹੁਣ ਕੋਈ ਹੋਰ ਨਵੀਂ ਤਿਆਰੀ ਹੈ, ਜਾਨ ਦੀ ਜੁੰਮੇਵਾਰ ਸਵਾਰੀ ਹੈ। ਹੁਣ ਜਦੋਂ ਲੋਕ ਜਾਗ ਪਏ ਹਨ ਆਪਣੇ ਹੱਕਾਂ ਦੀ ਰਾਖੀ ਕਰਨ ਲਈ ਉਨਾਂ ਨੇ ਸੰਘਰਸ਼ ਕਰਨੇ ਸ਼ੁਰੂ ਕਰ ਦਿੱਤੇ ਹਨ ਤਾਂ ਸਮੇਂ ਦੀ ਹਕੂਮਤ ਕਦੇ ਉਨਾਂ ਨੂੰ ਦੇਸ਼ ਵਿਰੋਧੀ ਆਖਦੀ ਹੈ, ਕਦੇ ਵੱਖਵਾਦੀ, ਨਕਸਲਵਾਦੀ ਤੇ ਨਸ਼ੇੜੀ ਆਖਣ ਲੱਗ ਪਈ ਹੈ। ਦੇਸ਼ ਦੇ ਰਾਜਸੀ ਲੀਡਰ ਤੇ ਸੱਤਾਧਾਰੀ ਪਾਰਟੀਆਂ  ਤਾਂ ਸਰਮਾਏਦਾਰਾਂ ਦੀਆਂ ਰਖੇਲਾਂ ਬਣ ਕੇ ਰਹਿ ਗਈਆਂ ਹਨ। ਉਹ ਆਪਣੇ ਦੇਸ਼ ਦੇ ਲੋਕਾਂ ਨਾਲ ਖੜਨ ਦੀ ਬਜਾਏ ਅੱਜ ਉਨਾਂ ਸਰਮਾਏਦਾਰਾਂ ਦੀਆਂ ਪਿੱਠ ਲੱਗੂ ਬਣ ਰਹਿ ਗਈਆਂ ਹਨ। ਜਿਨਾਂ ਤੋਂ ਦੇਸ਼ ਨੂੰ ਮੁਕਤ ਕਰਾਉਣ ਲਈ ਅਨੇਕਾਂ ਕੁਰਬਾਨੀਆਂ ਦੀ ਅਹੂਤੀ ਦੇਣੀ ਪਈ ਹੈ। ਇਹ ਪਾਰਟੀਆਂ ਹੁਣ ਸਾਡੇ ਮਿਹਨਤਕਸ਼ ਲੋਕਾਂ ਨੂੰ ਛੱਜ 'ਚ ਪਾ ਕੇ ਛੱਟ ਰਹੀਆਂ ਹਨ ਪਰ ਦੂਜੇ ਪਾਸੇ ਲੋਕਾਂ ਦਾ ਛਾਨਣਾ ਅੱਜੇ ਪੂਰੀ ਤਰ੍ਹਾਂ ਤਿਆਰ ਨਹੀਂ ਹੋਇਆ ਜਦੋਂ ਇਹ ਆਮ ਲੋਕਾਂ ਦਾ ਛਾਨਣਾ ਇਨ੍ਹਾਂ ਸਰਮਾਏਦਾਰਾਂ ਤੇ ਰਾਜਸੀ ਲੀਡਰਾਂ ਦੇ ਲੱਗ ਗਿਆ ਤਾਂ ਕੁੱਝ ਵੀ ਨਹੀਂ ਬਚਣਾ। ਇਹਨਾਂ ਸਮਿਆਂ ਵਿੱਚ ਮਿਹਨਤਕਸ਼ ਵਰਗ ਅੱਜ ਰੋਜ਼ੀ ਰੋਟੀ ਤੋਂ ਵੀ ਮੁਥਾਜ ਹੋ ਗਿਆ ਹੈ ਜਦਕਿ ਦੂਸਰੇ ਪਾਸੇ ਸਰਮਾਏਦਾਰਾਂ ਦੀ ਇਕ ਅਜਿਹੀ ਟੋਲੀ ਇਕੱਠੀ ਹੋ ਗਈ ਜਿਸ ਨੇ ਦੇਸ਼ ਨੂੰ ਖਾਣ ਲਈ ਘੁਣ ਤੇ ਸਿਊਕ ਵਰਗਾ ਕੰਮ ਸੰਭਾਲ ਲਿਆ ਹੈ ਪਰ ਆਪਣੇ ਹੱਕਾਂ ਲਈ ਜਾਗਦੇ ਲੋਕਾਂ ਨੂੰ ਕਿੰਨੀ ਕੁ ਦੇਰ ਤੱਕ ਦਬਾਅ ਕੇ ਰੱਖਿਆ ਜਾ ਸਕਦਾ? ਜਿਹੜਾ ਬੇਰੁਜ਼ਗਾਰੀ ਦਾ ਲਾਵਾ ਧਰਤੀ ਦੇ ਥੱਲੇ ਤੁਰਿਆ ਫਿਰਦਾ ਹੈ ਜਦੋਂ ਇਸ ਨੇ ਇਕ ਦਿਨ ਜੁਆਲਾਮੁਖੀ ਬਣ ਕੇ ਫਟਣਾ ਫੇਰ ਇਸ ਨੇ ਆਪ ਤਾਂ ਸੜਨਾ ਹੀ ਹੈ, ਇਸ ਨੇ ਉਹਨਾਂ ਲੋਕਾਂ ਨੂੰ ਵੀ ਨਹੀਂ ਛੱਡਣਾ, ਜਿਹੜੇ ਅਹਿੰਸਾ ਦੀਆਂ ਗੱਲਾਂ ਕਰਦੇ ਹਨ ਤੇ ਨੌਜੁਆਨ ਵਰਗ ਦਾ ਸ਼ਿਕਾਰ ਕਰਦੇ ਹਨ। ਸੱਤਾਧਾਰੀ ਧਿਰਾਂ ਕਦੋਂ ਤੀਕ ਜੁਆਨੀ ਦਾ ਸ਼ਿਕਾਰ ਕਰਦੇ ਰਹਿਣਗੇ? ਹੁਣ ਦੇਸ਼ ਦੀ ਬਹੁਤ ਸਾਰੀ ਜਨਤਾ ਆਪਣੇ ਹੱਕਾਂ ਤੇ ਅਧਿਕਾਰਾਂ ਪ੍ਰਤੀ ਸੁਚੇਤ ਹੋ ਗਈ ਹੈ। ਹੁਣ ਲੋਕ ਸਮੂਹ ਦਿਨੋਂ ਦਿਨ ਇਕੱਠਾ ਹੋਣ ਦੀ ਲੋੜ ਹੈ, ਇਹ ਇਕੱਠ ਨੇ ਜਦੋਂ ਹੜ੍ਹ ਵਾਂਗ ਵਗਣਾ ਤਾਂ ਕੁੱਝ ਵੀ ਨਹੀਂ ਬਚਣਾ । ਪਰ ਇਹ ਸਮੂਹ ਕਦੋਂ ਹੜ੍ਹ  ਬਣੇਗਾ? ਹੁਣ ਇਹਨਾਂ ਨੂੰ ਆਪਣੀ ਅਹਿਮੀਅਤ ਪਛਾਨਣ ਦੀ ਲੋੜ ਹੈ। ਜੇਕਰ ਸਮਾਜ ਦੇ ਸਚੇਤ ਵਰਗ ਨੇ ਆਮ ਲੋਕਾਂ ਨੂੰ ਉਹਨਾਂ ਦੀ ਤਾਕਤ ਤੋਂ ਜਾਣੂੰ ਨਾ ਕਰਵਾਇਆ ਤਾਂ ਅਗਲੇ ਪੰਜ ਸਾਲ ਲੋਕ ਫਿਰ ਕਿਸੇ ਹੋਰ ਪਾਰਟੀ ਦੇ ਗੁਲਾਮ ਹੋ ਕੇ ਰਹਿ ਜਾਣਗੇ। ਜਿਹੜੇ ਹੁਣ ਛੱਜ ਬਣੇ ਚੁੱਪ ਹਨ ਤੇ ਉਹਨਾਂ ਦੇ ਬਾਰੇ ਛਾਨਣੀਆਂ ਬੋਲਦੀਆਂ ਰਹਿਣਗੀਆਂ? ਆਓ! ਆਪਾਂ ਆਪਣੀ ਅੰਦਰਲੀ ਸ਼ਕਤੀ ਨੂੰ ਜਾਣੀਏ ਤੇ ਪਛਾਣੀਏ। ਸਮਾਂ ਅੱਗੇ ਦੀ ਅੱਗੇ ਖਤਰਨਾਕ ਆ ਰਿਹਾ ਹੈ। ਅੱਜ ਜੇ ਕਿਸੇ ਹੋਰ ਦੀ ਵਾਰੀ ਹੈ ਕੱਲ੍ਹ ਨੂੰ ਸਾਡੀ ਵੀ ਵਾਰੀ ਆ ਸਕਦੀ ਹੈ। ਆਓ! ਇਸ ਤੋਂ ਪਹਿਲਾਂ ਸਾਡੇ ਗਲ਼ ਨੂੰ ਫਾਈ ਪਵੇ ਤੇ ਅਸੀਂ ਹੁਣੇ ਹੀ ਸੁਚੇਤ ਹੋ ਜਾਈਏ ? 
ਬੁੱਧ ਸਿੰਘ ਨੀਲੋਂ

ਸਮੇਂ ਨਾਲ਼ ਬਦਲੀ ਦੋਸਤੀ (ਮਿੰਨ੍ਹੀ ਕਹਾਣੀ ) ਲੇਖ਼ਕ ਮੂਲ ਚੰਦ ਸ਼ਰਮਾ ਪ੍ਰਧਾਨ ,ਪੰਜਾਬੀ ਸਾਹਿਤ ਸਭਾ ਧੂਰੀ ਜਿਲ੍ਹਾ ਸੰਗਰੂਰ

ਉਸ ਨੂੰ ਗੀਤ ਸੰਗੀਤ ਸੁਣਨ ਦਾ ਸ਼ੌਕ ਸੀ । ਮਾਂ ਪਿਓ ਬਾਰੇ ਲਿਖੇ / ਗਾਏ ਗੀਤਾਂ ਨੂੰ ਉਹ ਜ਼ਿਆਦਾ ਪਸੰਦ ਕਰਦਾ ਸੀ । ਟ੍ਰੈਕਟਰ ਦੀ ਟੇਪ ਉੱਤੇ ਉਹ ਸਭ ਤੋਂ ਵੱਧ ਜਿਹੜਾ ਗੀਤ ਵਜਾਉਂਦਾ ਸੀ , ਉਹ ਵੀ ਬਾਪੂ ਨਾਲ਼ ਯਾਰੀ ਬਾਰੇ ਸੀ , ਜਿਸ ਦੇ ਬੋਲ ਸਨ -----

 " ਮੈਂ ਇੱਕੀਆਂ ਸਾਲਾਂ 'ਚ ਯਾਰ ਬਹੁਤ ਬਣਾਏ ,

   ਕੋਈ ਯਾਰੀ ਨਈਓਂ ਬਾਪੂ ਜੀ ਦੀ ਯਾਰੀ ਵਰਗੀ ।

ਬਾਈਵਾਂ ਸਾਲ ਚੜ੍ਹਦਿਆਂ ਹੀ ਉਸ ਦਾ ਵਿਆਹ ਹੋ ਗਿਆ ਤਾਂ ਪੰਜਾਬੀ ਦੀ ਉਹ ਲੋਕ ਬੋਲੀ ਪੂਰੀ ਤਰ੍ਹਾਂ ਸੱਚ ਸਾਬਤ ਹੋ ਗਈ ।

 " ਨਵਿਆਂ ਦੇ ਸੰਗ ਰਲ਼ ਕੇ ,

   ਭੁੱਲ ਜਾਂਦੇ ਨੇ ਯਾਰ ਪੁਰਾਣੇ । "

ਅੱਜ ਕੱਲ੍ਹ ਉਸ ਦਾ ਓਹੀ ਬਾਪੂ ਬਿਰਧ ਆਸ਼ਰਮ ਵਿੱਚ ਰਹਿਣ ਲਈ ਮਜ਼ਬੂਰ ਹੈ ।

                        ਮੂਲ ਚੰਦ ਸ਼ਰਮਾ ਪ੍ਰਧਾਨ ,

ਪੰਜਾਬੀ ਸਾਹਿਤ ਸਭਾ ਧੂਰੀ ਜਿਲ੍ਹਾ ਸੰਗਰੂਰ ।

ਜਦੋਂ ਝਟਕਾ ਲਗਦਾ ਹੈ ! (ਬੁੱਧ ਚਿੰਤਨ) ਲੇਖ਼ਕ ਬੁੱਧ ਸਿੰਘ ਨੀਲੋਂ 

ਤੁਰਦੀ ਜ਼ਿੰਦਗੀ ਨੂੰ ਜਦੋਂ ਕਦੇ ਝਟਕਾ ਲਗਦਾ ਹੈ ਤਾਂ ਜ਼ਿੰਦਗੀ ਅਰਸ਼  ਤੋਂ ਫਰਸ਼ ਉੱਤੇ ਸਿਰ ਭਾਰ ਡਿੱਗਦੀ ਹੈ, ਫਿਰ ਸਾਰੀ ਜ਼ਿੰਦਗੀ ਬੰਦੇ ਦੇ ਧਰਤੀ ਉੱਤੇ ਪੈਰ ਨਹੀਂ ਲਗਦੇ। ਫਿਰ ਜ਼ਿੰਦਗੀ ਹਰ ਤਰ੍ਹਾਂ ਦੇ ਯਤਨ ਕਰਦੀ ਹੈ, ਪਰ ਜ਼ਿੰਦਗੀ ਕਦੇ ਵੀ ਪੱਬਾਂ ਭਾਰ ਨਹੀਂ ਹੁੰਦੀ।

ਹੁਣ ਜਦੋਂ ਤੇਲ ਦੀਆਂ ਕੀਮਤਾਂ  ਵਧੀਆਂ  ਤਾਂ ਉਸਨੇ ਤੁਰੀ ਜਾਂਦੀ ਜ਼ਿੰਦਗੀ ਨੂੰ ਝਟਕਾ ਦਿੱਤਾ ਤਾਂ ਕੋਈ ਫ਼ਰਕ ਨਹੀਂ ਪਿਆ। ਨਾ ਤਾਂ ਜ਼ਿੰਦਗੀ ਹੀ ਰੁਕੀ ਹੈ ਤੇ ਨਾ ਕਿਸੇ ਕਿਸਮ ਦਾ ਕੋਈ ਹੋਰ ਨੁਕਸਾਨ ਹੋਇਆ। ਕਿਉਂ ਕਿ ਅਸੀਂ  ਰੀਘਣ ਦੇ ਆਦੀ ਹੋ ਗਏ ਹਾਂ ।

ਪਹਿਲਾਂ ਪਹਿਲਾਂ ਤਾਂ ਜਦੋਂ ਸਵੇਰੇ ਉਠ ਕੇ ਅਖ਼ਬਾਰ ਪੜ੍ਹਦੇ ਸੀ ਕਿ ਰਾਤ ਭੂਚਾਲ ਦੇ ਝਟਕੇ ਮਹਿਸੂਸ ਕੀਤੇ, ਤਾਂ ਲੋਕਾਂ ਨੂੰ ਡਰ ਲੱਗਣ ਲੱਗਦਾ ਸੀ ਕਿ ਸ਼ਾਇਦ ਅਗਲੇ ਸਮੇਂ ਜ਼ਿੰਦਗੀ ਦਾ ਸਫ਼ਰ ਹੀ ਮੁੱਕ ਜਾਵੇ। ਪਰ ਇਸ ਵਾਰ ਤਾਂ ਇਹ ਝਟਕਾ ਸੁਨਾਮੀ ਲਹਿਰ ਤੋਂ ਵੀ ਵਧੇਰੇ ਖ਼ਤਰਨਾਕ ਤੇ ਨੁਸਾਨਦੇਹ ਸੀ, ਪਰ ਫ਼ਰਕ ਕੋਈ ਨਹੀਂ ਪਿਆ।

ਉਂਝ ਭਾਵੇਂ ਇਹ ਕੋਈ ਪਹਿਲੀ ਵਾਰ ਝਟਕਾ ਨਹੀਂ ਲਾਇਆ, ਸਗੋਂ ਸਾਡੀ ਜ਼ਿੰਦਗੀ ਨੂੰ ਹਲੂਣਾ ਦੇਣ ਲਈ ਕਈ ਤਰ੍ਹਾਂ  ਦੇ ਝਟਕੇ ਦੇ ਕੇ ਪਰਖਿਆ ਤੇ ਪੜਚੋਲਿਆ ਜਾਂਦਾ ਹੈ ਕਿ ਲੋਕ ਕਦੋਂ ਤੱਕ ਜਿਉਂਦੇ ਰਹਿ ਸਕਦੇ ਹਨ। ਜਿਉਂਦੇ ਰੱਖਣ ਲਈ ਤਾਂ ਇਹ ਝਟਕੇ ਦਿੱਤੇ ਜਾਂਦੇ ਹਨ। ਹੁਣ ਤਾਂ ਜਿਵੇਂ ਲੋਕ ਆਦੀ ਹੋ ਗਏ ਹੋਣ, ਝਟਕਾ ਵੱਡਾ ਹੋਵੇ ਜਾਂ ਭਾਵੇਂ ਛੋਟਾ। ਕੋਈ ਫ਼ਰਕ ਨਹੀਂ ਪੈਂਦਾ।

ਝਟਕਿਆਂ ਦੀ ਫਿਰ ਕੋਈ ਕਿਸਮਾਂ ਤੇ ਢੰਗ ਤਰੀਕੇ ਹਨ, ਇਹ ਸਭ ਇਲਾਕਾ , ਰਾਜ, ਮੌਸਮ ਤੇ ਤਾਕਤ ਵੇਖ ਲਗਾਇਆ ਜਾਂਦਾ ਹੈ। ਝਟਕਾ ਲਗਾਉਣ ਵਾਲਿਆਂ ਨੂੰ ਡਾਕਟਰ ਵਾਂਗ ਹਰ ਬੀਮਾਰੀ ਤੇ ਦਵਾਈ ਦਾ ਪਤਾ ਹੁੰਦਾ ਹੈ। ਇਸੇ ਕਰਕੇ ਆਮ ਬੰਦੇ ਨੂੰ ਸਦਾ ਹੀ ਬਲੀ ਦਾ ਬੱਕਰਾ ਸਮਝਿਆ ਜਾਂਦਾ ਹੈ। ਉਸ ਦੀ ਹਾਲਤ ਤਾਂ ਉਸ ਖਰਬੂਜੇ ਵਰਗੀ ਹੁੰਦੀ ਹੈ, ਜਿਹੜਾ ਛੁਰੀ ਤੇ ਡਿੱਗੇ , ਜਾਂ ਛੁਰੀ ਉਸ ਉੱਤੇ।

ਆਮ ਲੋਕਾਂ ਨੇ ਤਾਂ ਜਿਉਣ ਲਈ ਜਿਉਣਾ ਹੁੰਦਾ ਹੈ, ਹੁਣ ਦੂਸਰਿਆਂ ਲਈ ਜਿਉਣ ਤੇ ਮਰਨ ਵਾਲਿਆਂ ਦਾ ਕਾਲ ਪੈ ਗਿਆ ਹੈ। ਹੁਣ ਤਾਂ ਹਰ ਕੋਈ ਇੱਕੋ ਗੱਲ ਆਖਦਾ ਹੈ, ''ਆਪਾਂ ਕੀ ਲੈਣਾ ਹੈ?'', ਨਾਲੇ ਇੱਥੇ ਕਿਸੇ ਦੀ ਆਈ ਕੋਣ ਮਰਦਾ ਹੈ? ਮਰਕੇ ਕਿਹੜਾ ਬੰਦਾ ਜਿਉਂਦਾ ਰਹਿੰਦਾ ਹੈ। ਸਭ ਭੁਲ ਜਾਂਦੇ ਹਨ। ਅਸੀਂ ਤਾਂ ਉਹ ਝਟਕੇ ਵੀ ਭੁੱਲ ਜਾਂਦੇ ਹਨ, ਅਸੀਂ ਤਾਂ ਉਹ ਝਟਕੇ ਵੀ ਭੁੱਲ ਗਏ, ਜਿਨ੍ਹਾਂ  ਨੇ ਸਾਡੇ ਪੁਰਖਿਆਂ ਨੂੰ ਹੱਸਦੇ ਵਸਦਿਆਂ ਨੂੰ ਘਰੋਂ ਬੇ ਘਰ ਕਰ ਦਿੱਤਾ ਸੀ। 

ਅਸੀਂ ਤਾਂ ਅੱਜ ਦੀ ਗੱਲ ਕੱਲ੍ਹ  ਭੁੱਲ ਜਾਂਦੇ ਹਾਂ ਤੇ ਪਿਛਲੀਆਂ ਗੱਲਾਂ ਨੂੰ ਕੋਣ ਯਾਦ ਕਰੇ। ਨਾਲੇ ਇੱਥੇ ਬੰਦਾ, ਯਾਦ ਕੀ ਕੀ ਰੱਖੇ? ਜਿਨ੍ਹਾਂ  ਨੇ ਯਾਦ ਰੱਖਣਾ ਹੈ, ਉਹ ਉਹ ਖੁੱਦ ਹੀ ਜਦੋਂ ਕੁਰਾਹੇ ਤੁਰ ਪੈਣ ਤਾਂ ਇਹੋ ਹੀ ਆਖਿਆ ਜਾ ਸਕਦਾ ਕਿ ਝੋਟਿਆਂ ਦੇ ਘਰੋਂ ਲੱਸੀ ਕੀ ਆਸ ਕਰਨੀ ਭਰਮ ਪਾਲਣਾ ਹੈ।

ਜਦੋਂ ਵੀ ਕਦੇ ਸਰਕਾਰੀ ਜਾਂ ਗੈਰ ਸਰਕਾਰੀ ਝਟਕਾ ਲੱਗਦਾ ਹੈ ਤਾਂ ਉਸ ਨਾਲ ਖਾਸ ਨੂੰ ਤਾਂ ਕੋਈ ਫ਼ਰਕ ਨਹੀਂ ਪੈਂਦਾ । ਪਰ ਆਮ ਬੰਦਾ ਤਾਂ ਕਣਕ ਦੇ ਵਾਂਗ ਦੋ ਪੁੜਾਂ ਹੇਠ ਪੀਸਿਆ ਜਾਂਦਾ ਹੈ। ਜਦੋਂ ਬੰਦਾ ਪੀਸਿਆਂ ਜਾਂਦਾ ਹੈ ਤਾਂ ਇਸ ਨਾਲ ਕਿਸੇ ਨੂੰ ਕੀ ਫ਼ਰਕ ਪੈਂਦਾ ਹੈ।

ਹੁਣ ਜਦੋਂ ਪਿਛਲੇ ਕਈ ਵਰਿਆਂ ਤੋਂ ਝਟਕੇ ਤੇ ਝਟਕੇ ਲੱਗ ਰਹੇ ਹਨ ਤਾਂ ਵੀ ਅਜੇ ਲੋਕਾਂ ਵਿੱਚ ਜ਼ਿੰਦਗੀ ਜਿਉਣ ਦੀ ਤਮੰਨਾ ਬਾਕੀ ਹੈ। ਤਮੰਨਾ ਪੂਰੀ ਕਰਨ ਲਈ ਹੁਣ ਤਮੰਨਾ ਬੰਦ ਬੋਤਲਾਂ 'ਚ ਮਿਲਣ ਲੱਗ ਪਈ ਹੈ। ਸਰਕਾਰ ਦਾ ਕੰਮ ਹੈ ਲੋਕਾਂ ਦੀ 'ਸੇਵਾ' ਕਰਨਾ। ਹੁਣ ਜੇ ਲੋਕ ਆਪ ਵੀ ਸੇਵਾ ਕਰਵਾਉਣ ਦੇ ਲਾਇਕ ਹੀ ਨਾ ਰਹਿਣ ਤਾਂ ਝਟਕੇ ਤਾਂ ਦੇਣੇ ਹੀ ਪੈਂਦੇ ਹਨ। 

ਝਟਕੇ ਦਾ ਮੀਟ ਤੇ ਪਟੜੀ ਦੀ ਛਾਲ ਕਿਸੇ ਨੂੰ ਹੀ ਨਸੀਬ ਹੁੰਦੀ ਹੈ। ਸਰਕਾਰ ਨੇ ਤਾਂ ਹਰ ਥਾਂ ਉੱਤੇ ਝਟਕਾ ਲਗਾਉਣ ਵਾਲੇ ਵਿਭਾਗ ਖੋਲ ਰੱਖੇ ਹਨ, ਲੋਕਾਂ ਨੂੰ ਕਿਧਰੇ ਦੂਰ ਨਹੀਂ ਜਾਣਾ ਪੈਂਦਾ । ਇਨ੍ਹਾਂ  ਵਿਭਾਗਾਂ ਵਿੱਚ ਤੁਸੀ ਇੱਕ ਵਾਰੀ ਪਹੁੰਚ ਜਾਓ, ਉਹ ਝਟਕਾ ਲਾ ਕੇ ਤੜਕਾ ਲਾਉਣ ਵਿੱਚ ਦੇਰ ਨਹੀਂ ਲਗਾਉਂਦੇ।

ਕਦੇ ਬਿਜਲੀ ਦਾ ਝਟਕਾ, ਪੁਲਿਸ ਦਾ ਝਟਕਾ, ਹਸਪਤਾਲ ਦਾ ਝਟਕਾ, ਸਕੂਲ-ਕਾਲਜ, ਦਫਤਰ ਦਾ ਝਟਕਾ। ਜੇ ਤੁਸੀ ਇਸ ਤੋਂ ਵੀ ਬਚ ਗਏ ਤਾਂ ਫਿਰ ਧਰਮ, ਜਾਤ, ਗੋਤ, ਇਲਾਕਾਈ ਝਟਕਾ ਤਾਂ ਤੁਹਾਨੂੰ ਹਰ ਹਾਲਤ ਸਹਿਣਾ ਹੀ ਪਵੇਗਾ।

ਸਹਿਣਾ ਹੁਣ ਸਾਡੀ ਆਦਤ ਬਣ ਗਿਆ ਹੈ। ਅਸੀਂ ਇੱਕ ਲੱਤ ਉੱਤੇ ਖੜੇ ਵੀ ਬੋਲਦੇ ਨਹੀਂ, ਸਗੋਂ ਚੁੱਪ ਰਹਿੰਦੇ ਹਾਂ। ਚੁੱਪ ਰਹਿਣਾ ਹੀ ਸਾਡਾ ਝਟਕਾ ਲਗਾਉਣ ਵਾਲਿਆਂ ਨੂੰ ਰਾਸ ਆਇਆ ਹੋਇਆ। ਇਸੇ ਕਰਕੇ ਜਦੋਂ ਕਦੇ ਅਸੀਂ ਰਾਮ ਲੀਲਾ ਦੇਖਦੇ ਸੀ ਤਾਂ ਚਲਦੀ ਕਹਾਣੀ ਵਿੱਚ ਮਸਖਰਾ ਆਉਂਦਾ ਸੀ ਤਾਂ ਉਹ ਲੋਕਾਂ ਦਾ ਅਕੇਵਾਂ ਤੇ ਥਕੇਵਾਂ ਲਾਉਣ ਲਈ ਹਾਸੇ ਦਾ ਝਟਕਾ ਦਿੰਦਾ ਸੀ, ਅਸੀਂ ਕੁੱਝ ਪਲ ਲਈ ਲੋਟ ਪੋਟ ਹੋ ਜਾਂਦੇ ਸੀ। ਸਾਥੀ ਅੱਗੇ ਤੁਰਦੀ ਸੀ।

ਹੁਣ ਅੱਗੇ ਤਾਂ ਦੇਸ਼ ਤੁਰ ਰਿਹਾ ਹੈ ਤੇ ਲੋਕ ਹੀ ਪਿੱਛੇ ਰਹਿ ਗਏ ਹਨ। ਚਾਰੇ ਪਾਸੇ ਦੇਸ਼ ਦੀ ਬੱਲੇ ਬੱਲੇ ਹੋ ਰਹੀ ਹੈ। ਮੰਤਰੀਆਂ ਲੀਡਰਾਂ ਦਾ ਕੀ ਕਹਿਣਾ ਹੁਣ ਤਾਂ ਸਾਧ ਹੀ ਮਾਣ ਨਹੀਂ। ਉਹ ਲੋਕਾਂ ਨੂੰ ਕ੍ਰਿਪਾ ਦੇ ਰਾਂਹੀ ਨਿੱਤ ਝਟਕੇ ਲਗਾ ਰਹੇ ਹਨ। ਲੋਕ ਉਨ੍ਹਾਂ  ਦੇ ਇਹ ਝਟਕੇ ਝੱਲ ਵੀ ਰਹੇ ਹਨ। 

ਝੱਲਣਾ ਤੇ ਜਿਉਂਦੇ ਰਹਿਣਾ ਹੀ ਤਾਂ ਲੋਕਾਂ ਨੂੰ ਸਿੱਖਿਆ ਹੈ। ਸਾਡੀ ਸਿੱਖਿਆ ਨੀਤੀ ਵੀ ਇਹੋ ਹੀ ਹੈ ਕਿ ਤੁਸੀ ਸਿੱਖਿਅਕ ਜਰੂਰਤ ਹੋਵੋ, ਪਰ ਤੁਹਾਨੂੰ ਜਿਉਣ ਤੋਂ ਬਿਨ੍ਹਾਂ  ਕਿਵੇਂ ਜਿਉਣਾ ਹੈ, ਇਸ ਬਾਰੇ ਕੋਈ ਗਿਆਨ ਨਾ ਹੋਵੇ।

ਇਸੇ ਕਰਕੇ ਤਾਂ ਸਾਡੀ ਸਰਕਾਰ ਨੇ ਅੱਠਵੀਂ ਤੱਕ ਕਿਸੇ ਨੂੰ ਫੇਲ ਨਾ ਕਰਕੇ ਝਟਕੇ ਲਗਾਉਣੇ ਬੰਦ ਕਰ ਦਿੱਤੇ ਹਨ, ਅੱਗੇ ਪਹਿਲੀ ਤੋਂ ਹੀ ਝਟਕੇ ਲੱਗਣ ਲੱਗ ਪੈਦੇ ਸੀ। ਜਿਸ ਵਿੱਚ ਤਾਂ ਜਾਨ ਹੁੰਦੀ ਸੀ ਉਹ ਤਾਂ ਅੱਗੇ ਤੁਰਦਾ ਸੀ-ਨਹੀਂ ਤਾਂ-

ਹੁਣ ਕਿਵੇਂ ਜਿਉਣਾ ਹੈ, ਤੇ ਆਪਣੇ ਹੱਕਾਂ ਦੀ ਰਾਖੀ ਕਿਵੇਂ ਕਰਨੀ ਹੈ, ਜੇ ਕੋਈ ਕਿਸੇ ਨੂੰ ਸਿਖਾਉਣ ਵੀ ਲਗਦਾ ਹੈ, ਅਗਲਾ ਉਠ ਕੇ ਤੁਰ ਪੈਂਦਾ ਹੈ। ਨਾ ਲੋਕਾਂ ਕੋਲ ਚੰਗੀਆਂ ਗੱਲਾਂ ਸੁਨਣ ਤੇ ਸਿੱਖਣ ਦੀ ਆਦਤ ਹੀ ਕਿੱਥੇ ਰਹਿ ਗਈ ਹੈ।

ਹੁਣ ਤਾਂ ਜਦੋਂ ਟੀ ਵੀ ਤੇ ਕੋਈ ਕ੍ਰਿਕਟ ਮੈਚ ਚਲਦਾ ਹੈ ਤਾਂ ਜਦੋਂ ਕੋਈ ਵਿਕਟ ਡਿੱਗਦੀ ਹੈ ਤਾਂ ਟੀਮ ਨੂੰ ਕਰਾਰਾ ਝਟਕਾ ਲਗਦਾ ਹੈ, ਉਸ ਦੇਸ਼ ਦਾ ਹਰ ਵਾਸੀ ਉਦਾਸ ਹੋ ਜਾਂਦਾ ਹੈ। ਕਈ ਤਾਂ ਇਸ ਉਦਾਸੀ ਵਿੱਚ ਲੱਖਾਂ ਕਰੋੜਾਂ ਝਟਕਾ ਮਾਰ ਲੈਂਦੇ ਹਨ ਜਾਂ ਸਹਿ ਲੈਂਦੇ ਹਨ।

ਝਟਕਾ ਸਾਡੇ ਜੀਵਨ ਦਾ ਅੰਗ ਬਣ ਗਿਆ ਹੈ, ਇਸੇ ਕਰਕੇ ਅਸੀਂ ਹੁਣ ਰੋਂਦੇ ਕਰਲਾਉਂਦੇ ਨਹੀਂ। ਸਗੋਂ ਤਾੜੀ ਮਾਰਕੇ ਹੱਸਦੇ ਹਾਂ। ਚੂਨਾ ਲਾਉਣਾ, ਲਗਾਉਣਾ ਹੁਣ ਸਾਡੇ ਹਿੱਸੇ ਹੀ ਰਹਿ ਗਿਆ। ਇਸੇ ਕਰਕੇ ਹੀ ਅਸੀਂ ਵਾਰ ਵਾਰ ਲਗਦੇ ਝਟਕੇ ਸਹਿ ਰਹੇ ਹਾਂ।

ਹੁਣ ਤਾਂ ਦੁੱਧ, ਖਾਣ-ਪੀਣ ਦੀ ਵਸਤੂਆਂ, ਬਿਜਲੀ, ਪਾਣੀ ਤੇ ਤੇਲ ਦਾ ਜਦੋਂ ਝਟਕਾ ਲਗਦਾ ਹੈ, ਤਾਂ ਕਿਧਰੇ ਵੀ ਕੋਈ ਸੁਨਾਮੀ ਨਹੀਂ ਉਠਦੀ, ਕੋਈ ਪੁਤਲੇ ਨਹੀਂ ਫੂਕਦਾ, ਧਰਨੇ ਮੁਜਾਹਰੇ ਨਹੀਂ ਕਰਦਾ। ਸਗੋਂ ਚੁੱਪ ਚਾਪ ਆਪੋ ਆਪਣੇ ਕੰਮਾਂਕਾਰਾਂ ਵਿੱਚ ਮਸਤ ਰਹਿੰਦੇ ਹਨ। ਮਸਤ ਰਹਿਣ ਦਾ ਹੀ ਝਟਕੇ ਲਗਾਉਣ ਵਾਲਿਆਂ ਨੂੰ ਲਾਭ ਹੈ।

ਉਹ ਇਸੇ ਲਾਭ ਦੇ ਨਾਲੋਂ ਦਿਨ-ਦਿਨ ਗਰੀਬ ਹੋਈ ਜਾ ਰਹੇ, ਉਨ੍ਹਾਂ  ਤੋਂ ਕੋਠੀਆਂ , ਟੈਲੀਫੋਨ ਤੇ ਬਿਜਲੀ ਪਾਣੀ ਦਾ ਬਿੱਲ ਨਹੀਂ ਦਿੱਤਾ ਜਾਂਦਾ। ਇਸੇ ਹੀ ਕਰਕੇ ਉਹ ਚਰਚਾ ਵਿੱਚ ਰਹਿੰਦੇ ਹਨ। ਲੋਕ ਉਨ੍ਹਾਂ ਕਰਕੇ ਅਮੀਰ ਹੋਈ ਜਾਂਦੇ ਹਨ। ਉਹ ਹਰ ਤਰ੍ਹਾਂ  ਦਾ ਬੋਝ ਝੱਲੀ ਜਾਂਦੇ ਹਨ। ਉਨ੍ਹਾਂ  ਨੂੰ ਇਸ ਬੋਝ ਦਾ ਕੋਈ ਫ਼ਰਕ ਨਹੀਂ ਪੈਂਦਾ। ਉਨ੍ਹਾਂ  ਦਾ ਕੁੱਝ ਵਿਗੜਦਾ ਨਹੀਂ ਨਾਂ ਹੀ ਕੋਈ ਕਿਸਾਨ ਤੇ ਨਾ ਹੀ ਮਜ਼ਦੂਰ ਖੁਦਕਸ਼ੀ ਕਰਦਾ ਹੈ। ਲੋਕ ਆਪਣੀ ਆਈ ਮਰ ਰਹੇ ਹਨ। 

ਗਰੀਬੀ, ਬੇਰੁਜ਼ਗਾਰੀ, ਬੀਮਾਰੀ, ਇਲਾਜ ਨਾ ਹੋਣ ਦੇ ਤਾਂ ਬਹਾਨੇ ਹਨ। ਜਦੋਂ ਵੀ ਕਿਸੇ ਦਾ ਅੰਨ-ਜਲ ਤੇ ਸੁਆਸ ਮੁੱਕ ਗਏ, ਅਗਲੇ ਨੇ ਮਰ ਜਾਣਾ ਹੈ। ਝਟਕੇ ਲਗਾਉਣ ਵਾਲਿਆਂ ਨੂੰ ਇਸ ਨਾਲ ਕੀ ਦੁੱਖ ਹੈ। ਉਹ ਤਾਂ ਆਪ ਦੁੱਖੀ ਹਨ, ਉਨ੍ਹਾਂ ਫਰਾਡ, ਬੈਂਕ ਬੈਲੇਂਸ ਤੇ ਹੋਰ ਪਤਾ ਨਹੀਂ ਕੀ ਕੀ ਜੱਗ ਨਸ਼ਰ ਹੋ ਰਹੇ ਹਨ। ਇਸੇ ਕਰਕੇ ਉਹ ਵਿਚਾਰੇ ਮਹਿੰਗਾਈ 'ਤੇ ਕਾਬੂ ਪਾਉਣ ਲਈ ਮੀਟਿੰਗ ਤੇ ਮੀਟਿੰਗ ਕਰ ਰਹੇ ਹਨ। ਤਾਂ ਕਿ ਲੋਕਾਂ ਨੂੰ ਝਟਕਾ ਨਾ ਲੱਗੇ।

ਹੁਣ ਜਦੋਂ ਸਾਰਾ ਦੇਸ਼ ਹੀ ਅਫੀਮਚੀ ਵਾਂਗ ਝਟਕਿਆਂ ਉੱਤੇ ਲੱਗ ਗਿਆ ਹੋਵੇ, ਉਹ ਲੋਕਾਂ ਨੂੰ ਬਚਾਉਣ ਲਈ ਥੋੜ੍ਹੀ ਥੋੜ੍ਹੀ  ਡੋਜ਼ ਤਾਂ ਦਿੰਦੇ ਰਹਿਦੇ ਹਨ। ਹੋਰ ਉਹ ਕੀ ਕਰਨ? ਜਦੋਂ ਲੋਕ ਹੀ ਖੁਸ਼ ਨੇ, ਫਿਰ ਉਨ੍ਹਾਂ  ਨੂੰ ਰਗਾਉਣ ਕਿਵੇਂ। ਨਾਲੇ ਰੋਂਦੇ ਤਾਂ ਉਹ ਹੁੰਦੇ ਹਨ, ਜਿਨ੍ਹਾਂ  ਦਾ ਕੋਈ ਨਫ਼ਾ ਨੁਕਸਾਨ ਹੋ ਗਿਆ ਹੋਵੇ। ਨੁਕਸਾਨ ਤਾਂ ਸਰਕਾਰ ਦਾ ਹੋ ਗਿਆ ਹੈ।

ਉਨ੍ਹਾਂ  ਜਿਹੜੇ ਝਟਕੇ ਲਗਾਉਣ ਲਈ ਏਨਾ ਕੁੱਝ ਕਰਨਾ ਪੈਂਦਾ ਹੈ। ਇਹ ਝਟਕੇ ਤਾਂ ਉਦੋਂ ਤੱਕ ਜਾਰੀ ਰਹਿਣਗੇ, ਅਜੇ ਤਾਂ  ਤੱਕ ਲੋਕ ਜਿਉਂਦੇ ਨੇ, ਜਦੋਂ ਮਰਨ ਲੱਗ ਪਏ ਤਾਂ ਸ਼ਾਇਦ ਕੋਈ ਵੱਡਾ ਝਟਕਾ ਲੱਗ ਜਾਵੇ। ਅਜੇ ਤੱਕ ਤਾਂ ''ਸਥਿਤੀ ਕਾਬੂ ਹੇਠ ਹੈ'' ਝਟਕਿਆਂ ਦੇ ਤੜਕੇ ਲੱਗਦੇ ਰਹਿਣਗੇ।

ਬੁੱਧ ਸਿੰਘ ਨੀਲੋਂ

 

ਜਲੇਬੀਆਂ ਹੀ ਜਲੇਬੀਆਂ - ਲੇਖ਼ਕ ਰਮੇਸ਼ ਸੇਠੀ ਬਾਦਲ

ਜਦੋਂ ਮੈਂ ਡੱਬਵਾਲੀ ਤੋਂ ਬਠਿੰਡਾ ਸਿਫਟ ਹੋਇਆ ਤਾਂ ਮੈਨੂੰ ਕੁਝ ਪ੍ਰਬਲਮਸ ਆਈਆਂ। ਉਹਨਾਂ ਵਿਚੋਂ ਇੱਥੇ #ਵਧੀਆ  ਜਲੇਬੀਆਂ ਨਾ ਮਿਲਣ ਦੀ ਵੀ ਸਮੱਸਿਆ  ਸੀ। ਮੈਂ ਜਦੋਂ ਵੀ ਡੱਬਵਾਲੀ ਜਾਂਦਾ ਫੌਜੀਆਂ ਵਾੰਗੂ ਆਪਣਾ ਕੋਟਾ ਓਥੋਂ ਹੀ ਲ਼ੈ ਆਉਂਦਾ ਸ਼ਾਂ ਕਿਉਂਕਿ ਉਥੇ ਫਾਟਕ ਨੇੜੇ ਖੜ੍ਹਨ ਵਾਲੇ ਲੱਡੂ ਨਾਲ ਮੇਰੀ ਲਿਹਾਜ਼ ਸੀ। ਮੇਰੀ ਫਿਰ ਮੇਰੀ ਮੁਲਾਕਾਤ ਹਾਜੀ ਰਤਨ ਚੌਂਕ ਤੇ ਜਲੇਬੀਆਂ ਦੀ ਰੇਹੜੀ ਲਾਉਣ ਵਾਲੇ ਪੰਡਿਤ ਦੇਸ ਰਾਜ ਸ਼ਰਮਾ ਨਾਲ ਹੋਈ। ਉਹ 1976 ਤੋਂ ਇਹ ਕੰਮ ਕਰ ਰਿਹਾ ਹੈ। ਤਿੰਨ ਸਾਲ ਉਸਨੇ ਆਪਣੇ ਭਾਈ ਨਾਲ ਬਠਿੰਡਾ ਦੇ ਜਲੇਬੀ ਚੌਂਕ ਵਿੱਚ ਸਾਂਝਾ ਕੰਮ ਕੀਤਾ ਫਿਰ ਉਹ ਹਾਜੀ ਰਤਨ ਚੌਂਕ ਵਿੱਚ ਆ ਗਿਆ। 72 ਸਾਲਾਂ ਦਾ ਦੇਸ ਰਾਜ ਪੰਜਾਹ ਸਾਲ ਤੋਂ ਜਲੇਬੀਆਂ ਹੀ ਬਣਾ ਰਿਹਾ ਹੈ। ਦੇਸ ਰਾਜ ਹਮੇਸ਼ਾ ਚਿੱਟੇ ਕੱਪੜੇ ਹੀ ਪਾਉਂਦਾ ਹੈ। ਇਹ ਉਸਦਾ ਸ਼ੋਂਕ ਹੈ। ਨਹੀਂ ਤਾਂ ਮਿਸਤਰੀਆਂ ਅਤੇ ਹਲਵਾਈਆਂ ਦੀ ਕਿਸਮਤ ਵਿੱਚ ਚਿੱਟੇ ਕੱਪੜੇ ਕਿੱਥੇ? ਸਵੇਰੇ ਗਿਆਰਾਂ ਵਜੇ ਤੋਂ ਰਾਤੀ ਨੌ ਵਜੇ ਤੱਕ ਉਹ ਲੱਕੜਾਂ ਵਾਲੀ ਭੱਠੀ ਤੇ ਕੰਮ ਕਰਦਾ ਹੈ। ਗਰਮੀਆਂ ਵਿੱਚ ਭੱਠੀ ਮੂਹਰੇ ਬੈਠਣਾ ਸੁਖਾਲਾ ਨਹੀਂ ਹੁੰਦਾ। ਫੱਟੀ ਤੇਂ ਪੈਰਾਂ ਭਾਰ ਬਹਿਕੇ ਸਾਰਾ ਦਿਨ ਜਲੇਬੀਆਂ ਬਣਾਉਣੀਆਂ, ਖੁਦ ਵੇਚਣੀਆਂ ਪੈਸੇ ਕੱਟਣੇ ਉਸ ਦਾ ਰੂਟੀਨ ਹੈ। ਉਸਦੇ ਅੱਡੇ ਤੇ ਸਰਦੀਆਂ ਵਿੱਚ ਕੋਈਂ  ਪੱਚੀ ਤੋਂ ਤੀਹ ਕਿਲੋਂ ਜਲੇਬੀਆਂ ਦੀ ਲਾਗਤ ਹੈ। ਗਰਮੀਆਂ ਵਿੱਚ ਕੰਮ ਘਟ ਜਾਂਦਾ ਹੈ ਤੇ ਸੂਈ ਪੰਦਰਾਂ ਕਿਲੋ ਤੇ ਆ ਜਾਂਦੀ ਹੈ। ਜਲੇਬੀ ਬਣਾਉਣ ਲਈ ਮੈਦੇ ਤੋਂ ਮਿਸ਼ਰਨ ਤਿਆਰ ਕਰਨਾ ਹੁੰਦਾ ਹੈ ਇਸ ਨੂੰ ਮਦਾਨੀ ਕਹਿੰਦੇ ਹਨ। ਜੇ ਮਦਾਨੀ ਸਹੀ ਹੋਵੇ ਤਾਂ ਜਲੇਬੀ ਸੁਆਦ ਬਣਦੀ ਹੈ। ਦੇਸ ਰਾਜ ਦਾ ਪਰਿਵਾਰ ਪਿੱਛੋਂ ਜਵਾਲਾ ਜੀ ਹਿਮਾਚਲ ਪ੍ਰਦੇਸ਼ ਤੋਂ ਹੈ। ਇਹ ਖਾਨਦਾਨੀ ਹਲਵਾਈ ਹਨ। ਸ੍ਰੀ ਦੇਸ ਰਾਜ ਨੇ ਆਪਣੀਆਂ ਦੋਨੋ ਬੇਟੀਆਂ ਦੀ ਸ਼ਾਦੀ ਕਰ ਦਿੱਤੀ ਹੈ ਤੇ ਹੁਣ ਉਹ ਘਰ ਵਿੱਚ ਮੀਆਂ ਬੀਵੀ ਇਕੱਲੇ ਹੁੰਦੇ ਹਨ। 

ਸ੍ਰੀ ਦੇਸ ਰਾਜ ਸ਼ਰਮਾ ਦੇ ਬਹੁਤੇ ਗ੍ਰਾਹਕ ਪੱਕੇ ਹੀ ਹਨ। ਤਿਉਹਾਰਾਂ ਵੇਲੇ ਉਹ ਇੱਕ ਅੱਡਾ ਹੋਰ ਵੀ ਲਾਉਂਦਾ ਹੈ। ਅੱਜ ਕੱਲ੍ਹ ਉਸ ਦਾ ਰੱਖਿਆ ਮੁਲਾਜਿਮ ਛੁੱਟੀ ਤੇ ਆਪਣੇ ਵਤਨ ਬਿਹਾਰ ਗਿਆ ਹੋਇਆ ਹੈ।  ਇਸ ਲਈ ਢਿੱਲਾ ਮੱਸਾ ਹੋਣ ਤੇ ਉਸਨੂੰ ਕੰਮ ਤੋਂ ਛੁੱਟੀ ਕਰਨੀ ਪੈਂਦੀ ਹੈ।  

ਦੇਸ ਰਾਜ ਰੂਟੀਨ ਵਿਚ ਵਧੀਆ ਜਲੇਬੀਆਂ ਬਣਾਉਂਦਾ ਹੈ ਉਸਨੂੰ "ਵਧੀਆ ਬਣਾਈਂ" ਆਖਣ ਦੀ ਲੋੜ ਨਹੀਂ ਪੈਂਦੀ। 

 

ਰਮੇਸ਼ ਸੇਠੀ ਬਾਦਲ

ਸੋਸ਼ਲ ਮੀਡੀਆ 'ਤੇ ਅਸ਼ਲੀਲਤਾ ਦਾ ਵੱਧਦਾ ਪ੍ਰਸਾਰ - ਲੇਖ਼ਕ ਸੁਰਿੰਦਰਪਾਲ ਸਿੰਘ  ਵਿਗਿਆਨ ਅਧਿਆਪਕ 

ਡਿਜੀਟਲ ਸੰਚਾਰ ਨੇ ਵਿਗਿਆਨ ਤੇ ਤਕਨੀਕ ਦੀ ਮਦਦ ਦੇ ਨਾਲ ਅਜੋਕੇ ਸਮੇਂ ਵਿੱਚ ਬੁਲੰਦੀਆਂ ਦਾ ਸਿੱਖਰ ਛੂਹਿਆ ਹੈ। ਇਸੇ ਹੀ ਲੜੀ ਤਹਿਤ ਸੋਸ਼ਲ ਮੀਡੀਆ ਸਮਾਜ ਵਿੱਚ ਇੱਕ ਸ਼ਕਤੀਸ਼ਾਲੀ ਸਾਧਨ  ਬਣ ਕੇ ਉੱਭਰਿਆ ਹੈ। ਸੋਸ਼ਲ ਮੀਡੀਆ ਲੋਕਾਂ ਨੂੰ ਨੂੰ ਗਲੋਬਲ ਤੌਰ 'ਤੇ ਜੋੜਦਾ ਹੈ ਅਤੇ ਉਨਾਂ ਦੀਆਂ ਆਵਾਜ਼ਾਂ ਨੂੰ ਸ਼ਕਤੀ ਦਿੰਦਾ ਹੈ। ਅਜੋਕੇ ਸਮੇਂ ਵਿੱਚ ਸੋਸ਼ਲ ਮੀਡੀਆ ਵਿੱਚ ਅਸ਼ਲੀਲਤਾ ਦੇ ਵੱਧਦੇ ਰੁਝਾਨ ਜਿਸ ਵਿੱਚ ਸ਼ਾਮਿਲ ਹੈ ਖੁੱਲ੍ਹੇਆਮ ਦੋ ਅਰਥੀ ਭਾਸ਼ਾ, ਕਾਮ ਵਾਸਨਾਵਾਂ ਨੂੰ ਉਤੇਜਿਤ ਕਰਦੀ ਚਿੱਤਰਕਲਾ ਅਤੇ ਇਤਰਾਜਯੋਗ ਸਮੱਗਰੀ ਦੀ ਵਰਤੋਂ ਕਾਰਨ ਆਵਾਜ਼ ਦੇ ਬੁੱਧੀਜੀਵੀ ਵਰਗ ਨੂੰ ਚਿੰਤਿਤ ਕੀਤਾ ਹੋਇਆ ਹੈ। ਸਮਾਜ ਦੇ ਉੱਘੇ ਸੋਸ਼ੀਓਲੋਜਿਸਟਾਂ, ਸਿੱਖਿਆਦਾਨਾਂ, ਮਾਪਿਆਂ ਅਤੇ ਨੀਤਿਨਿਰਧਾਰਕਾਂ ਵਿੱਚ ਸੋਸ਼ਲ ਮੀਡੀਆ ਵਿੱਚ ਵੱਧ ਰਹੀ ਅਸ਼ਲੀਲਤਾ ਕਾਰਨ ਗੰਭੀਰ ਚਿੰਤਾਵਾਂ ਪੈਦਾ ਹੋਈਆਂ ਹਨ ਅਤੇ ਹਰੇਕ ਵਰਗ ਇਸ ਦੇ ਸੁਚੱਜੇ ਹੱਲ ਲਈ ਆਸ ਤੇ ਅਰਦਾਸ ਕਰ ਰਿਹਾ ਹੈ।

ਖੁੱਲ੍ਹੇਆਮ ਅਸ਼ਲੀਲ ਸਮੱਗਰੀ ਵਿੱਚ ਵਾਧੇ ਕਾਰਨ ਪਿਛਲੇ ਕੁਝ ਸਾਲਾਂ ਵਿੱਚ ਇੰਸਟਾਗ੍ਰਾਮ, ਐਕਸ (ਪੂਰਵ Twitter), ਟਿਕਟੋਕ ਅਤੇ ਸਨੈਪਚੈਟ ਵਰਗੀਆਂ ਪਲੇਟਫਾਰਮਾਂ ਤੇ ਨੌਜਵਾਨਾਂ ਦੀ ਗਿਣਤੀ ਦਾ ਹੈਰਾਨੀ ਜਨਕ ਵਾਧਾ ਦੇਖਿਆ ਗਿਆ ਹੈ। ਸੋਸ਼ਲ ਮੀਡੀਆ ਦੀ ਇਤਰਾਜ ਯੋਗ ਸਮੱਗਰੀ ਵਿੱਚ ਯੌਨ ਸੰਕੇਤਕ ਸਮੱਗਰੀ, ਗਾਲ੍ਹਾਂ ਦੀ ਵਰਤੋਂ ਅਤੇ ਇਖ਼ਲਾਕ ਹੀਨ ਗੱਲਾਂ ਬਾਤਾਂ ਸ਼ਾਮਲ ਹੋਈਆਂ ਹਨ । 2024 ਦੀ ਇੱਕ ਰਿਪੋਰਟ ਮੁਤਾਬਕ ਇੰਟਰਨੈੱਟ ਐਥਿਕਸ ਫਾਉਂਡੇਸ਼ਨ ਨੇ ਦਰਸਾਇਆ ਕਿ ਲਗਭਗ 60% ਕਿਸ਼ੋਰ ਹਫ਼ਤੇ ਵਿੱਚ ਕਿਸੇ ਨਾ ਕਿਸੇ ਰੂਪ ਵਿੱਚ ਅਸ਼ਲੀਲ ਸਮੱਗਰੀ ਦੀ ਜਾਣਕਾਰੀ ਸੋਸ਼ਲ ਮੀਡੀਆ ਪਲੈਟਫਾਰਮਾਂ ਹੀ ਸਾਂਝੀ ਕਰਦੇ ਹਨ ਜਿਸ ਵਿੱਚੋਂ ਇੱਕ ਤਿਹਾਈ ਇਸ ਨਾਲ ਸਾਂਝਾ ਕਰਨ ਜਾਂ ਇਸ ਵਿੱਚ ਸ਼ਾਮਲ ਹੋਣ ਦੀ ਕੋਸ਼ਿਸ਼ ਕਰਦੇ ਹਨ।
ਕਲਾ ਦੀ ਆਜ਼ਾਦੀ ਅਤੇ ਨੈਤਿਕ ਕਦਰਾਂ ਕੀਮਤਾਂ ਦੇ ਵਿਚਕਾਰ ਦੀ ਸਰਹੱਦ ਦਿਨੋਦਿਨ ਧੁੰਦਲੀ ਹੋ ਰਹੀ ਹੈ।

ਸੋਸ਼ਲ ਮੀਡੀਆ‌ ਤੇ ਲੋਕਾਂ ਨੂੰ ਪ੍ਰਭਾਵਿਤ ਕਰਨ ਵਾਲੇ ਇਨਸਾਨਾਂ ਨੂੰ ਇੰਫਲੂਐਂਸਰਜ਼ ਕਿਹਾ ਜਾਂਦਾ ਹੈ ਅਤੇ ਇਹਨਾਂ ਦੇ ਪ੍ਰਭਾਵ ਵਿੱਚ ਖਾਸ ਬੱਚੇ ਅਤੇ ਨੌਜਵਾਨ ਦਰਸ਼ਕਾਂ ਆਸਾਨੀ ਨਾਲ ਆ ਜਾਂਦੇ ਹਨ।ਇਸ ਰੁਝਾਨ ਵਿੱਚ ਨੌਜਵਾਨ ਅਤੇ ਬੱਚੇ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਧਿਆਨ-ਚਾਲਿਤ ਅਲਗੋਰਿਦਮਿਕ ਵਾਤਾਵਰਨ ਵਿੱਚ ਸਬੰਧਿਤ ਰਹਿਣ ਲਈ, ਬਹੁਤ ਸਾਰੇ ਰਚਨਾਕਾਰ ਸੰਵੇਦਨਸ਼ੀਲ ਸਮੱਗਰੀ ਦੀ ਵਰਤੋਂ ਕਰਨ ਲਈ ਮਜਬੂਰ ਹੁੰਦੇ ਹਨ। ਵਿਦਵਾਨਾਂ ਦਾ ਕਹਿਣਾ ਹੈ ਕਿ "ਲਾਈਕ" ਅਤੇ "ਫੋਲੋਅਰ" ਦੀ ਇਸ ਦੌੜ ਨੇ ਅਕਸਰ ਸੰਸਕਾਰਾਂ ਦੇ ਮਿਆਰ ਨੂੰ ਛਿੱਕੇ ਟੰਗ ਕੇ ਅਸ਼ਲੀਲ ਸਮਗਰੀ ਦੇ ਵਾਧੇ ਦਾ ਕਾਰਨ ਬਣਾਇਆ ਹੈ।

ਸੂਝਵਾਨ ਅਧਿਆਪਕਾਂ ਅਨੁਸਾਰ ਅਸ਼ਲੀਲਤਾ ਸੋਸ਼ਲ ਮੀਡੀਆ ਤੇ ਵਾਇਰਲ ਹੋਣ ਦਾ ਇੱਕ ਸਾਧਨ ਬਣ ਗਈ ਹੈ, ਬੱਚੇ ਅਤੇ ਨੌਜਵਾਨ ਉਹ ਕੁਝ ਨਕਲ ਕਰਦੇ ਹਨ ਜੋ ਉਹ ਦੇਖਦੇ ਹਨ।  ਬਾਲ ਅਵਸਥਾ ਅਤੇ ਜਵਾਨੀ ਦੀ ਦਹਿਲੀਜ਼ ਤੇ ਪੈਰ ਰੱਖਦੇ ਨੌਜਵਾਨ ਇਹ ਜਾਨਣ ਵਿੱਚ ਅਸੱਮਰਥ ਹਨ ਕਿ ਸੋਸ਼ਲ ਮੀਡੀਆ ਵਿੱਚ ਵੱਧ ਰਹੀ ਅਸ਼ਲੀਲਤਾ ਕਾਰਨ ਉਹਨਾਂ ਦੇ ਆਪਣੇ ਵਿਵਹਾਰ ਅਤੇ ਮਨੋਵਿਗਿਆਨ 'ਤੇ ਕੀ ਪ੍ਰਭਾਵ ਹੋ ਸਕਦੇ ਹਨ।"

ਮਾਨਸਿਕ ਅਤੇ ਕਾਨੂੰਨੀ ਪ੍ਰਭਾਵ  

ਮਾਨਸਿਕ ਵਿਗਿਆਨੀ ਚੇਤਾਵਨੀ ਦਿੰਦੇ ਹਨ ਕਿ ਅਸ਼ਲੀਲ ਸਮੱਗਰੀ ਦੇ ਦੁਹਰਾਅ ਨਾਲ ਦਰਸ਼ਕਾਂ ਨੂੰ ਡਰ ,ਚਿੰਤਾ ਤੇ ਬੇਚੈਨੀ ਹੋ ਸਕਦੀ ਹੈ। ਲੋੜ ਤੋਂ ਵੱਧ ਸੋਸ਼ਲ ਮੀਡੀਆ ਦਾ ਝੁਕਾਅ ਯੌਨਤਾ ਦੀ ਧਾਰਨਾ ਨੂੰ ਵਿਗਾੜ ਸਕਦਾ ਹੈ,ਮ ਅਤੇ ਆਨਲਾਈਨ ਹਿੰਸਾ ਅਤੇ ਸਾਇਬਰ ਬੁੱਲਿੰਗ ਦੇ ਵਧਦੇ ਕੇਸਾਂ ਵਿੱਚ ਯੋਗਦਾਨ ਪਾ ਸਕਦਾ ਹੈ। ਇਸ ਤੋਂ ਇਲਾਵਾ ਇਹ ਨੌਜਵਾਨ ਮਨਾਂ 'ਤੇ ਜ਼ਿਆਦਾ ਪ੍ਰਭਾਵ ਪਾਉਂਦੀ ਹੈ ਉਹਨਾਂ ਦੇ ਮੁੱਲਾਂ ਅਤੇ ਆਪਸੀ ਸੰਬੰਧਾਂ ਨੂੰ ਆਕਾਰ ਦਿੰਦੀ ਹੈ।

ਕਾਨੂੰਨੀ ਵਿਦਵਾਨ  ਅਨੁਸਾਰ ਸੋਸ਼ਲ ਮੀਡੀਆ ਪਲੇਟਫਾਰਮ ਨੀਤੀਆਂ ਅਸ਼ਲੀਲ ਸਮੱਗਰੀ ਦੇ ਪ੍ਰਸਾਰ ਦੀ ਮਨਾਹੀ ਕਰਦੀਆਂ ਹਨ, ਪਰ ਇਹ ਨੀਤੀਆਂ ਨਿਯਮਾਂ ਨੂੰ ਸੁਚੱਜੇ ਢੰਗ ਨਾਲ ਲਾਗੂ ਕਰਨ ਵਿੱਚ ਅਸਮਰੱਥ ਰਹਿੰਦੀਆਂ ਹਨ। ਭਾਰਤ ਵਿੱਚ IT ਐਕਟ ਦਾ ਧਾਰਾ 67 ਆਨਲਾਈਨ ਅਸ਼ਲੀਲ ਸਮੱਗਰੀ ਪ੍ਰਕਾਸ਼ਿਤ ਕਰਨ ਜਾਂ ਪ੍ਰਸਾਰਿਤ ਕਰਨ ਨਾਲ ਸੰਬੰਧਿਤ ਹੈ ਫਿਰ ਵੀ ਅਸ਼ਲੀਲ ਸਮੱਗਰੀ ਦਾ ਪ੍ਰਸਾਰ ਅਤੇ ਵਰਤੋ ਕਰਨ ਵਾਲਿਆਂ ਵਿਰੁੱਧ ਕਾਰਵਾਈ ਦੀਆਂ ਮੁਸ਼ਕਿਲਾਂ ਆ ਰਹੀਆਂ ਹਨ।

ਮਾਪਿਆਂ ਅਤੇ ਅਧਿਆਪਕਾਂ ਦੇ ਖੰਦਸ਼ੇ 

ਮਾਪਿਆਂ ਅਤੇ ਸਿੱਖਿਆਦਾਨਾਂ ਨੇ ਸੋਸ਼ਲ ਮੀਡੀਆ ਤੇ ਅਸ਼ਲੀਲ ਸਮੱਗਰੀ ਦੀ ਬਿਨਾ ਰੋਕਥਾਮ ਫੈਲਾਅ 'ਤੇ ਡੂੰਘੀ ਚਿੰਤਾ ਪ੍ਰਗਟ ਕੀਤੀ ਹੈ। 

ਕਈ ਰਾਜਾਂ ਦੇ ਸਕੂਲ ਹੁਣ ਡਿਜੀਟਲ ਸਿੱਖਿਆ ਪ੍ਰੋਗਰਾਮ ਸ਼ੁਰੂ ਕਰ ਰਹੇ ਹਨ ਜੋ ਵਿਦਿਆਰਥੀਆਂ ਨੂੰ ਜ਼ਿੰਮੇਵਾਰ ਆਨਲਾਈਨ ਵਿਉਹਾਰ ਦੇ ਖਤਰਿਆਂ ਬਾਰੇ ਸਿਖਾਉਣ ਦਾ ਉਦੇਸ਼ ਰੱਖਦੇ ਹਨ।

ਪਲੇਟਫਾਰਮ ਜਵਾਬਦੇਹੀ ਅਤੇ ਭਵਿੱਖ ਦੇ ਕਦਮ  
ਵੱਧ ਰਹੀ ਆਲੋਚਨਾ ਦੇ ਜਵਾਬ ਵਿੱਚ, ਟੈਕ ਕੰਪਨੀਆਂ ਨੇ AI-ਚਾਲਿਤ ਮੋਡਰੇਸ਼ਨ ਟੂਲਜ਼ ਨੂੰ ਸੁਧਾਰਨ, ਰਿਪੋਰਟਿੰਗ ਫੀਚਰਾਂ ਨੂੰ ਵਧਾਉਣ ਅਤੇ "ਪਰਿਵਾਰ-ਸੁਰੱਖਿਅਤ" ਸੈਟਿੰਗਜ਼ ਨੂੰ ਪ੍ਰਚਾਰਿਤ ਕਰਨ ਦਾ ਵਾਅਦਾ ਕੀਤਾ ਹੈ। ਹਾਲਾਂਕਿ, ਵਿਦਵਾਨਾਂ ਦਾ ਕਹਿਣਾ ਹੈ ਕਿ ਪਲੇਟਫਾਰਮਾਂ ਦੁਆਰਾ ਇਹ ਪਹਿਲਾਂ ਹੀ ਕਾਫ਼ੀ ਨਹੀਂ ਹਨ।

"ਸਾਡੇ ਕੋਲ ਸਹਿਯੋਗੀ ਯਤਨਾਂ ਦੀ ਲੋੜ ਹੈ," ਸਾਇਬਰ ਕਾਨੂੰਨ ਦੇ ਵਕੀਲ ਅਨੁਪਮ ਸੈਕਸੇਨਾ ਕਹਿੰਦੇ ਹਨ। "ਸਰਕਾਰ, ਪਲੇਟਫਾਰਮ ਅਤੇ ਸਮਾਜ ਨੂੰ ਮਿਲ ਕੇ ਡਿਜੀਟਲ ਨੈਤਿਕਤਾ ਨੂੰ ਲਾਗੂ ਕਰਨਾ ਚਾਹੀਦਾ ਹੈ, ਨਹੀਂ ਤਾਂ ਅਸੀਂ ਕਹਾਣੀ ਦੇ ਅੰਤ ਨੂੰ ਗੁਆਚ ਜਾਵਾਂਗੇ।"

 ਸੋਸ਼ਲ ਮੀਡੀਆ ਇੱਕ ਰਚਨਾਤਮਕਤਾ ਅਤੇ ਜੋੜਤੋੜ ਦਾ ਜ਼ਰੀਆ ਬਣਿਆ ਹੋਇਆ ਹੈ ਪਰੰਤੂ ਅਸ਼ਲੀਲਤਾ ਦੇ ਬਿਨਾ ਰੋਕਥਾਮ ਵਾਲੇ ਵਾਧੇ ਨੇ ਸਮਾਜ ਦੇ ਬੁੱਧੀਜੀਵੀਆਂ ਦੇ ਸਨਮੁੱਖ ਇੱਕ ਗੰਭੀਰ ਮੁੱਦਾ ਉਠਾਇਆ ਹੈ ਜਿਸ ਵੱਲ ਤੁਰੰਤ ਧਿਆਨ ਦੀ ਲੋੜ ਹੈ। ਆਜ਼ਾਦੀ ਦੇ ਪ੍ਰਗਟਾਅ ਅਤੇ ਸਮਾਜਿਕ ਜ਼ਿੰਮੇਵਾਰੀ ਦੇ ਵਿਚਕਾਰ ਸੰਤੁਲਨ ਬਣਾਉਣਾ ਹੁਣ ਸਮੇਂ ਦੀ ਲੋੜ ਹੈ। ਅਰਥਪੂਰਨ ਬਦਲਾਅ ਲਈ ਜਾਗਰੂਕਤਾ, ਜਵਾਬਦੇਹੀ ਅਤੇ ਕਾਰਵਾਈ ਨੂੰ ਮਿਲ ਕੇ ਕੰਮ ਕਰਨ ਦੀ ਲੋੜ ਹੈ।

ਸੁਰਿੰਦਰਪਾਲ ਸਿੰਘ 
ਵਿਗਿਆਨ ਅਧਿਆਪਕ 
ਸ੍ਰੀ ਅੰਮ੍ਰਿਤਸਰ ਸਾਹਿਬ।

ਧੀਆਂ ਵਰਗੀ ਧੀ - ਲੇਖ਼ਕ ਰਮੇਸ ਸੇਠੀ ਬਾਦਲ 

            “ ਬੇਟਾ ਤੂੰ ਕਿਹੜੇ ਘਰਾਂ ਚੋਂ ਹੈ ? ਤੇ ਕਿਸ ਦੀ ਲੜਕੀ ਹੋ।ਂ ਮੈਂ ਸਾਇਕਲ ਤੇ ਚੱਕੀ ਤੋਂ ਆਟਾ ਪਿਸਾ ਕੇ ਲਿਆ ਰਹੀ ਲੜਕੀ ਨੂੰ ਪੁਛਿਆ । “ਅੰਕਲ ਜੀ ਮੈa ਮਾਸਟਰ ਕਰਮ ਚੰਦ ਦੀ ਲੜਕੀ ਹਾਂ। ਜੋ ਪਿਛਲੇ ਸਾਲ ਹੀ ਸੇਵਾਮੁਕਤ ਹੋਏ ਹਨ। ਂ  ਉਸ ਨੇ ਬੜੇ ਆਤਮ ਵਿਸaਵਾਸ ਨਾਲ ਜਵਾਬ ਦਿੱਤਾ। “ਪੜ੍ਹਦੇ ਹੋ ਕਿ ਛੱਡਤੀ ਪੜ੍ਹਾਈ ?ਂ ਮੈਂ ਉਸ ਦੇ ਕੰਮ ਤੇ ਸਲੀਕੇ ਨੂੰ ਦੇਖ ਕੇ ਪੁਛਿਆ। “ਜੀ ਮੈਂ ਬੀ ਏ ਫਾਈਨਲ ਚ ਹਾਂ। ਂ ਉਸ ਨੇ ਸੰਖੇਪ ਜਿਹਾ ਜਵਾਬ ਦਿੱਤਾ। “ ਤੇ ਤੁਹਾਡੇ  ਮੰਮੀ ਕੀ ਕਰਦੇ ਹਨ? ਂਕਿਉਂਕਿ ਲੜਕੀ ਨੂੰ ਇਸ ਤਰ੍ਹਾਂ ਦਾ ਕੰਮ ਕਰਦਾ  ਵੇਖ ਮੈਨੂੰ ਬੜਾ ਅਜੀਬ ਜਿਹਾ ਲੱਗਿਆ। “ਅੰਕਲ ਜੀ ਪਾਪਾ ਮੰਮੀ ਕੁਝ ਬੀਮਾਰ ਜਿਹੇ ਰਹਿੰਦੇ ਹਨ ਤੇ ਘਰੇ ਹੀ ਹੁੰਦੇ ਹਨ।ਤੁਸੀ ਹੈਰਾਨ ਨਾ ਹੋਵੋ ਘਰ ਦੇ ਸਾਰੇ ਕੰਮ ਕਰਨਾ ਮੇਰੀ ਮਜਬੂਰੀ ਵੀ ਹੈ ਤੇ ਆਦਤ ਵੀ। ਂ  “ਫਿਰ ਤਾਂ ਤੂੰ ਪੁੱਤਾਂ ਵਰਗੀ ਧੀ ਹੋਈ। ਂ  ਮੈਂ ਉਸ ਨੂੰ ਸaਾਬਾਸ ਦੇਣ ਦੇ ਮਕਸਦ ਨਾਲ ਕਿਹਾ।

                “ਅੰਕਲ ਜੀ ਕਿਉਂ ? ਪੁੱਤਾਂ ਵਰਗੀ ਹੀ ਧੀ ਕਿਓਂ? ਧੀਆਂ ਵਰਗੀ ਧੀ ਕਿਓਂ ਨਹੀ। ਬੱਸ ਜੀ ਤੁਸੀ ਜੇ ਕਿਸੇ ਨੂੰ ਚੰਗਾ ਨਹੀ ਕਹਿ ਸਕਦੇ ਤਾਂ ਮੰਦਾ ਕਹਿਣ ਦਾ ਵੀ ਕੋਈ ਹੱਕ ਨਹੀ। ਂ ਉਹ ਭੜਕ ਪਈ।  “ਬੇਟਾ ਮੈਂ ਤਾਂ ਤੈਨੂੰ ਕੁਝ ਗਲਤ ਨਹੀ ਕਿਹਾ। ਂ ਮੈਂ ਸਕਪਕਾ ਗਿਆ। ਮੈਂ ਤਾਂ ਉਸ ਨੂੰ ਪੁੱਤਾਂ ਵਰਗੀ ਧੀ ਹੀ ਕਿਹਾ ਸੀ।ਕਿਉਂਕਿ ਉਹ ਮੁੰਡਿਆਂ ਦੀ ਤਰਾਂ ਘਰ ਦੇ ਸਾਰੇ ਕੰਮ ਕਰਦੀ ਸੀ। ਓੁਹ ਦਲੇਰ ਸੀ। ਤੇ ਮੈਂ ਉਸ  ਨੂੰ  ਅਕਸਰ ਅਜਿਹੇ   ਕੰਮ ਕਰਦੀ ਨੂੰ ਦੇਖਦਾ ਸੀ।  “ਤੁਸੀ ਆਪਣੀ ਧਾਰਨਾਂ ਅਨੁਸਾਰ ਸਹੀ ਹੋ। ਲੋਕੀ ਵੀ ਇਸ ਤਰ੍ਹਾ ਹੀ ਮੰਨਦੇ ਹਨ। ਪਰ ਅੰਕਲ ਜੀ ਮੈਂ ਤੁਹਾਡੇ ਨਾਲ ਸਹਿਮਤ ਨਹੀ ਹਾਂ। ਸਦੀਆਂ ਤੌਂ ਹੀ ਲੋਕਾਂ ਦੀ ਇਹ ਮਾਨਸਿਕਤਾ ਬਣ ਚੁੱਕੀ ਹੈ ਕਿ ਪੁੱਤ ਆਪਣੇ ਹੁੰਦੇ ਹਨ ਤੇ ਧੀਆਂ ਤਾ ਬੇਗਾਨਾ ਧੰਨ ਹਨ।ਤੁਸੀ ਲੋਕ ਪੁਤਾਂ ਨੂੰ ਸਭ ਕੁਝ ਸਮਝਦੇ ਹੋ ਪਰ ਕਿਓਂ ਤੁਸੀ ਇਹ ਭੁਲ ਜਾਂਦੇ ਹੋ ਕਿ ਧੀ ਵੀ ਤੁਹਾਡਾ ਆਪਣਾ ਹੀ ਖੂਨ ਹੁੰਦੀ ਹੈ। ਪੁੱਤਾਂ ਦੀ ਤਰ੍ਹਾਂ। ਪੁੱਤ ਜਾਇਦਾਦ ਵਿਚੋਂ ਹਿੱਸਾ ਮੰਗਦੇ ਹਨ। ਪਰ ਧੀਆਂ ਨਹੀ। ਤੁਸੀ ਓੁਹਨਾ ਪੁੱਤਾਂ ਦੀ ਗੱਲ ਕਰਦੇ ਹੋ ਜੋ ਮਾਂ ਪਿਓ ਨੂੰ ਸ਼ਵਿਆਹ ਤੋ ਬਾਅਦ ਛੱਡ ਜਾਂਦੇ ਹਨ। ਬਜੁਰਗਾਂ ਦੀ ਸੰਭਾਲ ਨਹੀ ਕਰਦੇ । ਓਹਨਾ ਨੂੰ ਸਿਰਫ ਆਪਣੇ ਹਿੱਸੇ ਤੱਕ ਮਤਲਬ ਹੁੰਦਾ ਹੈ। ਂ

                  “ਅੰਕਲ ਜੀ  ਆਹ ਲੰਬੜਾਂ ਦੇ ਮੰਦਰੀ ਨੂੰ ਦੇਖ ਲੋ ਜਦੋ ਜੰਮਿਆਂ ਸੀ ਤਾਂ ਮਾਂ ਪਿਓ ਕਿੰਨੇ ਖੁਸa ਸੀ। ਕਿੰਨੀਆਂ ਖੁਸaੀਆਂ ਮਨਾਈਆਂ ਗਈਆਂ ਕਿੰਨੇ ਪੂਜਾ ਪਾਠ ਕਰਵਾਏ ਗਏ। ਅਖੇ ਚਾਰ ਕੁੜੀਆਂ ਬਾਅਦ ਹੋਇਆ ਹੈ। ਕੁੜੀਆਂ ਨੂੰ ਢੰਗ ਨਾਲ ਰੋਟੀ ਵੀ ਨਹੀ ਦਿੱਤੀ ਜਾਂਦੀ ਸੀ ਪੜਾਉਣਾ ਤਾਂ ਇੱਕ ਪਾਸੇ ਰਿਹਾ।ਹੁਣ ਓਹੀ ਮੰਦਰੀ ਹੁਣ ਮਾਂ ਪਿਓ ਨੂੰ ਤੰਗ ਕਰਦਾ ਹੇ। ਨਸaੇ ਚ ਧੁੱਤ ਪਿਆ ਰਹਿੰਦਾ ਹੈ। ਪੈਸੇ ਮੰਗਦਾ ਹੈ ਨਸaੇ ਕਰਨ ਵਾਸਤੇ।ਕਦੇ ਕਦੇ ਓੁਹ ਹੱਥ ਵੀ ਚੁੱਕਦਾ ਹੈ। ਤੇ ਹੁਣ ਓਹੀ ਮਾਂ ਪਿਓ ਆਪਣੀਆਂ ਧੀਆਂ ਕੋਲੇ ਰਹਿੰਦੇ ਹਨ। ਤੇ ਧੀਆਂ ਹੀ ਓੁਹਨਾ ਦੀ ਸੇਵਾ ਕਰਦੀਆਂ ਹਨ।ਤੇ ਤੁਸੀ ਮੈਨੂੰ ਪੁੱਤਾਂ ਵਰਗੀ ਧੀ ਕਹਿੰਦੇ ਹੋ। ਂ

                “ਅੰਕਲ ਜੀ ਆਹ ਤੁਹਾਡੇ ਘਰ ਦੇ ਨਾਲ ਹੀ ਸaੈਲਰ ਵਾਲਿਆਂ ਦਾ ਘਰ ਹੈ ਅੰਟੀ ਕਾਫੀ ਸਮੇਂ ਤੋਂ ਬੀਮਾਰ ਹਨ ਓਹਨਾ ਦੇ ਦੋਨੇ ਬੇਟੇ ਉਸ ਦੀ ਸੰਭਾਲ ਨਹੀ ਕਰਦੇ। ਪਰ ਉਸ ਦੀਆਂ ਧੀਆਂ ਇੱਥੇ ਆ ਕੇ ਉਸ ਦੀ ਖਾਤਿਰਦਾਰੀ ਕਰਦੀਆਂ ਹਨ। ਜਦੋ ਓੁਹ ਅੰਟੀ ਹਸਪਤਾਲ ਵਿੱਚ ਦਾਖਿਲ ਸੀ ਤਾਂ ਉਸ ਦੀ ਧੀ ਇੱਥੇ ਹੀ ਰਹੀ।ਤੇ ਦਵਾਈਆਂ ਦਿਵਾਉਂਦੀ ਰਹੀ। ਉਸ ਦੇ  ਪੁੱਤ ਤੇ ਨੂੰਹਾਂ ਕਦੇ  ਉਸ ਨੂੰ ਪਾਣੀ ਵੀ ਨਹੀ ਪੁਛਿਆ। ਫੇਰ ਉਹ ਮਾਂ ਨੂੰ ਨਾਲ ਲੈ ਗਈ ਓੁਥੇ ਤੇ ਉਸ ਦਾ ਇਲਾਜ ਕਰਵਾਇਆ। ਂ 

                  “ਅੰਕਲ ਜੀ ਮੈ ਹੈਂ ਤਾਂ ਤੁਹਾਡੇ ਤੋਂ ਉਮਰ ਚ ਬਹੁਤ ਛੋਟੀ ਪਰ ਤੁਹਾਡੇ ਅੰਦਰ ਵੀ ਜੋ ਪੁੱਤਾਂ ਪ੍ਰਤੀ ਇੱਕ ਖਾਸa  ਜਿਹਾ ਮੋਹ ਹੈ ਓੁਹ ਸੱਚਾ ਹੈ ਪਰ ਤੁਸੀ ਧੀਆਂ ਦੇ ਯੋਗਦਾਨ ਨੂੰ ਅੱਖ ਪਰੋਖੇ ਨਹੀ ਕਰ ਸਕਦੇ।ਸਾਰੇ ਲੋਕ ਇੱਕੋ ਜਿਹੇ ਨਹੀ ਹੁੰਦੇ। ਸਾਰੇ ਹੀ ਪੁੱਤ ਗਲਤ ਨਹੀ ਹੁੰਦੇ । ਪਰ ਤੁਸੀ ਧੀਆਂ ਨੂੰ ਬੋਝ ਸਮਝਦੇ ਹੋ। ਹਮੇਸਾ ਲੜਕੀਆਂ ਨੂੰ ਮਾਣ ਮਰਿਆਦਾ ਚ ਰਹਿਣ ਦੀ ਨਸੀਹਤ ਦਿੰਦੇ ਹੋ ਪਰ ਤੁਸੀ ਪੁੱਤਰਾਂ ਤੇ ਆਪਣੀ ਲਗਾਮ ਕਿਉ ਨਹੀ ਕਸਦੇ। ਤੁਸੀ ਧੀਆਂ ਨੂੰ ਉੱਚਾ ਦਰਜਾ ਨਾ ਦਿਓ ਪਰ ਇਹ ਧੀਆਂ ਬਰਾਬਰੀ ਦਾ ਹੱਕ ਤਾਂ ਰੱਖਦੀਆਂ ਹਨ। ਮੈਂ ਤੁਹਾਡੀ ਕਿਸੇ ਗੱਲ ਦਾ ਗੁੱਸਾ ਨਹੀ ਕਰਦੀ ।ਪਰ ਤੁਹਾਡੀ  ਧੀਆਂ ਪ੍ਰਤੀ ਸੋਚ ਨੂੰ ਜਰੂਰ ਬਦਲਣਾ ਚਹਾਂਗੀ। ਜੋ ਤੁਸੀ ਮੈਨੂੰ ਪੁੱਤਾਂ ਵਰਗੀ ਧੀ ਆਖ ਕੇ ਮੇਰਾ ਹੀ ਨਹੀ ਲੱਖਾਂ ਧੀਆਂ ਦਾ ਅਪਮਾਨ ਕੀਤਾ ਹੈ ਉਸ ਦਾ ਮੈਨੂੰ ਦੁੱਖ ਹੈ ਤੇ ਰਹੇਗਾ ਵੀ। ਂ 

                     “ ਅੰਕਲ ਜੀ ਕਦੇ ਕਿਸੇ ਮਾਂ ਨੂੰ ਜਾਕੇ ਪੁਛਿਓ ਜੇ ਪੁੱਤਾਂ ਕੋਲੋ ਉਸ ਨੂੰ ਰੋਟੀ ਮਿਲਦੀ ਹੈ ਤਾਂ ਧੀ ਨਾਲ ਸੁੱਖ ਦੁੱਖ ਕਰਕੇ ਉਸ ਨੂੰ ਜੋ ਸਕੂਨ ਮਿਲਦਾ ਹੈ ਕੀ ਉਹ ਸਕੂਨ ਪੁੱਤ ਦੇ ਸਕਦੇ ਹਨ।ਦਿਲ ਦੇ ਗੁਬਾਰ ਨੂੰ ਕੱਢਣ ਲਈ ਧੀ ਦਾ ਹੋਣਾ ਜਰੂਰੀ ਹੇ ।ਅਜ ਪੁੱਤ ਰੋਟੀ ਦਿੰਦੇ ਹਨ ਉਹ ਜਾ ਤਾਂ ਪੈਨਸaਨ ਦੇ ਬਦਲੇ ਚ ਦਿੰਦੇ ਹਨ ਜਾ ਜਾਇਦਾਦ ਦੇ ਲਾਲਚ ਵਿੱਚ। ਪਰ ਧੀਆਂ ਦਾ ਪਿਆਰ ਤਾਂ ਨਿਰਸਵਾਰਥ ਹੁੰਦਾ ਹੈ।ਤੇ ਤੁਸੀ ਮੇਰੀ ਤੁਲਨਾ ਉਹਨਾ  ਪੁੱਤਾਂ ਨਾਲ ਕਰ ਰਹੇ ਹੋ।ਇਹ ਗਾਲੀ ਨਹੀ ਤਾਂ ਹੋਰ ਕੀ ਹੈ । ਂ 

           “ ਅੰਕਲ ਜੀ ਕੀ ਬਣੂਗਾ ਓਹਨਾਂ ਮਾਪਿਆ ਦਾ ਜੇ ਓਹਨਾਂ ਦੀਆਂ ਧੀਆਂ ਵੀ ਪੁੱਤਾਂ ਵਰਗੀਆਂ ਖੁਦਗਰਜ ਤੇ ਸੁਆਰਥੀ ਹੋ ਗਈਆਂ ਤਾਂ। ਫੇਰ ਕੌਣ ਬੰਣੂਗਾ ਓਹਨਾਂ ਦੀ ਬੁਢਾਪੇ ਦੀ ਲਾਠੀ। ਕੋਣ ਸੁਣੂਗਾ ਮਾਂ ਦੇ ਦਿਲ ਦੀਆਂ ਗੱਲਾ ਤੇ ਕੋਣ ਮਾਂ ਦਾ ਦੁੱਖਾਂ ਦਾ ਭਾਰ ਵੰਡਾਵੇਗਾ।ਅੰਕਲ ਜੀ ਤੁਸੀ ਮੈaਨੂੰ ਧੀ ਹੀ ਰਹਿਣ ਦਿਓ। ਤੁਹਾਡੀ ਮਿਹਰਬਾਨੀ ਹੋਵੇਗੀ। ਂ 

              “ਅੰਕਲ ਜੀ ਮੈa ਸਭ ਤੋਂ ਛੋਟੀ ਹਾਂ ਘਰੇ । ਬੜੇ ਲਾਡਾਂ ਤੇ ਚਾਵਾਂ ਨਾਲ ਮੇਰੇ ਦੋਨੇ ਭਰਾਵਾਂ ਦੇ ਵਿਆਹ ਕੀਤੇ। ਸਾਰੇ ਸaਗਨ ਵਿਚਾਰੇ ਗਏ। ਕੁਝ ਕੁ ਦਿਨ ਤਾਂ ਮੇਰੇ ਮਾਂ ਪਿਓ ਦੀ ਅੱਡੀ ਨਾ ਲੱਗੀ ਜਮੀਨ ਤੇ। ਮੇਰੀ ਮਾਂ ਫੁੱਲੀ ਨਹੀ ਸੀ ਸਮਾਉਂਦੀ । ਘਰੇ ਦੋ ਦੋ ਨੂੰਹਾਂ ਜੋ ਆਈਆਂ ਸੀ। ਪਰ ਇਹ ਖੁਸਂੀਆਂ ਚੰਦ ਕੁ ਦਿਨ ਹੀ ਰਹੀਆਂ। ਘਰੇ ਕਿੱਚ ਕਿੱਚ ਸaੁਰੂ ਹੋ ਗਈ। ਨੂੰਹਾਂ ਦੇ ਨੱਖਰੇ ਮੇਰੀ ਮਾਂ ਤੋਂ ਝੱਲ ਨਾ ਹੋਏ।ਪਾਪਾ ਸੇਵਾ ਮੁਕਤੀ ਦੇ ਨੇੜੇ ਸਨ ਸੋ ਭਰਾਵਾਂ ਨੇ  ਕਿਨਾਰਾ ਕਰਨ ਚ ਹੀ ਭਲਾਈ ਸਮਝੀ ਤੇ ਆਪਣਾ ਹਿੱਸਾ ਲੈ ਕੇ ਤੁਰਦੇ ਬਣੇ। ਕਈ ਦਿਨ ਤਾਂ ਮੇਰੀ ਮਾਂ ਰੋਂਦੀ ਰਹੀ। ਫਿਰ ਉਸ ਨੇ ਹਲਾਤ ਨਾਲ ਸਮਝੋਤਾ ਕਰ ਲਿਆ। ਮੈਂ ਮਾਂ ਨੂੰ ਹੋਸਲਾ ਦਿੱਤਾ। ਮਾਂ ਮੈਂ ਜੁ ਹੂੰ ਨਾ ਤੂੰ ਫਿਕਰ ਨਾ ਕਰ। ਤੇ ਉਸ ਦਿਨ ਤੋ ਬਾਅਦ ਮੈਂ ਘਰ ਦੇ ਸਾਰੇ ਕੰਮਾਂ ਦਾ ਜਿੰਮਾਂ ਸੰਭਾਲ ਲਿਆ।ਹੁਣ ਨਾ ਪਾਪਾ ਤੋ ਕੰਮ ਹੁੰਦਾ ਹੈ ਨਾ ਮੰਮੀ ਤੋਂ। ਹਾਂ ਜੋ ਪੈਨਸaਨ ਆTੁਂਦੀ ਹੈ ਘਰ ਦਾ ਗੁਜaਾਰਾ ਚਲ ਜਾਂਦਾ ਹੈ। ਬਾਕੀ ਕੰਮ ਦੀ ਕੋਈ ਚਿੰਤਾ ਨਹੀ। ਂ 

             “ ਅੰਕਲ ਜੀ ਤੁਸੀ ਮੇਰੀ ਤੁਲਨਾ ਮੇਰੇ ਭਰਾਵਾਂ ਨਾਲ ਕਰ ਰਹੇ ਹੋ । ਕੀ ਮੈਂ ਵੀ ਓਹਨਾਂ ਵਰਗੀ ਲਗਦੀ ਹਾਂ ਤੁਹਾਨੂੰ ?ਂ ਮੇਰੇ ਕੋਲ ਉਸਦੇ ਸਵਾਲ  ਦਾ ਕੋਈ ਜਵਾਬ ਨਹੀ ਸੀ ।ਉਸ ਦਾ ਭਾਸaਣ ਅਜੇ ਜਾਰੀ ਸੀ ਪਰ ਮੇਰੇ ਵਿੱਚ ਹੋਰ ਸੁਨਣ ਦੀ ਤਾਕਤ ਨਹੀ ਸੀ। ਪਰ ਮੈਂ ਉਸ ਦੀਆਂ ਗੱਲਾ ਤੇ ਗੋਰ ਕਰ ਰਿਹਾ ਸੀ ਜੋ ਕੋੜੀਆਂ ਤਾਂ ਸੀ ਪਰ ਸੱਚੀਆਂ  ਸਨ। ਹੁਣ ਵਾਕਿਆ ਹੀ ਉਸ ਨੂੰ ਧੀਆਂ ਵਰਗੀ ਧੀ ਕਹਿਣ ਨੂੰ ਦਿਲ ਕਰਦਾ ਸੀ ਤੇ ਮੈਂੰਨੂ ਮੇਰੀ ਗਲਤੀ ਦਾ ਅਹਿਸਾਸ ਹੋ ਗਿਆ ਸੀ।

 

 ਰਮੇਸ ਸੇਠੀ ਬਾਦਲ 

ਜਦੋਂ ਮੈਨੂੰ ਪੁਰਸਕਾਰ ਮਿਲਿਆ ! ਬੁੱਧ ਸਿੰਘ ਨੀਲੋਂ

 ਜਦੋਂ ਮੈਨੂੰ ਪੁਰਸਕਾਰ ਮਿਲਿਆ ! ਬੁੱਧ ਸਿੰਘ ਨੀਲੋਂ

 

-     ਜਦੋਂ ਮੈਨੂੰ ਪੁਰਸਕਾਰ ਮਿਲਿਆ ਤਾਂ ਮੇਰੀ ਚਾਰੇ ਪਾਸੇ ਬੱਲੇ ਬੱਲੇ ਹੋ ਗਈ। ਅਖ਼ਬਾਰਾਂ ਵਿੱਚ ਮੇਰੀਆਂ ਲਿਖਤਾਂ ਤੇ ਜੀਵਨ ਬਾਰੇ ਵੱਡੇ-ਵੱਡੇ ਫੀਚਰ ਛਪੇ। ਕਈ ਦਿਨ ਫੋਨ ਦੀਆਂ ਘੰਟੀਆ ਵੱਜਦੀਆਂ ਰਹੀਆਂ। ਸਾਹਿਤ ਸਭਾਵਾਂ ਵਾਲਿਆਂ ਨੇ ਮੈਨੂੰ ਇਹ ਪੁਰਸਕਾਰ ਮਿਲਣ 'ਤੇ ਮੇਰੀ ਸ਼ੋਭਾ ਵਿੱਚ ਮੀਟਿੰਗਾਂ ਤੇ ਸਮਾਗਮ ਰਚਾਏ। ਕਾਲਜਾਂ ਦੇ ਵਿੱਚ ਮੇਰੇ ਲਗਾਤਾਰ ਰੂਬਰੂ ਪ੍ਰੋਗਰਾਮ ਰੱਖੇ ਗਏ। ਅਖ਼ਬਾਰਾਂ ਤੇ ਟੀ ਵੀ ਚੈਨਲਾਂ ਉੱਤੇ ਮੇਰੀਆਂ ਮੁਲਾਕਾਤਾਂ ਦੇ ਪ੍ਰੋਗਰਾਮ ਚਲਾਏ ਗਏ। ਕਈ ਹਫ਼ਤੇ ਹੀ ਨਹੀਂ ਬਲਕਿ ਕਈ ਮਹੀਨੇ ਮੇਰੇ ਮਾਣ ਵਿੱਚ ਪ੍ਰੋਗਰਾਮ ਵੱਖ-ਵੱਖ ਸ਼ਹਿਰਾਂ ਕਸਬਿਆਂ ਵਿੱਚ ਹੁੰਦੇ ਰਹੇ। ਵਧਾਈਆਂ ਦੀ ਧੂੜ ਹੀ ਨਹੀਂ ਉਡੀ ਸਗੋਂ ਹਨੇਰੀ ਹੀ ਆ ਗਈ। ਜਿਸ ਦੇ ਨਾਲ ਮੈਂ ਹਵਾ ਵਿੱਚ ਉੱਡਣ ਲੱਗਿਆ। ਹਵਾ ਵਿੱਚ ਉਡਦਾ ਵੀ ਕਿਉਂ ਨਾ ਮੈਨੂੰ ਸਾਹਿਤ ਦਾ ਸਭ ਤੋਂ ਵੱਡਾ ਪੁਰਸਕਾਰ ਜੋ ਮਿਲਿਆ ਸੀ।

   ਇਸ ਪੁਰਸਕਾਰ ਮਿਲਣ ਦੇ ਨਾਲ ਮੇਰੇ ਬਹੁਤੇ ਸਮਕਾਲੀ ਖ਼ਾਰ ਖਾਣ ਲੱਗ ਪਏ ਸਨ। ਉਂਂਝ ਉਹ ਮੂੰਹ ਉਤੇ ਪ੍ਰਸ਼ੰਸਾ ਕਰਦੇ, ਪਿੱਠ ਮੋੜਦਿਆਂ ਹੀ ਮੇਰੀਆਂ ਚੁਗਲੀਆਂ ਤੇ ਪੈਰ ਵੱਢਣ ਲੱਗਦੇ। ਉਹ ਮੇਰੀਆਂ ਲਿਖਤਾਂ ਦੀ ਪੁਣਛਾਣ ਕਰਨ ਲੱਗਦੇ।

 ਪੁਰਸਕਾਰ ਦੇ ਨਾਲ ਜੁੜੀਆਂ ਕਈ ਤਰਾਂ ਦੀਆਂ ਕਹਾਣੀਆਂ ਵੀ ਸੁਣਾਉਂਦੇ। ਉਨਾਂ ਦੀਆਂ ਕਹਾਣੀਆਂ ਜਦੋਂ ਮੇਰੇ ਤੱਕ ਪੁੱਜਦੀਆਂ ਤਾਂ ਮੇਰੀਆਂ ਪੁੜਪੁੜੀਆਂ ਵਿੱਚੋਂ ਸੇਕ ਨਿਕਲਣ ਲੱਗਦਾ। ਮੇਰੀਆਂ ਮੁੱਠੀਆਂ ਮੀਚੀਆਂ ਜਾਂਦੀਆਂ ਤੇ ਅੱਖਾਂ ਲਾਲ ਹੋ ਜਾਂਦੀਆਂ। ਗੁੱਸਾ ਦਿਮਾਗ ਨੂੰ ਚੜਨ ਲੱਗਦਾ ਪਰ ਉਹ ਗੁੱਸਾ ਮੈਂ ਕਿਸ ਦੇ ਉਪਰ ਕੱਢਾਂ? ਮੈਨੂੰ ਸਮਝ ਨਾ ਲੱਗਦੀ। ਦੂਸਰੇ ਪਲ ਮੈਂ ਆਪਣੇ ਆਪ ਨੂੰ ਆਖਦਾ। ਉਨਾਂ ਉਤੇ ਗੁੱਸਾ ਕਾਹਦਾ। ਅਗਲੇ ਕਹਾਣੀਆਂ ਕਿਹੜਾ ਝੂਠੀਆਂ ਬਨਾਉਂਦੇ ਹਨ। ਇਨਾਂ ਵਿੱਚ ਕੁੱਝ ਨਾ ਕੁੱਝ ਤਾਂ ਸੱਚ ਹੀ ਹੈ। ਜਦੋਂ ਸੱਚ ਸ਼ਬਦ ਮੇਰੇ ਬੁੱਲਾਂ ਉਤੇ ਆਇਆ ਤਾਂ ਮੇਰੀ 'ਮੈਂ' ਨੇ ਸਿਰ ਚੁੱਕ ਲਿਆ। ਮੈਂ ਆਪਣੀ 'ਮੈਂ' ਦੇ ਅੱਗੇ ਬੌਣਾ ਹੋ ਗਿਆ। ਤੁਸੀਂ ਦੱਸੋ ਕਿ ਬੰਦਾ ਆਪਣੀ ਮੈਂ ਤੋਂ ਕਿਥੇ ਭੱਜ ਕਿ ਜਾਊਗਾ? 

ਹੁਣ ਤੁਸੀਂ ਕਹੋਗੇ ਮੈਂ ਆਪਣੀ ਹੀ 'ਮੈਂ' ਦੇ ਅੱਗੇ ਬੌਣਾ ਕਿਉਂ ਹੋ ਗਿਆ? ਅਸਲ ਗੱਲ ਤਾਂ ਇਹ ਹੈ ਕਿ ਅਸੀਂ ਆਪ ਜਿੰਨੇ ਮਰਜ਼ੀ ਲੋਕਾਂ ਦੇ ਸਾਹਮਣੇ ਵੱਡੇ ਬਣੀ ਜਾਈਏ, ਪਰ ਆਪਣੀ 'ਮੈਂ' ਦੇ ਸਾਹਮਣੇ ਅਸੀਂ ਕਦੇ ਵੀ  ਵੱਡੇ ਨਹੀਂ ਹੋ ਸਕਦੇ। 

ਕਿਉਂਕਿ ਉਸ ਨੂੰ ਸਾਡੀਆਂ ਸਾਰੀਆਂ ਗੱਲਾਂ ਦਾ ਉਸ ਨੂੰ ਪਤਾ ਹੁੰਦਾ ਹੈ। ਜਿਵੇਂ ਹਮਾਮ ਵਿੱਚ ਸਭ ਨੰਗੇ ਹੁੰਦੇ ਹਨ। ਉਸੇ ਤਰਾਂ ਅਸੀਂ ਆਪੋ ਆਪਣੀ 'ਮੈਂ' ਦੇ ਅੱਗੇ ਨੰਗੇ ਹੁੰਦੇ ਹਾਂ। ਨੰਗੀ ਚੀਜ਼ ਕੋਈ ਵੀ ਚੰਗੀ ਨਹੀਂ ਹੁੰਦੀ। 

 ਕਈ ਵਾਰ ਆਪ ਨੂੰ ਹੀ ਆਪਣੇ 'ਨੰਗ' ਤੋਂ ਸ਼ਰਮ ਆਉਣ ਲੱਗਦੀ ਹੈ। ਪਰ ਅਸੀਂ ਬੇ-ਸ਼ਰਮ ਬਣੇ, ਆਪਣੀ 'ਮੈਂ' ਨੂੰ ਖੂੰਜੇ ਲਾਈ ਰੱਖਦੇ ਹਾਂ। ਜਿਹੜੀ ਚੀਜ਼ ਖੂੰਜੇ ਲੱਗ ਜਾਵੇ ਉਹ ਇੱਕ ਦਿਨ ਆਪਣੀ ਮਹੱਤਤਾ ਦਿਖਾ ਹੀ ਦਿੰਦੀ ਹੈ। ਫਿਰ ਜਦੋਂ ਕਦੇ ਉਹ ਬੋਲਦੀ ਹੈ ਤਾਂ ਫਿਰ ਵੱਡਿਆਂ-ਵੱਡਿਆਂ ਦੀ ਗੋਡਣੀ ਲਗਾ ਦਿੰਦੀ ਹੈ। ਫਿਰ ਬੰਦਾ ਉਹੀ ਕੁੱਝ ਬੋਲਦਾ ਤੇ ਕਰਦਾ ਹੈ, ਜੋ 'ਮੈਂ' ਕਰਵਾਉਂਦੀ ਹੈ।

ਵਧਾਈਆਂ ਦੀ ਧੂੜ ਅਜੇ ਬੈਠੀ ਨਹੀਂ ਸੀ, ਇੱਕ ਦਿਨ ਮੇਰੀ 'ਮੈਂ' ਕਾਲੇ ਨਾਗ ਵਾਂਗ ਮੇਰੀ ਹਿੱਕ ਉਤੇ ਫਣ ਤਾਣ ਕੇ ਬੈਠ ਗਈ। ਮੈਂ ਅਜੇ ਬੈੱਡ ਉੱਤੇ ਹੀ ਪਿਆ ਸੀ। ਉਸ ਨੇ ਮੇਰੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਸਵਾਲ ਕਰਨੇ ਸ਼ੁਰੂ ਕਰ ਦਿੱਤੇ। ਹੁਣ ਮੈਂ ਨਾ ਤਾਂ ਝੂਠ ਬੋਲ ਸਕਦਾ ਸੀ ਤੇ ਨਾ ਹੀ ਕਿਧਰੇ ਭੱਜ ਕੇ ਜਾ ਸਕਦਾ ਸੀ। ਤੁਸੀ ਘਰ, ਸਮਾਜ ਤੋਂ ਭੱਜ ਕੇ ਦੂਰ ਜਾ ਸਕਦੇ ਹੋ, ਪਰ ਆਪਣੀ 'ਮੈਂ' ਦੇ ਕੋਲੋਂ ਕਿਧਰੇ ਵੀ ਭੱਜ ਨਹੀਂ ਸਕਦੇ। ਇਹ ਹਰ ਵੇਲੇ ਤੁਹਾਨੂੰ ਘੇਰੀ ਰੱਖਦੀ ਹੈ।

ਉਹ ਆਖਣ ਲੱਗੀ, ''ਵੱਡਿਆ ਕਵੀਆ! ਬਹੁਤ ਹੋ ਗਈ ਪ੍ਰਸ਼ੰਸਾ, ਬਹੁਤ ਮਿਲ ਗਈਆਂ ਵਧਾਈਆਂ, ਮਾਣ ਸਨਮਾਨ ਵੀ ਬਹੁਤ ਮਿਲ ਗਿਆ। ਪਰ ਜਿਨਾਂ ਦਾ ਤੂੰ ਹੱਕ ਮਾਰਿਆ, ਕਦੇ ਉਨਾਂ ਬਾਰੇ ਵੀ ਸੋਚਿਆ। ਤੂੰ ਕਿਹੜੀ ਕਿਹੜੀ ਜੁਗਾੜਬੰਦੀ, ਪੌੜੀ ਤੇ ਹਰਬਾ ਨਹੀਂ ਵਰਤਿਆ ਇਹ ਪੁਰਸਕਾਰ ਲੈਣ ਲਈ। ਤੂੰ ਕਹਿੰਨਾ ਕਿ ਮੈਨੂੰ ਇਹ ਪੁਰਸਕਾਰ ਯੋਗਤਾ ਦੇ ਆਧਾਰ ਉੱਤੇ ਮਿਲਿਆ। ਭਲਾ ਦੱਸ ਤੇਰੀ ਯੋਗਤਾ ਕੀ ਹੈ? ਚੰਗਾ ਭਲਾ 'ਲੋਕ ਕਵੀ' ਬਣਦਾ ਬਣਦਾ ਤੂੰ 'ਰਾਜ ਕਵੀ' ਬਣ ਕੇ  ਦਰਬਾਰੀ ਕਵੀ ਬਣ ਗਿਆ  ਤੇ ਸੱਤਾ ਦੇ ਸੋਹਿਲੇ ਗਾਉਣ ਲੱਗ ਪਿਆ। ਮੈਂ ਉਦੋਂ ਵੀ ਚੁੱਪ ਰਹੀ। ਪਰ ਹੁਣ ਤਾਂ ਤੂੰ ਹੱਦ ਹੀ ਟੱਪ ਗਿਆ। ਤੈਨੂੰ ਕਿਸੇ ਪੇਂਡੂ ਸਾਹਿਤ ਸਭਾ ਨੇ ਕਦੇ ਸਨਮਾਨਿਤ ਨਹੀਂ ਕੀਤਾ ਤੇ ਤੂੰ ਭਾਰਤੀ ਸਾਹਿਤ ਅਕਾਦੇਮੀ ਪੁਰਸਕਾਰ ਤੱਕ ਪੁੱਜ ਗਿਆ।'' 

ਹਾਲਤ ਮੇਰੀ ਆਪ ਦੇ ਜੇਤੂ ਐਮ ਐਲ ਏ ਤੇ ਐਮ ਪੀ ਵਰਗੀ ਹੋ ਗਈ ਜਿਹਨਾਂ ਨੂੰ ਪਿੰਡ ਕਿਸੇ ਨੇ ਪੰਚ ਨੀ ਸੀ ਬਨਣ ਦੇਣਾ ਉਹ ਐਮ. ਪੀ ਤੇ ਐਮ ਐਲ ਏ ਬਣ ਗਏ। ਇਵੇਂ ਹੀ ਯੂਨੀਵਰਸਿਟੀਆਂ ਦੇ ਖਿਚ ਆ ਜਿਹੜੇ ਸਕੂਲ ਦੇ ਮ;ਸਟਰ ਬਨਣ ਦੇ ਯੋਗ ਨਹੀਂ ਸੀ ਉਹ ਪ੍ਰੋਫੈਸਰ ਬਣ ਗਏ। ਇਸੇ ਤਰਾਂ ਸਾਡੇ ਨਾਲ ਹੋਈ।

ਉਸ ਦੀਆਂ ਗੱਲਾਂ ਸੁਣ ਕੇ ਸਿਆਲ ਦੇ ਦਿਨਾਂ ਵਿੱਚ ਮੈਨੂੰ ਏਨਾ ਪਸੀਨਾ ਆਇਆ, ਜਿਵੇਂ ਮੈਂ ਬੈਡ  ਉਤੇ ਨਾ ਬਲਕਿ ਦਰਿਆ ਵਿੱਚ ਸਣੇ ਕੱਪੜੇ ਪਿਆ ਹੋਵਾਂ। ਮੁੜਕੋ ਮੁੜਕੀ ਹੋਈ ਪਿਆ ਰਿਹਾ ਹੋਰ ਕਰਦਾ ਵੀ ਕੀ?

ਮਰਦਾ ਕੀ ਨਾ ਕਰਦਾ। ਮੇਰੀ 'ਮੈਂ' ਨੇ ਜੋ ਵੀ ਮੈਨੂੰ ਸਵਾਲ ਪੁੱਛੇ, ਮੇਰੇ ਕੋਲ ਉਹਨਾਂ ਦਾ ਕੋਈ ਜਵਾਬ ਨਾ ਆਵੇ। ਉਂਝ ਜਵਾਬ ਤਾਂ ਸਾਰੇ ਮਨ ਵਿੱਚ ਸਨ। ਪਰ ਜ਼ੁਬਾਨ ਸਾਥ ਨਹੀਂ ਸੀ ਦੇ ਰਹੀ। ਹੌਸਲਾ ਇਕੱਠਾ ਕਰਦਾ, ਬੋਲਣ ਦੀ ਹਿੰਮਤ ਕਰਦਾ ਪਰ ਮੈਥੋਂ ਬੋਲਿਆ ਕੁੱਝ ਵੀ ਨਹੀਂ ਸੀ ਜਾਂਦਾ। ਮੈਂ ਬਹੁਤ ਪਰੇਸ਼ਾਨ ਸੀ। ਕਰਾਂ ਤਾਂ ਕੀ ਕਰਾਂ।

ਹਿੰਮਤ ਜਿਹੀ ਇਕੱਠੀ ਕਰਕੇ ਮੈਂ ਕਿਹਾ ਮੇਰੇ ਵਿਚਲਾ  ਕਾਮਰੇਡ ਜਾਗ ਪਿਆ '' ਭਲਾ ਹੱਕ ਮੰਗਿਆਂ ਕਦੇ ਮਿਲਦੇ ਹਨ? ਇਹ ਤਾਂ ਖੋਹੇ ਜਾਂਦੇ ਹਨ। ਮੈਂ ਵੀ ਇਹ ਪੁਰਸਕਾਰ ਖੋਹਿਆ ਹੀ ਹੈ। ਜੇ ਮੈਂ ਨਾ ਖੋਹਦਾ ਤਾਂ ਮੇਰੇ ਨਾਲੋਂ ਕੋਈ ਹੋਰ ਜ਼ੋਰਾਵਰ ਖੋਹ ਕੇ ਲੈ ਜਾਂਦਾ। ਨਾਲੇ ਕਿੰਨਾਂ ਚਿਰ ਹੋ ਗਿਆ ਹੈ, ਮੈਨੂੰ ਲਿਖਦੇ ਨੂੰ। ਡੇਢ ਦਰਜਨ ਕਿਤਾਬਾਂ ਮੈਂ ਮਾਂ ਬੋਲੀ ਪੰਜਾਬੀ ਦੀ ਝੋਲੀ ਵਿੱਚ ਪਾਈਆਂ। ਅੱਧੀ ਦਰਜਨ ਖਰੜੇ ਪਏ ਹਨ। ਇਹ ਕੋਈ ਘੱਟ ਪ੍ਰਾਪਤੀ ਹੈ। ਮੇਰੀਆਂ ਪ੍ਰਾਪਤੀਆਂ ਨੂੰ ਇਹ ਮਾਣ ਮਿਲਣਾ ਚਾਹੀਦਾ ਸੀ ਪਰ ਅਗਲਿਆਂ ਦਿੱਤਾ ਹੈ ਨਹੀਂ ਲੈਣਾ ਪਿਆ।''

'' ਅੱਛਾ ਇਹ ਤੇਰੀਆਂ ਪ੍ਰਾਪਤੀਆਂ ਨੂੰ ਇਨਾਮ, ਸਨਮਾਨ ਤੇ ਪੁਰਸਕਾਰ ਮਿਲਿਆ ਹੈ?'' ਉਸ ਨੇ ਮੇਰੀ ਗੱਲ ਵਿਚੇ ਕੱਟਦਿਆਂ ਫਿਰ ਸਵਾਲ ਦਾਗ਼ ਦਿੱਤਾ। ਮੈਂ ਆਪਣੀ  ਮੈਂ ਦੇ ਸਾਹਮਣੇ ਪਾਣੀ ਪਾਣੀ ਹੋ ਗਿਆ। ਉਹ ਫਿਰ ਚੀਕੀ, 'ਸੌ ਹੱਥ ਰੱਸਾ ਸਿਰੇ ਤੇ ਗੰਢ' ਤੂੰ ਕਹਾਣੀਆਂ ਨਾ ਪਾ-ਸਿੱਧੀ ਗੱਲ ਦੱਸ। ਤੂੰ ਇਹ ਪੁਰਸਕਾਰ ਲੈਣ ਲਈ ਕੀ ਕੀ ਨੀਂ ਪਾਪੜ ਵੇਲੇ। ਲੋਕਾਂ ਦੀਆਂ ਜੁੱਤੀਆਂ ਘਸਦੀਆਂ ਨੇ, ਤੇਰੇ ਤਾਂ . . ਕਾਰ ਦੇ ਟਾਇਰ ਹੀ ਘਸੇ ਪਏ ਨੇ। ਨਾਲੇ ਤੇਰੀਆਂ ਮਨ ਦੇ ਨਾਲ ਕੀਤੀਆਂ ਗੱਲਾਂ ਵਾਲੀਆਂ ਰਚਨਾਵਾਂ ਨੇ ਲੋਕਾਂ ਦਾ ਕੀ ਸੰਵਾਰਨਾ ਹੈ? ਨਾਲੇ ਤੈਨੂੰ ਪਤਾ ਹੈ ਕਿ ਇੱਥੇ ਆਮ ਲੋਕਾਂ ਦਾ ਜਿਉਣਾ ਦੁਬਰ ਹੋਇਆ ਪਿਆ ਹੈ? ਤੂੰ ਇਸ਼ਕ ਦੀਆਂ ਗੱਲਾਂ ਕਰੀ ਜਾ ਰਿਹਾ ਸਾਰਾ ਕਿੱਸਾ ਕਾਵਿ ਤਾਂ ਹਿਹਨਾਂ ਦੇ ਨਾਲ ਭਰਿਆ ਪਿਆ ਹੈ ਤੂੰੰ ਕੀ ਨਵਾਂ ਚੰਦ ਚਾੜ ਰਿਹਾ ? ਦੂਜੇ ਪਾਸੇ ਆਮ ਲੋਕਾਂ ਦਾ ਕਚੂੰਬਰ ਨਿਕਲ ਗਿਆ ਤੂੰ-ਪਿਆਰ ਦੀ ਗੱਲਾਂ ਕਰੀ ਜਾਨਾਂ? ਉਨਾਂ ਲੋਕਾਂ ਬਾਰੇ ਵੀ ਕੁੱਝ ਲਿਖ, ਜਿਨ•ਾਂ ਦੀ ਮਿਹਨਤ ਵਿੱਚੋਂ ਇਹ ਪੁਰਸਕਾਰ ਮਿਲਿਆ। ਪੈਸਾ ਤਾਂ ਲੋਕਾਂ ਦਾ ਹੈ। ਪਰ ਤੈਂ ਕਦੇ ਲੋਕਾਂ ਦੀ ਗੱਲ ਕੀਤੀ ਹੈ? ਇੱਥੇ ਹਰ ਬੰਦਾ ਟੈਕਸ ਅਦਾ ਕਰਦਾ ਹੈ। ਇਨਾਮ ਤਾਂ ਲੋਕ ਦੇਂਦੇ ਹਨ ਕਦੇ ਲੋਕਾਂ ਨੇਤੈਨੂੰ ਪੁਰਸਕਾਰ ਦਿੱਤਾ ਹੈ।  ਵੱਡਿਆ ਕਵੀਆ? ' ਵੱਡਾ  ਵਿਦਵਾਨ  ਬਣਿਆ ਫਿਰਦਾ' ? ਇਨਾਂ ਸਵਾਲਾਂ ਦੀ ਝੜੀ ਨੇ ਮੈਨੂੰ ਪਾਣੀ-ਪਾਣੀ ਕਰ ਦਿੱਤਾ।

ਮੈਂ ਸੋਚਣ ਲੱਗਿਆ- ''ਕੀ ਖੱਟਿਆ ਮੈਂ ਇਹ ਪੁਰਸਕਾਰ ਲੈ ਕੇ?'' ਲੋਕਾਂ ਵਿੱਚ ਤਾਂ ਜ਼ਰੂਰ ਮੈਂ ਸ਼੍ਰੋਮਣੀ ਕਵੀ। ਕੌਮੀ ਤੇ ਰਾਜ ਕਵੀ ਬਣ ਗਿਆ, ਪਰ ਮੇਰੀ 'ਮੈਂ' ਦੇ ਸਾਹਮਣੇ ਮੈਂ ਕੁੱਝ ਵੀ ਨਹੀਂ। ਨਾਲੇ ਸਰਕਾਰੀ ਇਨਾਮ ਲੈਣ ਦੇ ਨਾਲ ਬੰਦਾ ਵੱਡਾ ਲੇਖਕ ਨਹੀਂ ਬਣ ਜਾਂਦਾ। ਉਹ ਵੱਡਾ ਲੇਖਕ ਤਾਂ ਹੀ ਬਣ ਸਕਦਾ ਹੈ, ਜੇ ਲੋਕ ਉਸ ਨੂੰ ਮਾਨਤਾ ਦੇਣ। ਮੈਨੂੰ ਲੋਕਾਂ ਨੇ ਤਾਂ ਮਾਨਤਾ ਦਿੱਤੀ ਹੀ ਨਹੀਂ। ਲੋਕ ਤਾਂ ਹੀ ਮਾਨਤਾ ਦੇਣਗੇ, ਜੇ ਮੈਂ ਲੋਕਾਂ ਦੀ ਗੱਲ ਕਰਾਂਗਾ। ਮੈਂ ਤਾਂ ਅਜੇ ਪਿਆਰ ਵਿੱਚੋਂ ਹੀ ਬਾਹਰ ਨਹੀਂ ਨਿਕਲਿਆ। ਕਬਰਾਂ ਵਿੱਚ ਲੱਤਾਂ ਆ ਗਈਆਂ, ਅਜੇ ਵੀ ਮੈਨੂੰ 'ਮਹਿਬੂਬ' ਦੀ ਉਡੀਕ ਹੈ। ਇਸੇ ਕਰਕੇ ਮੈਂ ਆਪਣੀ ਮਹਿਬੂਬ ਦੀ ਉਡੀਕ ਵਿੱਚ ਲਿਖੀ ਜਾਂਦਾ ਹਾਂ।'' ਮੈਂ ਆਪਣੇ ਆਪ ਨਾਲ ਹੀ ਗੱਲਾਂ ਕਰੀ ਜਾ ਰਿਹਾ ਸੀ। ਗੱਲਾਂ ਤਾਂ ਮੈਂ ਕਰਦਾ ਸੀ, ਪਰ ਮੈਂ ਆਪਣੀ 'ਮੈਂ' ਦੇ ਸਾਹਮਣੇ ਗੋਡੇ ਟੇਕੀ ਬੈਠਾ ਸੀ।

ਇੱਕ ਵਾਰ ਮਨ ਵਿੱਚ ਆਇਆ ਕਿ ਮੈਂ ਘਰੋਂ ਬਾਹਰ ਨਿਕਲ ਕੇ ਉੱਚੀ ਉੱਚੀ ਰੌਲਾ ਪਾਵਾਂ। ''ਮੈਨੂੰ ਇਹ ਪੁਰਸਕਾਰ ਮਿਲਿਆ ਨਹੀਂ। ਸਗੋਂ ਮੈਂ ਇਸ ਨੂੰ ਹਥਿਆਇਆ ਹੈ। ਇਸ ਦੀ ਜਿਊਰੀ ਦੇ ਮੈਂਬਰਾਂ ਨੂੰ ਗੰਢਿਆ ਹੈ। ਉਨ•ਾਂ ਦੀ 'ਸੇਵਾ' ਕੀਤੀ ਹੈ। 'ਸੇਵਾ' ਵਿੱਚ ਸਭ ਕੁੱਝ ਪੱਕੇ ਤੋਂ ਕੱਚੇ ਮਾਸ ਤੱਕ ਸ਼ਾਮਿਲ ਸੀ ਪਰ ਮੈਂ ਇਸ ਪੁਰਸਕਾਰ ਦਾ ਹੱਕਦਾਰ ਨਹੀਂ ਸੀ। ਮੈਂ ਕਿਸੇ ਹੋਰ ਦਾ ਹੱਕ ਮਾਰਿਆ ਹੈ। ਮੈਂ ਦੋਸ਼ੀ ਹਾਂ, ਲੋਕਾਂ ਦਾ ਤੇ ਆਪਣੀ ਜ਼ਮੀਰ ਦਾ । 

   '' ਮੈਂ ਸੱਚਮੁੱਚ ਉੱਚੀ ਉਂਚੀ  ਚੀਕ ਰਿਹਾ ਸੀ, ਮੇਰੀ ਘਰਵਾਲੀ ਮੇਰੇ ਕੋਲ ਕੱੜਛੀ ਵਿੱਚ ਗੁਗਲ ਲਈ ਖੜੀ। ਘਰ ਵਿਚ ਧੂੰਆਂ ਹੀ ਧੂੰਆਂ ਹੋਇਆ ਪਿਆ ਸੀ ਪਰ ਉਸ ਦੀ ਨਿਗਾ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਤਸਵੀਰ ਵੱਲ ਸੀ।

   ਉਹ ਅਰਦਾਸ ਕਰ ਰਹੀ ਸੀ। ਉਹ ਕੀ ਅਰਦਾਸ ਕਰਦੀ ਸੀ? ਉਹ ਕਹਿ ਰਹੀ ਸੀ ''ਇਹੋ ਜਿਹੇ ਪੁਰਸਕਾਰ ਨਾਲੋਂ ਵਾਹਿਗੁਰੂ ਅਸੀਂ ਐਵੇਂ ਹੀ ਚੰਗੇ  ਹਾਂ।'' ਹੁਣ ਮੈਂ ਚੰਗਾ ਬਨਣ ਦੀ ਸੋਚ ਰਿਹਾ ਸੀ। ਤਾਂ ਕਿ ਜਿਨ੍ਹਾਂ ਲੋਕਾਂ ਵੱਲ ਮੈਂ ਪਿੱਠ ਮੋੜੀ ਸੀ, ਉਨਾਂ ਵੱਲ ਮੂੰਹ ਕਰ ਲਿਆ। ਮੈਨੂੰ ਆਪਣੇ ਆਪ ਤੋਂ ਲਾਹਣਤ ਆ ਰਹੀ । ਮੈਂ ਛੇਤੀ ਦੇ ਕੇ ਉਠਦਾ ਹਾਂ ਤੇ ਪੁਰਸਕਾਰ ਨੂੰ ਚੱਕ ਕੇ ਮੈਂ ਬਾਹਰ ਵਗਾਹ ਕੇ ਮਾਰਦਾ ਹਾਂ। ਤਾਂ ਕਿ ਮੈਨੂੰ ਸਕੂਨ ਮਿਲ ਸਕੇ। ਪਰ ਮਨ ਅੰਦਰ ਕਿਸੇ ਹੋਰ ਪੁਰਸਕਾਰ ਨੂੰ ਹਥਿਆਉਣ ਲਈ ਸਕੀਮਾਂ ਘੜਨ ਲੱਗਦਾ ਹਾਂ।

 

ਪੋਸਟ ਸਕ੍ਰਿਪਟ

 ~~~~ ਹਥਿਆਰਬੰਦ  ਕਲਮਾਂ  ਦੇ ਵੱਲੋਂ ਪੁਰਸਕਾਰ  ਹਥਿਆਉਣ ਕਰਕੇ ...ਕਈ ਸੱਚੇ ਬੰਦੇ ਵੀ ਬੋਲਦੇ ਨਹੀਂ ..ਪਰ ਸੁਣਿਆ  ਹੈ  ਕਿ ਉਹ ਵੀ ਕੁੱਤੇ  ਝਾਕ ਵਿੱਚ ਤੇ ਆਸ ਵਿੱਚ  ਹਨ...ਕਿ  ਹੋ ਸਕਦਾ  ਮੈਨੂੰ  ਵੀ ਪੁਰਸਕਾਰ  ਮਿਲ ਜਾਊਗਾ...?

 ਹੁਣ ਇਹ  ਪੁਰਸਕਾਰ  ਸੰਸਥਾਵਾਂ  ਵੱਲੋਂ   ਦਿੱਤੇ  ਨਹੀਂ ਜਾਂਦੇ ..ਸਗੋਂ  ਜਿਓਣੇ ਮੋੜ ਵਾਂਗੂੰ  ਲੌਂਗੋਵਾਲ  ਦੀਆਂ ਤੀਆਂ ਵਾਂਗੂੰ  ਲੁੱਟੇ ਜਾਂਦੇ  ਹਨ...।  ਜਿਹੜਾ  ਬਾਜ਼ੀ ਮਾਰ ਗਿਆ ; ਉਹੀ ਗੋਰਖਨਾਥ  ਦਾ ਚੇਲਾ ।

ਕੋਈ  ਸਮਾਂ  ਸੀ ਪੁਰਸਕਾਰ  ਦੀ ਮਹੱਤਤਾ  ਸੀ 

ਹੁਣ ਤੇ ਪਹਿਲਾਂ  ਹੀ ਪਤਾ ਹੁੰਦਾ  ਕਿ ਇਸ ਵਾਰ ਇਹ ਢੁਕੂਗਾ ਪੁਰਸਕਾਰ ਇਹ  ਬੀਮਾਰੀ  ਸੁਖਪਾਲਵੀਰ ਹਸਰਤ ਵੇਲੇ ਸ਼ੁਰੂ ਹੋਈ ਸੀ...ਜੋ ਹੁਣ ਕੈੰਸਰ ਬਣ ਗਈ ਹੈ...ਹੁਣ ਨਾ ਬੀਮਾਰੀ  ਹਟੇ ਤੇ ਮਰੀਜ਼  ਲੇਖਕ /ਕਵੀ/  ਅਲੋਚਕ /ਪੱਤਰਕਾਰ / ਰਾਗੀ/ ਢਾਡੀ / ਆਦਿ  ਕੋਈ  ਬਚ  ਸਕੇ । ਬੋਲਣਾ  ਸਮੇਂ  ਦੀ ਲੋੜ  ਹੁੰਦਾ  ਹੈ... ਤੁਸੀਂ  ਇਸ ਵੇਲੇ ਵੀ ਜੇ ਨਹੀਂ  ਬੋਲੇ ਤਾਂ  ਤੁਸੀਂ  ਜਿਉਂਦੇ  ਨਹੀਂ ...ਲਾਸ਼ਾਂ ਹੋ....? ਉਝ ਜਸਵੀਰ  ਸਿੰਘ  ਭੁੱਲਰ  ਨੇ "  ਨਾਵਲ  ਖਿੱਦੋ "  ਕੁੱਝ  ਕੁ ਮੁੱਖ  ਲੀਰਾਂ ਵਾਰੇ ਦੱਸਿਆ  ਹੈ ।

 ਬਾਕੀ ਸਭ ਕਤਾਰ ਵਿੱਚ  ਲੱਗੇ ਹਨ ।

----

ਬੁੱਧ ਸਿੰਘ ਨੀਲੋਂ

ਕੁੱਤਾ ਰਾਜ ਬਹਾਲੀਐ ਫਿਰਿ ਚੱਕੀ ਚੱਟੇ ! ( ਬੁੱਧ ਬਾਣ )ਬੁੱਧ ਸਿੰਘ ਨੀਲੋਂ

ਕੁੱਤਾ ਰਾਜ ਬਹਾਲੀਐ ਫਿਰਿ ਚੱਕੀ ਚੱਟੇ ! (ਬੁੱਧ ਬਾਣ)ਬੁੱਧ ਸਿੰਘ ਨੀਲੋਂ

*ਅੱਜਕਲ੍ਹ ਕੁੱਤਿਆਂ, ਬਘਿਆੜਾਂ, ਸਾਨ੍ਹਾਂ ਤੇ ਝੋਟਿਆਂ ਦੀ ਗਿਣਤੀ ਦਿਨੋਂ ਦਿਨ ਵੱਧਦੀ ਜਾ ਰਹੀ ਹੈ। ਹਾਲਾਤ ਐਨੇ ਮਾੜ੍ਹੇ ਹੋ ਗਏ, ਕੁੱਤੇ ਬਿਨਾਂ ਹਲਕਿਆ ਲੋਕਾਂ ਨੂੰ ਵੱਢਦੇ ਫਿਰਦੇ ਹਨ। ਜੇ ਕਿਤੇ ਕੁਤੀੜ ਨੂੰ ਕੋਈ ਇਕੱਲਾ ਟੱਕਰ ਜਾਵੇ, ਫੇਰ ਉਹਦੇ ਹੱਡੀਆਂ ਵੀ ਚੂਸਦੇ ਹਨ। ਪਹਿਲੇ ਸਮਿਆਂ ਵਿੱਚ ਜਦੋਂ ਕਮਾਦ ਪੀੜ ਕੇ ਗੁੜ ਬਣਾਇਆ ਜਾਂਦਾ ਸੀ। ਉਦੋਂ ਕੁੱਤੇ ਮੈਲ਼ ਪੀ ਕੇ ਹਲਕਦੇ ਸੀ, ਹੁਣ ਘੁਲਾੜੀਆਂ ਤਾਂ ਚੱਲਦੀਆਂ ਨਹੀਂ। ਕਮਾਦ ਕੋਈ ਬੀਜਦਾ ਨਹੀਂ। ਜਿਹੜੇ ਬੀਜਦੇ ਹਨ, ਉਹ ਗੰਨਾ ਮਿੱਲਾਂ ਵੱਲ ਨੂੰ ਟਰਾਲੇ ਤੇ ਟਰਾਲੀਆਂ ਭਰ ਕੇ ਲੈਣ ਜਾਂਦੇ ਹਨ। ਅੱਜਕਲ੍ਹ ਟਰਾਲੀਆਂ ਦੇ ਚੋਰੀ ਹੋਣ ਦੀਆਂ ਖਬਰਾਂ ਨੇ ਪੰਜਾਬ ਦੇ ਲੋਕਾਂ ਨੂੰ ਗੱਲਾਂ ਬਾਤਾਂ ਕਰਨ ਦਾ ਮਸਾਲਾ ਦਿੱਤਾ ਹੋਇਆ ਹੈ। ਸ਼ੰਭੂ ਤੇ ਖਨੌਰੀ ਬਾਰਡਰ ਤੋਂ ਕਿਸਾਨਾਂ ਦਾ ਮੋਰਚਾ ਕੀ ਪੂਰਿਆ। ਟਰਾਲੀਆਂ ਗ਼ਾਇਬ ਹੋ ਗਈਆਂ। ਉਹ ਲੋਕ ਆਪੋ ਆਪਣੀਆਂ ਟਰਾਲੀਆਂ ਇਉਂ ਲੱਭਦੇ ਹਨ, ਜਿਵੇਂ ਸ਼ਿਕਾਰੀ ਸ਼ਿਕਾਰ ਲੱਭਦੇ ਹਨ। ਟਰਾਲੀਆਂ, ਹੋਰ ਖਾਣ ਪੀਣ ਦਾ ਸਮਾਨ ਤੇ ਤੰਬੂ ਕੌਣ ਚੱਕ ਕੇ ਜਾਂ ਚੁਕਾ ਕੇ ਲੈਣ ਗਿਆ। ਪੁਲਿਸ ਕਹਿੰਦੀ ਹੈ ਕਿ ਅਸੀਂ ਮੋਰਚਿਆਂ ਦਾ ਸਾਰਾ ਸਮਾਨ ਸੰਭਾਲ ਕੇ ਰੱਖਿਆ ਹੋਇਆ ਹੈ, ਆਪੋ ਆਪਣੀ ਸ਼ਨਾਖਤ ਦੇ ਕੇ ਸਮਾਨ ਲੈਣ ਜਾਵੋ। ਉਧਰ ਕਿਸਾਨ ਕਹਿੰਦੇ ਹਨ ਕਿ ਸਮਾਨ ਲੱਭਦਾ ਨਹੀਂ, ਦੇ ਕਿਸੇ ਚੋਰ ਦੇ ਘਰਾਂ ਵਿੱਚੋਂ ਲੱਭਦਾ ਹੈ, ਪੁਲਿਸ ਪਰਚਾ ਦਰਜ ਨਹੀਂ ਕਰਦੀ, ਕਿਉਂਕਿ ਚੋਰ ਸਾਰੇ ਇਮਾਨਦਾਰ ਪਾਰਟੀ ਦੇ ਹਨ। ਪੁਲਿਸ ਵੀਚਾਰੀ ਕੀ ਕਰੇ, ਉਹਨਾਂ ਨੇ ਨੌਕਰੀਆਂ ਕਰਕੇ ਜੁਆਕਾਂ ਨੂੰ ਪਾਲਣਾ ਹੈ। ਉਹ ਇਮਾਨਦਾਰ ਪਾਰਟੀ ਦੇ ਹੁਕਮਾਂ ਦੀ ਤਾਮੀਲ ਕਰਨਗੇ। ਉਹਨਾਂ ਨੂੰ ਕਿਸਾਨਾਂ ਨੇ ਕੀ ਦੇਣਾ ਹੈ? ਪਹਿਲਾਂ ਪੜ੍ਹਾਈ ਦੌਰਾਨ ਭੁੱਖੇ ਕੁੱਤੇ ਦੀ ਕਹਾਣੀ ਪੜ੍ਹੀ ਸੀ। ਜਿਸ ਨੂੰ ਭੁਲੇਖਾ ਪੈ ਗਿਆ ਸੀ, ਜਦੋਂ ਉਹ ਨਦੀ ਦਾ ਪੁਲ ਕਰਨ ਲੱਗਿਆ ਸੀ। ਉਸਨੂੰ ਪਾਣੀ ਵਿੱਚ ਦੂਜਾ ਕੁੱਤਾ ਕੀ ਦਿਖਿਆ, ਉਹ ਲੱਗਿਆ ਭੌਂਕਣ। ਉਸ ਕੁੱਤੇ ਦੀ ਪਾਣੀ ਵਾਲੇ ਕੁੱਤੇ ਨੇ ਜਿਹੜੀ ਕੁੱਤੇ ਖਾਣੀ ਕੀਤੀ, ਉਹ ਤਾਂ ਕਿਤਾਬਾਂ ਦਾ ਹਿੱਸਾ ਬਣ ਗਈ ਪਰ ਆ ਜਿਹੜੀ ਇਮਾਨਦਾਰ ਪਾਰਟੀ ਦੇ ਵਿਧਾਇਕ ਦੀ ਹੋ ਰਹੀ ਹੈ, ਇਹਦੀ ਖ਼ਬਰ ਵੀ ਨਹੀਂ ਬਣੀ। ਖ਼ਬਰ ਤਾਂ ਇਹ ਬਣੀ ਹੈ ਕਿ ਇਮਾਨਦਾਰ ਪਾਰਟੀ ਦੇ ਆਗੂ ਨੇ ਆਪਣੇ ਦਫ਼ਤਰ ਵਿੱਚ ਇੱਕ ਸਟੂਡੀਓ ਬਣਾ ਲਿਆ ਹੈ। ਜਿਥੇ ਉਹ ਬਹਿ ਕੇ ਆਪਣਾ ਪ੍ਰੈਸ ਬਿਆਨ ਪੜ੍ਹਿਆ ਕਰੇਗਾ। ਕਿਸੇ ਪੱਤਰਕਾਰ ਦੇ ਸਵਾਲ ਦਾ ਜਵਾਬ ਨਹੀਂ ਦੇਵੇਗਾ। ਕਿਉਂਕਿ ਪੱਤਰਕਾਰ ਐਵੇਂ ਵਾਲ ਦੀ ਖੱਲ ਉਤਾਰਨ ਲੱਗ ਦੇ ਹਨ। ਉਹਨਾਂ ਨੂੰ ਪਤਾ ਨਹੀਂ ਕਿ ਹੁਣ ਮਨਮੋਹਨ ਸਿੰਘ ਦਾ ਰਾਜ ਨਹੀਂ। ਜੋਂ ਹਰ ਸਵਾਲ ਦਾ ਜਵਾਬ ਠੋਕ ਕੇ ਦੇਵੇਗਾ। ਹੁਣ ਰਾਜ ਸਾਡਾ ਹੈ, ਸਾਡਾ ਡੰਕਾ ਵਾਈਟ ਹਾਊਸ ਅਮਰੀਕਾ ਤੱਕ ਵੱਜਦਾ ਹੈ। ਤੁਸੀਂ ਪਿਛਲੇ ਦਿਨੀ ਦੇਖਿਆ ਹੈ ਕਿ ਸਾਡੇ ਮਾਣਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਪ੍ਰੈਸ ਕਾਨਫਰੰਸ ਦੌਰਾਨ ਚੁੱਪ ਰਹਿ ਕੇ ਕਿਵੇਂ ਪੱਤਰਕਾਰਾਂ ਦੀ ਖੜਕਾਈ ਕੀਤੀ। ਜਿਸ ਦੀਆਂ ਚੀਕਾਂ ਦੁਨੀਆਂ ਭਰ ਵਿੱਚ ਪੈ ਰਹੀਆਂ ਹਨ। ਨਾਲੇ ਦੇ ਕੁੱਤੇ ਭੌਕਣਗੇ ਤਾਂ ਚੋਰਾਂ ਨੂੰ ਮੋਰ ਨਹੀਂ ਪੈਂਦੇ। ਹੁਣ ਤਾਂ ਬਘਿਆੜ ਅਗਲੇ ਨੂੰ ਜਹਾਜ਼ ਉਤਰ ਦਿਆਂ ਹੀ ਦਬੋਚ ਲੈਂਦੇ ਹਨ, ਕਿਸੇ ਨੂੰ ਕੰਨੋਂ ਕੰਨੀ ਭਿਣਕ ਨਹੀਂ ਪੈਣ ਦੇਂਦੇ। ਇਹ ਤਾਂ ਉਹ ਗੱਲ ਹੋਈ ਹੈ, ਲੱਡੂ ਖਾ ਕੇ ਚੁਬਾਰੇ ਵਿਚੋਂ ਨਿਕਲੀ, ਮੱਖੀਆਂ ਨੇ ਪੈੜ ਨੱਪ ਲਈ। ਇਹ ਤਾਂ ਸੋਮਰਸ ਤੇ ਸ਼ੇਰ ਦੇ ਥਾਪੜੇ ਨੇ ਪੈਰ ਚੱਕ ਦਿੱਤੇ। ਸਿਆਣੇ ਕਹਿੰਦੇ ਆ ਕੁੱਤੇ ਦੇ ਘਿਉ ਕਿਥੇ ਪੱਚਦਾ ਹੈ। ਉਹ ਹਾਲ ਹੋਇਆ ਕਿ ਉਹਨਾਂ ਕੁੱਤਿਆਂ ਨੇ ਆ ਕੇ ਬੰਦਾ ਢਾਹ ਲਿਆ। ਉਹ ਤਾਂ ਬਾਅਦ ਵਿੱਚ ਪਤਾ ਲੱਗਾ ਕਿ ਉਹਨਾਂ ਨੇ ਡੂਮਣੇ ਮਖਿਆਲ ਵਿੱਚ ਵੱਟਾ ਮਾਰ ਦਿੱਤਾ। ਹੁਣ ਉਹ ਡੂਮਣਾ ਉਹਨਾਂ ਨੂੰ ਵੱਟੋ ਵੱਟ ਭਜਾਈ ਫਿਰਦਾ ਹੈ। ਉਹਨਾਂ ਨੇ ਕਤੂਰਿਆਂ ਵਾਂਗੂੰ ਬਹੁਤ ਚੂਊ ਚੂ ਕੀਤੀ, ਬੜੀਆਂ ਪੂਛਾਂ ਹਿਲਾਈਆਂ, ਤਲੀਆਂ ਚੱਟੀਆਂ। ਪਰ ਉਹਨਾਂ ਨੂੰ ਬੰਦੇ ਦੀ ਘਰਵਾਲੀ ਨੇ ਵਾਹਣੀਂ ਪਾ ਲਿਆ। ਹੁਣ ਮਾਮਲਾ ਉੱਚ ਕੋਰਟ ਵਿੱਚ ਪੁੱਜ ਗਿਆ। ਬਚਾਅ ਹੋਣਾ ਮੁਸ਼ਕਲ ਹੈ ਕਿਉਂਕਿ ਤਾਕਤ ਦਾ ਨਸ਼ਾ ਜੱਜ ਨੇ ਪਹਿਲੀ ਤਾਰੀਖ਼ ਉਤੇ ਲਾ ਦਿੱਤਾ ਹੈ। ਉਧਰ ਸੁੱਖ ਨੀਂ ਸਾਧ ਦੇ ਡੇਰੇ ਲੱਗਦੀ, ਦੁਪਹਿਰੇ ਕੁੱਤੇ ਭੌਂਕਦੇ, ਵਾਲੀ ਗੱਲ ਹੋ ਗਈ ਹੈ। ਸਿਆਣੇ ਕਹਿੰਦੇ ਹਨ ਸੱਚ ਇੱਕ ਵਾਰ ਬੋਲਿਆ ਜਾਂਦਾ ਹੈ, ਜੋਂ ਸਦਾ ਗੂੰਜਦਾ ਰਹਿੰਦਾ ਹੈ। ਇੱਕ ਵਾਰ ਝੂਠ ਬੋਲਿਆ, ਸੌ ਵਾਰ ਬੋਲਣਾ ਪੈਂਦਾ ਹੈ। ਜਿਵੇਂ ਕਹਿੰਦੇ ਹਨ ਕਿ ਝੂਠੇ ਦੇ ਪੈਰ ਨਹੀਂ ਹੁੰਦੇ, ਸਾਨੂੰ ਤਾਂ ਹੁਣ ਇਹ ਡਰ ਮਾਰੀ ਜਾ ਰਿਹਾ ਹੈ ਜੇ ਕਿਤੇ ਫੁਕਰੀ ਮਾਰੀ ਦੀ ਅਸਲੀ ਗੱਲ ਸਾਹਮਣੇ ਆ ਗਈ ਤਾਂ ਝੂਠ ਦੇ ਪਰਦੇ ਖੁੱਲ੍ਹ ਜਾਣਗੇ। ਅਜੇ ਤਾਂ ਉਸ ਨੌਜਵਾਨ ਦਾ ਸਿਵਾ ਵੀ ਠੰਡਾ ਨਹੀਂ ਹੋਇਆ ਤੇ ਸਾਡੇ ਸਿਵੇ ਬੋਲਣਗੇ। ਪਾਣੀ ਵਾਂਗ ਉਬਲਣ ਤਾਂ ਹੁਣ ਰਹੇ ਹਾਂ। ਕਹਿੰਦੇ ਹਨ ਕਿ ਕੁੱਤੇ ਦੀ ਜਦੋਂ ਮੌਤ ਆਉਂਦੀ ਹੈ, ਉਹ ਮਸੀਤੀਂ ਮੂਤਦਾ ਹੈ। ਅਸੀਂ ਤਾਂ ਕੋਈ ਥਾਂ ਛੱਡੀ ਨਹੀਂ ਜਿਥੇ ਨਹੀਂ ਮੂਤਿਆ ਤੇ ਲੋਕਾਂ ਦਾ ਸਾਹ ਸੂਤਿਆ ਹੈ। ਕੁੱਤਾ ਕੁੱਤੇ ਦਾ ਵੈਰੀ ਹੁੰਦਾ ਹੈ, ਹੁਣ ਪਤਾ ਲੱਗਿਆ ਹੈ ਕਿ ਫ਼ੂਕ ਵਿੱਚ ਆ ਕੇ ਪਟਾਕਾ ਕਿਵੇਂ ਪੈਦਾ ਹੈ। ਸਾਡੇ ਨਾਲ ਤਾਂ ਇਉਂ ਹੋ ਗਈ ਹੈ ਕਿ, ਕੁੱਤੀ ਗੋਹਲਾਂ ਖਾਣ ਗਈ, ਅੱਗੋਂ ਵਾਅ ਨਾ ਵੱਡੀ, ਪਿੱਛੋਂ ਰੋਟੀ ਵੇਲਾ ਖੁੰਝ ਗਿਆ। ਇਧਰ ਝੰਡਾ ਸਿਉਂ ਕਹਿੰਦਾ ਕਿਸੇ ਨੂੰ ਸੜਕ ਉੱਤੇ ਚੜ੍ਹਨ ਨਹੀਂ ਦੇਣਾ, ਉਧਰ ਪਿੰਡ ਪਿੰਡ ਮੁਹੰਮਦ ਸਦੀਕ ਦਾ ਗੀਤ ਬਨੇਰਿਆਂ ਉੱਤੇ ਗੂੰਜਦਾ ਹੈ, ਨੀ ਹੋ ਕੇ ਜੱਟ ਸ਼ਰਾਬੀ, ਹੁਣ ਕਿਉਂ ਲੁਕਦੀ ਫਿਰਦੀ ਭਾਬੀ। ਇਸ ਗੀਤ ਦੀਆਂ ਗੱਲਾਂ ਘਰਾਂ, ਸੱਥਾਂ, ਤੇ ਹੱਟੀਆਂ ਭੱਠੀਆਂ ਉਤੇ ਹੁੰਦੀਆਂ ਹਨ। ਹੁਣ ਹਾਲਤ ਇਹ ਬਣੀ ਹੋਈ ਹੈ , ਬਾਣੀਏ ਨੇ ਜੱਟ ਢਾਅ ਲਿਆ,ਉਤੇ ਪਏ ਦਾ ਕਲੇਜਾ ਖੜਕੇ। ਦਿੱਲੀ ਵਿੱਚ ਲਾਲ਼ੇ ਦੀਆਂ ਵਹੀਆਂ ਤੇ ਖਾਤਿਆਂ ਦੀ ਪੜਤਾਲ ਸ਼ੁਰੂ ਹੋ ਗਈ ਹੈ। ਅਖੇ ਮੂਸਾ ਭੱਜਿਆ ਮੌਤ ਤੋਂ ਅੱਗੇ ਮੌਤ ਖੜੀ। ਨਰਿੰਦਰ ਬੀਬਾ ਦਾ ਗੀਤ ਕੰਨਾਂ ਦੇ ਕੀੜੇ ਕੱਢ ਰਿਹਾ। ਵੇ ਖੜਜਾ ਜ਼ਾਲਮਾਂ ਸਬੱਬੀਂ ਹੋ ਗਏ ਮੇਲੇ। ਲਾਲਾ ਜੀ ਧੋਤੀ ਦਾ ਲਾਗੜ ਚੁੱਕੀ ਕਦੇ ਦਿੱਲੀ ਤੇ ਕਦੇ ਚੰਡੀਗੜ੍ਹ ਨੂੰ ਜਾਂਦਾ ਹੈ। ਉਹਨੂੰ ਫ਼ਿਕਰ ਲੱਗਿਆ ਹੋਇਆ ਹੈ ਕਿ ਉਹਦੀ ਪੋਲ ਖੁੱਲ੍ਹ ਗਈ ਹੈ, ਸਭ ਨੂੰ ਪਤਾ ਲੱਗ ਗਿਆ ਹੈ ਕਿ ਲਾਲਾ ਭਾਜਪਾ ਦਾ ਪੁੱਤਰ ਹੈ। ਹੁਣ ਪੁਲਸ ਤੇ ਕਿਸਾਨ ਜਵਾਨ ਆਹਮੋ ਸਾਹਮਣੇ ਹੋ ਗਏ ਹਨ, ਦਿੱਲੀ ਦੇ ਲਾਲੇ ਖ਼ੁਸ਼ ਹਨ। ਸ਼ਾਹ ਮੁਹੰਮਦ ਕਹਿੰਦਾ, ਜੰਗ ਹਿੰਦ ਪੰਜਾਬ ਦਾ ਹੋਣ ਲੱਗਾ, ਦੋਵੇਂ ਪਾਸੇ ਫੌਜਾਂ ਭਾਰੀਆਂ ਨੇ। ਹੁਣ ਬਾਬਾ ਨਾਨਕ ਆਖਦਾ ਹੈ, ਤਖਤਿ ਰਾਜਾ ਸੋ ਬਹੈ ਜਿਸ ਤਖਤੈ ਲਾਇਕ ਹੋਸੀ।। ਕੁੱਤਾ ਰਾਜ ਬਹਾਲੀਐ ਫਿਰਿ ਚੱਕੀ ਚੱਟੇ। ਪਰ ਇਸ ਰਾਜ ਨੇ ਕਿਹੜੇ ਕਿਹੜੇ ਪੱਤੇ ਚੱਟ ਲਏ, ਤੁਸੀਂ ਨਿੱਤ ਖਬਰਾਂ ਵਿੱਚ ਪੜ੍ਹਦੇ ਸੁਣਦੇ ਓ। ਤੁਸੀਂ ਵੀ ਕੰਨਾਂ ਤੇਲ ਪਾਇਆ ਹੋਇਆ ਹੈ ਤੇ ਜੀਭਾ ਠਾਕੀ ਹੋਈ ਹੈ। ਕੁੱਤੇ ਪਿੰਡ ਵਿੱਚ ਦੇ ਭੌਂਕਦੇ ਰਹਿੰਦੇ ਹਨ ਤਾਂ ਤੁਸੀਂ ਸਮਝੋ ਮਾਮਲਾ ਗੰਭੀਰ ਹੈ। ਹੁਣ ਕੌਣ ਸਾਹਿਬ ਨੂੰ ਆਖੇ ਇੰਝ ਨਹੀਂ ਤਾਂ ਇੰਝ ਕਰ। ਰਣਜੀਤ ਕੌਰ ਦੇ ਬੋਲ ਸੁਣ ਕੇ ਗੱਲ ਕਰਿਓ, ਬੁੜੀ ਨੂੰ ਭੌਂਕਣ ਦੇ ਤੂੰ ਮੇਲਾ ਦੇਖਣ ਚੱਲ। ਮੇਲਾ ਤਾਂ ਜਰਗ ਦਾ ਵੀ ਨਿਕਲ਼ ਗਿਆ ਹੈ, ਹੁਣ ਤਾਂ ਗੂਗਾ ਪੂਜਣ ਵੇਲੇ ਤੱਕ ਉਡੀਕ ਕਰਨੀ ਪਵੇਗੀ।  ਸਾਨ੍ਹਾਂ ਤੇ ਝੋਟਿਆਂ ਦਾ ਖੋਰੂ ਸ਼ਹਿਰਾਂ ਵਿੱਚ ਪੈਦਾ ਹੈ। ਗੁਰਦਿਆਲ ਸਿੰਘ ਅੰਨ੍ਹੇ ਘੋੜੇ ਦਾ ਦਾਨ, ਮੰਗਦਾ ਹੈ। ਬਾਘਾਪੁਰਾਣਾ ਤੇ ਭਦੌੜ ਵਿੱਚ ਆਵਾਰਾ ਕੁੱਤਿਆਂ ਬਘਿਆੜਾਂ ਨੇ ਮਿੱਟੀ ਸਿਰ ਉੱਤੇ ਚੁੱਕੀ ਹੋਈ ਹੈ। ਪੁਲਿਸ ਕਿਸਾਨਾਂ ਦੇ ਘਰਾਂ ਵਿੱਚ ਛਾਪੇ ਮਾਰਦੀ ਫਿਰਦੀ ਹੈ। ਕੱਲ੍ਹ ਜ਼ਿਲ੍ਹਾ ਪ੍ਰਸ਼ਾਸਨ ਦੇ ਖ਼ਿਲਾਫ਼ ਉਹਨਾਂ ਨੇ ਧਰਨਾ ਦੇਣਾ ਹੈ। ਪਰ ਪੁਲਿਸ ਹੱਥਾਂ ਨੂੰ ਥੁੱਕ ਲਾਈਂ ਫਿਰਦੀ ਹੈ। ਉਹ ਆਪਣਿਆਂ ਦੇ ਹੀ ਪੁੜੇ ਸੇਕ ਦੀ ਹੈ। ਤੁਸੀਂ ਕਿਸੇ ਗਲ਼ੀ ਜਾਂ ਚੌਂਕ ਵਿੱਚ ਕੁੱਤਿਆਂ ਦੀ ਲੜਾਈ ਦੇਖੋ। ਕੁੱਤਾ ਰਾਜ ਬਹਾਲੀਐ ਫਿਰ ਚੱਕੀ ਚੱਟੇ, ਉਹ ਕਈਆਂ ਦੇ ਘਰ ਪੱਟੇ।*
-----
ਬੁੱਧ ਸਿੰਘ ਨੀਲੋਂ

19 ਤੋਂ 23 ਸਤੰਬਰ ਤੱਕ ਲਈ ਬਾਬਾ ਫ਼ਰੀਦ ਮੇਲੇ ’ਤੇ ਵਿਸ਼ੇਸ਼ ਮਹਾਨ ਸੂਫ਼ੀ ਸੰਤ ਤੇ ਵਿਦਵਾਨ ਸ਼ੇਖ਼ ਫ਼ਰੀਦ ਜੀ

   ਮਹਾਨ ਸੂਫ਼ੀ ਸੰਤ ਸ਼ੇਖ ਫ਼ਰੀਦ ਜੀ ਦਾ ਸਮਾਂ ਈਸਾ ਦੀ 12ਵੀਂ ਸਦੀ ਹੈ। ਸ਼ੇਖ਼ ਫ਼ਰੀਦ ਦਾ ਸਥਾਨ ਪੰਜਾਬੀ ਸਾਹਿਤ ਵਿੱਚ ਉਹ ਹੈ ਜੋ ਚਾਸਰ ਦਾ ਅੰਗਰੇਜ਼ੀ ਸਾਹਿਤ ਵਿੱਚ ਹੈ। ਸ਼ੇਖ਼ ਫ਼ਰੀਦ ਦਾ ਜਨਮ ਸ਼ੇਖ ਜਮਾਲੁਦੀਨ ਸੁਲੇਮਾਨ ਦੇ ਗ੍ਰਹਿ ਮਾਤਾ ਮਰੀਅਮ ਦੀ ਕੁੱਖ ਤੋਂ ਕੋਠੀਵਾਲ ਪਿੰਡ ਵਿੱਚ ਸੰਮਤ 1230 ਬਿਕਰਮੀ, ਸੰਨ 1173 ਈ: ਨੂੰ ਹੋਇਆ। ਫ਼ਰੀਦ ਜੀ ਨੂੰ ਬਚਪਨ ਵਿੱਚ ਹੀ ਵਿੱਦਿਆ ਪੜ੍ਹਨ ਲਈ ਬਿਠਾਇਆ ਗਿਆ। ਵਿੱਦਿਆ ਪ੍ਰਾਪਤੀ ਲਈ ਆਪ ਕੋਠੀਵਾਲ ਨੂੰ ਛੱਡ ਕੇ ਮੁਲਤਾਨ ਚਲੇ ਗਏ ਕਿਉਂਕਿ ਉਹਨਾਂ ਦਿਨਾਂ ਵਿੱਚ ਮੁਲਤਾਨ ਸੰਸਾਰਿਕ ਤੇ ਰੂਹਾਨੀ ਵਿੱਦਿਆ ਦਾ ਕੇਂਦਰ ਸੀ। ਇਸ ਲਈ ਆਪ ਦੀ ਮੁੱਢਲੀ ਵਿੱਦਿਆ ਮੁਲਤਾਨ ਵਿੱਚ ਹੀ ਸ਼ੁਰੂ ਹੋਈ। ਫ਼ਰੀਦ ਜੀ ਖ਼ਵਾਜਾ ਬਖ਼ਤਿਆਰ ਕਾਕੀ ਦੇ ਮੁਰੀਦ ਹੋਏ ਹਨ।
ਬਾਬਾ ਫ਼ਰੀਦ ਜੀ ਮਹਾਨ ਤਿਆਗੀ, ਪਰਮ ਤਪੱਸਵੀ, ਕਰਤਾਰ ਦੇ ਅਨਿੰਨ ਉਪਾਸ਼ਕ ਤੇ ਵੱਡੇ ਵਿਦਵਾਨ ਸਨ । ਆਪ ਦਾ ਇੱਕ ਵਿਆਹ ਨਾਸਰਦੀਨ ਮਹਿਮੂਦ ਬਾਦਸ਼ਾਹ ਦਿੱਲੀ ਦੀ ਪੁੱਤਰੀ ਹਜ਼ਬਰਾ ਨਾਲ ਹੋਇਆ। ਜਿਸ ਨੂੰ ਉਹਨਾਂ ਨੇ ਦਰਵੇਸ਼ੀ ਕੱਪੜੇ ਪਹਿਨਾ ਕੇ ਆਪਣੇ ਅੰਗ-ਸੰਗ ਰੱਖਿਆ। ਇਸ ਤੋਂ ਇਲਾਵਾ ਤਿੰਨ ਹੋਰ ਇਸਤਰੀਆਂ ਫ਼ਰੀਦ ਜੀ ਦੀਆਂ ਪਹਿਲਾਂ ਸਨ। ਆਪ ਜੀ ਦੀਆਂ ਤਿੰਨ ਪੁੱਤਰੀਆਂ ਤੇ ਪੰਜ ਪੁੱਤਰ ਸਨ। ਸ਼ੇਖ਼ ਫ਼ਰੀਦ ਜੀ 93 ਸਾਲ ਦੀ ਉਮਰ ਬਤੀਤ ਕਰਕੇ ਸੰਮਤ 1323 ਬਿਕਰਮੀ, ਸੰਨ 1266 ਈ: ਨੂੰ ਪਾਕਪਟਨ ਵਿੱਚ ਜੋਤੀ-ਜੋਤਿ ਸਮਾ ਗਏ। ਸ਼ੇਖ਼ ਫ਼ਰੀਦ ਨੂੰ ‘ਬਾਬਾ ਫ਼ਰੀਦ’ ਵੀ ਕਿਹਾ ਜਾਂਦਾ ਹੈ।
ਬਾਬਾ ਫ਼ਰੀਦ ਜੀ ਦੀ ਬੰਸਾਵਲੀ ਇਸ ਪ੍ਰਕਾਰ ਹੈ:-
 ਸ਼ੇਖ਼ ਜਮਾਲੁਦੀਨ,  ਬਾਬਾ ਫ਼ਰੀਦੁਦੀਨ ਮਸਉੂਦ ਸ਼ਕਰਗੰਜ,  ਦੀਵਾਨ ਬਦਰੂਦੀਨ ਸੁਲੇਮਾਨ,  ਖ਼ਵਾਜਾ ਪੀਰ ਅਲਾਉਦੀਨ,  ਖ਼ਵਾਜਾ ਪੀਰ ਮੁਇਜ਼ਦੀਨ,  ਖ਼ਵਾਜਾ ਦੀਵਾਨ ਪੀਰ ਫ਼ਜ਼ਲ,  ਖ਼ਵਾਜਾ ਮੁਨੱਵਰ ਸ਼ਾਹ,  ਦੀਵਾਨ  ਪੀਰ ਬਹਉਦੀਨ,  ਦੀਵਾਨ ਸ਼ੇਖ਼ ਅਹਿਮਦ ਸ਼ਾਹ,   ਦੀਵਾਨ ਪੀਰ ਅਤਾਉਲਾ,  ਖ਼ਵਾਜਾ ਸ਼ੇਖ਼ ਮੁਹੰਮਦ,  ਸ਼ੇਖ਼ ਬ੍ਰਹਮ (ਇਬਰਾਹੀਮ)।
              ਸ਼ੇਖ਼ ਫ਼ਰੀਦ ਜੀ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਚਾਰ ਸ਼ਬਦ ਹਨ। ਰਾਗ ਆਸਾ (ਅੰਗ 488) ਵਿੱਚ ਇੱਕ ਚਉਪਦਾ ਤੇ ਇੱਕ ਅਸਟਪਦੀ ਅਤੇ ਰਾਗ ਸੂਹੀ (ਅੰਗ 794) ਵਿੱਚ ਇੱਕ ਚਉਪਦਾ ਅਤੇ ਇੱਕ ਤਿਪਦਾ। ਸਲੋਕ ਸ਼ੇਖ਼ ਫ਼ਰੀਦ ਕੇ ਦੇ ਸਿਰਲੇਖ ਹੇਠ 130 ਸਲੋਕ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਅੰਗ 1377 ਤੋਂ 1384 ਤੱਕ ਦਰਜ ਹਨ। ਉਹ ਪਹਿਲੇ ਕਵੀ ਹਨ। ਜਿਨ੍ਹਾਂ ਨੇ ਆਪਣੇ ਖ਼ਿਆਲ ਪੰਜਾਬੀ ਵਿੱਚ ਪ੍ਰਗਟ ਕੀਤੇ। ਪੰਜਾਬੀ ਦੇ ਇਸ ਜੇਠੇ ਤੇ ਉੱਤਮ ਕਵੀ ਨੇ ਇੱਕ ਨਵੀਂ ਸ਼ੈਲੀ ਸ਼ਬਦਾਵਲੀ ਨੂੰ ਜਨਮ ਦਿੱਤਾ। ਆਪ ਦੇ ਕਲਾਮ ਵਿੱਚ ਪਹਿਲਾਂ ਫ਼ਾਰਸੀ, ਅਰਬੀ ਸ਼ਬਦਾਂ ਨੂੰ ਪੰਜਾਬੀ ਰੂਪ ਦਿੱਤਾ ਗਿਆ। ਸ਼ੇਖ਼ ਫ਼ਰੀਦ ਲਹਿੰਦੇ ਪੰਜਾਬ ਦੇ ਵਸਨੀਕ ਸਨ। ਇਸ ਕਰਕੇ ਇਹਨਾਂ ਦੀ ਭਾਸ਼ਾ ਨੂੰ ਲਹਿੰਦੀ ਕਿਹਾ ਜਾਂਦਾ ਹੈ।
      ਪਾਕਿਸਤਾਨ ਵਿੱਚ ਬਾਬਾ ਫ਼ਰੀਦ ਦਾ ਮਕਬਰਾ ਅੱਜ ਵੀ ਕਾਇਮ ਹੈ। ਉਥੇ ਹਿੰਦੂ, ਮੂਸਲਮਾਨ, ਸਿੱਖ, ਈਸਾਈ ਸਭ ਨੂੰ ਸ਼ਾਮਲ ਕਰਕੇ ਇੱਕ ਟ੍ਰਸਟ ਕਾਇਮ ਕੀਤਾ ਗਿਆ। ਜਿਸ ਦਾ ਨਾਂ ‘ਜਾਤੀ ਉਮਰਾ ਹਿੰਦ-ਪਾਕਿ ਪਰਿਵਾਰ ਮਿਲਾਪ ਚੈਰਿਟੀ ਟ੍ਰਸਟ’ ਹੈ। ਇਸ ਟ੍ਰਸਟ ਦੇ ਸਰਪ੍ਰਸਤ ਮੀਆਂ ਮੁਹੰਮਦ ਸਾਹਿਬ ਹਨ।
          ਸ਼ੇਖ਼ ਫ਼ਰੀਦ ਖੋਜ ਕਰਦਿਆਂ ਕਰਦਿਆਂ, ਮੋਕਲਹਰ ਸ਼ਹਿਰ ਆ ਗਏ। ਜਿਸ ਅਸਥਾਨ ਤੇ ਉਹ ਠਹਿਰੇ ਉਸ ਨੂੰ ਅੱਜ ਗੋਦੜੀ ਸਾਹਿਬ ਕਿਹਾ ਜਾਂਦਾ ਹੈ। ਗੁਰਦੁਆਰਾ ਗੋਦੜੀ ਸਾਹਿਬ ਦੇ ਇਤਿਹਾਸ ਬਾਰੇ ਕਿਹਾ ਜਾਂਦਾ ਹੈ ਕਿ ਬਾਬਾ ਫ਼ਰੀਦ ਜੀ 1215 ਈ: ਵਿੱਚ ਜਦੋਂ ਦਿੱਲੀ ਤੋਂ ਪਾਕਪਟਨ ਜਾ ਰਹੇ ਸਨ ਤਾਂ ਇੱਥੇ ਆ ਕੇ ਉਹਨਾਂ ਆਪਣੇ ਗੁਰੂ ਬਖ਼ਤਿਆਰ ਕਾਕੀ ਵੱਲੋਂ ਬਖ਼ਸ਼ੀ ਹੋਈ ਗੋਦੜੀ ਦਰੱਖ਼ਤ ਤੇ ਟੰਗ ਦਿੱਤੀ ਅਤੇ ਆਪ ਖਾਣ-ਪੀਣ ਦਾ ਸਮਾਨ ਲੈਣ ਚਲੇ ਗਏ। ਉਸ ਵੇਲੇ ਇੱਥੋਂ ਦੇ ਰਾਜੇ ਮੋਕਲਹਰ ਵੱਲੋਂ ਕਿਲ੍ਹੇ ਦੀ ਉਸਾਰੀ ਕਰਵਾਈ ਜਾ ਰਹੀ ਸੀ। ਰਾਜੇ ਦੇ ਮੁਲਾਜ਼ਮਾਂ (ਅਹਿਲਕਾਰਾਂ) ਵੱਲੋਂ ਬਾਬਾ ਫ਼ਰੀਦ ਜੀ ਨੂੰ ਫੜ ਕੇ ਵਗਾਰ ਵਿੱਚ ਲਾ ਲਿਆ ਅਤੇ ਉਹ ਕਿਲ੍ਹੇ ਦੀ ਉਸਾਰੀ ਵਿੱਚ ਗਾਰਾ ਫੜ੍ਹਾਉਣ ਲੱਗੇ । ਅਚਾਨਕ ਰਾਜੇ ਦੀ ਨਿਗ੍ਹਾ ਬਾਬਾ ਫ਼ਰੀਦ ਜੀ ਤੇ ਪਈ। ਉਹਨਾਂ ਦੇਖਿਆ ਕਿ ਜਦੋਂ ਬਾਬਾ ਜੀ ਗਾਰੇ ਦੇ ਟੋਕਰੇ ਚੁੱਕਦੇ ਹਨ ਤਾਂ ਟੋਕਰਾ (ਬੱਨਲ/ਤਸਲਾ) ਉਹਨਾਂ ਦੇ ਸਿਰ ਤੋਂ ਰੱਬੀ ਸ਼ਕਤੀ ਨਾਲ ਆਪਣੇ ਆਪ ਉੱਚਾ ਹੋ ਜਾਂਦਾ ਸੀ ਅਤੇ ਟੋਕਰੇ ਦਾ ਭਾਰ ਉਹਨਾਂ ਦੇ ਸਿਰ ’ਤੇ ਨਹੀਂ ਆਉਂਦਾ ਸੀ। ਇਹ ਕੌਤਕ ਦੇਖ ਕੇ ਰਾਜਾ ਸਮਝ ਗਿਆ ਕਿ ਇਹ ਕੋਈ ਫ਼ਕੀਰ ਹਨ । ਉਸ ਨੇ ਬਾਬਾ ਫ਼ਰੀਦ ਜੀ ਦੇ ਚਰਨ (ਪੈਰ) ਫੜ ਕੇ ਮੁਆਫ਼ੀ ਮੰਗੀ । ਬਾਬਾ ਫ਼ਰੀਦ ਵਗਾਰ ਵਿੱਚ ਫੜੇ ਹੋਏ ਗ਼ਰੀਬ ਲੋਕਾਂ ਨੂੰ ਰਿਹਾਅ ਕਰਵਾਉਣ ਉਪਰੰਤ ਜਦ ਮੁੜ ਛੱਪੜੀ ਦੇ ਕਿਨਾਰੇ ਪਹੁੰਚੇ ਤਾਂ ਕੁਝ ਮੁੰਡੇ ਬਾਬਾ ਜੀ ਦੀ ਗੋਦੜੀ ਦੀ ਖੁੱਦੋ (ਗੇਂਦ) ਬਣਾ ਕੇ ਖੇਡ ਰਹੇ ਸਨ। ਬਾਬਾ ਜੀ ਨੇ ਆਪਣੇ ਗੁਰੂ ਵੱਲੋਂ ਬਖ਼ਸ਼ੀ ਗੋਦੜੀ ਤੋਂ ਵੱਖ ਹੋਣ ਦੀ ਭੁੱਲ ਨੂੰ ਬਖ਼ਸ਼ਾਉਣ ਲਈ 40 ਦਿਨ ਚਲੀਹਾ ਕੱਟਿਆ। ਬਾਅਦ ਵਿੱਚ ਇਸ ਅਸਥਾਨ ਦਾ ਨਾਂ ‘ਗੋਦੜੀ ਸਾਹਿਬ’ ਪੈ ਗਿਆ, ਜਿੱਥੇ ਲੋਕ ਆ ਕੇ ਨਤਮਸਤਕ ਹੁੰਦੇ ਹਨ ਅਤੇ ਮਨ-ਇੱਛਤ ਕਾਮਨਾਵਾਂ ਪੂਰੀਆਂ ਕਰਦੇ ਹਨ।
   ‌      ਇਸ ਪਿੱਛੋਂ ਰਾਜਾ ਮੋਕਲਹਰ ਨੇ ਆਪਣਾ ਨਾਂ ਹਟਾ ਕੇ ਦਰਵੇਸ਼/ਫ਼ਕੀਰ ਦੇ ਨਾਂ ਤੇ ਨਗਰ ਦਾ ਨਾਂ ‘ਫ਼ਰੀਦਕੋਟ’ ਰੱਖ ਦਿੱਤਾ। ਇਸ ਸ਼ਹਿਰ ਨੂੰ ਬਾਬਾ ਫ਼ਰੀਦ ਜੀ ਦੇ ਸ਼ਹਿਰ ਫ਼ਰੀਦਕੋਟ ਵਜੋਂ ਜਾਣਿਆ ਜਾਂਦਾ ਹੈ। ਫ਼ਰੀਦਕੋਟ ਵਿੱਚ ਗੁਰਦੁਆਰਾ ਟਿੱਲਾ ਬਾਬਾ ਸ਼ੇਖ਼ ਫ਼ਰੀਦ ਜੀ ਦਾ ਗੁਰਦੁਆਰਾ ਸਥਿਤ ਹੈ ਜੋ ਅੱਜ ਸੰਸਾਰ ਭਰ ਵਿੱਚ ਪ੍ਰਸਿੱਧ ਹੈ। ਉਹ ਵਣ ਦਾ ਦਰੱਖ਼ਤ ਜਿਸ ਨਾਲ ਬਾਬਾ ਫ਼ਰੀਦ ਜੀ ਨੇ ਗਾਰੇ ਦੀ ਟੋਕਰੀ ਚੁੱਕਦੇ ਸਮੇਂ ਆਪਣੇ ਗਾਰੇ ਨਾਲ ਲਿੱਬੜੇ ਹੋਏ ਹੱਥ ਪੂੰਝੇ (ਸਾਫ਼ ਕੀਤੇ) ਸਨ। ਬਾਬਾ ਜੀ ਦੇ ਇਸ ਅਸਥਾਨ ਤੇ ਪਿਛਲੇ ਸੈਂਕੜੇ ਸਾਲਾਂ ਤੋਂ ਜੋਤ ਲਗਾਤਾਰ ਜਲ ਰਹੀ ਹੈ। ਇਸ ਅਸਥਾਨ ਤੇ ਹਰ ਵੀਰਵਾਰ ਨੂੰ ਵੱਡੀ ਤਾਦਾਦ ਵਿੱਚ ਸੰਗਤਾਂ ਪਹੁੰਚਦੀਆਂ ਹਨ। ਸੰਗਤਾਂ ਵੱਲੋਂ ਨਮਕ, ਝਾੜੂ, ਅਤੇ ਮਿਸ਼ਰੀ ਦਾ ਪ੍ਰਸ਼ਾਦ ਚੜ੍ਹਾਇਆ ਜਾਂਦਾ ਹੈ । ਸਵੇਰ ਤੋਂ ਰਾਤ ਤੱਕ ਰਾਗੀ, ਢਾਡੀ, ਪ੍ਰਚਾਰਕ ਗੁਰੂ ਜਸ ਦੁਆਰਾ ਸੰਗਤਾਂ ਨੂੰ ਨਿਹਾਲ ਕਰਦੇ ਹਨ। ਗੁਰੂ ਕਾ ਲੰਗਰ ਅਤੁੱਟ ਵਰਤਦਾ ਹੈ। ਬਾਜ਼ਾਰ ਵਿੱਚ ਵੀ ਖ਼ੂਬ ਚਹਿਲ-ਪਹਿਲ ਹੁੰਦੀ ਹੈ।
          ਬਾਬਾ ਫ਼ਰੀਦ ਜੀ ਇੱਕ ਧਾਰਮਿਕ ਸ਼ਖ਼ਸੀਅਤ ਸਨ । ਪਰ ਅਜੋਕੇ ਸਮੇਂ ਵਿੱਚ ਬਾਬਾ ਫ਼ਰੀਦ ਜੀ ਦੇ ਨਾਂ ’ਤੇ ਅਨੇਕਾਂ ਸੰਸਥਾਵਾਂ ਫ਼ਰੀਦਕੋਟ ਵਿੱਚ ਹੀ ਨਹੀਂ ਸਗੋਂ ਆਲੇ ਦੁਆਲੇ ਦੇ ਪਿੰਡਾਂ, ਸ਼ਹਿਰਾਂ ਵਿੱਚ ਵੀ ਬਣ ਚੁੱਕੀਆਂ ਹਨ। ਗੁਰਦੁਆਰਾ ਗੋਦੜੀ ਸਾਹਿਬ, ਬਾਬਾ ਫ਼ਰੀਦ ਸੁਸਾਇਟੀ, ਟਿੱਲਾ ਬਾਬਾ ਫ਼ਰੀਦ, ਬਾਬਾ ਫ਼ਰੀਦ ਹੈਲਥ ਯੂਨੀਵਰਸਿਟੀ, ਬਾਬਾ ਫ਼ਰੀਦ ਸੱਭਿਆਚਾਰਕ ਕੇਂਦਰ, ਬਾਬਾ ਫ਼ਰੀਦ ਪਬਲਿਕ ਸਕੂਲ, ਬਾਬਾ ਫ਼ਰੀਦ ਹਾਕੀ, ਫੁੱਟਬਾਲ, ਕਬੱਡੀ, ਬਾਸਕਟਬਾਲ ਕਲੱਬਾਂ, ਬਾਬਾ ਫ਼ਰੀਦ ਆਰਟ ਸੁਸਾਇਟੀ, ਬਾਬਾ ਫ਼ਰੀਦ ਕੁਸ਼ਤੀ ਅਖਾੜਾ ਆਦਿ ਬਾਬਾ ਫ਼ਰੀਦ ਜੀ ਦੇ ਨਾਂ ਤੇ ਫ਼ਰੀਦਕੋਟ ਵਿਖੇ ਸਥਾਪਿਤ ਹਨ।
        ਬਾਬਾ ਫ਼ਰੀਦ ਸੁਸਾਇਟੀ ਦੇ ਪ੍ਰਧਾਨ ਸ੍ਰ: ਇੰਦਰਜੀਤ ਸਿੰਘ ਖ਼ਾਲਸਾ ਸਨ। ਇਹਨਾਂ ਦੇ ਉੱਦਮ ਸਦਕਾ ਹੀ ਸੰਨ 1969 ਈਸਵੀ ਤੋਂ ਬਾਬਾ ਫ਼ਰੀਦ ਜੀ ਦੇ ਆਗਮਨ ਪੁਰਬ ਦੀ ਖ਼ੁਸ਼ੀ ਵਿੱਚ ਮੇਲਾ ਮਨਾਉਣਾ ਸ਼ੁਰੂ ਕੀਤਾ ਗਿਆ। ਇਹ ਮੇਲਾ ਪ੍ਰਸ਼ਾਸਨ, ਰੈਡਕਰਾਸ, ਵਿਦਿਅਕ ਸੰਸਥਾਵਾਂ ਤੇ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਮਨਾਇਆ ਜਾਂਦਾ ਹੈ। ਇਸ ਮੇਲੇ ਵਿੱਚ ਸੰਗੀਤ ਮੰਡਲੀਆਂ, ਰਾਗੀ, ਢਾਡੀ, ਨਾਟਕ, ਸੂਫੀ ਆਨਾ ਕਲਾਮ, ਖੇਡਾਂ, ਸੈਮੀਨਾਰ ਤੇ ਨਗਰ-ਕੀਰਤਨ ਦਾ ਪ੍ਰਬੰਧ ਵੀ ਕੀਤਾ ਜਾਣ ਲੱਗ ਪਿਆ ਹੈ । ਮੇਲੇ ਵਿੱਚ ਰੱਥ, ਘੋੜੇ, ਊਠ, ਹਾਥੀ ਅਤੇ ਵੱਖ-ਵੱਖ ਵਿਰਾਸਤੀ ਆਈਟਮਾਂ ਵੀ ਲੋਕਾਂ ਦੇ ਦੇਖਣਯੋਗ ਹੁੰਦੀਆਂ ਹਨ । ਮੇਲੇ ਮੌਕੇ ਸ਼ਹਿਰ ਨੂੰ ਬਿਜਲੀ ਦੀਆਂ ਰੰਗੀਨ ਲੜੀਆਂ ਨਾਲ ਖੂਬਸੂਰਤ ਸਜਾਇਆ ਜਾਂਦਾ ਹੈ । ਹਰ ਸਾਲ ਬਾਬਾ ਫ਼ਰੀਦ ਜੀ ਦੇ ਆਗਮਨ ਪੁਰਬ ਤੇ 23 ਸਤੰਬਰ ਨੂੰ ਡਿਪਟੀ ਕਮਿਸ਼ਨਰ ਵੱਲੋਂ ਵਿਦਿਅਕ ਅਦਾਰਿਆਂ, ਦਫਤਰਾਂ, ਬੋਰਡਾਂ ਵਿੱਚ ਛੁੱਟੀ ਕੀਤੀ ਜਾਂਦੀ ਹੈ। ਸ੍ਰ: ਭਗਤ ਸਿੰਘ ਜੀ ਡਿਪਟੀ ਕਮਿਸ਼ਨਰ ਨੇ ਪੰਜਾਬ ਸਰਕਾਰ ਤੋਂ ਬਾਬਾ ਫਰੀਦ ਜੀ ਦੇ ਮੇਲੇ 'ਤੇ ਆਪਣੇ ਯਤਨਾਂ ਸਦਕਾ ਸਰਕਾਰੀ ਛੁੱਟੀ ਮਨਜ਼ੂਰ ਕਰਵਾਈ ਸੀ  ।
      19 ਸਤੰਬਰ ਦਿਨ ਵੀਰਵਾਰ ਨੂੰ ਸਵੇਰੇ 6-45 ਵਜੇ ਗੁਰਦੁਆਰਾ ਟਿੱਲਾ ਬਾਬਾ ਫ਼ਰੀਦ ਜੀ ਅਤੇ ਸਵੇਰੇ 10-30 ਵਜੇ ਗੁਰਦੁਆਰਾ ਗੋਦੜੀ ਸਾਹਿਬ ਵਿਖੇ ਸ਼੍ਰੀ ਸੁਖਮਨੀ ਸਾਹਿਬ ਦੇ ਪਾਠ ਉਪਰੰਤ ਸਮਾਗਮ ਦੀ ਸ਼ੁਰੂਆਤ ਹੋਈ। ਇਸੇ ਦਿਹਾੜੇ ਹੀ ਰਾਤ ਨੂੰ 7-45 ਵਜੇ ਤੋਂ 8-45 ਵਜੇ ਤੱਕ ਸਿੰਘ ਸਾਹਿਬ ਗਿਆਨੀ  ਅਮਰਜੀਤ ਸਿੰਘ ਜੀ ਐਡੀਸ਼ਨਲ ਹੈੱਡ ਗ੍ਰੰਥੀ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ, 8-45 ਵਜੇ ਤੋਂ 9-45 ਵਜੇ ਤੱਕ ਭਾਈ ਅਮਨਦੀਪ ਸਿੰਘ ਜੀ ਹਜ਼ੂਰੀ ਰਾਗੀ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਅੰਮ੍ਰਿਤਮਈ ਕੀਰਤਨ ਤੇ ਗੁਰਮਤਿ ਵਿਚਾਰਾਂ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ।
              20 ਸਤੰਬਰ ਦਿਨ ਸ਼ੁੱਕਰਵਾਰ ਸ਼ਾਮ 7-45 ਵਜੇ ਤੋਂ 8-45 ਵਜੇ ਤੱਕ ਸਿੰਘ ਸਾਹਿਬ ਗਿਆਨੀ ਨਿਸ਼ਾਨ ਸਿੰਘ ਜੀ ਹੈਡ ਗ੍ਰੰਥੀ ਬੀੜ ਬਾਬਾ ਬੁੱਢਾ ਸਾਹਿਬ ਜੀ ਤਰਨਤਾਰਨ, 8-45 ਵਜੇ ਤੋਂ 9-45 ਵਜੇ ਤੱਕ ਭਾਈ ਲਖਵਿੰਦਰ ਸਿੰਘ ਜੀ ਹਜ਼ੂਰੀ ਰਾਗੀ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਗੁਰਬਾਣੀ ਕੀਰਤਨ ਅਤੇ ਗੁਰਮਤਿ ਵਿਚਾਰਾਂ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ। 
        21 ਸਤੰਬਰ ਦਿਨ ਸ਼ਨੀਵਾਰ ਨੂੰ ਸਵੇਰੇ 9 ਵਜੇ ਟਿੱਲਾ ਬਾਬਾ ਫ਼ਰੀਦ ਜੀ ਵਿਖੇ ਅਖੰਡ-ਪਾਠ ਸਾਹਿਬ ਆਰੰਭ ਕੀਤਾ ਗਿਆ। ਇਸੇ ਦਿਹਾੜੇ ਹੀ ਗੁਰਦੁਆਰਾ ਗੋਦੜੀ ਸਾਹਿਬ ਵਿਖੇ ਸ਼ਾਮ ਨੂੰ 7-45 ਵਜੇ ਤੋਂ 8-45 ਵਜੇ ਤੱਕ ਪ੍ਰਿੰਸੀਪਲ ਹਰਭਜਨ ਸਿੰਘ ਜੀ ਸਾਹਿਬਜ਼ਾਦਾ ਜੁਝਾਰ ਸਿੰਘ ਮਿਸ਼ਨਰੀ ਕਾਲਜ ਚੌਂਤਾ ਕਲਾਂ ਰੋਪੜ, 8-45 ਵਜੇ ਤੋਂ 9-45 ਵਜੇ ਤੱਕ ਗਿਆਨੀ ਜੋਗਿੰਦਰ ਸਿੰਘ ਜੀ ਖੰਡਸਾਲ ਨੇ ਗੁਰਮਤਿ ਵਿਚਾਰਾਂ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ। 
        22 ਸਤੰਬਰ ਦਿਨ ਐਤਵਾਰ ਨੂੰ ਸ਼ਾਮ 7-45 ਵਜੇ ਤੋਂ 8-45 ਵਜੇ ਤੱਕ ਭਾਈ ਗੁਰਮਨਪ੍ਰੀਤ ਸਿੰਘ, ਭਾਈ ਹਰਮਨਪ੍ਰੀਤ ਸਿੰਘ ਦਿੱਲੀ ਵਾਲੇ, 8-45 ਵਜੇ ਤੋਂ 9-45 ਵਜੇ ਤੱਕ ਭਾਈ ਹਰਜੋਤ ਸਿੰਘ ਜੀ ਜ਼ਖ਼ਮੀ ਗੁਰਬਾਣੀ ਦੇ ਰਸ-ਭਿੰਨੇ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕਰਨਗੇ। 
      ‌‌ 23 ਸਤੰਬਰ ਦਿਨ ਸੋਮਵਾਰ ਨੂੰ ਗੁਰਦੁਆਰਾ ਟਿੱਲਾ ਬਾਬਾ ਫ਼ਰੀਦ ਵਿਖੇ ਸਵੇਰੇ 8-30 ਵਜੇ ਸ਼੍ਰੀ ਅਖੰਡ-ਸਾਹਿਬ ਦੇ ਭੋਗ ਪਾਏ ਜਾਣਗੇ, ਅਰਦਾਸ ਉਪਰੰਤ ਗੁਰਦੁਆਰਾ ਟਿੱਲਾ ਬਾਬਾ ਫ਼ਰੀਦ ਤੋਂ ਗੁਰਦੁਆਰਾ ਗੋਦੜੀ ਸਾਹਿਬ ਤੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਵਿਸ਼ਾਲ ਨਗਰ ਕੀਰਤਨ ਸਜਾਇਆ ਜਾਵੇਗਾ। ਇਸੇ ਦਿਹਾੜੇ ਸਵੇਰੇ 9 ਵਜੇ ਤੋਂ ਦੁਪਹਿਰ 2 ਵਜੇ ਤੱਕ ਧਾਰਮਿਕ, ਦੀਵਾਨ ਸਜਾਏ ਜਾਣਗੇ। ਜਿਸ ਵਿੱਚ ਪੰਥ ਦੇ ਪ੍ਰਸਿੱਧ ਰਾਗੀ, ਢਾਡੀ, ਪ੍ਰਚਾਰਕ, ਉੱਚ ਸ਼ਖ਼ਸ਼ੀਅਤਾਂ ਬਾਬਾ ਫ਼ਰੀਦ ਜੀ ਦੇ ਜੀਵਨ ਤੇ ਫ਼ਲਸਫ਼ੇ ਬਾਰੇ ਵਿਚਾਰਾਂ ਦੁਆਰਾ ਸੰਗਤਾਂ ਨੂੰ ਨਿਹਾਲ ਕਰਨਗੇ। ਦੋ ਵਿਅਕਤੀਆਂ ਨੂੰ ‘ਬਾਬਾ ਫ਼ਰੀਦ ਐਵਾਰਡ' ਨਾਲ ਸਨਮਾਨਿਤ ਕੀਤਾ ਜਾਵੇਗਾ, ਇਸ ਐਵਾਰਡ ਵਿੱਚ ਸਿਰੋਪਾਉ, ਸਨਮਾਨ ਚਿੰਨ੍ਹ ਤੇ ਇੱਕ ਲੱਖ ਰੁਪਏ ਦਿੱਤਾ ਜਾਵੇਗਾ । ਗੁਰੂ ਕਾ ਲੰਗਰ ਅਤੁੱਟ ਵਰਤੇਗਾ। 22 ਤੇ 23 ਸਤੰਬਰ ਨੂੰ ਫ਼ਰੀਦਕੋਟ ਸ਼ਹਿਰ ਦੇ ਵਾਸੀ ਆਪਣੇ ਘਰਾਂ ਵਿੱਚ ਰੋਸ਼ਨੀ ਕਰਕੇ ਬਾਬਾ ਫਰੀਦ ਜੀ ਨੂੰ ਆਪਣੀ ਸ਼ਰਧਾ ਦੇ ਫੁੱਲ ਭੇਟ ਕਰਦੇ ਹਨ।  
ਕਰਨੈਲ ਸਿੰਘ ਐੱਮ.ਏ.ਲੁਧਿਆਣਾ
#1138/63-ਏ, ਗੁਰੂ ਤੇਗ਼ ਬਹਾਦਰ ਨਗਰ
ਗਲੀ ਨੰਬਰ-1, ਚੰਡੀਗੜ੍ਹ ਰੋਡ
ਜਮਾਲਪੁਰ, ਲੁਧਿਆਣਾ
Email- karnailSinghma@gmail.com

ਬਰਸੀ ਤੇ ਵਿਸ਼ੇਸ਼

  ਕੀਰਤਨ ਦੇ ਧਨੀ ਤੇ ਬ੍ਰਹਮ-ਗਿਆਨੀ ਸਨ:
                 ਸੰਤ ਹਰਨਾਮ ਸਿੰਘ ਰੋਡੇ ਵਾਲੇ
            ਸੰਤ ਹਰਨਾਮ ਸਿੰਘ ਦਾ ਜਨਮ 1898 ਈ: ਨੂੰ ਪਿਤਾ ਸ੍ਰ: ਹਰਵੰਦ ਸਿੰਘ ਦੇ ਘਰ ਮਾਤਾ ਕਰਤਾਰ ਕੌਰ ਦੀ ਕੁੱਖੋਂ ਪਿੰਡ ਰੋਡੇ, ਨੇੜੇ ਰੰਗਪੁਰ, ਤਹਿਸੀਲ ਖੁਸ਼ਾਬ ਜ਼ਿਲ੍ਹਾ ਸਰਗੋਧਾ ਪਾਕਿਸਤਾਨ ਵਿਖੇ ਹੋਇਆ। ਉਹਨਾਂ ਸਮੇਤ ਤਿੰਨ ਭਰਾ ਅਜਾਇਬ ਸਿੰਘ, ਹਰਨਾਮ ਸਿੰਘ ਤੇ ਮੋਹਕਮ ਸਿੰਘ ਹਨ। ਉਹਨਾਂ ਨੇ ਬਾਰ੍ਹਵੀਂ ਜਮਾਤ ਤੱਕ ਸਕੂਲੀ ਵਿੱਦਿਆ ਖ਼ਾਲਸਾ ਸਕੂਲ ਅੰਮ੍ਰਿਤਸਰ ਤੋਂ ਪ੍ਰਾਪਤ ਕੀਤੀ। ਆਪ ਦੇ ਪਿਤਾ ਜੀ ਆੜ੍ਹਤੀ ਸਨ। ਪਿਤਾ ਜੀ ਨੇ ਆਪ ਨੂੰ ਕਿਹਾ ਕਿ ਘਰ ਦੇ ਕੰਮਾਂ ਵਿੱਚ ਹੱਥ ਵਟਾਇਆ ਕਰ। ਆਪ ਨੂੰ ਆੜ੍ਹਤ ਦੀ ਦੁਕਾਨ ’ਤੇ ਬਿਠਾ ਦਿੱਤਾ, ਆਪ ਨੇ ਪਿਤਾ ਜੀ ਨੂੰ ਸਾਫ਼ ਤੌਰ ’ਤੇ ਕਹਿ ਦਿੱਤਾ ਕਿ ਜਿਸ ਵਿਅਕਤੀ ਨੇ ਜਿੰਨੇ ਪੈਸੇ ਮੰਗੇ, ਮੈਂ ਦੇ ਦਿਆਂਗਾ। ਹਿਸਾਬ-ਕਿਤਾਬ ਰੱਖਣਾ ਮੇਰੇ ਵੱਸ ’ਚ ਨਹੀਂ ਹੈ। ਇਸ ਤਰ੍ਹਾਂ ਦਾ ਵਿਵਹਾਰ ਦੇਖ ਕੇ ਸ੍ਰ: ਹਰਵੰਦ ਸਿੰਘ ਨੇ ਹਰਨਾਮ ਸਿੰਘ ਨੂੰ ਕਿਹਾ ਕਿ ਤੂੰ ਸਾਡੇ ਕੰਮ ਦਾ ਨਹੀਂ ਹੈ। ਉਸ ਤੋਂ ਬਾਅਦ ਆਪ ਅੰਮ੍ਰਿਤ ਛਕ ਕੇ ਸਿੰਘ ਸਜ ਗਏ। ਆਪ ਦਾ ਵਿਆਹ ਜੈ ਕੌਰ ਨਾਲ ਹੋਇਆ। ਆਪ ਦੇ ਘਰ ਦੋ ਲੜਕੀਆਂ ਨੇ ਜਨਮ ਲਿਆ।
 ‌     ‌ ਸੰਨ 1921 ਈ: ਵਿੱਚ ਹੋਲੇ-ਮਹੱਲੇ ’ਤੇ ਸ਼੍ਰੀ ਅਨੰਦਪੁਰ ਸਾਹਿਬ ਆਏ। ਇੱਥੇ ਆ ਕੇ ਉਹਨਾਂ ਪ੍ਰਬੰਧਕਾਂ ਤੋਂ ਪੁੱਛਿਆ ਕਿ ਅਕਾਲਗੜ੍ਹ ਨਜ਼ਦੀਕ ਨਵਾਂ ਸ਼ਹਿਰ ਵਿਖੇ ਰਾਤ ਨੂੰ ਕੀਰਤਨ ਹੁੰਦਾ ਹੈ। ਸੰਤ ਹਰਨਾਮ ਸਿੰਘ ਕੁਝ ਸਮਾਂ ਇੱਥੇ ਰਹੇ, ਆਪਣੇ ਪਿੰਡ ਰੰਗਪੁਰ ਵੀ ਜਾਂਦੇ। ਗੇੜਾ (ਚੱਕਰ) ਲਾ ਕੇ ਫਿਰ ਆ ਜਾਂਦੇ। ਪਿੰਡ ਰੰਗਪੁਰ ਵਿੱਚ ਛੋਟਾ ਜਿਹਾ ਗੁਰਦਆਰਾ ਸੀ, ਸੰਗਤ ਵੀ ਸੀਮਿਤ ਜਿਹੀ ਹੀ ਆਉਂਦੀ ਸੀ। ਗੁਰਦੁਆਰਾ ਸਾਹਿਬ ਦਾ ਗੇਟ ਪਹਿਲਾਂ ਲੱਕੜ ਦਾ ਸੀ। ਸੰਤ ਹਰਨਾਮ ਸਿੰਘ ਨੇ 1935-1936 ਈ: ਵਿੱਚ ਜਾਂਦਿਆਂ ਹੀ ਲੋਹੇ ਦਾ ਗੇਟ ਬਣਾਇਆ ਤੇ ਬਾਕੀ ਦੇ ਸਾਰੇ ਗੇਟ (ਦਰਵਾਜ਼ੇ) ਬੰਦ ਕਰਵਾ ਦਿੱਤੇ। ਸੰਤ ਜੀ ਨੇ ਪੰਜ-ਛੇ ਕਨਾਲਾਂ ਵਿੱਚ ਬਹੁਤ ਸੁੰਦਰ ਗੁਰਦੁਆਰਾ ਤਿਆਰ ਕਰਵਾਇਆ। ਸੰਤ ਜੀ ਦੀ ਸਾਰੇ ਪਾਸੇ ਵਾਹ-ਵਾਹ ਹੋਣ ਲੱਗ ਪਈ। ਗੁਰਦੁਆਰਾ ਸਾਹਿਬ ਦੀ ਕਾਰ-ਸੇਵਾ ਇੱਕ ਮਿੰਟ ਲਈ ਵੀ ਬੰਦ ਨਹੀਂ ਹੋਈ। ਸੱਤ ਮਿਸਤਰੀ ਤੇ ਕਈ ਸਿੰਘ ਵਾਰੀ-ਵਾਰੀ ਮਜ਼ਦੂਰੀ ਦੀ ਸੇਵਾ ਕਰਦੇ ਰਹੇ। ਸੰਤ ਜੀ ਨੇ ਗੁਰਦੁਆਰਾ ਸਾਹਿਬ ਵਿੱਚ ਸਵੇਰੇ-ਸ਼ਾਮ ਗੁਰਬਾਣੀ ਦਾ ਅਥਾਹ ਪ੍ਰਵਾਹ ਚਲਾਇਆ। ਗੁਰਦੁਆਰੇ ਵਿੱਚ ਸੰਤ ਹਰਨਾਮ ਸਿੰਘ ਜੀ ਨੌਜਵਾਨ ਬੱਚੇ-ਬੱਚੀਆਂ, ਔਰਤਾਂ ਤੇ ਮਰਦਾਂ ਨੂੰ ਗੁਰਬਾਣੀ ਦੀ ਸੰਥਿਆ ਕਰਵਾਉਂਦੇ ਸਨ। ਸੰਤ ਜੀ ਨੇ ਅਣਗਿਣਤ ਹੀ ਮਰਦ ਤੇ ਔਰਤਾਂ ਅਖੰਡ-ਪਾਠੀ ਬਣਾਏ। ਇੱਕ ਬੀਬੀ ਸੰਤ ਜੀ ਦੇ ਨਾਲ ਰਹਿਣ ਕਰਕੇ ਸੰਤ ਬਣ ਗਈ। ਉਸ ਦਾ ਜੀਵਨ ਉੱਚਾ ਹੋਣ ਕਰਕੇ ਉਸਨੇ ਅੱਜ ਤੱਕ ਗ੍ਰਹਿਸਤ ਜੀਵਨ ਧਾਰਨ ਨਹੀਂ ਕੀਤਾ।  
   ‌‌    ‌      ਸੰਤ ਹਰਨਾਮ ਸਿੰਘ ਰੋਜ਼ਾਨਾ 36 ਬਾਣੀਆਂ ਦਾ ਪਾਠ ਕਰਦੇ ਸਨ। ਸੁੱਖਾਂ ਦੀ ਮਨੀ ਸੁਖਮਨੀ ਸਾਹਿਬ ਦਾ ਪਾਠ ਗਲਾਸ ਤੇ ਕੜਾ ਵਜਾ ਕੇ ਕੀਰਤਨ ਆਪ ਖ਼ੁਦ ਕਰਦੇ ਤੇ ਸਾਰੀ ਸੰਗਤ ਨੂੰ ਵੀ ਕਰਵਾਉਂਦੇ ਸਨ। ਸੰਨ 1937 ਈ: ਸੰਤ ਜੀ ਨੇ ਰੰਗਪੁਰ ਇਲਾਕੇ ਦੇ ਲੋਕਾਂ ਨੂੰ ਕਿਹਾ ‘‘ਕਿ ਤੁਸੀਂ ਇੱਥੋਂ ਉੱਠ ਜਾਉ, ਇਹ ਉੱਜੜ ਜਾਣਾ ਹੈ। ਤੁਸੀਂ ਇੱਥੋਂ ਤਿਆਰੀ ਕਰ ਲਉ।’’ ਸਾਰੇ ਲੋਕਾਂ ਨੇ ਆਪਣੇ-ਆਪਣੇ ਘਰ ਆ ਕੇ ਦੱਸਿਆ ਕਿ ਇੱਕ ਨਿਹੰਗ ਸਿੰਘ ਡਰਾਉਂਦਾ ਹੈ। ਦੰਗੇ-ਫਸਾਦ ਸ਼ੁਰੂ ਹੋ ਗਏ। ਗੁਰਦੁਆਰਾ ਸਾਹਿਬ ਪੰਜ-ਛੇ ਕਨਾਲਾਂ ਵਿੱਚ ਬਣਿਆ ਹੋਇਆ ਸੀ। ਇਸ ਦੀਆਂ ਕੰਧਾਂ ਬਹੁਤ ਚੌੜੀਆਂ ਤੇ ਉੱਚੀਆਂ ਸਨ। ਗੋਲੇ ਵੀ ਦੀਵਾਰਾਂ ਤੇ ਅਸਰ ਨਹੀਂ ਸਨ ਕਰ ਸਕੇ। ਸੰਤ ਹਰਨਾਮ ਸਿੰਘ ਜੀ ਦੇ ਕਹੇ ਸਾਰੇ ਬਚਨ ਪ੍ਰਤੱਖ ਸਿੱਧ ਹੋਏ। ਮਾਸਟਰ ਤਾਰਾ ਸਿੰਘ ਜੀ ਨੇ 25 ਟਰੱਕ ਸੰਗਤਾਂ ਨੂੰ ਲੈਣ ਲਈ ਭੇਜੇ। ਦੋ ਹਜ਼ਾਰ ਤੋਂ ਵੀ ਵੱਧ ਲੋਕ ਸੰਤਾਂ ਦੀ ਮਿਹਰ ਸਦਕਾ ਸਹੀ ਸਲਾਮਤ ਭਾਰਤ ਆਏ।
           ਸੰਤ ਹਰਨਾਮ ਸਿੰਘ ਜੀ ਕੋਲ ਰੰਗਪੁਰ ਵਿੱਚ 500 ਕਿੱਲਾ ਜ਼ਮੀਨ ਸੀ। ਸੰਤ ਜੀ ਆਪ ਖ਼ੁਦ ਹੀ ਫਸਲ ਦੀ ਵਾਢੀ ਕਰਦੇ ਸਨ। ਸੰਨ 1940 ਈ: ਵਿੱਚ ਸੰਤ ਹਰਨਾਮ ਸਿੰਘ ਜੀ ਨੇ ਪਿੰਡ ਰੰਗਪੁਰ ਵਿੱਚ 300 ਪ੍ਰਾਣੀਆਂ ਨੂੰ ਅੰਮ੍ਰਿਤ ਛਕਾ ਕੇ ਗੁਰੂ ਦੇ ਲੜ ਲਾਇਆ। ਆਮ ਤੌਰ ਤੇ ਇੱਕ ਹੀ ਜਾਤ ਦੇ ਲੜਕੇ-ਲੜਕੀ ਦਾ ਰਿਸ਼ਤਾ ਨਹੀਂ ਕੀਤਾ ਜਾਂਦਾ ਸੀ ਪਰ ਸੰਤ ਹਰਨਾਮ ਸਿੰਘ ਜੀ ਨੇ ਮੱਕੜ ਗੋਤ ਦੇ ਲੜਕੇ-ਲੜਕੀਆਂ ਦੇ ਵਿਆਹ ਮੱਕੜ ਪਰਿਵਾਰਾਂ ਵਿੱਚ ਹੀ ਅਣਗਿਣਤ ਕਰਵਾਏ। ਸੰਨ 1941 ਈ: ਵਿੱਚ ਸੰਤ ਜੀ ਨੇ ਲਾਇਲਪੁਰ ਤੋਂ ਦੋ ਗਤਕਾ ਮਾਸਟਰ ਮੰਗਵਾ ਕੇ ਪਿੰਡ ਰੰਗਪੁਰ ਤੇ ਪਿੰਡ ਰੋਡੇ ਦੇ ਸਾਰੇ ਵਿਅਕਤੀਆਂ ਨੂੰ ਗੱਤਕਾ ਸਿਖਾਇਆ।  
         ਸੰਤ ਹਰਨਾਮ ਸਿੰਘ ਜੀ ਸੰਨ 1945-1946 ਵਿੱਚ ਰੰਗਪੁਰ ਤੋਂ ਪਿੰਡ ਸਾਧਵਾਲਾ ਚਲੇ ਗਏ। ਸ੍ਰ: ਹਰਬੰਸ ਸਿੰਘ ਮੱਕੜ ਤੇ ਸ੍ਰ: ਚਰਨ ਸਿੰਘ ਮੱਕੜ ਦੇ ਪਿਤਾ ਸ੍ਰ: ਕੇਸਰ ਸਿੰਘ ਦੇ ਖੂਹ ਤੇ ਰਹਿੰਦੇ ਸਨ ਤੇ ਸਾਰਾ ਦਿਨ ਖੇਤੀ ਕਰਦੇ ਤੇ ਕਰਾਉਂਦੇ ਸਨ। ਉਹਨਾਂ ਸ੍ਰ: ਕੇਸਰ ਸਿੰਘ ਨੂੰ ਕਿਹਾ ਕਿ ਮੈਂ ਤੁਹਾਡੇ ਨਾਲ ਸਾਰਾ ਦਿਨ ਖੇਤੀ ਕਰਾਉਂਦਾ ਹੈ। ਤੁਸੀਂ ਮੇਰੇ ਨਾਲ ਕੀਰਤਨ ਕਰਵਾਉ। ਸੰਤ ਹਰਨਾਮ ਸਿੰਘ ਜੀ ਖੂਹ ਤੇ ਇੱਕ ਕਮਰੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਰੋਜ਼ਾਨਾ ਸਵੇਰੇ ਦੋ ਵਜੇ ਉੱਠ ਕੇ ਕਰਦੇ ਸਨ। ਸ੍ਰ: ਹਰਬੰਸ ਸਿੰਘ ਤੇ ਸ੍ਰ: ਕੇਸਰ ਸਿੰਘ ਦਾ ਪਰਿਵਾਰ ਪਾਠ ਕਰਨ ਤੇ ਕੀਰਤਨ ਕਰਨ ਲੱਗ ਪਿਆ, ਪੂਰਾ ਪਰਿਵਾਰ ਗੁਰਸਿੱਖ ਬਣ ਗਿਆ।
               ਸੰਨ 1947 ਈ: ਵਿੱਚ ਦੇਸ਼ ਵੰਡ ਤੋਂ ਬਾਅਦ ਸੰਤ ਹਰਨਾਮ ਸਿੰਘ ਜੀ ਨੇ ਰੇਲਵੇ ਸਟੇਸ਼ਨ ਦੇ ਨਜ਼ਦੀਕ ਪਰਵਾਨੇ ਵਾਲਾ ਗੁਰਦੁਆਰਾ ਸੁਰਗਾਪੁਰੀ ਕੋਟਕਪੂਰਾ ਵਿਖੇ ਚਰਨ ਪਾਏ ਤੇ ਇੱਥੇ ਲਗਾਤਾਰ ਅਖੰਡ-ਪਾਠਾਂ ਦਾ ਪ੍ਰਵਾਹ ਚਲਾਇਆ। ਸੰਤ ਹਰਨਾਮ ਸਿੰਘ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਵੀ ਰਹੇ। ਸੰਤ ਹਰਨਾਮ ਸਿੰਘ ਜੀ ਨੇ ਗੁਰਦੁਆਰਾ ਪਿੰਡ ਬੀਹੜਾ ਜਲੰਧਰ, ਗੁਰਦੁਆਰਾ ਪਿੰਡ ਗੂੜੀ ਸੰਘਰ, ਗੁਰਦੁਆਰਾ ਪਿੰਡ ਸੂਰੇਵਾਲਾ, ਪਿੰਡ ਦੌਲਤਪੁਰ, ਮਹਿੰਦਪੁਰ, ਬਕਾਪੁਰ, ਧਮਾਈ, ਅਕਾਲਗੜ੍ਹ, ਮੋਇਲਾ ਵਾਹਿਦਪੁਰ ਨੌਂ (09) ਗੁਰਦੁਆਰਿਆਂ ਦੀ ਸੇਵਾ ਕਰਵਾਈ।
ਸੰਨ 1961-1962 ਵਿੱਚ ਬਲਦਾਂ ਦੇ ਢੱਠਿਆਂ ਦੇ ਭੇੜ ਵਿਚਕਾਰ ਆਉਣ ਤੇ ਸੰਤ ਹਰਨਾਮ ਸਿੰਘ ਜੀ ਦੇ ਕਾਫੀ ਸੱਟਾਂ ਵੱਜੀਆਂ। ਸੰਤ ਜੀ ਨੂੰ ਪੀ.ਜੀ.ਆਈ ਚੰਡੀਗੜ੍ਹ ਲੈ ਜਾਇਆ ਗਿਆ , ਨਿਹੰਗ ਸਿੰਘ ਬਾਣਾ ਦੇਖ ਕੇ ਡਾਕਟਰ ਸੰਤ ਹਰਨਾਮ ਸਿੰਘ ਨੂੰ ਹਸਪਤਾਲ ਵਿੱਚ ਦਾਖ਼ਲ ਨਹੀਂ ਕਰ ਰਹੇ ਸਨ। ਸ੍ਰ: ਬਖਤ ਸਿੰਘ ਐਡਵੋਕੇਟ ਦੇ ਕਹਿਣ ਤੇ ਹੀ ਸੰਤ ਹਰਨਾਮ ਸਿੰਘ ਜੀ ਨੂੰ ਦਾਖ਼ਲ ਕੀਤਾ ਗਿਆ। ਸੰਤ ਹਰਨਾਮ ਸਿੰਘ ਜੀ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਦਿਹਾੜੇ ਹੀ 11 ਜੂਨ 1967 ਈ: ਨੂੰ 69 ਸਾਲ ਦੀ ਉਮਰ ਭੋਗ ਕੇ ਸੱਚ-ਖੰਡ ਜਾ ਬਿਰਾਜੇ।
ਗੁਰੂਆਂ ਦੀ ਲਾਡਲੀ ਫੌਜ਼ ਦੇ ਸੰਤ ਸਿਪਾਹੀ, ਪੂਰਨ ਬ੍ਰਹਮ-ਗਿਆਨੀ ਸ਼੍ਰੀਮਾਨ ਸੰਤ ਬਾਬਾ ਹਰਨਾਮ ਸਿੰਘ ਜੀ ਰੋਡੇ ਵਾਲਿਆਂ ਦੀ 57ਵੀਂ ਬਰਸੀ ਗੁਰਦੁਆਰਾ ਸ਼੍ਰੀ ਗੁਰੂ ਹਰਗੋਬਿੰਦਸਰ ਸਾਹਿਬ ਮੰਜੀ ਸਾਹਿਬ, ਮੋਇਲਾ-ਵਾਹਿਦਪੁਰ (ਗੜ੍ਹਸ਼ੰਕਰ) ਜ਼ਿਲ੍ਹਾ ਹੁਸ਼ਿਆਰਪੁਰ ਵਿਖੇ 11 ਜੂਨ ਦਿਨ ਮੰਗਲਵਾਰ ਨੂੰ ਬੜੇ ਪ੍ਰੇਮ, ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਜਾ ਰਹੀ ਹੈ। ਅਖੰਡ-ਪਾਠਾਂ ਦੇ ਭੋਗ ਪਾਏ ਜਾਣਗੇ। ਉਪਰੰਤ ਵਿਸ਼ੇਸ਼ ਦੀਵਾਨ ਵਿੱਚ ਪੰਥ ਪ੍ਰਸਿੱਧ ਰਾਗੀ, ਪ੍ਰਚਾਰਕ, ਬ੍ਰਹਮ-ਗਿਆਨੀ ਸੰਤ ਮਹਾਂਪੁਰਸ਼ ਗੁਰਮਤਿ ਵਿਚਾਰਾਂ ਤੇ ਗੁਰਬਾਣੀ ਦੇ ਰਸ-ਭਿੰਨੇ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕਰਨਗੇ । ਗੁਰੂ ਕਾ ਲੰਗਰ ਅਤੁੱਟ ਵਰਤੇਗਾ ।  
ਕਰਨੈਲ ਸਿੰਘ ਐੱਮ.ਏ.
#1138/63-ਏ, ਗੁਰੂ ਤੇਗ਼ ਬਹਾਦਰ ਨਗਰ
ਗਲੀ ਨੰਬਰ-1, ਚੰਡੀਗੜ੍ਹ ਰੋਡ
ਜਮਾਲਪੁਰ, ਲੁਧਿਆਣਾ

ਰੁੱਖ ਲਗਾਉ ਰੁੱਖ ਲਗਾਉ

-ਵਾਤਾਵਰਣ ਨੂੰ ਬਚਾੳ, ਰੁੱਖ ਲਗਾਉ,

ਰੁੱਖਾਂ ਨੂੰ ਤੁਸੀਂ ਮਾਰ ਮੁਕਾਇਆ, 
ਇਸ ਲਈ ਗਰਮੀ ਨੇ ਆਪਣਾ ਕਹਿਣ ਮਚਾਇਆ,
ਹੁਣ ਵੀ ਸਮਝ ਜਾਵੋ... ਇਨਸਾਨੋਂ, 
ਨਹੀਂ ਤਾਂ ਦੇਣਾ ਪਉ ਕੁਰਦਤ ਨੂੰ ਲੰਬਾ ਹਰਜਾਣਾ।
ਕੁਰਦਤ ਵਸੂਲੂ ਭਾਰੀ ਜੁਰਮਾਨਾ, 
ਹਰ ਇਕ ਨੂੰ ਇਹ ਗੱਲ ਸਮਝਾਉ,
ਰੁੱਖ ਲਗਾਉੁ, ਲੋਕੋਂ ਵੱਧ ਤੋ ਵੱਧ ਰੁੱਖ ਲਗਾਉ। 
 
ਆਪਣੇ ਤਾਂ ਅਸੀਂ ਵੱਡ ਮੁਕਾਏ, 
ਸੜਕਾਂ ਲਾਗੇ ਲੱਗੇ ਬੂਟਿਆ ਵੱਲ ਨਿਗਾ ਵਧਾਏ।
ਪਾਣੀ ਤਾਂ ਅਸੀਂ ਪਾ ਨਹੀ ਸਕਦੇ, 
ਅੱਗ ਲਾ ਕੇ ਉਹ ਵੀ ਮਾਰ ਮੁਕਾਏ,
ਭਲਾ ਤੁਹਾਡਾ ਹੋ ਨਹੀਂ ਸਕਦਾ, 
ਇਸ ਗੱਲ ਨੂੰ ਤੁਸੀਂ ਖਾਨੇ ਪਾਉ,
ਰੁੱਖ ਲਗਾਉੁ, ਲੋਕੋ ਵੱਧ ਤੋ ਵੱਧ ਰੁੱਖ ਲਗਾਉ। 

ਦਰੱਖਤਾਂ ਨੂੰ ਅੱਗਾ ਲਗਾ ਕੇ, 
ਠੰਡੀ ਹਵਾ ਦਾ ਕੰਮ ਮੁਕਇਆ,
ਪੈਰ ਜ਼ਮੀਨ 'ਤੇ ਰੱਖ ਨਹੀ ਹੁੰਦਾ, 
ਪੈਦਲ ਚੱਲਣ ਦਾ ਕੰਮ ਮੁਕਾਇਆ,
ਰੋਟੀ ਜ਼ਮੀਨ ਉੱਤੇ ਅਸੀਂ ਪਕਾ ਸਕਦੇ ਹਾਂ,
ਸੁੱਤੀ ਹੋਈ ਜ਼ਮੀਰ ਨੂੰ ਜਗਾਉ,
ਰੁੱਖ ਲਗਾਉੁ, ਲੋਕੋਂ ਵੱਧ ਤੋ ਵੱਧ ਰੁੱਖ ਲਗਾਉ। 

ਘਟਦੇ ਹੋਏ ਦਰੱਖਤਾਂ ਖ਼ਾਤਰ, ਵੱਧਦੀ ਗਰਮੀ 
ਘੱਟ ਮੀਂਹ ਪੈਣ ਵਿਚ ਯੋਗਦਾਨ ਪਾਇਆ,
ਹਰੇਕ ਦੇ ਗ਼ਲਤ ਉਪਰਾਲੇ ਕਰਕੇ, 
ਪਾਣੀ ਜ਼ਮੀਨ ਦਾ ਥੱਲੇ ਗਿਰਾਇਆ,
ਮੁੱਕਿਆ ਪਾਣੀ ਤਾ ਬਣੂ ਰੇਗਿਸਤਾਨ, 
ਕਿਸਾਨ ਬੀਜ ਕਿੱਥੇ ਉਗਾਉ,
ਰੁੱਖ ਲਗਾਉੁ,  ਲੋਕੋਂ ਵੱਧ ਤੋ ਵੱਧ ਰੁੱਖ ਲਗਾਉ। 

“ਪਵਨ ਗੁਰੂ ਪਾਣੀ ਪਿਤਾ”, ਗੁਰਬਾਣੀ ਦੀ ਤੁਕ ਨੂੰ 
ਅਸੀਂ ਸਮਝ ਨਾ ਪਾਇਆ,
ਮਿਲਜੁਲ ਅਸੀਂ ਸਾਰਿਆ ਨੇ, 
ਇਹ ਦੋਨਾਂ ਨੂੰ ਖ਼ਰਾਬ ਬਣਾਇਆ, 
ਅੱਤ ਖੁਦਾ ਦਾ ਵੈਰ ਹੁੰਦਾ ਹੈ, 
ਮਨਦੀਪ ਸਿੰਘ ਨੇ ਇਹ ਕਹਿ ਕੰਮ ਮੁਕਾਇਆ,  
ਸਾਰਿਆ ਨੂੰ ਮੇਰੀ ਬੇਨਤੀ ਹੈ ਜੀ, 
ਹਰੇਕ ਇਕ ਇਕ ਰੱਖ ਲਗਾਉਣ ਦੀ ਉਮੀਦ ਜਗਾਉ, 
ਰੁੱਖ ਲਗਾਉੁ, ਉਏ ਲੋਕੋਂ ਵੱਧ ਤੋ ਵੱਧ ਰੁੱਖ ਲਗਾਉ।
     ਮਨਦੀਪ ਸਿੰਘ ਸਿੰਘਪੁਰਾ

ਮਾਈ ਭਾਗੋ ਦੀ ਵਾਰਸ

ਬੱਲੇ ਨੀ ਪੰਜਾਬ ਦੀ ਜਾਈਏ ਨੀਂ ਪੰਜਾਬਣੇ
 ਤੇਰਾ ਵਾ ਉਚਾ ਕਿਰਦਾਰ 
ਪੰਜਾਬ ਸਿਰ ਚਾੜਿਆ ਸੀ ਭਾਰ ਕੰਗਣਾ
ਥੱਪੜ ਮਾਰ ਦਿੱਤਾ ਈ ਉਤਾਰ

ਮਾਈ ਭਾਗੋ ਦੀਏ ਵਾਰਸ ਹੈ ਭੈਣ ਸਾਡੀ
ਪੂਰੀ ਹੈਗੀ ਅਣਖੀ ਦਲੇਰ
ਏਹਦੀਆਂ ਰਗਾਂ ਵਿੱਚ ਖੂਨ ਹੈ ਪੰਜਾਬ ਦਾ
ਗੁਰੂ ਜੀ ਨੇਂ ਬਣਾਇਆ ਸਾਨੂੰ ਸ਼ੇਰ 
ਰੱਖ ਲਈ ਪੱਤ ਸਾਡੀ ਭੈਣ ਲਾਡਲੀ ਨੇਂ 
ਹੁਣ ਸਾਰੇ ਪਾਸੇ ਹੋਵੇ ਸਤਿਕਾਰ 
ਪੰਜਾਬ ਸਿਰ ਚਾੜਿਆ ਸੀ ਭਾਰ ਕੰਗਣਾ 
ਥੱਪੜ ਮਾਰ ਦਿੱਤਾ ਈ ਉਤਾਰ

ਪੰਜਾਬੀਆਂ ਨੂੰ ਅੱਤਵਾਦੀ ਕਹਿੰਦੀ 
ਅਜੇ ਪੁੱਠੇ ਸਿੱਧੇ ਦਿੰਦੀ ਬਿਆਨ ਏ
ਅਸੀਂ ਵਾ ਪੰਜਾਬੀ ਉਚੇ ਕਿਰਦਾਰ ਵਾਲੇ
ਸਾਡੀ ਦੁਨੀਆਂ ਚ ਵੱਖਰੀ ਪਛਾਣ ਏ
ਜੇਹਦਿਆਂ ਇਸ਼ਾਰਿਆਂ ਤੇ ਤੂੰ ਨੱਚੇਂ 
ਉਹ ਘੱਟ ਗਿਣਤੀਆਂ ਨਾਲ ਖਾਂਦੇ ਨੇਂ ਖਾਰ
ਪੰਜਾਬ ਸਿਰ ਚਾੜਿਆ ਸੀ ਭਾਰ ਕੰਗਣਾ 
ਥੱਪੜ ਮਾਰ ਦਿੱਤਾ ਈ ਉਤਾਰ

ਸਾਡੀਆਂ ਸੀ ਮਾਵਾਂ ਦਿੱਲੀ  ਬੈਠੀਆਂ 
ਤੂੰ ਪੁੱਠੇ ਸਿੱਧੇ ਬੋਲੇ ਸੀ ਗੇ ਬੋਲ
ਰੱਜਕੇ ਕਿਸਾਨਾਂ ਨੂੰ ਮੀਡੀਆ ਚ ਭੰਡਿਆ
ਤੇਰਾ ਸੀ ਗਾ ਬਹੁਤ ਵੱਡਾ ਰੋਲ
 ਬਾਬਾ ਨਾਨਕ ਓਹਦੋਂ ਸੀ ਸਾਡਾ
ਤੇਰੇ ਵੱਲ ਬੋਲਦੀ ਸੀ ਸਰਕਾਰ 
ਪੰਜਾਬ ਸਿਰ ਚਾੜਿਆ ਸੀ ਭਾਰ ਕੰਗਣਾ 
ਥੱਪੜ ਮਾਰ ਦਿੱਤਾ ਈ ਉਤਾਰ 

ਗੁਰਚਰਨ ਸਿੰਘ ਧੰਜੂ

" ਐਸ਼ ਕਰੋ "

ਖਾਓ ਪੀਓ
ਐਸ਼ ਕਰੋ 
ਜਿੰਨਾ ਖਾਓ
ਕੰਮ ਦੁੱਗਣਾ ਕਰੋ
ਰਲ ਮਿਲ ਕੇ ਰਹੋ
ਖੁਸ਼ ਰਹੋ
ਚੰਗੀ ਸਿਹਤ ਦੇ ਮਾਲਕ ਬਣੋ
ਤਨ ਮਨ ਖ਼ੁਸ਼ 
ਆਲਾ ਦੁਆਲਾ ਵੀ ਲੱਗੇ ਖ਼ੁਸ਼
ਨਿੰਦਿਆ ਚੁਗਲੀ ਨਾ ਕਰੋ
ਪੜ੍ਹੋ ਲਿਖੋ 
ਜੋ ਵੀ ਕੰਮ ਕਰੋ
ਮਨ ਲਗਾਕੇ ਕਰੋ
ਗਲਤੀ ਹੋਵੇ ਤਾਂ 
ਗਲਤੀ ਨੂੰ ਮੰਨੋ
ਗਲਤੀ ਨੂੰ ਸੁਧਾਰੋ
ਕੰਮ ਨੂੰ ਆਪਣਾ ਫਰਜ਼ ਸਮਝਕੇ ਕਰੋ
ਜ਼ਿੰਦਗੀ ਨੂੰ ਕੱਟਣਾ ਨਹੀਂ 
ਜ਼ਿੰਦਗੀ ਨੂੰ ਜਿਉਂਣਾ ਸਿਖੋ
ਬਸ ਫੇਰ ਐਸ਼ ਕਰੋ ।

ਚਰਨਜੀਤ ਕੌਰ ਬਾਠ 
ਚੰਡੀਗੜ੍ਹ

ਵੋਟਰਾਂ ਦਾ ਰਾਮਰਾਜ-

ਵੋਟਰ ਹੁਣ ਹੋ ਗਏ ਸਿਆਣੇ ਝਗੜਾ ਨ੍ਹੀਂ ਕਰਦੇ,
ਲੱਖਾਂ ਚੋਂ ਇੱਕ-ਅੱਧ ਹੁੰਦਾ,ਖੌਰੂ ਤੋਂ ਨੀ ਡਰਦੇ।
ਚੁੱਪ ਚਾਪ ਕਰੋ, ਆਪਣੀ ਵੋਟ ਦਾ ਇਸਤੇਮਾਲ, 
ਜਾਗਰੂਕ ਵੋਟਰ ਨ੍ਹੀਂ ਕਰਦਾ, ਧੱਕੇ ਦਾ ਧਮਾਲ।
ਕੁਝ ਲੋਕ ਆਪਣੀ ਪਾਰਟੀ ਦੀਆਂ ਡੀਂਗਾਂ ਮਾਰਦੇ, 
ਸ਼ਾਂਤੀ-ਪਸੰਦ ਲੋਕਾਂ ਦਾ ਕਾਲਜਾ ਨੇ ਸਾੜ੍ਹਦੇ।
ਹੁਣ ਤਾਂ ਰਾਜਸੀ ਲੋਕ ਵੀ ਸਬਰ ਨਾਲ ਬੈਠਦੇ,
ਜੇ ਵੋਟਰਾਂ ਨੇ ਸੇਵਾ ਦਾ ਮੌਕਾ ਦਿੱਤਾ ਤਾਂ ਮੱਥਾ ਟੇਕਦੇ। 
ਸਿਆਸਤ ਵਾਲੇ ਬੰਦਿਆਂ ਨੂੰ ਜਦੋਂ ਮਿਲਦੀ ਪਾਵਰ, 
ਕੁਰੱਪਸ਼ਨ ਦਾ ਬਣ ਜਾਂਦੇ ਨੇ ਸਾਗਰ। 
ਸੋਚ ਉਹਨਾਂ ਦੀ ਬਣ ਜਾਂਦੀ, ਸਾਨੂੰ ਕੋਈ ਨ੍ਹੀਂ ਸਕਦਾ ਰੋਕ,
ਤਾਨਾਸ਼ਾਹ ਬਣ ਜਾਵਣ, ਰਾਵਣ ਵਰਗੀ ਹੰਕਾਰੀ ਸੋਚ।
ਇਸ ਦਾ ਇਲਾਜ ਇੱਕੋ ਹੁੰਦਾ, ਕਿਸੇ ਨੂੰ ਨਾ ਦਿਓ ਬਹੁਮੱਤ,
ਗੜਬੜ ਕਰਨ ਵਾਲਿਆਂ ਦੀ ਖੁੰਭ ਦਿਓ ਠੱਪ। 
ਰਲਵੀਂ-ਮਿਲਵੀਂ ਸਰਕਾਰ ਡੈਮੋਕਰੇਸੀ ਦਾ ਰੂਪ,
ਨੁਮਾਇੰਦਗੀ ਸਭ ਦੀ, ਦੇਸ਼ ਨੂੰ ਕਰੇ ਮਜਬੂਤ। 
ਜਿਹੜੇ ਕਹਿੰਦੇ ਵਾਰ-ਵਾਰ ਦੀਆਂ ਚੋਣਾਂ ਰੋਕਣ ਵਿਕਾਸ, 
ਬਹੁਤ ਜਿਆਦਾ ਤੇਜ਼ੀ-ਤਰੱਕੀ, ਕੁਦਰਤ ਦਾ  ਕਰੇ ਵਿਨਾਸ।
ਕੁਦਰਤ ਨੇ ਦਿੱਤੇ, ਬੰਦੇ ਨੂੰ ਅਨਮੋਲ ਖਜ਼ਾਨੇ, 
ਸਹਿਜ ਕੋਸ਼ਿਸ਼ਾਂ ਹੀ, ਲਾਉਣ ਸੰਤੁਲਿਤ ਨਿਸ਼ਾਨੇ। 
ਆਪਣੇ ਨਾਲੋਂ ਦੂਜਿਆਂ ਦਾ,ਭਲਾ ਜਿਆਦਾ ਸੋਚੋ,
ਸੱਭ ਵਿੱਚ ਰੱਬ ਵੱਸਦਾ, ਪਿਆਰ ਸੁਨੇਹਾ ਦਿਓ ਲੋਕੋ। 
ਕਹਿਣੀ ਤੇ ਕਰਨੀ ਵਿੱਚ ਫਰਕ ਨ੍ਹੀਂ ਹੋਣਾ ਚਾਹੀਦਾ,
ਭੇਦ-ਭਾਵ,ਵਿਤਕਰਿਆਂ ਦਾ ਰੰਡੀ-ਰੋਣਾ ਨ੍ਹੀਂ ਹੋਣਾ ਚਾਹੀਦਾ।
ਅਮਰਜੀਤ ਸਿੰਘ ਤੂਰ 
ਪਿੰਡ ਕੁਲਬੁਰਛਾਂ ਜਿਲਾ ਪਟਿਆਲਾ 
ਹਾਲ ਆਬਾਦ #639/40ਏ ਚੰਡੀਗੜ੍ਹ।

ਮਿੰਨੀ ਕਹਾਣੀ  ਧਰਮ  

ਸੁਖਮਿੰਦਰ ਸੇਖੋਂ                                 ਚੌਂਕ ਵਿੱਚ ਤਿੰਨ ਆਦਮੀ ਖੜ੍ਹੇ ਸਨ। ਇੱਕ ਸਫੈਦਪੋਸ਼,ਦੂਸਰਾ ਭਲਵਾਨ ਤੇ ਤੀਸਰਾ ਮਰੀਅਲ ਜਿਹਾ ਗ਼ਰੀਬ!               ਸਫੈਦਪੋਸ਼ ਉੱਚੀ-ਉੱਚੀ ਹੱਸਦਾ ਹੈ ਤੇ ਭਲਵਾਨ ਜਿਹਾ ਗ਼ਰੀਬ ਬੰਦੇ ਨੂੰ ਕੁੱਟ-ਮਾਰ ਰਿਹਾ ਹੈ--ਬੋਲ! ਦੁਬਾਰਾ ਸੇਠ ਸਾਬ ਤੋਂ ਪੈਸੇ ਦੀ ਮੰਗ ਕਰੇਂਗਾ?                                                          -ਹਾਂ-ਹਾਂ ਜ਼ਰੂਰ ਕਰਾਂਗਾ। ਮੈਂ ਭੀਖ ਨੀਂ ਮੰਗ ਰਿਹਾ,ਆਪਣੀ ਪਿਛਲੇ ਤਿੰਨ ਮਹੀਨਿਆਂ ਦੀ ਤਨਖਾਹ--ਆਪਣਾ ਹੱਕ ਈ ਤਾਂ ਮੰਗ ਰਿਹੈਂ?     ਭਲਵਾਨ ਜਿੰਨਾ ਉਸ ਮਾੜਕੂ ਜਿਹੇ ਨੂੰ ਕੁੱਟਦਾ ਉਹ ਉਤਨੀ ਹੀ ਆਪਣੀ ਆਵਾਜ਼ ਬੁਲੰਦ ਕਰਦਾ।                                          ਇਹ ਘਟਨਾ-ਕ੍ਰਮ ਚੱਲ ਹੀ ਰਿਹਾ ਸੀ ਕਿ ਉਥੋਂ ਵੱਖੋ-ਵੱਖ ਫਿਰਕਿਆਂ-ਧਰਮਾਂ ਨਾਲ ਸਬੰਧਤ ਵਿਅਕਤੀ ਲੰਘਣ ਲੱਗਦੇ ਹਨ। ਪਹਿਲੇ ਦਾ ਹੱਥ ਆਪਣੀ ਮੁੱਛ 'ਤੇ ਜਾਂਦਾ ਹੈ ਪਰ ਆਪਣੇ ਨਿੱਤਨੇਮ ਵਿੱਚ ਦੇਰੀ ਹੋਣ ਕਰਕੇ ਉਹ ਚਲਾ ਜਾਂਦਾ ਹੈਂ। ਦੂਸਰੇ ਆਦਮੀ ਨੇ ਵੀ ਕੁਝ ਇਵੇਂ ਹੀ ਸੋਚਿਆ ਤੇ ਉਹ ਮਸਜਿਦ ਵੱਲ ਤੇਜ਼ੀ ਨਾਲ ਵੱਧਣ ਲੱਗਾ।                                    ਤੀਸਰਾ ਸ਼ਖ਼ਸ ਵੀ ਰਾਮ-ਰਾਮ ਕਰਦਾ ਘੇਸਲ ਵੱਟ ਗਿਆ। ਚੌਥੇ ਬੰਦੇ ਨੂੰ ਵੀ ਪਰੇਅਰ ਵਿੱਚ ਪਹੁੰਚਣ ਦੀ ਕਾਹਲ ਸੀ।                       ਸਾਰੇ ਫਿਰਕੇ-ਧਰਮਾਂ ਵਾਲੇ ਜਦੋਂ ਆਪੋ-ਆਪਣੇ ਧਰਮ-ਸਥਾਨਾਂ ਤੋਂ ਆਪੋ-ਆਪਣਾ ਧਰਮ ਨਿਭਾ ਕੇ ਵਾਪਸ ਪਰਤੇ ਤਾਂ ਸਾਰਿਆਂ ਦੀ ਜ਼ੁਬਾਨ 'ਤੇ ਇੱਕੋ ਹੀ ਵਾਕ ਸੀ--ਹੈਂ! ਇਹ ਵਿਚਾਰਾ ਤਾਂ ਮਰ ਈ ਗਿਆ!

ਮੁੜਕੇ ਕਰੀਂ ਨਾ ਵੱਖ

ਮਨ ਨੂੰ ਰਸਤੇ ਪਾ ਮਨਾ!

ਤਨ ਜਾਣਾ ਸ਼ਮਸ਼ਾਨ
ਕਾਹਨੂੰ ਸੁਰਤ ਵਿਸਾਰਦਾ
ਪੈ ਮਾਇਆ ਦੀ ਖ਼ਾਨ

ਸਮਝ-ਬੁੱਝ ਕੇ ਗਾ ਦਿਲਾ!
ਇੱਕੋ ਮੱਤ ਦਾ ਗੀਤ
ਬੈਠਾ ਰਾਹਾਂ ਵੇਖਦਾ
ਹੁਣ ਵੀ ਤੇਰਾ ਮੀਤ

ਗੱਲਾਂ - ਗੱਲਾਂ ਜੋੜ ਕੇ
ਦਿੱਤੀ ਉਮਰ ਵਿਹਾਅ
ਤਾਂ ਵੀ ਪੂਰੇ ਹੋਣ ਨਾ
ਮਨ ਮੌਜੀ ਦੇ ਚਾਅ

ਜੀਅ ਤਾਂ ਕਰਦਾ ਹਰਫ਼ ਨੂੰ
ਗੁਰੂ ਕਹਵਾਂ ਪਰ ਕਿੰਝ?
'ਮੈਂ' ਨੂੰ ਨਿਕਲਣ ਨਾ ਦਵੇ
ਪੰਜ ਚੋਰਾਂ ਦੀ ਛਿੰਝ

ਕੋਈ ਤਾਂ ਕਰੀਏ ਹੀਲੜਾ
ਚੇਤੇ ਆਵੇ ਰੱਬ
ਜਨਮ, ਜਵਾਨੀ, ਬਿਰਧਤਾ
ਟਾਕੀ ਬੰਨ੍ਹਿਆ ਲੱਭ

ਤਨ ਦੀ ਮਿੱਟੀ ਵਿਚ ਰਲ਼ੀ
ਧਰਤੀ, ਅਗਨ, ਤ੍ਰੇਹ
ਜਿੰਨਾ ਮਰਜ਼ੀ ਉੱਡ ਲਏ 
ਖੇਹ ਤਾਂ ਆਖਿਰ ਖੇਹ

ਮਨ ਲੂਣਾਂ ਦੀ ਵਾਸ਼ਨਾ
ਹਿਰਦਾ ਕਰੇ ਪਲੀਤ
ਕਾਂਬਾ ਛਿੜਦਾ ਚਿੱਤ ਨੂੰ
ਚੇਤੇ ਕਰਾਂ ਅਤੀਤ

ਕਾਲ਼ੀ ਕਮਲੀ ਵਾਲ਼ਿਆ
ਮੇਰੇ ਬਦਲ ਵਿਚਾਰ
ਬਲ਼ਦੀ ਬਿਰਹਾ ਅਗਨ 'ਤੇ
ਇੱਕ-ਦੋ ਛਿੱਟੇ ਮਾਰ

ਕਿਹੜੇ ਨੇ ? ਜੋ ਆਖ ਕੇ
ਤਲ਼ੀਏ ਸਰ੍ਹੋਂ ਜਮਾਣ
ਮੈਨੂੰ ਆਪੇ ਵਿਚਲੀਆਂ
ਸੋਚਾਂ ਵੱਢ-ਵੱਢ ਖਾਣ

ਦੁਖ਼ਦੀ ਰਗ਼ 'ਤੇ ਆਣ ਕੇ
ਕੋਸਾ ਲੋਗੜ ਰੱਖ! 
ਹੁਣ ਤਾਂ ਆਪਾਂ ਕੱਟ ਲਈ
ਮੁੜਕੇ ਕਰੀਂ ਨਾ ਵੱਖ!!

~ ਰਿਤੂ ਵਾਸੂਦੇਵ

ਬੁੱਧ ਚਿੰਤਨ

ਬਾਬੇ ਨਾਨਕ ਦੀ ਫਿਲਾਸਫੀ ਨੂੰ ਸਮਝਦਿਆਂ !
-
ਦਰਿਆ ਤੋਂ ਝੀਲ ਬਣਿਆਂ ਦਾ ਹਿਸਾਬ ਕੌਣ ਲਊ? ਅੱਜ ਪੌਣ-ਪਾਣੀ, ਰੁੱਖ ਤੇ ਮਨੁੱਖ ਉਦਾਸ ਹਨ, ਇਹਨਾਂ ਦੀ ਉਦਾਸੀ ਦਾ ਕੋਈ ਇੱਕ ਕਾਰਨ ਨਹੀਂ, ਬਹੁਤ ਸਾਰੇ ਕਾਰਨ ਤੇ ਹਾਦਸੇ ਹਨ। ਜਿਨ੍ਹਾਂ ਨੇ ਇਨ੍ਹਾਂ ਨੂੰ ਉਦਾਸ ਕਰ ਦਿੱਤਾ ਹੈ। ਉਦਾਸੀ ਦਾ ਇਹ ਆਲਮ ਇਨ੍ਹਾਂਂ ਦੇ ਆਲੇ ਦੁਆਲੇ ਘੁੰਮਦਾ ਹੈ। ਇਹ ਇਸ ਘੁੰਮਣ-ਘੇਰੀ ਵਿੱਚ ਉਲਝ ਗਏ ਹਨ ਜਿਸ ਨਾਲ ਇਹਨਾਂ ਦੀ ਸਮੁੱਚੀ ਤਾਣੀ ਉਲਝ ਗਈ ਹੈ। ਇਹ ਇੱਕ ਉਲਝਣ ਵਿੱਚੋਂ ਅਜੇ ਨਿਕਲਦੇ ਨਹੀਂ, ਦੂਸਰੀ ਤੀਸਰੀ ਵਿੱਚ ਫਸ ਜਾਂਦੇ ਹਨ। ਫਸਣਾ ਤੇ ਨਿਕਲਣਾ ਹੀ ਇਹਨਾਂ ਦੀ ਤਰਾਸਦੀ ਬਣ ਗਿਆ ਹੈ ! ਜਿਹੜੇ ਫਸ ਜਾਂਦੇ ਹਨ, ਜਾਂ ਫਿਰ ਆਪਣੀ ਜੜ੍ਹਾਂ ਇੱਕ ਥਾਂ ਲਗਾ ਲੈਂਦੇ ਹਨ, ਉਹ ਉੱਥੇ ਦੇ ਹੀ ਹੋ ਕੇ ਰਹਿ ਜਾਂਦੇ ਹਨ। ਉਹਨਾਂ ਦਾ ਤੁਰਨਾ, ਵਗਣਾ, ਉੱਡਣਾ ਤੇ ਹੱਸਣਾ ਸਭ ਰੋਣ ਵਿੱਚ ਬਦਲ ਜਾਂਦਾ ਹੈ। ਉਹ ਆਪ ਨਹੀਂ ਬਦਲਦੇ, ਸਗੋਂ ਲੋਕਾਈ ਨੂੰ ਬਦਲਣ ਦੇ ਰਾਹ ਤੁਰ ਪੈਂਦੇ ਹਨ। ਉਹਨਾਂ ਦਾ ਤੁਰਨਾ, ਵਗਦੇ ਪਾਣੀ ਜਿਹਾ ਨਹੀਂ ਹੁੰਦਾ, ਸਗੋਂ ਰੁਕੇ ਪਾਣੀ ਜਿਹਾ ਹੁੰਦਾ। ਰੁਕਣਾ ਤੇ ਖੜਨਾ ਉਨ੍ਹਾਂ ਦੀ ਜ਼ਿੰਦਗੀ ਦਾ ਹਿੱਸਾ ਬਣ ਜਾਂਦਾ ਹੈ।ਇਹ ਹਿੱਸਾ ਉਹਨਾਂ ਨੂੰ ਵਿਰਸੇ ਵਿੱਚੋਂ ਨਹੀਂ ਮਿਲਦਾ ਸਗੋਂ ਉਹ ਇਹ ਹਿੱਸਾ ਤਾਂ ਉਨਾਂ ਤੇ ਜ਼ੋਰ-ਜ਼ੁਲਮ ਨਾਲ ਥੋਪਿਆ ਜਾਂਦਾ। ਜਿਨਾਂ  ਦਾ ਇੱਕੋ ਇੱਕ ਮਕਸਦ ਹੁੰਦਾ ਹੈ, ਲੁੱਟਣਾ ਤੇ ਕੁੱਟਣਾ ਹੁੰਦਾ ਹੈ। ਉਹਨਾਂ ਦੀ ਇਸ ਲੁੱਟ ਦੇ ਖਿਲਾਫ਼ ਕੋਈ ਬੋਲਦਾ ਨਹੀਂ ਕਿਉਂਕਿ ਉਹਨਾਂ ਨੇ ਆਪਣੇ ਆਲੇ ਦੁਆਲੇ ਇਹੋ ਜਿਹੀਆਂ ਵਲਗਣਾਂ ਤੇ ਅਜਾਰੇਦਾਰੀ ਬਣਾ ਲਈਆਂ ਹੁੰਦੀਆਂ ਹਨ ਕਿ ਉਨਾਂ ਦੀ ਤੂਤੀ ਬੋਲਣ ਲੱਗਦੀ ਹੈ। ਉਹ ਆਪਣੀ ਤੂਤੀ ਦੀ ਆਵਾਜ਼  ਏਨੀ ਉੱਚੀ ਕਰਦੇ ਹਨ, ਕਿਸੇ ਦਾ ਕੋਈ ਬੋਲ ਸੁਣਦਾ ਨਹੀਂ, ਦਿਖਦਾ ਨਹੀਂ। ਉਹ ਸੁਣਦੇ  ਤੇ ਦੇਖਦੇ ਵੀ ਹਨ। ਪਰ ਉਹ ਸੱਤਾ ਦੇ ਘੋੜੇ 'ਤੇ ਸਵਾਰ ਹੁੰਦੇ ਹਨ।  ਉਨ੍ਹਾਂ ਦਾ ਕੰਮ ਭਾਸ਼ਨ ਦੇਣਾ ਹੁੰਦਾ ਹੈ ਪਰ ਲੋਕ ਉਨਾਂ ਤੋਂ ਰਾਸ਼ਨ ਦੀ ਝਾਕ ਰੱਖਦੇ ਹਨ। ਰਾਸ਼ਨ ਦੀ ਝਾਕ ਦੀ ਲਲਕ ਉਹਨਾਂ ਅਜਿਹੀ ਲਗਾਈ ਹੈ, ਕਿ ਲੋਕ ਹੁਣ ਰਾਸ਼ਨ ਦੀ ਭਾਲ ਵਿੱਚ ਉਹਨਾਂ ਦੇ ਪਿੱਛੇ ਪਿੱਛੇ ਦੌੜਦੇ ਹਨ। ਪਰ ਲੋਕਾਂ ਦੀ ਹਾਲਤ ਉਸ ਕੁੱਤੇ ਵਰਗੀ ਬਣ ਗਈ ਹੈ, ਜਿਹੜਾ ਊਠ ਦੇ ਮਗਰ ਤੁਰਿਆ ਜਾਂਦਾ ਹੈ ਕਿ ਕਦੇ ਤਾਂ ਬੁੱਲ ਡਿੱਗੇਗਾ। ਪਰ ਨਾ ਬੁੱਲ ਡਿੱਗਦਾ ਹੈ ਤੇ ਨਾ ਕੁੱਤੇ ਦੀ ਝਾਕ ਮੁੱਕਦੀ ਹੈ। ਇਸ ਕੁੱਤੇ ਦੀ ਝਾਕ ਵਿੱਚ ਅੱਜ ਸਾਰੀ ਲੋਕਾਈ ਤੁਰੀ ਹੀ ਨਹੀਂ ਫਿਰਦੀ ਸਗੋਂ ਭੱਜੀ ਫਿਰਦੀ ਹੈ। ਉਨਾਂ ਲਈ ਖਾਣਾ-ਪੀਣਾ ਤੇ ਜੀਣਾ ਭੁੱਲ ਗਿਆ ਹੈ। ਉਹ ਤਾਂ ਚੌਵੀ ਘੰਟੇ ਦੌੜੀ ਜਾ ਰਹੇ ਹਨ। ਉਹ ਕਿਧਰ ਦੌੜ ਰਹੇ ਹਨ? ਉਹਨਾਂ ਨੇ ਕੀ ਹਾਸਲ ਕਰਨਾ ਹੈ ? ਉਨਾਂ ਦੀ ਮੰਜ਼ਿਲ ਕਿਹੜੀ ਹੈ? ਇਸ ਦਾ ਉਨਾਂ ਨੂੰ ਕੋਈ ਇਲਮ ਨਹੀਂ ਗਿਆਨ ਨਹੀਂ। ਉਨਾਂ ਨੂੰ ਗਿਆਨ ਨਾ ਹੋਣ ਕਰਕੇ ਉਹ ਚਿੰਤਨ ਨਹੀਂ ਕਰਦੇ। ਉਹ ਤਾਂ ਦੌੜੀ ਜਾ ਰਹੇ ਹਨ।ਸਾਡੇ ਆਲੇ ਦੁਆਲੇ ਸਕੂਲ, ਕਾਲਜ, ਯੂਨੀਵਰਸਿਟੀਆਂ ਖੁੱਲ੍ਹ ਗਈਆਂ ਹਨ - ਪਰ ਉਥੇ ਗਿਆਨ ਨਹੀਂ, ਸਿਰਫ਼ ਤੇ ਸਿਰਫ਼ ਸਰਟੀਫਿਕੇਟ, ਡਿਗਰੀਆਂ, ਡਿਪਲੋਮੇ ਵੰਡੇ ਜਾ ਰਹੇ ਹਨ। ਇਹ ਡਿਗਰੀਆਂ, ਡਿਪਲੋਮੇ ਤੁਹਾਨੂੰ ਰੋਜ਼ੀ ਤੇ ਰੋਟੀ ਨਹੀਂ ਦੇਂਦੇ। ਸਗੋਂ ਤੁਹਾਨੂੰ ਭਰਮ ਵਿੱਚ ਪਾਉਂਦੇ ਹਨ। ਭਰਮ ਵਿੱਚ ਪਿਆ ਮਨੁੱਖ, ਨਾ ਆਰ ਜਾਂਦਾ ਹੈ ਤੇ ਨਾ ਪਾਰ। ਉਹ ਘੁੰਮਣ ਘੇਰੀ ਵਿੱਚ ਗੁਆਚ ਜਾਂਦਾ ਹੈ। ਅਜੋਕੇ ਦੌਰ ਵਿੱਚ ਸਮਾਜ ਨੂੰ ਘੁੰਮਣ ਘੇਰੀ ਵਿੱਚ ਪਾਉਣ ਵਾਲਿਆਂ ਵਿੱਚ ਸਾਡੀਆਂ ਸਿਆਸੀ ਪਾਰਟੀਆਂ ਦੇ ਆਗੂ, ਅਖੌਤੀ ਸਾਧ, ਸੰਤ ਧਰਮ ਦੇ ਲੋਕਾਂ ਨੂੰ ਭੰਬਲਭੂਸੇ ਵਿੱਚ ਪਾ ਕੇ ਆਪਣਾ ਉਲੂ ਸਿੱਧਾ ਕਰਨਾ ਹੈ। ਕੋਈ ਚੰਗੇ ਦਿਨ ਆਉਣ ਦੇ ਲਾਰੇ ਲਾਉਂਦਾ ਰਿਹਾ ਹੈ ਤੇ ਕੋਈ ਸਵਰਗ ਦੇ ਰਾਹਾਂ ਦੀ ਦੱਸ ਪਾਉਂਦਾ ਹੈ। ਅਧਿਕਾਰੀ ਕੰਮ ਨਾ ਕਰਨ ਵਿੱਚ ਅੜਿੱਕਾ ਪਾਉਂਦੇ ਹਨ। ਰਿਸ਼ਵਤ ਦੇ ਨਾਂ ਹੇਠ, ਚਾਹ ਪਾਣੀ, ਪੈਟਰੋਲ ਦਾ ਖਰਚਾ ਮੰਗਦੇ ਹਨ। ਵਪਾਰੀ ਵਸਤੂਆਂ ਦਾ ਸਟਾਕ ਕਰਕੇ ਵਸਤੂਆਂ ਦੀ ਕਿੱਲਤ ਪੈਦਾ ਕਰਦੇ ਹਨ। ਲੋੜਵੰਦ ਡਰ ਦੇ ਮਾਰੇ ਖਰੀਦੋ-ਫਿਰੋਖਤ ਕਰਦੇ ਹਨ। ਇਸ ਸਭ ਲੋਕਾਈ ਵਿੱਚ ਆਮ ਵਿਅਕਤੀ ਲੁੱਟਿਆ ਜਾਂਦਾ ਹੈ। ਉਸ ਦੇ ਹਿੱਸੇ, ਗੁਰਬਤ, ਭੁੱਖਮਰੀ, ਕੁੱਟਮਾਰ ਆਉਂਦੀ ਹੈ। ਇਹ ਉਹ ਕੁੱਟ ਮਾਰ ਹੈ, ਜਿਹੜੀ ਡਾਂਗਾਂ ਸੋਟਿਆਂ ਵਾਲੀ ਨਹੀਂ ਸਗੋਂ ਉਹ ਕੁੱਟ ਹੈ, ਜਿਹੜੀ ਆਰਥਿਕ, ਸਰੀਰਿਕ ਤੇ ਮਾਨਸਿਕ ਕੁੱਟ ਹੈ। ਜਿਹੜੀ ਨਜ਼ਰ ਨਹੀਂ ਆਉਂਦੀ। ਪਤਾ ਉਸ ਸਮੇਂ ਹੀ ਲੱਗਦਾ ਹੈ, ਜਦੋਂ ਭਰੇ ਬਜ਼ਾਰ ਵਿੱਚ ਆਮ ਆਦਮੀ ਲੁੱਟਿਆ ਤੇ ਕੁੱਟਿਆ ਤੇ ਮਾਰਿਆ ਜਾਂਦਾ ਹੈ। ਜਦੋਂ ਭਗਵੇਂ ਤੁਰਲੇ ਵਾਲਿਆਂ ਨੇ ਚੰਗੇ ਦਿਨ ਆਉਣ ਦਾ ਹੋਕਾ ਦਿੱਤਾ ਸੀ ਤਾਂ ਸਾਰਾ ਦੇਸ਼ ਹੀ ਉਹਨਾਂ ਦੇ ਮਗਰ ਹੋ ਤੁਰਿਆ। ਦੇਸ਼ ਦੇ ਲੋਕਾਂ ਨੂੰ ਹੁਣ ਸਮਝ ਆਉਣ ਲੱਗੀ ਕਿ ਹਾਥੀ ਦੇ ਦੰਦ ਖਾਣ ਤੇ ਦਿਖਾਉਣ ਵਾਲੇ ਕਿਹੜੇ ਸਨ। ਉਹ ਇਹਨਾਂ ਦੰਦਾਂ ਦੇ ਕੰਮ ਨੂੰ ਜਦੋਂ ਤੱਕ ਸਮਝਣਗੇ, ਉਦੋਂ ਤੱਕ ਭਾਣਾ ਬੀਤ ਜਾਣਾ ਹੈ। ਇਸ ਭਾਣੇ ਨੂੰ ਫਿਰ ਮੰਨਣ ਤੋਂ ਬਿਨਾਂ ਕੋਈ ਚਾਰਾ ਨਹੀਂ ਰਹਿੰਦਾ। ਚਾਰਾ-ਜੋਈ ਕਰਨੀ ਉਹਨਾਂ ਦਾ ਫਰਜ਼ ਹੈ। ਜਿਹੜੀਆਂ ਦੇਸ਼ ਨੂੰ ਇਹ ਦੱਸਦੀਆਂ ਹਨ ਕਿ ਅਸੀਂ ਆਮ ਆਦਮੀ ਦੀ ਜਾਨ ਮਾਲ ਦੇ ਰਖਵਾਲੇ ਹਾਂ। ਉਹ ਨਾਅਰੇ ਤਾਂ ਮਾਰਦੇ ਹਨ ਕਿ ਦੁਨੀਆਂ ਭਰ ਦੇ ਮਜ਼ਦੂਰੋ ਇੱਕ ਹੋ ਜਾਉ ਪਰ ਆਪ ਨੌ ਪੂਰਬੀਏ ਅਠਾਰਾਂ ਚੁਲ੍ਹਿਆਂ ਵਾਂਗ, ਖੱਖੜੀਆਂ ਕਰੇਲੇ ਹੋਏ ਪਏ ਹਨ। ਹੁਣ ਜਦੋਂ ਚਾਰੇ ਪਾਸੇ ਮਹਿੰਗਾਈ, ਭੁੱਖ ਮਰੀ, ਲੁੱਟ ਮਾਰ, ਭਿ੍ਸ਼ਟਚਾਰ, ਪਰਿਵਾਰਵਾਦ, ਵਧ ਰਿਹਾ ਹੈ ਤਾਂ ਆਮ ਆਦਮੀ ਦੇ ਪੈਰਾਂ ਹੇਠੋਂ ਜ਼ਮੀਨ ਤੇ ਸਿਰ ਉੱਤੋਂ ਛੱਤ ਗੁਆਚ ਗਈ ਹੈ।ਉਸ ਨੂੰ ਭਰਮ ਹੈ ਜਾਂ ਫਿਰ ਸਾਡੇ ਅਖੌਤੀ ਬਾਬਿਆਂ ਨੇ ਉਸ ਨੂੰ ਇਹ ਵਹਿਮ ਪਾ ਦਿੱਤਾ ਹੈ ਕਿ ਕੋਈ ਪੈਗ਼ੰਬਰ, ਜਾਂ ਕੋਈ ਸ਼ਹੀਦ ਭਗਤ ਸਿੰਘ ਵਰਗਾ ਯੋਧਾ ਆਵੇਗਾ ਤੇ ਉਹਨਾਂ ਦੇ ਦੁੱਖੜੇ ਤੇ ਦਰਦ ਦੂਰ ਕਰੇਗਾ। ਸਮੇਂ ਦਾ ਸੱਚ ਤਾਂ ਇਹ ਹੈ ਕਿ ਕਿਸੇ ਪੈਗ਼ੰਬਰ ਜਾਂ ਕਿਸੇ ਯੋਧੇ ਨਹੀਂ ਆਉਣਾ। ਯੋਧਾ ਤਾਂ ਚੁਰਾਹੇ ਵਿੱਚੋਂ ਹੀ ਪੈਦਾ ਹੋਵੇਗਾ। ਜਿਹੜਾ ਧਰਤੀ ਉੱਤੇ ਸਰਕ ਰਹੇ ਆਮ ਲੋਕਾਂ ਨੂੰ ਖੜਨ, ਤੁਰਨ ਤੇ ਬੋਲਣ ਦੀ ਗੁੜਤੀ ਦੇਵੇਗਾ। ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਜਦੋਂ ਧਰਤੀ ਦੇ ਆਮ ਲੋਕਾਂ ਦਾ ਜਿਉਣਾ ਦੁੱਭਰ ਹੁੰਦਾ ਹੈ ਉਦੋਂ ਹੀ ਕੋਈ  ਸੂਰਮਾ ਉੱਠਦਾ ਹੈ। ਕਹਿਣ ਵਾਲੇ ਤਾਂ ਹੁਣ ਵੀ ਕਹਿੰਦੇ ਹਨ ਕਿ ਇਹ ਜੋ ਜ਼ਿੰਦਗੀ ਜਿਉਂ ਰਹੇ ਨੇ ਇਹ ਕੋਈ ਜਿਉਣ  ਦੇ ਲਾਇਕ ਹੈ। ਹੁਣ ਆਮ ਮਨੁੱਖ ਕੋਲੋਂ ਉਸ ਦੀਆਂ ਮੁੱਢਲੀਆਂ ਲੋੜਾਂ ਸਿਹਤ, ਸਿੱਖਿਆ ਤੇ ਰੋਜ਼ਗਾਰ ਤਾਂ ਖੋਹਿਆ ਗਿਆ। ਝੀਲ ਦੇ ਆਲੇ ਦੁਆਲੇ ਭੀੜ੍ ਤੰਤਰ ਵੱਧ ਰਿਹਾ ਹੈ ਗੋਦੀ ਮੀਡੀਆ ਦੁਕਾਨਦਾਰੀ ਬਣ ਕੇ ਰਿਹਾ ਹੈ! ਅਣਜਾਣ ਲੋਕ ਮਾਰੇ ਜਾ ਰਹੇ ਹਨ। ਸੜਕਾਂ ਤੇ ਦਫ਼ਤਰਾਂ ਚ ਕੋਰਟਾਂ ਚ ਤੇ ਘਰਾਂ ਚ। ਅਸੀ ਘਰ ਸੰਭਾਲ ਰਹੇ ਤੇ ਉਹ ਭੀੜਤੰਤਰ ਬਣਾ ਰਹੇ ਹਨ। ਹੋਰ ਕੀ ਭਾਲਦਾ ਹੈ, ਮਨੁੱਖ ਉਨ੍ਹਾਂ ਜ਼ਰਵਾਣਿਆਂ ਕੋਲੋਂ। ਜਿਹੜੇ ਕਦੇ ਧਰਮ, ਜਾਤ, ਨਸਲ, ਇਲਾਕੇ ਦੇ ਨਾਂ ਉੱਤੇ ਦੰਗੇ ਫਸਾਦ ਕਰਵਾਉਂਦੇ ਹਨ। ਨਾਲੇ ਉਹ ਮਾਰਦੇ ਹਨ, ਕੁੱਟਦੇ ਹਨ, ਲੁੱਟਦੇ ਹਨ। ਘਰਾਂ ਦੀ ਸਾੜ ਫੂਕ ਕਰਦੇ ਹਨ, ਨਾਲੇ ਰੋਣ ਵੀ ਨਹੀਂ ਦੇਂਦੇ। ਸਗੋਂ ਧਮਕੀਆਂ ਦੇਂਦੇ ਹਨ, ਜੇ ਤੁਸੀਂ ਇਉਂ ਕਰੋਗੇ, ਤਾਂ ਅਸੀਂ ਇਉਂ ਕਰਾਂਗੇ। ਉਹ ਤਾਂ ਜੋ ਚਾਹੁੰਦੇ ਹਨ, ਉਹ ਕਰੀ ਜਾ ਰਹੇ ਹਨ। ਪਰ ਜਿਨਾਂ ਦੇ ਵਿਰੁੱਧ ਇਹ ਸਭ ਕੁੱਝ ਹੋ ਰਿਹਾ ਹੈ, ਵਾਪਰ ਰਿਹਾ ਹੈ, ਉਹ ਡਰੀ ਜਾ ਰਹੇ ਹਨ। ਉਹਨਾਂ ਨੇ ਡਰ ਪੈਦਾ ਕੀਤਾ ਹੋਇਆ ਹੈ। ਇਹ ਉਹ ਡਰ ਹੈ, ਜਿਸ ਨੂੰ ਅਜੇ ਤੱਕ ਉਹ ਲੋਕ, ਅਧਿਕਾਰੀ, ਅਫ਼ਸਰ ਵੀ ਸਮਝ ਨਹੀਂ ਸਕੇ। ਅਸਲ ਖੇਡ ਕੌਣ ਖੇਡ ਰਿਹਾ ਹੈ। ਇਸ ਖੇਡ ਵਿੱਚ ਆਮ ਆਦਮੀ ਹਰ ਥਾਂ ਮਾਰਿਆ ਜਾ ਰਿਹਾ ਹੈ।ਉਸ ਨੂੰ ਕਿਸੇ ਵੀ ਧਾਰਾ ਅਧੀਨ ਕਾਲ ਕੋਠੜੀ ਵਿੱਚ ਡੱਕਿਆ ਜਾ ਰਿਹਾ ਹੈ। ਉਸ ਨੂੰ ਦੇਸ਼ ਧ੍ਰੋਹੀ, ਡਾਕੂ, ਲੁਟੇਰੇ, ਸਮੱਗਲਰ, ਲੀਡਰ, ਧਾਰਮਿਕ ਆਗੂਆਂ ਦੇ ਦੁਆਰੇ ਸੁਰੱਖਿਆ ਦੀ ਛੱਤਰੀ ਤਣੀ ਹੋਈ ਹੈ। ਇਹ ਛੱਤਰੀ ਉਹਨਾਂ ਇਸ ਲਈ ਤਾਣੀ ਹੋਈ ਹੈ ਤਾਂ ਕਿ ਆਮ ਵਿਅਕਤੀ ਉਹਨਾਂ ਤੱਕ ਪਹੁੰਚ ਨਾ ਕਰ ਸਕੇ। ਉਹ ਲੋਕ ਬੁਸ ਗਏ ਪਾਣੀਆਂ ਦੇ ਕਿਨਾਰੇ ਖੜੇ ਉਹ ਰੁੱਖ ਹਨ, ਜਿਨ੍ਹਾਂ ਦੇ ਉੱਪਰ ਕੋਈ ਪੰਛੀ ਆਲ੍ਹਣਾ ਨਹੀਂ ਪਾਉਂਦਾ। ਕੋਈ ਪਰਿੰਦਾ ਉਨਾਂ ਰੁੱਖਾਂ ਦੇ ਕੋਲੋਂ ਦੀ ਨਹੀਂ ਲੰਘਦਾ। ਹੁਣ ਆਮ ਵਿਅਕਤੀ ਦੇ ਜਾਗਣ, ਉਠਣ ਤੇ ਤੁਰਨ ਦਾ ਵੇਲਾ ਹੈ ਤਾਂ ਕਿ ਉਸ ਦੇ ਸੁਪਨੇ ਪੂਰੇ ਹੋ ਸਕਣ। ਮਰ ਗਏ ਸੁਪਨਿਆਂ ਦਾ ਅਸੀਂ ਬਹੁਤ ਮਾਤਮ ਕਰ ਲਿਆ ਹੈ। ਅਸੀਂ ਆਪਣੇ ਜੁਆਨ ਲਹੂ ਨੂੰ ਅੱਗ ਦੀ ਬੂਥੀ ਬਹੁਤ ਪਾ ਲਿਆ ਹੈ। ਹੁਣ ਤਾਂ ਸਮਾਂ ਹੈ, ਲਟ-ਲਟ ਬਣ ਤੇ ਸੜ ਮਰਨ ਦਾ ਤਾਂ ਕਿ ਉਹਨਾਂ ਨੂੰ ਇਸ ਗੱਲ ਦਾ ਅਹਿਸਾਸ ਹੋ ਸਕੇ।  ਲੋਕ ਸਿਰਫ਼ ਮਰਨ ਲਈ ਹੀ ਨਹੀਂ ਹੁੰਦੇ। ਜਿਉਣ ਲਈ ਤੇ ਚੰਗੀ ਜ਼ਿੰਦਗੀ ਨੂੰ ਮਾਣ ਸਕਣ ਦੇ ਸੁਪਨੇ ਵੀ ਸਿਰਜਦੇ ਹਨ। ਸੁਪਨਿਆਂ ਨੂੰ ਸਿਰਜਣਾ, ਉਸ ਨੂੰ ਕਾਗਜ਼ ਤੋਂ ਆਖਿਰ ਮੰਜ਼ਿਲ ਤੱਕ ਲੈ ਕੇ ਜਾਣ ਦਾ ਕਾਰਜ ਹੁਣ ਸਮੇਂ ਦੀ ਲੋੜ ਹੈ।ਨਹੀਂ ਤਾਂ ਆਉਣ ਵਾਲੀਆਂ ਸਾਡੀਆਂ ਨਸਲਾਂ ਸਾਨੂੰ ਝੀਲਾਂ ਦੇ ਕਿਨਾਰੇ ਖੜੇ ਰੁੱਖ ਹੀ ਆਖਣਗੀਆਂ। ਹੁਣ ਅਸੀਂ ਤੈਅ ਕਰਨਾ ਹੈ ਕਿ ਅਸੀਂ ਵਗਦੇ ਪਾਣੀ, ਵਗਦੀ ਪੌਣ ਤੇ ਤੁਰਦੀ ਜ਼ਿੰਦਗੀ ਬਣਨਾ ਹੈ ਕਿ ਝੀਲ?  ਜਾਂ  ਭੀੜਤੰਤਰ ਦੀ ਜਦ 'ਚ ਆ ਕੇ ਸੜਨਾ ਮਰਨਾ ਜਾਂ ਖੜਨਾ ਹੈ? ਹੁਣ ਲੋੜ ਦੌੜਣ ਦੀ ਨਹੀਂ ਸਗੋਂ ਭਜਾਉਣ ਦੀ ਹੈ ਤਾਂ ਕਿ ਆਪਣੀਆਂ ਗਿਰਵੀ ਕੀਤੀਆਂ ਸ਼ਕਤੀਆਂ ਨੂੰ ਛੁਡਾਈਐ ਤੇ ਉਨ੍ਹਾਂ ਨੂੰ ਪੜ੍ਹਨੇ ਪਾਈਏ। ਕੀ ਨੀ ਕਰ ਸਕਦੇ ਤੁਸੀਂ ? ਜਾਗੋ ਜਾਗੋ ਵੇਲਾ ਜਾਗਣ ਦਾ। ਉਠੋ ਦਰਿਆ ਤੋਂ ਝੀਲ ਬਣੇ ਸਮਾਜ ਦਾ ਹਿਸਾਬ ਮੰਗੋ ? ਝੀਲ ਦੇ ਵਿੱਚ ਪੱਥਰ ਸੁੱਟਣ ਵਾਲਿਆਂ ਨੇ ਫਿਰ ਤੋਂ ਭਰਾ ਮਾਰੂ ਲਹਿਰ ਚਲਾਉਣ ਲਈ ਬਿਗੁਲ ਵਜਾ ਦਿੱਤਾ ਐ। ਸਰਬੱਤ ਦਾ ਭਲਾ ਮੰਗਣ ਵਾਲੇ ਆਪਣੀ ਚਮੜੀ ਬਚਾਉਣ ਤੇ ਚਮਕਾਉਣ ਤੱਕ ਸੀਮਿਤ ਹੋ ਹਨ। ਬਾਬਾ ਨਾਨਕ ਜੀ ਦੀ ਬਾਣੀ ਦਾ ਸੰਦੇਸ਼ ਬਹੁਤ ਦੂਰ ਰਹਿ ਗਿਆ ਹੈ।

ਬੁੱਧ ਸਿੰਘ ਨੀਲੋਂ

ਮਰਦਾਨੀ ਜਨਾਨੀ ....(ਲੜੀਵਾਰ ਕਹਾਣੀ-1)

ਸਾਰੀ ਦੁਨੀਆ ਮਰਦ ਪ੍ਰਧਾਨ ਸਮਾਜ ਨਾਲ ਭਰੀ ਹੋਈ ਹੈ। ਇਸੇ ਲਈ ਦੁਖੀ ਹੈ। ਦੁਨੀਆ ਨੂੰ ਰੱਬ ਨੇ ਬਿਨਾ ਮਰਦ ਤੋਂ ਵੀ ਚਲਾਇਆ ਹੈ। ਬਿਨਾਂ ਸ਼ਰੀਰਕ ਸੰਬੰਧ ਤੋਂ ਇਸਾ ਮਸੀਹ ਪੈਦਾ ਹੋਇਆ। ਆਦਮੀ ਤੇ ਮਰਦ ਵਿਚ ਬਹੁਤ ਫ਼ਰਕ ਹੁੰਦਾ ਹੈ ਆਦਮੀ ਬੱਚੇ ਪੈਦਾ ਕਰਦਾ ਹੈ ਤੇ ਮਰਦ ਤਮੀਜ ਤਹਿਜ਼ੀਬ ਵਾਲੀ ਔਲਾਦ ਸੰਸਕਾਰੀ ਪੀੜ੍ਹੀ ਜੋ ਸਮਾਜ ਨੂੰ ਕੁਝ ਚੰਗਾ ਦਿੰਦੀ ਹੈ। ਖਾਨਦਾਨ ਤੇ ਨਸਲ ਪੈਦਾ ਕਰਦੀ ਹੈ ਅਸਲ ਪੈਦਾ ਕਰਦੀ ਹੈ। ਆਦਮੀ ਅੱਜ ਕੱਲ ਜਿਆਦਾ ਹਨ ਤੇ ਮਰਦ ਕੋਈ ਕੋਈ, ਬੱਚੇ ਪੈਦਾ ਕਰਨ ਵਾਲਾ ਸੈਕਸ ਕਰਨ ਵਾਲਾ ਮਰਦ ਨਹੀਂ ਹੁੰਦਾ। ਉੱਚੀ ਬੋਲ ਗੰਦ ਬਕਵਾਸ ਕਰਨ ਵਾਲਾ ਮਰਦ ਨਹੀਂ ਹੁੰਦਾ । ਔਰਤ ਨੂੰ ਕੁੱਟ ਮਾਰ ਕਰਕੇ ਦਬਾਉਣ ਵਾਲਾ ਮਰਦ ਨਹੀਂ ਹੁੰਦਾ। ਜੇ ਇਹ ਮਰਦ ਹੁੰਦਾ ਹੈ ਤਾਂ ਗਲੀ ਦਾ ਹਰ ਕੁੱਤਾ ਮਰਦ ਹੈ। ਜੋ ਚੌਰਾਹੇ ਵਿਚ ਖੜ ਕੇ ਸੈਕਸ ਕਰਦਾ ਬਿਨਾ ਕਿਸੇ ਡਰ ਦੇ। ਮਰਦ ਹੁੰਦਾ ਇਕ ਜ਼ਿੰਮੇਵਾਰ ਇਨਸਾਨ ਹਾਲਾਤਾਂ ਨੂੰ ਸਮਝਣ ਵਾਲਾ ਰਿਸ਼ਤਿਆਂ ਦੀ ਅਹਿਮੀਅਤ ਤੇ ਕਦਰ ਕਰਨ ਵਾਲਾ। ਜੁਬਾਨ ਨੂੰ ਸੋਚ ਸਮਝ ਕੇ ਚਲਾਉਣ ਵਾਲਾ। ਧੀ ਭੈਣ ਦੀ ਇੱਜ਼ਤ ਕਰਨ ਵਾਲਾ। ਆਪਣੀਆ ਜਿੰਮੇਵਾਰੀਆ ਸਮਝ ਸਲੀਕੇ ਨਾਲ ਅਣਖ ਤੇ ਇੱਜ਼ਤ ਨਾਲ ਬਹਾਦਰੀ ਨਾਲ ਅਪਣੇ ਦਮ ਤੇ ਦੂਜਿਆਂ ਨੂੰ ਜਿੰਦਗੀ ਦੇਣ ਵਾਲਾ। ਗੱਲਾ ਕਰਨ ਫੁਕਰੀਆਂ ਮਾਰਨ ਵਾਲਾ ਚਵਲ ਤਾ ਚੰਗਾ ਇਨਸਾਨ ਵੀ ਨਹੀਂ ਹੋ ਸਕਦਾ।
   ਅੱਜ ਮੈ ਗੱਲ ਕਰਨ ਜਾ ਰਹੀ ਹਾਂ ਇਹੋ ਜਿਹੇ ਬੰਦਿਆਂ ਦੀ ਜੋ ਮਰਦ ਦੀ ਪ੍ਰੀਭਾਸ਼ਾ ਨਹੀਂ ਜਾਣਦੇ। ਨਹੀਂ ਜਾਣਦੇ ਕੇ ਔਰਤ ਕਿੰਨੀ ਵੱਡੀ ਚੀਜ ਹੈ ਕਿ ਉਹ ਮਰਦ , ਗੁਰੂ ਪੀਰ, ਦੇਵਤੇ ,ਦਾਨਵ,ਫਕੀਰ, ਖੁਸਰੇ, ਧੀਆਂ, ਪੈਦਾ ਕਰਦੀ ਹੈ। ਉਸਦੀ ਕੁੱਖ ਵਿਚ ਇੰਨਾ ਕੁ ਦੰਮ ਹੈ ਕਿ ਉਸ ਦੀ ਸ਼ਰਨ ਚ ਉਸਦੀ ਕੁੱਖ ਚ ਰੱਬ ਵੀ ਪਨਾਹ ਲੈਂਦਾ ਰੱਬ ਦੀ ਬਣਾਈ ਉਹ ਸਭ ਤੋਂ ਖੂਬਸੂਰਤ ਰਚਨਾ ਹੈ ਉਹ ਮਾਂ ਬਣ ਸਕਦੀ ਹੈ ਪਿਓ, ਭਰਾ, ਭੈਣ,ਦਾਦਾ ਦਾਦੀ, ਗੁਰੂ, ਸਭ..
ਰੱਬ ਦੀਆਂ ਬਣਾਈਆਂ ਸਾਰੀਆਂ ਜੂਨਾਂ ਵਿੱਚ ਪਸ਼ੂ, ਪੰਛੀ ਕੀਟ ਪਤੰਗੇ ਸਭ ਜੋ  ਅੰਡਜ਼, ਜੇਰਜ਼, ਸੇਤਜ਼, ਤੋਂ ਉਤਪਤ ਹੁੰਦੇ ਹਨ ਸਭ ਦੇ ਪਿਤਾ ਕਿੱਥੇ ਹਨ ਭਾਈ ਕਿੱਥੇ ਹਨ, ਸਿਰਫ ਬੀਜ ਪਾ ਕੇ ਕੁਝ ਸਕਿੰਟਾ ਦੇ ਮਿਲਾਪ ਦਾ ਕਾਰਜ ਕਰ ਕਿਸੇ ਨੂੰ ਪਤਾ ਨਹੀਂ ਉਸਦਾ ਪਿਤਾ ਕੌਣ ਬੀਜ ਕਿੱਥੋਂ ਆਇਆ। ਸਿਰਫ ਮਾਂ ਹੈ ਜੋ ਆਪਣੇ ਪੇਟ ਵਿੱਚ ਸ਼ਰਨ ਹੀ ਨਹੀਂ ਦਿੰਦੀ ਆਪਣਾ  ਹਰ ਸਾਹ ਸੁਖ ਚੈਨ ਆਰਾਮ ਦੇ ਪੀੜਾਂ ਸਹਿ ਜਿੰਦਗੀ ਦਿੰਦੀ ਹੈ। ਦੁੱਧ ਚੰਘਾਉਂਦੀ, ਚੋਗਾ ਮੂੰਹ ਪਾਉਂਦੀ ਹੈ।
ਸੁਣੋ ਫਿਰ...
ਚਿੜੀਆਂ ਜਨੌਰਾਂ ਦੀ ਤੂੰ ਸੁਣੀ ਬਾਣੀ ਹੈ, 
ਉਨ੍ਹਾਂ ਕਿਹੜਾ ਪੁੱਤਾ ਦੀ ਕਮਾਈ ਖਾਣੀ ਹੈ , 
ਚੁੱਗ ਚੁੱਗ ਚੋਗਾ ਮੂੰਹ ਚ ਪਾਉਣ ਦਾਤਿਆ...
ਬੱਕਰੀ ਵਿਛੋੜਦੀ ਨਾ ਢਿੱਡੋਂ ਕਢਿਆ,
ਨਾਲੇ ਓਹਨੂੰ ਪਤਾ ਓਹਨੇ ਜਾਣਾ ਵਡਿਆ,
ਇੱਕ ਪੱਲ ਦੇਵੇ ਨਾ ਮਿਉਣ ਦਾਤਿਆ...
ਕਾਲਜੇ ਨੂੰ ਲਾ ਕੇ ਠੰਡ ਪਾਵੈ ਆਂਦਰੀ , ਮਰਿਆ ਵੀ ਬੱਚਾ ਨਾ ਕਦੇ ਸਿੱਟੇ ਬਾਂਦਰੀ, 
ਲੱਖ ਭਾਵੇਂ ਇੱਲਾ ਸਿਰ ਭਾਉਣ ਦਾਤਿਆ...
ਵੱਡਾ ਹੋਕੇ ਗੇੜਾ ਭਾਵੇਂ ਦੇਵੇ ਗੁੱਤ ਨੂੰ, ਤਾਂਵੀ ਸੌਂਦੀ ਹਿੱਕ ਤੇ ਸਵਾ ਕੇ ਪੁੱਤ ਨੂੰ,
ਵੱਡੇ ਹੋਕੇ ਚਿੱਕੜ ਸਿਰ ਪਾਉਣ ਦਾਤਿਆ....
ਪੁੱਤਾਂ ਨਾਲ ਹੁਣ ਨਾ ਕੋਈ ਮਾਂ ਦਾ ਜਿਊਣ ਦਾਤਿਆ।

ਮਾਂ ਗੂਹ ਮੂਤ ਕਰਦੀ, ਬੋਲਣਾ, ਖਾਣਾ ਪੀਣਾ ਜੀਵਨ ਦੀ ਹਰ ਜਾਚ ਸਿਖਾਉਂਦੀ ਹੈ। ਮਾਂ ਵਜੂਦ ਹੁੰਦੀ ਏ।ਕਿੰਨੇ ਸਾਲ ਸਾਂਭਦੀ ਏ ਸਾਰੀ ਉਮਰ ਵੀ ਸਾਂਭ ਸਕਦੀ ਏ। ਸਿਰਫ ਇਕ ਮਨੁੱਖਾ ਜਨਮ ਹੈ ਜਿਸ ਵਿਚ ਆਦਮੀ ਥੋੜੀ ਮਦਦ ਕਰਦਾ ਪਰ ਅੱਜ ਦੇ ਨਸ਼ੇੜੀ ਆਦਮੀ ਅਖੌਤੀ ਮਰਦ ਇਹ ਸਾਥ ਨਹੀਂ ਦਿੰਦੇ ਸਗੋਂ ਔਰਤ ਨੂੰ ਉਸਦੀ ਇੱਜ਼ਤ ਆਬਰੂ ਨੂੰ ਜੁੱਤੀ ਦੀ ਨੋਕ ਤੇ ਧਰ ਜੁਬਾਨ ਦੀ ਗੰਦਗੀ ਹੱਥਾਂ ਦਾ ਜੋਰ ਔਰਤ ਤੇ ਚਲਾ ਸਮਝਣ ਦੀ ਭੁੱਲ ਕਰਦੇ ਨੇ ਕੇ ਓਹ ਮਰਦ ਨੇ, ਔਰਤ ਦੀ ਬਰਾਬਰੀ ਕੋਈ ਨਹੀਂ ਕਰ ਸਕਦਾ । ਔਰਤ ਮਰਦਾਨੀ ਹੁੰਦੀ ਆਈ ਏ ਔਰਤ ਹਰ ਰਸਤੇ ਇੱਕਲੀ ਚਲਦੀ ਆਈ ਏ ਸਿਰਫ ਨਮਰਦਾਂ ਤੋਂ ਛੁਪਦੀ ਕਿਉ ਕੇ ਅਗਰ ਕੋਈ ਨਾਮਰਦ ਬੀਜ ਉਸਦੀ ਕੁੱਖ ਚ ਪਾ ਗਿਆ ਤਾਂ ਉਸ ਨੂੰ ਰੱਬ ਨੇ ਧਰਤ ਬਣਾਇਆ ਹੈ ਤੇ ਇਹ ਆਪਣਾ ਕਾਰਜ ਕਰੇਗੀ ਉਸ ਬੀਜ ਦੀ ਉਤਪਤੀ ਹੋਵੇਗੀ। ਬੱਸ ਇਸ ਤੋਂ ਬਚਦੀ ਹੈ। ਔਰਤ ਮਰਦਾਨੀ ਹੈ ਫ਼ਖ਼ਰ ਦੀ ਗੱਲ ਸਮਝੀ ਜਾਂਦੀ ਹੈ। 
ਕੀ ਮਰਦ ਜਨਾਨਾ ਹੈ ਮਾਣ ਸਮਝਦਾ ਲੋਕ ਉਸਨੂੰ ਖੁਸਰਾ ਕਹਿੰਦੇ ਨੇ ਹੋਰ ਵੀ ਬਹੁਤ ਨਾ ਦਿੰਦੇ ਨੇ। ਮਰਦ ਔਰਤ ਦੀ ਬਰਾਬਰੀ ਨਹੀਂ ਕਰ ਸਕਦਾ। 
10 ਮਹੀਨੇ ਦਾ ਸਬਰ ਆਦਮੀ ਵਿਚ ਨਹੀਂ। ਇਹ ਦੋ ਅਲਗ ਅਲਗ ਜੂਨਾਂ ਹਨ ਅਲਗ ਅਲਗ ਡਿਊਟੀ ਹੈ ਰੱਬ ਨੇ ਬਣਾਈ। ਜੇ ਦੋਨੋ ਆਪਣੀ ਡਿਊਟੀ ਪੂਰੀ ਤਨਦੇਹੀ ਨਾਲ ਨਿਭਾਉਣ ਤਾ ਪਰਿਵਾਰ ਬਣਦਾ , ਇੱਕ ਚੰਗਾ ਸਮਾਜ ਬਣਦਾ।
ਬੰਦਾ ਘਰ ਦਾ ਸਰਦਾਰ ਬਣਦਾ ਹੈ ਇੱਕ ਵੀ ਗਲਤ ਨਿਕਲ ਜਾਵੇ ਤਾਂ ਦੂਜੇ ਦੀ ਦੋਹਰੀ ਮੇਹਨਤ ਵੀ ਕਈ ਵਾਰੀ ਬੇਕਾਰ ਜਾਂਦੀ ਹੈ। ਮੈ ਇਹ ਨਹੀਂ ਕਹਿੰਦੀ ਔਰਤਾਂ ਗ਼ਲਤ ਨਹੀਂ ਮਰਦ ਦੀ ਫਿਤਰਤ ਦੇਖ ਔਰਤ ਬਦਲ ਰਹੀ ਹੈ ਘਰ ਟੁੱਟ ਰਹੇ ਨੇ। ਤੇ ਆਦਮੀ ਨਹੀਂ ਬਦਲਿਆ। ਚਾਹੇ ਦੁਆਨੀ ਦਾ  ਨਾਂ ਹੋਵੇ , ਝੂਠਾ, ਚੋਰ, ਯਾਰ, ਕਾਤਿਲ, ਨਸ਼ੇੜੀ, ਧੀਆਂ ਭੈਣਾਂ ਔਰਤਾਂ ਦੀਆਂ ਇੱਜ਼ਤਾਂ ਨਾਲ ਖੇਡਣ ਵਾਲਾ ਵੀ ਆਪਣੇ ਆਪ ਨੂੰ ਪਾਕ ਸਾਫ ਤੇ ਮਰਦ ਕਹਾਉਂਦਾ, ਅਣਖਾਂ ਦੀ ਗੱਲ ਕਰਦਾ ।
ਔਰਤ ਇਸ ਇਸੇ ਤਰ੍ਹਾਂ ਦੀ ਗੰਦਗੀ ਨਾਲ ਭਰੇ ਸਮਾਜ ਵਿਚ ਢਿੱਡ ਦੀ ਅੱਗ ਨੂੰ ਬੁਝਾਉਣ ਲਈ ਰੋਟੀ ਤੰਨ ਢਕਣ ਲਈ ਕੱਪੜਾ, ਜਿੰਦਗੀ ਦੀ ਹਰ ਜਰੂਰਤ ਪੂਰੀ ਕਰਦੀ ਹੈ ਤਾਂ ਵੀ ਉਸਦੀ ਅਣਖ ਇੱਜਤ ਤੇ ਸਵਾਲ। ਵਾਹ ਓਏ ਸਮਾਜ ਦੇ ਠੇਕੇਦਾਰੋ..,

 ਅੱਜ ਮੈ ਇਸੇ ਤਰਾਂ ਦੇ ਸਮਾਜ ਦੇ ਠੇਕੇਦਾਰਾਂ ਦੀ ਗੱਲ ਕਰਨ ਜਾ ਰਹੀ ਹਾਂ, ਗੱਲ ਕਰਨ ਜਾ ਰਹੀ ਹਾ ਜੋ ਜਿੰਦਗੀ ਦੇ ਰਸਤਿਆਂ ਤੋਂ ਭਟਕ ਚੁੱਕੇ ਆਦਮੀ ਔਰਤਾਂ ਬੱਚੇ ਨੇ। ਇੱਕ ਅਜਿਹੇ ਪਰਿਵਾਰ ਦੀ ਜਿਸਦੇ ਇੱਕ ਅਖੌਤੀ ਮਰਦ ਨੇ ਕਈ ਜ਼ਿੰਦਗੀਆਂ ਬਰਬਾਦ ਕਰ ਦਿੱਤੀਆਂ ਉਸਦੀ ਮੌਤ ਤੋਂ ਬਾਅਦ ਵੀ ਉਸਦਾ ਬੀਜਿਆ ਵੱਡਦੀ ਉਸ ਔਰਤ ਦੀਆਂ ਦਰਦਨਾਕ  ਚੁੱਪ ਚੀਕਾਂ ਦੀਆਂ ਅੱਜ ਹਰ ਭੇਦ ਖੋਲੇਗੀ ਔਰਤ ਉਸ ਹਰ ਆਦਮੀ ਦਾ ਜੋ ਰਸਤਿਆਂ ਤੋਂ ਭਟਕ ਕੇ ਆਪਣੇ ਹੀ ਵਜੂਦ ਤੇ ਸਵਾਲ ਖੜੇ ਕਰ ਰਹੇ ਹਨ। 
ਇਹ ਕਹਾਣੀ ਇੱਕ ਲੜੀਵਾਰ ਕਹਾਣੀ ਹੋਵੇਗੀ । ਕਈ ਘਰ ਉਸ ਕਹਾਣੀ ਨੂੰ ਭੋਗਦੇ ਹੋਣਗੇ। ਕਹਿੰਦੇ ਨੇ ਗੱਡੇ ਮੁਰਦੇ ਨਹੀਂ ਫਰੋਲੀ ਦੇ ਅੱਜ ਗੱਡੇ ਮੁਰਦੇ ਫਰੋਲਣ ਦਾ ਜਿਗਰਾ ਕੀਤਾ ਹੈ ਕਿੰਨੀ ਸੜਿਹਾਂਦ ਮਾਰੇਗੀ । ਇਸਨੂੰ ਆਦਮੀ ਨਾ ਪੜਨ ਕਿਉਕਿ ਫੇਰ ਕਮੈਂਟਸ ਬਹੁਤ ਗੰਦੇ ਆਉਣਗੇ। ਇਸ ਨੂੰ ਮਰਦ ਪੜਨ ਜਿਗਰੇ ਵਾਲੇ। ਚਵਲ ਇਸਤੋਂ ਦੂਰ ਰਹਿਣ । ਕੋਸ਼ਿਸ਼ ਹੈ ਕੋਈ ਆਦਮੀ ਮਰਦ ਬਣ ਸਕੇ।
ਕਹਾਣੀ ਹੈ ਸੰਨ 1991 ਦੀ ਜੁਲਾਈ ਮਹੀਨੇ ਦੀ....     ਚੱਲਦਾ... 
ਬਾਕੀ ਅਗਲੇ ਅੰਕ ਵਿੱਚ ....                                  (ਡਾਕਟਰ ਲਵਪ੍ਰੀਤ ਕੌਰ ਜਵੰਦਾ)